Thu, 18 April 2024
Your Visitor Number :-   6980427
SuhisaverSuhisaver Suhisaver

ਸਵਾਈਨ ਫਲੂ ਦਾ ਖ਼ਤਰਾ - ਗੁਰਤੇਜ ਸਿੱਧੂ

Posted on:- 18-02-2016

suhisaver

ਸਵਾਈਨ ਫਲੂ ਨਾਂਅ ਦੀ ਬੀਮਾਰੀ ਨੇ ਲੋਕਾਂ ਨੂੰ ਖੌਫ ਦੀ ਦਲਦਲ ‘ਚ ਧਕੇਲਿੳਆ ਹੈ।ਪਿਛਲੇ ਕਈ ਸਾਲਾਂ ਤੋਂ ਇਸ ਬੀਮਾਰੀ ਨੇ ਸੰਸਾਰ ਵਿੱਚ ਲੋਕਾਂ ਨੂੰ ਆਪਣੀ ਜਕੜ ‘ਚ ਲੈਕੇ ਮੌਤ ਦੀ ਨੀਂਦ ਸੌਣ ਲਈ ਮਜਬੂਰ ਕੀਤਾ ਹੈ।ਜਨਤਕ ਥਾਵਾਂ ‘ਤੇ ਅੱਜ ਜਦੋਂ ਕੋਈ ਖੰਘਦਾ ਜਾਂ ਛਿੱਕਦਾ ਹੈ ਤਾਂ ਸਾਰੇ ਲੋਕ ਚੁਕੰਨੇ ਹੋ ਜਾਦੇ ਹਨ ਤੇ ਰੁਮਾਲ ਨਾਲ ਆਪਣਾ ਨੱਕ ਮੂੰਹ ਢੱਕ ਲੈਂਦੇ ਹਨ ਜਾਂ ਫਿਰ ਜਲਦੀ ਜਲਦੀ ਢੱਕਣ ਦੀ ਕੋਸ਼ਿਸ਼ ਕਰੇ ਹਨ।ਇਸ ਸਹਿਮ ਦਾ ਕਾਰਨ ਸਵਾਈਨ ਫਲੂ(ਸਵਾਈਨ ਇਨਫਲੂਐਂਜਾ) ਬੀਮਾਰੀ ਹੈ।ਵਿਸ਼ਵ ਵਿਆਪੀ ਰੋਗ ਕਾਰਨ ਹਰ ਰੋਜ਼ ਲੋਕਾਂ ਦੇ ਮਰਨ ਦੀਆਂ ਖਬਰਾਂ ਨਸ਼ਰ ਹੋ ਰਹੀਆਂ ਹਨ ਤੇ ਦਿਨੋ ਦਿਨ ਇਸ ਬੀਮਾਰੀ ਤੋਂ ਸੰਕ੍ਰਮਿਤ ਲੋਕਾਂ ਦੀ ਤਾਦਾਦ ਵੱਧਦੀ ਜਾ ਰਹੀ ਹੈ ਜੋ ਇੱਕ ਚਿੰਤਾ ਦਾ ਵਿਸ਼ਾ ਹੈ।

ਸਵਾਈਨ ਫਲੂ ਦਾ ਆਗਾਜ਼ ਵੀਹਵੀ ਸਦੀ ਦੇ ਅੱਧ ‘ਚ ਹੋਇਆ ਸੀ।ਸਵਾਈਨ ਫਲੂ ਇਨਫਲੂਐਂਜਾ ਦਾ ਵਿਸ਼ਾਣੂ ਪਹਿਲੀ ਵਾਰ ਸੰਨ 1930 ਵਿੱਚ ਅਮਰੀਕਾ ਵਿੱਚ ਸੂਰਾਂ ‘ਚ ਦੇਖਿਆ ਗਿਆ ਸੀ।ਇਸ ਤੋਂ ਬਾਅਦ ਸਾਰੀ ਦੁਨੀਆਂ ਵਿੱਚ ਪਾਇਆ ਜਾਣ ਲੱਗਾ।ਸੰਨ 2009 ਵਿੱਚ ਮੈਕਸੀਕੋ ਵਿੱਚ ਇਸ ਬੀਮਾਰੀ ਦਾ ਵਿਸ਼ਾਣੂ ਪਹਿਲਾਂ ਵਾਲੇ ਵਿਸ਼ਾਣੂ ਤੋਂ ਭਿੰਨ ਪਾਇਆ ਗਿਆ ਸੀ ਜਿਸ ਨੇ ਸੰਸਾਰ ਵਿੱਚ ਤਬਾਹੀ ਮਚਾ ਦਿੱਤੀ।ਜਿਸ ਕਰਕੇ ਵਿਸ਼ਵ ਸਿਹਤ ਸੰਗਠਨ ਨੇ ਸੰਨ 2010 ਵਿੱਚ ਇਸਨੂੰ ਮਹਾਂਮਾਰੀ ਐਲਾਨਿਆ ਅਤੇ ਇਸਦੀ ਰੋਕਥਾਮ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ।

ਸੰਨ 2009 ‘ਚ ਮੈਕਸੀਕੋ ਵਿੱਚ ਕੁਝ ਨੌਜਵਾਨਾਂ ‘ਚ ਇਸ ਬੀਮਾਰੀ ਦਾ ਵਿਸ਼ਾਣੂ (ਐਚ 1ਐਨ1) ਪਾਇਆ ਗਿਆ ਸੀ।ਕੁਝ ਮਹੀਨਿਆਂ ਵਿੱਚ ਫੈਲੇ ਸਵਾਈਨ ਫਲੂ ਨੇ 18 ਹਜ਼ਾਰ ਲੋਕਾਂ ਦੀ ਜਾਨ ਲੈ ਲਈ ਅਤੇ ਜੰਗਲ ਦੀ ਅੱਗ ਤਰ੍ਹਾਂ ਇਹ ਬੀਮਾਰੀ ਦੁਨੀਆਂ ‘ਚ ਫੈਲ ਗਈ ਅਤੇ ਇਸਦਾ ਕਹਿਰ ਹੁਣ ਵੀ ਬਦਦਸਤੂਰ ਜਾਰੀ ਹੈ।ਹੁਣ ਤੱਕ ਪੂਰੀ ਦੁਨੀਆਂ ਵਿੱਚ ਇਸ ਬੀਮਾਰੀ ਕਾਰਨ 284500 ਲੋਕਾਂ ਦੀ ਮੌਤ ਹੋਈ ਹੈ।

ਭਾਰਤ ਵਿੱਚ ਸਵਾਈਨ ਫਲੂ ਦਾ ਪਹਿਲਾ ਕੇਸ ਪੂਨੇ ਵਿੱਚ ਮਈ 2010 ਵਿੱਚ ਸਾਹਮਣੇ ਆਇਆ ਸੀ।ਇਸ ਤੋਂ ਬਾਅਦ ਦੇਸ਼ ਦੇ ਬਾਕੀ ਸੂਬਿਆਂ ਵਿੱਚ ਵੀ ਇਸਨੇ ਆਪਣੇ ਪੈਰ ਪਸਾਰੇ ਸਨ ਤੇ ਲੋਕਾਂ ‘ਚ ਇਸ ਬੀਮਾਰੀ ਨੂੰ ਲੈਕੇ ਹੜਕੰਪ ਮੱਚ ਗਿਆ ਸੀ।ਸਵਾਈਨ ਫਲੂ ਪੀੜਿਤ ਪਹਿਲੇ ਮਰੀਜ ਦੀ ਮੌਤ ਪੂਨੇ ਵਿਖੇ ਹੋਈ ਸੀ ਅਤੇ ਇਲਾਜ ਦੌਰਾਨ ਇੱਕ ਡਾਕਟਰ ਵੀ ਇਸਦੀ ਲਪੇਟ ‘ਚ ਆ ਗਿਆ ਸੀ ਤੇ ਉਸਦੀ ਮੌਤ ਹੋ ਗਈ ਸੀ।ਸੰਨ 2010 ਵਿੱਚ ਦੇਸ਼ ਅੰਦਰ 10193 ਸਵਾਈਨ ਫਲੂ ਮਰੀਜਾਂ ਦੀ ਪੁਸ਼ਟੀ ਹੋਈ ਸੀ ਅਤੇ 1035 ਲੋਕਾਂ ਦੀ ਮੌਤ ਹੋਈ ਸੀ।

ਪੰਜਾਬ ਵਿੱਚ ਇਸ ਸਾਲ 83 ਸਵਾਈਨ ਫਲੂ ਮਰੀਜਾਂ ਦੀ ਪੁਸ਼ਟੀ ਹੋਈ ਹੈ ਤੇ ਢਾਈ ਦਰਜਨ ਲੋਕਾਂ ਦੀ ਮੌਤ ਹੋਈ ਹੈ।ਇਸ ਤੋਂ ਬਿਨਾਂ ਲਾਗਲੇ ਸੂਬੇ ਹਰਿਆਣਾ ਵਿੱਚ ਵੀ ਇਸ ਰੋਗ ਤੋਂ ਪੀੜਿਤ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਜਿਸਨੇ ਨੇ ਸਿਹਤ ਵਿਭਾਗ ਨੂੰ ਚੁਣੌਤੀ ਦਿੱਤੀ ਹੈ।ਮੁਸ਼ਕਿਲ ਦੀ ਇਸ ਘੜੀ ਵਿੱਚ ਹਰ ਇਨਸਾਨ ਦਾ ਫਰਜ਼ ਹੈ ਕਿ ਉਹ ਆਪਣਾ ਬਣਦਾ ਯੋਗਦਾਨ ਦੇਵੇ।ਇਸ ਬੀਮਾਰੀ ਦੀ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦਾ ਸਖਤੀ ਨਾਲ ਪਾਲਣ ਕੀਤਾ ਜਾਵੇ ਤਾਂ ਇਸਨੂੰ ਫੈਲਣ ਤੋਂ ਰੋਕਿਆ ਜਾ ਸਕੇ।ਉਸ ਲਈ ਇਸ ਰੋਗ ਬਾਰੇ ਪੂਰੀ ਜਾਣਕਾਰੀ ਲਾਜ਼ਮੀ ਹੈ।ਸੋ ਇਸਨੂੰ ਸਮਝਣ ਲਈ ਇਹ ਆਖਿਰ ਕੀ ਹੈ ਤੇ ਕਿਸ ਤਰ੍ਹਾਂ ਫੈਲਦੀ ਹੈ।

ਸਵਾਈਨ ਫਲੂ ਕੀ ਹੈ?
ਸਵਾਈਨ ਫਲੂ ਸਾਹ ਦੇ ਰੋਗਾਂ ਨਾਲ ਸਬੰਧਿਤ ਇੱਕ ਬੀਮਾਰੀ ਹੈ, ਜੋ ਸਾਹ ਦੇ ਰਸਤੇ ਅਤੇ ਉਸ ਨਾਲ ਸਬੰਧਿਤ ਅੰਗਾਂ ਨੂੰ ਪ੍ਰਭਾਵਿਤ ਕਰਦੀ ਹੈ।ਇਹ ਬੀਮਾਰੀ ਐਚ1ਐਨ1 ਨਾਂਅ ਦੇ ਵਿਸ਼ਾਣੂ ਕਾਰਨ ਹੁੰਦੀ ਹੈ ਜੋ ਹਵਾ ਰਾਹੀ ਫੈਲਦੀ ਹੈ।ਇਹ ਵਿਸ਼ਾਣੂ ਸੂਰ ਦੇ ਸਾਹ ਅੰਗਾਂ ਵਿੱਚ ਪਾਇਆ ਗਿਆ ਸੀ ਜਿਸ ਤੋਂ ਇਹ ਮਨੁੱਖਾਂ ਵਿੱਚ ਫੈਲਿਆ ਜਿਸ ਕਾਰਨ ਇਸਨੂੰ ਸੰਨ 2009 ਵਿੱਚ ਸਵਾਈਨ ਫਲੂ ਦਾ ਨਾਮ ਦਿੱਤਾ ਗਿਆ।

ਫੈਲਣ ਦਾ ਕਾਰਨ:
ਇਹ ਬੀਮਾਰੀ ਲਾਗ ਦੀ ਬੀਮਾਰੀ ਹੈ ਜੋ ਇੱਕ ਮਨੁੱਖ ਤੋਂ ਦੂਜੇ ਮਨੁੱਖ ਵਿੱਚ ਹਵਾ ਰਾਹੀ ਫੈਲਦੀ ਹੈ।ਪੀੜਿਤ ਰੋਗੀ ਜਦ ਖੰਘਦਾ ਜਾਂ ਛਿੱਕਦਾ ਹੈ ਤਾਂ ਉਸ ਵਿੱਚ ਮੌਜੂਦ ਵਿਸ਼ਾਣੂ ਹਵਾ ਰਾਹੀਂ ਸਿਹਤਮੰਦ ਵਿਅਕਤੀ ਦੇ ਸਾਹ ਰਸਤੇ ਅੰਦਰ ਜਾਕੇ ਬੀਮਾਰੀ ਪੈਦਾ ਕਰਦਾ ਹੈ।

ਲੱਛਣ:
ਸਵਾਈਨ ਫਲੂ ਦੇ ਲੱਛਣ ਇਨਫਲੂਐਂਜਾ ਦੀ ਤਰ੍ਹਾਂ ਹੀ ਹਨ ਜਿਵੇਂ ਤੇਜ਼ ਬੁਖਾਰ(100 ਫਾਰਨਹੀਟ ਜਾਂ ਇਸਤੋਂ ਵੀ ਜ਼ਿਆਦਾ), ਗਲਾ ਖਰਾਬ ਜਾਂ ਗਲੇ ਅੰਦਰ ਜ਼ਖਮ, ਨੱਕ ਰਾਹੀ ਤਰਲ ਪਦਾਰਥ ਦਾ ਵਹਾਅ ,ਖਾਂਸੀ।ਇਸ ਤੋਂ ਇਲਾਵਾ ਸ਼ਰੀਰ ‘ਤੇ ਖਾਰਸ਼ ਹੋਣੀ,ਸਰਦੀ ਲੱਗਣੀ,ਜੀ ਕੱਚਾ ਹੋਣਾ ਜਾਂ ਉਲਟੀਆਂ ਆਉਣੀਆਂ,ਟੱਟੀਆਂ ਲੱਗਣੀਆਂ ਆਦਿ ਲੱਛਣ ਵੀ ਨਜ਼ਰ ਆਉਦੇ ਹਨ।ਸਾਰੇ ਲੱਛਣ ਪੀੜਿਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਤੋਂ ਚਾਰ ਦਿਨ ਬਾਅਦ ਆਉਂਦੇ ਹਨ।ਅਗਰ ਇਹ ਲੱਛਣ ਇੱਕ ਜਾਂ ਦੋ ਹਫਤਿਆਂ ਤੋਂ ਹੋਣ ਤਾਂ ਬੀਮਾਰੀ ਦੇ ਭਿਆਨਕ ਪੜਾਅ ‘ਤੇ ਹੋਣ ਦੀ ਬਹੁਤ ਜ਼ਿਆਦਾ ਸੰਭਾਵਨਾ ਹੁੰਦੀ ਹੈ।ਕਾਫੀ ਮਰੀਜਾਂ ‘ਚ ਸਾਹ ਦੀ ਸਮੱਸਿਆ ਲੱਛਣ ਵਜੋਂ ਸਾਹਮਣੇ ਆਉਦੀ ਹੈ ਕਿਉਂਕਿ ਇਹ ਮੁੱਖ ਤੌਰ ‘ਤੇ ਸਾਹ ਅੰਗਾਂ ਨਾਲ ਸਬੰਧਿਤ ਬੀਮਾਰੀ ਹੈ।

ਰੋਗ ਦੀ ਪਰਖ:
ਜਦੋਂ ਮਰੀਜ ਇਨ੍ਹਾਂ ਲੱਛਣਾਂ ਨਾਲ ਹਸਪਤਾਲ ਵਿੱਚ ਦਾਖਿਲ ਹੁੰਦਾ ਹੈ ਤਾਂ ਇਹ ਪਤਾ ਕਰਨ ਲਈ ਕੀ ਮਰੀਜ ਨੂੰ ਸਵਾਈਨ ਫਲੂ ਹੈ ਜਾਂ ਨਹੀ ਉਸ ਲਈ ਜਾਂਚ ਦੀ ਲੋੜ ਪੈਦੀ ਹੈ।ਜਾਂਚ ਲਈ ਨਮੂਨਾ ਮਰੀਜ ਦੇ ਗਲੇ ਅੰਦਰੋਂ ਜਾਂ ਫਿਰ ਨੱਕ ‘ਚੋਂ ਵਗ ਰਹੇ ਤਰਲ ਪਦਾਰਥ ਦਾ ਲਿਆ ਜਾਂਦਾ ਹੈ।ਪਹਿਲਾਂ ਇਸ ਦੀ ਜਾਂਚ ਲਈ ਨਮੂਨਾ ਬਾਹਰ ਭੇਜਿਆ ਜਾਦਾ ਸੀ ਤੇ ਨਤੀਜਾ ਆਉਣ ਲਈ ਕਾਫੀ ਸਮਾਂ ਲੱਗ ਜਾਦਾ ਸੀ ਪਰ ਸੰਨ 2010 ਵਿੱਚ ਅਜਿਹੀ ਜਾਂਚ ਦੀ ਵਿਵਸਥਾ ਕੀਤੀ ਗਈ ਜਿਸ ਨਾਲ ਚਾਰ ਘੰਟਿਆਂ ਵਿੱਚ ਹੀ ਨਤੀਜਾ ਪਤਾ ਲੱਗ ਜਾਦਾ ਹੈ।ਹੁਣ ਹੋਰ ਵੀ ਤਕਨਾਲੋਜੀ ਨਾਲ ਇਸ ਪਾਸੇ ਤੇਜ਼ੀ ਆਈ ਹੈ।

ਇਲਾਜ:
ਜਾਂਚ ਵਿੱਚ ਰੋਗ ਦੀ ਪਰਖ ਹੋਣ ‘ਤੇ ਇਸਦਾ ਇਲਾਜ ਕੀਤਾ ਜਾਦਾ ਹੈ।ਐਂਟੀ ਵਾਇਰਲ ਦਵਾਈਆਂ ਦਾ ਪ੍ਰਯੋਗ ਕੀਤਾ ਜਾਦਾ ਹੈ।ਸਹੀ ਸਮੇਂ ਸਹੀ ਇਲਾਜ ਇਸ ਬੀਮਾਰੀ ਤੋਂ ਬਚਾ ਸਕਦਾ ਹੈ।ਇਸ ਨੁੰ ਇੰਨਾ ਹਊਆ ਵੀ ਨਾ ਬਣਾਇਆ ਜਾਵੇ ਤੇ ਸਾਦੇ ਉਪਾਅ ਇਸ ਬੀਮਾਰੀ ਤੋਂ ਬਚਾ ਸਕਦੇ ਹਨ।ਲਾਗ ਦੀ ਬੀਮਾਰੀ ਹੋਣ ਕਾਰਨ ਮਰੀਜਾਂ ਕੋਲ ਜਾਣ ਸਮੇਂ ਅਤੇ ਜਨਤਕ ਥਾਵਾਂ ‘ਤੇ ਜਾਣ ਸਮੇਂ ਮੂੰਹ ਨੂੰ ਰੁਮਾਲ ਨਾਲ ਢਕਿਆ ਜਾਵੇ।ਛਿੱਕਣ ਜਾਂ ਖੰਘਣ ਸਮੇ ਰੁਮਾਲ ਦੀ ਵਰਤੋਂ ਲਾਜ਼ਮੀ ਹੈ।ਹੱਥ ਮਿਲਾਉਣ ਤੋਂ ਪ੍ਰਹੇਜ ਕੀਤਾ ਜਾਣਾ ਚਾਹੀਦਾ ਹੈ।ਦਫਤਰ ਜਾਕੇ ਅਤੇ ਘਰ ਆਕੇ ਹੱਥ ਮੂੰਹ ਸਾਬਣ ਨਾਲ ਚੰਗੀ ਤਰ੍ਹਾਂ ਸਾਫ ਕੀਤਾ ਜਾਵੇ।ਉਪਰੋਕਤ ਲੱਛਣ ਉਤਪੰਨ ਹੋਣ ‘ਤੇ ਡਾਕਟਰ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਸ ਬੀਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਸੰਪਰਕ: +91 94641 72783
** ਲੇਖਕ ਮੈਡੀਕਲ ਵਿਦਿਆਰਥੀ ਹਨ।

Comments

Security Code (required)



Can't read the image? click here to refresh.

Name (required)

Leave a comment... (required)





ਹੈਲਥ ਲਾਈਨ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ