Mon, 16 July 2018
Your Visitor Number :-   970169
SuhisaverSuhisaver Suhisaver
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਵਾਧਾ               ਕਰਨਾਟਕ ’ਚ 34 ਹਜ਼ਾਰ ਕਰੋੜ ਰੁਪਏ ਦੀ ਕਿਸਾਨ ਕਰਜ਼ਾ ਮੁਆਫ਼ੀ ਦਾ ਐਲਾਨ              

ਇਨ੍ਹਾਂ ਸਮਿਆਂ ’ਚ ਪੰਜਾਬੀਆਂ ਦੀ ਸਿਹਤ -ਡਾ. ਧਰਮਵੀਰ ਗਾਂਧੀ

Posted on:- 19-06-2013

1991 ਵਿਚ ਅਪਣਾਈ ਨਵੀਂ ਆਰਥਿਕ ਨੀਤੀ ਤਹਿਤ, ਖੁੱਲ੍ਹੀ ਮੰਡੀ ਆਰਥਿਕਤਾ, ਢਾਂਚਾਗਤ ਸੁਧਾਰਾਂ, ਵਿਆਪਕ ਨਿਜੀਕਰਨ ਅਤੇ ਸੰਸਾਰੀਕਰਨ ਦੇ ਤੇਜ਼ ਹੋ ਰਹੇ ਅਮਲ ਕਾਰਨ, ਭਾਰਤ ਦਾ ਕੌਮਾਂਤਰੀ ਵਿੱਤੀ ਸਰਮਾਏ ਨਾਲ ਪੂਰੀ ਤਰ੍ਹਾਂ ਧਿਰ ਨਰੜ ਹੋਣ ਨਾਲ, ਇਕ ਅਤੀ ਵਿਸ਼ਮਤਾ ਭਰੇ ਇਕ ਨਵੇਂ ਭਾਰਤ ਦਾ ‘ਨਿਰਮਾਣ’ ਹੋ ਰਿਹਾ ਹੈ।

ਕਾਲ ਖੰਡ 1991 ਤੋਂ 2013 ਤਕ ਦੇ ਇਨ੍ਹਾਂ ਸਾਲਾਂ ਦੌਰਾਨ, ਅਮੀਰ ਤੇ ਗਰੀਬ ਵਿਚਕਾਰ ਪਾੜੇ ਨੇ, ਅਨੁਪਾਤ ਨਾਂ ਦੀ ਕੋਈ ਹੱਦ ਹੀ ਨਹੀਂ ਰਹਿਣ ਦਿੱਤੀ। ਰਿਸ਼ਵਤਖੋਰੀ ਦੇ ਅੰਕੜੇ, ਸਕਲ ਘਰੇਲੂ ਉਤਪਾਦ ਦੇ ਅਨੁਪਾਤ ਵਿਚ ਆਉਣ ਲੱਗੇ ਹਨ। ਸਿਆਸਤ ਤੇ ਅਪਰਾਧ ਵਿਚਲੇ ਮਿਟ ਰਹੇ ਫਰਕ ਨੇ ਪਾਰਲੀਮੈਂਟ ਤੇ ਅਸੈਂਬਲੀਆਂ ਦੇ ਚਿਹਰੇ ਤੇ ਚਰਿੱਤਰ ਹੀ ਬਦਲ ਦਿੱਤੇ ਹਨ। ਵੱਧ ਰਹੀ ਬੇਰੁਜ਼ਗਾਰੀ, ਲਗਾਤਾਰ ਘੱਟ ਰਹੀਆਂ ਅਸਰਦਾਰ ਉਜਰਤਾਂ, ਛੜ੍ਹੱਪੇਮਾਰ ਵੱਧ ਰਹੀ ਮਹਿੰਗਾਈ ਅਤੇ ਖੇਤੀ ਦੇ ਘਾਟੇ ਵੰਦਾ ਸੌਦਾ ਹੋਣ ਕਾਰਨ, ਪੇਂਡੂ ਖੇਤਰਾਂ ਚੋਂ ਹੋ ਰਹੀ ਨਿਕਾਸੀ ਨੂੰ, ਸਨਅਤੀ ਖੇਤਰ ਵਲੋਂ ਜਜ਼ਬ ਕਰਨ ਦੀ ਅਸਮਰਥਤਾ ਕਾਰਨ, ਦੇਸ਼ ਦੇ ਵੱਡੇ ਹਿੱਸੇ ਵਿਚ ਸਦੀਵੀਂ ਭੁਖਮਰੀ ਤੇ ਕੁਪੋਸ਼ਣ ਵਰਗੀ ਹਾਲਤ ਪੈਦਾ ਹੋ ਰਹੀ ਹੈ। ਗਰੀਬਾਂ ਤੇ ਮੱਧ ਵਰਗ ਦੀ ਨਿਮਨ ਵਸੋਂ ਦਾ ਵੱਡਾ ਹਿੱਸਾ ਘੱਟ ਖੁਰਾਕ ਤੇ ਜੀਵਨ ਲਈ ਜ਼ਰੂਰੀ ਦੂਜੇ ਪੌਸ਼ਟਿਕ ਤੱਤਾਂ ਦੀ ਲਗਾਤਾਰ ਘਟ ਰਹੀ ਉਪਲਬਧਤਾ ਕਾਰਨ ਸਰੀਰਕ ਤੌਰ ’ਤੇ ਹੋਰ ਕਮਜ਼ੋਰ ਹੋ ਰਿਹਾ ਹੈ ਤੇ ਹੋਰ ਵੱਧ ਬੀਮਾਰੀਆਂ ਦੀ ਗਿ੍ਰਫਤ ਵਿਚ ਜਕੜੇ ਜਾਣ ਲਈ ਸਰਾਪਿਆ ਜਾ ਰਿਹਾ ਹੈ।

ਦੇਸ਼ ਇਕ ਗੰਭੀਰ ਆਰਥਿਕ, ਸਿਆਸੀ ਤੇ ਸਮਾਜਿਕ ਉਥਲ ਪੁਥਲ ਵਿਚੋਂ ਲੰਘ ਰਿਹਾ ਹੈ। ਇਕ ਪਾਸੇ ਆਰਥਿਕਤਾ ਤੇ ਸਿਆਸਤ ਦੋਵਾਂ ਦਾ ਮਾੜਾ ਰਵੱਈਆ ਅਤੇ ਦੂਜੇ ਪਾਸੇ ਸਮਾਜ, ਅੰਧ ਵਿਸ਼ਵਾਸਾਂ, ਵਹਿਮਾਂ ਭਰਮਾਂ, ਧਾਰਮਿਕ ਕੱਟੜਵਾਦ ਅਤੇ ਜਾਤਾਂ-ਗੋਤਾਂ ਦੇ ਪਿਛਾਖੜੀ ਵਿਚਾਰਾਂ/ਅਮਲਾਂ ਦੇ ਰਸਾਤਲ ਵਿਚ ਹੋਰ ਵੱਧ ਧੱਸਦਾ ਜਾ ਰਿਹਾ ਹੈ। ਇੰਡੀਆ ਤੇ ਭਾਰਤ ਦਾ ਨਿਖੇੜਾ, ਲੋਕਾਂ ਤੇ ਹਾਕਮਾਂ ਦਾ ਨਿਖੇੜਾ ਲਗਭਗ ਪੂਰਨ ਹੋਣ ਦੇ ਨੇੜੇ ਹੈ। ਆਰਥਿਕਤਾ ਦੇ ਖੇਤਰ ’ਚ ਆਈ ਸਿਫ਼ਤੀ ਤੇ ਮਿਕਦਾਰੀ ਤਬਦੀਲੀ ਅਤੇ ਤਕਰੀਬਨ ਇਸੇ ਸਮੇਂ ਦੌਰਾਨ ਸੂਚਨਾ ਤਕਨੀਕ ਵਿਚ ਆਏ ਵਿਸਫੋਟਕ ਇਨਕਲਾਬ ਦੇ ਲਾਜ਼ਮ ਪ੍ਰਭਾਵ ਕਾਰਨ ਸਮਾਜਿਕ ਰਿਸ਼ਤਿਆਂ ਤੇ ਖਾਸ ਕਰਕੇ ਨਵੀਂ ਪੀੜ੍ਹੀ ਦੀ ਬਦਲ ਰਹੀ ਮਾਨਸਿਕਤਾ ਅਤੇ ਪੁਰਾਣੀ ਪੀੜ੍ਹੀ ਦੇ ਪਰੰਪਰਾਵਾਦੀ ਤੇ ਜਗੀਰੂ ਸੰਸਕਾਰਾਂ ਵਿਚ ਅਚਨਚੇਤੀ ਪੈਦਾ ਹੋਇਆ ਟਕਰਾਅ ਵੀ ਨਵੀਆਂ ਮੁਸ਼ਕਿਲਾਂ ਪੈਦਾ ਕਰ ਰਿਹਾ ਹੈ। ਜੋ ‘ਸੰਤਾਪ’ ਪੰਜਾਬ ਤੋਂ ਪਹਿਲ ਪਿ੍ਰਥਮੇ ਵਿਦੇਸ਼ੀਂ ਗਈ ਪੰਜਾਬੀ ਪੀੜ੍ਹੀ ਨੇ 50ਵਿਆਂ ਵਿਚ ਹੰਢਾਇਆ ਸੀ, ਉਹ ‘ਸੰਤਾਪ’ ਅੱਜ ਸਾਰਾ ਪੰਜਾਬ ਹੰਢਾ ਰਿਹਾ ਹੈ। ਲੱਖਾਂ ਪੰਜਾਬੀਆਂ ਵੱਲੋਂ ਪਿਛਲੇ ਕਈ ਦਹਾਕਿਆਂ ਤੋਂ ਵਿਦੇਸ਼ੀ ਵਸਣ ਅਤੇ ਪੱਛਮੀ ਸਭਿਅਤਾ ਦੇ ਕੁਝ ਪ੍ਰਭਾਵ ਕਬੂਲਣ ਕਾਰਨ ਨੌਜਵਾਨ ਪੀੜ੍ਹੀ ਦੇ ਵਿਚਾਰ-ਵਿਹਾਰ ਅੰਦਰ ਤੇਜੀ ਨਾਲ ਆ ਰਹੇ ਬਦਲਾਵ ਪ੍ਰਤੀ, ਪੰਜਾਬੀ ਸਮਾਜ ਦਾ ਵਤੀਰਾ ਤਾਲਿਬਾਨੀ ਮਾਰਕਾ ਖਾਪ ਪੰਚਾਇਤਾਂ ਵਰਗਾ ਤਾਂ ਨਹੀਂ ਪਰ ਇਸ ਨੂੰ ਜਮਹੂਰੀ ਤੇ ਸਮੇਂ ਦੇ ਹਾਣ ਦਾ ਵੀ ਹਰਗ਼ਿਜ਼ ਨਹੀਂ ਕਿਹਾ ਜਾ ਸਕਦਾ। ਤੇਜੀ ਨਾਲ ਬਦਲ ਰਹੇ ਪੰਜਾਬ ਅੰਦਰ ਆਮ ਲੋਕਾਂ ਦੀ ਸਰੀਰਿਕ, ਸਮਾਜਿਕ ਤੇ ਮਾਨਸਿਕ ਸਿਹਤ ਦਾ ਜੋ ਹਸ਼ਰ ਹੋ ਰਿਹਾ ਹੈ, ਜਾਂ ਹੋਣ ਵਾਲਾ ਹੈ, ਇਸ ਬਾਰੇ ਸੋਚ ਕੇ ਦਿਲ ਹੀ ਨਹੀਂ, ਦਿਮਾਗ ਵੀ ਦਹਿਲ ਜਾਂਦਾ ਹੈ।
ਪੰਜਾਬ ਦੀ ਸਿਹਤ ਦਾ ਇਹ ਹਸ਼ਰ, ਆਰਥਿਕ, ਸਿਆਸੀ ਤੇ ਸਮਾਜਿਕ ਸੰਰਚਨਾਵਾਂ ਦੀਆਂ ਤਰਤੀਬਵੱਧ ਇਤਿਹਾਸਕ ਕਾਇਆ-ਪਲਟੀਆਂ ਕਾਰਨ ਹੋਇਆ ਹੈ ਅਤੇ ਇਸ ਦਾ ਹੱਲ ਵੀ ਇਕ ਹੋਰ ਇਤਿਹਾਸਕ ਕਾਇਆ ਪਲਟੀ, ਜਿਸ ਦੀ ਹੋਣੀ ਦੇਸ਼ ਹਿੰਦੁਸਤਾਨ ਤੇ ਸ਼ਾਇਦ ਦੁਨੀਆਂ ਨਾਲ ਜੁੜੀ ਹੋਈ ਹੈ, ਰਾਹੀਂ ਹੀ ਸੰਭਵ ਹੋਣਾ ਹੈ।

ਮੇਰਾ ਮੰਨਣਾ ਹੈ ਕਿ ਪੰਜਾਬ ਦੀ ਸਿਹਤ ਦੇ ਮਸਲੇ ਨੂੰ, ਮਹਿਜ਼ ਖਾਣ ਪਾਣ ਜਾਂ ਜੀਵਨ ਸ਼ੈਲੀ ਬਦਲਣ ਤਕ ਸੀਮਤ ਕਰਨਾ ਇਕ ਬਹੁਤ ਹੀ ਸੰਕੀਰਣ, ਸਤਹੀ ਤੇ ਖੁਦਗਰਜ਼ ਨਜ਼ਰੀਆ ਹੈ। ਸਿਹਤ ਮਸਲੇ ਦੇ ਆਰਥਿਕ, ਸਿਆਸੀ, ਸਮਾਜਿਕ ਤੇ ਸਭਿਆਚਾਰਕ ਪਹਿਲੂਆਂ ਨੂੰ ਕੇਂਦਰ ਬਿੰਦੂ ਬਣਾਇਆ ਵਗੈਰ ਇਕ ਸਿਹਤਮੰਦ ਪੰਜਾਬ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ।

ਕਿਸੇ ਵੀ ਮਸਲੇ ਬਾਰੇ, ਕਿਸੇ ਵੀ ਸਮਾਂ ਵਿਸ਼ੇਸ਼ ਅੰਦਰ ਨਿਭਾਈ ਗਈ ਸਾਡੀ ਭੂਮਿਕਾ ਦਾ ਮੁਲਾਂਕਣ, ਸਾਡੀਆਂ ਡਿਗਰੀਆਂ, ਰੁਤਬਿਆਂ, ਕੁਰਸੀਆਂ ਜਾਂ ਪਦਵੀਆਂ ਕਾਰਨ ਨਹੀਂ ਬਲਕਿ ਸਮੇਂ ਦੇ ਵਿਸ਼ਾਲ ਚਿਤਰਪਟ ’ਤੇ ਵਾਪਰ ਰਹੀਆਂ ਘਟਨਾਵਾਂ ਅਤੇ ਵਰਤਾਰਿਆਂ ਅੰਦਰ ਸੱਚ ਲੱਭਣ, ਸੱਚ ਨਸ਼ਰ ਕਰਨ ਅਤੇ ਸੱਚ ਸਥਾਪਤ ਕਰਨ ਦੇ ਸਾਡੇ ਉਦਮਾਂ-ਉਪਰਾਲਿਆਂ ਰਾਹੀਂ, ਇਸ ਧਰਤੀ ਨੂੰ ਹੋਰ ਸੁਨੱਖੀ ਤੇ ਜੀਉਣ-ਜੋਗੀ ਬਣਾਉਣ ਵਿਚ ਨਿਭਾਏ ਗਏ ਸਾਡੇ ਯੋਗਦਾਨ ਕਰਕੇ ਹੁੰਦਾ ਹੈ।

ਸਾਨੂੰ ਇਕ ਗੱਲ ਪੱਕੇ ਤੌਰ ’ਤੇ ਸਮਝ ਲੈਣੀ ਚਾਹੀਦੀ ਹੈ ਕਿ ਅੱਜ ਦਾ ਪੰਜਾਬ, 19ਵੀਂ ਜਾਂ 20ਵੀਂ ਸਦੀ ਦਾ ਪੰਜਾਬ ਨਹੀਂ ਹੈ। ਪੰਜਾਬ, ਹਿੰਦੁਸਤਾਨੀ ਆਰਥਿਕਤਾ ਤੇ ਸਿਆਸਤ ਨਾਲ ਜੁੜ ਕੇ, ਕੌਮਾਂਤਰੀ ਵਿੱਤੀ ਪ੍ਰਬੰਧ, ਕੌਮਾਂਤਰੀ ਸਿਆਸਤ ਤੇ ਕੌਮਾਂਤਰੀ ਸਭਿਆਚਾਰ ਦਾ ਇਕ ਅਨਿਖੜਵਾਂ ਅੰਗ ਬਣ ਚੱੁਕਿਆ ਹੈ। ਅਜੋਕੇ ਸਮੇਂ ਵਿਚ, ਸਿਹਤ ਸਮੇਤ ਪੰਜਾਬ ਦੇ ਸਾਰੇ ਮਸਲਿਆਂ ਦਾ ਹੱਲ, ਕੁੱਲ ਦੇਸ਼ਾਂ ਦੇ ਲੋਕਾਂ ਦੀ ਹੋਣੀ ਨਾਲ ਜੁੜਿਆ ਹੋਇਆ ਹੈ। ਪੰਜਾਬੀਆਂ ਦੇ ਵਿਲੱਖਣ ਵਿਰਸੇ, ਸਭਿਆਚਾਰ, ਭਾਸ਼ਾ, ਪੌਣ ਪਾਣੀਆਂ ਤੇ ਧਰਮ ਨੂੰ ਬਚਾਉਣ ਦੀਆਂ ਅਸੀਂ ਕਿੰਨੀਆਂ ਵੀ ਕੋਸ਼ਿਸ਼ਾਂ ਜੁਟਾ ਲਈਏ, ਸੰਸਾਰੀਕਰਨ ਦੇ ਇਸ ਯੁੱਗ ਵਿਚ, ਇਕੱਲਾ ਪੰਜਾਬ ਆਪਣੀਆਂ ਸਮੱਸਿਆਵਾਂ ਦੇ ਆਰਜ਼ੀ ਜਾਂ ਅੰਸ਼ਕ ਸਮਾਧਾਨ ਤਾਂ ਕੱਢ ਸਕਦਾ ਹੈ ਪਰ ਕਿਸੇ ਵੱਡੀ ਫੈਸਲਾਕੁੰਨ ਤਬਦੀਲੀ ਦਾ ਲਖਾਇਕ ਨਹੀਂ ਹੋ ਸਕਦਾ। ਜਿੰਨੀ ਜਲਦੀ ਅਤੇ ਜਿੰਨੀ ਸ਼ਿੱਦਤ ਨਾਲ ਅਸੀਂ ਇਸ ਹਕੀਕਤ ਨੂੰ ਸਮਝ ਲਵਾਂਗੇ, ਓਨਾ ਹੀ ਅਸੀਂ, ਕਿਸੇ ਹਕੀਕੀ ਤੇ ਸਦੀਵੀ ਹੱਲ ਵੱਲ ਆਪਣੇ ਕਦਮ ਪੁੱਟਣ ਦੇ ਯੋਗ ਹੁੰਦੇ ਜਾਵਾਂਗੇ।

Comments

Name (required)

Leave a comment... (required)

Security Code (required)ਹੈਲਥ ਲਾਈਨ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ