Sat, 27 May 2017
Your Visitor Number :-   1040049
SuhisaverSuhisaver Suhisaver
ਵਤਨ ਪਰਤੀ ਉਜ਼ਮਾ ਨੇ ਕਿਹਾ; ਪਾਕਿ ਮੌਤ ਦਾ ਖੂਹ, ਨਿਕਲਣਾ ਮੁਸ਼ਕਲ               ਫਿਲੀਪੀਨਜ਼ 'ਚ ਐਮਰਜੈਂਸੀ, ਆਈ ਐੱਸ ਅੱਤਵਾਦੀਆਂ ਦੇ ਹਮਲਿਆਂ 'ਚ 21 ਮੌਤਾਂ               ਦਸਵੀਂ ਦੇ ਮਾੜੇ ਨਤੀਜਿਆਂ ਨੇ 5 ਜਾਨਾਂ ਲਈਆਂ, ਇੱਕ ਗੰਭੀਰ              

ਕਾਲਾ ਧਨ ਖ਼ਤਮ ਕਰਨ ਦੀ ਕਵਾਇਦ ’ਤੇ ਇੱਕ ਨਜ਼ਰ - ਹਰਜਿੰਦਰ ਸਿੰਘ ਗੁਲਪੁਰ

Posted on:- 12-11-2016

suhisaver

ਕੇਂਦਰ ਸਰਕਾਰ ਨੇ ਕਾਲਾ ਧੰਨ ਖਤਮ ਕਰਨ ਦੇ ਉਦੇਸ਼ ਨਾਲ 500 ਅਤੇ 1000 ਰੁਪਏ ਦੇ ਨੋਟ ਬੰਦ ਕਰਨ ਦਾ ਨਿਰਣਾ ਲਿਆ ਹੈ,ਜਿਸ ਉਤੇ ਦੇਸ਼ ਭਰ ਵਿੱਚ ਚਰਚਾ ਹੋ ਰਹੀ ਹੈ।ਭਾਵੇਂ ਇਸ ਫੈਸਲੇ ਨਾਲ ਦੇਸ਼ ਦੀ ਅਰਥ ਵਿਵਸਥਾ ਉੱਤੇ ਪੈਣ ਵਾਲੇ ਹਾੰ ਪੱਖੀ ਅਤੇ ਨਾਂਹ ਪੱਖੀ ਪਰਭਾਵਾਂ ਦੀ ਸਹੀ ਜਾਣਕਾਰੀ ਪਰਾਪਤ ਕਰਨ ਲਈ ਕੁਝ ਸਮਾਂ ਇੰਤਜ਼ਾਰ ਕਰਨਾ ਪਵੇਗਾ ਪਰੰਤੂ ਇਸ ਵਾਰੇ ਬਹੁਤ ਸਾਰੇ ਅੰਦਾਜ਼ੇ ਤਾਂ ਲਗਾਏ ਹੀ ਜਾ ਸਕਦੇ ਹਨ।ਸਿਧਾਂਤਕ ਰੂਪ ਵਿੱਚ ਇਹ ਗੱਲ ਸਹੀ ਲਗਦੀ ਹੈ ਕਿ ਪੁਰਾਣੇ ਨੋਟ ਹਟਾ ਕੇ ਜੇਕਰ ਨਵੇਂ ਨੋਟ ਚਲਾਏ ਜਾਣ ਤਾਂ ਅਰਥ ਵਿਵਸਥਾ ਵਿੱਚੋਂ ਕਾਲਾ ਤੇ ਜਾਅਲੀ ਧਨ ਨਿਕਲ ਸਕਦਾ ਹੈ ਲੇਕਿਨ ਵਿਹਾਰਕ ਤੌਰ ਤੇ ਇਸ ਪਰੀਕਿਰਿਆ ਨੂੰ ਲਾਗੂ ਕਰਨਾ ਕਾਫੀ ਮੁਸ਼ਕਿਲ ਹੈ।ਭਾਰਤ ਦੀ ਅਰਥ ਵਿਵਸਥਾ ਬੇਹੱਦ ਗੁੰਝਲਦਾਰ ਹੈ।ਇਥੇ ਜਿੱਥੇ ਛੋਟੇ ਕਾਰੋਬਾਰੀਆਂ ਦੀ ਬਹੁਤਾਤ ਹੈ ਉੱਥੇ ਦੇਸ਼ ਦਾ ਵੱਡਾ ਹਿੱਸਾ ਕਿਸਾਨੀ ਅਤੇ ਮਜ਼ਦੂਰ ਭਾਈਚਾਰੇ ਨਾਲ ਸਬੰਧਤ ਹੈ।ਇਸ ਫੈਸਲੇ ਦਾ ਬੁਰਾ ਅਸਰ ਇਸ ਤਬਕੇ ਤੇ ਪੈਣ ਦੀ ਸੰਭਾਵਨਾ ਹੈ।ਛੋਟੇ ਪਧਰ ਤੇ ਖਰੀਦੋ ਫਰੋਖਤ ਨਕਦੀ ਵਿੱਚ ਹੁੰਦੀ ਹੈ।ਹਸਪਤਾਲ ਤੱਕ ਨਕਦੀ ਲੈਕੇ ਜਾਣਾ ਪੈੰਦਾ ਹੈ।ਇਸ ਫੈਸਲੇ ਨਾਲ ਭਾਰਤੀ ਬਜਾਰ ਵਿੱਚ ਤਹਿਲਕਾ ਮਚਿਆ ਹੋਇਆ ਹੈ।

ਅਮੀਰ ਲੋਕ ਹੇਰਾ ਫੇਰੀ ਕਰਕੇ ਕੋਈ ਨਾ ਕੋਈ ਰਸਤਾ ਨਿਕਾਲ ਲੈਣਗੇ।ਦੋ ਤਿੰਨ ਮਹੀਨੇ ਹਫਰਾ ਤਫਰੀ ਦਾ ਮਹੌਲ ਰਹੇਗਾ।ਅਰਥ ਵਿਵਸਥਾ ਦੇ ਸੁਸਤ ਚਲਦਿਆਂ ਉਪਭੋਗੀ ਘੱਟ ਖਰਚ ਕਰਨਗੇ ਜਿਸ ਕਾਰਨ ਖਪਤ ਘੱਟ ਜਾਵੇਗੀ।ਕੇਂਦਰੀ ਵਿੱਤ ਸਕੱਤਰ ਤਾਂ ਆਪ ਮਨ ਰਿਹਾ ਹੈ ਕਿ 20-25 ਦਿਨ ਲੋਕਾਂ ਨੂੰ ਦਿੱਕਤ ਆ ਸਕਦੀ ਹੈ।ਲੱਗਦਾ ਹੈ  ਕਿ ਦਿੱਕਤ ਦਾ ਸਿਲਸਿਲਾ ਘੱਟੋ ਘੱਟ 3 ਮਹੀਨੇ ਤੱਕ ਜਾਰੀ ਰਹੇਗਾ। ਨੋਟਾਂ ਦੇ ਵਟਾਂਦਰੇ ਲਈ ਦਿੱਤੀ ਸਮਾਂ ਸੀਮਾ ਨੂੰ ਲਾਗੂ ਕਰਨ ਵਾਸਤੇ ਕੋਈ ਤਿਆਰੀ ਨਹੀਂ ਕੀਤੀ ਗਈ।

ਬੜੀ ਹੈਰਾਨੀ ਦੀ ਗੱਲ ਇਹ ਹੈ ਕਿ ਨੋਟਾਂ ਦੀ ਅਦਲਾ ਬਦਲੀ ਦੇ ਮਾਮਲੇ ਵਿੱਚ ਕਿਹਾ ਗਿਆ ਹੈ ਕਿ ਇੱਕ ਆਦਮੀ ਦੇ ਬਦਲੇ 10 ਆਦਮੀ ਉਸਦੀ ਨਕਦੀ ਨੂੰ ਬਦਲ ਸਕਦੇ ਹਨ। ਉਦਾਹਰਣ ਵਜੋਂ ਕਿਸੇ ਕੋਲ 1 ਕਰੋੜ ਨਕਦ ਕਾਲਾ ਧਨ ਹੈ ਤਾਂ ਉਹ ਹਜ਼ਾਰ ਆਦਮੀਆਂ ਨੂੰ ਇਕੱਠਾ ਕਰਕੇ ਕਹੇਗਾ ਕਿ ਆਪ ਬੈਂਕ ਜਾ ਕੇ ਇਸ ਰਕਮ ਨੂੰ ਬਦਲ ਲਿਆਉ।ਛੋਟੀ ਛੋਟੀ ਰਕਮ ਦੇ ਜ਼ਰੀਏ ਇਹ ਕੀਤਾ ਜਾ ਸਕਦਾ ਹੈ।ਇਹ ਇੱਕ ਤਰ੍ਹਾਂ ਨਾਲ ਬਿਨਾਂ ਟੈਕਸ ਕਾਲੇ ਧਨ ਨੂੰ ਛੋਟ ਦੇਣ ਦਾ ਰਸਤਾ ਹੋ ਸਕਦਾ ਹੈ।ਮੁਸ਼ਕਿਲ ਹੋਣਦੇ ਬਾਵਯੂਦ ਭਾਰਤ ਵਿੱਚ ਬਹੁਤ ਸਾਰੇ ਲੋਕ ਇਸ ਪੈੰਤੜੇ ਨੂੰ ਅਪਣਾ ਸਕਦੇ ਹਨ।ਇਹ ਵੀ ਖਬਰਾੰ ਹਨ ਕਿ ਰਸੂਖਦਾਰਾੰ ਵਲੋੰ 1000 ਰੁਪਏ ਦੇ ਨੋਟ 800 ਰੁਪਏ ਵਿੱਚ ਖਰੀਦੇ ਜਾ ਰਹੇ ਹਨ ਜਿਸ ਦਾ ਖਮਿਆਜਾ ਸਧਾਰਣ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।ਇਸ ਦਾ ਮਤਲਬ ਇਹ ਨਹੀਂ ਕਿ ਇਸ ਨਾਲ ਬਲੈਕ ਮਨੀ ਦੀ ਸਮੱਸਿਆ ਖਤਮ ਹੋ ਜਾਵੇਗੀ ਅਤੇ ਸਰਕਾਰ ਨੂੰ ਟੈਕਸ ਮਿਲ ਜਾਏਗਾ।ਸਰਕਾਰ ਦਾ ਯਤਨ ਲੋਕਾਂ ਨੂੰ ਬੈਂਕ ਪਰਣਾਲੀ ਨਾਲ ਜੁੜਨ ਲਈ ਉਤਸ਼ਾਹਤ ਕਰਨ ਦਾ ਹੈ।ਭਾਰਤ ਵਿੱਚ ਜਿਆਦਾ ਲੋਕ ਨਕਦੀ ਦਾ ਲੈਣ ਦੇਣ ਕਰਦੇ ਹਨ।ਸਰਕਾਰ ਨੇ ਕਰੋੜਾਂ ਲੋਕਾਂ ਨੂੰ ਜਨ ਧਨ ਯੋਜਨਾ ਤਹਿਤ ਬੈਂਕਿੰਗ ਪਰਣਾਲੀ ਨਾਲ ਜੋੜਿਆ ਹੈ।ਲੇਕਿਨ ਇਹਨਾਂ ਖਾਤਿਆਂ ਦਾ ਮਹਿਜ 20 ਫੀ ਸਦੀ ਹੀ ਅਪਰੇਸ਼ਨਲ ਹੈ। ਹੋ ਸਕਦਾ ਹੈ ਨਵੀਂ ਅਰਥ ਵਿਵਸਥਾ ਨਾਲ ਲੋਕਾਂ ਅੰਦਰ ਬੈਂਕਾਂ ਨਾਲ ਜੁੜਨ ਦਾ ਰੁਝਾਨ ਵਧ ਜਾਵੇ।ਲੋਕ ਆਪਣੀ ਨਕਦੀ ਬੈਂਕਾਂ ਵਿੱਚ ਜਮਾ ਕਰ ਸਕਦੇ ਹਨ ਪਰ ਦਿੱਕਤ ਇਹ ਹੈ ਕਿ ਇਸ ਨੂੰ ਬਿਨਾਂ ਤਿਆਰੀ ਲਾਗੂ ਕੀਤਾ ਜਾ ਰਿਹਾ ਹੈ। ਇਹ ਫੈਸਲਾ ਲੋਕਾਂ ਨੂੰ ਚੌਂਕਾ ਦੇਣ ਵਾਲਾ ਹੈ।ਇਹ ਸਮਾਂ ਸ਼ਾਦੀਆਂ ਤੇ ਖੇਤੀ ਜਿਣਸਾੰ ਨੂੰ ਵੇਚਣ ਵੱਟਣ ਦਾ ਸਮਾਂ ਹੈ।ਪਿੰਡਾਂ ਅਤੇ ਸ਼ਹਿਰਾੰ ਵਿੱਚ ਸੀਮਤ ਆਮਦਨੀ ਵਾਲੇ ਲੋਕ ਵੀ ਇਸ ਮੌਸਮ ਵਿੱਚ 8-10 ਲੱਖ ਰੁਪਏ ਖਰਚ ਕਰ ਦਿੰਦੇ ਹਨ।ਇਹ ਰਕਮ ਅਕਸਰ ਨਕਦ ਖਰਚ ਕੀਤੀ ਜਾਂਦੀ ਹੈ।       
      
ਅਜਿਹਾ ਕਰਨ ਵਾਲੇ ਜ਼ਿਆਦਾਤਰ ਕਿਸਾਨ ਹਨ।ਕਿਸਾਨਾਂ ਦੀਆਂ ਅਦਾਇਗੀਆਂ ਦੇ ਰੁਕਣ ਕਾਰਨ ਉਹਨਾਂ ਲਈ ਮੁਸ਼ਕਿਲ ਪੈਦਾ ਹੋ ਗਈ ਹੈ।ਲੋਕ ਆਪਣੇ ਇਲਾਜ ਲਈ ਹਸਪਤਾਲਾਂ ਵਿੱਚ ਵੀ ਨਕਦੀ ਲੈ ਕੇ ਜਾਂਦੇ ਹਨ।ਛੋਟੇ ਪੱਧਰ ਤੇ ਆਮਦਨੀ ਵਾਲੇ ਲੋਕਾਂ ਅਤੇ ਛੋਟੇ ਕਾਰੋਬਾਰੀਆਂ ਦੀਆਂ ਮੁਸ਼ਕਲਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਵਧਣਗੀਆਂ।ਵੱਡੇ ਕਾਰੋਬਾਰੀਆਂ ਨੂੰ ਕੋਈ ਮੁਸ਼ਕਿਲ ਨਹੀ ਹੋਵੇਗੀ।ਇਹੀ ਕਾਰਨ ਹੈ ਕਿ ਬੈਂਕਾਂ ਅਤੇ ਹੋਰ ਕਾਰੋਬਾਰੀ ਸਥਾਨਾਂ ਤੇ ਆਮ ਲੋਕਾਂ ਦੀਆਂ ਹੀ ਭੀੜਾਂ ਹਨ।ਉੱਥੇ ਕੋਈ ਸਰਦਾ ਪੁੱਜਦਾ ਅਮੀਰ ਘੱਟ ਹੀ ਦਿਖਾਈ ਦੇ ਰਿਹਾ ਹੈ।ਥੋੜੇ ਸਮੇਂ ਦੇ ਲਿਹਾਜ ਨਾਲ ਦੇਖੀਏ ਤਾਂ ਖਰੀਦ ਸ਼ਕਤੀ ਦੇ ਸਿਮਟ ਜਾਣ ਨਾਲ ਲੋਕ ਘੱਟ ਖਰਚ ਕਰਨਗੇ ਜਿਸ ਨਾਲ ਖਪਤ ਦਾ ਗਰਾਫ ਹੇਠ ਜਾਏਗਾ,ਉਪਭੋਗ ਘੱਟ ਹੋਵੇਗਾ।ਜਾਅਲੀ ਕਰੰਸੀ ਦਾ ਵੱਡਾ ਹਿੱਸਾ ਬਜਾਰ 'ਚੋ ਖਤਮ ਹੋ ਜਾਵੇਗਾ।ਕਾਲੇ ਧਨ ਪਿੱਛੇ ਵੱਡੇ ਲੋਕ ਹਨ,ਜਿਸ ਦੇ ਆਪਣੇ ਨੁਕਸਾਨ ਹਨ।ਛੋਟੇ ਕਾਰੋਬਾਰਾੰ ਵਿੱਚ ਲੱਗੇ ਲੋਕ ਜਿਹਨਾਂ ਦਾ ਸਾਰਾ ਬਿਜਨਸ ਨਕਦੀ ਤੇ ਅਧਾਰਤ ਹੈ,ਉਹਨਾਂ ਦੀਆਂ ਮੁਸ਼ਕਿਲਾਂ ਨੇੜ ਭਵਿੱਖ ਵਿੱਚ ਵਧਣ ਵਾਲੀਆਂ ਹਨ।ਉਹਨਾਂ ਨੂੰ ਬੈਂਕ ਜਾਣ ਦੀ ਆਦਤ ਨਹੀਂ ਹੈ ਅਤੇ ਆਦਤ ਬਣਾਉਣ ਲਈ ਸਮਾਂ ਲੱਗਦਾ ਹੈ।ਉਹਨਾਂ ਨੂੰ ਸਿਖਿਅਤ ਕਰਨ ਦੀ ਜਰੂਰਤ ਹੈ।ਇਹ ਕੰਮ ਰਾਤੋ ਰਾਤ ਨਹੀਂ ਹੋ ਸਕਦਾ।ਸਰਕਾਰ ਦੀ ਸਮੱਸਿਆ ਇਹ ਹੈ ਕਿ ਉਹ ਸਭ ਕੁਝ ਰਾਤੋ ਰਾਤ ਕਰਨਾ ਚਾਹੰਦੀ ਹੈ।ਇਸ ਤੋਂ ਇਲਾਵਾ ਕੁਝ ਰਾਜਾਂ ਅੰਦਰ ਜਲਦੀ ਹੀ ਚੋਣਾਂ ਹੋਣ ਜਾ ਰਹੀਆਂ ਹਨ।ਚੋਣਾਂ ਦੌਰਾਨ ਵੱਡੇ ਪੱਧਰ ਤੇ ਨਕਦੀ ਦੀ ਵਰਤੋਂ ਕੀਤੀ ਜਾਂਦੀ ਹੈ।ਇਸ ਦਾ ਅੰਦਾਜਾ ਇਹਨਾਂ ਤੱਥਾੰ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੀਆਂ 3 ਲੋਕ ਸਭਾਈ ਚੋਣਾਂ ਦੌਰਾਨ ਰਾਜਨੀਤਕ ਪਾਰਟੀਆਂ ਨੇ ਜਿੱਥੇ 1299।53 ਕਰੋੜ ਰੁਪਏ ਚੈੱਕ ਆਦਿ ਦੇ ਜਰੀਏ ਇਕੱਤਰ ਕੀਤੇ ਉੱਥੇ 1,039 ਕਰੋੜ ਰੁਪਏ ਨਕਦੀ ਦੇ ਰੂਪ ਵਿੱਚ ਇਕੱਤਰ ਕੀਤੇ ਸਨ।ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰੀਫਾਰਮਜ (ਏ ਡੀ ਆਰ) ਨੇ ਰਾਜਨੀਤਕ ਦਲਾਂ ਦੇ ਆਮਦਨ ਕਰ ਰੀਟਰਨਜ ਦੀ ਸਮੀਖਿਆ ਤੋਂ ਪਾਇਆ ਕਿ ਰਾਜਨੀਤਕ ਦਲਾਂ  ਨੇ ਪਿਛਲੀਆਂ ਤਿੰਨ ਲੋਕ ਸਭਾਈ ਚੋਣਾਂ ਦੌਰਾਨ ਕੁੱਲ 2,356 ਕਰੋੜ ਰੁਪਏ ਬਤੌਰ ਚੰਦਾ ਇਕੱਤਰ ਕਰਨ ਦੀ ਘੋਸ਼ਣਾ ਕੀਤੀ ਸੀ।ਇਸ ਵਿੱਚੋਂ 44 ਫੀਸਦੀ ਰਕਮ ਨਕਦੀ ਦੇ ਰੂਪ ਵਿੱਚ ਇਕੱਤਰ ਕੀਤੀ ਗਈ ਸੀ।ਹਾਲਾਂ ਕਿ ਰਾਜਨੀਤਕ ਦਲਾਂ ਨੇ ਚੋਣ ਅਯੋਗ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਨਕਦੀ ਦੇ ਰੂਪ ਵਿੱਚ ਇਕੱਤਰ ਕੀਤੇ ਚੰਦੇ ਦੀ ਘੋਸ਼ਣਾ ਕੀਤੀ ਲੇਕਿਨ ਚੋਣਾਂ ਦੌਰਾਨ ਪੁਲਸ ਦੁਆਰਾ ਭਾਰੀ ਮਾਤਰਾ ਵਿੱਚ ਫੜੀ ਨਕਦੀ ਤੋਂ ਸੰਕੇਤ ਮਿਲਦੇ ਹਨ ਕਿ ਚੋਣ ਪਰਚਾਰ ਦੌਰਾਨ ਕਾਲੇ ਧਨ ਦੀ ਵਰਤੋਂ ਧੜੱਲੇ ਨਾਲ ਕੀਤੀ ਜਾਂਦੀ ਹੈ।ਉਦਾਹਰਣ ਵਜੋਂ 2014 ਦੇ ਲੋਕ ਸਭਾ ਚੁਣਾਅ ਦੌਰਾਨ ਚੋਣ ਆਯੋਗ ਨੇ 330 ਕਰੋੜ ਦੀ ਬੇ-ਨਾਮੀ ਨਕਦੀ ਫੜੀ ਸੀ।ਜਿਹੜਾ ਕਾਲਾ ਧਨ ਪਕੜ ਵਿੱਚ ਨਹੀਂ ਆਉਂਦਾ ਉਸ ਦਾ ਤਾਂ ਅੰਦਾਜਾ ਵੀ ਨਹੀਂ ਲਗਾਇਆ ਜਾ ਸਕਦਾ।ਅਰਥ ਸਾਸ਼ਤਰੀ ਪਰੋਫੈਸਰ ਐਸ।ਪੀ ਤਿਵਾੜੀ ਅਨੁਸਾਰ ਕਾਲੇ ਧਨ ਨੂੰ ਸਾਹਮਣੇ ਲਿਆਉਣ ਦੀ ਸਰਕਾਰੀ ਮੁਹਿੰਮ ਉਦੋਂ ਤੱਕ ਕਾਰਗਰ ਨਹੀਂ ਹੋਵੇਗੀ,ਜਦੋਂ ਤੱਕ ਰਾਜਨੀਤਕ ਦਲਾਂ ਨੂੰ ਨਕਦੀ ਦੇ ਰੂਪ ਵਿੱਚ ਚੰਦਾ ਇਕੱਤਰ ਕਰਨ ਦੀ ਇਜਾਜ਼ਤ ਮਿਲਦੀ ਰਹੇਗੀ।ਉਹਨਾਂ ਦਾ ਕਹਿਣਾ ਹੈ ਕਿ ਰਾਜਨੀਤਕ ਦਲ ਕਾਲੇ ਧਨ ਦੇ ਲੈਣ ਦੇਣ ਦਾ ਮੁੱਖ ਸਰੋਤ ਹਨ।ਆਮਦਨ ਕਰ ਰੀਟਰਨਜ ਦੇ ਵਿਸ਼ਲੇਸ਼ਣ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਪਿਛਲੀਆਂ 3 ਲੋਕ ਸਭਾਈ ਚੋਣਾਂ ਦੇ ਦੌਰਾਨ ਚੰਦੇ ਰਾਹੀਂ ਜਿੰਨੀ ਨਕਦ ਰਾਸ਼ੀ ਇਕੱਠੀ ਕੀਤੀ ਗਈ ਉਸ ਦੀ ਫੰਡਿੰਗ ਕਰਨ ਵਾਲੇ 90 ਫੀ ਸਦੀ ਤੋਂ ਵੱਧ ਲੋਕਾਂ ਦੇ ਨਾਮ ਨਸ਼ਰ ਨਹੀਂ ਕੀਤੇ ਗਏ।ਇੱਕ ਰਾਜ ਨੇਤਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੁਆਰਾ ਜਿਸ ਤਰ੍ਹਾਂ ਇੱਕੋ ਝਟਕੇ ਨਾਲ 500 ਅਤੇ 1000 ਦੇ ਨੋਟ ਬੰਦ ਕੀਤੇ ਗਏ ਹਨ ਉਸ ਨਾਲ ਰਾਜਨੀਤਕ ਦਲਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।

ਸੰਪਰਕ: 006 147 060 5255

Comments

Name (required)

Leave a comment... (required)

Security Code (required)



ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ