Fri, 19 April 2024
Your Visitor Number :-   6984444
SuhisaverSuhisaver Suhisaver

ਮੋਦੀ ਦੇ ਨਮੋ ਗੁਬਾਰੇ ਦੀ ਡੋਰ ਨੂੰ ਪੇਚਾ ਪਾਇਆ ਕੇਜਰੀਵਾਲ ਦੇ ਸਵਾਲਾਂ ਨੇ -ਪ੍ਰਿੰ. ਬਲਕਾਰ ਸਿੰਘ ਬਾਜਵਾ

Posted on:- 24-03-2014

ਨਮੋ ਸ਼ੈਲੀ ਗਲਬਾਵਾਦੀ ਨਹੀਂ ਤਾਂ ਹੋਰ ਕੀ ਹੈ? 'ਅੜੇ ਸੋ ਝੜੇ', 'ਜੋ ਮੇਰਾ ਨਹੀਂ ਉਹ ਕਿਸੇ ਦਾ ਨਹੀਂ' ਆਵਾਜ਼ੇ ਆ ਰਹੇ ਹਨ। ਇਹ ਲੋਕਤੰਤਰ ਲਈ ਇੱਕ ਵੱਡਾ ਖਤਰਾ ਹੈ। ਪਾਰਟੀ ਦੇ ਹੰਢੇ ਵਰਤੇ ਨੇਤਾ ਹਾਸ਼ੀਏ `ਤੇ ਧੱਕ ਦਿੱਤੇ ਗਏ ਹਨ। ਖੂੰਝੇ ਲੱਗੇ 'ਲੋਹ ਪੁਰਸ਼ਾਂ' ਦੇ ਮੂੰਹਾਂ `ਚ ਘੁੰਗਣੀਆਂ ਪੈ ਗਈਆਂ ਹਨ। ਗੁਜਰਾਤ ਮਾਡਲ ਨੂੰ ਪੂਰੇ ਦੇਸ਼ `ਤੇ ਆਇਤ ਕਰਨ ਦੇ ਮਨਸ਼ੇ ਜ਼ਾਹਰ ਹੋ ਰਹੇ ਹਨ। ਮਾਡਲ ਜਿਹੜਾ ਉਦਯੋਗਪਤੀਆਂ ਤੇ ਕਾਰਪੋਰੇਟਸ ਪੱਖੀ ਹੈ। ਭਰਿਸ਼ਟਾਚਾਰ ਵੱਲੋਂ ਅੱਖਾਂ ਮੀਟ ਰੱਖਦੈ। ਗਰੀਬ ਵਰਕਰਾਂ ਤੇ ਭੌਂ-ਮਾਲਕਾਂ ਦਾ ਗਲ਼ਾ ਘੁੱਟਦਾ ਹੈ। ਕੌਮੀ, ਇਲਾਕਾਈ ਸਥਾਪਤ ਪਾਰਟੀਆਂ ਇਸ ਘੁਟਵੇਂ ਮਾਹੌਲ ਵਿਰੁੱਧ ਡਟ ਗਈਆਂ ਹਨ। ਯੁੱਧ ਨਮੋ ਬਨਾਮ ਰਾਹੁਲ ਵਿੱਚ ਬਣਦਾ-ਬਣਦਾ ਮੋਦੀ ਬਨਾਮ ਕੇਜਰੀਵਾਲ ਬਣ ਗਿਐ! ਕਿਵੇਂ ਬਣਿਆ? ਓਵੇਂ ਹੀ ਜਿਵੇਂ ਦਿੱਲੀ ਵਿੱਚ ਬਣਿਆ ਸੀ। 'ਉਹ ਕੁਝ ਵੀ ਨਹੀਂ' ਨੇ ਸ਼ੀਲਾ ਨੂੰ ਦੱਸ ਦਿੱਤਾ 'ਉਹ ਕੁਝ ਹੈ', 'ਲੋਕਾਂ ਦੀ ਆਵਾਜ਼ ਹੈ'। ਕੇਸਾਂ ਤੋਂ ਡਰੀ ਵਿਚਾਰੀ ਗਵਰਨਰੀ ਬੰਗਲੇ ਦੀ ਓਟ `ਚ ਚਲੀ ਗਈ ਹੈ।

ਉਸੇ 'ਕੁਝ ਨਹੀਂ' ਨੇ ਹੁਣ ਜ਼ਮੀਨੀ ਹਕੀਕਤਾਂ ਨੂੰ ਘੋਖਕੇ ਭਬਕ ਰਹੇ ਨਮੋ ਨੂੰ ਉਹਦੀ ਜ਼ੈਲ ਵਿੱਚ ਜਾਕੇ 16 ਸਵਾਲ ਦਾਗੇ ਹਨ। ਇਹਨਾਂ ਸਵਾਲਾਂ ਦੀ ਵੰਗਾਰ ਤੇ ਮਿਲਣ ਤੋਂ ਇਨਕਾਰ ਨੇ ਉਹਦੇ ਉਡਦੇ ਹੁੰਕਾਰ ਗੁਬਾਰੇ ਦੀ ਡੋਰ ਨੂੰ 'ਆਮ ਆਦਮੀ ਪਾਰਟੀ' ਦੇ ਨੇਤਾ ਕੇਜਰੀਵਾਲੀ ਨੇ ਜਾ ਪੇਚਾ ਪਾਇਐ। ਪੁਲਿਸੀ ਹੱਥਕੰਢੇ, ਕਾਲੀਆਂ ਝੰਡੀਆਂ ਤੇ ਵਾਹਨਾਂ `ਤੇ ਮਾਰੇ ਪੱਥਰ ਕੇਜਰੀਵਾਲ ਨੂੰ ਹੋਰ ਸ਼ੋਹਰਤ ਦੇ ਗਏ ਹਨ। ਪਾਰਲੀਮਾਨੀ ਯੁੱਧ ਦੇ ਸਾਰੇ ਦੇ ਸਾਰੇ ਸੱਮੀਕਰਨ ਬਦਲ ਗਏ ਹਨ। ਹੁਣ ਇਹ ਸਿੱਧਾ ਹੀ ਨਮੋ ਬਨਾਮ ਕੇਜਰੀਵਾਲ ਬਣ ਗਿਐ। ਰਹਿੰਦੀ ਕਸਰ ਵਾਰਾਨਾਸੀ ਦੇ ਲੋਕਾਂ ਦੀ ਰਾਏ ਨੇ ਕੱਢ ਦੇਣੀ ਹੈ। ਲੋਕ ਤਾਂ ਰੋਜ਼ੀ-ਰੋਟੀ ਦੀ ਦੀ ਗਰੰਟੀ ਦੇਣ ਵਾਲੇ ਦੀ ਉਡੀਕ ਕਰ ਰਹੇ ਹਨ। ਉਹ ਤਾਂ ਉਹਦੇ ਨਾਲ ਖੜ੍ਹਨਗੇ, ਜਿਵੇਂ ਕਦੀ ਜੈ ਪ੍ਰਕਾਸ਼ ਨਰਾਇਣ ਦੀ ਅਗਵਾਈ ਵਾਲੀ ਜਨਤਕ ਲਹਿਰ਼ ਵਿੱਚ ਸ਼ਾਮਲ ਹੋਏ ਸੀ। ਹੁਣ ਲੜਾਈ ਸਿੱਧੀ ਲੋਕਾਂ ਬਨਾਮ ਜੋਕਾਂ ਬਣ ਗਈ ਹੈ। ਡੇਵਿਡ ਬਨਾਮ ਗੋਲੀਏਥ ਦਾ ਪੌਰਾਣਿਕ ਮੁਕਾਬਲਾ ਬਣ ਗਿਆ। ਨਮੋ ਨੂੰ ਸਿੱਧੇ ਸਵਾਲਾਂ ਦੀ ਡੋਰ ਦੇ ਪੇਚੇ `ਚੋਂ ਨਿਕਲਣਾ ਔਖਾ ਬਣਦਾ ਜਾ ਰਿਹਾ ਹੈ।

'ਆਪ' ਦੇ 16 ਸਵਾਲ ਸਿੱਧੇ ਮੋਦੀ ਦੇ ਵਿਕਾਸ ਮਾਡਲ ਦੀ ਫੂਕ ਕੱਢਦੇ ਹਨ। ਕੇਜਰੀਵਾਲ ਦੇ ਸਵਾਲਾਂ ਦਾ ਜਵਾਬ ਨਾ ਦੇਣੇ ਲੋਕਾਂ ਨੂੰ 'ਆਪ' ਦੇ ਝੰਡੇ ਹੇਠ ਇਕੱਠਾ ਕਰਦਾ ਜਾ ਰਿਹਾ ਹੈ। ਮੀਡੀਏ ਨੂੰ ਮਜਬੂਰੀ ਵੱਸ ਕੇਜਰੀ ਦੀਆਂ ਗੱਲਾਂ ਕਰਨੀਆਂ ਪੈ ਰਹੀਆਂ ਹਨ। ਇੱਕ ਵਾਰ ਮੋਦੀ ਪਹਿਲਾਂ ਵੀ ਇੱਕ ਪੱਤਰਕਾਰ ਦੇ ਇੰਟਰਵਿਊ `ਚੋਂ ਭੱਜਿਆ ਸੀ। ਲੋਕ ਤਾਂ ਹੁਣ ਆਪਣੇ ਰਾਜਨੀਤਕਾਂ ਨੂੰ ਬੇਬਾਕੀ ਨਾਲ ਸਵਾਲ ਪੁੱਛਣ ਦੇ ਰਾਹ ਤੁਰ ਪਏ ਹਨ। ਸਵਾਲ ਬੜੇ ਸਿੱਧੇ ਹਨ। ਫਿਰਕੂਵਾਦ ਤੇ ਭਰਿਸ਼ਟਾਚਾਰ ਸਭ ਤੋਂ ਵੱਡੇ ਖਤਰੇ ਹਨ। ਕੇ ਜੀ ਬੇਸਿਨ ਗੈਸ ਤੋਂ ਲੈਕੇ ਸੌਰ ਊਰਜਾ ਦੀ ਕੀਮਤ, ਭੋਂ-ਪ੍ਰਾਪਤੀ ਅਤੇ ਭ੍ਰਿਸ਼ਟਾਚਾਰ ਆਦਿ ਨਾਲ ਜੁੜੇ ਅਨੇਕ ਸਵਾਲ ਹਨ। ਕੀ ਤੁਸੀਂ ਗੈਸ ਕੀਮਤਾਂ ਨੂੰ ਯੂ.ਪੀ.ਏ. ਵਾਂਗ 8 ਡਾਲਰ ਕਰੋਂਗੇ?

ਬੇਰੁਜ਼ਗਾਰੀ, ਵਧਦੀਆਂ ਕੀਮਤਾਂ, ਸਿਹਤ ਤੇ ਸਿੱਖਿਆ ਬਾਰੇ ਪਿਛਲੇ ਛੇ ਦਹਾਕਿਆਂ `ਚ ਤੁਸੀਂ ਕੀ ਕੀਤੈ। ਸਵਾਲ ਚੰਗਿਆੜੀਆਂ ਬਣ ਲੋਕ ਰਾਏ ਨੂੰ ਤਿੱਖਾ ਕਰ ਰਹੇ ਹਨ। ਸਿਆਸਤ ਦੀ ਹਵਾ ਵਿੱਚ ਵਿਰਾਮ ਨਹੀਂ ਹੁੰਦੇ। ਸੰਘਰਸ਼ ਚੱਲ ਪਿਆ ਹੈ। ਹੁਣ ਰੁਕਣਾ ਨਹੀਂ। ਲੋਟੂ ਤੇ ਭਰਿਸ਼ਟ ਨਿਜ਼ਾਮ ਨੂੰ 'ਆਪ' ਦਾ ਝਾੜੂ ਹੀ ਸਾਫ ਕਰੇਗਾ। ਸ਼ੁਰੂਆਤ ਹੋ ਗਈ ਹੈ। ਨਵੀਂ ਰੂਹ ਫੂਕੀ ਜਾ ਚੁੱਕੀ ਹੈ। ਗੰਢਤੁੱਪ ਨਾਲ ਹੁਣ ਕੰਮ ਨਹੀਂ ਚੱਲਣੇ। 'ਆਪ' ਦਿੱਲੀ ਦੇ ਤਖ਼ਤ ਦੀਆਂ ਆਸਾਂ ਲਾਈ ਬੈਠੀਆਂ ਸਭ ਧਿਰਾਂ ਦੇ ਗਲ਼ੇ ਦਾ ਕੰਡਾ ਬਣ ਗਈ ਹੈ। ਚੋਣ ਯੁੱਧ ਹੁਣ ਲੋਟੂਆਂ ਬਨਾਮ ਲੁੱਟੀਂਦਿਆਂ ਦਰਮਿਆਨ ਬਣ ਗਿਐ। ਇਹ ਹੀ ਅਸਲ ਮੁੱਦਾ ਹੈ। ਇਸ ਦੇ ਆਦਾਨ-ਪ੍ਰਦਾਨ ਦੁਆਰਾ ਲੋਕਾਂ ਵੱਲੋਂ ਦਿੱਤੇ ਸਹੀ ਹੁੰਗਾਰੇ ਨੇ ਹੀ ਉਹਨਾਂ ਦੀ ਹੋਣੀ ਸਵਾਰਨੀ ਹੈ। ਜਾਪਦੈ ਕਿ ਮਾਡਰਨ ਰਾਜਿਆਂ, ਕਾਰਪੋਰੇਟਾਂ ਤੇ ਮੀਡੀਆ ਧਨੰਤਰਾਂ ਵੱਲੋਂ ਉਸਾਰੇ ਨਮੋ ਵਰਗੇ ਗੋਲੀਐਥ ਦਾ ਟਾਕਰਾ ਹੁਣ ਕੇਜਰੀਵਾਲ ਹੀ ਲੋਕਸ਼ਕਤੀ ਦਾ ਭਾਈ ਬਚਿੱਤਰ ਸਿੰਘ ਬਣਕੇ ਕਰੇਗਾ। ਕੇਜਰੀ ਦੇ ਤਿੱਖੇ ਬੇਬਾਕ ਬਿਆਨ ਸੱਚ ਵਾਂਗ ਕੌੜੇ ਤਾਂ ਲੱਗਦੇ ਹਨ, ਪਰ ਸਚਾਈ ਹਮੇਸ਼ਾਂ ਕੌੜੀ ਹੁੰਦੀ ਹੈ।

ਇਹੋ ਜਿਹੇ ਉਸਰੇ ਮਾਹੌਲ ਵਿੱਚ ਲਹੂ ਪੀਣੀਆਂ ਸਥਾਪਤ ਜੋਕਾਂ ਨੂੰ ਹਰਾਉਣ ਲਈ 'ਆਪ' ਨੂੰ ਵੀ ਤਕੜਾ ਹੋਣਾ ਪੈਣਾ ਹੈ। ਚੁਣੌਤੀ ਵੱਡੀ ਹੈ। 'ਆਪ' ਦੇ ਦਾਨਸ਼ਵਰ ਕਾਰਕੁੰਨਾਂ ਨੂੰ ਲੋਕਭਲਾਈ ਛੱਡ ਆਪਣੀ ਭਲਾਈ ਪਿੱਛੇ ਨਹੀਂ ਲੱਗ ਤੁਰਨਾ ਚਾਹੀਦਾ। ਵਿਰੋਧੀ ਸ਼ਕਤੀਆਂ ਧਨਾਢ ਵੀ ਹਨ ਅਤੇ ਭਾਂਤ-ਭਾਂਤ ਦੇ ਹੱਥ ਕੰਢੇ ਵਰਤਣ ਦੀਆਂ ਮਾਹਰ ਵੀ ਹਨ। ਇਸ ਚੋਣ ਯੁੱਧ ਵਿੱਚ 'ਆਪ' ਦੇ ਆਪਣਿਆਂ ਨੂੰ ਹੋਰ ਵੀ ਉਤਾਂਹ ਉੱਠਣਾ ਪੈਣਾ ਹੈ। ਚੱਲਦੀ ਜੰਗ ਦੀ ਭੱਜ-ਦੌੜ ਵਿੱਚ ਕੋਤਾਹੀਆਂ ਹੋ ਜਾਂਦੀਆਂ ਹਨ। ਨੁਕਸ ਕੱਢਣੇ ਹੋਣ ਤਾਂ ਕੀਹਦੇ ਨਹੀਂ ਕੱਢੇ ਜਾ ਸਕਦੇ। ਇਹ ਬੰਦਾ ਆਮ ਨਹੀਂ ਖਾਸ ਹੈ। ਮੈਂ ਜਿ਼ਆਦਾ ਬਿਹਤਰ ਹੋ ਸਕਦਾ ਹਾਂ। ਔਹ ਤਾਂ ਬਾਹਰੋਂ ਉਤਾਰਿਆ ਗਿਐ ਆਦਿ ਸਵਾਲ 'ਆਪ' ਦੇ ਮੋਹਰੀ ਨੇਤਾਵਾਂ ਨੂੰ ਓਲਝਾਉਣ ਤੋਂ ਵੱਧ ਕੁਝ ਨਹੀਂ। ਜੇ ਕੋਈ ਸਿ਼ਕਵੇ ਹਨ ਤਾਂ ਪਬਲਿਕ ਵਿੱਚ ਜਾਣ ਤੋਂ ਪਹਿਲਾਂ 'ਆਪ' ਦੇ ਫੋਰਮਾਂ `ਚ ਵਿਚਾਰੇ ਜਾ ਸਕਦੇ ਹਨ। ਪਰ ਇਸ ਵੇਲੇ ਕਿੰਤੂ-ਪ੍ਰੰਤੂ ਕਰਨ ਦਾ ਸਮਾਂ ਨਹੀਂ। ਜੰਗ ਦੌਰਾਨ ਘੋੜੇ ਨਹੀਂ ਬਦਲੇ ਜਾ ਸਕਦੇ। ਟਿਕਟ ਨਾ ਮਿਲਣ `ਤੇ ਝੱਟ ਬਾਗੀ ਹੋ ਖਲੋਣਾ, ਵਿਰੋਧੀਆਂ ਨਾਲ ਖੜ੍ਹਨ ਦੇ ਤੁਲ ਹੁੰਦਾ ਹੈ। ਭੰਡੀ ਕਰਨੀ ਕਿੱਧਰ ਦੀ ਲੋਕ ਅਰਪਨਾ ਹੈ। ਇਹ ਤਾਂ ਉਹ ਕੁਝ ਹੈ ਜੋ ਸਥਾਪਤ ਸੁਆਰਥੀ ਪਾਰਟੀਆਂ ਦੇ ਆਗੂ ਕਈ ਸਾਲਾਂ ਤੋਂ ਕਰਦੇ ਆ ਰਹੇ ਹਨ। 'ਆਪ' ਨੁੰ ਕੁਝ ਕਰਕੇ ਤਾਂ ਵਿਖਾ ਲੈਣ ਦਿਉ। ਸਭ ਗਿਲੇ਼ ਸਿ਼ਕਵਿਆਂ ਦੇ ਹੱਲ ਨਿਕਲ ਆਉਣਗੇ। ਸੋ 'ਆਪ' ਦੇ ਆਪਣਿਉਂ! ਇਸ ਅਵਸਥਾ `ਤੇ ਮਹਾਂਭਾਰਤ ਦੇ 'ਸ਼ੁਕਨੀ' ਨਾ ਬਣੋ, ਰਮਾਇਣ ਦੇ 'ਜਗਦੀਸ਼ਰ' ਬਣੋ। ਤੁਹਾਡੀ 'ਆਪ' ਦੀ ਲੜਾਈ ਰਾਵਣ ਬਨਾਮ ਰਾਮ ਬਣੀ ਹੋਈ ਹੈ। ਰਾਵਨ ਵਰਗੇ ਦੁਸ਼ਮਣ ਦੇ ਕਮਜ਼ੋਰ ਬਿੰਦੂਆਂ ਦੀ ਖੋਜ ਕਰੋ।

ਆਪ ਦੇ ਮੁਖੀ ਕੇਜਰੀਵਾਲ ਵੱਲ ਵੇਖੋ। ਉਸ ਵਾਂਗ ਵੱਡੇ ਸਵਾਲਾਂ ਬਾਰੇ ਸੋਚੋ, ਕਰੋ ਤੇ ਮਰੋ। ਘਰ ਦੇ ਭੇਤੀ ਲੰਕਾ ਢਾਹੁੰਦੇ ਹਨ। ਦੁਸ਼ਮਣ ਦੇ ਹੱਥਾਂ `ਚ ਨਾ ਖੇਡੋ। ਕੁਰਸੀ ਮੋਹ ਤੋਂ ਮੁਕਤ ਹੋਵੋ। ਤਿਆਗ, ਦਲੇਰੀ, ਨਿਡਰਤਾ ਦੀ ਮੂਰਤ ਬਣੋ। ਤੁਹਾਡਾ ਕੇਜਰੀਵਾਲ ਤਾਂ ਆਪਣੀ ਜਾਣ ਵੀ ਤਲ਼ੀ `ਤੇ ਧਰੀ ਫਿਰਦੈ। ਰਾਵਨੀ ਕਾਰਪੋਰੇਟ ਘਰਾਨਿਆਂ ਤੇ ਉਹਨਾਂ ਦੀਆਂ ਚਾਲਾਂ ਨੂੰ ਨੰਗਿਆਂ ਕਰਦੈ। ਮੀਡੀਏ ਨੂੰ ਸੱਚ ਕਹਿਣ ਲਈ ਵੰਗਾਰਦੈ। ਉਹਨਾਂ ਵਿਰੁੱਧ ਜਾਂਚਾਂ ਦੇ ਹੁਕਮ ਚਾੜ ਦਿੱਤੇ ਜਦੋਂ ਮੌਕਾ ਮਿਲਿਆ। ਅਤੇ ਉਹ ਡਰ ਗਏ। 'ਆਪ' ਦੀ ਸਰਕਾਰ ਤੋੜ ਦਿੱਤੀ। ਸੋ ਕਾਰਪੋਰੇਟਸ ਦੇ ਪਿੱਠੂ ਸਿਆਸਤਦਾਨਾਂ ਨੂੰ ਸਿੱਧਾ ਸੰਬੋਧਤ ਹੋਵੋ। ਜਹਾਜ਼ਾਂ `ਤੇ ਚੋਣ ਪ੍ਰਚਾਰ ਕੌਣ ਕਰਾਉਂਦਾ ਹੈ? ਮੀਡੀਏ ਵੱਲੋਂ ਗੰਗਾ ਰਾਮ ਵਾਂਗ ਬੇਬੁਨਿਆਦ ਪ੍ਰਚਾਰ ਕੌਣ ਕਰਾਉਂਦਾ ਹੈ? ਤੁਸੀਂ 'ਝਾੜੂ' ਫੜ ਤੁਰੇ ਪਏ ਹੋ ਜਿਸ ਨੇ ਸੜਕਾਂ ਨਹੀਂ ਨੀਯਤਾਂ ਤੇ ਨੀਤੀਆਂ ਸਾਫ ਕਰਨੀਆਂ ਹਨ।

ਗੁਜਰਾਤ, ਯੂ.ਪੀ., ਮੁੰਬਈ ਦੇ ਆਟੋ ਰਿਕਸ਼ੇ `ਤੇ, ਸਬਅਰਬਨ ਦੁਆਰਾ ਕੀਤੇ ਮਾਰਚ ਨੂੰ ਮਿਲੇ ਹੁੰਗਾਰੇ ਨੂੰ ਸੰਭਾਲਣਾ ਤੁਹਾਡਾ ਕੰਮ ਹੈ। ਲੋਕਾਂ ਦੇ ਉਤਸ਼ਾਹ ਤੇ ਓਮਾਹ ਨੂੰ ਵੋਟਾਂ `ਚ ਤਬਦੀਲ ਕਰਨਾ ਇਸ ਵੇਲੇ ਤੁਹਾਡੇ ਲਈ ਵੱਡੀ ਵੰਗਾਰ ਹੈ। ਇਹ ਕੱਲੇ-ਕਾਰੇ ਦਾ ਕੰਮ ਨਹੀਂ। ਟੀਮ ਦਾ ਕੰਮ ਹੈ। ਵਿਰੋਧੀਆਂ ਨੇ ਇਸ ਉਤਸ਼ਾਹ ਨੂੰ ਰੋਕਣ ਲਈ ਹਰ ਹਰਬਾ-ਖ਼ਰਬਾ ਵਰਤਣਾ ਹੈ। ਦੁਫੇੜ ਪਾਉਣ ਦੀਆਂ ਚਾਲਾਂ ਚੱਲਣੀਆਂ ਹਨ। ਇਹਨਾਂ ਦੇ ਵਿਛਾਏ ਝਾਫਿਆਂ ਤੋਂ ਪੱਲਾ ਬਚਾ ਅੱਗੇ ਵਧਣਾ ਸਭ ਤੋਂ ਵੱਡੀ ਸਿਆਣਪ ਸਿੱਧ ਹੋਵੇਗੀ।

ਮੀਰਾ ਸਾਨਿਆਲ ਤੇ ਮੇਡਾ ਪਟਕਾਰ ਵਰਗੀਆਂ ਕੌਮੀ ਪੱਧਰ ਦੀਆਂ ਸ਼ਖਸੀਅਤਾਂ 'ਆਪ' ਵਿੱਚ ਸ਼ਾਮਲ ਹੋ ਗਈਆਂ ਹਨ। ਅਲੀਗੜ੍ਹ ਮੁਸਲਿਮ ਯੂਨੀਵਰਸਟੀ ਦਾ ਸਾਬਕਾ ਵਿਦਿਆਰਥੀ ਅਤੇ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਸ਼ੀਆ ਕਲੇਰਕ ਮੁਲਾਨਾ ਕਾਲਬੇ ਰੋਸ਼ੈਦ ਨਾਲ ਕੇਜਰੀਵਾਲ ਦੀ ਯੂ.ਪੀ. ਰੈਲੀ ਵਿੱਚ ਸਟੇਜ `ਤੇ ਜੱਫੀਆਂ ਪੈ ਗਈਆਂ ਹਨ। ਉੱਘੀਆਂ ਸ਼ਖਸੀਅਤਾਂ ਤੁਹਾਡੇ ਨਾਲ ਜੁੜ ਰਹੀਆਂ ਹਨ। ਲੜੀ ਲੰਬੀ ਹੋਈ ਜਾ ਰਹੀ ਹੈ। ਦਿੱਲੀ ਦੇ ਚੋਣ ਮੈਦਾਨ ਨਾਲੋਂ ਇਹ ਇੱਕ ਵਿਸ਼ਾਲ ਤੇ ਜਟਲ ਮੈਦਾਨ ਹੈ। ਫਿਰ ਵੀ ਇਸ `ਚੋਂ ਹੜ ਵਰਗਾ ਹੁੰਗਾਰਾ ਮਿਲ ਰਿਹੈ। ਮਾਣ ਮਹਿਸੂਸ ਕਰੋ ਕਿ ਕੇਜਰੀ ਕਿਵੇਂ ਨਮੋ ਦੀ ਹਵਾ ਅੱਗੇ ਡਟ ਖਲੋਤੈ। ਹਰ ਥਾਂ 'ਕੇਜਰੀ', 'ਕੇਜਰੀ' ਹੋ ਰਹੀ ਹੈ। ਸਥਾਪਤ ਪਾਰਟੀਆਂ ਦੇ ਝੂਠੇ ਲਾਰਿਆਂ `ਚੋਂ ਚੰਨ ਨਿਕਲ ਆਇਆ ਹੈ। ਹੁਣ ਤਾਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ `ਤੇ ਵਾਰਾਨਾਸੀ ਵੱਲ ਮਾਰਚ ਇਸ ਲੜਾਈ ਨੂੰ ਸਿਖ਼ਰ `ਤੇ ਪਹੁੰਚਾ ਦੇਵੇਗਾ। ਇਸ ਚੋਣ ਯੁੱਧ ਦੀ ਚੋਟੀ ਦੀ ਲੜਾਈ ਦਾ ਬਿਗਲ ਵੱਜਣ ਵਾਲਾ ਹੈ। ਕਮਰਕੱਸੇ ਕਰ ਸ਼ਾਮਲ ਹੋਵੋ ਤੇ ਲੋਕਾਂ ਨੂੰ ਨਾਲ ਤੋਰੋ। ਦਿੱਲੀ ਰਾਜ ਦੀ ਮਿਸਾਲ ਤੇ ਮਿਸ਼ਾਲ ਆਪਣੇ ਹੱਥਾਂ ਵਿੱਚ ਲੈ ਤੁਰੋ। ਦੋਸਤੋ! ਤੁਹਾਡੀ ਪਾਰਟੀ ਦਾ ਦਸਤ ਪੰਜਾ ਪੈ ਗਿਆ ਏ ਨਾਲ ਧਨੰਨਤਰਾਂ ਦੇ! ਫਿਰ ਵੀ ਤੁਹਾਡਾ ਕੇਜਰੀਵਾਲ ਤਬਦੀਲੀ ਦਾ ਇੱਕ ਰੂਪਕ ਬਣ ਓਭਰਿਐ। ਫਲੈਸ਼-ਮੁਲਾਇਮ ਯਾਦਵ ਦੀ ਸਮਾਜਵਾਈ ਪਾਰਟੀ ਵਾਰਾਨਾਸੀ ਤੋਂ ਕੋਈ ਉਮਦੀਵਾਰ ਖੜ੍ਹਾ ਨਹੀਂ ਕਰੇਗੀ। ਇਹ ਬਣ ਰਹੀ ਲਹਿਰ ਦੀ ਇੱਕ ਵਿਲੱਖਣ ਪ੍ਰਾਪਤੀ ਹੈ। ਇਸ ਲਈ ਹੁਣ ਕੇਜਰੀਵਾਲ ਬਨਾਮ ਨਰਿੰਦਰ ਮੋਦੀ ਸਿੱਧੀ ਟੱਕਰ ਬਣ ਗਈ ਹੈ। 'ਆਪ' ਨੂੰ ਸਲਾਮ! 'ਆਪ' ਦੇ ਆਪਣਿਆਂ ਨੂੰ ਸਲਾਮ!!

ਸੰਪਰਕ:  +1 647 402 2170

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ