Fri, 19 April 2024
Your Visitor Number :-   6985447
SuhisaverSuhisaver Suhisaver

ਭਾਰਤੀ ਮੀਡੀਆ ਦੇ ਵੱਡੇ ਹਿੱਸੇ ’ਤੇ ਰਿਲਾਇੰਸ ਦਾ ਕਬਜ਼ਾ - ਪੁਸ਼ਪਿੰਦਰ ਸਿੰਘ

Posted on:- 27-07-2014

ਜਦ ਕਿਸੇ ਵੀ ਵਪਾਰ ਵਿਚ ਇਜਾਰੇਦਾਰੀ ਦਾ ਰੁਝਾਨ ਹੋ ਜਾਂਦਾ ਹੈ ਤਾਂ ਪੀੜ ਖਪਤਕਾਰ ਨੂੰ ਹੀ ਸਹਿਣੀ ਪੈਂਦੀ ਹੈ। ਗੰਢਿਆਂ ਦਾ ਵਪਾਰ ਕੁਝ ਹੱਥਾਂ ਵਿਚ ਸਿਮਟ ਜਾਵੇਗਾ ਤਾਂ ਅੱਥਰੂ ਤਾਂ ਆਮ ਆਦਮੀ ਦੇ ਹੀ ਵਹਿਣਗੇ। ਭਾਰਤ ਦੇ ਮੀਡੀਆ ਦਾ ਭਵਿੱਖ ਵੀ ਦਿਨੋ-ਦਿਨ ਹਨ੍ਹੇੇਰੇ ਵੱਲ ਜਾ ਰਿਹਾ ਹੈ। ਇਸ ਕਰਕੇ ਨਹੀਂ ਕਿ ਟੀਵੀ ’ਤੇ ਪ੍ਰਸਾਰਤ ਹੋਣ ਵਾਲੀਆਂ ਫ਼ਿਲਮਾਂ ਜਾਂ ਸੀਰੀਅਲ ਬੰਦ ਹੋ ਜਾਣਗੇ ਜਾਂ 24 ਘੰਟੇ ਚਲਣ ਵਾਲੇ ਨਿਊਜ਼ ਚੈਨਲ ਖਬਰਾਂ ਦੇਣੋ ਹਟ ਜਾਣਗੇ, ਸਗੋਂ ਇਸ ਕਰਕੇ ਕਿ ਦਿਖਾਏ ਜਾਣ ਵਾਲੇ ਮਸਾਲੇ ਦੀ ਸਿਫ਼ਤ ਘਟ ਜਾਵੇਗੀ, ਦਿੱਤੀ ਜਾਣ ਵਾਲੀ ਜਾਣਕਾਰੀ ਦੀ ਭਰੋਸੇਯੋਗਤਾ ਧੁੰਦਲੀ ਹੋ ਜਾਵੇਗੀ। ਨਿਰਪੱਖ ਤੇ ਸੁਤੰਤਰ ਪ੍ਰੈਸ ਲੋਕਤੰਤਰ ਦੀ ਆਤਮਾ ਹੁੰਦੀ ਹੈ ਤੇ ਇਸ ਆਤਮਾ ਦੀ ਸੰਭਾਲ ਜ਼ਰੂਰੀ ਹੈ।

ਦੇਸ਼ ਦੇ ਸਭ ਤੋਂ ਅਮੀਰ ਕਾਰਪੋਰੇਟ ਅਦਾਰੇ ਰਿਲਾਇੰਸ ਇੰਡਸਟਰੀਜ਼ ਲਿਮਿਟਡ, ਜਿਸ ਦਾ ਮਾਲਕ ਮੁਕੇਸ਼ ਅੰਬਾਨੀ ਹੈ, ਨੇ ਮੀਡੀਆ ਦੇ ਸਭ ਤੋਂ ਵੱਡੇ ਅਦਾਰੇ ਨੈਟਵਰਕ - 18 ਦਾ ਸਭ ਕੁਝ ਖਰੀਦ ਲਿਆ ਹੈ। ਇਹ ਪ੍ਰਕਿਰਿਆ ਢਾਈ ਸਾਲ ਪਹਿਲਾਂ 2012 ਵਿਚ ਸ਼ੁਰੂ ਹੋਈ ਸੀ। ਸਾਰੇ ਮੀਡੀਆ ਜਗਤ ਵਿਚ ਖ਼ਬਰ ਗਰਮ ਸੀ ਕਿ ਰਿਲਾਇੰਸ ਵਾਲੇ ਜ਼ਰੂਰ ਕੁਝ ਕਰਨਗੇ। ਪਰ ਸਾਰੇ ਹੈਰਾਨ ਇਸ ਗੱਲ ਤੋਂ ਹਨ ਕਿ ਚੋਣ ਨਤੀਜੇ (16 ਮਈ) ਆਉਣ ਤੋਂ ਬਾਅਦ 15 ਦਿਨ ਬਾਅਦ ਹੀ ਨੈਟਵਰਕ 18 ਦਾ ਮਾਲਕ, ਰਾਘਵ ਬਹਿਲ ਅਤੇ ਉਸ ਦੀ ਟੀਮ ਆਪਣੇ ਦਫ਼ਤਰ ’ਚੋਂ ਬਾਹਰ ਹੋ ਗਈ। 30 ਮਈ 2014 ਨੂੰ ਰਿਲਾਇੰਸ ਇੰਡਸਟਰੀਜ਼ ਨੇ ਬੰਬੇ ਸਟਾਕ ਐਕਸਚੇਂਜ ਨੂੰ ਪੱਤਰ ਲਿਖਿਆ ਕਿ ਕੰਪਨੀ ਦੇ ਬੋਰਡ ਆਫ਼ ਡਾਇਰੈਕਟਰਜ਼ ਨੇ ‘ਇੰਡੀਪੈਂਡੈਂਟ ਮੀਡੀਆ ਟਰਸਟ’ ਦੇ ਲਈ 4000 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਹੈ ਜਿਹੜੀ ਨੈਟਵਰਕ 18 ਨੂੰ ਖਰੀਦਣ ਲਈ ਵਰਤੀ ਜਾਵੇਗੀ। ਛੇਤੀ ਬਾਅਦ ਹੀ ਨੈਟਵਰਕ 18 ਦੇ ਮਾਲਕ ਰਾਘਵ ਬਹਿਲ, ਉਸ ਦੀ ਪਤਨੀ ਰੀਟਾ ਬਹਿਲ, ਭੈਣ ਵੰਦਨਾ ਮਲਿਕ, ਮੁੱਖ ਕਾਰਜਕਾਰੀ ਅਧਿਕਾਰੀ ਬੀ ਸਾਈ ਕੁਮਾਰ, ਅਜੈ ਚਾਕੋ, ਆਰ ਐਸ ਬਾਵਾ ਨੇ ਆਪਣੇ ਅਸਤੀਫ਼ੇ ਦੇ ਦਿੱਤੇ।

ਭਾਰਤ ਦੇ ਮੀਡੀਆ ਜਗਤ ਵਿਚ ਇਸ ਨਵੀਂ ਤਬਦੀਲੀ ਬਾਰੇ ਪ੍ਰਸਿੱਧ ਆਜ਼ਾਦ ਪੱਤਰਕਾਰ ਅਤੇ ਵਿਦਿਅਕ ਸ਼ਖਸੀਅਤ ਪਰਨਜਾਏ ਗੁਹਾ ਥਾਕੁਰਤਾ ਨੇ ਲਿਖਿਆ ਹੈ, ‘‘ਹੁਣ ਤੋਂ ਅਗਾਂਹ, ਆਉਣ ਵਾਲੇ ਸਮੇਂ ਦੌਰਾਨ ਭਾਰਤ ਦੇ ਮੀਡੀਆ ਦੇ ਇਕ ਬਹੁਤ ਵੱਡੇ ਹਿੱਸੇ ਦੀ ਆਜ਼ਾਦੀ ਘਟ ਜਾਵੇਗੀ, ਭਰੋਸੇਯੋਗਤਾ ਸੀਮਤ ਹੋ ਜਾਵੇਗੀ।” ਪੰਕਜ ਮਿਸ਼ਰਾ ਨੇ ਲਿਖਿਆ ਹੈ, ‘‘ਇਟਲੀ ਦੇ ਸਿਲਵੀਓ ਬਰਲੁਸਕੋਨੀ ਦੀ ਤਰ੍ਹਾਂ ਮੁਕੇਸ਼ ਅੰਬਾਨੀ ਨੇ ਭਾਰਤ ਨਿਊਜ਼ ਤੇ ਦਿਲਪ੍ਰਚਾਵੇ ਮੀਡੀਆ ਤੇ ਆਪਣਾ ਪ੍ਰਭਾਵ ਜਮਾ ਲਿਆ ਹੈ। ਹੁਣ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਦੇਸ਼ ਵਿਚ ਮੀਡੀਆ ਦੀ ਆਜ਼ਾਦੀ ਦਾ ਭਵਿੱਖ ਧੁੰਦਲਾ ਹੋ ਜਾਵੇਗਾ।”

2008 ਵਿਚ ਵਿਸ਼ਵ ਦੀ ਆਰਥਿਕਤਾ ਵਿੱਤੀ ਸੰਕਟ ਦਾ ਸ਼ਿਕਾਰ ਹੋ ਗਈ, ਜਿਸ ਦਾ ਅਸਰ ਭਾਰਤ ਵਿਚ ਪੈਣਾ ਵੀ ਲਾਜ਼ਮੀ ਸੀ। ਅਰਥਚਾਰਾ ਮੰਦੀ ਵਿਚ ਚਲਾ ਗਿਆ। ਕੰਪਨੀਆਂ ਨੇ ਇਸ਼ਤਿਹਾਰਬਾਜ਼ੀ ’ਤੇ ਹੋਣ ਵਾਲੇ ਖਰਚ ਨੂੰ ਬਹੁਤ ਘਟਾ ਦਿੱਤਾ। ਮੀਡੀਆ ਉਦਯੋਗ ਦੀ ਰੀੜ ਦੀ ਹੱਡੀ ਇਸ਼ਤਿਹਾਰਬਾਜ਼ੀ ਤੋਂ ਹੋਣ ਵਾਲੀ ਆਮਦਨ ਹੀ ਹੁੰਦੀ ਹੈ। ਮੀਡੀਆ ਅਦਾਰਿਆਂ ਦੇ ਵਹੀ ਖਾਤੇ ਲਾਲ ਹੋਣੇ ਸ਼ੁਰੂ ਹੋ ਗਏ। ਨੈਟਵਰਕ 18 ਦੀ ਵਿੱਤੀ ਹਾਲਤ ਬਹੁਤ ਪਤਲੀ ਹੋ ਗਈ। ਮਾਲਕ ਰਾਘਵ ਬਹਿਲ ਨੇ ਰਿਲਾਇੰਸ ਤੋਂ ਮਦਦ ਦੀ ਮੰਗ ਕੀਤੀ। ਰਿਲਾਇੰਸ ਗਰੁਪ ਦੀ ਇਕ ਕੰਪਨੀ ਸ਼ਰਨਿਆ ਨੇ 2009 ਵਿਚ 200 ਕਰੋੜ ਰੁਪਏ ਨੈਟਵਰਕ 18 ਨੂੰ ਦਿੱਤੇ । ਜਨਵਰੀ 2012 ਵਿਚ ਰਿਲਾਇੰਸ ਨੇ ‘ਇੰਡੀਪੈਡੈਂਟ ਮੀਡੀਆ ਟਰਸਟ’ ਬਣਾ ਕੇ 1700 ਕਰੋੜ ਦੇ ਨਿਵੇਸ਼ ਦੀ ਘੋਸ਼ਣਾ ਕੀਤੀ। ਇਹ ਪੈਸਾ ਦੱਖਣੀ ਭਾਰਤ ਦੀ ਈਨਾਡੂ ਮੀਡੀਆ ਕੰਪਨੀ ਨੂੰ ਖਰੀਦ ਕੇ ਨੈਟਵਰਕ 18 ਵਿਚ ਸ਼ਾਮਲ ਕਰਨ ਤੇ ਖਰਚਿਆ ਗਿਆ ।

ਢਾਈ ਸਾਲ ਬਾਦ ਮੁਕੇਸ਼ ਅੰਬਾਨੀ ਇਸ ਨੈਟਵਰਕ ਦਾ ਪੁਰਾ ਸੂਰਾ ਮਾਲਕ ਬਣ ਗਿਆ ਹੈ। ਇਸ ਨੈਟਵਰਕ ਦੇ 11 ਭਾਸ਼ਾਵਾਂ ਵਿਚ 13 ਨਿਊਜ਼ ਚੈਨਲ, 22 ਦਿਲਪ੍ਰਚਾਵਾ ਚੈਨਲ, 18 ਵੈਬਸਾਈਟਾਂ ਹਨ। 1999 ਵਿਚ ਮੁਕੇਸ਼ ਅੰਬਾਨੀ ਦਾ ਬਿਆਨ ਸੀ ਕਿ ਰਿਲਾਇੰਸ ਕਦੇ ਮੀਡੀਆ ਵਿਚ ਪ੍ਰਵੇਸ਼ ਨਹੀਂ ਕਰੇਗੀ।

ਅਜਿਹਾ ਨਹੀਂ ਹੈ ਕਿ ਇਸ ਖਰੀਦ ਤੋਂ ਪਹਿਲਾਂ ਕਾਰਪੋਰੇਟ ਜਗਤ ਦੀ ਮੀਡੀਆ ਉਦਯੋਗ ਵਿਚ ਦਿਲਚਸਪੀ ਨਹੀਂ ਸੀ। ਗੋਇਨਕਾ, ਬਿਰਲਾ, ਜੈਨ, ਓਸਵਾਲ, ਰਹੇਜ਼ਾ ਵਰਗੇ ਵੱਡੇ ਵਪਾਰਕ ਘਰਾਣੇ ਮੀਡੀਆ ਜਗਤ ਵਿਚ ਕਾਫ਼ੀ ਦੇਰ ਤੋਂ ਕਾਰੋਬਾਰ ਕਰ ਰਹੇ ਹਨ। ਪਰ ਰਿਲਾਇੰਸ ਵਲੋਂ ਨੈਟਵਰਕ 18 ’ਤੇ ਕਬਜ਼ਾ ਕਰ ਲੈਣ ਤੋਂ ਬਾਦ ਇਕ ਨਵੇਂ ਦੌਰ ਦੀ ਸ਼ੁਰੂਆਤ ਹੋ ਗਈ ਹੈ। ਜਿਵੇਂ ਕਿ ਅਨੁਰਾਧਾ ਰਮਨ ਨੇ ਮੈਗਜ਼ੀਨ ਆਉਟ ਲੁਕ ਵਿਚ ਛਪੇ ਆਪਣੇ ਲੇਖ ਵਿਚ ਲਿਖਿਆ ਹੈ, ‘‘ਸਾਫ਼ ਤੇ ਸਪੱਸ਼ਟ ਹੈ ਕਿ ਰਿਲਾਇੰਸ ਦੇ ਕਾਰੋਬਾਰ ਵਿਚ ਇਹ ਪਰਿਵਰਤਨ ਰਾਜਸੀ ਅਤੇ ਕਾਰਪੋਰੇਟ ਜਗਤ ਦੇ ਆਰਥਿਕ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਆਇਆ ਹੈ। ਇਹ ਇਕ ਅਜਿਹਾ ਪਰਿਵਰਤਨ ਹੈ, ਜਿਸ ਦਾ ਜਨਤਕ ਰਾਏ ਅਤੇ ਮੀਡੀਆ ਉਦਯੋਗ ’ਤੇ ਭਾਰੀ ਪ੍ਰਭਾਵ ਪਵੇਗਾ।”

ਮੀਡੀਆ ਸਰਕਾਰ ਦੇ ਕੰਮਕਾਜ ’ਤੇ ਵੀ ਨਜ਼ਰ ਰੱਖਦਾ ਹੈ। ਸਮਕਾਲੀ ਮਸਲਿਆਂ ਅਤੇ ਸਮੱਸਿਆਵਾਂ ’ਤੇ ਮੀਡੀਆ ਅਦਾਰਿਆਂ ਵਿਚ ਚਰਚਾ ਹੁੰਦੀ ਰਹਿੰਦੀ ਹੈ, ਜੋ ਜਨਤਕ ਰਾਇ ਨੂੰ ਅਤੇ ਮੌਜੂਦਾ ਸਰਕਾਰ ਦੀਆਂ ਨੀਤੀਆਂ ਨੂੰ ਵੀ ਪ੍ਰਭਾਵਤ ਕਰਦੀ ਹੈ। ਹੁਣ ਜਦ ਰਿਲਾਇੰਸ ਮੀਡੀਆ ਦੇ ਇਕ ਵੱਡੇ ਹਿੱਸੇ ’ਤੇ ਕਾਬਜ਼ ਹੋ ਗਿਆ ਹੈ, ਜ਼ਾਹਿਰ ਹੈ ਇਸ ਨੂੰ ਆਪਣੇ ਆਰਥਿਕ ਹਿੱਤਾਂ ਲਈ ਵਰਤ ਸਕਦਾ ਹੈ। ਹਕੂਮਤ ਦੀਆਂ ਨੀਤੀਆਂ ਨੂੰ ਆਪਣੇ ਪੱਖ ਵਿਚ ਕਰਨ ਲਈ ਭੁਮਿਕਾ ਅਦਾ ਕਰ ਸਕਦਾ ਹੈ। ਜਨਤਕ ਰਾਇ ਨੂੰ ਆਪਣੇ ਹੱਕ ਵਿਚ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕਰੇਗਾ। ਖੋਜੀ ਪੱਤਰਕਾਰੀ ’ਤੇ ਨਕੇਲ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਭੂਤਕਾਲ ਵਿਚ ਹਮੇਸ਼ਾਂ ਰਿਲਾਇੰਸ ਨੇ ਮੀਡੀਆ ਪ੍ਰਤੀ ਹਮਲਾਵਰੀ ਰੁੱਖ ਅਪਣਾਇਆ ਹੈ। ਹੈਰਾਨੀ ਤੇ ਨਾਲ ਹੀ ਅਫ਼ਸੋਸ ਦੀ ਗੱਲ ਹੈ ਕਿ ਇਸ ਸੌਦੇ ਦੇ ਪ੍ਰੈਸ ਦੀ ਆਜ਼ਾਦੀ, ਜਨਤਕ ਰਾਇ ਅਤੇ ਮੀਡੀਆ ਉਦਯੋਗ ਦੇ ਪ੍ਰਸ਼ਾਸਨ ’ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਪ੍ਰੈਸ ਵਿਚ ਬਹੁਤ ਘੱਟ ਚਰਚਾ ਹੋਈ ਹੈ।

ਭਾਰਤ ਦਾ ਸਭ ਤੋਂ ਅਮੀਰ ਆਦਮੀ, ਜਿਸ ਦਾ ਵਪਾਰ ਗੈਸ ਤੇਲ ਤੋਂ ਲੈ ਕੇ ਟੈਲੀਕਾਮ ਤੇ ਘਰੇਲੂ ਵਰਤੋਂ ਦੀਆਂ ਵਸਤਾਂ ਤਕ ਫ਼ੈਲਿਆ ਹੋਇਆ ਹੈ, ਜਿਸ ਦੇ ਘਰ ਦੇ ਰਖਵਾਲੀ ਲਈ 600 ਨੌਕਰਾਂ ਦੀ ਜ਼ਰੂਰਤ ਹੈ; ਜਿਸ ਦੀ ਸਾਲਾਨਾ ਆਮਦਨ 22000 ਕਰੋੜ ਰੁਪਏ ਦੇ ਕਰੀਬ ਹੈ; ਉਹਦੇ ਲਈ 2692 ਕਰੋੜ ਖਰਚ ਕੇ ਨੈਟਵਰਕ 18 ਖਰੀਦ ਲੈਣਾ ਇਵੇਂ ਹੈ ਜਿਵੇਂ ਰਸੋਈ ਦਾ ਸਮਾਨ ਖਰੀਦਣਾ ਹੋਵੇ। ਸਮੱਸਿਆ ਮੀਡੀਆ ਦੇ ਬੁਨਿਆਦੀ ਉਦੇਸ਼ ਤੇ ਪ੍ਰਤੀਬੱਧਤਾ ਦੀ ਹੈ। ਨਿਰਪੱਖ ਤੇ ਆਜ਼ਾਦ ਮੀਡੀਆ ਸਮਾਜ ਦੀਆਂ ਕਦਰਾਂ ਕੀਮਤਾਂ, ਆਮ ਆਦਮੀ ਦੇ ਸਮਾਜਿਕ, ਰਾਜਸੀ, ਆਰਥਿਕ ਹਿੱਤਾਂ ਦਾ ਰਖਵਾਲਾ ਹੁੰਦਾ ਹੈ। ਰਿਲਾਇੰਸ ਦੇ ਪ੍ਰਵੇਸ਼ ਨੇ ਮੀਡੀਆ ਨੂੰ ਵੀ ਬਾਜ਼ਾਰ ਦਾ ਰੂਪ ਦੇ ਦਿੱਤਾ ਹੈ, ਜਿਸ ਨੂੰ ਵਪਾਰਕ ਹਿੱਤਾਂ ਦੇ ਲਈ ਵਰਤਿਆ ਜਾਵੇਗਾ।

ਤਕਨਾਲੋਜੀ ਨੇ ਦੂਰਸੰਚਾਰ, ਰੇਡੀਓ ਤੇ ਟੀਵੀ ਪ੍ਰਸਾਰਣ ਵਿਚਲੇ ਫ਼ਰਕ ਨੂੰ ਮਿਟਾ ਦਿੱਤਾ ਹੈ। ਪਰਨਜਾਏ ਗੂਹਾ ਦਾ ਵਿਚਾਰ ਹੈ, ‘‘ਰਿਲਾਇੰਸ ਨੇ ਭਾਰਤ ਦੇ ਮਲਟੀਮੀਡੀਆ ਉਦਯੋਗ ਦਾ ਸਭ ਤੋਂ ਵੱਡਾ ਕਾਰੋਬਾਰੀ ਬਣ ਕੇ ਦੇਸ਼ ਦੀ ਰਾਜਸੀ-ਆਰਥਿਕਤਾ ’ਤੇ ਆਪਣੇ ਦਬਾਅ ਨੂੰ ਹੋਰ ਮਜ਼ਬੂਤ ਕਰ ਲਿਆ ਹੈ।” ਨੈਟਵਰਕ 18, ਬੈਨੇਟ ਐਂਡ ਕਾਲਮਨ ਤੇ ਰੁਪਰਟ ਮਰਡੋਕ ਦੇ ਸਟਾਰ ਟੀਵੀ ਨਾਲੋਂ ਵੀ ਵੱਡਾ ਨੈਟਵਰਕ ਹੈ। ਸੀਐਨਐਨ ਜਾਂ ਆਈਬੀਐਨ, ਸੀਐਨਬੀਸੀ ਅਵਾਜ਼, ਆਈਬੀਐਨ 2, ਆਈਬੀਐਨ ਲੋਕ ਮੱਤ, ਕਲਰਜ਼, ਵੈਬਸਾਈਟ ਮਨੀ ਕੰਟਰੋਲ, ਫ਼ਸਟ ਪੋਸਟ, ਕਰਿਕਟ ਨੈਕਸਟ, ਹੋਮ ਸ਼ਾਪ, ਬੁਕ ਮਾਈ ਸ਼ੋਅ ਦੇ ਮਾਲਕ ਹੋਣ ਤੋਂ ਇਲਾਵਾ ਪ੍ਰਕਾਸ਼ਤ ਹੋਣ ਵਾਲੇ ਫ਼ੋਰਬਸ ਇੰਡੀਆ, ਓਵਰਡਰਾਈਵ ਜਿਹੇ ਪਰਚੇ ਵੀ ਇਸ ਦੀ ਮਲਕੀਅਤ ਹਨ।

ਇਨਾਡੂ, ਤੇਲਗੂ ਭਾਸ਼ਾ ਦਾ ਸਭ ਤੋਂ ਜ਼ਿਆਦਾ ਵਿਕਣ ਵਾਲਾ ਅਖ਼ਬਾਰ ਹੈ। ਇਨਾਡੂ ਗਰੁੱਪ (ਜੋ ਨੈਟਵਰਕ 18 ਨੇ ਪਹਿਲਾਂ ਹੀ ਕਬਜ਼ੇ ਵਿਚ ਕਰ ਲਿਆ ਸੀ) ਦੇ ਟੀਵੀ ਚੈਨਲ 15 ਪ੍ਰਾਂਤਾਂ ਦੀਆਂ 11 ਭਾਸ਼ਾਵਾਂ ਵਿਚ ਚਲਦੇ ਹਨ। ਸੰਖੇਪ ਵਿਚ ਮੀਡੀਆ ਨੈਟਵਰਕ ਜੋ ਹੁਣ ਰਿਲਾਇੰਸ ਦੇ ਅਧਿਕਾਰ ਖੇਤਰ ਵਿਚ ਆ ਗਿਆ ਹੈ, ਦੇਸ਼ ਦੇ ਤਕਰੀਬਨ ਹਰ ਕੋਨੇ ਵਿਚ ਫ਼ੈਲਿਆ ਹੋਇਆ ਹੈ।

ਮੁਕੇਸ਼ ਅੰਬਾਨੀ ਮੂਲ ਰੂਪ ਵਿਚ ਇਕ ਵਪਾਰੀ ਹੈ ਅਤੇ ਵਪਾਰੀ ਦਾ ਮੁੱਖ ਉਦੇਸ਼ ਆਪਣਾ ਲਾਭ ਤਕਣਾ ਹੁੰਦਾ ਹੈ। ਅੰਬਾਨੀ ਦੀ ਕੰਪਨੀ ਰਿਲਾਇੰਸ ਜੀ ਓ ਇਕ ਸੰਚਾਰ ਕੰਪਨੀ ਹੈ, ਜਿਸ ਨੇ ਸਾਰੇ ਦੇਸ਼ ਵਿਚ 4ਜੀ ਸੰਚਾਰ ਵਿਵਸਥਾ ਸਥਾਪਤ ਕਰਨ ਦਾ ਸੌਦਾ ਗ੍ਰਹਿਣ ਕਰ ਲਿਆ ਹੋਇਆ ਹੈ। ਰਿਲਾਇੰਸ ਜੀ ਓ ਲਈ ਨੈਟਵਰਕ 18 ਬਹੁਤ ਲਾਹੇਵੰਦ ਸਾਬਤ ਹੋਵੇਗਾ। ਕੰਪਨੀ ਨੇ 30 ਮਈ ਦੇ ਆਪਣੇ ਪ੍ਰੈਸ ਨੋਟ ਵਿਚ ਖੁਦ ਲਿਖਿਆ ਸੀ, ‘‘ਨੈਟਵਰਕ 18 ਦਾ ਕਬਜ਼ਾ ਰਿਲਾਇੰਸ ਦੇ 4 ਜੀ ਕਾਰੋਬਾਰ ਲਈ ਨਵੇਂ ਰਾਹ ਖੋਲ੍ਹੇਗਾ; ਬਹੁਤ ਸਾਰੇ ਡਿਜੀਟਲ ਉਪਕਰਨਾਂ ਦੇ ਮਾਲਕ ਬਣ ਜਾਣ ਤੋਂ ਬਾਅਦ ਟੈਲੀਕਾਮ, ਵੈਬ ਤੇ ਡਿਜੀਟਲ ਕਾਰੋਬਾਰ ਨਵੀਂਆਂ ਬੁਲੰਦੀਆਂ ਨੂੰ ਛੂਹੇਗਾ।” ਸਪੱਸ਼ਟ ਹੈ ਮੁਕੇਸ਼ ਅੰਬਾਨੀ ਦਾ ਪੱਤਰਕਾਰੀ ਖੇਤਰ ਵਿਚ ਪ੍ਰਵੇਸ਼ ਕਰਨ ਦਾ ਮਕਸਦ ਆਪਣੇ ਦੂਸਰੇ ਕਾਰੋਬਾਰ ਨੂੰ ਪ੍ਰਫ਼ੁਲੱਤ ਕਰਨਾ ਵੀ ਹੈ; ਕੋਈ ਸਮਾਜ ਸੇਵਾ ਕਰਨਾ ਨਹੀਂ।

ਬਹੁਤ ਸਾਰੇ ਵਿਦਵਾਨ ਪੱਤਰਕਾਰਾਂ ਨੇ ਲਿਖਿਆ ਹੈ ਕਿ ਰਿਲਾਇੰਸ ਨੇ ਨੈਟਵਰਕ 18 ’ਤੇ ਕਬਜ਼ਾ ਕਰਨ ਦੇ ਲਈ ਜੋ ਢੰਗ ਤਰੀਕੇ ਅਪਣਾਏ ਹਨ ਉਹ ਜਾਇਜ਼ ਨਹੀਂ ਹਨ। ਇਹ ਸਿੱਧਾ ਇਮਾਨਦਾਰ ਸੌਦਾ ਨਹੀਂ ਹੈ। ਰਿਲਾਇੰਸ ਨੇ ਇੰਡੀਪੈਂਡੈਂਟ ਮੀਡੀਆ ਟਰੱਸਟ ਬਣਾਇਆ, ਜਿਸ ਨੇ ਨੈਟਵਰਕ 18 ਨੂੰ ਇਨਾਡੂ ਵਿਚ ਮਾਲਕੀ ਹਿੱਸੇ ਖਰੀਦਣ ਲਈ ਪੈਸੇ ਦਿੱਤੇ ਜਦ ਕਿ ਇਸ ਨੇ ਪਹਿਲਾਂ ਹੀ ਗੁਪਤ ਰੂਪ ਵਿਚ ਇਨਾਡੂ ਨੂੰ 200 ਕਰੋੜ ਰੁਪਏ ਦੇ ਰੱਖੇ ਸੀ; ਇਹ ਸਚਾਈ ਕੰਪਨੀ ਨੂੰ ਅਦਾਲਤ ਵਿਚ ਕਬੂਲਣੀ ਪਈ ਸੀ। ਇਸ ਤੋਂ ਇਲਾਵਾ ਵੀ ਸੌਦੇਬਾਜ਼ੀ ਵਿਚ ਕਈ ਧਾਂਦਲੀਆਂ ਦਾ ਖੁਲਾਸਾ ਕੀਤਾ ਗਿਆ ਹੈ। ਪਰ ਇਹ ਇਤਿਹਾਸ ਦਾ ਸੱਚ ਹੈ ਕਿ ਵਪਾਰੀ ਲੋਕ ਸਿੱਧੀ ਜਾਂ ਅਸਿੱਧੀ ਉਂਗਲੀ ਨਾਲ ਘਿਉ ਕੱਢਣ ਦੀ ਕੋਸ਼ਿਸ਼ ਕਰਦੇ ਹੀ ਹਨ। ਰਿਲਾਇੰਸ ਦੇ ਕਬਜ਼ੇ ਤੋਂ ਬਾਅਦ ਨੈਟਵਰਕ ਵਿਚ ਕੰਮ ਕਰਦੇ ਪੱਤਰਕਾਰਾਂ ਮੁਲਾਜ਼ਮਾਂ ’ਤੇ ਕੀ ਅਸਰ ਪਵੇਗਾ? ਕੀ ਉਨ੍ਹਾਂ ਨੂੰ ਆਜ਼ਾਦੀ ਨਾਲ ਕੰਮ ਕਰਨ ਦਿੱਤਾ ਜਾਵੇਗਾ ਜਾਂ ਮਾਲਕ ਦੇ ਹੁਕਮ ਦੀ ਤਲਵਾਰ ਹਮੇਸ਼ਾ ਸਿਰ ’ਤੇ ਲਟਕਦੀ ਰਹੇਗੀ? ਪੁਰਾਣੀਆਂ ਘਟਨਾਵਾਂ ਤੋਂ ਲੱਗਦਾ ਹੈ ਦੂਸਰੀ ਸੰਭਾਵਨਾ ਹੀ ਜ਼ਿਆਦਾ ਹੈ। ਟੀਵੀ ਨਿਊਜ਼ ਅਤੇ ਸਮਕਾਲੀ ਮਸਲਿਆਂ ’ਤੇ ਹੋਣ ਵਾਲੀ ਚਰਚਾ ਸੁਣਨ ਵਾਲੇ ਸੀਐਨਐਨ ਤੇ ਆਈਬੀਐਨ ਦੇ ਰਾਜਦੀਪ ਸਰਡਿਸਾਈ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ। ਉਸ ਦੀ ਪਤਨੀ ਸਾਗਰਿਕਾ ਘੋਸ਼ ਵੀ ਕਿਸੇ ਪਹਿਚਾਣ ਦੀ ਮੁਥਾਜ ਨਹੀਂ ਹੈ। ਕਰਨ ਥਾਪਰ ਬਾਰੇ ਵੀ ਕੁਝ ਦੱਸਣ ਦੀ ਲੋੜ ਨਹੀਂ ਹੈ, ਜਿਸ ਨੂੰ ਪਾਕਿਸਤਾਨ ਦੇ ਪਰਵੇਜ਼ ਮੁਸ਼ਰਫ਼ ਨੇ ਮੁਲਾਕਾਤ ਦੌਰਾਨ ਹੀ ਦਫ਼ਤਰੋਂ ਬਾਹਰ ਕੱਢ ਦਿੱਤਾ ਸੀ। ਇਹ ਤਿੰਨੇ ਸਿਰਕੱਢ ਟੀਵੀ ਪੱਤਰਕਾਰ ਹੁਣ ਨੈਟਵਰਕ 18 ਵਿਚੋਂ ਬਾਹਰ ਹੋ ਗਏ ਹਨ। ਕਿਉਂ?

ਫ਼ਰਵਰੀ 10, 2014 ਨੂੰ ਸਾਗਰਿਕਾ ਘੋਸ਼ ਦਾ ਟਵੀਟ ਪੱਤਰਕਾਰ ਖੇਮੇ ਵਿਚ ਮਸ਼ਹੂਰ ਹੋ ਗਿਆ, ‘‘ਦੁਸ਼ਟ ਆ ਗਿਆ ਹੈ। ਦੁਸ਼ਟ ਜੋ ਬੋਲਣ ਦੀ ਆਜ਼ਾਦੀ ਨੂੰ ਦਬਾਅ ਰਿਹਾ ਅਤੇ ਜੋ ਸੁਤੰਤਰ ਪੱਤਰਕਾਰਾਂ ਨੂੰ ਚੁੱਪ ਕਰਾ ਰਿਹਾ ਹੈ। ਪੱਤਰਕਾਰੋ ਇਕ ਹੋ ਜਾਓ।” ਇਸ ਨੂੰ ਪੜ੍ਹ ਸੁਣ ਕੇ ਰਾਘਵ ਬਹਿਲ ਬਹੁਤ ਘਬਰਾ ਗਿਆ ਸੀ। ਲਗਭਗ ਇਸੇ ਸਮੇਂ ਦੌਰਾਨ ਆਈਬੀਐਨ ਲੋਕਮੱਤ ਦੇ ਸੰਪਾਦਕ ਵਾਗਲੇ ਨੇ ਟਵੀਟ ਕੀਤਾ ਸੀ, ‘‘ਭਿ੍ਰਸ਼ਟ, ਫ਼ਿਰਕਾਪ੍ਰਸਤ ਸਿਆਸਤ ਅਤੇ ਦਰਬਾਰੀ ਪੂੰਜੀਵਾਦ ਦਾ ਖਤਰਨਾਕ ਗੱਠਜੋੜ ਦੇਸ਼ ਵਿਚ ਮੀਡੀਆ ਨੂੰ ਦਬਾਉਣਾ ਚਾਹੁੰਦਾ ਹੈ। ਪਰ ਅਸੀਂ ਝੁਕਾਂਗੇ ਨਹੀਂ, ਸੰਘਰਸ਼ ਕਰਾਂਗੇ।” ਵਾਗਲੇ ਦੀ ਵੀ ਛੁੱਟੀ ਕਰ ਦਿੱਤੀ ਗਈ ਹੈ।

ਇਸੇ ਤਰ੍ਹਾਂ ਸਰਡਿਸਾਈ ’ਤੇ ਦੋਸ਼ ਸੀ ਕਿ ਉਹ ਆਮ ਆਦਮੀ ਪਾਰਟੀ ਦੇ ਕੇਜਰੀਵਾਲ, ਪ੍ਰਸ਼ਾਂਤ ਭੂਸ਼ਨ ਅਤੇ ਯੋਗਿੰਦਰ ਯਾਦਵ ਨੂੰ ਟੀਵੀ ਪ੍ਰਸਾਰਨ ’ਤੇ ਜ਼ਿਆਦਾ ਮਹਤੱਵ ਦੇ ਰਿਹਾ ਹੈ। ਸਰਡਿਸਾਈ ਵਲੋਂ ਕੇਜ਼ਰੀਵਾਲ ਨਾਲ ਕੀਤੀ ਮੁਲਾਕਾਤ ਨੂੰ ਤਾਂ ਪ੍ਰਸਾਰਨ ਕਰਨ ’ਤੇ ਹੀ ਰੋਕ ਲਗਾ ਦਿੱਤੀ ਗਈ ਸੀ। ਮੁਕੇਸ਼ ਅੰਬਾਨੀ ਦੀਆਂ ਅੱਖਾਂ ਵਿਚ ਕੇਜਰੀਵਾਲ ਤਾਂ ਖਾਸ ਰੜਕਦਾ ਸੀ। ਮੁੱਖ ਮੰਤਰੀ ਹੁੰਦਿਆਂ ਗੈਸ ਮਾਮਲੇ ਵਿਚ ਮੁਕੇਸ਼ ਦੇ ਖਿਲਾਫ਼ ਰਪਟ ਦਰਜ ਕਰਵਾਈ ਗਈ ਸੀ।
ਅਨੁਰਾਧਾ ਰਮਨ ਨੇ ਆਉਟਲੁਕ ਮੈਗਜ਼ੀਨ ਵਿਚ ਛਪੇ ਆਪਣੇ ਲੇਖ ਵਿਚ ਮਨੋਜ ਮੋਦੀ ਦੇ ਫੋਨ ’ਤੇ ਰਾਘਵ ਬਹਿਲ ਨੂੰ ਬੋਲੇ ਸ਼ਬਦਾਂ ਦਾ ਹਵਾਲਾ ਦਿੱਤਾ ਹੈ, ‘‘ਤੁਮ ਹਮ ਕੋ ਡਾਕੂ ਬੋਲਤਾ ਹੈ, ਚਿਲਾ ਰਹੇ ਹੋ ਕਿ ਹਮ ‘ਕਰੋਨੀ’ (ਦਰਬਾਰੀ) ਸਰਮਾਏਦਾਰ ਹੈਂ। ਅਗਰ ਐਸਾ ਥਾ ਤੋ ਡਾਕੂਓਂ ਸੇ ਪੈਸਾ ਮਾਂਗਣੇ ਕਿਉਂ ਆਏ ਥੇ। ਤੁਮ ਕੌਣ ਸੇ ਦੂਧ ਮੇਂ ਧੁਲੇ ਹੋ।” (ਮਨੋਜ ਮੋਦੀ, ਮੁਕੇਸ਼ ਅੰਬਾਨੀ ਦਾ ਸੱਜਾ ਹੱਥ ਕਿਹਾ ਜਾਂਦਾ ਹੈ; ਸਾਰੇ ਮੀਡੀਆ ਕਾਰੋਬਾਰ ਦੀ ਦੇਖ ਰੇਖ ਉਹ ਹੀ ਕਰ ਰਿਹਾ ਹੈ) ਇਸ ਸਭ ਕੁਝ ਦਾ ਜ਼ਿਕਰ ਇਸ ਕਰਕੇ ਕੀਤਾ ਜਾ ਰਿਹਾ ਹੈ ਕਿ ਹਿੰਦੁਸਤਾਨ ਦੇ ਮੀਡੀਆ ਜਗਤ ਵਿਚ ਰਿਲਾਇੰਸ ਦਾ ਪ੍ਰਵੇਸ਼ ਸ਼ੁਭ ਨਹੀਂ ਹੈ। ਘੱਟੋ-ਘੱਟ ਨੈਟਵਰਕ 18 ਅਦਾਰੇ ਵਿਚ ਕੰਮ ਕਰਨ ਵਾਲੇ ਪੱਤਰਕਾਰਾਂ ਨੂੰ ਤਾਂ ਮੁਕੇਸ਼ ਅੰਬਾਨੀ ਦੇ ਗੁਲਾਮ ਬਣ ਕੇ ਰਹਿਣਾ ਪਵੇਗਾ।

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ