Sat, 20 April 2024
Your Visitor Number :-   6988219
SuhisaverSuhisaver Suhisaver

ਪੰਜਾਬੀ ਸਮਾਜ ਅੰਦਰ ਜਾਤ-ਪਾਤੀ ਕੋਹੜ -ਡਾ. ਧਰਮਵੀਰ ਗਾਂਧੀ

Posted on:- 04-12-2014

suhisaver

ਪਿਛਲੇ 40 ਸਾਲਾਂ ਤੋਂ ਡਾਕਟਰੀ ਕਿੱਤੇ ਰਾਹੀਂ ਆਮ ਲੋਕਾਂ ਨਾਲ ਬਹੁਤ ਨੇੜਿਓਂ ਜੁੜਿਆ ਹੋਣ ਕਰਕੇ ਮੈਂ ਪੰਜਾਬੀ ਲੋਕਾਂ ਅਤੇ ਵਿਸ਼ੇਸ਼ ਕਰਕੇ ਦਲਿਤਾਂ ਤੇ ਦੂਸਰੀਆਂ ਪੱਛੜੀਆਂ ਜਾਤਾਂ ਤੇ ਗਰੀਬ ਕਿਸਾਨੀ ਦੀ ਆਰਥਿਕ ਮੰਦਹਾਲੀ ਦੇ ਨਾਲ-ਨਾਲ ਪੰਜਾਬੀ ਸਮਾਜ ਦੇ ਤਾਣੇ ਪੇਟੇ ਨੂੰ ਵੀ ਬਹੁਤ ਗਹੁ ਨਾਲ ਵਾਚਿਆ ਹੈ। ਆਮ ਆਦਮੀ ਪਾਰਟੀ ਰਾਹੀਂ ਪਾਰਲੀਮੈਂਟ ਸਿਆਸਤ ਦੇ ਚੋਣ ਅਖਾੜੇ 'ਚ ਕੁੱਦਣ ਕਰਕੇ ਚੋਣਾਂ ਦੌਰਾਨ ਪਟਿਆਲਾ ਹਲਕੇ ਦੇ ਪਟਿਆਲਾ ਸਮੇਤ, ਰਾਜਪੁਰਾ, ਸਮਾਣਾ, ਨਾਭਾ, ਸ਼ੁਤਰਾਣਾ, ਪਾਤੜਾਂ, ਡੇਰਾਬਸੀ, ਲਾਲੜੂ, ਘਨੌਰ, ਸਨੌਰ ਅਤੇ ਭਾਦਸੋਂ ਵਰਗੇ ਦਰਜਨ ਦੇ ਕਰੀਬ ਸ਼ਹਿਰਾਂ, ਕਸਬਿਆਂ ਅਤੇ ਕਰੀਬ 900 ਪਿੰਡਾਂ ਦੇ ਦੌਰਿਆਂ ਦੌਰਾਨ ਪੰਜਾਬ ਦੀ ਆਰਥਿਕ, ਸਮਾਜਿਕ ਜ਼ਿੰਦਗੀ ਦੇ ਜਿਹਨਾਂ ਤੱਥਾਂ ਅਤੇ ਪੱਖਾਂ ਨੇ ਮੈਨੂੰ ਪੀੜਾ ਦਿੱਤੀ ਤੇ ਸੋਚਣ ਲਈ ਮਜਬੂਰ ਕੀਤਾ ਉਹ ਸਨ ਪਿੰਡਾਂ ਦਾ ਧੜਿਆਂ ਵਿੱਚ ਅਤੇ ਇਸਤੋਂ ਵੀ ਅੱਗੇ ਜਾਤਾਂ-ਪਾਤਾਂ, ਗੋਤਾਂ-ਪੱਤੀਆਂ 'ਚ ਵੰਡੇ ਹੋਣਾ।

ਮੈਂ ਜਦੋਂ ਵੀ ਕਿਸੇ ਪਿੰਡ 'ਚ ਵੜਦਾ ਤਾਂ ਕੋਈ ਵਾਕਿਫ ਦੋਸਤ ਉਸ ਪਿੰਡ ਵਿੱਚ ਜੱਟਾਂ, ਸੈਣੀਆਂ, ਪੰਡਤਾਂ, ਮਜ੍ਹਬੀ ਅਤੇ ਰਾਮਦਾਸੀਏ ਸਿੱਖਾਂ, ਕੰਬੋਜਾਂ, ਬਾਜੀਗਰਾਂ ਸਮੇਤ ਹੋਰਨਾਂ ਜਾਤਾਂ ਦੀ ਮੋਟੀ ਜਿਹੀ ਗਿਣਤੀ ਬਾਰੇ ਕੰਨ ਵਿੱਚ ਫੂਕ ਮਾਰ ਦਿੰਦਾ। ਉਕਤ ਪਿੰਡ ਅਕਾਲੀ ਹੈ ਜਾਂ ਕਾਂਗਰਸੀ ਇਹ ਵੀ ਦੱਸ ਦਿੰਦਾ। ਕੁਝ ਪਿੰਡਾਂ ਵਿੱਚ ਤਾਂ ਦੋ ਅਲੱਗ-ਅਲੱਗ ਪੱਤੀਆਂ ਵਾਲੇ ਵੀ ਸਾਂਝੇ ਇਕੱਠ ਵਿੱਚ ਨਾ ਆ ਕੇ ਆਪੋ ਆਪਣੀ ਪੱਤੀ ਵਿੱਚ ਭਾਸ਼ਣ ਦੇਣ ਲਈ ਮਜਬੂਰ ਕਰਦੇ। ਸਵਰਨ ਜਾਤਾਂ ਤੇ ਦਲਿਤਾਂ ਦੇ ਸਾਂਝੇ ਇਕੱਠ ਤਾਂ ਸ਼ਾਇਦ 2-3 ਦਰਜਨ ਪਿੰਡਾਂ ਵਿੱਚ ਹੀ ਹੋਏ ਹੋਣ। ਪਰਤੱਖ ਕੁੜੱਤਣ ਕੋਈ ਨਹੀਂ ਦਿਖੀ ਪਰ ਸਾਂਝੇ ਦੁੱਖਾਂ, ਸਾਂਝੀਆਂ ਮੁਸ਼ਕਿਲਾਂ, ਸਾਂਝੀ ਹੋਣੀ ਤੇ ਸਾਂਝੇ ਭਵਿੱਖ ਵਾਲੇ ਅਤੇ ਦਹਾਕਿਆਂ ਤੋਂ ਸਾਂਝੇ ਤੌਰ 'ਤੇ ਰਹਿ ਰਹੇ ਲੋਕਾਂ ਅੰਦਰ ਕੁਦਰਤੀ ਸਾਂਝ ਵਾਲਾ ਜਜ਼ਬਾ ਗਾਇਬ ਸੀ।

ਮੈਂ ਆਪਣਾ ਹਰ ਭਾਸ਼ਣ ਜਾਤ-ਪਾਤ ਕਾਰਨ ਆਮ ਲੋਕਾਂ ਦੀ ਇਸ ਟੁੱਟ ਰਹੀ ਸਾਂਝ ਤੋਂ ਸ਼ੁਰੂ ਕਰਦਾ ਅਤੇ ਉਹਨਾਂ ਨੂੰ ਸਾਂਝੇ ਦੁੱਖਾਂ, ਸਾਂਝੀ ਹੋਣੀ ਤੇ ਸਾਂਝੇ ਭਵਿੱਖ ਦਾ ਅਹਿਸਾਸ ਕਰਵਾਉਂਦਾ ਹੋਇਆ ਮੌਜੂਦਾ ਲੋਕ ਦੋਖੀ ਪ੍ਰਬੰਧ ਦੀ ਥਾਂ ਨਵਾਂ ਬਿਹਤਰ ਲੋਕ ਪੱਖੀ ਪ੍ਰਬੰਧ ਕਾਇਮ ਕਰਨ ਦੇ ਹੋਕੇ ਨਾਲ ਖਤਮ ਕਰਦਾ। ਜ਼ਿੰਦਗੀ ਦੇ ਇਸ ਪੜਾਅ 'ਤੇ ਮੇਰੇ ਇਸ ਨਵੇਂ ਸਫਰ ਦੇ ਕੌੜੇ ਪਰ ਸੱਚੇ ਤਜ਼ਰਬੇ ਬਾਰੇ ਬੱਸ ਏਨਾ ਹੀ। ਅੱਜ ਦੀ ਇਸ ਲਿਖਤ ਦਾ ਮੇਰਾ ਇਹ ਮੁੱਖ ਮਕਸਦ ਹੈ ਹੀ ਨਹੀਂ। ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਪੰਜਾਬ ਦੇ ਪਿੰਡਾਂ ਦੇ ਸਮਾਜਿਕ ਤਾਣੇ-ਬਾਣੇ ਦੇ ਇਸ ਹਸ਼ਰ ਪਿੱਛੇ 65 ਸਾਲਾਂ ਤੋਂ ਰਾਜ ਕਰਦੀਆਂ ਪਾਰਟੀਆਂ ਅਤੇ ਉਹਨਾਂ ਦੀ ਆਮ ਲੋਕਾਂ ਅੰਦਰ ਵੰਡੀਆਂ ਪਾ ਕੇ ਸੱਤਾ 'ਤੇ ਕਾਬਜ਼ ਰਹਿਣ ਦੀ ਸੋੜੀ ਸਿਆਸੀ ਸੋਚ ਜਿੰਮੇਵਾਰ ਹੈ।

ਆਓ ਆਪਾਂ ਹੁਣ ਉਸ ਅਸਲੀ ਵਿਸ਼ੇ ਦੀ ਚਰਚਾ ਕਰੀਏ ਜਿਸਨੇ ਮੈਂਨੂੰ ਕਈ ਦਿਨਾਂ ਤੋਂ ਦੁਖੀ ਤੇ ਪਰੇਸ਼ਾਨ ਕੀਤਾ ਹੋਇਆ ਹੈ। ਧੁਰ ਅੰਦਰ ਤੱਕ ਝੰਜੋੜਿਆ ਹੋਇਆ ਹੈ ਅਤੇ ਗੰਭੀਰਤਾ ਨਾਲ ਸੋਚਣ, ਲਿਖਣ ਤੇ ਬੋਲਣ ਲਈ ਮਜਬੂਰ ਕੀਤਾ ਹੈ। ਪੰਜਾਬ ਅੰਦਰ ਜਾਤ-ਪਾਤ ਦੇ ਚਲਨ ਦਾ ਅਹਿਸਾਸ ਤਾਂ ਪਹਿਲਾਂ ਵੀ ਸੀ, ਪਰ ਇਸ ਜਾਤ-ਪਾਤੀ ਕੋਹੜ ਨੂੰ ਜਿਸ ਕਰੂਰ ਰੂਪ ਵਿੱਚ ਦਲਿਤ ਭਾਈਚਾਰੇ ਦੀਆਂ ਵੱਖਰੀਆਂ ਸ਼ਮਸ਼ਾਨਘਾਟਾਂ ਲਈ ਫੰਡ ਦੇਣ ਬਾਬਤ, ਮੇਰੇ ਹਲਕੇ ਦੇ ਪਿੰਡਾਂ ਵਿੱਚੋਂ ਲਗਾਤਾਰ ਪ੍ਰਾਪਤ ਹੋ ਰਹੀਆਂ ਅਰਜੀਆਂ ਨੇ ਉਜਾਗਰ ਕੀਤਾ ਹੈ, ਉਹ ਮੇਰੇ ਲਈ ਇੱਕ ਅਜਿਹੀ ਚੁਣੋਤੀ ਬਣ ਚੁੱਕੀ ਹੈ, ਜੋ ਮੰਗ ਕਰਦੀ ਹੈ ਕਿ ਮੈਂ ਇਸ ਵਿਸ਼ੇ 'ਤੇ, ਮਾਨਵਤਾਵਾਦੀ ਨਜ਼ਰੀਏ ਤੋਂ ਸਮੁੱਚੇ ਪੰਜਾਬੀ ਸਮਾਜ ਨਾਲ ਇੱਕ ਗਹਿਰ ਗੰਭੀਰ ਚਰਚਾ ਕਰਾਂ।

ਕਿਸੇ ਆਤਮ ਉਸਤਤ ਲਈ ਨਹੀਂ, ਬਲਕਿ ਸੰਵਾਦ ਦੇ ਇਸ ਵਿਸ਼ੇ ਦੀ ਇਹ ਮਜਬੂਰੀ ਹੈ ਕਿ ਮੈਂਨੂੰ ਇਹ ਦੱਸਣਾ ਪੈ ਰਿਹਾ ਹੈ ਕਿ ਮੇਰਾ ਜਨਮ ਸ਼੍ਰੀ ਆਨੰਦਪੁਰ ਸਾਹਿਬ ਦੇ ਨੇੜੇ ਪਿੰਡ ਪਚਰੰਡਾ ਵਿਖੇ, ਤਥਾ ਕਥਿਤ 'ਸਵਰਨ ਜਾਤ' ਨਾਲ ਸੰਬੰਧ ਰੱਖਣ ਵਾਲੇ ਉਸ ਪਰਿਵਾਰ ਵਿੱਚ ਹੋਇਆ ਹੈ, ਜਿਸਦੇ ਮੁਖੀ ਮੇਰੇ ਸਤਿਕਾਰਯੋਗ ਪਿਤਾ ਮਾਸਟਰ ਭਗਤ ਰਾਮ ਜੀ ਨੇ ਇੱਕ ਪ੍ਰਤੀਬੱਧ ਅਧਿਆਪਕ ਦੇ ਤੌਰ 'ਤੇ ਸੇਵਾ ਨਿਭਾਉਂਦਿਆਂ 1924 ਤੋਂ 1961 ਤੱਕ, ਜਦੋਂ ਸਮਾਜ ਵਿੱਚ ਜਾਤ-ਪਾਤੀ ਪਰੰਪਰਾ ਅੱਜ ਤੋਂ ਕਿਤੇ ਵੱਧ ਕੁੱਢਰ ਤੇ ਕਠੋਰ ਸੀ, 'ਸਵਰਨ ਜਾਤਾਂ' ਦੇ ਵਿਰੋਧ ਦੇ ਬਾਵਜੂਦ, ਹਜ਼ਾਰਾਂ ਦਲਿਤ ਬੱਚਿਆਂ ਨੂੰ ਮੋਢਿਆਂ 'ਤੇ ਚੁੱਕ ਕੇ ਸਕੂਲ ਹੀ ਨਹੀਂ ਲਿਆਂਦਾ, ਪੜਾਇਆ ਹੀ ਨਹੀਂ, ਸਗੋਂ ਅੱਧੀ ਛੁੱਟੀ ਵੇਲੇ ਦਲਿਤ ਬੱੱਚਿਆਂ ਸਮੇਤ ਸਾਰੇ ਬੱਚਿਆਂ ਨਾਲ ਇਕੱਠੇ ਬੈਠ ਕੇ ਰੋਟੀ ਖਾਣ ਦੀ ਰੀਤ ਵੀ ਚਲਾਈ। ਉਹਨਾਂ ਆਪਣੇ ਨਾਅ ਪਿੱਛੇ ਜਾਤ ਦਰਸਾਉਂਦਾ ਗੋਤ ਨਹੀਂ ਲਾਇਆ। ਸਾਰੇ ਧਰਮਾਂ ਵਿੱਚੋਂ ਕੇਵਲ ਸਿੱਖ ਧਰਮ ਨੂੰ ਹੀ ਸਮੇਂ ਦੇ ਹਾਣੀ ਅਤੇ ਸਮਾਜਿਕ ਹਕੀਕਤਾਂ ਤੇ ਮਨੁੱਖਤਾ ਦੇ ਸਭ ਤੋਂ ਨੇੜੇ ਮੰਨਦੇ ਹੋਣ ਕਰਕੇ ਹੀ ਉਹਨਾਂ ਨੇ ਸਾਡੇ ਤਿੰਨਾਂ ਭਰਾਵਾਂ ਦੇ ਨਾਮ ਧਰਮਵੀਰ ਬੁੱਲ੍ਹਾ, ਯਸ਼ਵੀਰ ਕਬੀਰ ਤੇ ਹਰਵੀਰ ਨਾਨਕ ਰੱਖੇ। ਇਹਨਾਂ ਪਰਿਵਾਰਕ ਕਦਰਾਂ-ਕੀਮਤਾਂ ਤੇ ਸੰਸਕਾਰਾਂ ਦੀ ਗੁੜ੍ਹਤੀ ਕਾਰਨ, ਮੈਂ ਜਾਤ-ਪਾਤ/ਵਰਣ ਵਿਵਸਥਾ ਦਾ ਕੱਟੜ ਵਿਰੋਧੀ ਹਾਂ ਅਤੇ ਮੇਰੇ ਵਲੂੰਧਰੇ ਹਿਰਦੇ ਤੇ ਤਿੱਖੇ ਪ੍ਰਤੀਕਰਮ ਦਾ ਕਾਰਨ ਵੀ ਇਹੋ ਹੈ।

ਧਰਮ ਮੇਰੇ ਲਈ ਕਿਸੇ ਮਨੁੱਖ ਦੀ ਨਿੱਜੀ ਆਸਥਾ ਦਾ ਮਾਮਲਾ ਹੈ। ਕੋਈ ਵੀ ਮਨੁੱੱਖ ਇੱੱਕ ਜਾਂ ਦੂਜੇ ਕਿਸੇ ਵੀ ਧਰਮ ਨੂੰ ਮੰਨਣ ਜਾਂ ਕਿਸੇ ਵੀ ਧਰਮ ਨੂੰ ਨਾ ਮੰਨਣ ਲਈ ਅਜ਼ਾਦ ਹੈ ਤੇ ਮੈਂ ਮਨੁੱੱਖ ਦੇ ਇਸ ਬੁਨਿਆਦੀ ਹੱਕ ਤੇ ਅਜ਼ਾਦੀ ਦਾ ਸਤਿਕਾਰ ਕਰਦਾ ਹਾਂ।

ਵਰਣ ਵਿਵਸਥਾ ਦੀ ਪੈਰਵੀ ਕਰਨ ਵਾਲੇ ਧਰਮਾਂ ਜਾਂ ਲੋਕਾਂ ਕੋਲੋਂ ਜਾਤ-ਪਾਤ ਦੇ ਖਾਤਮੇ ਦੀ ਆਸ ਕਦੇ ਵੀ ਨਹੀਂ ਕੀਤੀ ਜਾ ਸਕਦੀ ਸੀ। ਹਿੰਦੁਸਤਾਨ/ਪੰਜਾਬ ਦੇ ਸੰਦਰਭ ਵਿੱਚ ਸਿੱੱਖ ਧਰਮ ਹੀ ਇੱਕ ਅਜਿਹਾ ਧਾਰਮਿਕ ਫਲਸਫਾ ਹੈ ਜੋ ਇਸ ਕੋਹੜ ਨੂੰ ਮੁੱਢੋਂ-ਸੁੱਢੋਂ ਖਤਮ ਕਰਨ ਦੀ ਸਮਰੱੱਥਾ ਰੱਖਦਾ ਹੈ।
ਸੋ ਮੈਂ ਆਪਣੀ ਗੱਲ ਸਿੱਖ ਧਰਮ ਦੇ ਪ੍ਰਸੰਗ ਵਿਚ ਕਰਨੀ ਸ਼ੁਰੂ ਕਰਦਾ ਹਾਂ। ਇਹ ਸਾਰੇ ਸੰਸਾਰ ਨੂੰ ਪਤਾ ਹੈ ਕਿ ਸਿੱਖ ਧਰਮ ਦਾ ਆਧਾਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਬਾਕੀ ਸਾਰੇ ਧਰਮ ਗ੍ਰੰਥਾਂ ਦਾ ਜਿੱਥੇ ਮੈਂ ਸਤਿਕਾਰ ਕਰਦਾ ਹਾਂ ਉੱਥੇ ਇਹ ਤੱਥ ਵੀ ਸਮਝਣ ਦੀ ਲੋੜ ਹੈ ਕਿ ਹਰ ਧਰਮ ਗ੍ਰੰਥ ਵਿਚ ਸਿਰਫ਼ ਉਸ ਧਰਮ ਦੇ ਬਾਨੀ ਪੈਗ਼ੰਬਰ ਦੀ ਬਾਣੀ ਜਾਂ ਉਸ ਧਰਮ ਨਾਲ ਹੀ ਜੁੜੇ ਹੋਰ ਮਹਾਂਪੁਰਸ਼ਾਂ ਦੀ ਬਾਣੀ ਦਰਜ ਕੀਤੀ ਗਈ ਪ੍ਰਾਪਤ ਹੁੰਦੀ ਹੈ। ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 36 ਰੂਹਾਨੀ ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ। ਇਸ ਵਿਚ ਛੇ ਸਿੱਖ ਗੁਰੂ ਸਾਹਿਬਾਨ, 15 ਭਗਤਾਂ (ਜਿਨ੍ਹਾਂ ਵਿਚ ਭਗਤ ਰਵਿਦਾਸ, ਭਗਤ ਕਬੀਰ, ਭਗਤ ਨਾਮਦੇਵ ਆਦਿ), 11 ਭੱਟਾਂ ਅਤੇ ਚਾਰ ਗੁਰੂ ਘਰ ਦੇ ਪਰੇਮੀ ਸਿੱਖਾਂ ਦੀ ਬਾਣੀ ਦਰਜ ਹੈ। ਇੰਨ੍ਹਾਂ ਵਿਚ ਗੁਰੂ ਨਾਨਕ ਸਾਹਿਬ ਦੇ ਮੁਢਲੇ ਅਤੇ ਚਿਰੰਜੀਵ ਸਾਥੀ ਭਾਈ ਮਰਦਾਨਾ, ਸੱਤਾ ਬਲਵੰਡ, ਆਦਿ ਦੀ ਬਾਣੀ ਸ਼ਾਮਿਲ ਹੈ। ਦੁਨੀਆਂ ਦੇ ਪੈਗ਼ੰਬਰਾਂ ਅਤੇ ਧਰਮ ਗ੍ਰੰਥਾਂ ਦੀ ਤੁਲਨਾ ਵਿਚ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਕੇਵਲ ਸਿੱਖ ਧਰਮ ਦੇ ਪੈਰੋਕਾਰਾਂ ਲਈ ਨਹੀਂ ਇਹ ਗ੍ਰੰਥ ਤਾਂ ਸਰਬਸਾਂਝੀਵਾਲਤਾ, ਬਰਾਬਰੀ, ਆਜ਼ਾਦੀ, ਮਨੁੱਖੀ ਭਾਈਚਾਰੇ ਦਾ ਸਰਬ ਸਾਂਝਾ ਗ੍ਰੰਥ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬ੍ਰਾਹਮਣ ਅਤੇ ਸ਼ੂਦਰ, ਹਿੰਦੂ ਅਤੇ ਮੁਸਲਮਾਨ, ਭਾਰਤ ਦੇ ਪ੍ਰਸੰਗ ਵਿਚ ਉੱਤਰ/ਦੱਖਣ ਜਾਂ ਪੂਰਬ ਅਤੇ ਪੱਛਮ ਨਾਲ ਬਾਣੀ ਨੂੰ ਜੋੜਦਿਆਂ ਹਰ ਪ੍ਰਕਾਰ ਦੇ ਵਿਤਕਰੇ ਨੂੰ ਖ਼ਤਮ ਕਰਦਿਆਂ 'ਸਭੇ ਸਾਝੀਵਾਲ ਸਦਾਇਨਿ ਤੂੰ ਕਿਸੇ ਨਾ ਦਿਸਹਿ ਬਾਹਰਾ ਜੀਓ' ਅਤੇ 'ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ' ਦੀ ਮਹਾਨ ਸਿੱਖਿਆ ਦਿੱਤੀ ਗਈ ਹੈ।

ਹਿੰਦੂ ਧਰਮ ਵਿਚ ਜਾਤ-ਪਾਤ ਨੂੰ ਮਨੁੱਖ ਦੇ ਕਰਮ ਨਾਲ ਜੋੜਨ ਦੀ ਥਾਂ ਮਨੁੱਖ ਦੇ ਜਨਮ ਨਾਲ ਜੋੜਨ ਦੀ, ਜੋ ਅਣਮਨੁੱਖੀ ਰੀਤ ਇਸ ਧਰਮ ਦੇ ਆਗੂਆਂ ਅਤੇ ਮਨੂੰਸਿਮਰਿਤੀ ਵਰਗੇ ਧਰਮ ਗ੍ਰੰਥਾਂ, ਪੁਰਾਣਾਂ, ਸ਼ਾਸਤਰਾਂ ਰਾਹੀਂ ਪੱਕੀ ਕੀਤੀ ਗਈ- ਇਸ ਨਾਲ ਭਾਰਤੀ ਸਮਾਜ ਦਾ ਇੱਕ ਵੱਡਾ ਹਿੱਸਾ ਅਨਪੜ੍ਹਤਾ ਅਤੇ ਅਗਿਆਨਤਾ, ਜਲਾਲਤ ਤੇ ਜਹਾਲਤ ਦਾ ਸ਼ਿਕਾਰ ਹੁੰਦਿਆਂ, ਹੱਥੀਂ ਕਿਰਤ ਕਰਨ ਦੇ ਬਾਵਜੂਦ-ਇੱਕ ਅਣਮਨੁੱਖੀ, ਹੀਣ ਭਾਵਨਾ ਦਾ ਸ਼ਿਕਾਰ ਹੋ ਗਿਆ ਅਤੇ ਇਸ ਧਰਮ ਨੇ ਜਾਤਪਾਤੀ ਆਧਾਰਾਂ ਤੇ ਸਮਾਜ ਵਿਚ ਵੰਡੀਆਂ ਪਾ ਕੇ ਅਤੇ ਪੁਜਾਰੀ ਸ਼ਰੇਣੀ ਅਤੇ ਰਾਜਾ ਸ਼ਰੇਣੀ ਨੇ ਆਪਣੇ ਨਾਪਾਕ ਗੱਠ ਜੋੜ ਰਾਹੀਂ, ਸਦੀਆਂ ਤੋਂ ਕਿਰਤੀ ਅਤੇ ਗ਼ਰੀਬ ਲੋਕਾਂ ਦੀ ਲੁੱਟ ਖਸੁੱਟ ਜਾਰੀ ਰੱਖੀ। ਗੁਰੂ ਨਾਨਕ ਸਾਹਿਬ ਨੇ ਆਪਣਾ ਪਹਿਲਾ ਸਾਥੀ ਹੀ ਭਾਈ ਮਰਦਾਨੇ ਨੂੰ ਚੁਣਿਆ। ਮਰਦਾਨਾ ਧਰਮ ਤੋਂ ਮੁਸਲਮਾਨ ਸੀ ਅਤੇ ਅੱਜ ਕੱਲ੍ਹ ਦੀ ਬੋਲੀ ਵਿਚ ਕਹਿਣਾ ਹੋਵੇ ਤਾਂ ਦਲਿਤ ਬਲਕਿ ਦਲਿਤਾਂ ਨਾਲੋਂ ਵੀ, ਸਮਾਜਿਕ ਪੌੜੀ ਦੇ ਸਭ ਤੋਂ ਹੇਠਲੇ ਡੰਡੇ ਉੱਪਰ ਖੜ੍ਹਾ ਸੀ।

ਗੁਰੂ ਨਾਨਕ ਦੇਵ ਜੀ ਨੇ ਉਸ ਦੀ ਜਾਤ ਨਹੀਂ ਵੇਖੀ। ਉਸਦਾ ਕਰਮ, ਵਿਹਾਰ, ਵਿਚਾਰ ਅਤੇ ਪਿਆਰ ਵੇਖਿਆ। ਸਾਰੀ ਉਮਰ ਉਸ ਨੂੰ ਆਪਣੇ ਨਾਲ ਰੱਖਿਆ। ਗੁਰੂ ਸਾਹਿਬ ਦੀ ਸਾਰੀ ਉਮਰ ਸਾਰੇ ਧਰਮਾਂ ਵਿਚ ਫੈਲੇ ਅੰਧ ਵਿਸ਼ਵਾਸ਼ਾਂ, ਫ਼ਜ਼ੂਲ ਧਾਰਮਿਕ ਰੀਤਾਂ, ਪੁਜਾਰੀ ਸ਼ਰੇਣੀ ਵਲੋਂ ਕੀਤੀ ਲੁੱਟ ਦੇ ਵਿਰੋਧ ਵਿਚ, ਉਨ੍ਹਾਂ ਹਰ ਧਰਮ ਵਿਚ ਫੈਲੇ ਤਰਕਹੀਣਤਾ ਅਤੇ ਅੰਧਵਿਸ਼ਵਾਸ਼ਾਂ ਨੂੰ ਖ਼ਤਮ ਕਰਨ ਲਈ ਹਰ ਧਰਮ ਦੇ ਕੇਂਦਰ ਉਪਰ ਜਾ ਕੇ ਉਨ੍ਹਾਂ ਗ਼ਲਤ ਰਸਮਾਂ ਨੂੰ ਵੰਗਾਰਿਆ, ਜੋ ਮਨੁੱਖਤਾ ਨੂੰ ਕੁਰਾਹੇ ਪਾ ਰਹੀਆਂ ਸਨ। ਇਹ ਰਸਮ ਭਾਵੇਂ ਗੰਗਾ (ਹਰਿਦੁਆਰ) ਜਾ ਕੇ ਸੂਰਜ ਨੂੰ ਪਾਣੀ ਦੇਣ ਦੀ ਸੀ ਜਾਂ ਮੱਕੇ ਵਿਚ ਹਾਜੀ ਦੇ ਰੂਪ ਵਿਚ ਜਾ ਕੇ ਉਥੇ ਮੱਕੇ ਵੱਲ ਪੈਰ ਪਸਾਰ ਕੇ ਸੌਣ ਦੀ ਸੀ ਜਾਂ ਕੁਰਕਸ਼ੇਤਰ ਵਿਚ ਸੂਰਜ ਗ੍ਰਹਿਣ ਦੇ ਵੇਲੇ ਤੀਰਥ ਉਪਰ ਜਾ ਕੇ ਮਾਸ ਰਿੰਨ੍ਹਣ ਦੀ ਸੀ। ਗੁਰੂ ਸਾਹਿਬ ਨੇ ਤਰਕ ਨਾਲ ਸਵਾਲ ਜਵਾਬ ਕਰ ਕੇ ਬਿਨਾਂ ਕਿਸੇ ਦੇ ਧਰਮ ਦੀ ਬੇਅਦਬੀ ਕੀਤਿਆਂ, ਬਿਨਾਂ ਕਿਸੇ ਭੀੜ ਵਲੋਂ ਦੂਜਿਆਂ ਤੇ ਹਮਲਾ ਜਾਂ ਹਿੰਸਾ ਕੀਤਿਆਂ, ਆਪਣੀ ਗੱਲ ਮਨਵਾਈ। ਪਰੰਤੂ ਅਸੀਂ ਅੱਜ ਵੀ ਉਹੀ ਗੱਲਾਂ ਕਰਨ ਤੋਂ ਹਟੇ ਨਹੀਂ ਬਲਕਿ ਇਹ ਅੰਧਵਿਸ਼ਵਾਸ਼ ਪਹਿਲਾਂ ਨਾਲੋਂ ਵੀ ਭਾਰੂ ਹੋ ਗਏ ਹਨ। ਗੁਰੂ ਨਾਨਕ ਦਾ ਗਿਆਨ ਸਿਰਫ਼ ਆਪਣੇ ਧਰਮ ਦੇ ਲੋਕਾਂ ਜਾਂ ਆਪਣੇ ਪੈਰੋਕਾਰਾਂ ਲਈ ਨਹੀਂ ਸੀ। ਇਹ ਗਿਆਨ ਤਾਂ ਸਾਰੀ ਦੁਨੀਆਂ ਵਿਚ ਇਕ ਚੰਗੇ ਮਨੁੱਖ ਅਤੇ ਚੰਗੇ ਸਮਾਜ ਦੀ ਸਿਰਜਣਾ ਲਈ ਸੀ। ਇਸੇ ਕਾਰਨ ਆਪਣੀ ਮਹਾਨ ਬਾਣੀ ਜਪੁਜੀ ਸਾਹਿਬ ਵਿਚ ਉਨ੍ਹਾਂ ਆਪਣਾ ਗਿਆਨ ਸ਼ੁਰੂ ਹੀ ਇਸ ਪ੍ਰਸ਼ਨ ਨਾਲ ਕੀਤਾ ਕਿ ''ਕਿਵ ਸਚਿਆਰਾ ਹੋਈ ਐ ਕਿਵਿ ਕੂੜੈ ਤੁਟੈ ਪਾਲਿ'' ਅਰਥਾਤ ਮਨੁੱਖ ਦੇ ਦੁਆਲੇ ਉਸਰੀ ਕੂੜ ਅਤੇ ਮਾਇਆ ਦੀ ਕੰਧ ਕਿਵੇਂ ਤੋੜਨੀ ਹੈ ਅਤੇ ਉਸਨੂੰ ਇਕ ਸਚਿਆਰ ਮਨੁੱਖ ਕਿਵੇਂ ਬਣਾਉਂਣਾ ਹੈ? ਉਨ੍ਹਾਂ ਦੀ ਸਾਰੀ ਬਾਣੀ ਇਸ ਸਮੱਸਿਆ ਦੇ ਹੱਲ ਲਈ ਹੀ ਯਤਨਸ਼ੀਲ ਹੈ। ਇਸੇ ਕਾਰਣ ਭਾਈ ਗੁਰਦਾਸ ਆਪਣੀਆਂ ਵਾਰਾਂ ਵਿਚ ਲਿਖਦੇ ਹਨ:

'ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਮੀ ਸਚਾ ਢੋਆ'
ਇੱਥੋਂ ਤਕ ਕਿ ਗੁਰੂ ਅਮਰਦਾਸ ਸਾਹਿਬ ਨੇ ਆਪਣੀ ਬਾਣੀ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਵਿਚ ਆਪਣੀ ਬੇਨਤੀ ਸੱਚੇ ਪਾਤਿਸ਼ਾਹ ਨੂੰ ਕੀਤੀ ਹੈ:

ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ
ਬਿਲਾਵਲ ਮ:੩, ਅੰਗ 853

ਇਥੇ ਇਹ ਵਿਚਾਰ ਸਮਝਣਯੋਗ ਹੈ ਕਿ ਗੁਰੂ ਸਾਹਿਬ ਦੀ ਚਿੰਤਾ ਕਿਸੇ ਇਕ ਧਰਮ, ਇਕ ਇਲਾਕੇ, ਇਕ ਫ਼ਿਰਕੇ ਜਾਂ ਇਕ ਦੌਰ ਲਈ ਨਹੀਂ ਸੀ। ਉਨ੍ਹਾਂ ਦੀ ਚਿੰਤਾ ਸਾਰੀ ਮਨੁੱਖਤਾ ਲਈ ਸੀ। ਇਸੇ ਕਾਰਣ ਗੁਰੂ ਨਾਨਕ ਸਾਹਿਬ ਨੇ ਵਿਸ਼ੇਸ਼ ਕਰ ਕੇ ਅਤੇ ਬਾਕੀ ਗੁਰੂ ਸਾਹਿਬਾਨ ਨੇ ਵੀ ਹਰ ਧਰਮ ਦੇ ਆਗੂਆਂ ਅਤੇ ਪੈਰੋਕਾਰਾਂ ਨਾਲ ਸੰਵਾਦ ਰਚਾਇਆ :

ਜਬਿ ਲਗੁ ਦੁਨੀਆ ਰਹੀਐ
ਨਾਨਕ ਕਿਛੁ ਸੁਣੀਐ ਕਿਛੁ ਕਹੀਐ
(ਮਹਲਾ ੧, ਅੰਕ 660)

ਗ਼ਰੀਬਾਂ ਅਤੇ ਨਿਮਨ ਜਾਤਾਂ ਨਾਲ ਗੁਰੂ ਨਾਨਕ ਸਾਹਿਬ ਨੂੰ ਕਿੰਨਾ ਪਿਆਰ ਸੀ। ਇਸ ਗੱਲ ਦਾ ਅੰਦਾਜ਼ਾ ਇਸ ਤੱਥ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਗੁਰੂ ਨਾਨਕ ਸਾਹਿਬ ਜਦੋਂ ਏਮਨਾਬਾਦ ਵਿਖੇ ਭਾਈ ਲਾਲੋ ਦੇ ਘਰ ਗਏ ਤਾਂ ਸਾਖੀਕਾਰ ਅਨੁਸਾਰ ਭਾਈ ਲਾਲੋ ਨੇ ਕਿਰਤੀ ਪਰਿਵਾਰ ਅਤੇ ਤਰਖਾਣ ਜਾਤੀ ਨਾਲ ਸੰਬੰਧਤ ਹੋਣ ਕਾਰਣ, ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਿਸ਼ਾਹਿ ਤੁਹਾਡਾ ਚੌਂਕਾ ਤੁਹਾਡੀ ਉੱਚੀ ਜਾਤ ਹੋਣ ਕਾਰਣ ਅਲਹਿਦਾ ਬਣਾ ਲਈਏ ਤਾਂ ਕਿ ਤੁਹਾਡੇ ਲਈ ਤਿਆਰ ਕੀਤੇ ਜਾਣ ਵਾਲਾ ਭੋਜਨ ਅਪਵਿੱਤਰ ਨਾ ਹੋ ਜਾਵੇ। ਗੁਰੂ ਸਾਹਿਬ ਨੇ ਬੜੇ ਪਿਆਰ ਨਾਲ ਕਿਹਾ ਕਿ ਭਾਈ ਲਾਲੋ ਸਾਰੀ ਧਰਤੀ ਹੀ ਸਾਡਾ ਚੌਂਕਾ ਹੈ। ਤੂੰ ਪਿਆਰ ਨਾਲ ਜਿੱਥੇ ਵੀ ਭੋਜਨ ਤਿਆਰ ਕਰੇਂਗਾ ਉਹ ਸਾਡੇ ਲਈ ਪਵਿੱਤਰ ਹੀ ਪਵਿੱਤਰ ਹੋਵੇਗਾ। ਗ਼ਰੀਬ ਭਾਈ ਮਰਦਾਨੇ ਦੀ ਬੇਟੀ ਦੀ ਸ਼ਾਦੀ ਦੀ ਜ਼ਿੰਮੇਵਾਰੀ ਆਪ ਨਿਭਾਉਂਦਿਆਂ, ਗੁਰੂ ਸਾਹਿਬ ਨੇ ਆਪਣੇ ਇਕ ਮਿੱਤਰ ਭਾਈ ਭਾਗੀਰਥ ਨੂੰ ਭਾਈ ਮਰਦਾਨੇ ਦੀ ਬੇਟੀ ਦੀ ਸ਼ਾਦੀ ਦੇ ਕਾਰਜ ਨੂੰ ਹੱਥੀਂ ਨੇਪਰੇ ਚਾੜ੍ਹਨ ਦਾ ਹੁਕਮ ਕੀਤਾ। ਇਹ ਹੈ ਗੁਰੂ ਬਾਬੇ ਦਾ ਗ਼ਰੀਬਾਂ ਨਿਮਾਣਿਆਂ ਅਤੇ ਲਿਤਾੜੇ ਹੋਏ ਲੋਕਾਂ ਲਈ ਪਿਆਰ। ਗੁਰੂ ਨਾਨਕ ਸਾਹਿਬ ਨੇ ਤਾਂ ਆਪਣੀ ਬਾਣੀ ਵਿਚ ਵੀ ਨੀਚ ਸਮਝੇ ਜਾਣ ਵਾਲੇ ਲੋਕਾਂ ਲਈ ਆਪਣਾ ਪਿਆਰ ਇੰਨ੍ਹਾਂ ਸ਼ਬਦਾਂ ਰਾਹੀਂ ਪ੍ਰਗਟ ਕੀਤਾ ਹੈ:

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ
(ਸਿਰੀ ਰਾਗੁ ਮ: ੧, ਅੰਗ 15)

ਸਿੱਖ ਲਹਿਰ ਦੇ ਨਾਲ-ਨਾਲ ਭਗਤੀ ਲਹਿਰ ਨਾਲ ਜੁੜੇ ਭਗਤਾਂ ਨੇ ਵੀ, ਜਾਤ-ਪਾਤੀ ਪ੍ਰਬੰਧ ਉੱਪਰ ਤਾਬੜ ਤੋੜ ਹਮਲੇ ਕੀਤੇ। ਕਬੀਰ ਸਾਹਿਬ ਨੇ ਤਾਂ ਬ੍ਰਾਹਮਣ ਦੀ ਜਾਤ-ਪਾਤੀ ਹਉਮੈ ਉਪਰ ਕਰਾਰੀ ਸੱਟ ਮਾਰਦਿਆਂ ਇੱਥੋਂ ਤੀਕ ਪੁੱਛ ਲਿਆ ਕਿ:

ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ
ਤਉ ਆਨ ਬਾਟ ਕਾਹੇ ਨਹੀ ਆਇਆ
ਤੁਮ ਕਤ ਬ੍ਰਾਹਮਣ ਹਮ ਕਤ ਸੂਦ
ਹਮ ਕਤ ਲੋਹੂ ਤੁਮ ਕਤ ਦੂਧ
(ਗਉੜੀ ਕਬੀਰ- ਪੰਨਾ 324)

ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਕਿਸੇ ਇਕ ਜਾਤ, ਵਰਣ ਜਾਂ ਫ਼ਿਰਕੇ ਲਈ ਨਹੀਂ ਸੀ। ਸ੍ਰੀ ਹਰਿਮੰਦਰ ਸਾਹਿਬ ਦਾ ਨੀਵੀਂ ਥਾਂ ਸਥਿਤ ਹੋਣਾ ਸਿੱਖ ਧਰਮ ਵਿਚ ਨਿਮਰਤਾ ਅਤੇ ਹਲੀਮੀ ਦੀ ਸਭ ਤੋਂ ਵੱਡੀ ਮਿਸਾਲ ਹੈ। ਜਿੱਥੇ ਕੁੱਲ ਦੁਨੀਆਂ ਦੇ ਮੰਦਿਰਾਂ ਵਿਚ ਪ੍ਰਵੇਸ਼ ਕਰਨ ਲਈ ਪੌੜੀਆਂ ਚੜ੍ਹ ਕੇ ਹੇਠੋਂ ਉਪਰ ਨੂੰ ਜਾਣਾ ਪੈਂਦਾ ਹੈ ਉੱਥੇ ਸਿੱਖ ਧਰਮ ਦੇ ਇਸ ਕੇਂਦਰੀ ਅਸਥਾਨ, ਸਿੱਖਾਂ ਦੇ ਮੱਕੇ ਦੇ ਦਰਸ਼ਨਾਂ ਲਈ ਉਪਰੋਂ ਹੇਠਾਂ ਨੂੰ ਨੀਵੇਂ ਹੋ ਕੇ ਜਾਣਾ ਪੈਂਦਾ ਹੈ। ਚਾਰੋਂ ਦਰਵਾਜ਼ੇ ਚਾਰੇ ਵਰਣਾਂ ਲਈ ਖੋਲ੍ਹ ਕੇ ਗੁਰੂ ਸਾਹਿਬਾਨ ਨੇ ਸਾਰੇ ਮਨੁੱਖਾਂ ਅਤੇ ਸਾਰੇ ਵਰਣਾਂ ਦੀ ਬਰਾਬਰੀ ਦਾ ਸੰਦੇਸ਼ ਦਿੱਤਾ ਹੈ। ਇਸ ਤੋਂ ਵੀ ਵੱਧ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰਿਆਂ ਨੂੰ ਕੁਦਰਤ ਵੱਲੋਂ ਬਰਾਬਰ ਦੇ ਮਨੁੱਖ ਹੋਣ ਦਾ ਮਾਨਵਤਾਵਾਦੀ ਸੰਦੇਸ਼ ਦਿੰਦੀ ਹੈ:

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ
(ਪ੍ਰਭਾਤੀ ਕਬੀਰ, ਅੰਗ 1349)

ਸਿੱਖ ਧਰਮ ਵਿਚ ਜਾਤ-ਪਾਤੀ ਵਿਤਕਰੇ ਨੂੰ ਕਿਤੇ ਵੀ ਪ੍ਰਵਾਨ ਨਹੀਂ ਕੀਤਾ ਗਿਆ, ਪਰੰਤੂ ਜਿਹੜੇ ਲੋਕ ਜਾਤਾਂ ਦੇ ਨਾਮ ਉਤੇ, ਵੱਖ-ਵੱਖ ਭਗਤਾਂ ਦੇ ਨਾਮ ਉਤੇ ਗੁਰਦੁਆਰੇ ਬਣਾ ਰਹੇ ਹਨ ਜਾਂ ਸਮਾਜ ਵਿਚ ਵਿਤਕਰੇ ਪੈਦਾ ਕਰ ਰਹੇ ਹਨ, ਉਨ੍ਹਾਂ ਨੂੰ ਗੁਰਬਾਣੀ ਵਲੋਂ ਦਿੱਤੀ ਸਿੱਖਿਆ ਦੀ ਰੌਸ਼ਨੀ ਵਿਚ ਉਨ੍ਹਾਂ ਦੇ ਇਸ ਕਰਮ ਨੂੰ ਬਾਣੀ ਅਨੁਸਾਰ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਜਦੋਂ ਗੁਰੂ ਨਾਨਕ ਸਾਹਿਬ ਨੂੰ ਕਾਜ਼ੀਆਂ ਨੇ ਕਿਤਾਬ (ਕੁਰਾਨ) ਖੋਲ੍ਹ ਕੇ ਪੁੱਛਿਆ ਕਿ ਹਿੰਦੂ ਵੱਡਾ ਹੈ ਜਾਂ ਮੁਸਲਮਾਨ ਤਾਂ ਭਾਈ ਗੁਰਦਾਸ ਜੀ ਨੇ ਇਸ ਪ੍ਰਸ਼ਨ ਦਾ ਜੋ ਜਵਾਬ ਆਪਣੀ ਵਾਰ ਵਿਚ ਗੁਰੂ ਸਾਹਿਬ ਦੇ ਇਹਨਾਂ ਕਥਨਾਂ ਰਾਹੀਂ ਦਿੱਤਾ, ਜੋ ਉਹ ਗੁਰੂ ਸਾਹਿਬ ਦੀ ਧਰਮ ਪ੍ਰਤੀ ਦ੍ਰਿਸ਼ਟੀ ਦਾ ਆਧਾਰ ਸੂਤਰ ਹੈ:

''ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵੱਡਾ ਕਿ ਮੁਸਲਮਨੋਈ?
ਬਾਬਾ ਆਖੇ ਹਾਜੀਆ ਸੁਭਿ ਅਮਲਾਂ ਬਾਝਹੁ ਦੋਨੋ ਰੋਈ
(ਵਾਰ ੧, ਪਉੜੀ ੩੩)

ਇਸ ਦਾ ਸਪਸ਼ਟ ਭਾਵ ਇਹ ਹੈ ਕਿ ਕਿਸੇ ਬੰਦੇ ਦੇ ਹਿੰਦੂ ਜਾਂ ਮੁਸਲਮਾਨ ਹੋਣ ਵਿਚ ਕੋਈ ਵਡਿਆਈ ਨਹੀਂ ਸਗੋਂ ਉਸਦੇ ਚੰਗੇ ਇਨਸਾਨ ਅਤੇ ਮਨੁੱਖ ਵਜੋਂ ਉਸ ਵਲੋਂ ਕੀਤੇ ਚੰਗੇ ਕਰਮਾਂ ਵਿਚ ਉਸ ਦੀ ਵਡਿਆਈ ਨਿਹਿਤ ਹੈ।

ਸਿੱਖ ਧਰਮ ਦਾ ਵੱਡਾ ਇਤਿਹਾਸਕ ਯੋਗਦਾਨ ਸਮੂਹ ਲੋਕਾਈ ਨੂੰ ਰੂਹਾਨੀ ਅਗਵਾਈ ਦੇਣ ਦੇ ਨਾਲ-ਨਾਲ ਸਮਾਜ ਵਿਚ ਪਸਰੇ ਹਰ ਵਿਤਕਰੇ ਨੂੰ ਸਮਾਪਤ ਕਰਨ ਲਈ ਲੋਕਾਂ ਨੂੰ ਸਮਾਜਕ ਜੱਦੋ ਜਹਿਦਾਂ ਦੇ ਰਾਹ ਪਾਉਣ ਵਿਚ ਹੈ। ਇਸੇ ਪ੍ਰਸੰਗ ਵਿਚ ਗੁਰੂ ਨਾਨਕ ਸਾਹਿਬ ਨੇ ਬਾਬਰ ਵਰਗੇ ਜਾਬਰ ਅਤੇ ਲੋਕਾਂ ਦੇ ਕਾਤਲ ਰਾਜਿਆਂ ਨੂੰ ''ਪਾਪ ਕੀ ਜੰਞ ਲੈ ਕਾਬਲਹੁ ਧਾਇਆ'' ਰਾਹੀਂ ਮੁਖ਼ਾਤਿਬ ਕੀਤਾ। ਰਾਜਿਆਂ ਨੂੰ ਸੀਂਹ ਅਤੇ ਮੁਕੱਦਮਾਂ ਨੂੰ ਕੁੱਤੇ ਕਹਿਣ ਦੀ ਇਤਿਹਾਸਿਕ ਦਲੇਰੀ ਵੀ ਸਿਰਫ ਗੁਰੂ ਨਾਨਕ ਪਾਤਸ਼ਾਹ ਨੇ ਹੀ ਕੀਤੀ। ਦਸਮ ਗੁਰੂ ਸਾਹਿਬ ਨੇ ਤਾਂ:

'ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ'

ਦਾ ਸੰਕਲਪ ਦੇ ਕੇ, ਖਾਲਸਾ ਪੰਥ ਦੀ ਸਥਾਪਨਾ ਕਰਦਿਆਂ ਵਿਲੱਖਣ ਮਨੁੱਖ ਖਾਲਸਾ ਸਿਰਜ ਕੇ ਖੁਦ ਸ਼ਸ਼ਤਰ ਧਾਰਨ ਕੀਤੇ ਅਤੇ ਗੁਰੀਲਾ ਫੋਜੀ ਕਾਰਵਾਈ ਰਾਹੀਂ, ਹੱਕ-ਸੱਚ ਨੂੰ ਸਥਾਪਤ ਕਰਨ ਲਈ ਖੁਦ, ਅੋਰੰਗਜੇਬ ਵਰਗੇ ਸਮੇਂ ਦੇ ਜ਼ਾਲਮ ਹਾਕਮਾਂ ਨਾਲ ਹਥਿਆਰਬੰਦ ਟੱਕਰ ਲਈ।

ਆਓ ਆਪਾਂ ਇੱਕ ਵਾਰ ਫੇਰ ਸਿੱਖ ਧਰਮ ਅੰਦਰ ਆਮ ਲੋਕਾਈ ਨੂੰ ਕੁਰਾਹੇ ਪਾਉਣ ਵਿੱਚ ਲੱਗੀਆਂ ਵੱਖ-ਵੱਖ ਧਿਰਾਂ ਨੂੰ ਦਿੱਤੀ ਵੰਗਾਰ ਦਾ ਜ਼ਿਕਰ ਕਰੀਏ। ਗੁਰੂ ਨਾਨਕ ਦੇਵ ਜੀ ਨੇ ਇਹਨਾਂ ਤਾਕਤਾਂ ਦੇ ਅਸਲੀ ਚਰਿੱਤਰ ਨੂੰ ਨੰਗਾ ਕਰਦਿਆਂ ਇੱਥੋ ਤੱਕ ਕਿਹਾ:

ਕਾਜ਼ੀ ਕੂੜੁ ਬੋਲਿ ਮਲੁ ਖਾਇ
ਬ੍ਰਾਹਮਣੁ ਨਾਵੈ ਜੀਆ ਘਾਇ
ਜੋਗੀ ਜੁਗਤਿ ਨ ਜਾਣੈ ਅੰਧੁ
ਤੀਨੇ ਓਜਾੜੇ ਕਾ ਬੰਧੁ
(ਧਨਾਸਰੀ ਮ: ੧, ਅੰਗ 662)

ਇਉਂ ਗੁਰੂ ਸਾਹਿਬ ਨੇ ਕਾਜ਼ੀ, ਬ੍ਰਾਹਮਣ ਅਤੇ ਜੋਗੀ ਦੀ ਧਾਰਮਿਕ/ਸਮਾਜਿਕ ਸੱਤਾ ਨੂੰ ਵੰਗਾਰਿਆ ਕਿਉਂਕਿ ਤਿੰਨੋਂ ਸਮਾਜ ਨੂੰ ਬਿਹਤਰ ਬਣਾਉਣ ਦੀ ਥਾਂ, ਸਮਾਜ ਨੂੰ ਲੁੱਟਣ ਅਤੇ ਗੁੰਮਰਾਹ ਕਰਨ ਵਿਚ ਲੱਗੇ ਹੋਏ ਸਨ।

ਜਾਤਪਾਤ ਤੇ ਕਰਾਰੀ ਚੋਟ ਮਾਰਦਿਆਂ ਗੁਰੂ ਸਾਹਿਬਾਨ ਨੇ ਬਹੁਤ ਸਪਸ਼ਟ ਸ਼ਬਦਾਂ ਵਿਚ ਸਾਨੂੰ ਸਿੱਖਿਆ ਦਿੱਤੀ ਸੀ ਕਿ ਜਾਤਪਾਤ ਦੀ ਫੋਕੀ ਹੈਂਕੜ ਕਿਸੇ ਕੰਮ ਦੀ ਨਹੀਂ:
ਜਾਤਿ ਕਾ ਗਰਬੁ ਨਾ ਕਰੀਅਹੁ ਕੋਈ
ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ
ਜਾਤਿ ਕਾ ਗਰਬੁ ਨਾ ਕਰ ਮੂਰਖ ਗਵਾਰਾ
ਇਸੁ ਗਰਬ ਤੇ ਚਲਹਿ ਬਹੁਤ ਵਿਕਾਰਾ
(ਭੈਰਉ, ਮ:੩, 1128)

ਇਸ ਤੋਂ ਵੀ ਅੱਗੇ ਜਾਂਦਿਆਂ ਗੁਰਬਾਣੀ ਕਿਸੇ ਮਨੁੱਖ ਦੀ ਜਾਤ ਨੂੰ, ਉਸ ਮਨੁੱਖ ਦੇ ਕਿਸੇ ਵਿਸ਼ੇਸ਼ ਜਾਤੀ ਵਿਚ ਜੰਮਣ ਨੂੰ ਪ੍ਰਵਾਨਗੀ ਨਹੀਂ ਦਿੰਦੀ ਸਗੋਂ ਇਸ ਦੇ ਉਲਟ ਗੁਰਬਾਣੀ ਤਾਂ ਕਿਸੇ ਬੰਦੇ ਵਲੋਂ ਕੀਤੇ ਕੰਮਾਂ ਨੂੰ ਉਸ ਦੀ ਹੋਣੀ ਲਈ ਜ਼ਿੰਮੇਵਾਰ ਪ੍ਰਵਾਨ ਕਰਦੀ ਹੈ।

ਜਾਤਿ ਜਨਮ ਨਹੁ ਪੂਛੀਐ ਸਚੁ ਘਰੁ ਲੇਹੁ ਬਤਾਇ
ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ
(ਪ੍ਰਭਾਤੀ ਮ: ੧, ਅੰਗ 1330)

ਗੁਰਬਾਣੀ ਵਿਚ ਤਾਂ 'ਸੋ ਪੰਡਿਤ ਜੋ ਮਨੁ ਪ੍ਰਬੋਧੈ' ਦੀ ਸਿੱਖਿਆ ਦੇਣ ਦੇ ਨਾਲ ਨਾਲ ਪੰਡਤ ਉਸ ਨੂੰ ਪ੍ਰਵਾਨ ਕੀਤਾ ਗਿਆ ਹੈ ਜਿਹੜਾ ਹਰ ਪ੍ਰਕਾਰ ਦੇ ਜਾਤਪਾਤ ਦੇ ਵਿਤਕਰੇ ਤੋਂ ਮੁਕਤ ਹੋ ਕੇ ਚਾਰੋਂ ਵਰਣਾਂ ਦੇ ਲੋਕਾਂ ਨੂੰ ਸਾਂਝਾ ਉਪਦੇਸ਼ ਦੇਣ ਦਾ ਯਤਨ ਕਰਦਾ ਹੈ:

ਸਿੱਖ ਧਰਮ ਵਿਚ ਲੰਗਰ ਦੀ ਪ੍ਰਥਾ ਨੇ ਜਾਤਪਾਤ ਨੂੰ ਤੋੜਨ ਵਿਚ ਬਹੁਤ ਫ਼ੈਸਲਾਕੁੰਨ ਅਤੇ ਇਤਿਹਾਸਕ ਭੂਮਿਕਾ ਨਿਭਾਈ ਹੈ। ਲੰਗਰ ਦੀ ਪ੍ਰਥਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਹੀ ਆਰੰਭ ਹੋ ਗਈ ਸੀ। ਪਰੰਤੂ ਇਸ ਨੂੰ ਇਕ ਸੰਸਥਾ ਦਾ ਰੂਪ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਦਿੱਤਾ। ਉਨ੍ਹਾਂ ਦੇ ਦਰਸ਼ਨਾਂ ਨੂੰ ਆਉਣ ਵਾਲੀ ਸੰਗਤ ਨੂੰ ਬਾਕਾਇਦਾ ਇਹ ਤਾਕੀਦ ਕੀਤੀ ਗਈ ਸੀ ਕਿ, ''ਪਹਿਲੇ ਪੰਗਤ ਪਾਛੈ ਸੰਗਤ'' ਜਾਤਪਾਤ ਵਿਚ ਬੁਰੀ ਤਰ੍ਹਾਂ ਫਸੇ ਭਾਰਤੀ ਸਮਾਜ ਵਿਚ ਇਹ ਇਕ ਬਹੁਤ ਵੱਡਾ ਇਨਕਲਾਬ ਸੀ। ਇਸ ਉੱਦਮ ਨੇ ਜਾਤਪਾਤ ਦੇ ਕੋੜ੍ਹ ਨੂੰ ਸਮਾਜ ਵਿੱਚੋਂ ਪੂਰੀ ਤਰ੍ਹਾਂ ਖ਼ਤਮ ਤਾਂ ਭਾਵੇਂ ਨਾ ਕੀਤਾ ਪਰੰਤੂ ਇਸ ਨਾਲ ਨੀਵੀਆਂ ਜਾਤਾਂ ਨਾਲ ਹੋਣ ਵਾਲੇ ਧਾਰਮਿਕ ਵਿਤਕਰੇ ਨੂੰ ਗੁਰਦੁਆਰਿਆਂ ਦੀ ਲੰਗਰ ਦੀ ਸੰਸਥਾ ਵਿਚ ਬਿਲਕੁਲ ਸਮਾਪਤ ਕਰ ਦਿੱਤਾ ਗਿਆ ਹੈ। ਇੱਥੋਂ ਤੀਕ ਕਿ ਅਕਬਰ ਵਰਗੇ ਬਾਦਸ਼ਾਹ ਨੂੰ ਵੀ ਗੋਇੰਦਵਾਲ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਤੋਂ ਪਹਿਲਾਂ ਪੰਗਤ ਵਿਚ ਬੈਠ ਕੇ ਪ੍ਰਸ਼ਾਦਿ ਛਕਣਾ ਪਿਆ। ਇਉਂ ਇਸ ਸੰਸਥਾ ਨੇ ਰਾਜਾ ਰੰਕ ਦੀ ਬਰਾਬਰੀ ਲਈ ਰਾਹ ਪੱਧਰਾ ਕੀਤਾ। ਸਿੱਖ ਧਰਮ ਦੇ ਵਿਚ ਲੰਗਰ ਛਕਾਉਣ ਵੇਲੇ ਜਾਤ-ਪਾਤ ਦਾ ਵਿਤਕਰਾ ਤਾਂ ਕਿਤੇ ਰਹਿ ਗਿਆ, ਇਥੇ ਤਾਂ ਇਤਿਹਾਸ ਗਵਾਹ ਹੈ ਕਿ ਸਿੰਘ ਜਦੋਂ ਜੰਗਲਾਂ ਵਿਚ ਰਹਿ ਕੇ ਗੁਰੀਲਾ ਲੜਾਈ ਲੜਦੇ ਸਨ, ਤਾਂ ਲੰਗਰ ਘੰਟੀ ਵਜਾ ਕੇ ਛਕਦੇ ਸਨ ਅਤੇ ਉਸ ਵੇਲੇ ਜੇ ਕੋਈ ਦੁਸ਼ਮਣ ਵੀ ਪੰਗਤ ਵਿਚ ਆ ਕੇ ਬੈਠ ਜਾਂਦਾ ਸੀ ਤਾਂ ਉਸ ਨਾਲ ਵਿਤਕਰਾ ਨਹੀਂ ਕਰਦੇ ਸਨ। ਲੰਗਰ ਉਸ ਨੂੰ ਵੀ ਬਰਾਬਰ ਮਿਲਦਾ ਸੀ। ਉਸ ਉਪਰ ਕੋਈ ਵਾਰ ਨਹੀਂ ਕਰਦਾ ਸੀ। ਇੱਥੋਂ ਤੀਕ ਕਿ ਲੰਗਰ ਵਰਤਾਉਣ ਵਾਲਿਆਂ ਨੂੰ ਜੇ ਲੰਗਰ ਆਪਣੇ ਖਾਣ ਲਈ ਨਹੀਂ ਵੀ ਬਚਦਾ ਸੀ ਤਾਂ ਇਸ ਉਪਰ ਉਹ ਕੋਈ ਉਜਰ ਨਹੀਂ ਕਰਦੇ ਸਨ। ਇਸ ਇਤਿਹਾਸਕ ਹਵਾਲੇ ਦਾ ਜ਼ਿਕਰ ਇਉਂ ਮਿਲਦਾ ਹੈ:

ਦੇਗ ਤਿਆਰ ਗੁਰ ਹੋਈ
ਓਸ ਸਮੇਂ ਵੈਰੀ ਕਿਨ ਆਵੈ
ਪਰਮ ਮੀਤ ਸਮ ਤਾਹਿ ਛਕਾਵੈ
ਵੈਰੀ ਮਿਤ੍ਰਨ ਕੋ ਸਮ ਦੈ ਹੈਂ
ਬਚੇ ਜੋ ਪਾਛੈ ਖੁਦ ਖਾ ਲੈ ਹੈਂ
ਨਹਿਂ ਤੋ ਲੰਗਰ ਮਸਤ ਬਨੈ ਹੈਂ
(ਜਸਵੰਤ ਸਿੰਘ ਨੇਕੀ, ਗੁਰਮਤਿ ਮਨੋਵਿਗਿਆਨ, ਪੰਨਾ-156)

ਸੱਚ ਜਾਣੋ ਮੇਰੇ ਲਈ ਇਸ ਤੋਂ ਵੱਡੀ ਨਮੋਸ਼ੀ ਦੀ ਗੱਲ ਹੋਰ ਕੋਈ ਹੋ ਹੀ ਨਹੀਂ ਸਕਦੀ ਕਿ ਗੁਰੂ ਸਾਹਿਬਾਨਾਂ ਵਲੋਂ ਜਾਤ-ਪਾਤ ਦੇ ਕੋਹੜ ਦਾ ਮੁੱਢੋਂ ਹੀ ਫਾਹਾ ਵੱਢ ਦੇਣ ਵਾਲੀ ਦਿੱਤੀ ਸਿੱਖਿਆ ਦੇ ਬਾਵਜੂਦ, ਅਸੀਂ ਸਿੱਖ ਧਰਮ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਲੋਂ ਦਿੱਤੀ ਮਹਾਨ ਸਿੱਖਿਆ ਨੂੰ ਮੂਲੋਂ ਹੀ ਤਿਲਾਂਜਲੀ ਦੇ ਕੇ ਮੁੜ ਕੇ ਸਮਾਜ ਨੂੰ ਵੰਡਣ ਅਤੇ ਟੁਕੜੇ-ਟੁਕੜੇ ਕਰਨ ਵਾਲੀ ਸੋਚ ਦੇ ਰਾਹ ਪੈ ਚੁੱਕੇ ਹਾਂ। ਸਾਨੂੰ ਇਹ ਵੀ ਭੁੱਲ ਗਿਆ ਹੈ ਕਿ ਗੁਰੂ ਨਾਨਕ ਸਾਹਿਬ ਨੇ ਸਾਰੀ ਉਮਰ ਵਿਚ ਚਾਰ ਉਦਾਸੀਆਂ ਰਾਹੀਂ ਸਾਰੀ ਮਨੁੱਖਤਾ ਨੂੰ ਜਗਾਉਣ ਅਤੇ ਧਰਮ, ਜਾਤ, ਇਲਾਕੇ, ਬੋਲੀ ਅਤੇ ਆਰਥਿਕ ਨਾ ਬਰਾਬਰੀ ਵਿਚ ਫਸੇ ਲੋਕਾਂ ਨੂੰ ਮਨੁੱਖੀ ਬਰਾਬਰੀ, ਸਾਂਝੀਵਾਲਤਾ ਅਤੇ ਭਾਈਚਾਰੇ ਦੀ ਜਿਹੜੀ ਮਹਾਨ ਸਿੱਖਿਆ ਦਿੱਤੀ ਅਤੇ ਗੁਰੂ ਗੋਬਿੰਦ ਸਿੰਘ ਨੇ ਸਰਬੰਸ ਵਾਰ ਕੇ 'ਗਰੀਬ ਸਿੰਘਾਂ' ਨੂੰ ਜਿਹੜੀ ਪਾਤਿਸ਼ਾਹੀ ਦਿੱਤੀ ਸੀ, ਉਸ ਨੂੰ ਅਸੀਂ ਕਿਉਂ-ਭੁੱਲ ਬੈਠੇ ਹਾਂ! ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਮਾਜ ਵਿਚ ਨੀਵੀਆਂ ਸਮਝੀਆਂ ਜਾਣ ਵਾਲੀਆਂ ਜਾਤਾਂ ਵਿਚੋਂ ਪੰਜ ਸਿੰਘਾਂ ਨੂੰ ਚੁਣ ਕੇ ਨਾ ਕੇਵਲ ਕੁਲ, ਜਾਤ ਦੇ ਵਿਤਕਰੇ ਨੂੰ ਖ਼ਤਮ ਕੀਤਾ ਸਗੋਂ ਇੰਨ੍ਹਾਂ ਨੀਚ ਸਮਝੇ ਜਾਣ ਵਾਲੇ ਸਿੰਘਾਂ ਤੋਂ ਖ਼ੁਦ ਮੰਗ ਕੇ ਅੰਮ੍ਰਿਤ ਛਕਿਆ ਅਤੇ ਇਉਂ ਗੁਰੂ ਚੇਲੇ ਵਿਚਲੇ ਫ਼ਰਕ ਨੂੰ ਸਮਾਪਤ ਕਰਦਿਆਂ,

ਵਾਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ
ਵਾਹਿ ਵਾਹਿ ਗੋਬਿੰਦ ਸਿੰਘ ਆਪੇ ਗੁਰ ਚੇਲਾ
ਇਨਕਲਾਬੀ ਲੋਕ ਕਵੀ ਸੰਤ ਰਾਮ ਉਦਾਸੀ ਨੇ ਗੁਰੂ ਚੇਲੇ ਵਿਚਲੇ ਫਰਕ ਨੂੰ ਗੁਰੂ ਜੀ ਵਲੋਂ ਖ਼ਤਮ ਕਰ ਦੇਣ ਬਾਰੇ ਕਿੰਨਾ ਠੀਕ ਲਿਖਿਆ ਹੈ ਕਿ

ਮੈਂ ਏਸੇ ਲਈ ਸੀ ਜੰਗ ਗੜ੍ਹੀ ਚਮਕੌਰ ਦਾ ਲੜਿਆ,
ਕਿ ਕੱਚੇ ਕੋਠੇ ਸਾਹਵੇਂ ਮਹਿਲ ਤੇ ਮੀਨਾਰ ਝੁਕ ਜਾਵੇ।
ਮੈਂ ਇਸੇ ਲਈ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਸੀ,
ਕਿ ਰਿਸ਼ਤਾ ਜੱਗ ਤੋਂ ਮਾਲਕ ਤੇ ਸੇਵਾਦਾਰ ਦਾ ਮੁੱਕ ਜਾਵੇ।

ਅੱਜ ਇੰਨੀ ਵੱਡੀ ਗ਼ਰੀਬ ਪੱਖੀ ਤੇ ਜਾਤ-ਪਾਤ ਵਿਰੋਧੀ ਵਿਰਾਸਤ ਨੂੰ ਛੱਡ ਕੇ ਮੁੜ ਜਾਤਪਾਤ ਅਤੇ ਸਮਾਜਕ ਵੰਡ ਦੀ ਉਸੇ ਜਿਲ੍ਹਣ ਵਿਚ ਖੁਭਣ ਲੱਗੇ ਹਾਂ, ਜਿੱਥੋਂ ਗੁਰੂ ਸਾਹਿਬਾਨ ਅਤੇ ਭਗਤਾਂ ਨੇ ਸਾਨੂੰ ਕੱਢਿਆ ਸੀ। ਸਿੱਖ ਗੁਰੂ ਸਾਹਿਬਾਨ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਨ ਸਿੱਖਿਆ ਤੋਂ ਮੂੰਹ ਮੋੜਦਿਆਂ, ਅਸੀਂ ਜਾਤਾਂ ਤੇ ਆਧਾਰਿਤ ਗੁਰਦੁਆਰੇ ਬਣਾ ਲਏ ਹਨ। ਧਰਮਸ਼ਾਲਾਵਾਂ ਵੱਖ-ਵੱਖ ਕਰ ਲਈਆਂ ਹਨ। ਅਸੀਂ ਇੰਨਾਂ ਮਾਰੂ ਰੀਤਾਂ ਅਤੇ ਵਿਤਕਰੇ ਪੈਦਾ ਕਰਨ ਵਾਲੀ ਸੋਚ ਦੇ ਸ਼ਿਕਾਰ ਹੋ ਕੇ ਹੁਣ ਸਿਵੇ ਵੀ ਵੰਡ ਲਏ ਹਨ।

ਸਾਰੇ ਸੰਸਾਰ ਅੰਦਰ ਅਤੇ ਖੁਦ ਭਾਰਤ ਦੀ ਰਾਜਧਾਨੀ ਦਿੱਲੀ ਜਾਂ ਹੋਰ ਮਹਾਂਨਗਰਾਂ, ਇੱਥੋ ਤੀਕ ਕਿ ਸਾਡੇ ਆਪਣੇ ਸ਼ਹਿਰ ਪਟਿਆਲੇ ਵਿਚ, ਬੀਰ ਜੀ ਦਸੌਂਧੀ ਰਾਮ ਯਾਦਗਾਰੀ ਸ਼ਮਸ਼ਾਨ ਘਾਟ ਸਮੇਤ ਸਾਰੀਆਂ ਸ਼ਮਸ਼ਾਨ ਘਾਟਾਂ ਵਿਚ ਸਾਰੇ ਮ੍ਰਿਤਕ ਸਰੀਰਾਂ ਦਾ ਬਿਨਾਂ ਕਿਸੇ ਵਿਤਕਰੇ ਤੋਂ ਬੜੇ ਅਦਬ ਨਾਲ ਅਸੀਂ ਸੰਸਕਾਰ ਕਰਦੇ ਹਾਂ। ਕਦੀ ਕਿਸੇ ਨੇ ਕਿਸੇ ਦੇ ਦਲਿਤ, ਬਾਲਮੀਕੀ ਜਾਂ ਜਾਤ ਅਧਾਰਿਤ ਕਿਸੇ ਹੋਰ ਵਿਤਕਰੇ ਦੀ ਕੋਈ ਗੱਲ ਨਹੀਂ ਕੀਤੀ ਜਾ ਸੁਣੀ ਹੋਣੀ।

ਸੋਚਣ ਵਾਲੀ ਗੱਲ ਇਹ ਹੈ ਕਿ ਸੰਸਕਾਰ ਕਰਨ ਨਾਲ ਜਦੋਂ ਬੰਦਾ ਚਲਾ ਹੀ ਗਿਆ ਤਾਂ ਅੱਧੇ ਘੰਟੇ ਬਾਅਦ ਰਾਖ ਤੋਂ ਬਿਨਾਂ ਉਸ ਦਾ ਕੁੱਝ ਵੀ ਬਾਕੀ ਨਹੀਂ ਬਚਦਾ। ਕੀ ਜਾਤਪਾਤ ਦੇ ਕੋਹੜ ਨੂੰ ਅਸੀਂ 'ਪਰਲੋਕ' ਵਿਚ ਵੀ ਨਾਲ ਲੈ ਕੇ ਜਾਣਾ ਚਾਹੁੰਦੇ ਹਾਂ। ਇਸ ਤੋਂ ਵੀ ਵੱਧ ਚਿੰਤਾਜਨਕ ਗੱਲ ਇਹ ਹੈ ਕਿ ਅਸੀਂ ਛੁਤ-ਛਾਤ 'ਤੇ ਅਦਾਰਿਤ, ਅਜਿਹੇ ਵਿਤਕਰੇ ਭਰੇ ਸਮਾਜਿਕ ਵਿਹਾਰ ਰਾਹੀਂ ਆਪਣੀ ਨੌਜਵਾਨ ਪੀੜ੍ਹੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਸਿੱਖੀ ਦੇ ਕਿਹੜੇ ਆਦਰਸ਼ਾਂ ਦੀ ਤਸਵੀਰ ਪੇਸ਼ ਕਰ ਰਹੇ ਹਾਂ। ਮੇਰੀ ਸਾਰੇ ਧਰਮਾਂ, ਸਾਰੇ ਵਰਗਾਂ, ਸਾਰੀਆਂ ਜਾਤਾਂ (ਮੈਂ ਜਾਤਾਪਾਤ ਨੂੰ ਭੋਰਾ ਨਹੀਂ ਮੰਨਦਾ) ਸਾਰੇ ਇਲਾਕਿਆਂ ਦੇ ਲੋਕਾਂ ਨੂੰ, ਸਿੱਖ ਧਰਮ ਦੇ ਧਾਰਮਿਕ ਆਗੂਆਂ ਅਤੇ ਵਿਸ਼ੇਸ਼ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਤਿਕਾਰਯੋਗ ਜਥੇਦਾਰ ਸਾਹਿਬ ਅਤੇ ਸਿੱਖਾਂ ਦੇ ਪੰਜਾਂ ਤਖਤਾਂ ਦੇ ਸਤਿਕਾਰਯੋਗ ਜੱਥੇਦਾਰ ਸਾਹਿਬਾਨਾਂ, ਸਿੱਖ ਸੰਤਾਂ, ਮਹਾਂਪੁਰਸ਼ਾਂ, ਸਿੱਖ ਬੁੱਧਜੀਵੀਆਂ, ਸਿੱਖ ਚਿੰਤਕਾਂ, ਸਿੱਖ ਸਿਧਾਂਤਕਾਰਾਂ ਅਤੇ ਸਿੱਖ ਧਰਮ ਵਿਚ ਸੱਚੀ ਸ਼ਰਧਾ ਅਤੇ ਵਿਸ਼ਵਾਸ਼ ਰੱਖਣ ਵਾਲੇ ਸਾਰੇ ਸਤਿਕਾਰਯੋਗ ਵੀਰਾਂ ਤੇ ਭੈਚਾਂ ਨੂੰ ਅਪੀਲ ਹੈ, ਕਿ ਆਓ ਆਪਾਂ ਸਾਰੇ ਇਕੱਠੇ ਹੋ ਕੇ ਇਕ ਮਤ ਅਤੇ ਸਾਂਝੀ ਸਹਿਮਤੀ ਨਾਲ ਸਿੱਖ ਧਰਮ ਦੀ ਮਹਾਨ ਮਾਨਵਵਾਦੀ ਵਿਰਾਸਤ ਉਪਰ ਮੁੜ ਤੋਂ ਲੱਦੀ ਜਾ ਰਹੀ ਜਾਤ-ਪਾਤ ਦੀ ਇਸ ਅਮਰਵੇਲ ਨੂੰ ਲਾਹ ਮਾਰਨ ਲਈ, ਸਾਰੇ ਸਮਾਜ ਨੂੰ ਨਾਲ ਲੈ ਕੇ ਇਕਮੁੱਠ ਹੋ ਕੇ ਇਸ ਲਾਹਨਤ ਨੂੰ ਵਿਚਾਰਧਾਰਕ, ਸਿਧਾਂਤਕ, ਧਾਰਮਿਕ ਅਤੇ ਸਮਾਜਕ ਤੌਰ ਤੇ ਸੰਗਠਿਤ ਹੋ ਕੇ ਇਸ ਦਾ 'ਕੀਰਤਨ ਸੋਹਿਲਾ' ਪੜ੍ਹੀਏ ਅਤੇ ਹਰ ਪਿੰਡ ਵਿਚ ਸਾਰੀਆਂ ਜਾਤਾਂ ਲਈ ਸਾਂਝੇ ਗੁਰਦੁਆਰਾ ਸਾਹਿਬ, ਸਾਂਝੀਆਂ ਧਰਮਸ਼ਾਲਾਵਾਂ ਅਤੇ ਸਾਂਝੇ ਸ਼ਮਸ਼ਾਨ ਘਾਟ ਉਸਾਰਨ ਲਈ ਸੁਚੇਤ ਯਤਨ ਆਰੰਭ ਕਰੀਏ। ਸਮਾਜ ਨੂੰ ਜੋੜੀਏ ਅਤੇ ਸਮਾਜ ਵਿਚੋਂ ਵਿਤਕਰੇ, ਛੂਤ-ਛਾਤ ਨੂੰ ਖ਼ਤਮ ਕਰੀਏ। ਗ਼ਰੀਬ ਲੋਕਾਂ ਨੂੰ ਜੰਮਣ, ਮਰਨ, ਵਿਆਹ ਨਾਲ ਜੁੜੀਆਂ ਖ਼ਰਚੀਲੀਆਂ ਰਸਮਾਂ ਅਤੇ ਰੀਤਾਂ ਨੂੰ ਸਮਾਪਤ ਕਰਦਿਆਂ, ਇਕ ਸਿਹਤਮੰਦ, ਜਾਗਰੂਕ ਅਤੇ ਸੱਚ ਉਤੇ ਪਹਿਰਾ ਦੇਣ ਵਾਲੇ ਤੇ ਗ਼ਰੀਬਾਂ ਦੀ ਬਾਂਹ ਫੜਨ ਵਾਲੇ ਸਮਾਜ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਪਾਈਏ। ਇੱਥੇ ਇਹ ਜ਼ਿਕਰ ਕਰਨਾ ਵਾਜਬ ਹੋਵੇਗਾ ਕਿ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਹਕੂਮਤੀ ਜਬਰ ਨੂੰ ਵੰਗਾਰਦਿਆਂ ਇਹ ਭਾਈ ਜੈਤਾ ਹੀ ਸੀ ਜਿਸਨੇ ਗੁਰੂ ਸਾਹਿਬ ਦੇ ਸੀਸ ਨੂੰ ਆਪਣੀ ਜਾਨ ਤਲੀ ਤੇ ਧਰ ਕੇ ਆਨੰਦਪੁਰ ਸਾਹਿਬ ਲਿਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅੰਤਿਮ ਦਰਸ਼ਨ ਕਰਾਏ। ਗੁਰੂ ਸਾਹਿਬ ਨੇ ਭਾਈ ਜੈਤੇ ਨੂੰ ''ਰੰਘਰੇਟੇ ਗੁਰੂ ਕੇ ਬੇਟੇ'' ਦਾ ਰੁਤਬਾ ਦਿੱਤਾ। ਗੁਰੂ ਦੇ ਬੇਟਿਆਂ ਨੂੰ ਅੱਜ ਮ੍ਰਿਤਕ ਸਰੀਰ ਦਾ ਸੰਸਕਾਰ ਵੀ ਸਾਂਝੇ ਸ਼ਮਸ਼ਾਨ ਘਾਟ ਵਿਚ ਕਰਨ ਤੋਂ ਸਾਡੇ ਮਨਾਂ ਵਿਚ ਵਿਤਕਰਾ ਕਿਉਂ ਪੈਦਾ ਹੁੰਦਾ ਹੈ? ਇਹ ਸਵਾਲ ਸਾਰੇ ਸਮਾਜ ਲਈ ਵਿਸ਼ੇਸ਼ ਕਰਕੇ ਸਿੱਖ ਭਾਈਚਾਰੇ ਲਈ ਇਕ ਚੁਣੌਤੀ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਇਸ ਚੁਣੌਤੀ ਦਾ ਉੱਤਰ ਅਸੀਂ ਗੁਰਬਾਣੀ ਦੇ ਚਾਨਣ ਰਾਹੀਂ ਗੁਰਮੁਖਤਾ ਨਾਲ ਦਿੰਦੇ ਹਾਂ ਜਾਂ ਜਾਤ-ਪਾਤੀ ਹਉਮੈ ਵਿਚ ਗ੍ਰਸੀ ਆਪਣੀ ਮਨਮੁਖਤਾ ਨਾਲ।

ਜਿਹੜੇ ਲੋਕ ਅੱਜ 'ਸਿੱਖ ਧਰਮ ਨੂੰ ਖਤਰੇ' ਦੀ ਦੁਹਾਈ ਦਿੰਦੇ ਹਨ, ਉਹ ਗੁਰਮੁਖ ਨਾ ਹੋ ਕੇ ਮਨਮੁਖੀ ਹੋ ਸਕਦੇ ਹਨ। ਉਹ ਜਾਣਦੇ ਹੀ ਨਹੀਂ ਕਿ ਸਿੱਖ ਧਰਮ ਕੇਵਲ ਸਿੱਖਾਂ ਲਈ ਹੀ ਨਹੀਂ, ਬਲਕਿ ਸਮੂਹ ਜਗਤ ਲੋਕਾਈ ਲਈ ਹੈ। ਉਹ ਜਾਣਦੇ ਹੀ ਨਹੀਂ ਕਿ ਸਿੱਖ ਧਰਮ ਮਹਿਜ਼ ਜੀਵਨ ਦਰਸ਼ਨ ਹੀ ਨਹੀਂ, ਨਿਆਰਾ ਜੀਵਨ ਢੰਗ, ਜੀਵਨ ਜਾਂਚ ਵੀ ਹੈ। ਅਜੋਕੇ ਸੰਸਾਰ ਅੰਦਰ ਜੇਕਰ ਸਿੱਖ ਧਰਮ ਦੇ ਸਰਵ ਸਾਂਝੀਵਾਲਤਾ ਅਤੇ 'ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ' ਵਰਗੇ ਸਮੂਹ ਲੋਕਾਈ ਨੂੰ ਆਪਣੇ ਕਲਾਵੇ ਵਿੱਚ ਲੈਣ ਅਤੇ ਨਿਮਾਣਿਆਂ ਦੇ ਮਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ ਵਰਗੇ ਸਮਾਜਿਕ ਇਨਕਲਾਬੀ ਉਦੇਸ਼ਾਂ ਤੇ ਆਦਰਸ਼ਾਂ 'ਤੇ ਚੱਲ ਕੇ ਲੋਕਾਂ ਦੀ ਅਗਵਾਈ ਕੀਤੀ ਜਾਵੇ ਤਾਂ ਖਤਰਾ ਸਿੱਖ ਧਰਮ ਨੂੰ ਨਹੀਂ, ਬਲਕਿ ਵਿਤਕਰਿਆਂ 'ਤੇ ਉਸਰੀ ਸਮੂਹ ਸੱਤਾ 'ਤੇ ਸਥਾਪਤੀ ਅਤੇ ਬਾਕੀ ਸਾਰੇ ਧਰਮਾਂ ਨੂੰ ਜ਼ਰੂਰ ਖੜਾ ਹੋ ਸਕਦਾ ਹੈ।

ਸਿੱਖ ਧਰਮ ਦੇ ਅਗਵਾਣੂ, ਸਿੱਖ ਚਿੰਤਕ, ਸਿੱਖ ਬੁੱਧਜੀਵੀ ਤੇ ਸਿਧਾਂਤਕਾਰ ਸਿੱਖੀ ਦੇ ਇਸ ਪੱਖ ਤੋਂ ਪੂਰੀ ਤਰਾਂ ਜਾਣੂ ਨਹੀਂ, ਮੈਂ ਇਹ ਮੰਨਣ ਨੂੰ ਤਿਆਰ ਨਹੀਂ ਹਾਂ। ਲੱਗਦਾ ਇਹ ਹੈ ਕਿ ਉਹ ਸਿੱਖੀ ਦੇ ਇਸ ਪੱਖ ਨੂੰ ਉਜਾਗਰ ਕਰਕੇ ਆਪਣੀ ਆਰਾਮਪ੍ਰਸਤ ਜ਼ਿੰਦਗੀ ਵਿੱਚ ਖਲਲ ਪੈਣ ਦੇ ਡਰੋਂ, ਜਾਣ ਬੁੱਝ ਕੇ ਅੱਖਾਂ ਮੀਟੀ ਬੈਠੇ ਹਨ। ਉਹ ਸਿੱਖ ਧਰਮ ਦੀ ਵਿਸ਼ਾਲਤਾ ਨੂੰ ਅਰਥ ਦੇਣ ਅਤੇ ਬਿਖੜੇ ਪੈਂਡਿਆਂ ਦੇ ਰਾਹੀ ਬਣਨ ਤੋਂ ਡਰਦੇ ਇਸਨੂੰ ਕੇਵਲ ਸਿੱਖ ਜਗਤ ਤੱਕ ਹੀ ਸੀਮਿਤ ਰੱਖਣ ਦਾ ਆਸਾਨ ਰਸਤਾ ਚੁਣੀ ਬੈਠੇ ਹਨ। ਉਹ ਇਸਨੂੰ ਇਸਦੇ ਬਾਹਰੀ ਰੂਪ ਜਾਂ ਸਾਖੀਆਂ/ਸਤਿਸੰਗਾਂ/ਦੀਵਾਨਾਂ ਤੱਕ ਹੀ ਸੀਮਿਤ ਕਰਕੇ ਰੱਖਣਾ ਚਾਹੁੰਦੇ ਹਨ। ਸਿੱਖ ਧਰਮ ਅੰਦਰ ਬੁਰੀ ਤਰਾਂ ਪੈਰ ਪਸਾਰ ਚੁੱਕੀ ਬ੍ਰਾਹਮਣਵਾਦੀ ਸੋਚ ਤੇ ਕਰਮਕਾਂਡੀ ਧਾਰਮਿਕ ਅਭਿਆਸ ਉਹਨਾਂ ਨੂੰ ਦਿਖਾਈ ਨਹੀਂ ਦੇ ਰਿਹਾ। ਸੰਗਤ ਤੇ ਪੰਗਤ ਵਰਗੇ ਸੁਨੱਖੇ ਸੰਕਲਪਾਂ ਅੰਦਰ ਆਏ ਨਿਘਾਰ ਅਤੇ ਪ੍ਰਤੱਖ ਵਿਗਾੜਾਂ ਤੋਂ ਉਹ ਅੱਖਾਂ ਮੁੰਦੀ ਬੈਠੇ ਹਨ। ਕੋਈ ਮੰਨੇ ਭਾਵੇਂ ਨਾ, ਪਰ ਸੱਚ ਇਹ ਹੈ ਕਿ ਪਿਛਲੇ 500 ਸਾਲਾਂ ਅੰਦਰ ਸਿੱਖ ਧਰਮ ਦਾ ਹੋਲੀ-ਹੋਲੀ ਬ੍ਰਾਹਮਣੀਕਰਨ ਹੋ ਚੁੱਕਿਆ ਹੈ ਜਾਂ ਹੋਣ ਕਿਨਾਰੇ ਹੈ।

ਫਿਰ ਵੀ ਮੈਂ ਆਸ ਕਰਦਾ ਹਾਂ ਕਿ ਸਿੱਖ ਸੰਗਤ ਦਾ ਵਿਸ਼ਾਲ ਹਿੱਸਾ, ਸਿੱਖੀ ਤੇ ਸਿੱਖ ਧਰਮ ਦੇ ਮਾਨਵਤਾਵਾਦੀ ਅਤੇ ਸਰਬਤ ਦੇ ਭਲੇ ਵਾਲੇ ਇਨਕਲਾਬੀ ਵਿਰਸੇ ਨੂੰ ਬਚਾਉੇਣ ਲਈ ਸਿੱਖ ਜਗਤ ਅੰਦਰ ਮੁੜ ਪੈਰ ਪਸਾਰ ਚੁੱਕੀ ਜਾਤ-ਪਾਤੀ ਵਿਵਸਥਾ ਦੇ ਖਿਲਾਫ, ਸ਼ੁਰੂ ਕੀਤੇ ਜਾ ਰਹੇ ਜਾਗਰੂਕਤਾ ਅਭਿਆਨ ਦੇ ਇਸ ਪਹਿਲੇ ਕਦਮ ਵਿੱਚ, ਉਹ ਮੇਰੇ ਵਰਗੇ ਅਨੇਕਾਂ ਹੋਰ ਨਿਮਾਣੇ ਜਿਹੇ ਵਿਅਕਤੀਆਂ ਦਾ ਸਾਥ ਜ਼ਰੂਰ ਦੇਵੇਗਾ।

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ