Thu, 18 April 2024
Your Visitor Number :-   6981880
SuhisaverSuhisaver Suhisaver

ਸਮਾਜਿਕ ਵੰਡੀਆਂ ਲਈ ਯੋਗ ਨੂੰ ਬਣਾਇਆ ਜਾ ਰਿਹਾ ਹੈ ਮਾਧਿਅਮ - ਹਰਜਿੰਦਰ ਸਿੰਘ ਗੁਲਪੁਰ

Posted on:- 03-07-2015

suhisaver

ਮਾਨਸਿਕ ਅਤੇ ਸਰੀਰਕ ਕਸਰਤ ਦੀ ਇੱਕ ਵਿਧੀ ਵਜੋਂ ਭਾਰਤ ਅੰਦਰ ਯੋਗ ਨੂੰ ਪੁਰਾਤਨ ਸਮੇਂ ਤੋਂ ਹੀ ਮਾਨਤਾ ਹਾਸਲ ਰਹੀ ਹੈ। ਯੋਗ ਹੀ ਨਹੀਂ ਆਯੁਰਵੇਦ , ਸ਼ਾਸ਼ਤਰੀ ਸੰਗੀਤ, ਸ਼ਾਸ਼ਤਰੀ ਨਿਰਤ ਆਦਿ ਭਾਰਤੀ ਸੰਸਕ੍ਰਿਤੀ ਦਾ ਅਜਿਹਾ ਹਾਸਲ ਹਨ, ਜਿਸ ਉੱਤੇ ਪੂਰਾ ਭਾਰਤੀ ਸਮਾਜ ਫਖਰ ਮਹਿਸੂਸ ਕਰਦਾ ਆਇਆ ਹੈ।ਇਹਨਾਂ ਵਿਸ਼ਿਆਂ ਨੂੰ ਸਕੂਲਾਂ ਅਤੇ ਉੱਚ ਵਿੱਦਿਅਕ ਅਦਾਰਿਆਂ ਦੇ ਸਿਲੇਬਸ ਵਿਚ ਸਤਿਕਾਰਯੋਗ ਸਥਾਨ ਹਾਸਲ ਹੈ।ਜਿਥੋਂ ਤੱਕ ਯੋਗ ਦੇ ਸ਼ਾਬਦਿਕ ਅਰਥਾਂ ਦਾ ਸਬੰਧ ਹੈ, ਮੁੱਢਲੀ ਜਾਣਕਾਰੀ ਅਨੁਸਾਰ ਇਹ ਸੰਸਕ੍ਰਿਤ ਦੇ ਯੁਯ ਸ਼ਬਦ ਚੋਂ ਲਿਆ ਗਿਆ ਹੈ, ਜਿਸ ਦਾ ਅਰਥ ਹੈ ਦੋ ਪੱਖਾਂ  ਦਾ ਮਿਲਾਣ ਜਾਂ ਸਰੀਰ ਦਾ ਕੁੱਲ ਜਮਾਂ ਜੋੜ।ਵੱਖ ਵੱਖ ਪੱਧਰ ਤੇ ਇਸ ਵਿਸ਼ੇ ਦੀਆਂ ਲਿਖਤੀ ਅਤੇ ਪ੍ਰਯੋਗੀ ਪਰੀਖਿਆਵਾਂ ਪੁਰਾਤਨ ਸਮੇਂ ਤੋਂ ਹੁੰਦੀਆਂ ਆਈਆਂ ਹਨ ।

ਭਾਰਤੀ ਸਮਾਜ ਦੇ ਕਿਸੇ ਵੀ ਵਰਗ ਨੇ ਕਦੇ ਵੀ ਇਸ ਉੱਤੇ ਕਿੰਤੂ ਪ੍ਰੰਤੂ ਨਹੀਂ ਕੀਤਾ ਕਿ ਉਹਨਾਂ ਦੇ ਬਚਿਆਂ ਨੂੰ ਯੋਗ ਹੋਰ ਰਵਾਇਤੀ ਵਿਸ਼ਿਆਂ ਦੀ ਸਿਖਿਆ ਨਾ ਦਿਤੀ ਜਾਵੇ। ਜੇਕਰ ਗੂਗਲ ਸਾਈਟ ਤੇ ਜਾ ਕੇ ਯੋਗਾ ਅਤੇ ਇਸਲਾਮ ਵਾਰੇ ਖੋਜ ਕੀਤੀ ਜਾਵੇ ਤਾਂ ਕਿਤੇ ਵੀ ਅਜਿਹਾ ਪ੍ਰਤੀਤ ਨਹੀਂ ਹੁੰਦਾ ਕਿ ਦੋਹਾਂ ਦਾ ਕਿਸੇ ਮੁਕਾਮ ’ਤੇ ਟਕਰਾ ਹੋਇਆ ਹੋਵੇ।

ਗੂਗਲ ਤੇ ਇਹ ਜਾਣਕਾਰੀ ਪ੍ਰਾਪਤ ਹੁੰਦੀ ਹੈ ਕਿ ਕੇਵਲ ਭਾਰਤ ਹੀ ਨਹੀਂ ਦਰਜਨਾਂ ਅਜਿਹੇ ਮੁਸਲਿਮ ਦੇਸ਼ ਹਨ ਜਿਥੇ ਯੋਗ ਨਾਲ ਸਬੰਧਿਤ ਇਲਮ ਉੱਤੇ ਚਰਚਾ ਹੁੰਦੀ ਰਹੀ ਹੈ।ਹੋਰ ਤਾਂ ਹੋਰ ਸਨ  1977 ਵਿਚ ਅਸ਼ਰਫ਼ ਐਫ ਨਿਜਾਮੀ ਨੇ ਇੱਕ ਕਿਤਾਬ ਲਿਖੀ ਸੀ ਜਿਸ ਦਾ ਸਿਰਲੇਖ ਸੀ 'ਨਮਾਜ ; ਦਾ ਯੋਗ ਆਫ ਇਸਲਾਮ'।ਇਸ ਕਿਤਾਬ ਨੂੰ ਭਾਰਤੀ ਸਮਾਜ ਵਲੋਂ ਖੁਸ਼ਾਮਦੀਦ ਆਖਿਆ ਗਿਆ ਸੀ ।ਕਹਿਣ ਦਾ ਭਾਵ ਹੈ ਕਿ ਹੁਣ ਤੱਕ ਦੇ ਇਤਿਹਾਸਕ ਪਿਛੋਕੜ ਨੂੰ ਦੇਖਦਿਆਂ ਇਹ ਦਾਅਵਾ ਕੀਤਾ ਜਾ ਸਕਦਾ ਹੈ ਕਿ ਯੋਗ ਕਿਰਿਆ ਅਤੇ ਇਸਲਾਮ ਦਾ ਕਦੇ ਵੀ ਆਪਸੀ ਵਿਰੋਧ ਨਹੀਂ ਰਿਹਾ।ਯੋਗ ਅਤੇ ਇਸਲਾਮ ਦੀ ਸਕਾਰਾਤਮਿਕ ਤੁਲਣਾ ਦੋਹਾਂ ਦੇ ਆਪੋ ਆਪਣੀ ਜਗਾ ਸਥਾਪਤ ਹੋਣ ਤੋਂ ਲੈ ਕੇ ਹੁੰਦੀ ਆਈ ਹੈ।ਪਰ ਅਚਾਨਕ ਕੀ ਹੋ ਗਿਆ ਕਿ ਪੜੇ ਲਿਖੇ ਦਾਨਸ਼ਵਰ ,ਰਾਜਸੀ ਅਤੇ ਧਾਰਮਿਕ ਮੁਸਲਮਾਨ ਇਕ ਦਮ ਯੋਗ ਦੇ ਖਿਲਾਫ਼ ਬੋਲਣ ਦੀ ਜਿਦ ਕਰਨ ਲੱਗ ਪਏ?ਅਸਲ ਵਿਚ ਬੜੇ ਹੀ ਸਾਜ਼ਿਸ਼ੀ ਢੰਗ ਨਾਲ ਇਹ ਜ਼ਿੱਦ ਪੈਦਾ ਕਰਵਾਈ ਗਈ ਸਰਕਾਰੀ ਅਤੇ ਗੈਰ ਸਰਕਾਰੀ ਪਧਰ ਤੇ ਇੱਕ ਅਜਿਹਾ ਫਰੰਟ ਖੋਲਿਆ ਗਿਆ ਜਿਸ ਦਾ ਉਦੇਸ਼ ਇਹ ਅਹਿਸਾਸ ਕਰਵਾਉਣਾ ਸੀ ਕਿ ਹੁਣ ਭਾਰਤ ਹਿੰਦੂ ਸ਼ਾਵਨਵਾਦ ਦੀ ਤਰਫ਼ ਜਾ ਰਿਹਾ ਹੈ ਜਿਥੇ ਗੈਰ ਹਿੰਦੂ ਨੂੰ ਲਾਚਾਰ ਹੋ ਕੇ ਜਿਉਣਾ ਪਵੇਗਾ।

ਦਿਲਚਸਪ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਵਲੋਂ ਸੰਨ 2014 ਦੀਆਂ ਲੋਕ ਸਭਾਈ ਚੋਣਾਂ ਲਈ ਜਾਰੀ ਕੀਤੇ ਗਏ ਚੋਣ ਮਨੋਰਥ ਪੱਤਰ ਵਿਚ ਕਿਤੇ ਵੀ ਦਰਜ ਨਹੀਂ ਸੀ ਕਿ 'ਯੋਗ ਕਿਰਿਆ ਅਤੇ ਸੂਰਿਆ  ਨਮਸਕਾਰ'ਨੂੰ ਸਰਕਾਰੀ ਪਧਰ ਤੇ ਲਾਗੂ ਕੀਤਾ ਜਾਵੇਗਾ ।ਉਸ ਵਕਤ ਜਾਰੀ ਕੀਤੇ ਚੋਣ ਮਨੋਰਥ ਪੱਤਰ ਵਿਚ ਤਾ ਭਾਜਪਾ ਵਲੋਂ ਦੇਸ਼ ਅੰਦਰ ਆਪਣੀ ਸਰਕਾਰ ਬਣ ਜਾਣ ਤੇ ਮਹਿੰਗਾਈ ਰੋਕਣ ,ਭ੍ਰਿਸ਼ਟਾਚਾਰ ਨੂੰ ਜੜੋਂ ਖਤਮ ਕਰਨ ,ਔਰਤਾਂ ਦੀ ਸੁਰਖਿਆ ਨੂੰ ਯਕੀਨੀ ਬਣਾਉਣ ,ਕਾਲਾ ਧੰਨ ਵਾਪਸ ਲਿਆਉਣ ,ਅਯੁਧਿਆ ਵਿਖੇ ਰਾਮ ਮੰਦਰ ਦਾ ਨਿਰਮਾਣ ਕਰਨ , ਧਾਰਾ 370 ਖਤਮ ਕਰਨ ਅਤੇ ਇੱਕਸਾਰ ਸਿਵਲ ਕੋਡ ਲਾਗੂ ਕਰਨ ਦੇ ਦਾਅਵੇ ਅਤੇ ਵਾਅਵੇ ਜ਼ਰੂਰ ਕੀਤੇ ਗਏ ਸਨ।ਹੈਰਾਨੀ ਦੀ ਗੱਲ ਹੈ ਕਿ ਜਿਹੜੇ ਵਾਅਦੇ ਭਾਜਪਾ ਨੇ ਲਿਖਤੀ ਤੌਰ ਤੇ ਆਪਣੇ ਘੋਸ਼ਣਾ ਪੱਤਰ ਵਿਚ ਦੇਸ਼ ਦੇ ਲੋਕਾਂ ਨਾਲ ਕਰ ਕੇ ਰਾਜ ਸਤਾ ਪ੍ਰਾਪਤ ਕੀਤੀ ਸੀ ਉਹਨਾਂ ਸਾਰਿਆਂ ਤੋਂ ਇੱਕ ਇੱਕ ਕਰ ਕੇ ਮੂੰਹ ਫੇਰ ਲਿਆ ਹੈ।

ਇਸ ਤੋਂ ਵੀ ਅੱਗੇ ਜਾ ਕੇ ਭਾਜਪਾ ਨੇ ਹੁਣ ਤੱਕ ਦੇ ਆਪਣੇ ਕੀਤੇ ਕਰਾਏ ਤੇ ਮਿੱਟੀ ਪਾਉਂਦਿਆਂ ਪੀ ਡੀ ਪੀ ਨਾਲ ਜਿਸ ਤਰਾਂ ਦਾ ਗਠ ਜੋੜ ਉਸ ਦੀਆਂ ਸ਼ਰਤਾਂ ਤੇ ਕੀਤਾ ਜੇ ਕੋਈ ਹੋਰ ਕਰਦਾ ਤਾਂ ਭਾਜਪਾ ਭਾਣੇ ਅਸਮਾਨ ਟੁੱਟ ਪੈਣਾ ਸੀ। ਭਾਜਪਾ ਦੀ ਕੇਂਦਰ ਸਰਕਾਰ ਵਲੋਂ ਆਪਣੇ ਇੱਕ ਸਾਲ ਦੇ ਅਰਸੇ ਦੌਰਾਨ ਮਹਿਜ ਜਬਾਨੀ ਜਮਾਂ ਖਰਚ  ਤੋਂ ਇਲਾਵਾ ਇੱਕ ਪੂਣੀ ਵੀ ਨਹੀਂ ਕੱਤੀ, ਪਰ ਉਸ ਨੇ ਆਪਣੇ ਸਿਰੇ ਦੇ ਮਤਸਵੀ ਉਸ ਕਾਡਰ ਨੂੰ ਤਾਂ ਕੁਝ ਕਰ ਕੇ ਦਿਖਾਉਣਾ ਹੀ ਸੀ ਜੋ ਇਸੇ ਆਸ ਨਾਲ ਦਿਨ ਗੁਜ਼ਾਰਦਾ ਆ ਰਿਹਾ ਹੈ ਕਿ ਮੋਦੀ ਆਵੇਗਾ ਤੇ ਮੁਸਲਮਾਨ ਭਾਈਚਾਰੇ ਨੂੰ 'ਠੀਕ' ਕਰੇਗਾ।ਅਜਿਹੀ ਮਾਨਸਿਕਤਾ ਵਾਲੇ ਭਗਤਾਂ ਨੂੰ ਸ਼ਾਂਤ ਰਖਣ ਲਈ ਸਰਕਾਰ ਨੇ ਹਿੰਦੂਤਵਵਾਦੀ ਸੰਗਠਨਾਂ ਅਤੇ ਚਿਹਰਿਆਂ ਨੂੰ ਜਹਿਰੀਲੇ ਬੋਲ ਬੋਲਣ ਦੀ ਖੁੱਲੀ ਛੁੱਟੀ ਦੇ ਰਖੀ ਹੈ ਤਾਂ ਕਿ  ਉਹ ਉਹ ਅਜਿਹਾ ਪ੍ਰਭਾਵ ਸਿਰਜਦੇ ਰਹਿਣ ਜਿਸ ਤੋਂ ਲੱਗੇ ਕਿ ਮੌਜੂਦਾ ਸਰਕਾਰ ਨੇ ਮੁਸਲਮਾਨਾਂ ਦਾ ਸ਼ਿਕੰਜਾ ਪੂਰੀ ਤਰਾਂ ਕੱਸਿਆ ਹੋਇਆ ਹੈ ।

ਭਾਰਤ ਦੇ ਸੰਵਿਧਾਨ ਵਾਰੇ ਸਧਾਰਨ ਜਿਹੀ ਜਾਣਕਾਰੀ ਰਖਣ ਵਾਲ ਵਿਅਕਤੀ ਵੀ ਜਾਣਦਾ ਹੈ ਕਿ ਬੰਦੇ ਮਾਤਰਮ ਦੀ ਤਰਾਂ ਹੀ ਯੋਗਾ ਨੂੰ ਵੀ ਹਰ ਦੇਸ਼ ਵਾਸੀ ਵਾਸਤੇ ਲਾਜਮੀ ਕਰਨਾ ਨਾ ਮੁਮਕਿਨ ਹੈ ਅਤੇ ਇਸ ਲਈ  ਧਰਮ ਦੀ ਅਜ਼ਾਦੀ ਵਾਲਾ ਤਰਕ ਦੇਣ ਦੀ ਵੀ ਲੋੜ ਨਹੀਂ ।ਦੇਸ਼ ਦਾ ਸੰਵਿਧਾਨ ਹਰ ਆਮ ਖਾਸ ਨੂੰ ਇਸ ਗੱਲ ਦੀ ਗਰੰਟੀ ਦਿੰਦਾ ਹੈ ਕਿ ਉਸ ਦੀ ਮਨਮਰਜ਼ੀ ਤੋਂ ਬਿਨਾਂ ਜ਼ਬਰਦਸਤੀ ਉਸ ਤੋਂ ਕੋਈ ਵੀ ਕੰਮ ਨਹੀਂ ਕਰਵਾਇਆ ਜਾ ਸਕਦਾ ਭਾਵੇਂ ਉਹ ਕੰਮ ਉਸ ਦੀ ਸਿਹਤ ਵਾਸਤੇ ਕਿੰਨਾ ਵੀ ਜ਼ਰੂਰੀ ਕਿਓਂ ਨਾਂ ਹੋਵੇ ।ਇਸ ਸਰਕਾਰ ਦੀਆਂ ਸਿਆਸੀ ਗਿਣਤੀਆਂ ਮਿਣਤੀਆਂ ਅਨੁਸਾਰ ਕੁਝ ਰੁਝਾਨ ਸਿਰ ਜ਼ਰੂਰ ਚੁੱਕ ਰਹੇ ਹਨ ਜੋ ਦੇਸ਼ ਦੇ ਨਾਗਰਿਕਾਂ ਦੇ ਖਾਣ ਪਾਣ ਦੀ ਅਜਾਦੀ ਉੱਤੇ ਅੰਕੁਸ਼ ਲਗਾਉਣ ਦਾ ਸੰਕੇਤ ਮੰਨੇ ਜਾ ਸਕਦੇ ਹਨ ,ਮਸਲਨ ਦੇਸ਼ ਦੇ ਕੁਝ ਹਿੱਸਿਆਂ ਵਿਚ ਕੁਪੋਸ਼ਣ ਦੇ ਬਾਵਯੂਦ ਅੰਡੇ ਅਤੇ ਬੀਫ ਦੇ ਖਾਣ  ਉੱਤੇ ਪਾਬੰਦੀ ਲਗਾਉਣੀ ।ਇਹ ਰੁਝਾਨ ਨਿੱਜੀ ਅਜਾਦੀ ਵਿਚ ਮੁਦਾਖਲਤ ਕਰਨ ਵਲ ਵਧ ਸਕਦੇ ਹਨ, ਜਿਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ।

ਤਮਾਮ ਗੈਰ ਹਿੰਦੂ ,ਜਿਹਨਾਂ ਵਿਚ ਧਾਰਮਿਕ ਅਤੇ ਨਾਸਤਿਕ ਘੱਟ ਗਿਣਤੀਆਂ ਸ਼ਾਮਿਲ ਹਨ ਉਹਨਾਂ ਨੂੰ ਯੋਗ ਕਿਰਿਆ ਜਬਰਦਸਤੀ ਠੋਸਣ ਕਰਨ ਹੀ ਇਸ ਦਾ ਵਿਰੋਧ ਕਰਨ ਲਈ ਮਜਬੂਰ ਹੋਣਾ ਪਿਆ ਹੈ।ਜੇਕਰ ਇਹ ਦਿਵਸ ਸਵੈ ਇਛਾ ਨਾਲ ਮਨਾਇਆ ਜਾਂਦਾ ਤਾਂ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਨਹੀਂ ਹੋਣੀ ਸੀ।ਜੇਕਰ ਐਸਾ ਹੋ ਜਾਂਦਾ ਤਾਂ ਭਾਜਪਾ ਦਾ ਚਾਲ ਚਰਿੱਤਰ ਚੇਹਰਾ ਵੀ ਲੁਕਿਆ ਰਹਿ  ਜਾਣਾ ਸੀ।ਸਵੈ ਇਛਾ ਨੂੰ ਜਬਰਦਸਤੀ ਵਿਚ ਤਬਦੀਲ ਕਰਕੇ ਯੋਗੀ ਅਦਿੱਤਿਆ ਨਾਥ ,ਪ੍ਰਵੀਨ ਕੁਮਾਰ ਤੋਗੜੀਆ ਅਤੇ ਉਹਨਾਂ ਦੇ ਹਮ ਖਿਆਲੀ ਹਿੰਦੂ ਸੰਸਕ੍ਰਿਤੀ ਦੇ ਰਖਵਾਲਿਆਂ ਨੇ ਆਪਣੀ ਬੋਲ ਬਾਣੀ  ਦੇ ਜਹਿਰੀਲੇ ਤੀਰ ਛੱਡ ਕੇ ਲੋਕਾਂ ਦਾ ਧਿਆਨ ਇਸ ਤਰਫ਼ ਦਿਵਾ ਦਿੱਤਾ ਕਿ  ਯੋਗ ਇੱਕ ਧਾਰਮਿਕ ਪਧਤੀ ਹੈ ।ਇਸ ਵਿਚ ਓਮ ਨਮੋ ਸ਼ਿਵਾਏ ,ਸੂਰਜ ਨਮਸਕਾਰ ,ਮੰਤਰ ਉਚਾਰਣ,ਸ਼ਲੋਕ ਆਦਿ ਵੀ ਸ਼ਾਮਿਲ ਹਨ।ਦੂਜੀ ਤਰਫ਼ ਭਾਰਤ ਦੇ  ਯੂ ਜੀ ਸੀ (ਯੂਨੀਅਨ ਗ੍ਰਾੰਟ ਕਮਿਸ਼ਨ) ਨੇ ਯੋਗ ਦੇ ਸਲੇਬਸ ਵਿਚ ਲਪੇਟ ਕੇ ਧਰਮ ਪੜਾਉਣ ਸ਼ੁਰੂ ਕਰ ਦਿੱਤਾ ਹੈ।ਯੋਗ ਦਾ ਅਰਥ ਕੁੱਲ ਜਮਾਂ ਸੀ ਜਿਸ ਨੂੰ ਘਟਾ ਕੇ ਸੀਮਤ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ।ਲੰਬੇ ਰੁਖ ਦੇਖਿਆ ਜਾਵੇ ਤਾਂ ਇਹ ਕਵਾਇਦ ਭਾਰਤ ਦੀ ਅਮੀਰ ਤਰੀਨ ਵਿਰਾਸਤ ਨੂੰ ਕਮਜ਼ੋਰ ਕਰਨ ਦੇ ਬਰਾਬਰ ਹੈ।

ਕੇਂਦਰ ਸਰਕਾਰ ਦੇ ਕਰਤਿਆਂ ਧਰਤਿਆਂ ਵਲੋਂ ਯੋਗ ਕਿਰਿਆ ਸਬੰਧੀ ਜਾਣ ਬੁਝ ਕੇ ਸ਼ੁਰੂ ਕਰਵਾਏ ਗਏ ਵਿਵਾਦ ਨੂੰ ਲੈ ਕੇ ਖੁਦ ਯੋਗਾ ਆਚਾਰੀਆਂ ਦਰਮਿਆਨ ਕਾਫੀ ਰੋਸ ਹੈ ਕਿ ਬਾਬਾ ਰਾਮ ਦੇਵ ਨੇ ਯੋਗ ਦਾ ਪੇਟੈਂਟ ਅਤੇ ਬਰਾਡਿੰਗ ਜਿਸ ਪ੍ਰਕਾਰ ਕੀਤਾ ਹੈ ਉਹ ਇੱਕ ਤਰਾਂ ਨਾਲ ਅਸ਼ਲੀਲ ਬਜ਼ਾਰਵਾਦ ਹੈ।ਇਸ ਨੂੰ ਜ਼ਰੂਰੀ ਤੌਰ ਤੇ ਲਾਗੂ ਕਰਨ ਦੀ ਸਰਕਾਰੀ ਕੋਸ਼ਿਸ਼ ਨੂੰ ਉਹ ਪਤੰਜਲੀ ਬਿਜਨੈਸ ਦੀ ਸੇਵਾ ਮੰਨਦੇ ਹਨ ।ਦੂਜੀ ਤਰਫ਼ ਕਨੂੰਨੀ ਵਿਦਵਾਨ ਹਨ ਜੋ ਸੰਵਿਧਾਨ ਦੀ ਧਾਰਾ 25 ਅਤੇ 28 ਦੇ  ਤਹਿਤ  ਕਿਸੀ ਵੀ ਬੰਦਿਸ਼ ਨੂੰ ਗੈਰ ਸੰਵਿਧਾਨਿਕ ਕਰਾਰ ਦੇ ਚੁੱਕੇ ਹਨ।ਤੀਸਰੀ ਤਰਫ਼ ਉਹ ਮੁਸਲਮਾਨ ਪ੍ਰਵਕਤਾ ਹਨ, ਜੋ ਇਸ ਨੂੰ ਇਸਲਾਮ ਨਾਲ ਜੋੜ ਕੇ ਇਸ ਦਾ ਧਰਮ ਅਧਾਰਿਤ ਵਿਰੋਧ ਕਰ ਰਹੇ ਹਨ।ਚੌਥੀ ਤਰਫ਼ ਉਹ ਸਮਾਜ ਹੈ ਜੋ ਕਿਸੇ ਵੀ ਧਰਮ ਨੂੰ ਮਾਨਤਾ ਨਹੀਂ ਦਿੰਦਾ ਅਤੇ ਵਿਗਿਆਨ ਨੂੰ ਹੀ ਜੀਵਨ ਦਾ ਅਧਾਰ ਮਨਦਾ ਹੈ ।ਇਸ ਸਮਾਜ ਦੀਆਂ ਨਜ਼ਰਾਂ ਵਿਚ ਸੂਰਿਆ  ਨਮਸਕਾਰ ਦਾ ਕੋਈ ਮਹੱਤਵ ਨਹੀਂ ਹੈ ।

ਸੂਰਜ ਇਸ ਸਮਾਜ ਵਾਸਤੇ ਬ੍ਰਹਿਮੰਡ ਦਾ ਇੱਕ ਸਿਤਾਰਾ ਮਾਤਰ ਹੈ। ਉਹ ਭੁਖ ਨਾਲ ਬਦਹਾਲ ਦੇਸ਼ ਅੰਦਰ ਯੋਗ ਨੂੰ ਵੇਲਾ ਵਿਹਾ ਚੁੱਕੀ ਪਧਤੀ ਸਮਝ ਰਹੇ ਹਨ ਜਿਸ ਦੀ ਅੱਜ ਦੇ ਤੇਜ਼ ਤਰਾਰ ਜੀਵਨ ਵਿਚ ਕੋਈ ਥਾਂ ਨਹੀਂ।ਅਜਿਹੇ ਹੀ ਕੁਝ ਲੋਕ ਯੋਗ ਨੂੰ ਆਲਸੀ ਲੋਕਾਂ ਵਾਸਤੇ ਕਸਰਤ ਤੋਂ ਬਚਣ ਦਾ ਵਧੀਆ ਬਹਾਨਾ ਮਾਤਰ ਹੀ ਸਮਝਦੇ ਹਨ ।ਯੋਗੀ ਅਦਿੱਤਿਆ ਨਾਥ ਦੇ ਹੰਕਾਰ ਭਰੇ ਇਸ ਬਿਆਨ ਨੇ ਉਸ ਦੇ ਅਨੇਕਾਂ ਮੌਖਿਕ ਵਿਰੋਧੀ ਪੈਦਾ ਕੀਤੇ ਹਨ ਕਿ 'ਹਰ ਭਾਰਤੀ ਲਈ ਸੂਰਿਆ ਨਮਸਕਾਰ ਲਾਜਮੀ ਹੈ ਜਿਸ ਨੇ ਨਹੀਂ ਕਰਨਾ ਉਹ ਸਮੁੰਦਰ ਵਿਚ ਡੁੱਬ ਮਰੇ'। ਅਧੀ ਰਾਤ ਨੂੰ ਵੀ ਘੱਟ ਗਿਣਤੀਆਂ ਨਾਲ ਉਠ ਕੇ ਤੁਰਨ ਦਾ ਭਰੋਸਾ ਦੇਣ ਵਾਲੇ ਪ੍ਰਧਾਨ ਮੰਤਰੀ ਦੇਸ਼ ਅੰਦਰ ਵੰਡੀਆਂ ਪਾਉਣ ਵਾਲੀ ਇਸ ਰਾਜਨੀਤੀ ਉੱਤੇ ਚੁੱਪ ਹਨ।ਵੈਸੇ ਆਦਿਤਿਆ ਨਾਥ ਨੂੰ ਇਹ ਮੋੜਵਾਂ ਸਵਾਲ ਵੀ ਪੁੱਛਿਆ ਜਾ ਸਕਦਾ ਹੈ ਕਿ ਜੇਕਰ ਕੋਈ ਦੇਸ਼ ਵਾਸੀ ਕਿਸੇ ਉਲੇਮਾ ਦੇ ਕਹਿਣ ਉੱਤੇ ਨਵਾਜ ਅਦਾ ਨਾ ਕਰੇ ਤਾਂ ਉਸ ਨੂੰ ਵੀ ਸਮੁੰਦਰ ਵਿਚ ਡੁੱਬ ਕੇ ਮਰ ਜਾਣਾ ਚਾਹੀਦਾ ਹੈ?

ਭਾਰਤੀ ਜਨਤਾ ਪਾਰਟੀ ਲੰਬਾ ਸਮਾਂ ਦੇਸ਼ ਦੀ ਸਤਾ ਤੋਂ ਬਾਹਰ ਰਹਿ  ਕੇ ਸਤਾ ਲਈ ਇੰਨੀ ਹਾਬੜ ਚੁੱਕੀ ਹੈ ਕਿ ਇਹ ਲੰਬੇ ਸਮੇਂ ਤੋਂ ਚਲੀਆਂ ਆ ਰਹੀਆਂ ਦੇਸ਼ ਦੀਆਂ ਧਰਮ ਨਿਰਪਖ ਮਾਨਤਾਵਾਂ ਨੂੰ ਆਪਣੇ ਚਸ਼ਮੇ ਦੇ ਰੰਗ ਅਨੁਸਾਰ ਬਦਲਣ ਦੀ ਹੋੜ ਵਿਚ ਹੈ।ਭਾਜਪਾ ਦੀ ਮਨੋ ਬਿਰਤੀ ਪੰਜਾਬੀ ਦੀ ਉਸ ਕਹਾਵਤ ਵਾਲੇ ਵਿਅਕਤੀ ਨਾਲ ਪੂਰੀ ਤਰਾਂ ਮਿਲਦੀ ਹੈ ਜੋ ਕਟੋਰਾ ਲੱਭਣ ਦੀ ਖੁਸ਼ੀ ਵਿਚ ਪਾਣੀ ਪੀ ਪੀ ਕੇ ਆਫਰ ਗਿਆ ਸੀ।ਜਿਸ ਤਰਾਂ ਭਾਜਪਾ ਦੇ ਸਰਕਰਦਾ ਆਗੂ ਆਪਣੇ ਵਿਛਾਏ ਹੋਏ ਜਾਲ ਵਿਚ ਦਿਨ ਬ ਦਿਨ ਉਲਝਦੇ ਜਾ ਰਹੇ ਹਨ ਉਸ ਨੂੰ ਦੇਖ ਕੇ ਇਹ ਕਹਿਣਾ ਅਤਿ ਕਥਨੀ ਨਹੀਂ ਹੋਵੇਗੀ ਕਿ ਭਾਜਪਾ ਆਉਣ ਵਾਲੇ ਸਮੇਂ ਵਿਚ ਆਪਣੇ ਹੀ ਭਾਰ ਨਾਲ ਟੁੱਟ ਜਾਵੇਗੀ। ਸੰਘ ਪਰਿਵਾਰ ਦੇ ਰਿਮੋਟ ਕੰਟਰੋਲ ਨਾਲ ਚਲਣ ਵਾਲੀ ਭਾਜਪਾ ਦੇ ਤੇਵਰਾਂ ਤੋਂ ਮਹਿਸੂਸ ਹੁੰਦਾ ਹੈ ਕਿ ਉਹ ਰੰਗ ਬਰੰਗੇ ਪਥਰਾਂ ਨੂੰ ਚੱਟ ਕੇ ਉਦੋਂ ਹੀ ਪਰਤੇਗੀ, ਜਦੋਂ ਉਹਦੇ ਹਿਸੇ ਦੇ ਰਾਜਸੀ ਪਾਣੀ ਕਿਸੇ ਹਦ ਤੱਕ ਪਥਰਾ ਚੁੱਕੇ ਹੋਣਗੇ।

ਸੰਪਰਕ: 0061 469 976214

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ