Fri, 19 April 2024
Your Visitor Number :-   6985618
SuhisaverSuhisaver Suhisaver

ਮੇਰਾ ਸਵਾਲ ਤੁਹਾਨੂੰ ਹੈ, ਤੁਹਾਨੂੰ ਪੁੱਛ ਰਿਹਾ ਹਾਂ -ਰਵੀਸ਼ ਕੁਮਾਰ

Posted on:- 24-09-2015

suhisaver

ਅਨੁਵਾਦ: ਮਨਦੀਪ
ਈ-ਮੇਲ: [email protected]


ਨੋਟ: ਲੋਕਤੰਤਰ ਦੇ ਬੁਰਕੇ ਹੇਠ ਛੁਪੀਆਂ ਦੁਨੀਆਂ ਭਰ ਦੀਆਂ ਸਾਮਰਾਜੀ ਤੇ ਸਰਮਾਏਦਾਰ ਤਾਕਤਾਂ ਆਪਣੇ ਦੇਸ਼ ਦੇ ਨਾਗਰਿਕਾਂ ਲਈ ਵਿਚਾਰ ਪ੍ਰਗਟਾਵੇ ਦੀ ਅਜਾਦੀ ਦੇਣ ਦਾ ਢੌਂਗ ਰਚ ਰਹੀਆਂ ਹਨ। ਅੱਜ ਕੌਮੀ ਤੇ ਕੌਮਾਂਤਰੀ ਵਰਤਾਰਿਆਂ ਤੇ ਝਾਤ ਮਾਰਦਿਆਂ ਦੇਖਿਆ ਜਾ ਸਕਦਾ ਹੈ ਕਿ ਨਿਤ ਦਿਨ ਵਿਚਾਰ ਪ੍ਰਗਟਾਵੇ ਦੇ ਬੁਨਿਆਦੀ ਹੱਕ ਦੀ ਜਬਰੀ ਸੰਘੀ ਦੱਬੀ ਜਾ ਰਹੀ ਹੈ। ਦੇਸੀ ਬਦੇਸ਼ੀ ਕਾਰਪੋਰੇਟਰਾਂ, ਹਰ ਤਰ੍ਹਾਂ ਦੇ ਮਾਫੀਆ ਗ੍ਰੋਹਾਂ ਤੇ ਲੁਟੇਰੀ ਤੇ ਜਾਬਰ ਰਾਜ ਮਸ਼ੀਨਰੀ ਦੇ ਪੁਰਜੇ ਪੁਲਿਸ, ਫੌਜ, ਅਦਾਲਤਾਂ, ਪ੍ਰਸ਼ਾਸ਼ਨਿਕ ਅਧਿਕਾਰੀਆਂ ਆਦਿ ਵੱਲੋਂ ਵਿਚਾਰ ਪ੍ਰਗਟਾਵੇ ਦੀ ਅਜ਼ਾਦੀ ਦਾ ਹਨਨ ਕੀਤਾ ਜਾ ਰਿਹਾ ਹੈ। ਮੋਦੀ ਹਕੂਮਤ ਦੇ ਸੱਤਾ ’ਚ ਆਉਣ ਤੋਂ ਬਾਅਦ ਕਾਰਪੋਰੇਟ ਪੱਖੀ ਭਾਰਤੀ ਰਾਜ ਪ੍ਰਬੰਧ ਅਤੇ ਇਸਦੇ ਪਿੱਛੇ ਕੰਮ ਕਰਦੀਆਂ ਫਿਰਕਾਪ੍ਰਸਤ ਤਾਕਤਾਂ ਵੱੱਲੋਂ ਹੋਰ ਵੱਧ ਹਮਲਾਵਰ ਰੁਖ ਅਖਤਿਆਰ ਕੀਤਾ ਜਾ ਰਿਹਾ ਹੈ।


ਆਪਣੇ ਕਾਰਪੋਰੇਟ ਤੇ ਹਿੰਦੂਤਵੀ ਪੱਖੀ ਏਜੰਡੇ ਨੂੰ ਜਬਰੀ ਭਾਰਤੀ ਲੋਕਾਂ ਉੱਤੇ ਲਾਗੂ ਕਰਨ ਲਈ ਵਿਚਾਰ ਪ੍ਰਗਟਾਵੇ ਦੀ ਹਰ ਜਮਹੂਰੀ ਤੇ ਲੋਕਪੱਖੀ ਅਵਾਜ਼ ਨੂੰ ਕਤਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਨਰੇਂਦਰ ਦਾਭੋਲਕਰ, ਗੋਵਿੰਦ ਪਾਨਸਾਰੇ, ਅਵਿਜੀਤ ਰਾਏ, ਪ੍ਰੋ. ਕਲਬੁਰਗੀ ਆਦਿ ਵਰਗੇ ਅਗਾਂਹਵਧੂ ਬੁੱਧੀਜੀਵੀਆਂ ਨੂੰ ਸ਼ਰੇਆਮ ਕਤਲ ਕਰਨਾ, ਮੱਧ ਪ੍ਰਦੇਸ਼ ’ਚ ਗੈਰ ਕਾਨੂੰਨੀ ਖਨਨ ਮਾਫੀਆ ਵੱਲੋਂ ਇਕ ਪੱਤਰਕਾਰ ਨੂੰ ਜ਼ਿੰਦਾ ਜਲਾ ਦੇਣਾ, ਦਰਜਨਾਂ ਪੱਤਰਕਾਰਾਂ ਉਪਰ ਕਾਤਲਾਨਾ ਹਮਲੇ ਕਰਨੇ, ਸੂਚਨਾ ਅਧਿਕਾਰ ਕਾਰਕੁੰਨਾਂ ਦੀ ਕੁੱਟਮਾਰ ਕਰਨੀ ਤੇ ਆਏ ਦਿਨ ਕਿਸੇ ਨਾ ਕਿਸੇ ਅਗਾਂਹਵਧੂ ਲੋਕਪੱਖੀ ਜੱਥੇਬੰਦੀ ਉਪਰ ਪੁਲਸੀ ਜਬਰ ਕਰਨਾ ਆਦਿ ਉਦਾਹਰਣਾਂ ਅਖੌਤੀ ਭਾਰਤੀ ਜਮਹੂਰੀਅਤ ਦੇ ਅਸਲ ਚਿਹਰੇ ਦਾ ਦਰਸ਼ਨ ਕਰਵਾਉਂਦੀਆਂ ਹਨ।

ਅਗਾਂਹਵਧੂ ਸ਼ਕਤੀਆਂ ਨੇ ਇਹਨਾਂ ਖਤਰਿਆਂ ਨੂੰ ਮੋਦੀ ਦੀ ਆਮਦ ਤੋਂ ਪਹਿਲਾਂ ਹੀ ਭਾਂਪ ਲਿਆ ਸੀ। ਮੋਦੀ ਦੌਰ ਅੰਦਰ ਆਉਣ ਵਾਲੇ ਸਮੇਂ ਵਿਚ ਇਹ ਹਮਲੇ ਹੋਰ ਵੱਧ ਤਿੱਖੇ ਹੋਣ ਵਾਲੇ ਹਨ। ਇਨ੍ਹਾਂ ਜਾਬਰ, ਲੁਟੇਰੀਆਂ ਤੇ ਪਿਛਾਖੜੀ ਤਾਕਤਾਂ ਖਿਲਾਫ ਜ਼ਮੀਨੀ ਕਤਾਰਬੰਦੀ ਕਰਦਿਆਂ ਸਭਨਾ ਅਗਾਂਹਵਧੂ, ਜਮਹੂਰੀ ਤੇ ਇਨਕਲਾਬੀ ਸ਼ਕਤੀਆਂ ਵੱਲੋਂ ਇਕਜੁਟ ਲੋਕ ਤਾਕਤ ਦਾ ਕਿਲਾ ਉਸਾਰਨਾ ਹੀ ਮੌਜੂਦਾ ਦੌਰ ਦੀ ਇਤਿਹਾਸਕ ਜ਼ਿੰਮੇਵਾਰੀ ਸਾਬਤ ਹੋਵੇਗੀ। (ਅਨੁਵਾਦਕ)

***
ਦੋਸਤੋ,

ਮੈਂ 2013 ਤੋਂ ਇਸ ਬਾਰੇ ਲਿਖ ਰਿਹਾ ਹਾਂ। ਆਪਣੇ ਟੀਵੀ ਸ਼ੋਅ ਵਿੱਚ ਬੋਲ ਰਿਹਾ ਹਾਂ। ਇਸ ਪ੍ਰਕਿਰੀਆ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹਾਂ। ਮੈਂ ਸੋਚਿਆ ਸੀ ਹੁਣ ਇਸ ਵਿਸ਼ੇ ਉੱਤੇ ਨਹੀਂ ਲਿਖਾਂਗਾ। ਅੱਜ ਤੁਹਾਡੇ ਸਭ ਦੇ ਫੋਨ ਆਏ ਤਾਂ ਲੱੱਗਾ ਕਿ ਮੈਂ ਆਪਣੀ ਗੱਲ ਫਿਰ ਤੋਂ ਰੱਖਾਂ। ਮੇਰੇ ਬਲਾਗ ਕਸਬਾ ਦੀ ਓਨੀ ਹੈਸੀਅਤ ਨਹੀਂ ਹੈ ਕਿ ਉਹ ਹਰ ਕਿਸੇ ਕੋਲ ਪਹੁੰਚ ਜਾਵੇ ਇਸ ਲਈ ਹੋ ਸਕੇ ਤਾਂ ਤੁਸੀ ਮੇਰੀ ਗੱਲ ਅੱਗੇ ਵਧਾ ਦੇਣਾ। ਮੈਂ ਆਪਣੀ ਗੱਲ ਦਾ ਪਰਚਾ ਛਪਵਾਂਗਾ ਅਤੇ ਆਮ ਲੋਕਾਂ ਵਿੱਚ ਵੰਡਾਂਗਾ। ਤੁਸੀ ਜਾਣਦੇ ਹੋ ਕਿ ਮੈਂ ਫੇਸਬੁੱਕ ਬੰਦ ਕਰ ਦਿੱਤਾ ਹੈ। ਟਵੀਟਰ ਉੱਤੇ ਲਿਖਣਾ ਬੰਦ ਕਰ ਦਿੱਤਾ ਹੈ।

ਮੇਰੇ ਕਈ ਦਰਸ਼ਕਾਂ ਨੇ ਸਲਾਹ ਦਿੱਤੀ ਕਿ ਆਨਲਾਇਨ ਗੁੰਡਾਗਰਦੀ ਨੂੰ ਦਿਲ ਤੇ ਨਾ ਲਵੋ। ਇਹ ਸਭ ਚੱਲਦਾ ਰਹਿੰਦਾ ਹੈ। ਇਹ ਤੁਹਾਡੇ ਸੇਲਿਬਰੇਟੀ ਹੋਣ ਦੀ ਕੀਮਤ ਹੈ। ਮੈਂ ਸੇਲਿਬਰਿਟੀ ਨਹੀਂ ਹਾਂ ਅਤੇ ਹਾਂ ਵੀ ਤਾਂ ਇਹ ਕਦੋਂ ਤੈਅ ਹੋ ਗਿਆ ਕਿ ਮੈਨੂੰ ਅਨਾਪ ਸ਼ਨਾਪ ਗਾਲ੍ਹਾਂ ਖਾਣੀਆਂ ਪੈਣਗੀਆਂ। ਮੇਰੇ ਪਰਿਵਾਰ ਅਤੇ ਬੱਚੀਆਂ ਤੱਕ ਨੂੰ ਗਾਲ੍ਹਾਂ ਦਿੱਤੀਆਂ ਜਾਣਗੀਆਂ। ਮੈਨੂੰ ਕਿਉਂ ਗਾਲਾਂ ਅਤੇ ਅਨਾਪ-ਸ਼ਨਾਪ ਇਲਜ਼ਾਮ ਬਰਦਾਸ਼ਤ ਕਰਨਾ ਚਾਹੀਦਾ ਹੈ? ਜਦੋਂ ਮੈਂ ਕਮਜ਼ੋਰ ਲੋਕਾਂ ਦੀ ਤਕਲੀਫ ਬਰਦਾਸ਼ਤ ਨਹੀਂ ਕਰ ਸਕਦਾ, ਤਾਂ ਆਪਣੇ ਨਾਲ ਹੋ ਰਹੀ ਇਸ ਨਾਇਨਸਾਫੀ ਨੂੰ ਕਿਉਂ ਬਰਦਾਸ਼ਤ ਕਰਾਂ? ਮੈਨੂੰ ਲੱਗਦਾ ਹੈ ਕਿ ਇਸ ਆਨਲਾਇਨ ਗੁੰਡਾਰਾਜ ਦੇ ਖਿਲਾਫ ਮੈਨੂੰ ਵੀ ਬੋਲਣਾ ਚਾਹੀਦਾ ਹੈ ਅਤੇ ਤੁਹਾਨੂੰ ਵੀ। ਪੂਰੀ ਦੁਨੀਆ ਵਿੱਚ ਆਨਲਾਇਨ ਬੁਲੀ ਯਾਨੀ ਗੁੰਡਾਗਰਦੀ ਦੇ ਖਿਲਾਫ ਕੁੱਝ ਨਾ ਕੁੱਝ ਹੋ ਰਿਹਾ ਹੈ, ਭਾਰਤ ਵਿੱਚ ਕਿਉਂ ਚੁੱਪ ਹੈ?

ਮੈਨੂੰ ਪਤਾ ਹੈ ਕਿ ਇਸਦਾ ਨਿਸ਼ਾਨਾ ਰਾਜਨੇਤਾਵਾਂ ਅਤੇ ਬੁਲਾਰਿਆਂ ਨੂੰ ਵੀ ਬਨਣਾ ਪੈਂਦਾ ਹੈ। ਬੁਲਾਰਿਆਂ ਨੇ ਇਸਨੂੰ ਕਿਉਂ ਮਨਜ਼ੂਰੀ ਦਿੱਤੀ ਹੈ? ਸੰਪਾਦਕਾਂ ਨੂੰ ਖਾਸਕਰ ਕਈ ਔਰਤ ਸੰਪਾਦਕਾਂ ਨੂੰ ਗਾਲਾਂ ਦਿੱਤੀ ਗਈਆਂ। ਇਹ ਕਿਹੜਾ ਸਮਾਜ ਹੈ ਜੋ ਗਾਲਾਂ ਦੇ ਗੁੰਡਾਰਾਜ ਨੂੰ ਸਵੀਕਾਰ ਕਰ ਰਿਹਾ ਹੈ। ਬੀਤੇ ਦੌਰ ਦੀ ਗੁੰਡਾਗਰਦੀ ਅਤੇ ਇਸ ਗੁੰਡਾਗਰਦੀ ਵਿੱਚ ਕੀ ਅੰਤਰ ਹੈ? ਮੈਨੂੰ ਇਸ ਗੱਲ ਤੋਂ ਕੋਈ ਫਰਕ ਨਹੀਂ ਪੈਂਦਾ ਕਿ ਕੌਣ ਸ਼ਿਕਾਰ ਹੋ ਰਿਹਾ ਹੈ? ਸੋਸ਼ਲ ਮੀਡੀਆ ਵਿੱਚ ਆਏ ਦਿਨ ਕਿਸੇ ਦਾ ਵੀ ਚਰਿੱਤਰ ਹਨਨ ਹੋ ਰਿਹਾ ਹੈ? ਕਿਤੋਂ ਵੀ ਕੋਈ ਕੁੱਝ ਵੀ ਬੋਲ ਰਿਹਾ ਹੈ। ਇਹ ਕੀ ਇਵੇਂ ਹੀ ਹੋ ਜਾਂਦਾ ਹੈ। ਕੀ ਇਹ ਸੰਗਠਿਤ ਕੰਮ ਨਹੀਂ ਹੈ।

ਆਨਲਾਇਨ ਗੁੰਡਾਰਾਜ ਰਾਜਨੀਤਕ ਸੰਸਕ੍ਰਿਤੀ ਦੀ ਦੇਣ ਹੈ। ਹੁਣ ਇਹ ਤਮਾਮ ਦਲਾਂ ਦੀ ਰਣਨੀਤੀ ਦਾ ਹਿੱਸਾ ਹੋ ਗਿਆ ਹੈ ਪਰ ਅਫਵਾਹ ਫੈਲਾਉਣਾ ਅਤੇ ਬਿਨਾਂ ਕਿਸੇ ਸਚਾਈ ਦੇ ਕਿਸੇ ਨੂੰ ਬਦਨਾਮ ਕਰਨਾ ਇਹ ਕਦੋਂ ਤੋਂ ਸਹੀ ਹੋ ਗਿਆ। ਇੱਕ ਗੱਲ ਸਮਝ ਲਵੋ ਇਸ ਗੁੰਡਾਰਾਜ ਨੂੰ ਬੜਾਵਾ ਦੇਣ ਵਿੱਚ ਭਲੇ ਹੀ ਕਈ ਦਲ ਸ਼ਾਮਿਲ ਹਨ ਅਤੇ ਦਲਾਂ ਦੇ ਬਣਾਏ ਹੋਏ ਅਣਗਿਣਤ ਸੰਗਠਨ ਇਹ ਕੰਮ ਕਰ ਰਹੇ ਹਨ ਲੇਕਿਨ ਮਾਮਲਾ ਬਰਾਬਰੀ ਦਾ ਨਹੀਂ ਹੈ। ਇਸ ਵਿੱਚ ਗੁੰਡਾਪਣ ਉਸਦਾ ਚੱਲ ਰਿਹਾ ਹੈ ਜਿਸਦੀ ਤਾਕਤ ਜ਼ਿਆਦਾ ਹੈ ਅਤੇ ਜਿਸਦੀ ਸੱਤਾ ਉੱਤੇ ਪਕੜ ਹੈ। ਇਹ ਸਾਰਾ ਮਾਮਲਾ ਸਾਧਨਾਂ ਦਾ ਹੈ।

ਇਹ ਇੱਕ ਭਿਆਨਕ ਸੰਸਕ੍ਰਿਤੀ ਪੱਸਰਦੀ ਜਾ ਰਹੀ ਹੈ ਅਤੇ ਜਿਸਨੂੰ ਮੋਟੀ ਚਮੜੀ ਵਾਲਾ ਮੱਧਵਰਗ, ਜਿਸਦੀ ਸੱਤਾ ਨਾਲ ਸਾਂਡ ਗੰਢ ਹੈ, ਸਹਿਨ ਕਰ ਰਿਹਾ ਹੈ ਅਤੇ ਦੂਸਰਿਆਂ ਨੂੰ ਸਹਿਨ ਕਰਨ ਦੀ ਸਲਾਹ ਦਿੰਦਾ ਹੈ। ਇਸ ਖੇਡ ਨੇ ਸੱਤਾ ਦਾ ਕੰਮ ਆਸਾਨ ਕਰ ਦਿੱਤਾ ਹੈ। ਇਸ ਗਲੋਬਲ ਜਗਤ ਵਿੱਚ ਸਰਕਾਰ ਉੱਤੇ ਆਂਚ ਨਾ ਆਏ ਇਸ ਲਈ ਗੁੰਮਨਾਮ ਸੰਗਠਨ ਜਾਂ ਦਲਾਂ ਦੇ ਆਨਲਾਇਨ ਮੀਡਿਆ ਸੈਲ ਦੇ ਇਸ਼ਾਰੇ ਉੱਤੇ ਇਹ ਕੰਮ ਹੋ ਰਿਹਾ ਹੈ। ਅਜਿਹਾ ਪੇਸ਼ ਕੀਤਾ ਜਾਂਦਾ ਹੈ ਜਿਵੇਂ ਸਮਾਜ ਸ਼ਾਮਿਲ ਹੋਵੇ। ਕਿਸੇ ਨੂੰ ਪੱਖ ਅਤੇ ਵਿਰੋਧੀ ਪੱਖ ਵਿੱਚ ਟ੍ਰੇਂਡ ਕਰਨਾ ਵੀ ਰਾਜਨੀਤਿਕ ਗੁੰਡਾਪਣ ਹੈ।

ਲਿਖਣ ਬੋਲਣ ਵਾਲੇ ਲੋਕ ਅਤੇ ਕਈ ਲੜਕੀਆਂ ਸ਼ਿਕਾਇਤ ਕਰਦੀਆਂ ਹਨ ਕਿ ਉਹ ਗਾਲਾਂ ਦੇ ਡਰ ਤੋਂ ਨਹੀਂ ਲਿਖਦੀਆਂ। ਕਈ ਲੋਕ ਡਰਨ ਲੱਗੇ ਹਨ। ਲੜਕੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਅਜਿਹੀ ਭਾਸ਼ਾ ਅਤੇ ਪ੍ਰਤੀਕਾਂ ਦੇ ਦਮ ਉੱਤੇ ਮਰਦ ਉਨ੍ਹਾਂ ਨੂੰ ਇਸ ਜਗ੍ਹਾ ਤੋਂ ਵੀ ਬੇਦਖ਼ਲ ਕਰ ਦੇਣਾ ਚਾਹੁੰਦੇ ਹਨ। ਜੇਕਰ ਇਹ ਜਾਰੀ ਰਿਹਾ ਤਾਂ ਮੇਰੀਓ ਦੋਸਤੋਂ ਤੁਸੀ ਜਿਸ ਪਦਵੀ ਉੱਤੇ ਜਿੰਨੀ ਵਾਰ ਵੀ ਪ੍ਰਥਮ ਔਰਤ ਬਣ ਜਾਓ ਪਰ ਇਸ ਬੇਦਖ਼ਲੀ ਤੋਂ ਤੁਹਾਨੂੰ ਉਥੇ ਹੀ ਪਹੁੰਚਾ ਦਿੱਤਾ ਜਾਵੇਗਾ ਜਿੱਥੋਂ ਤੁਸੀ ਚੱਲੀਆਂ ਸੋ। ਸੋਸ਼ਲ ਮੀਡੀਆ ਰਚਨਾਤਮਿਕ, ਗੈਰ ਰਸਮੀ ਅਤੇ ਮੌਜਮਸਤੀ ਦੀ ਜਗ੍ਹਾ ਹੈ, ਇੱਥੇ ਨੇਤਾਵਾਂ ਨੇ ਵੜਕੇ ਵਿਰੋਧੀਆਂ ਨੂੰ ਲੱਭਣਾ ਪਛਾਣਨਾ ਸ਼ੁਰੂ ਕਰ ਦਿੱਤਾ ਹੈ। ਬਚਾਓ ਇਸ ਸੋਸ਼ਲ ਮੀਡੀਆ ਨੂੰ।

ਲੋਕਤੰਤਰ ਦੇ ਨਾਮ ਉੱਤੇ ਸੋਸ਼ਲ ਮੀਡੀਆ ਦੇ ਪਬਲਿਕ ਸਪੇਸ ਵਿੱਚ ਮਾਂ ਭੈਣ ਦੀਆਂ ਗਾਲਾਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਨੇਤਾਵਾਂ ਨੇ ਅਜਿਹਾ ਕੀ ਕਰ ਦਿੱਤਾ ਹੈ ਕਿ ਸਭ ਚੁੱਪ ਹਨ। ਗਲੀ ਮੁਹੱਲਿਆਂ ਦੇ ਗੁੰਡਿਆਂ ਤੋਂ ਵਿਆਕੁਲ ਲੜਕੀਆਂ ਅਤੇ ਔਰਤਾਂ ਜੋ ਇਸ ਮੁਲਕ ਦਾ ਭਵਿੱਖ ਹਨ, ਆਨਲਾਇਨ ਗੁੰਡਾਗਰਦੀ ਕਿਉਂ ਸਹਿਨ ਕਰ ਰਹੀਆਂ ਹਨ? ਕੀ ਸਾਡੇ ਨੌਜਵਾਨ ਮੁੰਡੇ ਆਪਣੇ ਆਲੇ ਦੁਆਲੇ ਵਿਕਸਤ ਹੋ ਰਹੇ ਅਜਿਹੇ ਸੱਭਿਆਚਾਰ ਦੇ ਖਿਲਾਫ ਕੁਝ ਨਹੀਂ ਬੋਲਣਗੇ? ਉਹ ਕਿਉਂ ਚੁੱਪ ਹਨ? ਜੋ ਕਮਜ਼ੋਰ ਹੈ ਉਸਦੇ ਲਈ ਇਸ ਸੱਭਿਆਚਾਰ ਵਿੱਚ ਕਿੱਥੇ ਜਗ੍ਹਾ ਬਚੇਗੀ?

ਇਹ ਇੱਕ ਰਣਨੀਤੀ ਹੈ। ਦਲੀਲ਼ ਜਾਂ ਸਚਾਈ ਦੀ ਗੁੰਜਾਇਸ਼ ਖਤਮ ਕਰ ਦਿਓ ਅਤੇ ਧਾਰਨਾ ਬਣਾਓ, ਬਦਨਾਮ ਕਰੋ। ਪ੍ਰਚਾਰ ਅਤੇ ਪ੍ਰਾਪੇਗੰਡਾ ਤੋਂ ਧਾਰਨਾ ਬਣਾ ਦਿਓ। ਅਸੀ ਇੱਕ ਅਜਿਹੀ ਜਾਨਲੇਵਾ ਭੀੜ ਨੂੰ ਮਾਨਤਾ ਦੇ ਰਹੇ ਹਾਂ ਜਿਸਦੀ ਚਪੇਟ ਵਿੱਚ ਵਾਰੀ ਵਾਰੀ ਸਭ ਆਉਣ ਵਾਲੇ ਹਾਂ। ਤੁਸੀ ਇਸਦੇ ਖਤਰਿਆਂ ਨੂੰ ਸਮਝਣਾ ਚਾਹੁੰਦੇ ਹੋ ਤਾਂ ਅਮਰੀਕਾ ਦੀ ਮੋਨਿਕਾ ਲੇਵਿੰਸਕੀ ਦੇ ਅਨੁਭਵ ਨੂੰ ਇੰਟਰਨੈਟ ਤੋਂ ਕੱਢਕੇ ਪੜ ਲਿਓ। ਆਨਲਾਇਨ ਬੁਲੀ ਹੋਰ ਕੁਝ ਨਹੀਂ ਸਿਰਫ ਗੁੰਡਾਰਾਜ ਹੈ। ਕੀ ਅਸੀ ਜਵਾਬਦੇਹੀ ਤੋਂ ਬਹਿਸ ਦਾ ਮਾਹੌਲ ਨਹੀਂ ਬਣਾ ਸਕਦੇ ।

ਮੀਡੀਆ ਵਿੱਚ ਸਮੱਸਿਆ ਹੈ। ਉਹ ਸਮੱਸਿਆ ਵਿਅਕਤੀ ਦੀ ਹੈ ਅਤੇ ਸੰਸਥਾ ਦੀ ਵੀ। ਤੁਸੀ ਵਿਅਕਤੀ ਨੂੰ ਗਾਲ੍ਹ ਦੇ ਕੇ ਸੰਸਥਾ ਦੇ ਸਵਾਲ ਨੂੰ ਨਕਾਰ ਨਹੀਂ ਸਕਦੇ। ਉਨ੍ਹਾਂ ਸਵਾਲਾਂ ਦੇ ਜਵਾਬ ਸੰਪਾਦਕ ਦੇ ਕੋਲ ਨਹੀਂ ਹਨ। ਉਹ ਕਦੋਂ ਤੱਕ ਦਿੰਦਾ ਰਹੇਗਾ। ਲੋਕ ਫਿਰ ਕਿਉਂ ਉਸ ਕਾਰੋਪੋਰੇਟ ਦੇ ਖਿਲਾਫ ਚੁੱਪ ਰਹਿੰਦੇ ਹਨ ਜਿਨ੍ਹਾਂ ਦੇ ਹੱਥ ਵਿੱਚ ਮੀਡੀਆ ਹੈ ਅਤੇ ਜੋ ਨੇਤਾ ਦੇ ਨਾਲ ਬੈਠਕੇ ਵਿਕਾਸ ਬਣ ਜਾਂਦਾ ਹੈ ਅਤੇ ਉਸਦੇ ਮੀਡੀਆ ਵਿੱਚ ਕੰਮ ਕਰਨ ਵਾਲਾ ਸੰਪਾਦਕ ਦਲਾਲ ਹੋ ਗਿਆ? ਇਹ ਕਿਸ ਤਰਾਜ਼ੂ ਉੱਤੇ ਤੋਲ ਰਹੇ ਹੋ ਭਰਾ। ਤੰਤਰ ਵੇਖੋ, ਵਿਅਕਤੀ ਨਹੀਂ।

ਮੈਂ ਪਹਿਲਾਂ ਵੀ ਕਿਹਾ ਹੈ ਕਿ ਇਸ ਸਵਾਲ ਉੱਤੇ ਖੁੱਲਕੇ ਬਹਿਸ ਹੋਵੇ। ਉਹ ਕਿਹੜੇ ਸੰਪਾਦਕ ਹਨ ਜੋ ਰਾਜ ਸਭਾ ਅਤੇ ਵਿਧਾਨ ਪਰਿਸ਼ਦ ਦੇ ਮੈਂਬਰ ਬਣੇ ਅਤੇ ਅਖ਼ਬਾਰ ਅਤੇ ਚੈਨਲ ਵੀ ਚਲਾਉਂਦੇ ਹਨ? ਉਹ ਕਿਹੜੇ ਸੰਪਾਦਕ ਹਨ ਜੋ ਦੋ ਦਲਾਂ ਵਿੱਚ ਸ਼ਾਮਿਲ ਹੋਣ ਦੇ ਬਾਵਜੂਦ ਵੀ ਸੰਪਾਦਕ ਬਣ ਜਾਂਦੇ ਹਨ? ਇਹ ਕਿਵੇਂ ਮਨਜੂਰ ਹੋ ਜਾਂਦੇ ਹਨ? ਮੀਡੀਆ ਉੱਤੇ ਰਾਜਨੀਤਕ ਕਾਬੂ ਤੁਹਾਡੇ ਲਈ ਮੁੱਦਾ ਕਿਉਂ ਨਹੀਂ ਹੈ? ਅਜਿਹੇ ਲੋਕਾਂ ਦੇ ਨਾਲ ਤਾਂ ਨੇਤਾ ਮੰਤਰੀ ਖੂਬ ਨਜ਼ਰ ਆਉਂਦੇ ਹਨ ਤਦ ਇਹ ਗਾਲ੍ਹ ਦੇਣ ਵਾਲੇ ਗੁੰਡੇ ਕਿੱਧਰ ਵੇਖ ਰਹੇ ਹੁੰਦੇ ਹਨ। ਪਾਰਟੀਆਂ ਦੱਸਣ ਕਿ ਉਨ੍ਹਾਂ ਅੰਦਰ ਕਿੰਨੇ ਸੰਪਾਦਕ ਸ਼ਾਮਿਲ ਹਨ? ਪੱਤਰਕਾਰਤਾ ਵਿੱਚ ਸੰਕਟ ਹੈ ਤਾਂ ਉਸਦੇ ਲਈ ਦੋ ਚਾਰ ਨੂੰ ਗਾਲ੍ਹਾਂ ਦੇਣ ਤੋਂ ਕੀ ਹੋਵੇਗਾ।

ਮੇਰੇ ਕੰਮ ਦਾ ਵੀ ਹਿਸਾਬ ਕਰੋ। ਕੱਢੋ ਮੇਰੀ ਇੱਕ ਇੱਕ ਰਿਪੋਰਟਿੰਗ ਅਤੇ ਉਸਦੀ ਆਡਿਟ ਕਰੋ। ਮੈਂ ਨਾਲੀਆਂ ਅਤੇ ਗਲੀਆਂ ਦੇ ਕੰਡੇ ਕਾਂਗਰਸ ਜਾਂ ਬੀਜੇਪੀ ਦੇ ਫਾਇਦੇ ਨੁਕਸਾਨ ਲਈ ਨਹੀਂ ਗਿਆ। ਲੋਕਾਂ ਲਈ ਗਿਆ। ਚੈਨਲ ਚੈਨਲ ਬਦਲਕੇ ਆਪਣੇ ਹੋਣ ਦੀ ਕੀਮਤ ਨਹੀਂ ਵਸੂਲੀ। ਕੰਮ ਹੀ ਕੀਤਾ। ਜਿਨ੍ਹਾਂ ਕਰ ਸਕਦਾ ਸੀ ਕੀਤਾ। ਮੈਂ ਸਫਾਈ ਨਹੀਂ ਦੇਣੀ। ਮੈਂ ਤੁਹਾਡਾ ਪੱਖ ਜਾਨਣਾ ਹੈ?

ਮੈਂ ਅਜਿਹਾ ਕੁੱਝ ਨਹੀਂ ਕੀਤਾ ਜਿਸਦੇ ਨਾਲ ਕੋਈ ਇਹ ਲਿਖੇ ਕਿ ਉਹ ਮੇਰੀ ਲੱਤ ਪਾੜ ਦੇਣਾ ਚਾਹੁੰਦਾ ਹੈ। ਮੈਂ ਅਜਿਹਾ ਕੁੱਝ ਨਹੀਂ ਕੀਤਾ ਹੈ ਕਿ ਮੈਂ ਗਾਲ੍ਹਾਂ ਸੁਣਾਂ ਅਤੇ ਤੁਸੀ ਜਾਂ ਸਮਾਜ ਸੁਣਨ ਸਹਿਨ ਦੀ ਸਲਾਹ ਦੇਵੇ। ਤੁਸੀ ਉਨ੍ਹਾਂ ਨਾਲ ਲੜੋ ਜੋ ਗੁੰਡਾਰਾਜ ਦੀ ਫੌਜ ਤਿਆਰ ਕਰ ਰਹੇ ਹਨ। ਮੇਰੇ ਬਾਰੇ ’ਚ ਅਣਗਿਣਤ ਅਫਵਾਹਾਂ ਫੈਲਾਈਆਂ ਗਈਆਂ ਹਨ। ਤੁਸੀਂ ਮੇਰੀ ਨਹੀਂ ਆਪਣੀ ਚਿੰਤਾ ਕਰੋ ਕਿਉਂਕਿ ਹੁਣ ਵਾਰੀ ਤੁਹਾਡੀ ਹੈ। ਤੁਸੀ ਸਰਕਾਰਾਂ ਦਾ ਹਿਸਾਬ ਕਰੋ ਕਿ ਤੁਹਾਡੇ ਰਾਜ ਵਿੱਚ ਬੋਲਣ ਦੀ ਕਿੰਨੀ ਆਜ਼ਾਦੀ ਹੈ ਅਤੇ ਪ੍ਰੈਸ ਭੰਡ ਵਰਗਾ ਕਿਉਂ ਹੋ ਗਿਆ ਹੈ?

ਇਹ ਮਜਾਕ ਦਾ ਮਸਲਾ ਨਹੀਂ ਹੈ। ਮੈਂ ਜਾਨਣਾ ਚਾਹੁੰਦਾ ਹਾਂ ਕਿ ਸਮਾਜ ਦਾ ਪੱਖ ਕੀ ਹੈ? ਮੈਂ ਆਮ ਲੋਕਾਂ ਤੋਂ ਪੁੱਛਣ ਜਾ ਰਿਹਾ ਹਾਂ ਕਿ ਤੁਸੀ ਇਸਦੇ ਖਿਲਾਫ ਬੋਲੋਗੇ ਜਾਂ ਨਹੀਂ? ਤੁਸੀ ਮੀਡੀਆ ਦੀ ਆਜ਼ਾਦ ਸਪੇਸ ਲਈ ਬੋਲੋਗੇ ਜਾਂ ਨਹੀਂ? ਤੁਸੀ ਕਿਸੇ ਸੰਪਾਦਕ ਲਈ ਅੱਗੇ ਆਵੋਗੇ ਜਾਂ ਨਹੀਂ? ਜੇਕਰ ਨਹੀਂ ਤਾਂ ਮੈਂ ਨੌਜਵਾਨ ਸੰਪਾਦਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਸਮਾਜ ਲਈ ਵਿਰੋਧ ਕਰਨਾ ਛੱਡ ਦੇਣ। ਇਹ ਸਮਾਜ ਉਸ ਭੀੜ ਨਾਲ ਮਿਲ ਗਿਆ ਹੈ। ਇਹ ਕਿਸੇ ਵੀ ਦਿਨ ਤੁਹਾਡੀ ਬਦਨਾਮੀ ਤੋਂ ਲੈ ਕੇ ਹੱਤਿਆ ਵਿੱਚ ਸ਼ਾਮਿਲ ਹੋ ਸਕਦਾ ਹੈ? ਸੰਪਾਦਕਾਂ ਨੇ ਹਰ ਕੀਮਤ ਉੱਤੇ ਸਮਾਜ ਲਈ ਲੜਾਈ ਲੜੀ ਹੈ, ਬਹੁਤ ਕਮੀਆਂ ਰਹੀਆਂ ਹਨ ਅਤੇ ਬਹੁਤਿਆਂ ਨੇ ਇਸਦੀ ਕੀਮਤ ਵੀ ਵਸੂਲੀ ਪਰ ਮੈਂ ਵੇਖਣਾ ਚਾਹੁੰਦਾ ਹਾਂ ਕਿ ਸਮਾਜ ਅੱਗੇ ਆਉਂਦਾ ਹੈ ਜਾਂ ਨਹੀਂ।

ਅਰਵਿੰਦ ਕੇਜਰੀਵਾਲ ਜਦੋਂ ਦਿੱਲੀ ਦੇ ਮੁੱਖ ਮੰਤਰੀ ਪਦ ਦੀ ਸਹੁੰ ਲੈ ਰਹੇ ਸਨ ਤਦ ਮੈਂ ਖੁਲ੍ਹੇਆਮ ਦਰਸ਼ਕਾਂ ਨੂੰ ਇੱਕ ਗੱਲ ਕਹੀ ਸੀ। ਅੱਜ ਤੋਂ ਬਾਅਦ ਤੁਸੀ ਨਾਗਰਿਕ ਬਣ ਜਾਓ। ਹੁਣ ਤੁਸੀ ਮੱਤਦਾਤਾ ਨਹੀਂ ਹੋ। ਆਪਣੀ ਚੁਣੀ ਹੋਈ ਸਰਕਾਰ ਨੂੰ ਲੈ ਕੇ ਸਖ਼ਤ ਹੋ ਜਾਓ। ਨਿਰਪੱਖ ਹੋ ਜਾਓ ਅਤੇ ਕਿਸੇ ਦੇ ਫੈਨ ਨਾ ਬਣੋ। ਕਿਉਂਕਿ ਫੈਨ ਲੋਕਤੰਤਰ ਦਾ ਨਵਾਂ ਗੁੰਡਾ ਹੈ ਜੋ ਵਿਰੋਧ ਅਤੇ ਅਸਹਿਮਤੀ ਦੀ ਅਵਾਜ਼ ਨੂੰ ਦਬਾਉਣ ਦੀ ਖੇਡ ਵਿੱਚ ਸਾਂਝੀਦਾਰ ਬਣਦਾ ਹੈ।

ਤੁਹਾਡਾ
ਰਵੀਸ਼ ਕੁਮਾਰ, 19 ਸਤੰਬਰ 2015

Comments

Gurpreet Singh

ਮੋਦੀ ਜੀ ਕੋਈ ਗੁਪਤ "ਹਿਟ ਟੀਮ " ਵੀ ਬਣਾ ਕਦੇ ਆ ਜੋ ਵਿਰੋਧੀ ਤੇ ਪ੍ਰਗਤੀਸ਼ੀਲ ਸੋਚ ਵਾਲਿਆਂ ਨੂੰ ਟਿਕਾਣੇ ਲਾਉਣ ਦਾ ਕੰਮ ਕਰੇ! ਮੈਨੂੰ ਮੋਦੀ ਤੋਂ ਇਹੋ "ਆਸ " ਹੈ

ਰਾਜਪਾਲ ਸਿੰਘ, ਕੋਟਕ

ਰਵੀਸ਼ ਉਹ ਪੱਤਰਕਾਰ ਹੈ ਜੋ ਬੇਇਨਸਾਫੀ ਅਤੇ ਗਲਤ ਵਰਤਾਰਿਆਂ ਵਿਰੁੱਧ ਆਵਾਜ ਉਠਾਉਂਦਾ ਹੈ ਅਤੇ ਉਸ ਦੀ ਆਵਾਜ ਲੋਕਾਂ ਦੇ ਵਿਸ਼ਾਲ ਹਿਸਿਆਂ ਤੀਕ ਪਹੁੰਚਦੀ ਵੀ ਹੈ।ਉਸਦਾ ਇਹ ਕਹਿਣਾ ਬਿਲਕੁਲ ਠੀਕ ਹੈ ਕਿ ਫੈਨ ਲੋਕਤੰਤਰ ਦਾ ਨਵਾਂ ਗੁੰਡਾ ਹੈ ਜੋ ਵਿਰੋਧ ਅਤੇ ਅਸਹਿਮਤੀ ਦੀ ਅਵਾਜ਼ ਨੂੰ ਦਬਾਉਣ ਦੀ ਖੇਡ ਵਿੱਚ ਸਾਂਝੀਦਾਰ ਬਣਦਾ ਹੈ।ਸਹੀ ਸੋਚ ਵਾਲੇ ਸਭ ਲੋਕਾਂ ਨੂੰ ਉਸ ਦੀ ਹਮਾਇਤ ਵਿੱਚ ਆਵਾਜ ਉਠਾਉਣੀ ਚਾਹੀਦੀ ਹੈ।

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ