Thu, 19 July 2018
Your Visitor Number :-   1436667
SuhisaverSuhisaver Suhisaver
ਫਰਾਂਸ ਦੋ ਦਹਾਕੇ ਮਗਰੋਂ ਮੁੜ ਵਿਸ਼ਵ ਚੈਂਪੀਅਨ              

ਕਨੇਡਾ ਦੀਆਂ ਫੈਡਰਲ ਚੋਣਾਂ ਅਤੇ ਪੰਜਾਬੀ ਬੋਲੀ -ਸਾਧੂ ਬਿਨਿੰਗ

Posted on:- 28-09-2015

suhisaver

(ਮੇਰਾ ਇਹ ਲੇਖ 2004 ਦੀਆਂ ਫੈਡਰਲ ਚੋਣਾਂ ਸਮੇਂ ਲਿਖੇ ਲੇਖ ਦਾ ਸੋਧਿਆ ਹੋਇਆ ਰੂਪ ਹੈ। ਜਿੱਥੋਂ ਤੱਕ ਕਨੇਡਾ ਵਿਚ ਕੇਂਦਰੀ ਪੱਧਰ ’ਤੇ ਪੰਜਾਬੀ ਨੂੰ ਮਾਨਤਾ ਦਾ ਸਵਾਲ ਹੈ ਹੁਣ ਤੱਕ ਕਿਸੇ ਕਿਸਮ ਦੀ ਕੋਈ ਤਬਦੀਲੀ ਨਹੀਂ ਵਾਪਰੀ। ਉਦੋਂ ਤੋਂ ਲੈ ਕੇ ਅਸੀਂ 2006, 2008 ਅਤੇ 2011 ਦੀਆਂ ਚੋਣਾਂ ਰਾਹੀਂ ਲੰਘ ਚੁੱਕੇ ਹਾਂ। ਹੁਣ ਅਕਤੂਬਰ 19 ਨੂੰ ਫੇਰ ਫੈਡਰਲ ਚੋਣਾਂ ਹੋ ਰਹੀਆਂ ਹਨ। ਭਾਈਚਾਰੇ ਵਿਚੋਂ ਕੁਝ ਲੋਕਾਂ ਅਤੇ ਪਲੀ (ਪੰਜਾਬੀ ਲੈਂਗੂਏਜ ਐਜੂਕੇਸ਼ਨ ਅਸੋਸੀਏਸ਼ਨ) ਵਰਗੀਆਂ ਜਥੇਬੰਦੀਆਂ ਵਲੋਂ ਸਮੇਂ ਸਮੇਂ ਅਤੇ ਖਾਸ ਕਰ ਚੋਣਾਂ ਸਮੇਂ, ਇਸ ਮਸਲੇ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਇਨ੍ਹਾਂ ਕੋਸ਼ਿਸ਼ਾਂ ਨੂੰ ਜਾਰੀ ਰੱਖਣਾ ਚਾਹੀਦਾ ਹੈ, ਇਸ ਆਸ ਵਿਚ ਕਿ ਇਸ ਮਾਣਮੱਤੇ ਬਹੁ-ਸਭਿਆਚਾਰਕ ਮੁਲਕ ਦੀ ਫੈਡਰਲ ਸਰਕਾਰ ਇਕ ਦਿਨ ਭਾਸ਼ਾ ਦੀ ਮਹੱਤਤਾ ਵੱਲ ਜ਼ਰੂਰ ਧਿਆਨ ਦੇਵੇਗੀ।)


ਕਤੂਬਰ ਮਹੀਨੇ ਦੀ 19 ਤਰੀਕ ਨੂੰ ਹੋਣ ਵਾਲੀਆਂ ਫੈਡਰਲ ਚੋਣਾਂ ਬਾਰੇ ਪਿਛਲੇ ਕਈ ਹਫਤਿਆਂ ਤੋਂ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਵਲੋਂ ਜ਼ੋਰ ਸ਼ੋਰ ਨਾਲ ਪਰਚਾਰ ਹੋ ਰਿਹਾ ਹੈ। ਪੰਜਾਬੀ ਭਾਈਚਾਰੇ ਦੇ ਲੋਕ ਵੀ ਹਮੇਸ਼ਾ ਵਾਂਗ ਪੂਰੀ ਸਰਗਰਮੀ ਨਾਲ ਇਸ ਵਿਚ ਜੁੱਟੇ ਹੋਏ ਹਨ। ਵੈਨਕੂਵਰ ਇਲਾਕੇ ਵਿਚ, ਖਾਸ ਕਰ ਸਰੀ ਵਿਚ, ਪੰਜਾਬੀ ਪਿਛੋਕੜ ਦੇ ਦਰਜਨ ਦੇ ਕਰੀਬ ਉਮੀਦਵਾਰ ਵੱਖ ਵੱਖ ਪਾਰਟੀਆਂ ਵੱਲੋਂ ਚੋਣ ਮੈਦਾਨ ਵਿਚ ਨਿੱਤਰੇ ਹਨ। ਟਰਾਂਟੋ ਅਤੇ ਦੂਜੇ ਵੱਡੇ ਸ਼ਹਿਰਾਂ ਦੀ ਸਥਿਤੀ ਵੀ ਵੈਨਕੂਵਰ ਨਾਲੋਂ ਏਨੀ ਵੱਖਰੀ ਨਹੀਂ ਹੋਣੀ। ਜਿੱਥੇ ਜਿੱਥੇ ਵੀ ਪੰਜਾਬੀਆਂ ਦੀ ਜ਼ਿਕਰਯੋਗ ਗਿਣਤੀ ਹੈ ਉੱਥੇ ਉਹ ਜਾਂ ਤਾਂ ਕਿਸੇ ਪੰਜਾਬੀ ਉਮੀਦਵਾਰ ਨੂੰ ਜਿਤਾਉਣ ਦੇ ਆਹਰ ਵਿਚ ਹਨ ਜਾਂ ਪੰਜਾਬੀ ਭਾਈਚਾਰੇ ਨਾਲ ਨੇੜਤਾ ਰੱਖਣ ਵਾਲੇ ਕਿਸੇ ਹੋਰ ਉਮੀਦਵਾਰ ਨੂੰ।

ਪੰਜਾਬੀਆਂ ਵਲੋਂ ਬੇਸ਼ੁਮਾਰ ਪੈਸਾ ਸਿਆਸੀ ਪਾਰਟੀਆਂ ਨੂੰ ਫੰਡ ਵਜੋਂ ਦਿੱਤਾ ਜਾ ਰਿਹਾ ਹੈ ਅਤੇ ਹਰ ਕਿਸਮ ਦੀ ਸ਼ਕਤੀ ਅਤੇ ਸੋਮੇ ਇਸ ਚੋਣ ਵਿਚ ਲਾਏ ਜਾ ਰਹੇ ਹਨ। ਉਹ ਫੰਡ ਇਕੱਠੇ ਕਰ ਰਹੇ ਹਨ, ਸੜਕਾਂ 'ਤੇ ਉਮੀਦਵਾਰਾਂ ਦੇ ਬੋਰਡ ਲਾ ਰਹੇ ਹਨ, ਲੋਕਾਂ ਦੇ ਘਰੀਂ ਜਾ ਕੇ ਉਨ੍ਹਾਂ ਨੂੰ ਵੋਟ ਪਾਉਣ ਲਈ ਕਹਿ ਰਹੇ ਹਨ, ਫੋਨ ਕਰ ਰਹੇ ਹਨ, ਲਿਸਟਾਂ ਬਣਾ ਰਹੇ ਹਨ, ਇਕ ਦੂਜੇ ਨਾਲ ਬਹਿਸਾਂ ਕਰ ਰਹੇ ਹਨ, ਵੱਖਰੀਆਂ ਵੱਖਰੀਆਂ ਪਾਰਟੀਆਂ ਦਾ ਨਜ਼ਰੀਆ ਇੱਕ ਦੂਜੇ ਨੂੰ ਦੱਸ ਰਹੇ ਹਨ, ਅਖਬਾਰਾਂ ਵਿਚ ਵੱਡੇ ਵੱਡੇ ਇਸ਼ਤਿਹਾਰ ਛਾਪ ਰਹੇ ਹਨ, ਰੇਡੀਓ, ਟੀ ਵੀ ਚੋਣ ਸੰਬੰਧੀ ਪ੍ਰੋਗਰਾਮ ਪੇਸ਼ ਕਰ ਹਰੇ ਹਨ। ਇਹ ਸਭ ਕੁਝ ਕਰਨ ਲਈ ਉਹ ਪੰਜਾਬੀ ਬੋਲੀ ਦੀ ਵੀ ਵਰਤੋਂ ਕਰ ਰਹੇ ਹਨ। ਕਈ ਥਾਵਾਂ 'ਤੇ, ਜਿਵੇਂ ਸਰੀ ਦੇ ਕਈ ਚੋਣ ਹਲਕਿਆਂ ਵਿਚ, ਜਿੱਥੇ ਹਰ ਪਾਸੇ ਪੰਜਾਬੀ ਉਮੀਦਵਾਰ ਖੜ੍ਹੇ ਹਨ, ਉੱਥੇ ਪੰਜਾਬੀ ਬੋਲੀ ਦੀ ਵਰਤੋਂ ਸ਼ਾਇਦ ਅੰਗ੍ਰੇਜ਼ੀ ਬੋਲੀ ਦੇ ਮੁਕਾਬਲੇ ਕਿਤੇ ਵੱਧ ਹੋ ਰਹੀ ਹੋਵੇ। ਬੋਲੀ ਦੀ ਇਹ ਵਰਤੋਂ ਵੱਖ ਵੱਖ ਥਾਵਾਂ 'ਤੇ ਘੱਟ ਵੱਧ ਹੋ ਸਕਦੀ ਹੈ ਪਰ ਇੱਕ ਗੱਲ ਸਾਫ ਹੈ ਕਿ ਕਨੇਡਾ ਦੀਆਂ ਫੈਡਰਲ ਚੋਣਾਂ ਵਿਚ ਪੰਜਾਬੀ ਬੋਲੀ ਦੀ ਵਰਤੋਂ ਹੋ ਰਹੀ ਹੈ।

ਪਰ ਅਸਲੀਅਤ ਇਹ ਹੈ ਕਿ ਪੰਜਾਬੀ ਬੋਲੀ ਕਨੇਡਾ ਵਿਚ ਇਕ ਵਿਦੇਸ਼ੀ ਬੋਲੀ ਹੈ।


ਜਿਨ੍ਹਾਂ ਸਿਫਤਾਂ ਕਰ ਕੇ ਕਨੇਡਾ ਦੀ ਦੁਨੀਆਂ ਭਰ ਵਿਚ ਇੱਜ਼ਤ ਹੈ ਉਨ੍ਹਾਂ ਵਿਚ ਸੱਭ ਤੋਂ ਵੱਡੀ ਸਿਫਤ ਇਥੇ ਸਾਰੇ ਸਭਿਆਚਾਰਾਂ ਨੂੰ ਮਿਲਦਾ ਸਤਿਕਾਰ ਹੈ। ਇਹ ਸੱਚਮੁੱਚ ਬਹੁਤ ਵਧੀਆ ਗੱਲ ਹੈ ਅਤੇ ਸਾਰੇ ਕਨੇਡੀਅਨ ਇਸ ਗੱਲ 'ਤੇ ਮਾਣ ਕਰਦੇ ਹਨ। ਕਨੇਡਾ ਦਾ ਬਹੁ-ਸਭਿਆਚਾਰਕ ਢਾਂਚਾ ਦੁਨੀਆਂ ਭਰ ਵਿਚ ਇਕ ਮਾਡਲ ਵਜੋਂ ਦੇਖਿਆ ਜਾਂਦਾ ਹੈ। ਪਰ ਅਸਲੀਅਤ ਇਹ ਹੈ ਕਿ ਕਨੇਡਾ ਦਾ ਬਹੁ-ਸਭਿਆਚਾਰਵਾਦ ਪਿਛਲੇ ਪੰਤਾਲੀਆਂ ਸਾਲਾਂ ਦੌਰਾਨ ਇਕ ਵਿਸ਼ੇਸ਼ ਹੱਦ ਤੋਂ ਅੱਗੇ ਵੱਲ ਨਹੀਂ ਸਰਕਿਆ। ਇਸ ਤੱਥ ਦੇ ਬਾਵਜੂਦ ਕਿ ਕੋਈ ਵੀ ਸਭਿਆਚਾਰ ਉਸ ਦੀ ਭਾਸ਼ਾ ਤੋਂ ਬਿਨਾਂ ਜ਼ਿੰਦਾ ਨਹੀਂ ਰਹਿ ਸਕਦਾ, ਕਨੇਡਾ ਦਾ ਬਹੁਸਭਿਆਚਾਰਕ ਢਾਂਚਾ ਅੰਗ੍ਰੇਜ਼ੀ ਅਤੇ ਫਰਾਂਸੀਸੀ ਤੋਂ ਬਿਨਾਂ ਕਿਸੇ ਵੀ ਹੋਰ ਭਾਸ਼ਾ ਨੂੰ ਸਰਕਾਰੀ ਤੌਰ 'ਤੇ ਕਨੇਡੀਅਨ ਭਾਸ਼ਾ ਮੰਨਣ ਤੋਂ ਇਨਕਾਰੀ ਹੈ।

ਪੰਜਾਬੀ 2004 ਦੀਆਂ ਚੋਣਾਂ ਸਮੇਂ ਕਨੇਡਾ ਵਿਚ ਬੋਲੀਆਂ ਜਾਣ ਵਾਲੀਆਂ ਸੈਂਕੜੇ ਬੋਲੀਆਂ ਵਿਚੋਂ ਛੇਵੇਂ ਨੰਬਰ ’ਤੇ ਸੀ। ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਹੁਣ ਪੰਜਾਬੀ ਬੋਲੀ ਕਨੇਡਾ ਵਿਚ ਤੀਜੇ ਨੰਬਰ 'ਤੇ ਆਉਂਦੀ ਹੈ। ਏਥੇ ਬੋਲੀਆਂ ਜਾਂਦੀਆਂ ਦੋ ਸੌ ਤੋਂ ਵੱਧ ਬੋਲੀਆਂ ਵਿਚੋਂ ਤੀਜੇ ਨੰਬਰ ’ਤੇ ਆਉਣਾ ਕੋਈ ਨਿੱਕੀ ਜਿਹੀ ਜਾਂ ਆਮ ਗੱਲ ਨਹੀਂ ਹੈ। (ਇਹ ਵੀ ਪੱਕੀ ਗੱਲ ਹੈ ਤੇ ਚੇਤੇ ਰੱਖਣੀ ਚਾਹੀਦੀ ਹੈ ਕਿ ਇਸ ਦਾ ਇਹ ਸਥਾਨ ਸਦਾ ਨਹੀਂ ਰਹੇਗਾ)।  ਪਿਛਲੇ ਇਕ ਸੌ ਵੀਹ ਸਾਲ ਤੋਂ ਇਸ ਦੀ ਏਥੇ ਹੋਂਦ ਹੈ ਅਤੇ ਇਸ ਨੇ ਕਨੇਡਾ ਅਤੇ ਖਾਸ ਕਰ ਬੀ ਸੀ ਦੇ ਵਿਕਾਸ ਵਿਚ ਲਗਾਤਾਰ ਆਪਣਾ ਹਿੱਸਾ ਪਾਇਆ ਹੈ। ਪੰਜਾਬੀ ਬੋਲੀ ਦੇ ਯੋਗਦਾਨ ਨੂੰ ਅੱਖੋਂ ਉਹਲੇ ਕਰਨਾ ਅਤੇ ਇਸ ਨੂੰ ਇਕ ਕਨੇਡੀਅਨ ਬੋਲੀ ਨਾ ਮੰਨਣਾ ਭਾਸ਼ਾਈ (ਲਿੰਗੂਸਿਜ਼ਮ) ਵਿਤਕਰਾ ਹੈ। ਇਹ ਵੀ ਸੱਚ ਹੈ ਕਿ ਇਹ ਵਿਤਕਰੇ ਵਾਲਾ ਵਰਤਾਅ ਸਿਰਫ ਪੰਜਾਬੀ ਨਾਲ ਹੀ ਨਹੀਂ ਹੋ ਰਿਹਾ, ਦੋ ਸਰਕਾਰੀ ਬੋਲੀਆਂ ਤੋਂ ਬਿਨਾਂ ਬਾਕੀ ਸਭ ਬੋਲੀਆਂ ਨੂੰ ਵਿਦੇਸ਼ੀ ਹੀ ਸਮਝਿਆ ਜਾਂਦਾ ਹੈ। ਕਿਉਂਕਿ ਦੂਜੀਆਂ ਬੋਲੀਆਂ ਨਾਲ ਵੀ ਇਹ ਵਿਤਕਰਾ ਹੁੰਦਾ ਹੈ ਇਸ ਕਰਕੇ ਇਸ ਬਾਰੇ ਗੱਲ ਨਾ ਕੀਤੀ ਜਾਵੇ? ਇਹ ਇਕ ਬੇਹੱਦ ਪੇਚੀਦਾ ਸਵਾਲ ਹੈ ਅਤੇ ਇਸ ਨੂੰ ਉਠਾਉਣ ਤੋਂ ਹਰ ਕੋਈ ਡਰਦਾ ਹੈ, ਖਾਸ ਕਰ ਸਿਆਸੀ ਲੋਕ।

ਦੂਜੀਆਂ ਬੋਲੀਆਂ ਦੇ ਮੁਕਾਬਲੇ ਪੰਜਾਬੀ ਦੀ ਸਥਿਤੀ ਵੱਖਰੀ ਹੈ ਅਤੇ ਇਸ ਦੀਆਂ ਵੱਖਰੀਆਂ ਲੋੜਾਂ ਹਨ। ਆਪਣੇ ਮੁੱਢਲੇ ਮੁਲਕਾਂ ਵਿਚ ਸਰਕਾਰੀ ਬੋਲੀਆਂ ਹੋਣ ਕਾਰਨ ਦੂਜੀਆਂ ਬਹੁਤੀਆਂ ਬੋਲੀਆਂ ਨੂੰ ਹਰ ਕਿਸਮ ਦੀ ਲੋੜੀਂਦੀ ਇਮਦਾਦ ਹਾਸਲ ਹੈ। ਉਨ੍ਹਾਂ ਬੋਲੀਆਂ ਨੂੰ ਬੋਲਣ ਵਾਲੇ ਲੋਕ ਕਨੇਡਾ ਵਿਚ ਵੀ ਆਪਣੀਆਂ ਬੋਲੀਆਂ ਦੇ ਵਿਕਾਸ ਵਾਸਤੇ ਬੇਸ਼ੁਮਾਰ ਵਸੀਲੇ ਲਾਉਂਦੇ ਹਨ। ਉਨ੍ਹਾਂ ਵਾਸਤੇ ਮੁਕਾਬਲਤਨ ਇਹ ਗੱਲ ਇਨੀ ਅਹਿਮੀਅਤ ਨਹੀਂ ਰੱਖਦੀ ਕਿ ਉਨ੍ਹਾਂ ਦੀ ਬੋਲੀ ਨੂੰ ਕਨੇਡਾ ਵਿਚ ਮਾਨਤਾ ਮਿਲਦੀ ਹੈ ਕਿ ਨਹੀਂ। ਉਹ ਖੁਦ ਆਪਣੀ ਬੋਲੀ ਨੂੰ ਸਰਕਾਰੀ ਮਾਨਤਾ ਨਾਲੋਂ ਕਿਤੇ ਜ਼ਿਆਦਾ ਮਾਣ ਸਤਿਕਾਰ ਦਿੰਦੇ ਹਨ ਅਤੇ ਉਸ ਦੇ ਵਿਕਾਸ ਲਈ ਲੋੜੀਂਦਾ ਹਰ ਵਸੀਲਾ ਖੁਦ ਮੁਹੱਈਆ ਕਰਦੇ ਹਨ। ਪਰ ਪੰਜਾਬੀ ਦੀ ਸਥਿਤੀ ਵੱਖਰੀ ਹੈ। ਇਹ ਬੋਲੀ ਦੁਨੀਆਂ ਵਿਚ ਬੋਲੀਆਂ ਜਾਣ ਵਾਲੀਆਂ ਬੋਲੀਆਂ ਵਿਚ ਵੀ ਗਿਆਰਵਾਂ ਜਾਂ ਬਾਰਵ੍ਹਾਂ ਸਥਾਨ ਰੱਖਦੀ ਹੈ ਅਤੇ ਦੁਨੀਆਂ ਦੇ 125 ਤੋਂ ਵੱਧ ਮੁਲਕਾਂ ਵਿਚ ਬੋਲੀ ਵਰਤੀ ਜਾਂਦੀ ਇਸ ਬੋਲੀ ਨੂੰ ਬੋਲਣ ਵਾਲੇ ਲੋਕਾਂ ਦੀ ਗਿਣਤੀ 150 ਮਿਲੀਆਨ ਤੋਂ ਵੀ ਵੱਧ ਹੈ। ਪਰ ਇਨ੍ਹਾਂ ਤੱਥਾਂ ਦੇ ਬਾਵਜੂਦ ਇਸ ਬੋਲੀ ਪਿੱਛੇ ਸਹੀ ਅਰਥਾਂ ਵਿਚ ਕਿਸੇ ਸਟੇਟ ਦੀ ਤਾਕਤ ਨਹੀਂ ਹੈ ਜੋ ਇਸ ਦੇ ਵਿਕਾਸ ਦਾ ਫਿਕਰ ਕਰੇ। ਇਸ ਨੂੰ ਬੋਲਣ ਵਾਲੇ ਲੋਕ ਇਸ ਨੂੰ ਪਿਆਰ ਤਾਂ ਕਰਦੇ ਹਨ ਪਰ ਸਭਿਆਚਾਰ ਵਾਸਤੇ ਉਹ ਇਸ ਦੀ ਓਨੀ ਮਹੱਤਤਾ ਨਹੀਂ ਸਮਝਦੇ ਜਿੰਨੀ ਉਹ ਧਰਮ ਦੀ ਸਮਝਦੇ ਹਨ। ਇਕ ਭਾਈਚਾਰੇ ਵਜੋਂ ਅਸੀਂ ਅਜੇ ਵੀ ਦਿਮਾਗੀ ਤੌਰ ’ਤੇ ਬਸਤੀਵਾਦੀ ਸੋਚ ਤੋਂ ਪਿੱਛਾ ਨਹੀਂ ਛੁਡਾ ਸਕੇ ਅਤੇ ਸਭਿਆਚਾਰ ਲਈ ਬੋਲੀ ਵਰਗੀ ਮਹੱਤਵਪੂਰਨ ਚੀਜ਼ ਨੂੰ ਬੇਲੋੜਾ ਸਮਝ ਰਹੇ ਹਾਂ। ਨਤੀਜੇ ਵਜੋਂ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਨੂੰ ਕਨੇਡਾ ਵਿਚ ਵਿਕਾਸ ਕਰਨ ਲਈ ਬਾਹਰੀ ਮਦਦ ਦੀ ਲੋੜ ਹੈ। ਇਸ ਲਈ ਜ਼ਰੂਰੀ ਹੈ ਕਿ ਇਸ ਨੂੰ ਏਥੇ ਸਰਕਾਰੀ ਤੌਰ 'ਤੇ ਮਾਨਤਾ ਮਿਲੇ। ਇਸ ਤਰ੍ਹਾਂ ਹੋਣ ਨਾਲ ਪੰਜਾਬੀਆਂ ਦੇ ਮਨਾਂ ਅੰਦਰ ਵੀ ਇਸ ਦਾ ਸਤਿਕਾਰ ਵਧੇਗਾ ਅਤੇ ਉਹ ਇਸ ਵਾਸਤੇ ਹੋਰ ਯਤਨਸ਼ੀਲ ਹੋਣਗੇ। ਨਾਲ ਹੀ ਕਨੇਡਾ ਦੀ ਸਰਕਾਰ ਵੀ ਇਸ ਦੇ ਵਿਕਾਸ ਵਾਸਤੇ ਕੁਝ ਹੱਦ ਤੱਕ ਜ਼ਿੰਮੇਵਾਰ ਹੋਵੇਗੀ। ਅਸੀਂ ਦੇਖ ਸਕਦੇ ਹਾਂ ਕਿ ਜਿਸ ਤਰ੍ਹਾਂ ਬੀ ਸੀ ਵਿਚ 1994 ਤੋਂ ਪੰਜਾਬੀ ਬੋਲੀ ਨੂੰ ਮਾਨਤਾ ਮਿਲਣ ਕਾਰਨ ਇਸ ਦੇ ਸਕੂਲਾਂ ਵਿਚ ਪੜ੍ਹਾਏ ਜਾਣ ਦੇ ਨਾਲ ਨਾਲ ਇਸ ਦੇ ਵਿਕਾਸ ਲਈ ਹੋਰ ਕਈ ਰਾਹ ਬਣੇ ਹਨ। ਇਸੇ ਤਰ੍ਹਾਂ ਜੇ ਇਸ ਨੂੰ ਕੌਮੀ ਪੱਧਰ 'ਤੇ ਮਾਨਤਾ ਮਿਲੇ ਤਾਂ ਇਸ ਦੇ ਵਿਕਾਸ ਲਈ ਅਨੇਕਾਂ ਸੰਭਾਵਨਾਵਾਂ ਬਣਨਗੀਆਂ।

ਪੰਜਾਬੀ ਬੋਲੀ ਨੂੰ ਕਨੇਡਾ ਵਿਚ ਮਾਨਤਾ ਦੁਆਉਣ ਦੇ ਮਸਲੇ ਨੂੰ ਉਠਾਉਣ ਦਾ ਮੌਕਾ ਹੁਣ ਨਾਲੋਂ ਵਧੀਆ ਕਦੇ ਨਹੀਂ ਹੋਵੇਗਾ। ਸਾਨੂੰ ਫੈਡਰਲ ਚੋਣਾਂ ਵਿਚ ਖੜ੍ਹੇ ਪੰਜਾਬੀ ਪਿਛੋਕੜ ਵਾਲੇ ਉਮੀਦਵਾਰਾਂ ਅੱਗੇ ਤਾਂ ਹਰ ਹਾਲਤ ਵਿਚ ਇਹ ਸਵਾਲ ਪਾਉਣਾ ਚਾਹੀਦਾ ਹੈ ਕਿ ਉਹ ਪੰਜਾਬੀ ਨੂੰ ਮਾਨਤਾ ਦਿਵਾਉਣ ਲਈ ਕੀ ਕਰਨਗੇ? ਏਥੇ ਵਸਦੇ ਦੂਜੇ ਲੋਕਾਂ ਵਾਂਗ ਹੀ ਇਨ੍ਹਾਂ ਸਾਰੇ ਉਮੀਦਵਾਰਾਂ - ਜਿੰਨੀ ਸਿੰਮਜ਼, ਜਸਬੀਰ ਸੰਧੂ, ਅਮਨਦੀਪ ਨਿੱਝਰ ਅਤੇ ਬਿੰਲ ਸੰਧੂ (ਐਨ ਡੀ ਪੀ); ਸੁੱਖ ਧਾਲੀਵਾਲ, ਰਣਦੀਪ ਸਰਾਏ, ਹਰਜੀਤ ਸਿੰਘ ਸੱਜਣ ਅਤੇ ਜਤੀ ਸਿੱਧੂ (ਲਿਬਰਲ); ਨੀਨਾ ਗਰੇਵਾਲ, ਹਰਪ੍ਰੀਤ ਸਿੰਘ, ਸੁੱਚਾ ਥਿੰਦ ਅਤੇ ਲਿਵ ਗਰੇਵਾਲ (ਕੰਜ੍ਰਵੇਟਿਵ) - ਦੀ ਵੀ ਪੰਜਾਬੀ ਬੋਲੀ ਵਲ ਜ਼ਿਮੇਵਾਰੀ ਬਣਦੀ ਹੈ। ਇਹ ਸਿਰਫ ਬੀ ਸੀ ਦੇ ਹੀ ਕੁਝ ਨਾਮ ਹਨ। ਇਸੇ ਤਰ੍ਹਾਂ ਹੀ ਕਨੇਡਾ ਦੇ ਦੂਜੇ ਹਿੱਸਿਆਂ ਵਿਚ ਦਰਜਣਾਂ ਪੰਜਾਬੀ ਉਮੀਦਵਾਰ ਚੋਣ ਮੈਦਾਨ ਵਿਚ ਉੱਤਰੇ ਹਨ। ਇਨ੍ਹਾਂ ਵਿਚੋਂ ਬਹੁਤੇ ਲੋਕ ਆਪਣੀਆਂ ਚੋਣ ਮੁਹਿੰਮਾਂ ਦੌਰਾਨ ਪੰਜਾਬੀ ਬੋਲੀ ਦੀ ਵਰਤੋਂ ਕਰ ਰਹੇ ਹਨ। ਇਸ ਕਰਕੇ ਉਨ੍ਹਾਂ ਦੀ ਵੀ ਇਸ ਦੇ ਬੋਲੀ ਦੇ ਵਿਕਾਸ ਵਲਾਂ ਜ਼ਿੰਮੇਵਾਰੀ ਹੈ। ਇਹ ਵੀ ਅਸਲੀਅਤ ਹੈ ਕਿ ਸਿਆਸੀ ਲੋਕ ਉਸੇ ਗੱਲ ਦੀ ਜ਼ਿੰਮੇਵਾਰੀ ਸਮਝਦੇ ਹਨ ਜਿਸ ਬਾਰੇ ਉਨ੍ਹਾਂ ਦੀ ਮਦਦ ਕਰਨ ਵਾਲੇ ਲੋਕ ਉਨ੍ਹਾਂ ਨੂੰ ਮਜਬੂਰ ਕਰਨ। ਸੋ ਅਸਲੀ ਜ਼ਿੰਮੇਵਾਰੀ ਪੰਜਾਬੀਆਂ ਦੀ ਹੈ ਕਿ ਸਿਆਸੀ ਲੋਕਾਂ ਨੂੰ ਬੋਲੀ ਦੇ ਮਸਲੇ ਬਾਰੇ ਦੱਸਣ। ਇਹ ਕੰਮ ਇਸ ਸਮੇਂ ਕੀਤਾ ਜਾ ਸਕਦਾ ਹੈ ਜਦੋਂ ਇਹ ਸਿਆਸੀ ਉਮੀਦਾਵਾਰ ਵੋਟ ਮੰਗਣ ਤੁਹਾਡੇ ਕੋਲ ਆਉਣ ਤਾਂ ਇਨ੍ਹਾਂ ਅੱਗੇ ਬੋਲੀ ਦਾ ਮਸਲਾ ਰੱਖਿਆ ਜਾ ਸਕਦਾ ਹੈ ਕਿ ਚੁਣੇ ਜਾਣ ਬਾਅਦ ਉਹ ਕਨੇਡਾ ਵਿਚ ਪੰਜਾਬੀ ਨੂੰ ਮਾਨਤਾ ਦਿਵਾਉਣ ਲਈ ਕੀ ਉਪਰਾਲੇ ਕਰਨਗੇ। ਇਹ ਜ਼ਰੂਰੀ ਹੈ ਕਿ ਇਨ੍ਹਾਂ ਕੋਲੋਂ ਇਹ ਗੱਲ ਪੰਜਾਬੀ ਵਿਚ ਪੁੱਛੀ ਜਾਵੇ ਅਤੇ ਇਨ੍ਹਾਂ ਵਲੋਂ ਦਿੱਤੇ ਜਵਾਬਾਂ ਨੂੰ ਵੋਟ ਪਾਉਣ ਵੇਲੇ ਚੇਤੇ ਰੱਖਿਆ ਜਾਵੇ।

ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰਦਾ ਕਿ ਇਹ ਕੋਈ ਏਨੀ ਸੁਖਾਲੀ ਗੱਲ ਨਹੀਂ ਤੇ ਸ਼ਾਇਦ ਇਸ ਨੂੰ ਹਾਸਲ ਕਰਨ ਵਿਚ ਸਮਾਂ ਲੱਗੇ। ਪਰ ਘੱਟੋ ਘੱਟ ਇਸ ਸਮੇਂ  ਇਸ ਮਸਲੇ ਨੂੰ ਕਿਸੇ ਦੇ ਇਜੰਡੇ 'ਤੇ ਤਾਂ ਲਿਆਂਦਾ ਜਾਵੇ। ਇਹ ਕੀਤਾ ਜਾ ਸਕਦਾ ਹੈ ਅਤੇ ਹੁਣ ਹੀ ਇਸ ਲਈ ਵਧੀਆ ਮੌਕਾ ਹੈ। ਸਾਨੂੰ ਇਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਅਸੀਂ ਨਾ ਤਾਂ ਅੰਗ੍ਰੇਜ਼ੀ ਜਾਂ ਫਰਾਂਸੀਸੀ ਦੇ ਬਰਾਬਰ ਦੇ ਹੱਕ ਦੀ ਮੰਗ ਕਰ ਰਹੇ ਹਾਂ ਅਤੇ ਨਾ ਹੀ ਇਹ ਕਹਿ ਰਹੇ ਹਾਂ ਕਿ ਇਹ ਬੋਲੀਆਂ ਸਾਨੂੰ ਕਿਸੇ ਤਰ੍ਹਾਂ ਮੰਨਜ਼ੁਰ ਨਹੀਂ। ਅਸੀਂ ਇਨ੍ਹਾਂ ਦੋਵਾਂ ਹੀ ਸਰਕਾਰੀ ਬੋਲੀਆਂ ਦਾ ਸਤਿਕਾਰ ਕਰਦੇ ਹਾਂ। ਅੰਗ੍ਰੇਜ਼ੀ ਬਿਨਾਂ ਕਿਸੇ ਵੀ ਵਿਅਕਤੀ ਦਾ ਇਕ ਪੱਲ ਲਈ ਵੀ ਗੁਜ਼ਾਰਾ ਨਹੀਂ ਹੋ ਸਕਦਾ। ਅਸੀਂ ਸਿਰਫ ਇਹ ਕਹਿ ਰਹੇ ਹਾਂ ਕਿ ਪੰਜਾਬੀ ਬੋਲੀ ਨੂੰ ਵੀ ਕਿਸੇ ਨਾ ਕਿਸੇ ਪੱਧਰ 'ਤੇ ਕਨੇਡਾ ਦੀ ਕੁਝ ਲੱਗਦੀ ਮੰਨਿਆ ਜਾਵੇ ਅਤੇ ਇਸ ਦੀ ਸਿਹਤ ਵਾਸਤੇ ਵੀ ਸਾਡੇ ਟੈਕਸ ਦੇ ਪੈਸਿਆਂ ਵਿਚੋਂ ਕੁਝ ਖਰਚਿਆ ਜਾਵੇ। ਇਹ ਕੋਈ ਏਨੀ ਗਲਤ ਮੰਗ ਨਹੀਂ ਹੈ। ਸਾਨੂੰ ਇਹ ਮੰਗ ਕਰਦੇ ਸਮੇਂ ਡਰਨਾ ਨਹੀਂ ਚਾਹੀਦਾ। ਜਿਸ ਸਮਾਜ ਵਿਚ ਅਤੇ ਜਿਸ ਆਰਿਥਕ ਢਾਂਚੇ ਵਿਚ ਅਸੀਂ ਜੀਅ ਰਹੇ ਹਾਂ ਉਸ ਵਿਚ ਹਰ ਚੀਜ਼ ਦੀ ਵਰਤੋਂ ਲਈ ਕੋਈ ਨਾ ਕੋਈ ਖਰਚ ਕਰਨਾ ਪੈਂਦਾ ਹੈ। ਏਥੇ ਕੁਝ ਵੀ ਮੁਫਤ ਨਹੀਂ ਮਿਲਦਾ। ਪਰ ਪੰਜਾਬੀ ਬੋਲੀ ਦੀ ਵਰਤੋਂ ਕਰਨ ਲਈ ਕੋਈ ਕਿਸੇ ਕਿਸਮ ਦਾ ਖਰਚਾ ਦੇਣ ਲਈ ਤਿਆਰ ਨਹੀਂ ਹੈ। ਇਸ ਦਾ ਅਰਥ ਇਹ ਹੀ ਹੋਇਆ ਕਿ ਇਹ ਬੋਲੀ ਕਿਸੇ ਦੀ ਕੁਝ ਲਗਦੀ ਹੀ ਨਹੀਂ। ਇਸ ਨੂੰ ਜਿਹੜਾ ਮਰਜੀ ਜਿਵੇਂ ਮਰਜੀ ਮੁਫਤ ਵਿਚ ਵਰਤੇ। ਜੋ ਲੋਕ ਪੰਜਾਬੀ ਬੋਲੀ ਨੂੰ ਆਪਣੀ ਮਾਂ (ਬੋਲੀ) ਮੰਨਦੇ ਹਨ ਉਨ੍ਹਾਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ।

ਸਾਨੂੰ ਇਸ ਮੁਲਕ ਵਿਚ ਵਸਦਿਆਂ ਨੂੰ ਇਕ ਸੌ ਵੀਹ ਸਾਲ ਦਾ ਸਮਾਂ ਹੋ ਗਿਆ ਹੈ। ਅਸੀਂ ਕਾਮਾਗਾਟਾ ਮਾਰੂ ਦੇ ਸਮੇਂ ਤੋਂ ਲੈ ਕੇ ਬੜਾ ਲੰਮਾ ਸਫਰ ਕੀਤਾ ਹੈ। ਇਸ ਵੇਲੇ ਪੰਜਾਬੀ ਭਾਈਚਾਰਾ ਕਨੇਡੀਅਨ ਭਾਈਚਾਰੇ ਦਾ ਅਟੁੱਟ ਅੰਗ ਹੈ। ਏਥੇ ਰਹਿੰਦਿਆਂ ਅਸੀਂ ਆਪਣਾ ਅੱਗਾ ਪਿੱਛਾ ਕਾਫੀ ਸੋਹਣਾ ਬਣਾ ਲਿਆ ਹੈ ਅਤੇ ਉਮੀਦ ਹੈ ਕਿ ਆਉਣ ਵਾਲਾ ਸਮਾਂ ਸਾਡੇ ਭਾਈਚਾਰੇ ਲਈ ਪਹਿਲਾਂ ਨਾਲੋਂ ਵੀ ਕਾਮਯਾਬੀ ਵਾਲਾ ਹੋਵੇਗਾ। ਪਰ ਸਾਡੀ ਮਾਂ ਬੋਲੀ ਨੂੰ ਕਨੇਡਾ ਦੇ ਸਮਾਜ ਵਿਚ ਕੋਈ ਸਥਾਨ ਪ੍ਰਾਪਤ ਨਹੀਂ ਹੈ। ਅਸੀਂ ਆਪਣੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਨੂੰ ਏਥੇ ਆਉਣ ਵਿਚ ਤੇ ਪੱਕੇ ਹੋਣ ਵਿਚ ਪੂਰੀ ਮਦਦ ਕਰਦੇ ਹਾਂ। ਕੀ ਹੁਣ ਸਮਾਂ ਨਹੀਂ ਆ ਗਿਆ ਕਿ ਅਸੀਂ ਆਪਣੀ ਮਾਂ (ਬੋਲੀ) ਨੂੰ ਵੀ ਇਸ ਮੁਲਕ ਵਿਚ ਪੱਕੀ ਕਰਵਾ ਲਈਏ?

ਈ-ਮੇਲ: [email protected]

Comments

Chamkaur chhajli

Good efforts

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ