ਪੰਜਾਬੀ ਲੇਖਕਾਂ ਦੀ ਐਵਾਰਡ ਵਾਪਸੀ,ਅਲੋਕਾਰੀ ਕਦਮ ਜਾਂ ਮਹਿਜ਼ ਪੰਜਾਬੀ ਅਦਾ ! - ਰਾਹੁਲ
Posted on:- 16-10-2015
ਘੱਟ-ਗਿਣਤੀਆਂ ਅਤੇ ਬੋਲਣ ਦੀ ਅਾਜ਼ਾਦੀ 'ਤੇ ਹੋ ਰਹੇ ਹਮਲਿਆਂ ਖਿਲਾਫ ਪੰਜਾਬੀ ਲੇਖਕਾਂ ਨੇ ਐਵਾਰਡ ਵਾਪਸ ਕਰਕੇ ਰੋਹ ਬੁਲੰਦ ਕੀਤਾ ਹੈ। ਪਰ ਕੀ ਇਸ ਰੋਹ ਦੀ ਅਦਾ ਇਹਨਾਂ ਲੇਖਕਾਂ ਨੂੰ ਵੀ ਸਵਾਲ ਪਾਉਂਦੀ ਹੈ ।
ਪਿਛਲੇ ਦਿਨਾਂ ਵਿੱਚ ਉਪਰੋਂ-ਥੱਲੀਂ ਕਰੀਬ ਇੱਕ ਦਰਜਨ ਪੰਜਾਬੀ ਸਾਹਿਤਕਾਰਾਂ ਨੇ ਆਪਣੇ ਵੱਖੋ-ਵੱਖਰੇ ਇਨਾਮ ਵਾਪਸ ਕੀਤੇ। ਪੰਜਾਬੀ ਦੇ ਸਿਰਮੌਰ ਲੇਖਕਾਂ ਦੇ ਨਾਮ ਇਨਾਮ ਵਾਪਸ ਕਰਨ ਵਾਲਿਆਂ ਦੀ ਸੂਚੀ ਵਿੱਚ ਸ਼ਾਮਲ ਹਨ। ਸਭਨਾਂ ਨੇ ਕਾਰਨ ਭਾਰਤ ਅੰਦਰ ਘੱਟ ਗਿਣਤੀਆਂ ਅਤੇ ਬੋਲਣ ਦੀ ਅਜ਼ਾਦੀ 'ਤੇ ਲਗਾਤਾਰ ਹੋ ਰਹੇ ਹਮਲੇ ਅਤੇ ਇਸਦੇ ਸਿੱਟੇ ਵੱਜੋਂ ਉਹਨਾਂ ਦੇ ਆਪਣੇ ਆਪੇ ਨੂੰ ਜ਼ਮੀਰ ਵੱਲੋਂ ਪੈ ਰਹੇ ਸਵਾਲ ਦੱਸਿਆ ।
ਲੇਖਕਾਂ ਦਾ ਮਾਰਿਆ ਹਾਅ ਦਾ ਨਾਅ੍ਹਰਾ ਕਾਬੀਲ-ਏ-ਤਾਰੀਫ ਹੀ ਨਹੀਂ ਸਗੋਂ
ਲੋੜੀਂਦਾ ਵੀ ਸੀ। ਜਿਸ ਦੌਰ ਦਾ ਨੁਕਤਾ-ਏ-ਚਰਚਾ ਇਹ ਹੋਵੇ ਕਿ ਮਨੁੱਖ ਕਿਸ ਕਿਸਮ ਦਾ
ਖਾਣਾ ਖਾ ਸਕਦਾ ਹੈ ਤੇ ਇੱਕ ਖਾਸ ਕਿਸਮ ਦਾ ਮਾਸ ਘਰ ਰੱਖਣ ਦੇ ਸ਼ੱਕ ਵਿੱਚ ਕਿਸੇ ਨੂੰ ਕਤਲ
ਕੀਤਾ ਜਾ ਸਕਦਾ ਹੈ, ਉਸ ਦੌਰ ਵਿੱਚ ਅਜਿਹੇ ਕਦਮ ਦੀ ਸਿਫਤ ਕਰਨੀ ਬਣਦੀ ਹੈ। ਪੂਰੇ ਭਾਰਤ
ਵਿੱਚ ਸਭ ਤੋਂ ਵੱਧ ਇਨਾਮ ਮੋੜਕੇ ਪੰਜਾਬੀਆਂ ਦੀ ਵਿਰੋਧ ਕਰਨ ਵਾਲੀ ਇਸ ਅਦਾ ਨੇ
ਬਹਿਜਾ-ਬਹਿਜਾ ਕਰਵਾ ਦਿੱਤੀ ਹੈ। ਇਹਨਾਂ ਲੇਖਕਾਂ ਨੂੰ ਸਲਾਮ।
ਪਰ ਇੱਕ ਪਹਿਲੂ, ਜਿਸਦੇ ਆਪਾਂ ਕਾਇਲ ਵੀ ਹਾਂ ਅਤੇ ਜਿਸਦੀ ਜਾਦੂਮਈ ਕਰਨੀ ਫਿਲਹਾਲ ਸਮਝੋਂ ਬਾਹਰ ਹੈ, ਉਹ ਇਹ ਹੈ ਕਿ 72 ਘੰਟਿਆਂ 'ਚ ਅਜਿਹੀ ਕਿਹੜੀ ਚੋਭ ਧਰਤ 'ਤੇ ਉੱਤਰ ਆਈ ਕਿ, ਜੇ ਦਹਾਕਿਆਂ ਨਹੀਂ ਤਾਂ ਘੱਟੋ-ਘੱਟ ਪਿਛਲੇ ਲੰਮੇਂ ਸਾਲਾਂ ਤੋਂ, "ਗੈਰ-ਰਾਜਨਿਤਕ, ਗੈਰ-ਰਾਜਨਿਤਕ" ਦੀ ਰੱਟ ਲਾਈ ਬੈਠੇ ਲੇਖਕਾਂ ਨੂੰ ਫਾਸ਼ੀਵਾਦ ਦਾ ਭੂਤ ਰਾਤੋ-ਰਾਤ ਪ੍ਰਤੱਖ ਦਿਖਾਈ ਦੇਣ ਲੱਗਾ ਤੇ ਇਨਾਮ ਵਾਪਸੀਆਂ ਦੀ ਮਨੋਂ ਝੜੀ ਲੱਗ ਗਈ। ਵਿਰੋਧ ਦੀ ਪਰਿਭਾਸ਼ਾ ਇੱਕ ਹੁੰਦੀ ਹੈ। ਇਸ ਦੀ ਹਰ ਕਿਸਮ ਸਤਿਕਾਰਤ ਹੈ ਤੇ ਵਿਰੋਧ ਕਰਨ ਵਾਲਾ ਸਤਿਕਾਰ ਦਾ ਪਾਤਰ। ਘੋਲਾਂ ਵਿੱਚ ਹਰ ਉੱਚੀ ਤੇ ਮੱਧਮ ਵਿਰੋਧੀ ਸੁਰ ਆਪਣਾ ਹਿੱਸਾ ਪਾਉਂਦੀ ਆਈ ਹੈ। ਪਰ ਇੱਕ ਲੱਛਣ ਜੋ ਦਹਿ ਹਜ਼ਾਰਾਂ ਅਜਿਹੀਆਂ ਸੁਰਾਂ ਚੋਂ ਬਸ ਕੁਝ ਦਰਜਨਾਂ ਨੂੰ ਸਦਾਬਹਾਰ ਅਤੇ ਇਤਿਹਾਸਕ ਬਣਾ ਦਿੰਦਾ ਹੈ, ਉਹ ਹੁੰਦਾ ਹੈ ਕਿ ਕੋਈ ਕਿਸ ਕਦਰ ਬਿਨਾਂ ਕਿਸੇ ਸ਼ਸ਼ੋਪੰਜ ਦੇ ਅਤੇ ਸ਼ਿੱਦਤ ਦੀ ਕਿਸ ਅਦਾ ਨਾਲ ਗੁੰਜਦਾ ਹੋਇਆ ਵਿਰੋਧੀ ਹੋ ਨਿੱਬੜਦਾ ਹੈ। ਕਿ ਕੋਈ ਕਿਵੇਂ ਆਪਣੀ ਕਵਿਤਾ ਜਾਂ ਕਹਾਣੀ ਦੇ ਪਾਤਰਾਂ ਕਦਰ ਕੋਮਲ ਹੁੰਦਿਆਂ ਹੋਇਆਂ ਵੀ, ਉਸ ਭੀੜ ਵਿੱਚ ਚੁੱਪ-ਚਾਪ ਜਾ ਖਲੋਂਦਾ ਹੈ, ਜੋ ਨਿਹੱਥੀ ਤੇ ਨਿਗੂਣੀ ਹੁੰਦੀ ਹੋਈ ਵੀ, ਤਕੜੇ ਨਾਲ ਮੱਥਾ ਲਾਉਣ ਲਈ ਕਮਰਕੱਸੇ ਕਸ ਰਹੀ ਹੁੰਦੀ ਹੈ।ਇੰਝ ਮਹਿਸੂਸ ਹੂੰਦਾ ਹੈ, ਕਿ ਭਾਰੇ ਤੋਂ ਭਾਰਾ ਇਨਾਮ ਮੋੜਨ ਦੇ ਬਾਵਜੂਦ ਵੀ, ਜੇ ਸਾਡੇ ਸਤਿਕਾਰਤ ਲੇਖਕਾਂ ਤੋਂ ਭੋਲੇ ਅਣਭੋਲੇ ਕੋਈ ਕਸਰ ਰਹਿ ਗਈ ਤਾਂ ਉਹ ਇਹ ਰਹਿ ਗਈ ਕਿ ਜਿੱਥੇ ਇਨਾਮ ਮੋੜਨ ਸਮੇਂ ਇਹ "ਸ਼ਿੱਦਤ ਦੀ ਅਦਾ" ਮਨਫੀ ਸੀ, ਇਸਤੋਂ ਪਹਿਲਾਂ ਵਾਲਾ ਦੌਰ "ਸ਼ਸ਼ੋਪੰਜ" ਦੀ ਉਸ ਘੁੰਮਣਘੇਰੀ ਵਿੱਚ ਗ੍ਰਸਿਆ ਹੋਇਆ ਸੀ, ਜਿਸ ਵਿੱਚ ਫਸੇ ਲੇਖਕ ਨੂੰ ਜਾਂ ਤਾਂ ਇਨਾਮ ਵਾਪਸੀ ਔੜੀ ਹੀ ਨਹੀਂ, ਅਤੇ ਜੇ ਕਿਸੇ ਇੱਕ-ਅੱਧ ਨੂੰ ਔੜੀ ਵੀ ਤਾਂ ਉਹ ਵਿਚਾਰਾ ਕਈ ਦਿਨ "ਵਾਪਸ-ਕਰਾਂ-ਕਿ-ਨਾਂ-ਕਰਾਂ" ਦੇ ਬੁਝਾਰਤ ਵਰਗੇ ਸਵਾਲ ਨਾਲ ਝੂਜਦਾ ਹੋਇਆ ਦਿਨ ਕਟੀ ਕਰਦਾ ਰਿਹਾ ।ਉੱਘੇ ਸੀ.ਪੀ.ਆਈ ਲੀਡਰ ਗੋਬਿੰਦ ਪੰਨਸਾਰੇ ਦਾ ਕਤਲ ਇਸੇ ਸਾਲ ਦੇ ਫਰਵਰੀ ਮਹੀਨੇ ਹੋ ਚੁੱਕਿਆ ਸੀ ।ਤਰਕਸ਼ੀਲ ਆਗੂ ਨਰਿੰਦਰ ਧਬੋਲਕਰ ਨੂੰ 2 ਸਾਲ ਪਹਿਲਾਂ ਪੂਣੇ ਵਿੱਚ ਅਣਪਛਾਤੇ ਹਮਲਾਵਰਾਂ ਨੇ ਕਤਲ ਕੀਤਾ । ਇਸੇ ਕੜੀ ਵਿੱਚ ਅਗਲੀ ਮੌਤ 30 ਅਗਸਤ ਨੂੰ ਕੰਨੜ ਵਿਸ਼ਵਵਿਦਿਆਲੇ ਦੇ ਸਾਬਕਾ ਉੱਪ-ਕੁਲਪਤੀ ਐਮ. ਐਮ. ਕਲਬੁਰਗੀ ਦੀ ਹੁੰਦੀ ਹੈ ਅਤੇ ਜਿਸਦੀ ਮੌਤ ਦਾ ਜ਼ਿਕਰ, ਸਿੱਧੇ ਜਾਂ ਅਸਿੱਧੇ ਰੂਪ ਵਿੱਚ, ਤਕਰੀਬਨ ਹਰ ਇਨਾਮ ਮੋੜਨ ਵਾਲੇ ਪੰਜਾਬੀ ਨੇ ਕੀਤਾ ਹੈ। ਪੂਰੇ ਇੱਕ ਮਹੀਨੇ ਬਾਅਦ, 30 ਸਤੰਬਰ ਨੂੰ, ਉੱਤਰ ਪ੍ਰਦੇਸ਼ ਦੇ ਦਾਦਰੀ ਜ਼ਿਲੇ ਦੇ ਇੱਕ ਪਿੰਡ 'ਚ ਅਖਲਾਕ ਨਾਂ ਦੇ ਮੁਸਲਮਾਨ ਨੂੰ ਚਾਂਬਲ੍ਹੀ ਹੋਈ ਹਿੰਦੂ ਕੱਟੜਪੰਥੀਆਂ ਦੀ ਭੀੜ ਨੇ ਇਹ ਕਹਿਕੇ ਮਾਰ ਦੇਣਾ ਹੈ ਕਿ ਉਹ ਗਾਂ ਦਾ ਮਾਸ ਖਾਂਦਾ ਹੈ ਅਤੇ ਉਹਨੇ ਘਰ ਵਿੱਚ ਗਾਈਂ ਦੇ ਮਾਸ ਦਾ ਭੰਡਾਰਨ ਕੀਤਾ ਹੋਇਆ ਹੈ।
ਇਧਰ ਪੰਜਾਬ ਦੇ 'ਇਨਾਮੀ' ਲੇਖਕ ਅਖਲਾਕ ਦੀ ਮੌਤ ਤੋਂ ਪੂਰੇ 10 ਦਿਨ ਬਾਅਦ ਤੱਕ ਤੇ ਕਲਬੁਰਗੀ ਦੀ ਮੌਤ ਤੋਂ ਪੂਰੇ 40 ਦਿਨ ਬਾਅਦ ਤੱਕ ਵੀ ਮਨੋਂ ਉਸ ਸ਼ੈਅ ਦਾ ਇੰਤਜ਼ਾਰ ਕਰ ਰਹੇ ਹੁੰਦੇ ਹਨ, ਜਿਸਨੇ ਰਾਤ-ਬਰਾਤੇ 'ਬਾਰੀ ਦੀ ਖਿੜਕੀ' ਚੋਂ ਲੰਘ ਕੇ 'ਇਨਾਮੀ' ਲੇਖਕ ਦੀ ਸ਼ਾਹ-ਰਗ ਅੰਦਰ ਉਤਰ ਜਾਣਾ ਸੀ ਤੇ ਉਸਦੀ ਆਤਮਾਂ ਨੂੰ ਹਲੂਣਦੇ ਹੋਏ ਸਾਰੀ ਰਾਤ ਉਸਨੂੰ ਲਾਹਨਤਾਂ ਪਾਈ ਜਾਣੀਆਂ ਸਨ ਕਿ "ਉਠ ਲੇਖਕ, ਤੂੰ ਇਨਾਮ ਕਿਉਂ ਨਹੀਂ ਮੋੜਿਆ? ਉਠ, ਤੇ ਜਾਹ ਇਨਾਮ ਮੋੜਕੇ ਆ।"ਪਰ ਇਹਨਾਂ 40 ਦਿਨਾਂ ਅਤੇ 'ਅਵਾਰਡੀ ਲੇਖਕਾਂ' ਦੀ ਪੱਸਰੀ ਚੁੱਪ ਦੌਰਾਨ ਦਿੱਲੀ ਅਤੇ ਦੱਖਣ ਵਿੱਚ ਇਨਾਮ ਵਾਪਸ ਮੋੜਨ ਦੀ ਉਹ ਝੜੀ ਲੱਗਦੀ ਹੈ, ਜਿਸਨੂੰ ਮੋਢਿਆਂ 'ਤੇ ਚੁੱਕੀ ਫਿਰਦੇ ਦਰਜਨਾਂ ਸੁਹਿਰਦ ਪੰਜਾਬੀ ਮੁੰਡੇ-ਕੁੜੀਆਂ ਨੇ ਪੰਜਾਬੀ ਲੇਖਕਾਂ ਨੂੰ ਨਹੋਰੇ ਮਾਰ-ਮਾਰ ਸ਼ੀਸ਼ੇ ਦਿਖਾਉਣੇ ਹਨ।ਕਲਬੁਰਗੀ ਦੀ ਮੌਤ ਤੋਂ ਮਹਿਜ਼ ਤਿੰਨ ਦਿਨਾਂ ਬਾਅਦ ਕਰਨਾਟਕਾ ਦੇ 6 ਮਸ਼ਹੂਰ ਲੇਖਕ ਆਪਣਾ ਸਟੇਟ ਐਵਾਰਡ ਵਾਪਸ ਕਰਦੇ ਹਨ । ਮਹਿਜ਼ ਹਫਤੇ ਬਾਅਦ ਕਰਨਾਟਕਾ ਦਾ ਇੱਕ ਹੋਰ ਮਸ਼ਹੂਰ ਲੇਖਕ ਪ੍ਰੋ: ਚੰਦਰਸ਼ੇਖਰ ਪਾਟਿਲ ਆਪਣਾ ਐਵਾਰਡ ਵਪਿਸ ਕਰਦਾ ਹੈ। ਉਸੇ ਦਿਨ, ਸਤੰਬਰ 11 ਨੂੰ, ਹਿੰਦੀ ਦਾ ਸਾਹਿਤ ਅਕਾਦਮੀ ਵਿਜੇਤਾ ਉਦੈ ਕੁਮਾਰ ਐਵਾਰਡ ਵਾਪਸੀ ਦਾ ਐਲਾਨ ਕਰਦਾ ਹੈ। ਅਕਤੂਬਰ ਦੇ ਪਹਿਲੇ ਦਿਨਾਂ 'ਚ ਇਨਾਮ ਵਾਪਸੀ ਵੱਡਾ ਵਰਤਾਰਾ ਤੇ ਵਰਤਾਰੇ ਤੋਂ ਅਗਾਂਹ ਵੱਡੀ ਅਖਬਾਰੀ ਖਬਰ ਉਦੋਂ ਬਣ ਕੇ ਉੱਭਰਦਾ ਹੈ ਜਦ ਨਹਿਰੂ ਦੀ ਭਾਣਜੀ ਨੈਣਤਾਰਾ ਸਹਿਗਲ, ਹਿੰਦੀ ਲੇਖਕ ਅਸ਼ੋਕ ਵਾਜਪਾਈ ਤੇ ਮਲਿਆਲੀ ਲੇਖਕ ਸਾਰਾਹ ਜੋਸਫ ਆਪਣਾ ਇਨਾਮ ਵਾਪਸ ਕਰਦੇ ਹਨ।
ਇਸ ਸਭ ਕਾਸੇ ਦੌਰਾਨ ਪੰਜਾਬ 'ਚ ਇਨਾਮ ਵਾਪਸੀ ਤਾਂ ਕੀ, ਪੰਜਾਬੀ ਸਾਹਿਤਕਾਰਾਂ ਦੀ ਕਲਮ 'ਚ ਫਾਸ਼ੀਵਾਦੀ ਜਨੌਰ ਦਾ ਜ਼ਿਕਰ ਤੱਕ ਗਾਇਬ ਸੀ। ਇਹ ਤਾ ਸਦਕੇ ਜਾਇਏ ਚੰਦ ਸੈਂਕੜੇ ਨੌਜਵਾਨਾਂ ਦੇ, ਜੋ ਹਰ ਐਵਾਰਡ ਵਾਪਸੀ ਵੇਲੇ "ਪੰਜਾਬੀ-ਤੁਸੀਂ-ਕਦ-ਜਾਗੋਂਗੇ" ਦਾ ਰੌਲਾ ਫੇਸਬੁੱਕ ਜਿਹੀ ਥਾਂ 'ਤੇ ਪਾ ਦਿੰਦੇ ਰਹੇ ਅਤੇ ਬਾਹਰੋਂ ਆਈ ਹਰ ਐਵਾਰਡ ਵਾਪਸੀ ਦੀ ਖਬਰ ਦਾ ਹਵਾਲਾ ਦੇ ਦੇ ਪੁੱਛਦੇ "ਕਿ ਪੰਜਾਬੀ ਲੇਖਕਾਂ ਕੀ ਕਰਨਾ ਹੈ?"ਅਤੇ ਜਦੋਂ ਇੱਕ ਨੇ ਪਹਿਲ ਕੀਤੀ, ਤਾਂ 'ਕਿਤੇ-ਮੈਂ-ਨਾਂ-ਪਿੱਛੇ-ਰਹਿ-ਜਾਂਵਾਂ' ਜਿਹਾ ਫਿਕਰ ਕਰਦੇ ਹੋਏ ਦਰਜਨ ਹੋਰਾਂ ਨੇ ਸਾਲਾਂ ਤੋਂ ਸੰਭਾਲੇ ਇਨਾਮ ਤਿੰਨ ਦਿਨਾਂ 'ਚ ਹੀ ਵਾਪਸ ਕਰ ਮਾਰੇ। ਹੁਣ ਕੋਈ ਪੁੱਛ ਹੀ ਸਕਦਾ ਹੈ, ਸਗੋਂ ਪੁੱਛਣਾ ਹੀ ਚਾਹੀਦਾ ਹੈ, ਕਿ ਹੱਥਲੇ ਲੇਖ ਦੇ ਲ਼ੇਖਕ ਨੇ ਭਲਾ ਕਿਹੜਾ ਅਜਿਹਾ ਮਾਪ-ਦੰਡ ਇਜ਼ਾਦ ਕੀਤਾ ਹੈ, ਜੋ ਇਹ ਦੱਸੇ ਕੀ ਇਨਾਮ ਕਿੰਨੇ ਦਿਨਾਂ ਵਿੱਚ ਮੋੜਨੇ ਹੁੰਦੇ ਹਨ । ਕੋਈ ਕਹੇਗਾ ਹੀ ਕਿ ਪੰਜਾਬੀ ਵਾਲਿਆਂ ਨੂੰ ਜਦੋਂ ਔੜੀ ਅਗਲਿਆਂ ਐਲਾਨ ਕਰ ਦਿੱਤਾ । ਇਸ ਵਿੱਚ ਦੇਰੀ ਜਾਂ ਜਲਦੀ ਦਾ ਕੀ ਸਵਾਲ? ਜਾਂ ਇਹ ਕਿ ਵੱਡੀ ਗਿਣਤੀ ਲੇਖਕਾਂ ਨੇ, ਜੋ ਦੁਜੀਆਂ ਭਾਸ਼ਾਵਾਂ ਦੇ ਹਨ, ਤਾਂ ਪੰਜਾਬੀਆਂ ਤੋਂ ਵੀ ਵੱਧ ਦੇਰੀ ਨਾਲ ਇਨਾਮ ਵਾਪਸ ਕੀਤੇ ਹਨ । ਫਿਰ ਉਹਨਾਂ ਨੂੰ ਕਿਸ ਖਾਤੇ ਰੱਖਿਆ ਜਾਵੇ?ਬਸ ਇਥੇ ਹੀ ਤਾਂ "ਵਿਰੋਧ ਦੀ ਅਦਾ" ਅਤੇ "ਸ਼ਿੱਦਤ ਨਾਲ ਗੂੰਜ" ਜਾਣ ਦਾ ਵਖਰੇਵਾਂ ਖੜਾ ਹੁੰਦਾ ਹੈ । ਬਿਨਾਂ ਸ਼ੱਕ ਸਲਾਮ ਉਹਨਾਂ ਨੂੰ ਹੁੰਦੀ ਹੈ ਜੋ ਵਿਰੋਧ ਦੀਆਂ ਬੇੜੀਆਂ ਦੇ ਕਾਫਲੇ ਦਾ ਹਿੱਸਾ ਬਣਦੇ ਹਨ । ਪਰ ਸਜਦਾ ਉਸੇ ਦਾ ਹੁੰਦਾ ਰਹੇਗਾ ਜਿਨ੍ਹੇ ਪਾਣੀਆਂ ਦੇ ਰੁਖ ਮੋੜੇ ਹੁੰਦੇ ਹਨ ਜਾਂ ਪਹਿਲੀ ਬੇੜੀ ਤਾਰੀ ਹੁੰਦੀ ਹੈ।
ਕੋਈ ਉਹਨੂੰ ਲੱਖ ਸਰਕਾਰੀ-ਦਰਰਬਾਰੀ ਜਾਂ "ਸੈਕਸ ਤੇ ਸਕੌਚ" ਵਾਲਾ ਲੇਖਕ ਆਖੀ ਜਾਵੇ, ਪਰ ਵਿਰੋਧ ਦੀ ਅਦਾ ਇੱਕ ਉਹ ਵੀ ਹੁੰਦੀ ਹੈ, ਕਿ ਜਦ ਦਰਬਾਰ ਸਹਿਬ ਦੀ ਪਰਕਰਮਾ ਵਿੱਚ ਹਾਲੇ ਫੌਜੀ ਟੈਂਕ ਗੇੜੇ ਕੱਢ ਰਹੇ ਹੁੰਦੇ ਹਨ, ਤਾਂ ਖੁਸ਼ਵੰਤ ਸਿੰਘ 8 ਜੂਨ, 1984 ਦੀ ਸਵੇਰ ਰਾਸ਼ਟਰਪਤੀ ਭਵਨ ਪਹੁੰਚਦਾ ਹੈ ਤੇ ਆਪਣਾ ਪਦਮ ਭੂਸ਼ਨ ਵਪਿਸ ਕਰ ਆਉਂਦਾ ਹੈ । ਜਾਂ ਅਦਾ ਗੌਡਫਾਦਰ ਜਿਹੀ ਸ਼ਾਹਕਾਰ ਰਚਨਾਂ ਦੇ ਅਭਿਨੇਤਾ ਮਾਰਲਨ ਬਰਾਂਡੋ ਜਿਹੀ ਹੁੰਦੀ ਹੈ, ਜਿਹਨੇ ਹਾਲੀਵੁੱਡ ਵਿੱਚ ਅਮਰੀਕਾ ਦੇ ਮੂਲ ਬਾਸ਼ਿੰਦਿਆ ਨਾਲ ਦੁਰਵਿਵਹਾਰ ਦੇ ਰੋਸ ਵਿੱਚ, 1973 ਦੀ ਮਾਰਚ ਨੂੰ ਉਦੋਂ ਆਸਕਰ ਐਵਾਰਡ ਨੂੰ ਲੈਣ ਤੋਂ ਪਹਿਲਾਂ ਹੀ ਲੱਤ ਮਾਰੀ ਸੀ, ਜਦੋਂ ਅਮਰੀਕਾ ਦੇ ਮੂਲ ਬਾਸ਼ਿੰਦੇ (ਨੇਟਿਵ ਅਮਰੀਕਨ) ਆਪਣੀ ਹੱਕੀ ਜੰਗ ਸਿਖਰ ਤੇ ਪੁਚਾ ਚੁੱਕੇ ਸਨ ।
ਪਾਲ ਸਾਰਤਰ
ਜਾ ਅਦਾ ਜਾਂ ਪਾਲ ਸਾਰਤਰ ਜਿਹੀ ਹੁੰਦੀ ਹੈ, ਜਿਹਨੇ ਇਹ ਸੂਹ ਮਿਲਦੇ ਹੀ, ਕਿ ਦੁਨੀਆਂ ਦਾ ਸਭ ਤੋਂ ਮਹਾਨ ਸਮਝਿਆ ਜਾਂਦੇ ਨੋਬਲ ਪੁਰਸਕਾਰ ਦੀ ਕਮੇਟੀ ਉਹਨੂੰ ਇਨਾਮ ਦੇਣ ਦਾ ਮਨ ਬਣਾ ਚੁੱਕੀ ਹੈ, ਤਾਂ ਉਹ ਇਨਾਮ ਨਾ ਲੈਣ ਦਾ ਪੱਤਰ ਲਿਖਦੇ ਹੋਏ ਕਮੇਟੀ ਨੂੰ ਸ਼ੀਸ਼e ਦਿਖਾਉਂਦੇ ਹੋਏ ਪੁੱਛਿਆ ਸੀ ਕਿ ਜੇ ਇਹ ਇਨਾਮ ਸਿਰਫ "ਪੱਛਮ" ਦਾ ਨਹੀਂ ਹੈ, ਤਾਂ ਫਿਰ ਕਿਉਂ ਕਦੇ ਵੀ ਮਹਾਨ ਸੋਸ਼ਲਿਸ਼ਟ ਕਵੀ ਪਾਬਲੋ ਨਰੂਦਾ ਜਾਂ ਲੂਈ ਅਰਾਗੌਨ ਨੂੰ ਇਹ ਨਹੀਂ ਦਿੱਤਾ ਗਿਆਾ। ਉਸ ਪੁਛਿਆ ਕੀ ਕਿਉਂ "ਡਾਕਟਰ ਜ਼ਿਵਾਗੋ" ਵਾਲੇ ਬੌਰਿਸ਼ ਪੇਸਟਰਨੈਕ, ਜਿਸਦੀ ਕਿਰਤ ਰੂਸ ਵਿੱਚ ਬੈਨ ਹੈ, ਨੂੰ ਇਹ ਪੁਰਸਕਾਰ ਮਿਲ ਜਾਂਦਾ ਹੈ ਪਰ ਸ਼ੋਲੋਖੋਵ ਨੂੰ ਨਹੀਂ ਮਿਲਦਾ । ਖੈਰ। ਪੁੱਛਣ ਵਾਲਾ ਤਾਂ ਪੁੱਛ ਹੀ ਸਕਦਾ ਹੈ ਕਿ 1984 ਵਿੱਚ ਪਦਮ ਭੂਸ਼ਨ ਵਾਪਸ ਕਰਨ ਵਾਲੇ ਖੁਸ਼ਵੰਤ ਸਿੰਘ ਨੇ ਉਸੇ ਕਾਂਗਰਸ ਪਾਰਟੀ ਦੀ ਸਰਕਾਰ ਤੋਂ 2007 ਵਿੱਚ ਪਦਮ ਵਿਭੂਸ਼ਨ ਕਿਉਂ ਲੈ ਲਿਆ? ਜਾਂ ਜਿਵੇਂ ਸਕਰਾਲ.ਇੰਨ ਵੈਬਸਾਇਟ 'ਤੇ ਪੱਤਰਕਾਰ ਰਾਜਦੀਪ ਸਰਦੇਸਾਈ ਪੁੱਛਦਾ ਹੈ, ਕਿ ਜੇ ਨੈਣਤਾਰਾ ਸਹਿਗਲ ਸੱਚਮੁੱਚ ਘੱਟ-ਗਿਣਤੀਆਂ 'ਤੇ ਹੋ ਰਹੇ ਹਮਲਿਆਂ ਦੇ ਰੋਸ ਵੱਜੋਂ ਇਨਾਮ ਵਾਪਸ ਕਰ ਰਹੀ ਹੈ, ਤਾਂ ਉਸ ਨੂੰ ਇਹ ਇਨਾਮ ਉਦੋਂ 1986 ਵਿੱਚ ਲੈਣਾ ਹੀ ਨਹੀਂ ਚਾਹੀਦਾ ਸੀ, ਜਦੋਂ ਹਾਲੇ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਜ਼ਖਮਾਂ ਚੋਂ ਲਹੂ ਰਿਸ ਰਿਹਾ ਸੀ। ਪਰ ਪੱਛਣ ਵਾਲਾ ਤਾਂ ਫਿਰ ਇਹ ਵੀ ਪੁਛੇਗਾ, ਕੀ ਪੰਜਾਬੀ ਲੇਖਕਾਂ ਸਾਹਮਣੇ ਪਿਛਲੇ ੩੦ ਸਾਲਾਂ ਵਿੱਚ ਦਰਜਨਾਂ ਅਜਿਹੇ ਦੌਰ ਆਏ ਹਨ, ਜੋ ਕਲਬੁਰਗੀ ਤੇ ਅਖਲਾਕ ਦੇ ਕਤਲਾਂ ਨਾਲੋਂ ਜੇ ਵੱਧ ਨਹੀਂ ਤਾਂ ਘੱਟ ਘਿਨਾਉਣੇ ਵੀ ਨਹੀਂ ਸਨ। ਫਿਰ ਅੱਜ ਹੀ ਇਨਾਮ ਵਾਪਸੀ ਦਾ ਇਲਮ ਕਿਉ? ਪਰ ਪੁੱਛਣ ਵਾਲਾ ਤਾਂ ਇਹ ਪੁਛੇਗਾ ਹੀ, ਕਿ ਚਲੋ ਦਰਬਾਰ ਸਾਹਿਬ ਹਮਲੇ 'ਤੇ ਸ਼ਾਇਦ ਪੰਜਾਬੀ ਲੇਖਕਾਂ ਦੀ ਰਾਏ ਵੱਖੋ-ਵੱਖਰੀ ਹੋਵੇ, ਪਰ ਨਵੰਬਰ 1984; 1992 ਦੀ ਬਾਬਰੀ ਮਸਜਿਦ; 1993 ਦੇ ਬੰਬੇ ਦੰਗੇ; 1999 ਵਿੱਚ ਗਰਾਹਮ ਸਟੇਨਜ਼ ਤੇ ਉਹਦੇ ਦੋ ਬੱਚਿਆਂ ਦੇ ਕਤਲ ਦੌਰਾਨ ਚੁੱਪ ਕਿਉਂ ਪਸਰੀ ਸੀ?ਚਲੋ ਇਹ ਤਾਂ ਸਭ ਪੁਰਾਣਾ ਕਹਿ ਕੇ ਨਕਾਰਿਆ ਜਾ ਸਕਦਾ ਹੈ। ਪਰ 2002 ਦੇ ਗੋਧਰਾ, 2012 ਦੇ ਮਿਰਚਪੁਰ ਤੇ 2013 ਦੇ ਮੁਜ਼ਫਰਨਗਰ ਦੌਰਾਨ ਚੁੱਪ ਕਿਉਂ ਪਸਰੀ ਸੀ? ਪਿਆਰੇ ਪਾਠਕ, ਕੀ ਤੈਨੂੰ ਇਨਾਂ ਦੌਰਾਂ ਨੂੰ "ਹਾਏ-ਹਾਏ" ਕਹਿੰਦੀ ਕੋਈ ਇੱਕ ਵੀ ਮਸ਼ਹੂਰ ਨਜ਼ਮ/ਕਵਿਤਾ/ਕਹਾਣੀ ਕਿਸੇ ਪੰਜਾਬੀ ਇਨਾਮੀ ਲੇਖਕ ਦੀ ਜਾਦ ਆਂaਂਦੀ ਹੈ!
ਕੋਈ ਕਹਿ ਹੀ ਸਕਦਾ ਹੈ ਕਿ ਇਹ ਤਾਂ ਨਿਰੇ ਸਿਆਸੀ ਮਸਲੇ ਸਨ, ਪਰ ਪੁੱਛਣ ਵਾਲਾ ਤਾਂ ਇਹ ਪੁਛੇਗਾ ਹੀ, ਕਿ ਉਦੋਂ ਚੁੱਪ ਦਾ ਰਾਜ਼ ਕੀ ਸੀ, ਜਦੋਂ ਸੜਕ 'ਤੇ ਨਾਟਕ ਖੇਡਦਿਆਂ ਸਫਦਰ ਹਾਸ਼ਮੀ ਕਤਲ ਕਰ ਦਿੱਤਾ ਗਿਆ ਸੀ। ਜਾਂ ਉਦੋਂ ਜਦੋਂ ਚਾਂਬਲ੍ਹੀ ਭੀੜ ਅੇਮ. ਐਫ ਹੂਸੈਨ ਦੀਆਂ ਪੇਂਟਿਗਾਂ ਪਾੜ-ਪਾੜ ਸੁੱਟ ਰਹੀ ਸੀ।ਤੇ ਜੇ ਗੱਲ ਮਹਿਜ ਗਾਈਂ ਦੇ ਮਾਸ ਦੇ ਬਹਾਨੇ ਹੁੰਦੇ ਕਤਲਾਂ ਦੀ ਹੀ ਕਰਨੀ ਹੋਵੇ, ਤਾਂ ਪੁੱਛਣ ਵਾਲਾ ਤਾਂ ਇਹ ਪੁਛੇਗਾ ਹੀ ਕਿ ਉਦੋਂ ਕਿਹੜਾ ਘੱਟ ਗੁਜ਼ਰੀ ਸੀ, ਜਦ 2002 ਵਿੱਚ ਪੰਜ ਦਲਿਤਾਂ ਨੂੰ ਪੁਲਿਸ ਥਾਣੇ ਵਿੱਚ ਹੀ ਭੀੜ ਨੇ ਕੁੱਟ- ਕੁੱਟ ਕੇ ਇਹ ਕਹਿਕੇਮੱਰ ਸੁਟਿਆ ਸੀ ਕਿ ਉਹ ਦੁਸਹਿਰੇ ਵਾਲੇ ਦਿਨ ਮਾਸ ਵੇਚਣ ਲਈ ਗਾਵਾਂ ਵੱਢ ਰਹੇ ਸਨ ।
ਪੁੱਛਣ ਵਾਲਾ ਤਾਂ ਸ਼ਾਇਦ ਇਸ ਹੱਦ ਤੱਕ ਪੁੱਜ ਜਾਏ ਤੇ ਪੁੱਛੇ, ਕਿ ਹਰ ਰੋਜ਼ 3-4 ਸਲਫਾਸ/ਸਪਰੇਅ ਪੀ ਕੇ ਹੋ ਰਹੀਆਂ ਖੁਦਕੁਸ਼ੀਆਂ ਕੀ ਇਸ ਕਦਰ ਦਿਲ-ਕੰਬਾਊ ਨਹੀਂ ਹਨ ਕਿ ਇਨਾਮੀ ਸੱਜਣਾਂ ਨੂੰ ਇਨਾਮ ਵਾਪਸੀ ਦੀਆਂ ਧਾਹਾਂ ਪਾਉਣ? ਪਰ ਅਫਸੌਸ਼, ਕਿ ਜਿਹਨਾਂ ਸਾਲਾਂ ਦੌਰਾਨ ਖੁਦਕੁਸ਼ੀਆਂ ਦੀ ਗਿਣਤੀ ਵਧ ਰਹੀ ਸੀ, ਉਹਨਾਂ ਸਾਲਾਂ ਦੌਰਾਨ ਇਨਾਮ ਲੈਣ ਵਾਲਿਆਂ ਦੀਆਂ ਕਤਾਰਾਂ ਵੀ ਲੰਬੀਆਂ ਹੋ ਰਹੀਆਂ ਸਨ । ਬਹੁਤੇ ਲੇਖਕ ਇਸ ਬਾਬਤ ਗੱਲ ਨਹੀਂ ਕਰਨਗੇ ਅਤੇ ਇਹਨਾਂ ਸਵਾਲਾਂ ਨੂੰ ਸਿਰ-ਫਿਰੇ, ਸ਼ਰਤਰਤੀ ਜਾਂ ਮੂਰਖ ਦਿਮਾਗ ਦੀ ਕਾਢ ਦੀ ਉਪਾਧੀ ਨਾਲ ਨਿਵਾਜਣਗੇ। ਪਰ ਇਨਾਮ ਵਾਪਸ ਵਾਲਿਆਂ ਵਿੱਚੋਂ ਇੱਕ, ਵਰਿਆਮ ਸੰਧੂ ਹੁਰਾਂ ਇਸ ਬਾਬਤ ਆਪਣਾ-ਆਪ ਪੜਚੋਲਿਆ ਹੈ, ਜੋ ਕਿਸੇ ਸੁਹਿਰਦ-ਇਕਬਾਲਨਾਮੇ ਨਾਲੋਂ ਘੱਟ ਨਹੀਂ।ਇਹਨਾਂ ਸਮਿਆਂ ਦੌਰਾਨ ਇਨਾਮ ਲੈਣ ਦੀ ਸਮੁੱਚੀ ਪਿਰਤ 'ਚੇ ਹੀ ਸਵਾਲ ਉਠੱਉਂਦੇ ਉਹਨਾਂ ਲਿਖਿਆ, “ ਭਾਵੇਂ ਮੇਰਾ ਮੰਨਣਾ ਹੈ ਕਿ ਸਰਕਾਰਾਂ ਤੇ ਸਥਾਪਤੀ ਕਦੀ ਵੀ ਦੁੱਧ ਧੋਤੀਆਂ ਨਹੀਂ ਰਹੀਆਂ। ਸਾਨੂੰ ਜਾਂ ਤਾਂ ਇਹ ਇਨਾਮ ਲੈਣੇ ਹੀ ਨਹੀਂ ਸਨ ਚਾਹੀਦੇ। ਜੇ ਲੈ ਲਏ ਸਨ ਤਾਂ ਬੜੇ ਮੁਨਾਸਬ ਮੌਕੇ ਆਏ ਸਨ ਅਜਿਹੇ ਇਨਾਮ ਵਾਪਸ ਕਰਨ ਦੇ। ਇਨਾਮ ਉਦੋਂ ਵੀ ਵਾਪਸ ਕੀਤੇ ਜਾ ਸਕਦੇ ਸਨ, ਜਦੋਂ ਬਲੂ-ਸਟਾਰ ਆਪ੍ਰੇਸ਼ਨ ਹੋਇਆ ਸੀ; ਦਿੱਲੀ ਵਿਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ, ਪੰਜਾਬ ਵਿਚ ਬੱਸਾਂ ਵਿਚੋਂ ਕੱਢ ਕੇ ਹਿੰਦੂ ਮਾਰੇ ਗਏ ਸਨ, ਗੁਜਰਾਤ ਵਿਚ ਮੁਸਲਮਾਨ ਲੂਹੇ ਗਏ ਸਨ। ਉਂਜ ਵੀ ਮਹਿਜ਼ ਸਾਹਿਤ-ਅਕਾਦਮੀ ਇਨਾਮ ਵਾਪਸ ਕਰਨਾ ਹੀ ਵਿਰੋਧ ਕਰਨ ਦਾ ਇਕੋ-ਇਕ ਤਰੀਕਾ ਨਹੀਂ। ਮੈਂ ਤਾਂ ਵਿਰੋਧ ਦੇ ਸਾਰੇ ਤਰੀਕੇ ਅੱਜ ਵੀ ਵਿਹਾਰਕ ਤੌਰ 'ਤੇ ਵਰਤੋਂ ਵਿਚ ਲਿਆ ਰਿਹਾ ਹਾਂ। ਮੇਰਾ ਇਹ ਵੀ ਸਵਾਲ ਹੈ ਕਿ ਸਾਹਿਤ ਅਕਾਦਮੀ ਇਨਾਮ ਪ੍ਰਾਪਤ ਕਰਨ ਵਾਲੇ ਲੇਖਕ ਤਾਂ ਇਨਾਮ ਵਾਪਸ ਕਰ ਦੇਣਗੇ ਪਰ ਦੂਜੇ ਲੇਖਕ ਤੇ ਜਥੇਬੰਦੀਆਂ ਤਮਾਸ਼ਬੀਨ ਬਣ ਕੇ ਕੀ ਕਰ ਅਤੇ ਵੇਖ ਰਹੇ ਹਨ? ਕੀ ਧਾਰਮਿਕ-ਕੱਟੜਤਾ ਤੇ ਸਰਕਾਰੀ ਆਤੰਕ ਦਾ ਵਿਰੋਧ ਕੇਵਲ ਲੇਖਕਾਂ ਦੇ ਇਨਾਮ ਮੋੜਨ ਤੱਕ ਹੀ ਸੀਮਤ ਰਹਿਣਾ ਚਾਹੀਦਾ ਹੈ ਜਾਂ ਇਸ ਲਈ ਦੇਸ਼ ਦੇ ਸਾਰੇ ਸੁਚੇਤ ਲੇਖਕਾਂ-ਕਲਾਕਾਰਾਂ ਵੱਲੋਂ ਦੇਸ਼ ਭਰ ਵਿਚ ਜਥੇਬੰਦਕ ਵਿਰੋਧ ਦੀ ਮੁਹਿੰਮ ਚਲਾਉਣ ਦੀ ਵੀ ਲੋੜ ਹੈ?”ਖੈਰ, ਮੁੱਕਦੀ ਗੱਲ ਇਹ ਹੈ ਕਿ ਪੰਜਾਬੀ ਲੇਖਕਾਂ ਦਾ ਐਵਾਰਡ ਵਾਪਸ ਕਰਨ ਵਿੱਚ ਇਸ ਲਈ ਕੁਝ ਅਲ਼ੋਕਾਰੀ ਨਜ਼ਰ ਨਹੀਂ ਆਉਂਦਾ, ਕਿਉਂਕਿ ਇਹ ਹਵਾ ਦਾ ਰੁਖ ਵੇਖ ਕੇ ਚੁੱਕੇ ਉਸ ਕਦਮ ਵਾਂਗ ਹੈ, ਜਿਸ ਵਿੱਚ ਹਾਲ-ਦੁਹਾਈ ਪਾਉਂਦੇ ਬਾਹਰਲੇ ਲੇਖਕਾਂ ਤੇ ਪੰਜਾਬੀ ਪਾਠਕਾਂ ਵੱਲ ਦਿੱਤੀ ਪ੍ਰੇਰਨਾ ਤਾਂ ਨਜ਼ਰ ਆਉਂਦੀ ਹੈ, ਪਰ ਆਪ ਮੁਹਾਰਾ ਰੋਹ ਉੱਕਾ ਮਨਫੀ ਹੈ। ਕੁਰਬਾਨੀਆਂ ਹਵਾ ਦਾ ਰੁੱਖ ਵੇਖ ਕੇ ਨਹੀਂ, ਬਸ ਆਪ-ਮੁਹਾਰੇ ਰੋਹ ਨਾਲ ਹੀ ਦਿੱਤੀਆਂ ਜਾਂਦੀਆਂ ਹਨ ।ਹੁਣ ਕੋਈ ਮੰਨੇ ਜਾਂ ਨਾ, ਅਜਿਹੇ ਆਪ ਮੁਹਾਰੇ ਰੋਹ ਦੀ ਆਸ ਇਸ ਲਈ ਰੱਖਣੀ ਔਖੀ ਹੈ ਕਿਉਂਕਿ ਪੰਜਾਬੀ ਅਕਾਦਮਿਕ ਤੇ ਕਲਾ ਸੰਸਾਰ ਦਾ ਟੋਲਾ ਵੱਖਰਾ ਤੇ ਨਿਰਾਲਾ ਹੈ। ਇਹ ਆਮ ਲੋਕਾਂ ਤੋਂ ਇਕ ਵਿੱਥ ਤੇ ਵਿਚਰਦਾ ਹੈ। ਜਨਤਾ ਦੀ ਸਮਾਜਕ-ਰਾਜਨੀਤਕ ਪੀੜ ਦੀ ਇਸ ਟੋਲੇ ਤੱਕ ਉੱਕਾ ਹੀ ਰਸਾਈ ਨਹੀਂ ਹੈ। ਐਪਰ ਜੇ ਹੋ ਵੀ ਜਾਵੇ, ਤਾਂ ਇਹ ਕੁਝ ਅਜਿਹੀ ਰਚਨਾਂ ਰਚਣ ਵਿੱਚ ਰੁੱਝ ਜਾਂਦੀ ਹੈ, ਜਿਸ ਵਿੱਚ ਮਨੁੱਖ ਦੀ ਪੀੜ ਦਾ ਵੈਰਾਗਮਈ ਵਿਰਲਾਪ ਤਾਂ ਹੁੰਦਾ ਹੈ, ਪਰ ਸਮਾਜਕ ਪ੍ਰਬੰਧ ਦੇ ਦੀਵਾਲਿਏਪਣ ਅਤੇ ਇਸਦੇ ਰਖਵਾਲ਼ਿਆਂ ਨੂੰ ਕੋਈ "aਏ" ਤੱਕ ਵੀ ਨਹੀਂ ਹੁੰਦੀ। ਕਿਸੇ ਵੀ ਲੋਕ ਉਭਾਰ ਸਮੇਂ ਇਹ ਸੁਹਿਰਦ ਟੋਲਾ ਏਲੀਤੀ ਚੁੱਪ ਧਾਰਨ ਕਰ ਜਾਦਾਂ ਹੈ । ਅਜਿਹਾ ਕੁਝ ਨਹੀਂ ਰਚਦਾ, ਜਿਸ ਤੋਂ ਨਿਜ਼ਾਮ ਨੂੰ ਸੇਕ ਆਉਂਦਾ ਹੋਵੇ । ਬਸ ਇਸੇ ਲਈ ਤਾਂ "ਮੈਂ ਨਹੀਂ ਮਾਨਤਾ, ਮੈਂ ਨਹੀਂ ਮਾਨਤਾ" ਕਹਿੰਦਾ ਫਿਰਦਾ ਹਬੀਬ ਜਾਲਿਬ; "ਵਾਸ਼ਿਗਟਨ ਦੀ ਦੀਵਾਰ" ਵਾਲਾ ਅਹਿਮਦ ਫਰਾਜ਼ ਤੇ "ਮੀਸਣੀਆਂ ਅੱਖਾਂ ਵਾਲੇ" ਵੱਲ ਅੱਖਾਂ ਪਾਕੇ ਤੱਕਣ ਵਾਲਾ ਪਾਸ਼ ਇਸ ਟੋਲੇ ਤੋਂ ਵੱਖਰੇ ਖੜੇ ਨਜ਼ਰ ਆਉਂਦੇ ਹਨ। ਜਾਂਦੇ ਜਾਂਦੇ ਇੱਕ ਪੱਖ ਹੋਰ। ਇਹ ਜੋ "ਲੇਖਕ ਮਾਰ ਸੁੱਟੇ, ਲ਼ੇਖਕ ਮਾਰ ਸੁੱਟੇ" ਦਾ ਸ਼ੋਰ ਹੇ, ਬੜਾ ਦੰਭੀ ਹੈ ਇਹ । ਮੈਂ ਇਹਨਾਂ ਲੇਖਕਾਂ ਬਾਰੇ ਕੁਝ ਨਹੀਂ ਪੜ੍ਹਿਆ । ਪਰ ਵਿਕੀਪੀਡੀਆ 'ਤੇ ਇੱਕ ਸਰਸਰੀ ਨਜ਼ਰ ਮਾਰੀ ਦਸਦੀ ਹੈ ਕਿ ਪੰਨਸਾਰੇ, ਧਬੋਲਕਰ ਤੇ ਕੁਲਬੁਰਗੀ ਮਹਿਜ਼ ਲਿਖਾਰੀ ਜਾਂ ਤਰਕਸ਼ੀਲ ਹੀ ਨਹੀਂ ਸਨ। ਇਹਨਾਂ ਚੋਂ ਸਭ ਤੋਂ ਪਹਿਲਾ ਪੰਨਸਾਰੇ ਬੇਸ਼ਕ ਸ਼ਿਵਾਜੀ ਦੀ ਮਸ਼ਹੂਰ ਜੀਵਨੀ "ਸ਼ੀਵਾਜੀ ਕੋਨ ਹੋਤਾ" ਦਾ ਰਚੇਤਾ ਸੀ, ਪਰ ਉਹ ਸਿਰੇ ਦਾ ਜਾਤ-ਪਾਤ ਵਿਰੋਧੀ ਪ੍ਰਚਾਰਕ ਸੀ ਤੇ ਮਹਾਰਾਸ਼ਟਰ 'ਚ ਚੱਲ ਰਹੀ ਟੋਲ-ਟੈਕਸ ਦੇ ਖਿਲਾਫ ਲਹਿਰ ਦਾ ਆਗੂ ਸੀ। ਤੁਸੀਂ ਪੰਜਾਬ ਦਾ ਕੋਈ ਲੇਖਰ ਟੋਲ ਬੇਰੀਅਰ ਤੇ ਧਰਨਾ ਦਿੰਦਾ ਦੇਖਿਆ ਹੈ ? ਖੈਰ ।ਕਲਬੁਰਗੀ ਨੇ ਤਾਂ ਆਪਣੀ ਹੀ ਉੱਚੀ ਜ਼ਾਤ ਦੇ ਸਭ ਤੋਂ ਵੱਧ ਪੂਜੇ ਜਾਣ ਵਾਲੇ ਗੁਰੂ 'ਚੇ ਕਟਾਖਸ਼ ਲਿਖ ਮਾਰੇ ਸਨ । ਧਬੋਲਕਰ ਜਿੱਥੇ ਵਹਿਮ-ਭਰਮ ਤੇ ਕਾਲਾ ਜਾਦੂ ਖਿਲਾਫ ਲਹਿਰ ਦਾ ਝੰਡਾਬਰਦਾਰ ਸੀ, ਉਥੇ ਹੀ ਉਹਨੇ ਮਹਾਰਾਸ਼ਟਰ 'ਚ ਦਲਿਤਾਂ ਦੇ ਪੱਖ 'ਚ ਲਹਿਰ ਬੁਲੰਦ ਕੀਤੀ।ਵਿਕੀਪੀਡੀਆ ਦਸਦਾ ਹੈ ਕਿ ਮਰਾਠਵਾੜਾ ਵਿਸ਼ਵਵਿਦਿਆਲੇ ਦਾ ਨਾਮ ਭੀਮ ਰਾਓ ਅੰਬੇਦਕਰ ਦੇ ਨਾਂ 'ਤੇ ਰੱਖਣ ਦੀ ਵਕਾਲਤ ਕਰਨ ਵਾਲੀਆਂ ਪਹਿਲੀਆਂ ਸ਼ਖਸੀਅਤਾਂ ਚੋ ਉਹ ਇਕ ਸੀ। ਅਗਲਾ ਸਵਾਲ ਸ਼ਾਇਦ ਵਾਧੁ ਲੱਗੇ । ਧਬੋਲਕਰ ਨੇ ਤਾਂ ਦਲਿਤਾਂ ਦੀ ਖਲਾਸੀ ਲਈ ਬਾਬਾ ਅਧਵ ਦੀ "ਇਕ ਪਿੰਡ, ਇੱਕ ਖੂਹ" ਜਿਹੀ ਸਿਰੇ ਦੀ ਇਨਕਲਾਬੀ ਲਹਿਰ 'ਚ ਮੋਹਰੀ ਹਿੱਸਾ ਪਾਇਆ ਸੀ । ਪਰ ਜਦੋਂ ਮਸਾਂ ਸਾਲ ਪਹਿਲਾਂ ਪੰਜਾਬ ਦੇ ਡੇਢ ਦਰਜਨ ਪਿੰਡਾਂ ਵਿੱਚ ਦਲਿਤ ਆਪਣੇ ਲਈ ਵਾਹੀ ਯੋਗ ਜ਼ਮੀਨ ਦਾ ਹੱਕ ਮੰਗਦੇ ਪੁਲਿਸ ਤੇ ਉੱਚ ਜ਼ਾਤ ਨਾਲ ਲੋਹਾ ਲੈ ਰਹੇ ਸਨ, ਸਮੁੱਚੇ ਪੰਜਾਬ ਦਾ ਸਹਿਤਕਾਰੀ/ਲਿਖਾਰੀ ਜਗਤ ਉਥੋਂ ਗਾਇਬ ਸੀ । ਪੰਜਾਬੀ ਲੇਖਕਾਂ ਦਾ ਫਿਕਰ 'ਵਧਵਾਂ' ਲਗਦਾ ਹੈ! ਇਹਨਾਂ ਨੂੰ ਕੋਈ ਸ਼ਾਇਦ "ਉਏ" ਵੀ ਨਾ ਕਹੇ! ਪੰਨਸਾਰੇ, ਧਬੋਲਕਰ ਜਾਂ ਕਲਬੁਰਗੀ ਦੇ ਮੁਕਾਬਲੇ, ਇਹਨਾਂ ਵੱਲੋਂ ਅਜਿਹਾ ਬਹੁਤਾ ਕੁਝ ਰਚਿਆ ਜਾਣਾ ਜਾ ਅਮਲ 'ਚ ਲਿਆਣਾ ਬਾਕੀ ਹੈ , ਜਿਸ ਨਾਲ ਮੌਜੂਦਾ ਨਿਜ਼ਾਮ ਤੇ ਜਾਤ-ਪਾਤ ਨਾਲ ਗਲਤਾਲੇ ਹੋਏ ਇਸ ਸਮਾਜਕ ਪ੍ਰਬੰਧ ਨੂੰ ਕੋਈ ਸੇਕ ਮਾਤਰ ਵੀ ਲਗਦਾ ਹੋਵੇ ।ਖੈਰ, ਜੇ 'ਗੈਰ-ਰਾਜਨਿਤਕ' ਲੇਖਕਾਂ ਨੇ ਰਾਜਨਿਤਕ ਸ਼ੁਰੂਆਤ ਕਰ ਹੀ ਦਿੱਤੀ ਹੈ ਤਾਂ ਇਹ ਮਹਾਂ-ਸ਼ਗਨ ਹੈ। ਪਰ ਰਸ ਇਸ ਵਿੱਚ ਹੈ ਕਿ ਇਹ ਵਿਰੋਧ ਹੁਣ ਜਾਰੀ ਰਹੇ। ਉਮੀਦ ਹੈ ਕਿ ਇਨਾਮ ਵਾਪਸੀ ਦੀ ਇਹ ਪਿਰਤ ਥੋੜ ਚਿਰੀ ਨਹੀਂ ਹੋਵੇਗੀ । ਲੇਖਕ ਆਪਣੇ "ਮਹਿਜ਼ ਇੱਕ ਲਿਖਾਰੀ ਜਾਂ ਕਵੀ" ਹੋਣ ਦੇ ਜਾਮੇ ਚੋਂ ਬਾਹਰ ਆਉਣਗੇ । ਲਿਤਾੜੀ ਧਿਰ ਦਾ ਪਾਲਾ ਬੇਖੌਫ ਮੱਲਦੇ ਹੋਏ, ਕੁਝ ਅਜਿਹਾ ਲਿਖ ਜਾਣਗੇ, ਜਿਸਦਾ ਵਜੂਦ ਇਨਾਮ ਤੋਂ ਬਹੁਤ ਭਾਰੀ ਹੋਵੇਗਾ। 'ਸੰਗਤ' ਬਲੌਗ 'ਚੋਂ ਧੰਨਵਾਦ ਸਹਿਤ
pawandeep singh brar
Na hun punjab sar reha dekde a punjabo bahrle likari ki karde a pujabia bare baki vote da huk hai punjabian kol badal den jo nahi hak denda kio 2 kilo aate te free bijli te mar janne a asii maf karna je