Wed, 24 April 2024
Your Visitor Number :-   6996887
SuhisaverSuhisaver Suhisaver

ਗਾਂ, ਗੰਗਾ, ਗ਼ੁਰਬਤ ਬਨਾਮ ਭਾਜਪਾ ਸਰਕਾਰ - ਹਰਜਿੰਦਰ ਸਿੰਘ ਗੁਲਪੁਰ

Posted on:- 24-10-2015

suhisaver

ਗੰਗਾ ਜਮਨਾ ਸੰਸਕਰਿਤੀ ਘੋਰ ਸੰਕਟ ਵਿਚ ਹੈ। ਪੰਜਾਬ ਹੀ ਨਹੀਂ ਪੰਜਾਬ ਤੋਂ ਬਾਹਰ ਵੀ ਭਾਰਤ ਦੇ ਵੱਖ ਵੱਖ ਹਿੱਸਿਆਂ ’ਚੋਂ ਦਿਲ ਹਿਲਾ ਦੇਣ ਵਾਲੀਆਂ ਖਬਰਾਂ ਆ ਰਹੀਆਂ ਹਨ। ਪੰਜਾਬ ਸਮੇਤ ਦੇਸ਼ ਦੇ ਕਿਸੇ ਹਿੱਸੇ ਵਿਚ ਵੀ ਪ੍ਰਸਾਸ਼ਨਿਕ ਪਾਰਦਰਸ਼ਤਾ ਦੀ ਵੱਡੀ ਕਮੀ ਦਿਖਾਈ ਦੇ ਰਹੀ ਹੈ। ਚਾਰ ਚੁਫੇਰੇ ਅਰਾਜਕਤਾ ਵਾਲਾ ਮਾਹੌਲ ਹੈ।ਅੱਜ ਸਤਾਧਾਰੀ ਧਿਰਾਂ ਵਲੋਂ ਸਿਵਲ ਪ੍ਰਸਾਸ਼ਨ ਨੂੰ ਪੂਰੀ ਤਰ੍ਹਾਂ ਦਰ ਕਿਨਾਰ ਕਰਕੇ ਸਮੁਚੀ ਟੇਕ ਪੁਲਿਸ ਪ੍ਰਸਾਸ਼ਨ ਤੇ ਰੱਖੀ ਜਾ ਰਹੀ ਹੈ।ਜ਼ਿਲ੍ਹਾ ਪ੍ਰਸਾਸ਼ਨਿਕ ਮੁਖੀ ਨੂੰ ਪੁਲਿਸ ਦੇ ਜ਼ਰੀਏ ਬਾਈ ਪਾਸ ਕੀਤਾ ਜਾ ਰਿਹਾ ਹੈ।ਆਪਣੇ ਮੰਤਵਾਂ ਦੀ ਪੂਰਤੀ ਲਈ ਆਈ ਪੀ ਐਸ ਅਫਸਰਾਂ ਦੀ ਥਾਂ ਰਾਜ ਵਲੋਂ ਭਰਤੀ ਕੀਤੇ ਅਧਿਕਾਰੀਆਂ ਨੂੰ ਜ਼ਿਲ੍ਹਾ ਪੁਲਿਸ ਮੁਖੀ ਲਗਾਉਣ ਦਾ ਰਿਵਾਜ਼ ਪੈ ਚੁੱਕਾ ਹੈ।ਹਰ ਇੱਕ ਰਾਜ ਵਿਚ ਪੁਲਿਸ ਦੇ ਤਪ ਤੇਜ਼ ਦੀ ਥਾਂ ਸਥਾਨਕ ਬਾਹੂਬਲੀਆਂ ਦੇ ਤਪ ਤੇਜ਼ ਦਾ ਬੋਲਬਾਲਾ ਹੈ।

ਪੰਜਾਬ ਵੀ ਅੱਜ ਕੱਲ ਇਸੇ ਸਥਿਤੀ ਵਿਚੋਂ ਗੁਜ਼ਰ ਰਿਹਾ ਹੈ, ਜਿਸ ਦਾ ਖਮਿਆਜ਼ਾ ਆਏ ਦਿਨ ਆਮ ਲੋਕਾਂ ਨੂੰ ਭੁਗਤਣ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੈ।ਹੱਕ ਮੰਗਦੇ ਲੋਕਾਂ ਨੂੰ ਡਾਂਗਾਂ ਅਤੇ ਗੋਲੀਆਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸ ਵਾਸਤੇ ਜ਼ਿਲ੍ਹਾ ਮੁਖੀ ਤੋਂ ਆਗਿਆ ਲੈਣ ਦੀ ਵੀ ਲੋੜ ਨਹੀਂ ਸਮਝੀ ਜਾਂਦੀ। ਹੋਰ ਬਹੁਤ ਸਾਰੇ ਕਾਰਨਾਂ ਤੋਂ ਇਲਾਵਾ ਪੰਜਾਬ ਅੰਦਰ ਵਿਗੜੇ ਹਾਲਾਤ ਦਾ ਇੱਕ ਕਾਰਨ ਇਹ ਵੀ ਹੈ।

ਜਦੋਂ ਤੋਂ ਕੇਂਦਰ ਵਿਚ ਨਰਿੰਦਰ ਮੋਦੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਦੇਸ਼ ਅੰਦਰ ਇੱਕ ਅਜਿਹਾ ਮਾਹੌਲ ਸਿਰਜਣ ਦੇ ਯਤਨ ਕੀਤੇ ਜਾ ਰਹੇ ਹਨ, ਜਿਸ ਵਿਚ ਘੱਟ ਗਿਣਤੀਆਂ ਆਪਣੇ ਆਪ ਨੂੰ ਮਹਿਫੂਜ ਨਾ ਸਮਝਣ। ਦੇਸ਼ ਅੰਦਰ ਜਬਰ ਦੀ ਇੱਕ ਘਟਨਾ ਹੋ ਕੇ ਹਟਦੀ ਹੈ ਦੂਜੀ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ।ਅਜਿਹਾ ਲਗਦਾ ਹੈ ਕਿ ਹਰ ਘਟਨਾ ਗਿਣੀ  ਮਿਥੀ ਸਾਜ਼ਿਸ਼ ਤਹਿਤ ਪਹਿਲੀ ਘਟਨਾ ਉੱਤੇ ਮਿੱਟੀ ਪਾਉਣ ਵਾਸਤੇ ਅਮਲ ਵਿਚ ਲਿਆਂਦੀ ਜਾ ਰਹੀ ਹੈ।ਪੰਜਾਬ ਦੇ ਬਹੁਤ ਸਾਰੇ ਭਰਾਵਾਂ ਨੂੰ ਵਹਿਮ ਹੈ ਕਿ ਜੁਲਮ ਕੇਵਲ ਉਹਨਾਂ ਤੇ ਹੀ ਹੋ ਰਿਹਾ ਹੈ ਪਰ ਇਹ ਉਹਨਾਂ ਦੀ ਗਲਤ ਫਹਿਮੀ ਹੈ।ਅੱਜ ਦੇਸ਼ ਦਾ ਆਮ ਆਵਾਮ ਦੇਸ਼ ਦੇ ਕਿਸੇ ਹਿੱਸੇ ਵਿਚ ਵੀ ਮਹਿਫੂਜ ਨਹੀਂ ਹੈ ਖਾਸ ਕਰਕੇ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ।

ਤਾਜ਼ਾ ਘਟਨਾ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਨਾਲ ਸਬੰਧਿਤ ਹੈ ਜਿਥੇ ਫਰੀਦਾਬਾਦ ਦੇ ਇੱਕ ਪਿੰਡ ਸਨਪੇਡ ਵਿਖੇ ਲੰਘੇ ਮੰਗਲਵਾਰ ਨੂੰ ਤੜਕੇ ਕੁਝ ਬਦਮਾਸ਼ਾਂ ਨੇ ਇੱਕ ਦਲਿਤ ਪਰਿਵਾਰ ਦੇ ਘਰ ਉੱਤੇ ਪੈਟਰੌਲ ਸੁੱਟ ਕੇ ਅੱਗ ਲਾ ਦਿੱਤੀ ਅਤੇ ਬਾਹਰੋਂ ਦਰਵਾਜ਼ਾ ਬੰਦ ਕਰ ਦਿੱਤਾ।ਇਸ ਘਟਨਾ ਵਿਚ ਦੋ ਮਾਸੂਮ ਬਚਿਆਂ ਦੀ ਅੱਗ ਵਿਚ ਝੁਲਸ ਜਾਣ ਕਾਰਨ ਮੌਤ ਹੋ ਗਈ ਅਤੇ ਮਾਤਾ ਪਿਤਾ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਦਿੱਲੀ ਨਾਲ ਲਗਦੇ ਦਾਦਰੀ ਨੇੜਲੇ ਇੱਕ ਪਿੰਡ ਵਿਚ ਇੱਕ ਵਿਅਕਤੀ ਨੂੰ ਕੱਟੜਵਾਦੀਆਂ ਦੇ ਇੱਕ ਹਜੂਮ ਵਲੋਂ ਕੁੱਟ ਕੁੱਟ ਕੇ ਮਾਰ ਦਿੱਤਾ ਸੀ।ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਆਏ ਦਿਨ ਕਤਲਾਂ ਅਤੇ ਸਮੂਹਿਕ ਬਲਾਤਕਾਰਾਂ ਦੀਆਂ ਘਟਨਾਵਾਂ ਹੁੰਦੀਆਂ ਹੀ ਰਹਿੰਦੀਆਂ ਹਨ ਜਿਥੋਂ ਦੀ ਪੁਲਿਸ ਕੇਂਦਰ ਦੇ ਸਿਧੇ ਕੰਟ੍ਰੋਲ ਵਿਚ ਹੈ।

ਅਜਿਹੀ ਸਥਿਤੀ ਦੇ ਮੱਦੇ ਨਜ਼ਰ ਜਨਸਤਾ ਦੇ ਸੰਪਾਦਕ ਅਤੇ ਪ੍ਰਸਿੱਧ ਪੱਤਰਕਾਰ ਸ਼੍ਰੀ ਓਮ ਥਾਨਵੀ ਦੇ ਇਸ ਵਿਅੰਗ ਵਿਚ ਕਾਫੀ ਵਜਨ ਹੈ ਕਿ ਜੰਗਲ ਰਾਜ ਦੇ ਤਾਅਨੇ ਬਿਹਾਰ ਵਾਲਿਆਂ ਨੂੰ ਮਾਰਨ ਵਾਸਤੇ ਨਰਿੰਦਰ ਮੋਦੀ ਨੂੰ ਬਿਹਾਰ ਦੇ ਚੱਕਰ ਮਾਰਨ ਦੀ ਲੋੜ ਨਹੀਂ ਕਿਓਂ ਕਿ ਜੰਗਲ ਰਾਜ ਤਾਂ ਦਿੱਲੀ ਦੇ ਅੰਦਰ ਅਤੇ ਆਸ ਪਾਸ ਵੀ ਦੇਖਿਆ ਜਾ ਸਕਦਾ ਹੈ।ਹਿੰਦੂਤਵੀ ਵਿਚਾਰਧਾਰਾ ਅਨੁਸਾਰ ਦਲਿਤ ਜਮਾਤ ਉਹਨਾਂ ਦੀ ਸੇਵਾ ਕਰਨ ਤੱਕ ਮਹਿਦੂਦ ਹੈ ਹੋਰ ਕਿਸੇ ਕੰਮ ਵਾਸਤੇ ਨਹੀਂ।ਭਾਰਤੀ ਸਮਾਜ ਅੰਦਰ ਜਾਤੀ ਵਿਵਸਥਾ ਦੇ ਚਲਦਿਆਂ ਅਜੇ ਵੀ ਦਲਿਤਾਂ ਉੱਤੇ ਅਨੇਕਾਂ ਬੰਦਿਸ਼ਾਂ ਹਨ । ਮਸਲਨ ਉਹਨਾਂ ਨੂੰ ਅਜੇ ਵੀ ਹਰ ਥਾਂ ਹਰ ਮੰਦਰ ਵਿਚ ਜਾਣ  ਦੀ ਆਗਿਆ ਨਹੀਂ ਹੈ।

ਹਾਲ ਹੀ ਵਿਚ ਗੁਜਰਾਤ ਦੇ ਅਕਸ਼ਰ ਧਾਮ ਵਿਚ ਪ੍ਰਬੰਧਕਾਂ ਵਲੋਂ ਗੈਰ ਹਿੰਦੂਆਂ ਦੇ ਉਕਤ ਮੰਦਰ ਵਿਚ ਪ੍ਰਵੇਸ਼ ਨਾ ਕਰਨ ਦਾ ਬਹੁ ਚਰਚਿਤ ਫੈਸਲਾ ਅਖਬਾਰਾਂ ਦੀਆ ਸੁਰਖੀਆਂ ਬਣਿਆ ਰਿਹਾ ਹੈ ।ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਅਜਿਹੇ ਹੋਰ ਵੀ ਮੰਦਰ ਹਨ ਜਿਥੇ ਦਲਿਤਾਂ ਦਾ ਜਾਣਾ ਵਰਜਿਤ ਹੈ।ਅਨੇਕਾਂ ਸਮਾਜ ਸੁਧਾਰਕਾਂ ਵਲੋਂ ਕੀਤੇ ਯਤਨਾਂ ਦੇ ਫਲਸਰੂਪ ਉਹਨਾਂ ਨੂੰ ਮੰਦਰਾਂ ਵਿਚ ਦਾਖਲ ਹੋਣ ਦਾ ਥੋੜਾ ਬਹੁਤ ਅਧਿਕਾਰ ਮਿਲਿਆ ਤਾਂ ਉਹਨਾਂ ਵਿਚੋਂ ਕੁਝ ਆਪਣੇ ਆਪ ਨੂੰ ਸਭ ਤੋਂ ਵੱਡੇ ਹਿੰਦੂ ਸਮਝਣ ਲੱਗ ਪਏ। ਸਾਡੇ ਆਲੇ ਦੁਆਲੇ ਅਨੇਕਾਂ ਅਜਿਹੇ ਦਲਿਤ ਪਰਿਵਾਰ ਰਹਿੰਦੇ ਹਨ ਜੋ ਆਪਣੇ ਭਾਈ ਚਾਰੇ ਨਾਲ ਮੇਲ ਜੋਲ ਰੱਖਣ ਦੀ ਥਾਂ ਆਪਣੇ ਆਪ ਨੂੰ ਹਿੰਦੂ ਸਮਾਜ ਦਾ ਅੰਗ ਸਮਝਣ ਵਿਚ ਫਖਰ ਮਹਿਸੂਸ ਕਰਦੇ ਹਨ ।ਇਸ ਦਾ ਕਾਰਨ ਇਹ ਹੈ ਕਿ ਜਿਸ ਤਰ੍ਹਾਂ ਭਾਰਤ ਵਾਸੀਆਂ ਦੇ ਹੱਡਾਂ  ਵਿਚ ਰਚੀ ਸੈਂਕੜੇ ਸਾਲਾਂ ਦੀ ਗੁਲਾਮੀ ਨਹੀਂ ਨਿਕਲੀ ਉਸੇ ਤਰ੍ਹਾਂ ਹਜ਼ਾਰਾਂ ਸਾਲਾਂ ਤੋਂ ਵਰਣ ਵਿਵਸਥਾ ਦਾ ਸਤਾਇਆ ਦਲਿਤ ਸਮਾਜ ਵੀ ਸਵਰਨਾ ਦੇ ਦਾਬੇ ਤੋਂ ਨਿਜਾਤ ਹਾਸਲ ਨਹੀਂ ਕਰ ਸਕਿਆ।

ਅਜਿਹੀ ਦਲਿਤ ਮਾਨਸਿਕਤਾ ਦਾ ਡਾਕਟਰ ਗੁਰਨਾਮ ਸਿੰਘ ਮੁਕਤਸਰ ਨੇ ਆਪਣੀਆਂ ਲਿਖਤਾਂ ਵਿਚ ਬਖੂਬੀ ਕੀਤਾ ਹੈ। ਕੇਂਦਰ ਵਿਚ ਭਾਜਪਾ ਦਾ ਰਾਜ ਹੋਣ ਕਾਰਣ ਹਿੰਦੂਤਵੀ ਸ਼ਕਤੀਆਂ ਮਜਬੂਤ ਹੋਈਆਂ ਹਨ।ਸਵਰਨ ਮਾਨਸਿਕਤਾ ਕੱਟੜ ਹਿੰਦੂਤਵਵਾਦ ਵਿਚੋਂ ਹੀ ਪੈਦਾ ਹੁੰਦੀ ਹੈ ਜਿਸਦਾ ਵਾਹਕ ਸੰਘ ਪਰਿਵਾਰ ਹੈ ।ਸਵਰਨਜਾਤੀਆਂ  ਦਾ ਮਕਸਦ ਦਲਿਤਾਂ ਨੂੰ ਆਪਣੀ ਸੇਵਾ ਵਿਚ ਜੀ ਹਜੂਰੀਏ ਬਣਾਉਣਾ ਹੈ ।ਇਹੀ ਕਾਰਨ ਹੈ ਕਿ ਇਹ ਜਾਤੀਆਂ ਭਾਜਪਾ ਦੇ ਮਾਧਿਅਮ ਰਾਹੀਂ ਫੇਰ ਤੋਂ ਮੰਨੂਵਾਦੀ ਵਿਵਸਥਾ ਨੂੰ ਪੁਨਰ ਸੁਰਜੀਤ ਕਰਨ ਲਈ ਅਗਸਰ ਹਨ।ਅੱਜ ਇਹਨਾਂ ਦੀਆਂ ਨਜਰਾਂ ਵਿਚ ਦੇਸ਼ ਭਗਤੀ ਦੇ ਮਾਅਨੇ ਬਦਲ ਗਏ ਹਨ ।ਇਹਨਾਂ ਸ਼ਕਤੀਆਂ ਦੀਆਂ ਨਜ਼ਰਾਂ ਵਿਚ ਉਹੀ ਦੇਸ਼ ਭਗਤ ਅਤੇ ਸੰਘੀ ਰਾਸ਼ਟਰ ਵਾਦੀ ਹੈ ਜੋ ਘੱਟ ਗਿਣਤੀਆਂ ਨੂੰ ਦਬਾਉਣ ਦੀ ਬਾਤ ਪਾਉਂਦਾ ਹੈ।ਮੀਡੀਆ ਅੰਦਰ ਖਬਰਾਂ ਹਨ ਕਿ ਇਸ ਵਾਰ ਦੁਸਹਿਰੇ ਵਾਲੇ ਦਿਨ ਰਾਵਣ ਦੇ ਪੁਤਲੇ ਦਾ ਕੱਦ ਵਧਾਇਆ ਗਿਆ ਹੈ ।ਸ਼ਾਇਦ ਇਹ ਅਚੇਤ ਰੂਪ ਵਿਚ ਅਸਲੀਅਤ ਦਾ ਹੀ ਪ੍ਰਤੀਬਿੰਬ ਪ੍ਰਤੀਤ ਹੁੰਦਾ ਹੈ ।

ਦੂਜੇ ਪਾਸੇ ਗਾਂ ਅਤੇ ਗੰਗਾ ਨੂੰ ਮਾਂ ਸਮਝ ਕੇ ਰਾਜਨੀਤਕ ਰੋਟੀਆਂ ਸੇਕਣ ਵਾਲੇ ਸੰਘ ਪਰਿਵਾਰ ਦਾ ਇਹਨਾਂ 'ਦੋਹਾਂ ਮਾਵਾਂ' ਨਾਲ ਕੋਈ ਸਿਧਾ ਸਬੰਧ ਨਹੀ ਹੈ ।ਮਾਸਾ ਆਹਾਰ ਦਾ ਵਿਰੋਧ ਇਸ ਦੀ ਰਾਜਨੀਤਕ ਯੋਜਨਾ ਦਾ ਪ੍ਰਮੁੱਖ ਹਿੱਸਾ ਹੁੰਦਾ ਹੈ।ਹਾਲਾਂ ਕਿ ਇਸ ਦੇ ਕਰਨਧਾਰ ਮਾਸਾਹਰ ਦੇ ਧੰਦੇ ਵਿਚ ਬਰਾਬਰ ਦੇ ਭਾਈਵਾਲ ਹਨ।ਹਿੰਦੁਸਤਾਨ ਟਾਈਮਜ ਨੇ ਰਜਿਸਟਰੀ ਦੇ ਦਸਤਾਵੇਜੀ ਸਬੂਤਾਂ ਦੇ ਅਧਾਰ ਉੱਤੇ ਖਲਾਸਾ ਕੀਤਾ ਹੈ ਕਿ ਭਾਜਪਾ ਦੇ ਫਾਇਰ ਬਰਾਂਡ ਨੇਤਾ ਸੰਗੀਤ ਸੋਮ ਅਤੇ ਉਸ ਦੇ ਦੋ  ਸਾਥੀਆਂ ਨੇ ਸੰਨ  2009 ਵਿਚ ਅਲੀਗੜ ਵਿਖੇ ਮੀਟ ਪ੍ਰੋਸੈਸਿੰਗ ਯੂਨਿਟ ਵਾਸਤੇ ਜ਼ਮੀਨ ਖਰੀਦੀ ਸੀ।ਦਸਤਾਵੇਜੀ ਸਬੂਤਾਂ ਅਨੁਸਾਰ ਅਲ-ਦੁਆ ਫੂਡ ਪ੍ਰੋਸੈਸਿੰਗ ਪ੍ਰਾਈਵੇਟ ਲਿਮਟਿਡ ਨਾਮ ਦੀ ਇਸ ਕੰਪਨੀ ਵਿਚ ਸੰਗੀਤ ਸੋਮ ਵੀ ਇੱਕ ਡਾਇਰੈਕਟਰ ਹੈ।ਇਹ ਕੰਪਨੀ ਹਲਾਲ ਮੀਟ ਦਾ ਕਾਰੋਬਾਰ ਕਰਦੀ ਹੈ ਜੋ ਕਿ ਇਸ ਤਰ੍ਹਾਂ ਦੀਆਂ ਹੋਰ ਇਕਾਈਆਂ ਵਿਚੋਂ ਇੱਕ ਵੱਡੀ ਇਕਾਈ ਹੈ।ਮੁਇਨੂਦੀਨ ਕੁਰੈਸ਼ੀ ਅਤੇ ਯੋਗੇਸ਼ ਰਾਵਤ ਇਸ ਸੌਦੇ ਵਿਚ ਭਾਈਵਾਲ ਹੋਣ ਦੇ ਨਾਲ ਨਾਲ ਕੰਪਨੀ ਦੇ ਡਾਇਰੈਕਟਰ ਵੀ ਹਨ।ਦੇਵ ਧਰ ਸੰਘੀ ਪਤਰਕਾਰ ਨੇ ਸਵੀਕਾਰ ਕੀਤਾ ਹੈ ਕਿ ਸੰਘ ਪ੍ਰਮੁੱਖ ਮੋਹਨ ਭਾਗਵਤ ਸਮੇਤ ਹੋਰ ਮੁੱਖ ਪ੍ਰਚਾਰਕ ਮਾਸਾ ਆਹਾਰ ਕਰਦੇ ਰਹੇ ਹਨ।ਉੱਤਰ ਪ੍ਰਦੇਸ਼ ਭਾਜਪਾ ਦੇ ਉਪ ਪ੍ਰਧਾਨ ਰਹੇ ਸਤਿਆਦੇਵ ਸਿੰਘ 'ਤੇ ਉਸ ਦੇ ਹੀ ਪਾਰਟੀ ਸਾਥੀਆਂ ਨੇ ਦੋਸ਼ ਲਾਇਆ ਹੈ ਕਿ ਉਸ ਦੇ ਟਰੱਕਾਂ ਰਾਹੀਂ ਗਊ ਵੰਸ਼ ਨਾਲ ਸਬੰਧਤ ਜਾਨਵਰਾਂ ਨੂੰ ਕਲਕਤਤਾ ਦੇ ਬੁਚੜ ਖਾਨੇ ਤੱਕ ਪਹੁੰਚਾਇਆ ਜਾਂਦਾ ਰਿਹਾ ਹੈ।

ਗਊ ਵੰਸ਼ ਦੇ ਜ਼ਰੀਏ ਇਹ ਲੋਕ ਰਾਜਨੀਤਕ ਅਤੇ ਆਰਥਿਕ ਵਪਾਰ ਹੁਣ ਤਕ ਸਫਲਤਾ ਪੂਰਬਕ ਕਰਦੇ ਆ ਰਹੇ ਹਨ।ਹੈਰਾਨੀ ਦੀ ਗੱਲ ਹੈ ਕਿ ਸੂਚਨਾ ਤਕਨੀਕ ਦੇ ਇਸ ਯੁੱਗ ਵਿਚ ਵੀ ਆਮ ਲੋਕ ਇਸ ਘਿਨਾਉਣੀ ਖੇਡ ਤੋਂ ਅਨਜਾਣ ਹਨ। ਮਾਸ ਨੂੰ ਵਿਦੇਸ਼ਾਂ ਵਿਚ ਭੇਜਣ ਦਾ ਧੰਦਾ ਕਰਨ ਵਾਲੀਆਂ ਵੱਡੀਆਂ ਕੰਪਨੀਆ ਦੇ ਮਾਲਕ ਗੈਰ ਮੁਸਲਿਮ ਹਨ।ਹਿੱਸੇਦਾਰਾਂ ਨਾਲ ਮਿਲੀ ਭੁਗਤ ਕਾਰਨ ਇਹਨਾ ਕੰਪਨੀਆਂ ਦੇ ਨਾਮ ਮੁਸਲਮਾਨਾਂ ਸ਼ਬਦਾਵਲੀ ਹੇਠ ਰਖੇ ਗਏ ਹਨ ਤਾਂ ਕਿ ਕਿਸੇ ਤਰ੍ਹਾਂ ਦੇ ਭਾਵਨਾਤਮਿਕ ਹਮਲੇ ਤੋਂ ਬਚਿਆ ਜਾ ਸਕੇ।ਗਊ ਭਗਤਾਂ ਨੂੰ ਇਸ ਕੌੜੀ ਸਚਾਈ ਦਾ ਸਾਹਮਣਾ ਕਰਨਾ ਹੀ ਪਵੇਗਾ ਕਿ ਗਊਆਂ ਸਮੇਤ ਹੋਰ ਪਸ਼ੂਆਂ ਨੂੰ ਮਾਰਨ ਦਾ ਮਕਸਦ ਕੇਵਲ ਆਹਾਰ ਹੀ ਨਹੀਂ ਸਗੋਂ ਦਵਾ ਉਦਯੋਗ ਦੀਆਂ ਲੋੜਾਂ ਦੀ ਪੂਰਤੀ ਕਰਨਾ ਵੀ ਹੈ।

ਇੱਕ ਫਾਰਮੇਸੀ ਕੰਪਨੀ ਦੇ ਸੀਨੀਅਰ ਐਗਜੀਕਿਉਟਿਵ ਨੇ ਆਪਣਾ ਨਾਮ ਨਾ ਛਾਪਣ ਲਈ ਕਹਿ ਕੇ 'ਲੋਕ ਸੰਘਰਸ਼ ਪਤਰਿਕਾ' ਨੂੰ ਦੱਸਿਆ ਕਿ,"ਕਿਸੀ ਨਾ ਕਿਸੀ ਤਰ੍ਹਾਂ ਅਸੀਂ ਆਪਣੀ ਰੋਜਮਰਾ ਦੀ ਜ਼ਿੰਦਗੀ ਵਿਚ ਗਊ ਮਾਸ ਵਰਤਦੇ ਹਾਂ"। ਇੰਡੀਆ ਵਿਚ ਜ਼ਿਆਦਾਤਰ ਜੇਲੇਟੀਨ ਬਣਾਉਣ ਵਾਲੇ ਦਸਦੇ ਹਨ ਕਿ ਇਸ ਵਿੱਚ ਮੱਝਾਂ ਦੀਆਂ ਹੱਡੀਆਂ ਦਾ ਇਸਤੇਮਾਲ ਹੁੰਦਾ ਹੈ।ਲੇਕਿਨ ਮਹਾਂ ਰਾਸ਼ਟਰ ਅਤੇ ਹਰਿਆਣਾ ਰਾਜਾ ਅੰਦਰ ਗਊ ਹੱਤਿਆ ਵਿਰੋਧੀ ਕਨੂੰਨਾ ਨੂੰ ਦੇਖਦੇ ਹੋਏ ਅਜਿਹੀਆਂ ਕੰਪਨੀਆਂ /ਫਾਰਮੇਸੀਆਂ  ਨੂੰ ਆਉਣ ਵਾਲੇ ਦਿਨਾਂ ਵਿਚ ਸਰਕਾਰਾਂ ਅਤੇ 'ਸਰਕਾਰਾਂ ਅਧਾਰਿਤ' ਮਾਫੀਆ ਵਲੋਂ ਤੰਗ ਪਰੇਸ਼ਾਨ ਕੀਤੇ ਜਾਣ ਦਾ ਖਦਸ਼ਾ ਹੈ।ਦੂਜਾ ਮੱਹਤਵਪੂਰਣ ਮੁੱਦਾ ਹੈ ਗੰਗਾ ਮਈਆ,ਜਿਸ ਨੂੰ ਸਭ ਤੋਂ ਵਧ ਗੰਦਾ ਕਰਨ ਵਾਲੇ ਇਸੇ ਮਾਂ ਦੇ ਪੂਜਕ ਹਨ। ਜਿਹੜਾ ਮੋਦੀ ਚੋਣਾਂ ਸਮੇਂ ਇਹ ਕਹਿ ਕੇ ਬਨਾਰਸ ਗਿਆ ਸੀ ਕਿ ਉਹ ਆਪ ਨਹੀਂ ਆਇਆ ਉਸ ਨੂੰ ਗੰਗਾ ਨੇ ਬੁਲਾਇਆ ਹੈ ਉਹ ਮੋਦੀ ਅੱਜ ਗੰਗਾ ਦੀ ਬਦਹਾਲੀ ਉੱਤੇ ਚੁੱਪ ਹੈ।ਇੱਕ ਪਾਸੇ ਸਰਕਾਰ ਗੰਗਾ ਸਫਾਈ ਅਭਿਆਨ ਚਲਾ ਰਹੀ ਹੈ ਦੂਜੇ ਪਾਸੇ ਰਸਾਇਣਕ ਰੰਗਾਂ ਨਾਲ ਰੰਗੀਆਂ ਲੱਖਾਂ ਟਨ ਮਿੱਟੀ ਦੀਆਂ ਮੂਰਤੀਆਂ ਗੰਗਾ ਸਮੇਤ ਵਖ ਵਖ ਨਦੀਆਂ ਵਿਚ ਵਿਸਰਜਿਤ ਕੀਤੀਆਂ ਜਾ ਰਹੀਆਂ ਹਨ।ਉੱਚ ਅਦਾਲਤੀ ਹੁਕਮਾਂ ਦੇ ਬਾਵਯੂਦ ਸੰਘੀ ਸਾਧੂ ਅਜਿਹਾ ਕਰਨ ਵਾਸਤੇ ਬਜ਼ਿੱਦ ਹਨ। ਗੇਰੂਆ ਰੰਗ ਅੱਗੇ ਦੇਸ਼ ਦਾ ਕਨੂਨ ਬੌਨਾ ਸਾਬਤ ਹੋ ਰਿਹਾ ਹੈ।ਵਰਣਨ ਯੋਗ ਹੈ ਕਿ ਗੰਗਾ ਨੂੰ ਸਭ ਤੋਂ ਵਧ ਗੰਦਾ ਇਸ ਦੇ ਕਿਨਾਰਿਆਂ ਉੱਤੇ ਸਥਾਪਤ ਉਦਯੋਗ ਕਰਦੇ ਹਨ।ਇਹਨਾ ਉਦਯੋਗ ਪਤੀਆਂ ਤੋਂ ਮਿਲੇ ਫੰਡਾਂ ਕਾਰਨ ਹੀ ਸਾਧੂਆਂ ਅਤੇ ਨੇਤਾਵਾਂ ਦੇ ਚਿਹਰੇ ਲਾਲ ਰਹਿੰਦੇ ਹਨ।ਮੁਖ ਹਾਕਮ ਧਿਰ ਦੀ ਨੀਅਤ ਨਾ ਅਜ਼ਾਦੀ ਦੀ ਲੜਾਈ ਸਮੇਂ ਸਾਫ਼ ਸੀ ਅਤੇ ਨਾ ਹੁਣ।

ਸੰਪਰਕ: 0061 469 976214

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ