Fri, 19 April 2024
Your Visitor Number :-   6985626
SuhisaverSuhisaver Suhisaver

ਸਮਾਜਿਕ ਅਵਸਥਾ ਨੂੰ ਕੇਵਲ ਲੋਕ ਬਦਲਦੇ ਹਨ - ਹਰਜਿੰਦਰ ਸਿੰਘ ਗੁਲਪੁਰ

Posted on:- 02-04-2016

suhisaver

ਦਿੱਲੀ ਸਥਿੱਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਕੈਂਪਸ ਦੇ ਅੰਦਰ ਅਤੇ ਬਾਹਰ ਜੋ ਘਟਨਾਵਾਂ ਹਾਲ ਹੀ ਵਿੱਚ ਵਾਪਰੀਆਂ ਉਹਨਾਂ ਨੇ ਰਾਸ਼ਟਰਵਾਦ ਦੇ ਮੁੱਦੇ ਨੂੰ ਇੱਕ ਕੌਮੀ ਪੱਧਰ ਦੀ ਬਹਿਸ ਦੇ ਕੇਂਦਰ ਵਿੱਚ ਲਿਆ ਖੜਾ ਕੀਤਾ ਹੈ, ਜਿਸ ਵਿੱਚ ਜੇ ਐਨ ਯੂ ਵਿਦਿਆਰਥੀ ਸੰਘ ਦੇ ਪਰਧਾਨ ਕਨ੍ਹੱਈਆ ਦੀ ਵਿਸ਼ੇਸ਼ ਭੂਮਿਕਾ ਰਹੀ ਹੈ।ਪਰਿੰਟ ਅਤੇ ਬਿਜਲਈ ਮੀਡੀਆ ਤੋਂ ਲੈ ਕੇ ਸੋਸ਼ਿਲ ਮੀਡੀਆਦੇ ਨਾਲ ਨਾਲ ਈ-ਪੱਤਰਕਾਵਾਂ ਵਿੱਚ ਉਸ ਦੀ ਖੂਬ ਚਰਚਾ ਅਜੇ ਤੱਕ ਚੱਲ ਰਹੀ ਹੈ।ਅੰਤਰਿਮ ਜ਼ਮਾਨਤ ਉੱਤੇ ਰਿਹਾਈ ਉਪਰੰਤ ਜੇ ਐਨ ਯੂ ਵਿਦਿਆਰਥੀਆਂ ਦੇ ਸਨਮੁਖ ਦਿੱਤੇ ਕਨ੍ਹੱਈਆ ਦੇ ਭਾਸ਼ਣ ਨੂੰ ਅਨੇਕਾਂ ਟੀਵੀ ਚੈਨਲਾਂ ਨੇ ਲਾਈਵ ਟੈਲੀਕਾਸਟ ਕੀਤਾ ।ਇਸ ਤੋਂ ਇਲਾਵਾ ਹਰ ਪਰਕਾਰ ਦੇ ਮੀਡੀਆ ਨੇ ਉਸ ਦੇ ਇੰਟਰਵਿਊ ਪਰਮੁੱਖਤਾ ਨਾਲ ਛਾਪੇ।ਜਿਥੋਂ ਤੱਕ ਪੰਜਾਬੀ ਪਰਿੰਟ ਮੀਡੀਆ ਦਾ ਸਬੰਧ ਹੈ, ਨਵਾਂ ਜ਼ਮਾਨਾ ਨੇ ਸੁਕੀਰਤ ਦੁਆਰਾ ਕਨ੍ਹੱਈਆ ਨਾਲ ਕੀਤੀ ਲੰਬੀ ਇੰਟਰਵਿਊ ਛਾਪ ਕੇ ਆਪਣੇ ਪਾਠਕਾਂ ਤੱਕ ਪਹੁੰਚਾਉਣ ਦਾ ਬਣਦਾ ਫਰਜ਼ ਸਭ ਤੋਂ ਪਹਿਲਾਂ ਅਦਾ ਕੀਤਾ।ਇੱਕ ਅੰਦਾਜ਼ੇ ਅਨੁਸਾਰ ਉਸ ਵਲੋਂ ਕੈਂਪਸ ਵਿੱਚ ਦਿੱਤੇ ਭਾਸ਼ਣ ਨੂੰ 30 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ।

ਉਸ ਦੇ ਭਾਸ਼ਣਾ੍ ਉੱਤੇ ਜੋ ਪਰਤੀਕਿਰਿਆਵਾਂ ਆਈਆਂ ਉਹਨਾਂ ਉੱਤੇ ਭਾਵਨਾਵਾਂ ਦਾ ਰੰਗ ਵੀ ਚੜਿਆ ਹੋਇਆ ਸੀ।ਕਈਆਂ ਨੇ ਤਾਂ ਉਸ ਦੀ ਤੁਲਨਾ ਸ. ਭਗਤ ਸਿੰਘ ਤੋਂ ਲੈ ਕੇ ਚੀ-ਗਵੇਰਾ ਅਤੇ ਲੈਨਿਨ ਤੱਕ ਨਾਲ ਕਰਨ ਨੂੰ ਦੇਰ ਨਾ ਲਾਈ।ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤਬਦੀਲੀ ਦੇ ਇੱਛਕ ਆਮ ਲੋਕਾਂ ਨੂੰ ਉਸ ਦੇ ਭਾਸ਼ਣ ਨੇ ਇੱਕ ਚੁੰਬਕੀ ਸ਼ਖ਼ਸੀਅਤ ਵਾਂਗ ਆਪਣੇ ਵੱਲ ਖਿੱਚਿਆ।

ਉਹਨਾਂ ਦਾ ਮੱਤ  ਸੀ ਕਿ ਭਾਰਤ ਨੂੰ ਹੁਣ ਆਪਣਾ ਨੇਤਾ ਮਿਲ ਗਿਆ ਹੈ।ਇਸ ਦੇ ਉਲਟ ਉਸ ਨੂੰ ਖਲਨਾਇਕ ਦੇ ਰੂਪ ਵਿੱਚ ਪੇਸ਼ ਕਰਨ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਸੀ।ਉਸ ਉੱਤੇ ਜਿਸਮਾਨੀ ਅਤੇ ਮਾਨਸਿਕ ਹਮਲੇ ਤਾਂ ਕੀਤੇ ਹੀ ਜਾ ਰਹੇ ਹਨ ਇਸ ਤੋਂ ਇਲਾਵਾ ਉਸ ਦੀ ਜਬਾਨ ਤੱਕ ਕੱਟਣ ਦੇ ਧਮਕੀ ਭਰੇ ਕਰੂਰ ਬਿਆਨ ਵੀ ਦਿੱਤੇ ਗਏ।ਇਹ ਵਰਤਾਰਾ ਵੱਖਰੇ ਵਿਚਾਰ ਰੱਖਣ ਵਾਲਿਆਂ ਪਰਤੀ ਅਸਹਿਣਸ਼ੀਲਤਾ ਦਾ ਖੁੱਲਾ ਅਤੇ ਗਿਣਿਆ ਮਿਥਿਆ ਪਰਗਟਾਵਾ ਸੀ।

ਕਨ੍ਹੱਈਆ ਖਿਲਾਫ ਸਰਕਾਰ ਦੇ ਕਠੋਰ ਰਵਈਏ ਦੀ ਜਿੱਥੇ ਵਿਸ਼ਵ ਦੀਆਂ ਕਈ ਯੂਨੀਵਰਸਟੀਆਂ ਦੇ ਵਿਦਿਆਰਥੀ ਸੰਘਾਂ ਨੇ ਨਿਖੇਧੀ ਕੀਤੀ ਉੱਥੇ ਕੌਮਾਂਤਰੀ ਮੀਡੀਆ ਨੇ ਵੀ ਉਸ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਿਆ।ਇਹਨਾਂ ਘਟਨਾਵਾਂ ਦੇ ਸੰਦਰਭ ਵਿੱਚ ਅਜਿਹਾ ਲਗਦਾ ਹੈ ਕਿ ਕਨ੍ਹੱਈਆ ਨੂੰ ਲੈ ਕੇ ਦੇਸ਼ ਵਿਚਾਰਧਾਰਕ ਪੱਖੋਂ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੋਵੇ।ਬੌਧਿਕ ਸੈਮੀਨਾਰਾੰ ਅਤੇ ਅਤੇ ਵੱਖ ਵੱਖ ਵਿਚਾਰ ਮੰਚਾੰ ਵਲੋਂ ਕੀਤੇ ਜਾਂਦੇ ਸਮਾਗਮਾਂ ਵਿੱਚ ਹਾਜਰੀ ਭਰਨ ਵਾਲੇ ਜਾਣਦੇ ਹਨ ਕਿ ਉਸ ਦੇ ਭਾਸ਼ਣ ਵਿੱਚ ਕੋਈ ਨਵੀੰ ਅਤੇ ਮੌਲਿਕ ਗੱਲ ਨਹੀਂ ਸੀ। ਦੇਸ਼ ਵਿਰੋਧੀ ਤਾਂ ਕਦਾਚਿਤ ਵੀ ਨਹੀਂ।ਫੇਰ ਵੀ ਫਿਰਕੂ ਮੀਡੀਆ ਨੇ ਕੋਈ ਕਸਰ ਨਹੀਂ ਛੱਡੀ, ਉਹਨੂੰ ਦੇਸ਼ ਧਰੋਹੀ ਹੋਣ ਦਾ ਫਤਵਾ ਦੇਣ ਲੱਗਿਆਂ ਜ਼ਿਕਰਯੋਗ ਹੈ ਸੰਘਰਸਾਂ ਵਿੱਚ ਤਪੇ ਖੱਬੇ ਪੱਖੀ ਵਿਦਿਆਰਥੀ ਨੇਤਾ ਪੂਰੀ ਪਰਤੀਬੱਧਤਾ ਨਾਲ ਬੋਲਣ ਵਾਲੇ ਅਕਸਰ ਹੀ ਚੰਗੇ ਬੁਲਾਰੇ ਹੁੰਦੇ ਹਨ।ਕਈ ਤੱਥਆਤਨਿਕ ਭੁੱਲਾਂ ਦੇ ਬਾਵਯੂਦ ਬਿਨਾਂ ਕਿਸੇ ਸ਼ੱਕ ਇਸ ਨੂੰ ਇੱਕ ਇਤਿਹਾਸਕ ਭਾਸ਼ਣ ਤਾਂ ਕਿਹਾ ਹੀ ਜਾ ਸਕਦਾ ਹੈ।

ਸੋਚਣ ਵਾਲੀ ਗੱਲ ਹੈ ਕਿ ਜੇਹਲ ਅਤੇ ਘੋਰ ਜਿਸਮਾਨੀ ਅਤੇ ਮਾਨਸਿਕ ਜਬਰ ਦੇ ਬਾਅਦ ਉਸ ਦੇ ਭਾਸ਼ਣ ਵਿੱਚ ਭੋਰਾ ਭਰ ਡਰ ਨਹੀਂ ਸੀ,ਅੱਪ ਸ਼ਬਦ ਨਹੀਂ ਸੀ,ਪਰਤੀ ਹਿੰਸਾ ਨਹੀਂ ਸੀ,ਕੋਈ ਹਲਕੀ ਫੁਲਕੀ ਟਿੱਪਣੀ ਨਹੀਂ ਸੀ।ਜੇ ਉਸ ਦੇ ਭਾਸ਼ਣ ਵਿੱਚ ਅਜਿਹਾ ਹੁੰਦਾ ਤਾਂ ਪੂਰਾ ਵਿਦਿਆਰਥੀ ਅੰਦੋਲਨ ਕੰਮਜੋਰ  ਪੈ ਜਾਣਾ ਸੀ।ਉਹ ਜੇਹਲ ਤੋਂ ਰਿਹਾਅ ਹੋਣ ਉਪਰੰਤ ਕੁਝ ਘੰਟਿਆਂ ਦੇ ਵਕਫੇ ਪਿੱਛੋਂ ਵਿਦਿਆਰਥੀਆਂ ਦੇ ਸਾਹਮਣੇ ਖੜਾ ਸੀ,ਬਿਨਾਂ ਕਾਗਜ਼ ਪੈੱਨ। ਉਹ ਉਸ ਮੀਡੀਆ ਅਤੇ ਜਨਤਾ ਦੇ ਰੂਬਰੂ ਵੀ ਸੀ ਜਿਸ ਦਾ ਵੱਡਾ ਹਿੱਸਾ ਉਸ ਨੂੰ ਖਤਮ ਕਰਨ ਲਈ ਆਮਾਦਾ ਸੀ।

ਏਹੀ ਕਾਰਨ ਹੈ ਕਿ ਉਹ ਦੇਸ਼ਕਾਲ ਮਹੱਤਵ ਪੂਰਨ ਬਣ ਗਿਆ।ਗੁਰਬਤ ਵਿੱਚੋਂ ਉੱਠੇ ਬੱਚੇ ਨੂੰ ਇਤਿਹਾਸ ਨੇ ਇੱਕ ਜ਼ੁੰਮੇਵਾਰੀ ਦਿੱਤੀ ਜਿਸਨੂੰ ਉਸ ਨੇ ਬਾ-ਖੂਬੀ ਨਿਭਾਇਆ।ਇਸ ਮੌਕੇ ਅਸਲ ਰਾਸ਼ਟਰ ਵਾਦ ਪਰਤੀ ਜਿਸ ਪਰਤੀਬੱਧਤਾ ਨਾਲ ਉਸ ਨੇ ਦੱਖਣਪੰਥੀ ਰਾਜਨੀਤੀ ਉੱਤੇ ਵਿਚਾਰਧਾਰਕ ਹਮਲਾ ਕੀਤਾ ਅਤੇ ਅੰਬੇਦਕਰਵਾਦੀ ਤੇ ਖੱਬੇ ਪੱਖੀ ਵਿਦਿਆਰਥੀ ਰਾਜਨੀਤੀ ਨੂੰ ਜੇਲ ਵਿੱਚ ਮਿਲੀ "ਲਾਲ ਨੀਲੀ ਕਟੋਰੀ" ਦੇ ਪਰਤੀਕ ਰਾਹੀਂ ਇਕ ਮੰਚ ਉੱਤੇ ਆਉਣ ਦਾ ਹੋਕਾ ਦਿੱਤਾ ਉਹ ਉਸ ਲੜਾਈ ਵਲ ਇਸ਼ਾਰਾ ਕਰਦਾ ਹੈ,ਜਿਸ ਤੋਂ ਬਗੈਰ ਭਾਰਤ ਅੰਦਰ ਫਾਸ਼ੀਵਾਦ ਖਿਲਾਫ ਲੜਾਈ ਨਹੀਂ ਲੜੀ ਜਾ ਸਕਦੀ। ਦੇਸ਼ ਦੇ ਤਮਾਮ ਲੋਕ ਜਿਹੜੇ ਵੱਖੋ ਵੱਖ ਤਰੀਕਿਆਂ ਨਾਲ ਉਸ ਦੀ ਲੜਾਈ ਲੜ ਰਹੇ ਹਨ ਉਹ ਸਭ ਇਸ ਲੜਾਈ ਦੇ ਸਾਂਝੇ ਯੋਧੇ ਅਤੇ ਦੇਸ਼ ਭਗਤ ਹਨ।

ਸੰਘਰਸ਼ ਦਾ ਇਹ ਵਰਤਾਰਾ ਪਹਿਲਾਂ ਹੀ ਅਰੰਭ ਹੋ ਚੁੱਕਾ ਹੈ।ਦੇਸ਼ ਅੰਦਰ ਵਿਦਿਆਰਥੀ ਅੰਦੋਲਨਾਂ ਦੀਆਂ ਕੜੀਆਂ ਇੱਕ ਦੂਜੇ ਨਾਲ ਜੁੜਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ।ਇਹਨਾਂ ਅੰਦੋਲਨਾਂ ਦੀ ਸ਼ੁਰੂਆਤ ਐਫ ਟੀ ਆਈ ਆਈ ਦੇ ਅੰਦੋਲਨ ਤੋਂ ਹੋਈ, ਜਦੋਂ ਇੱਕ ਔਸਤ ਤੋਂ ਵੀ ਹੇਠਲੇ ਦਰਜੇ ਦੇ ਕਲਾਕਾਰ ਗਜੇੰਦਰ ਚੌਹਾਨ ਨੂੰ ਕੇਵਲ ਇਸ ਲਈ ਇਸ ਨਾਮਵਾਰ ਸੰਸਥਾ ਦਾ ਮੁਖੀ ਬਣਾ ਦਿੱਤਾ ਕਿਉਂਕਿ ਉਸ ਦੀਆਂ ਨਜ਼ਦੀਕੀਆਂ ਸਤਾ ਧਾਰੀਆਂ ਦੇ ਨਾਲ ਹਨ।ਇਸ ਅੰਦੋਲਨ ਦਾ ਜੇ ਐਨ ਯੂ ਨੇ ਹੀ ਨਹੀਂ ਬਲਕਿ ਦੇਸ਼ ਦੀਆਂ ਅਨੇਕ ਯੂਨੀਵਰਸਟੀਆਂ,ਸਿੱਖਿਆ ਸੰਸਥਾਵਾਂ,ਬੌਧਿਕ ਹਲਕਿਆਂ ਅਤੇ ਗੰਭੀਰ ਫਿਲਮ ਜਗਤ ਨੇ ਪੂਰਾ ਸਮਰਥਨ ਕੀਤਾ।

ਇਸ ਉਪਰੰਤ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਕੇਂਦਰੀ ਯੂਨੀਵਰਸਟੀਆਂ ਨੂੰ ਮਿਲਣ ਵਾਲੀ ਖੋਜ ਫੈਲੋਸ਼ਿੱਪ ਬੰਦ ਕੀਤੇ ਜਾਣ ਦੇ ਖਿਲਾਫ ਇੱਕ ਇਤਿਹਾਸਕ ਅੰਦੋਲਨ ਹੋਇਆ ਜਿਸ ਦੌਰਾਨ ਯੂ ਜੀ ਸੀ (ਯੂਨੀਵਰਸਟੀ ਗਰਾਂਟ ਕਮਿਸ਼ਨ) ਦੇ ਮੁੱਖ ਦਫਤਰ ਅੱਗੇ ਲਗਾਤਾਰ 88 ਦਿਨ ਤੱਕ ਧਰਨਾ ਦਿੱਤਾ।ਇਸ ਧਰਨੇ ਵਿੱਚ ਜੇ ਐਨ ਯੂ ਤੋਂ ਇਲਾਵਾ ਦਿੱਲੀ ਯੂਨੀਵਰਸਟੀ,ਮਹਾਤਮਾ ਗਾਂਧੀ ਅੰਤਰ ਰਾਸ਼ਟਰੀ ਹਿੰਦੀ ਯੂਨੀਵਰਸਟੀ,ਸਮੇਤ ਦੇਸ਼ ਦੇ ਕੋਨੇ ਕੋਨੇ ਤੋਂ ਲੋਕ ਪੱਖੀ ਤਾਕਤਾਂ ਨੇ ਹਿੱਸਾ ਲਿਆ।ਦਬਾਅ ਅੱਗੇ ਝੁਕਦਿਆਂ ਸਰਕਾਰ ਨੂੰ ਫੈਲੋਸ਼ਿੱਪ ਤਾਂ ਦੇਣੀ ਪਈ ਪਰ ਉਸ ਨੇ ਇਸ ਨੂੰ ਵਧਾਉਣ ਤੋਂ ਇਨਕਾਰ ਕਰ ਦਿੱਤਾ।ਸੰਘਰਸ਼ ਫੇਰ ਵੀ ਜਾਰੀ ਹੈ।ਇਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਹੈਦਰਾਵਾਦ ਯੂਨੀਵਰਸਟੀ ਦੇ ਅੰਬੇਦਕਰ ਵਾਦੀ ਵਿਦਿਆਰਥੀ ਸੰਗਠਨ ਦੇ ਕਾਰਜਕਰਤਾ ਰੋਹਿਲ ਬੇਮੁੱਲਾ ਦੀ ਕਹਾਣੀ,ਜਿਸ ਨੂੰ ਹੋਸਟਲ ਛੱਡਣ ਵਾਸਤੇ ਕੇਂਦਰੀ ਮੰਤਰੀਆਂ ਦੇ ਦਬਾਅ ਹੇਠ ਆ ਕੇ ਖੁਦ ਕਸ਼ੀ ਕਰਨ ਲਈ ਮਜਬੂਰ ਹੋਣਾ ਪਿਆ। ਜਿੱਥੇ ਹੋਰ ਸਾਰੇ ਇੰਨਸਾਫ ਪਸੰਦ ਲੋਕ ਬੇਮੁਲਾ ਨਾਲ ਖੜੇ ਹਨ ਉੱਥੇ ਜੇ ਐਨ ਯੂ ਉਸ ਨੂੰ ਇਨਸਾਫ ਦਿਵਾਉਣ ਦੇ ਮਾਮਲੇ ਵਿੱਚ ਉਹਦੇ ਨਾਲ ਖੜੀ ਦਿਖਾਈ ਦੇ ਰਹੀ ਹੈ।

ਇਹੀ ਹੈ ਕਨ੍ਹੱਈਆ ਦਾ ਕਰਿਸ਼ਮਾ!ਇਲਾਹਾਬਾਦ ਯੂਨੀਵਰਸਟੀ ਅਜਿਹੀ ਹੈ ਜਿਸ ਨੇ ਦੇਸ਼ ਨੂੰ ਵੱਡੇ ਨੇਤਾ ਦਿੱਤੇ ਹਨ।ਜਦੋਂ ਇਥੋਂ ਦੇ ਵਿਦਿਆਰਥੀਆਂ ਨੇ ਆਪਣੀ ਪਰਧਾਨ ਰਿਚਾ ਸਿੰਹੁ ਦੀ ਅਗਵਾਈ ਹੇਠ ਸਿਰੇ ਦੇ ਤੁਅਸਵੀ 'ਨੇਤਾ' ਸੰਸਦ ਅਦਿੱਤਿਆ ਨਾਥ ਨੂੰ ਕੈਂਪਸ ਅੰਦਰ ਦਾਖਲ ਹੋਣ ਤੋਂ ਰੋਕਿਆ ਤਾਂ ਉਸ ਸਮੇੰ ਤੋਂ ਉਸ ਦੇ ਖਿਲਾਫ ਗੰਦ ਬਕਿਆ ਜਾ ਰਿਹਾ ਹੈ,ਅਤੇ ਤਰ੍ਹਾਂ ਤਰ੍ਹਾਂ ਦੇ ਕੁਚੱਕਰ ਚਲਾਏ ਜਾ ਰਹੇ ਹਨ ।ਇਹ ਪਹਿਲੀ ਵਾਰ ਹੋਇਆ ਹੈ ਕਿ ਵਿੱਦਿਅਕ ਅਦਾਰਿਆਂ ਅੰਦਰ ਅਖੌਤੀ ਧਰਮ ਨਿਰਪੱਖ ਸੰਵਿਧਾਨ ਨੂੰ ਤਾਕ ਤੇ ਰੱਖ ਕੇ ਹਿੰਦੂਤਵ ਵਾਦੀ ਤਾਕਤਾਂ ਦਾ ਏਜੰਡਾ ਸਤਾ ਦੇ ਬੁੱਤੇ ਸਿਲੇਬਸਾੰ ਵਿੱਚ ਘਸੋੜਆ ਜਾ ਰਿਹਾ ਹੈ।ਇੱਕ ਪਾਸੇ ਕੁੜੀਆਂ ਨੂੰ ਜੀਨਾਂ ਨਾ ਪਾਉਣ ਦੇ ਫਤਵੇ ਦਿੱਤੇ ਜਾ ਰਹੇ ਹਨ ਜਦੋਂ ਕਿ ਦੂਜੇ ਪਾਸੇ ਨਾਂਗੇ ਸਾਧਾੰ ਨੂੰ ਸੰਸਕਰਿਤੀ ਦੇ ਰਾਖੇ ਦੱਸਿਆ ਜਾ ਰਿਹਾ ਹੈ।ਜੇ ਐਨ ਯੂ ਅੰਦਰ ਹੋਈ ਇੱਕ ਘਟਨਾ ਦੇ ਬਾਅਦ ਜਿਸ ਤਰ੍ਹਾਂ 3 ਵਿਦਿਆਰਥੀਆਂ ਨੂੰ ਰਾਜ ਧਰੋਹ ਦੇ ਦੋਸ਼ਾੰ ਤਹਿਤ ਗਰਿਫਤਾਰ ਕੀਤਾ ਗਿਆ ਉਸ ਨੇ ਅੰਗਰੇਜ਼ਾਂ ਦੇ ਰੌਲਟ ਐਕਟ ਦੀ ਯਾਦ ਦੇਸ਼ ਵਾਸੀਆਂ ਨੂੰ ਫੇਰ ਤਾਜ਼ਾ ਕਰਵਾ ਦਿੱਤੀ ਹੈ।ਵਿਦਿਆਰਥੀ ਜਥੇਬੰਦੀ ਦਾ ਆਗੂ ਹੋਣ ਦੇ ਨਾਤੇ ਕਨ੍ਹੱਈਆ ਦੇ ਭਾਸ਼ਣ ਨੂੰ ਇਹਨਾਂ ਪਰਸਥਿਤੀਆਂਵਿੱਚ ਹੀ ਦੇਖਣਾ ਚਾਹੀਦਾ ਹੈ।

ਅਫਸੋਸ ਦੀ ਗੱਲ ਹੈ ਕਿ ਭਾਰਤੀ ਲੋਕਾਂ ਦੀ ਮਾਨਸਿਕਤਾ ਅਜਿਹੀ ਬਣ ਗਈ ਹੈ ਕਿ ਉਹ ਹਰ ਪੈਰ ਤੇ ਕਿਸੇ 'ਹੀਰੋ' ਦੀ ਤਲਾਸ਼ ਵਿੱਚ ਰਹਿੰਦੇ ਹਨ ।ਇਸੇ ਮਾਨਸਿਕਤਾ ਦੇ ਕਾਰਨ 'ਪਾਗਲ' ਹੋਏ ਇਹ ਲੋਕ ਕੇਜਰੀਵਾਲ ਤੋਂ ਕਨੱਈਆ ਤੱਕ ਦੇ ਮੋਢਿਆਂ ਉਤੇ ਆਪਣੀਆਂ ਆਸਾਂ ਉਮੀਦਾਂ ਦਾ ਪਹਾੜ ਲੱਦਣ ਲਈ ਬੇ-ਕਰਾਰ ਹਨ।ਉਹਨਾਂ ਨੂੰ ਅਜਿਹਾ "ਯਾਦੂਗਰ ਆਗੂ" ਚਾਹੀਦਾ ਹੈ ਜੋ ਮਹਿਜ 5 ਸਾਲ ਅੰਦਰ ਉਹਨਾਂ ਦੀ ਤਕਦੀਰ ਬਦਲ ਦੇਵੇ ਲੇਕਿਨ ਉਹਨਾਂ ਨੂੰ ਕੇਵਲ ਵੋਟ ਪਾਉਣ ਦੀ ਹੀ ਜਹਿਮਤ ਉਠਾਉਣੀ ਪਵੇ।ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇੱਕ ਕੰਮਜ਼ੋਰ ਅਤੇ ਆਤਮ ਵਿਸ਼ਵਾਸ਼ ਤੋਂ ਹੀਣਾ ਸਮਾਜ ਜਾ ਦੇਸ਼ ਹੀ ਕਿਸੇ ਹੀਰੋ ਜਾ ਮਸੀਹਾ ਦੀ ਭਾਲ ਕਰਦਾ ਹੈ।

ਜੇਕਰ ਦੁਨੀਆਂ ਦੇ ਇਤਿਹਾਸ ਉੱਤੇ ਪੰਛੀ ਝਾਤ ਮਾਰੀਏ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਸਮਾਜਿਕ ਵਿਵਸਥਾ ਨੂੰ ਲੋਕ ਬਦਲਦੇ ਹਨ ,ਨੇਤਾ ਨਹੀਂ।ਅੰਦੋਲਨ,ਆਗੂ ਪੈਦਾ ਕਰਦੇ ਹਨ ,ਆਗੂ, ਅੰਦੋਲਨ ਪੈਦਾ ਨਹੀਂ ਕਰਦੇ। ਅੰਦੋਲਨ ਨੂੰ ਵਿਅਕਤੀ ਮੁਖੀ ਬਣਾ ਦੇਣ ਦੀ ਪਰਵਿਰਤੀ ਸਤਾਧਾਰੀਆਂ,ਉਹਨਾਂ ਦੇ ਸਮਰਥਕਾਂ ਅਤੇ ਸਤਾ ਦੇ ਚਾਹਵਾਨਾਂ ਵਾਸਤੇ ਤਾਂ ਫਾਇਦੇ ਮੰਦ ਹੋ ਸਕਦੀ ਹੈ, ਲੇਕਿਨ ਬਜ਼ਾਰੀਕਰਨ ਦੇ ਖਿਲਾਫ ਜੋ ਇੱਕ ਦੇਸ਼ ਵਿਆਪੀ ਅੰਦੋਲਨ ਉਸਲਵੱਟੇ ਲੈ ਰਿਹਾ ਹੈ ਉਸ ਦੀ ਚਾਹਤ ਰੱਖਣ ਵਾਲਿਆਂ ਲਈ ਹੀਰੋ ਪੂਜਾ ਘਾਤਕ ਹੋਵੇਗੀ।

ਸੰਪਰਕ: +91 98722 38981

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ