Wed, 21 October 2020
Your Visitor Number :-   2746875
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਦੇਸ਼ ਅੰਦਰ ਗੰਭੀਰ ਹੋ ਰਿਹਾ ਹੈ ਪਾਣੀ ਦਾ ਸੰਕਟ - ਗੁਰਤੇਜ ਸਿੰਘ

Posted on:- 25-04-2016

suhisaver

ਜਲ ਹੀ ਜੀਵਨ ਹੈ ਅਤੇ ਇਸ ਤੋਂ ਬਿਨਾਂ ਜ਼ਿੰਦਗੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ।ਗੁਰੂ ਸਾਹਿਬਾਨਾਂ ਨੇ ਪਾਣੀ ਨੂੰ ਪਿਤਾ ਆਖ ਵਡਿਆਇਆ ਹੈ।ਜਲ ਕੁਦਰਤ ਦਾ ਸਾਨੂੰ ਦਿੱਤਾ ਹੋਇਆ ਅਨਮੋਲ ਸਰਮਾਇਆ ਹੈ।ਪਾਣੀ ਹੀ ਬਨਸਪਤੀ ਅਤੇ ਜੀਵਾਂ ਦਾ ਆਧਾਰਸ਼ਿਲਾ ਹੈ ਤੇ ਇਸਦੀ ਗੈਰਮੌਜੂਦਗੀ ਜੀਵਾਂ ਲਈ ਸੰਕਟ ਹੋ ਨਿੱਬੜਦੀ ਹੈ।ਪਾਣੀ ਦੀ ਉਪਲੱਬਧਤਾ 78 ਫੀਸਦੀ ਜਲ ਸਮੁੰਦਰਾਂ ‘ਚ ਹੈ ਤੇ ਜ਼ਮੀਨਦੋਜ ਪਾਣੀ 2 ਫੀਸਦੀ ਹੈ ਜੋ ਆਧੁਨਿਕ ਵਿਧੀਆਂ ਨਾਲ ਜ਼ਮੀਨ ‘ਚੋ ਪ੍ਰਾਪਤ ਕੀਤਾ ਜਾਂਦਾ ਹੈ।ਬਦਲਦੇ ਮੌਸਮ ਮਿਜ਼ਾਜ ਅਤੇ ਅਬਾਦੀ ਦੇ ਬੋਝ ਨੇ ਇਸ ਜ਼ਮੀਨੀ ਪਾਣੀ ਨੂੰ ਢਾਹ ਲਗਾਈ ਹੈ।ਉਦਯੋਗਾਂ,ਖੇਤੀਬਾੜੀ ਅਤੇ ਘਰੇਲੂ ਲੋੜਾਂ ਲਈ ਪਾਣੀ ਦੀ ਅੰਨੇਵਾਹ ਵਰਤੋਂ ਨੇ ਦੁਨੀਆਂ ਲਈ ਪਾਣੀ ਦੀ ਥੁੜ ਦਾ ਸੰਕਟ ਪੈਦਾ ਕੀਤਾ ਹੈ।

ਵੱਧਦੇ ਪ੍ਰਦੂਸਣ ਅਤੇ ਕੀਟਨਾਸ਼ਕਾਂ ਨੇ ਪਾਣੀ ਨੂੰ ਸਾਫ ਰਹਿਣ ਦੀ ਚੁਣੌਤੀ ਦਿੱਤੀ ਹੈ ਤੇ ਜਿਸ ਅੱਗੇ ਪਾਣੀ ਗੋਡੇ ਟੇਕਦਾ ਮਹਿਸੂਸ ਹੁੰਦਾ ਹੈ।ਇਸ ਲਈ ਲੋਕਾਈ ਪੀਣ ਵਾਲੇ ਸਾਫ ਪਾਣੀ ਤੋਂ ਵੀ ਵੰਚਿਤ ਹੋ ਰਹੀ ਹੈ ਅਤੇ ਭਾਰੀਆਂ ਧਾਤਾਂ ਮਿਸ਼ਰਣ ਵਾਲਾ ਪਾਣੀ ਪੀਕੇ ਮੌਤ ਨੂੰ ਸੱਦਾ ਦੇ ਰਹੀ ਹੈ।ਜ਼ਮੀਨੀ ਪਾਣੀ ਦਾ ਡਿੱਗਦਾ ਪੱਧਰ ਅਤੇ ਜਲ ਸੋਮਿਆਂ ‘ਚੋਂ ਪਾਣੀ ਦੀ ਘਟ ਰਹੀ ਮਿਕਦਾਰ ਨੇ ਦੇਸ਼ ਵਿੱਚ ਸੋਕੇ ਦਾ ਸੰਕਟ ਪੈਦਾ ਕੀਤਾ ਹੈ।ਪਿਛਲੇ ਕੁਝ ਸਮੇ ਦੌਰਾਨ ਦੇਸ਼ ਦੇ ਜਲ ਸੋਮਿਆਂ ਵਿੱਚ 23 ਫੀਸਦੀ ਪਾਣੀ ਦੀ ਗਿਰਾਵਟ ਪਾਈ ਗਈ ਹੈ ਜੋ ਆਉਣ ਵਾਲੇ ਸਮੇ ਲਈ ਚੰਗੇ ਸੰਕੇਤ ਨਹੀਂ ਹਨ।

ਮੌਜੂਦਾ ਸਮੇ ਅੰਦਰ ਦੇਸ ਦੀ ਇੱਕ ਚੌਥਾਈ ਅਬਾਦੀ ਭਾਵ 33 ਕਰੋੜ ਲੋਕ ਸੋਕੇ ਦੀ ਮਾਰ ਹੇਠਾਂ ਹਨ।ਦੇਸ ਦੇ 256 ਜਿਲ੍ਹੇ ਸੋਕੇ ਤੋਂ ਬੁਰੀ ਤਰਾਂ ਪੀੜਿਤ ਹਨ।ਮਾਨਸੂਨ ਦੀ ਅਨਿਯਮਤਾ ਅਤੇ ਵੱਧ ਰਹੀ ਤਪਸ਼ ਨੇ ਸੋਕੇ ਦੀ ਸਥਿਤੀ ਹੋਰ ਵੀ ਗੰਭੀਰ ਕਰ ਦਿੱਤੀ ਹੈ।ਦੇਸ਼ ਦੇ 12 ਸੂਬੇ ਸੋਕੇ ਨਾਲ ਜੂਝਣ ਲਈ ਮਜਬੂਰ ਹਨ ਜਿਨ੍ਹਾਂ ਵਿੱਚ ਉੱਤਰ ਪ੍ਰਦੇਸ਼, ਉੜੀਸਾ, ਆਂਧਰਾ ਪ੍ਰਦੇਸ਼, ਹਰਿਆਣਾ, ਕਰਨਾਟਕ, ਗੁਜਰਾਤ, ਛੱਤੀਸਗੜ, ਝਾਰਖੰਡ, ਤੇਲੰਗਾਨਾ, ਮੱਧ ਪ੍ਰਦੇਸ਼, ਮਹਾਰਾਸਟਰ ਅਤੇ ਰਾਜਸਥਾਨ।ਦੇਸ ਦੇ ਮਹਾਰਾਸਟਰ ਸੂਬੇ ਵਿੱਚ ਮਰਾਠਵਾੜਾ ਬੁਰੀ ਤਰਾਂ ਪ੍ਰਭਾਵਿਤ ਹੈ ਅਤੇ ਲੋਕ ਬੂੰਦ ਬੂੰਦ ਪਾਣੀ ਲਈ ਤਰਸ ਰਹੇ ਹਨ।ਪਾਣੀ ਦੀ ਰਾਖੀ ਕਰਦੇ ਲੋਕਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਚ ਨਸ਼ਰ ਹੋਈਆਂ ਹਨ।ਉਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਅਗਰ ਪਹਿਲਾਂ ਮੌਕਾ ਸੰਭਾਲਿਆ ਹੁੰਦਾ ਤਾਂ ਸ਼ਾਇਦ ਇਹ ਨੌਬਤ ਨਾ ਹੀ ਆਉਦੀ।

ਦੇਸ਼ ‘ਚ ਇੱਕ ਪਾਸੇ ਸੋਕੇ ਅਤੇ ਪਾਣੀ ਦੀ ਘਾਟ ਨੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ ਦੂਜੇ ਪਾਸੇ ਆਈ ਪੀ ਐੱਲ (ਇੰਡੀਅਨ ਪ੍ਰੀਮੀਅਰ ਲੀਗ) ਰਾਹੀ ਕ੍ਰਿਕਟ ਦਾ ਜਨੂੰਨ ਲੋਕਾਂ ਦੇ ਸਿਰ ਚੜਕੇ ਬੋਲਦਾ ਹੈ।ਆਈ ਪੀ ਐੱਲ ਦਾ ਭਾਰਤੀ ਅਰਥਵਿਵਸਥਾ ‘ਚ 0.01 ਫੀਸਦੀ ਯੋਗਦਾਨ ਹੈ।ਕ੍ਰਿਕਟ ਪਿੱਚਾਂ ਅਤੇ ਮੈਦਾਨ ਦੀ ਤਿਆਰੀ ਲਈ ਹਜਾਰਾਂ ਲਿਟਰ ਪਾਣੀ ਦੀ ਲੋੜ ਹੁੰਦੀ ਹੈ।ਇਸਦੇ ਚੱਲਦਿਆ ਬੰਬੇ ਹਾਈਕੋਰਟ ਨੇ ਮਹਾਰਾਸਟਰ ‘ਚ ਹੋਣ ਵਾਲੇ ਮੈਚ ਸੂਬੇ ਤੋਂ ਬਾਹਰ ਕਰਾਉਣ ਦਾ ਹੁਕਮ ਸੁਣਾਇਆ ਸੀ ਜੋ ਇੱਕ ਸ਼ਲਾਘਾਯੋਗ ਕਦਮ ਸੀ।ਇਸ ਫੈਸਲੇ ਦੇ ਵਿਰੋਧ ‘ਚ ਇੱਕ ਭਾਰਤੀ ਖਿਡਾਰੀ ਦਾ ਬੇਤੁਕਾ ਬਿਆਨ ਸੀ ਕਿ ਖੇਡ ਨਾਲ ਸੋਕੇ ਦਾ ਕੀ ਸਬੰਧ ਹੈ।ਉਸ ਖਿਡਾਰੀ ਨੂੰ ਇੱਕ ਦਿਨ ਸੋਕਾਗ੍ਰਸਤ ਲੋਕਾਂ ਨਾਲ ਬਿਤਾਉਣਾ ਚਾਹੀਦਾ ਹੈ ਫਿਰ ਆਪਣੇ ਆਪ ਪਤਾ ਚੱਲ ਜਾਵੇਗਾ ਕਿ ਇਨ੍ਹਾਂ ਹਾਲਾਤਾਂ ‘ਚ ਜ਼ਿੰਦਗੀ ਮਹੱਤਵਪੂਰਨ ਹੈ ਜਾਂ ਖੇਡ।ਦੇਸ਼ ਅਤੇ ਲੋਕਾਂ ਦੀ ਬਦਕਿਸਮਤੀ ਇੱਥੇ ਹੀ ਖਤਮ ਨਹੀਂ ਹੁੰਦੀ ਸਾਡੇ ਚੁਣੇ ਹੋਏ ਨੇਤਾ ਵੀ ਸੋਕਾ ਪ੍ਰਭਾਵਿਤ ਲੋਕਾਂ ਨਾਲ ਮਜਾਕ ਕਰਦੇ ਦਿਸਦੇ ਹਨ।ਪਿਛਲੇ ਦਿਨੀਂ ਇੱਕ ਸੋਕਾਗਸਤ ਰਾਜ ਦਾ ਮੰਤਰੀ ਆਪਣੇ ਸੋਕਾ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਗਿਆ ਤਾਂ ਉਸਦੇ ਹੈਲੀਕਾਪਟਰ ਦੇ ਉਤਾਰੇ ਲਈ ਆਰਜੀ ਪ੍ਰਬੰਧ ਲਈ ਹਜ਼ਾਰਾਂ ਲਿਟਰ ਪਾਣੀ ਮੰਗਵਾ ਕੇ ਸ਼ਰੇਆਮ ਬਰਬਾਦ ਕੀਤਾ ਗਿਆ।ਜਿਸ ਤੋਂ ਸਾਫ ਜਾਹਿਰ ਹੈ ਕਿ ਇਹ ਲੋਕ ਜਨਤਾ ਲਈ ਕਿੰਨੇ ਕੁ ਸੰਵੇਦਨਸ਼ੀਲ ਹਨ।

ਸਾਡੇ ਦੇਸ਼ ਅੰਦਰ ਜਲ ਭੰਡਾਰਾਂ ਦੀ ਤਾਂ ਕਮੀ ਨਹੀਂ ਹੈ ਪਰ ਸਹੀ ਵਰਤੋ ਅਤੇ ਸਾਂਭ ਸੰਭਾਲ ਨਾ ਹੋਣ ਕਰਕੇ ਅੱਜ ਦੇਸ਼ ਪਾਣੀ ਦੀ ਥੁੜ ਨਾਲ ਜੂਝ ਰਿਹਾ ਹੈ।ਦੇਸ਼ ਦੀਆਂ ਜ਼ਿਆਦਾਤਰ ਨਦੀਆਂ ਦਾ ਜਲ ਸਰੋਤ ਹਿਮਾਲਿਆ ਦੇ ਗਲੇਸ਼ੀਅਰ ਹਨ ਜਿਨ੍ਹਾਂ ਤੋਂ ਸਾਰਾ ਸਾਲ ਪਾਣੀ ਮਿਲਦਾ ਹੈ।ਇਸ ਤੋਂ ਬਿਨਾਂ ਜ਼ਮੀਨੀ ਪਾਣੀ ਵੀ ਵਰਤੋਂ ‘ਚ ਲਿਆਦਾ ਜਾਂਦਾ ਹੈ।ਅਜ਼ਾਦੀ ਤੋਂ ਬਾਅਦ ਦੇਸ਼ ਵਿੱਚ ਟਿਊਬਵੈੱਲਾਂ ਦੀ ਗਿਣਤੀ ਬਹੁਤ ਤੇਜੀ ਨਾਲ ਵਧੀ ਜਿਸ ਕਾਰਨ ਖੇਤੀ,ਉਦਯੋਗਾਂ ਅਤੇ ਘਰੇਲੂ ਲੋੜਾਂ ਲਈ ਪਾਣੀ ਦੀ ਵਰਤੋਂ ਬਹੁਤ ਜ਼ਿਆਦਾ ਹੋਣ ਲੱਗੀ।ਅੱਜ ਇਸਦੇ ਫਲਸਰੂਪ ਜ਼ਮੀਨੀ ਪਾਣੀ ਦਾ ਪੱਧਰ ਲਾਗਾਤਾਰ ਡਿੱਗਦਾ ਜਾ ਰਿਹਾ ਹੈ ਜਾਂ ਇੰਝ ਕਹਿ ਲਉ ਪਾਣੀ ਸਾਡੇ ਤੋਂ ਦੂਰ ਜਾ ਰਿਹਾ ਹੈ।

ਭਾਰਤ ਵਿੱਚ ਖੇਤੀ ਜੋ ਮੀਂਹ ‘ਤੇ ਨਿਰਭਰ ਸੀ ਉਹ ਟਿਊਬਵੈੱਲਾਂ ਦੀ ਉੱਪਲਬਧਤਾ ਦੇ ਕਾਰਨ ਜ਼ਮੀਨੀ ਪਾਣੀ ‘ਤੇ ਨਿਰਭਰ ਹੋ ਗਈ।ਬਿਨਾਂ ਸ਼ੱਕ ਇਸ ਤਰਾਂ ਫਸਲਾਂ ਦੀ ਪੈਦਾਵਰ ਜਰੂਰ ਵਧੀ ਅਤੇ ਕਰੋੜਾਂ ਲੋਕਾਂ ਦੀ ਭੁੱਖ ਵੀ ਸ਼ਾਂਤ ਹੋਈ ਪਰ ਪਾਣੀ ਦੀ ਅੰਨੇਵਾਹ ਵਰਤੋਂ ਨੇ ਇਸਨੂੰ ਹੋਰ ਡੂੰਘਾ ਜਾਣ ਲਈ ਮਜਬੂਰ ਕਰ ਦਿੱਤਾ।ਅਜੋਕੇ ਦੌਰ ਅੰਦਰ ਦੇਸ਼ ਦੀ 60 ਫੀਸਦੀ ਖੇਤੀ ਪਾਣੀ ਦੀ ਵਰਤੋਂ ਅੰਨੇਵਾਹ ਕਰ ਰਹੀ ਹੈ।ਇਸੇ ਤਰਾਂ ਉਦਯੋਗਾਂ ਨੇ ਵੀ ਰੱਜ ਕੇ ਪਾਣੀ ਦੀ ਦੁਰਵਰਤੋਂ ਕੀਤੀ ਹੈ।

ਪੰਜਾਬ ਜੋ ਖੇਤੀ ਪ੍ਰਧਾਨ ਸੂਬਾ ਹੈ ਇੱਥੇ ਵੀ ਜ਼ਮੀਨੀ ਪਾਣੀ ਲਗਾਤਾਰ ਨੀਚੇ ਜਾ ਰਿਹਾ ਹੈ।ਝੋਨੇ ਦੀ ਫਸਲ ਨੇ ਪਾਣੀ ਨੂੰ ਖਤਮ ਕਰਨ ‘ਚ ਕੋਈ ਕਸਰ ਨਹੀਂ ਛੱਡੀ।ਟਿਊਬਵੈੱਲਾਂ ਰਾਹੀ ਇਹ ਫਸਲ ਪਾਲੀ ਜਾਦੀ ਹੈ ਜੋ ਨਰਮੇ ਦੀ ਫਸਲ ਦਾ ਬਦਲ ਹੈ।ਇਸ ਸਮੇ ਸੂਬੇ ‘ਚ 14 ਲੱਖ ਤੋਂ ਜ਼ਿਆਦਾ ਟਿਊਬਵੈੱਲ ਹਨ ਤੇ ਬਿਜਲੀ ਮਹਿਕਮੇ ਕੋਲ 3 ਲੱਖ ਹੋਰ ਟਿਊਬਵੈੱਲ਼ ਕੁਨੈਕਸ਼ਨ ਲੈਣ ਲਈ ਕਿਸਾਨ ਜੱਦੋਜਹਿਦ ਕਰ ਰਹੇ ਹਨ।ਸੰਨ 1997 ਵਿੱਚ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਸ਼ੁਰੂ ਕੀਤੀ ਸੀ ਜਿਸ ਤੋਂ ਬਾਅਦ ਝੋਨੇ ਦੀ ਫਸਲ ਨੇ ਸੂਬੇ ‘ਚ ਆਪਣੇ ਪੈਰ ਜਮਾਏ ਅਤੇ ਨਰਮੇ ਨੂੰ ਵਿਦਾਇਗੀ ਦਿੱਤੀ।ਇੱਕ ਅੰਦਾਜੇ ਮੁਤਾਬਕ ਪੰਜਾਬ ਵਿੱਚ ਇੱਕ ਕਿਲੋਗ੍ਰਾਮ ਚਾਵਲ ਪੈਦਾ ਕਰਨ ਲਈ 5400 ਲਿਟਰ ਪਾਣੀ ਵਰਤਿਆ ਜਾਂਦਾ ਹੈ ਅਤੇ ਪੱਛਮੀ ਬੰਗਾਲ ਵਿੱਚ 2400 ਲਿਟਰ ਪਾਣੀ ਇੱਕ ਕਿਲੋਗ੍ਰਾਮ ਚਾਵਲ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ।ਅਮਰੀਕਾ ਦੀ ਪੁਲਾੜ ਸੰਸਥਾ ਨਾਸਾ ਨੇ ਸੂਬੇ ਦੇ 145 ਬਲਾਕਾਂ ਨੂੰ ਡਾਰਕ ਜੋਨ ਐਲਾਨਿਆ ਹੈ ਜਿੱਥੇ ਜ਼ਮੀਨੀ ਪਾਣੀ ‘ਚ ਗਿਰਾਵਟ ਸਭ ਤੋਂ ਜ਼ਿਆਦਾ ਹੈ।ਨਾਸਾ ਨੇ ਇਹ ਚਿਤਾਵਨੀ ਵੀ ਦਿੱਤੀ ਹੈ ਕਿ ਅਗਰ ਇਹੀ ਹਾਲਾਤ ਰਹੇ ਤਾਂ ਇੱਥੇ ਮਾਰੂਥਲ ਬਣਨ ਦੀ ਸੰਭਾਵਨਾ ਹੈ।ਸੂਬੇ ਦੇ ਦੱਖਣੀ ਪੱਛਮੀ ਇਲਾਕੇ ਸਾਫ ਪੀਣ ਵਾਲੇ ਪਾਣੀ ਤੋਂ ਵਾਂਝੇ ਹੋ ਰਹੇ ਹਨ।

ਅਮਰੀਕਾ ਦੀ ਮੈਸਾਚੂਸੇਸ ਇੰਸਟੀਚਿਊਟ ਆਫ ਟੈਕਨਲੌਜੀ ਸੰਸਥਾ ਅਨੁਸਾਰ ਸੰਨ 2050 ਤੱਕ ਏਸ਼ੀਆ ਵਿੱਚ ਜਲ ਸੰਕਟ ਹੋਰ ਵੀ ਗੰਭੀਰ ਹੋਣ ਵਾਲਾ ਹੈ।ਇਸ ਵਰਤਾਰੇ ਦੇ ਕਾਰਨ ਵੱਧਦੀ ਅਬਾਦੀ,ਜਲਵਾਯੂ ਪਰਿਵਰਤਨ ਅਤੇ ਪਾਣੀ ਦੀ ਸਹੀ ਸੰਭਾਲ ਨਾ ਹੋਣਾ ਆਦਿ ਹੋਣਗੇ।ਭਾਰਤ ਵਿੱਚ ਸੈਂਟਰਲ ਗਰਾਂਊਡ ਵਾਟਰ ਬੋਰਡ ਅਨੁਸਾਰ ਪਾਣੀ ਦੇ ਪੱਧਰ ‘ਚ ਲਗਾਤਾਰ ਗਿਰਾਵਟ ਕਾਰਨ ਸੰਨ 2050 ਤੱਕ ਪ੍ਰਤੀ ਵਿਅਕਤੀ ਔਸਤਨ ਪਾਣੀ ਉੱਪਲਬਧਤਾ 3120 ਲਿਟਰ ਹੋਵੇਗੀ।ਸੰਨ 1951 ਵਿੱਚ ਪ੍ਰਤੀ ਵਿਅਕਤੀ ਔਸਤਨ ਪਾਣੀ ਉੱਪਲਬਧਤਾ 14180 ਲਿਟਰ ਸੀ ਤੇ ਸੰਨ 2001 ਵਿੱਚ ਘਟ ਕੇ 5120 ਲਿਟਰ ਰਹਿ ਗਈ।ਪਿਛਲੇ ਸੱਤ ਸਾਲਾਂ ਦੌਰਾਨ ਜ਼ਮੀਨੀ ਪਾਣੀ ਤੇ ਉਸਦੀ ਪੂਰਤੀ ਵਿੱਚ 54 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ।

ਭਾਰਤ ਵਿੱਚ ਵਰਖਾ ਦਾ ਲੱਖਾਂ ਲਿਟਰ ਪਾਣੀ ਦੀ ਸੰਭਾਲ ਦਾ ਸਹੀ ਪ੍ਰਬੰਧ ਨਾ ਹੋਣ ਕਰਕੇ ਫਾਲਤੂ ਵਹਿ ਜਾਂਦਾ ਹੈ ਅਤੇ ਜ਼ਮੀਨ ‘ਚ ਵੀ ਨਾ ਜਾਕੇ ਸਮੁੰਦਰਾਂ ਦਾ ਹਿੱਸਾ ਬਣ ਜਾਂਦਾ ਹੈ।ਦੇਸ਼ ਅੰਦਰ ਹਰ ਰੋਜ 40 ਹਜਾਰ ਮਿਲੀਅਨ ਲਿਟਰ ਪਾਣੀ ਸੀਵਰੇਜ ‘ਚ ਜਾਂਦਾ ਹੈ ਉਸ ਵਿੱਚੋਂ ਕੇਵਲ 20 ਫੀਸਦੀ ਪਾਣੀ ਦੀ ਸੁਧਾਈ ਹੁੰਦੀ ਹੈ ਅਤੇ ਬਾਕੀ ਉਸੇ ਤਰਾਂ ਨਦੀਆਂ ਜਾਂ ਹੋਰ ਜਲ ਸਰੋਤਾਂ ‘ਚ ਵਹਾਇਆ ਜਾ ਰਿਹਾ ਹੈ।ਇਸੇ ਕਰਕੇ ਜ਼ਮੀਨੀ ਅਤੇ ਨਦੀਆਂ ਦਾ ਪਾਣੀ ਪ੍ਰਦੂਸ਼ਿਤ ਹੋ ਚੁੱਕਿਆ ਹੈ।ਅਜੋਕੇ ਹਾਲਾਤ ਇਹ ਹਨ ਕਿ ਦੇਸ਼ ਵਿੱਚ 70 ਫੀਸਦੀ ਸਾਫ ਪਾਣੀ ਸੀਵਰੇਜ ਦੀ ਸਹੀ ਵਿਵਸਥਾ ਨਾ ਹੋਣ ਕਰਕੇ ਪ੍ਰਦੂਸ਼ਿਤ ਹੋ ਰਿਹਾ ਹੈ।ਇਸ ਗੰਦੇ ਪਾਣੀ ਨੂੰ ਪੀਣ ਕਾਰਨ ਉਸ ਤੋਂ ਪੈਦਾ ਹੁੰਦੀਆਂ ਬੀਮਾਰੀਆਂ ਕਾਰਨ ਦੇਸ਼ ਦੇ ਕਈ ਲੱਖ ਲੋਕ ਹਰ ਸਾਲ ਮਰ ਜਾਦੇ ਹਨ ਅਤੇ 1.5 ਲੱਖ ਬੱਚੇ ਦਸਤ ਆਦਿ ਰੋਗਾਂ ਕਾਰਨ ਹਰ ਸਾਲ ਮਰਦੇ ਹਨ।

ਉਪਰੋਕਤ ਵਿਸ਼ਲੇਸ਼ਣ ਤੋਂ ਬਾਅਦ ਦੇਸ਼ ਵਿੱਚ ਸੋਕੇ ਅਤੇ ਪਾਣੀ ਦੀ ਘਾਟ ਦੇ ਤੱਥ ਬੁਰੀ ਤਰ੍ਹਾਂ ਉੱਭਰ ਕੇ ਸਾਹਮਣੇ ਆਏ ਹਨ।ਪਾਣੀ ਦੀ ਸਹੀ ਸਾਂਭ ਸੰਭਾਲ ਦੀ ਅਣਹੋਦ, ਅੰਨੇਵਾਹ ਵਰਤੋਂ ਕਾਰਨ ਪਾਣੀ ਦੀ ਥੁੜ੍ਹ ਜਾਂ ਸੋਕਾ ਅਤੇ ਪ੍ਰਦੂਸਣ ਆਦਿ ਮੁੱਖ ਮੁੱਦੇ ਹਨ।ਸੋਕਾ ਪੀੜਿਤ ਰਾਜਾਂ ਵਿੱਚ ਹੜ ਪ੍ਰਭਾਵਿਤ ਨਦੀਆਂ ਦੇ ਜਲ ਨੂੰ ਨਿਯੰਤਰਿਤ ਕਰਕੇ ਪਹੁੰਚਾਉਣ ਦੀ ਸਾਰਥਕ ਕੋਸ਼ਿਸ਼ ਕੀਤੀ ਜਾ ਸਕਦੀ ਹੈ।ਸਭ ਤੋਂ ਵੱਡੀ ਗੱਲ ਲੋਕਾਂ ਨੂੰ ਪਾਣੀ ਦੇ ਸਬੰਧ ‘ਚ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ ਤੇ ਇਸਦੀ ਦੁਰਵਰਤੋਂ ਰੋਕਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਣ।ਵਰਖਾ ਦਾ ਪਾਣੀ ਇਕੱਠਾ ਕਰਕੇ ਖੇਤੀ, ਉਦਯੋਗਾਂ ਅਤੇ ਇਮਾਰਤੀ ਨਿਰਮਾਣ ਕੰਮਾਂ ‘ਚ ਵਰਤਿਆ ਜਾਵੇ।ਜ਼ਮੀਨੀ ਪਾਣੀ ‘ਤੇ ਬੋਝ ਘਟਾਉਣ ਲਈ ਇਹ ਕਾਰਗਰ ਕਦਮ ਹੈ।ਜਲ ਪ੍ਰਦੂਸ਼ਣ ਰੋਕਣ ਲਈ ਪਾਣੀ ‘ਚ ਗੰਦਗੀ ਨਾ ਵਹਾਈ ਜਾਵੇ ਅਤੇ ਆਸਥਾ ਦੇ ਨਾਂਅ ‘ਤੇ ਜਲ ਸੋਮਿਆਂ ਨੂੰ ਪ੍ਰਦੂਸ਼ਿਤ ਨਾ ਕੀਤਾ ਜਾਵੇ।ਜਲ ਨੂੰ ਸੰਭਾਲਣਾ ਅਜੋਕੇ ਸਮੇ ਦੀ ਮੁੱਖ ਲੋੜ ਹੈ।

(ਲੇਖਕ ਮੈਡੀਕਲ ਵਿਦਿਆਰਥੀ ਹਨ)

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ