Tue, 07 April 2020
Your Visitor Number :-   2449630
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਵਾਰਤਾ ਸ਼ਹੀਦ ਭਗਤ ਸਿੰਘ ਦੀ ਤਸਵੀਰ ਦੀ - ਗੁਰਬਚਨ ਭੁੱਲਰ

Posted on:- 23-03-2020

suhisaver

ਭਗਤ ਸਿੰਘ ਦੀ ਇਕ ਬਹੁਤ ਪ੍ਰਚੱਲਿਤ ਤਸਵੀਰ ਜੋ ਅਨੇਕ ਥਾਈਂ, ਰਸਾਲਿਆਂ, ਅਖ਼ਬਾਰਾਂ ਤੇ ਪੁਸਤਕਾਂ ਵਿਚ ਛਪ ਚੁੱਕੀ ਅਤੇ ਲੱਗਭਗ ਹਰ ਕਿਸੇ ਨੇ ਦੇਖੀ ਹੋਈ ਹੈ। ਬਾਂਸ ਦੀ ਚੁਗਾਠ ਵਾਲੀ ਵਾਣ ਦੀ ਢਿੱਲੀ ਜਿਹੀ ਮੰਜੀ ਉੱਤੇ ਭਗਤ ਸਿੰਘ ਬੈਠਾ ਹੈ । ਖੱਬੇ ਹੱਥ ਵਿਚ ਹੱਥਕੜੀ , ਜਿਸ ਦਾ ਲੰਮਾਂ ਸੰਗਲ ਉਹਦੇ ਗੋਡੇ 'ਤੇ ਪੱਟ ਉੱਤੇ ਪਿਆ ਹੋਇਆ ਹੈ । ਉਸ ਦਾ ਸੱਜਾ ਹੱਥ ਇਸ ਸੰਗਲ ਨਾਲ ਬੇਧਿਆਨੇ ਹੀ ਖੇਡ ਰਿਹਾ ਹੈ । ਨੰਗੇ ਸਿਰ ਦੇ ਵਿਚਕਾਰ ਢਿੱਲਾ ਜਿਹਾ ਜੂੜਾ ਅਤੇ ਗਿੱਚੀ ਉੱਤੇ ਵਾਲ ਖਿੰਡੇ ਹੋਏ ਹਨ।

ਲੂਈ ਦਾੜ੍ਹੀ ਅਤੇ ਫੁੱਟਦੀ ਮੁੱਛ , ਜਿੰਨੀ 19-20 ਸਾਲ ਦੇ ਗੱਭਰੂ ਦੇ ਹੁੰਦੀ ਹੈ । ਲੱਤਾਂ ਅਤੇ ਪੈਰ ਨੰਗੇ ਹਨ। ਜੁੱਤੀ ਕਿਤੇ ਪਰ੍ਹੇ ਪਈ ਹੋਈ ਵੀ ਦਿਖਾਈ ਨਹੀਂ ਦਿੰਦੀ। ਵੱਟੋ-ਵੱਟ ਹੋਇਆ ਮੈਲ਼ਾ, ਖੁੱਲ੍ਹੇ ਲਮਕਦੇ ਕਫ਼ਾਂ ਤੇ ਮੇਲੈ ਕਾਲਰਾਂ ਵਾਲਾ ਕਮੀਜ਼ , ਜੋ ਸੱਜੇ ਮੋਢੇ ਤੋਂ ਹੇਠਾਂ ਪਾਟਿਆ ਹੋਇਆ ਹੈ । ਪਿੱਛੇ ਪੱਕੀਆਂ ਇੱਟਾਂ ਦੀ ਕੰਧ ਹੈ । ਭਗਤ ਸਿੰਘ ਖੱਬੇ ਵੱਲ ਨੂੰ ਮੂੰਹ ਕਰਕੇ ਬੈਠਾ ਹੋਇਆ, ਜਿਵੇਂ ਕਿਸੇ ਨਾਲ ਗੱਲਾਂ ਕਰ ਰਿਹਾ ਹੋਵੇ।

ਵੀਹ ਪੱਚੀ ਸਾਲ ਪੁਰਾਣੀ ਗੱਲ ਹੈ । ਇਕ ਦਿਨ ਮੈਂ ਆਪਣੇ ਮਿੱਤਰ-ਪਰਿਵਾਰ ਨੂੰ ਮਿਲਣ ਗਿਆ ਤਾਂ ਪਰਿਵਾਰ ਦੇ ਬਜ਼ੁਰਗ ਭਾਈਆ ਜੀ ਮਿਲਖਾ ਸਿੰਘ ਨਿੱਝਰ ਦੇ ਹੱਥਾਂ ਵਿਚ ਪੰਜਾਬੀ ਰਸਾਲਾ ਸੀ। ਉਸ ਵਿਚ ਭਗਤ ਸਿੰਘ ਦੀ ਇਸੇ ਤਸਵੀਰ ਨਾਲ ਇਕ ਲੇਖ ਛਪਿਆ ਹੋਇਆ ਸੀ। ਉਸ ਵਿਚ ਇਹ ਸ਼ਬਦ ਲਿਖੇ ਹੋਏ ਸਨ, ''ਇਹ ਤਸਵੀਰ ਬਾਅਦ ਵਿਚ ਕਿਸੇ ਸੀ.ਆਈ.ਡੀ. ਦੇ ਬੰਦੇ ਨੇ ਭਗਤ ਸਿੰਘ ਦੇ ਪਰਿਵਾਰ ਨੂੰ ਲਿਆ ਕੇ ਦਿੱਤੀ।''

ਭਾਈਆ ਜੀ ਨੇ ਘਰ ਅੰਦਰ ਪੈਰ ਰੱਖਦਿਆਂ ਹੀ ਮੈਨੂੰ ਗੁੱਸੇ ਨਾਲ ਕਿਹਾ, ''ਐਹ ਦੇਖ, ਤੇਰੇ ਰਸਾਲਿਆਂ ਵਾਲੇ ਕੀ ਲਿਖੀ ਜਾਂਦੇ ਨੇ?'' ਉਹ ਆਪ ਸੁਤੰਤਰਤਾ ਸੰਗਰਾਮੀਏਂ ਤਾਮਰ-ਪੱਤਰ ਵਿਜੇਤਾ ਸਨ। ਮੈਂ ਉਨ੍ਹਾਂ ਦੇ ਦੱਸੇ ਵਾਕ ਨੂੰ ਰਸਾਲੇ ਵਿਚੋਂ ਪੜ੍ਹ ਕੇ ਸਵਾਲੀਆ ਨਜ਼ਰਾਂ, ਉਨ੍ਹਾਂ ਦੇ ਚਿਹਰੇ 'ਤੇ ਗੱਡ ਦਿੱਤੀਆਂ। ਉਹ ਆਪਣੇ ਬੋਲਾਂ ਵਿਚ ਗੁੱਸੇ ਦੇ ਨਾਲ ਹੀ ਮਾਣ ਭਰ ਕੇ ਕਹਿਣ ਲੱਗੇ, ''ਪਤਾ , ਇਸ ਤਸਵੀਰ ਦੀ ਇਕੋ ਇਕ ਕਾਪੀ ਭਗਤ ਸਿੰਘ ਦੇ ਪਰਿਵਾਰ ਨੂੰ ਕਿਸ ਨੇ ਦਿੱਤੀ, ਜਿੱਥੋਂ ਇਹ ਅੱਗੇ ਪ੍ਰਚੱਲਿਤ ਹੋਈ? ਮੈਂ ਦਿੱਤੀ!... ਇਹ ਰਸਾਲਿਆਂ ਵਾਲੇ ਸੀ.ਆਈ.ਡੀ. ਨੇ ਦਿੱਤੀ ਲਿਖੀ ਜਾਂਦੇ ਨੇ।''

ਮੇਰੀ ਉਤਸੁਕਤਾ ਵਧਣੀ ਸੁਭਾਵਿਕ ਸੀ। ਮੈਂ ਪਰ੍ਹੇ ਪਈ ਕੁਰਸੀ ਖਿੱਚ ਕੇ ਭਾਈਆ ਜੀ ਦੀ ਕੁਰਸੀ ਦੇ ਨੇੜੇ ਕਰਦਿਆਂ ਕਿਹਾ, ''ਅਖ਼ਬਾਰਾਂ-ਰਸਾਲਿਆਂ ਦਾ ਕੀ ਭਾਇਆ ਜੀ, ਜੋ ਕੁਝ ਕੋਈ ਲਿਖ ਕੇ ਭੇਜ ਦਿੰਦਾ, ਉਹ ਛਾਪ ਦਿੰਦੇ ਨੇ। ਪਰ ਤੁਸੀਂ ਇਸ ਤਸਵੀਰ ਦੀ ਕਹਾਣੀ ਸੁਣਾਓ। ਤੁਹਾਨੂੰ ਇਹ ਕਿੱਥੋਂ ਮਿਲੀ?''

ਉਹ ਇਹ ਕਹਿੰਦੇ ਹੋਏ ਕੁਰਸੀ ਤੋਂ ਉੱਠ ਖਲੋਤੇ, ''ਇਹ ਤਸਵੀਰ ਤਾਂ ਅਸਲ ਵਿਚ ਅੱਧੀ, ਪਹਿਲਾਂ ਮੈਂ ਤੈਨੂੰ ਪੂਰੀ ਲਿਆ ਕੇ ਦਿਖਾ ਦੇਵਾਂ।'' ਤੇ ਉਹ ਅੰਦਰੋਂ ਰੁਮਾਲ ਵਿਚ ਬੱਝੀ ਹੋਈ ਕਾਪੀਆਂ ਦੀ ਪੋਟਲੀ ਲਿਆਏ। ਇਸ ਵਿਚ ਕੈਮਰੇ ਦੀ ਲਾਹੀ ਹੋਈ ਅਸਲ ਤਸਵੀਰ ਸੀ। ਪੂਰੀ ਤਸਵੀਰ ਵਿਚ ਭਗਤ ਸਿੰਘ ਦੇ ਜੂੜੇ ਦੀ ਸੇਧ ਤੱਕ ਟੀਪ ਕੀਤੀ ਹੋਈ ਕੰਧ ਹੈ । ਉਸ ਤੋਂ ਉੱਪਰਲੀ ਕੰਧ ਦੀਆਂ ਇੱਟਾਂ, ਬਿਨਾਂ ਟੀਪ ਤੋਂ ਸੱਖਣੀਆਂ ਦਿਖਾਈ ਦਿੰਦੀਆਂ ਹਨ। ਚੌਂਕੜੇ ਦੀ ਬੁਣਤੀ ਵਿਚ ਬੁਣੀ ਹੋਈ ਮੁੰਜ ਦੀ ਮੰਜੀ ਦੀਆਂ ਕਈ ਥਾਈਂ ਟੁੱਟ ਕੇ ਲਮਕਦੀਆਂ ਰੱਸੀਆਂ ਹਵਾਲਾਤੀ ਮਾਹੌਲ ਦੀ ਨੀਰਸਤਾ ਵਿਚ ਵਾਧਾ ਕਰਦੀਆਂ ਹਨ। ਥੋਥਾ ਬਾਂਸ ਵੱਢ ਕੇ ਪਾਇਆ ਹੋਇਆ ਸਰ੍ਹਾਣੇ ਵੱਲ ਦਾ ਸੇਰਵਾ ਆਪਣੀ ਇਕੋ ਸੱਖਣੀ ਅੱਖ ਨਾਲ ਦੇਖ ਰਿਹਾ ਹੈ । ਢਿਲਕੀਆਂ ਹੋਈਆਂ ਚੂਲਾਂ ਅਤੇ ਕੁਝ ਕੁਝ ਟੇਢੇ ਹੋਏ ਪਾਵੇ, ਸ਼ਾਇਦ ਉਸ ਸਮੇਂ ਦੇ ਅੰਗਰੇਜ਼ ਸਾਮਰਾਜ ਦੀ ਹਾਲਤ ਦੇ ਪ੍ਰਤੀਕ ਹਨ।

ਮੰਜੀ ਦੇ ਪੁਆਂਦ ਦੇ ਬਰਾਬਰ ਇਕ ਵੱਡੇ ਦਰਖ਼ਤ ਦਾ ਮੋਟਾ ਪੋਰਾ ਹੈ । ਦਰਖ਼ਤ ਕੋਲ ਇਕ ਵੇਲ ਦਾ ਹੇਠਲਾ ਨਿਪੱਤਰਾ ਹਿੱਸਾ ਹੈ । ਦਰਖ਼ਤ ਅਤੇ ਵੇਲ ਦੀ ਹਰਿਆਲੀ ਫ਼ੋਟੋ ਫਰੇਮ ਤੋਂ ਉਤਾਂਹ ਰਹਿ ਗਈ ਹੈ । ਦਰਖ਼ਤ ਅਤੇ ਮੰਜੀ ਦੇ ਵਿਚਕਾਰ ਬੈਂਤ ਦੀ ਬੁਣੀ ਹੋਈ ਲੱਕੜ ਦੀ, ਬਾਹਾਂ ਵਾਲੀ ਭਾਰੀ ਕੁਰਸੀ 'ਤੇ ਵਡੇਰੀ ਉਮਰ ਦਾ ਇਕ ਆਦਮੀ ਬੈਠਾ ਹੋਇਆ ਹੈ । ਸਾਧਾਰਨ ਜਿਹੀ ਬੰਨ੍ਹੀ ਹੋਈ ਸਫ਼ੈਦ ਪੱਗੜੀ, ਸਫ਼ੈਦ ਕੁੜਤਾ ਤੇ ਸਫ਼ੈਦ ਪੋਠੋਹਾਰੀ ਸਲਵਾਰ, ਫੀਤਿਆਂ ਵਾਲੇ ਬੇਪਾਲਿਸ਼ ਪੁਰਾਣੇ ਬੂਟ, ਹੱਥ ਦੀਆਂ ਊਂਗਲਾਂ ਇਕ ਦੂਜੇ ਵਿਚ ਫਸਾਈਆਂ ਹੋਈਆਂ, ਖੁੱਲ੍ਹੀ ਛੱਡੀ ਹੋਈ ਲੱਗਭਗ ਧੌਲੀ ਦਾੜ੍ਹੀ। ਭਗਤ ਸਿੰਘ ਅਧੂਰੀ ਤਸਵੀਰ ਵਿਚ ਕਿਸੇ ਵਿਅਕਤੀ ਨਾਲ ਗੱਲ ਕਰਦਾ ਦਿਸਦਾ ।

''ਇਹ ਤਾਂ ਕੋਈ ਧਾਰਮਿਕ ਪੁਰਸ਼ ਲਗਦਾ '', ਮੈਂ ਭਾਈਆ ਜੀ ਨੂੰ ਆਖਦਾ ਹਾਂ।
''ਨਹੀਂ, ਇਹ ਕੋਈ ਧਾਰਮਿਕ ਪੁਰਸ਼ ਨਹੀਂ। ਮੈਂ ਇਹਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਇਹ ਸੀ.ਆਈ.ਡੀ. ਦਾ ਡੀ.ਐੱਸ.ਪੀ. ਗੋਪਾਲ ਸਿੰਘ ਨੁਸ਼ਹਿਰਾ ਪੰਨੂੰਆਂ ਪਿੰਡ ਦਾ ਰਹਿਣ ਵਾਲਾ ਸੀ ਇਹ।''

ਸਰ੍ਹਾਣੇ ਵੱਲ ਗੋਪਾਲ ਸਿੰਘ ਦੀ ਕੁਰਸੀ ਵਰਗੀ ਇਕ ਹੋਰ ਕੁਰਸੀ ਖਾਲੀ ਪਈ ਏ। ਸ਼ਾਇਦ ਪੁੱਛਗਿੱਛ ਵਿਚ ਸ਼ਾਮਿਲ ਇਕ ਹੋਰ ਅਧਿਕਾਰੀ ਉੱਠ ਕੇ ਕਿਧਰੇ ਚਲਾ ਗਿਆ ਜਾਂ ਸ਼ਾਮਲ ਹੋਣ ਲਈ ਆਉਣ ਵਾਲਾ ।

''ਇਹ ਤਸਵੀਰ ਕਿਸ ਮੌਕੇ ਦੀ?'' ਮੈਂ ਇਹ ਸਵਾਲ ਕੀਤਾ। ਭਾਈਆ ਜੀ ਮਿਲਖਾ ਸਿੰਘ ਨੇ ਦੱਸਿਆ ਕਿ ਇਹ ਤਸਵੀਰ 1927 ਦੀ ਹੈ । ਨੌਜਵਾਨ ਭਾਰਤ ਸਭਾ ਦੀਆਂ ਸਰਗਰਮੀਆਂ ਉਸ ਸਮੇਂ ਲਗਾਤਾਰ ਤੇਜ਼ ਹੋ ਰਹੀਆਂ ਸਨ। ਭਗਤ ਸਿੰਘ ਨੂੰ ਇਸੇ ਕਾਰਨ ਪੁੱਛਗਿੱਛ ਲਈ ਫੜ੍ਹਿਆ ਗਿਆ ਸੀ ਅਤੇ ਲਾਹੌਰ ਦੀ ਰੇਲਵੇ ਸਟੇਸ਼ਨ ਨੇੜਲੀ ਹਵਾਲਾਤ ਵਿਚ ਤਿੰਨ ਹਫ਼ਤੇਦੇ ਕਰੀਬ ਰੱਖਿਆ ਗਿਆ ਸੀ। ਹਵਾਲਾਤ ਦੇ ਵਿਹੜੇ ਵਿਚ ਦਰਖ਼ਤ ਹੇਠ ਉਸ ਤੋਂ ਕਈ ਵਾਰ ਪੁੱਛਗਿੱਛ ਕੀਤੀ ਗਈ ਸੀ।

ਮੈਂ ਭਗਤ ਸਿੰਘ ਦੇ ਢਿੱਲੇ ਜੂੜੇ, ਨੰਗੇ ਪੈਰਾਂ ਅਤੇ ਖ਼ਾਸ ਕਰਕੇ ਪਾਟੇ ਹੋਏ ਵੱਟੋ-ਵੱਟ ਕਮੀਜ਼ ਦਾ ਜ਼ਿਕਰ ਕਰਦਿਆਂ ਕੁੱਟ-ਮਾਰ ਬਾਰੇ ਪੁੱਛਿਆ। ਭਾਈਆ ਜੀ ਦਾ ਕਹਿਣਾ ਸੀ, ''ਨਹੀਂ, ਉਸ ਸਮੇਂ ਉਹ ਕਿਸੇ ਵਿਸ਼ੇਸ਼ ਦੋਸ਼ ਕਾਰਨ ਨਹੀਂ ਸੀ ਫੜਿਆ ਗਿਆ। ਸਰਕਾਰ ਨੌਜਵਾਨ ਲਹਿਰ ਦੀਆਂ ਅਤੇ ਭਗਤ ਸਿੰਘ ਦੀਆਂ ਸੰਭਾਵਨਾਵਾਂ ਤੋਂ ਡਰਦੀ ਸੀ। ਉਸ ਮੌਕੇ ਉਸ ਨੂੰ ਕੁੱਟਿਆ-ਮਾਰਿਆ ਨਹੀਂ ਸੀ ਗਿਆ। ਹਾਂ, ਪੁੱਛਗਿੱਛ ਵਾਰ-ਵਾਰ ਹੋਈ ਸੀ ਅਤੇ ਫੇਰ ਉਸ ਨੂੰ ਛੱਡ ਦਿੱਤਾ ਗਿਆ ਸੀ।''

ਭਾਈਆ ਜੀ ਨੇ ਇਸ ਸਾਰੀ ਜਾਣਕਾਰੀ ਦਾ ਆਧਾਰ ਵੀ ਦੱਸਿਆ। ਉਹ ਗੁਰੂ ਕੇ ਬਾਗ਼ ਦੇ ਮੋਰਚੇ ਸਮੇਂ ਅਗਸਤ 1922 ਤੋਂ ਫਰਵਰੀ 1923 ਤੱਕ ਮਿੰਟਗੁਮਰੀ ਕੈਂਪ ਜੇਲ੍ਹ ਵਿਚ ਕੈਦ ਕੱਟ ਚੁੱਕੇ ਸਨ। ਦੁਬਾਰਾ ਉਹ ਬੱਬਰ ਅਕਾਲੀ ਲਹਿਰ ਵਿਚ ਗ੍ਰਿਫ਼ਤਾਰ ਹੋਏ ਸਨ। ਹਾਈ ਕੋਰਟ ਨੇ 19 ਜਨਵਰੀ 1926 ਨੂੰ ਉਨ੍ਹਾਂ ਨੂੰ ਬਰੀ ਤਾਂ ਕਰ ਦਿੱਤਾ, ਪਰ ਪਿੰਡ ਵਿਚ ਨਜ਼ਰਬੰਦੀ ਦਾ ਹੁਕਮ ਸੁਣਾ ਦਿੱਤਾ। 1927 ਵਿਚ ਜਦੋਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਵਿਰੁੱਧ ਬਗ਼ਾਵਤੀ ਸਰਗਰਮੀ ਕਾਰਨ ਸਾਜ਼ਿਸ਼ ਕੇਸ ਬਣਿਆ ਤਾਂ ਭਾਈਆ ਜੀ ਨੂੰ ਕਮੇਟੀ ਦੇ ਪੱਖ ਵਿਚ ਗਵਾਹੀ ਦੇਣ ਲਈ ਡੀ.ਸੀ. ਸਦਰ ਦੀ ਮਾਰਫ਼ਤ ਤਲਬ ਕੀਤਾ ਗਿਆ ਸੀ। ਡੀ.ਸੀ. ਦੀ ਚਿੱਠੀ ਤਾਂ ਸੰਮਨ ਦੇ ਨਾਲ ਹੀ ਅਹਿਲਮੱਦ ਨੇ ਰੱਖ ਲਈ, ਉੱਧਰ ਲਾਹੌਰ ਸਟੇਸ਼ਨ ਉੱਤੇ ਟਿਕਟਾਂ ਲੈ ਰਹੇ ਭਾਈਆ ਜੀ ਨੂੰ ਸੀ.ਆਈ.ਡੀ. ਦੇ ਹੌਲਦਾਰ ਆਤਮਾ ਸਿੰਘ ਨੇ ਪਛਾਣ ਲਿਆ। ਉਹ ਜਾਣਦਾ ਸੀ ਕਿ ਇਨ੍ਹਾਂ ਨੂੰ ਪਿੰਡ ਵਿਚ ਨਜ਼ਰਬੰਦ ਕੀਤਾ ਗਿਆ । ਕੋਈ ਲਿਖਤੀ ਸਬੂਤ ਕੋਲ ਨਾ ਹੋਣ ਕਾਰਨ, ਉਸ ਨੇ ਇਨ੍ਹਾਂ ਦੀ ਜ਼ੁਬਾਨੀ ਗੱਲ ਉੱਤੇ ਇਤਬਾਰ ਕਰਨ ਤੋਂ ਇਨਕਾਰ ਕਰ ਦਿੱਤਾ। ਇੰਜ ਨਜ਼ਰਬੰਦੀ ਦਾ ਘੇਰਾ ਤੋੜਨ ਦੇ ਦੋਸ਼ ਵਿਚ ਇਨ੍ਹਾਂ ਨੂੰ ਲਾਹੌਰ ਦੀ ਹਵਾਲਾਤ ਵਿਚ ਧੱਕ ਦਿੱਤਾ ਗਿਆ। ਇਨ੍ਹਾਂ ਨੂੰ ਜਿਸ ਕੋਠੜੀ ਵਿਚ ਰੱਖਿਆ ਗਿਆ, ਸਬੱਬ ਨਾਲ ਉਸ ਦੇ ਨਾਲ ਵਾਲੀ ਕੋਠੜੀ ਵਿਚ ਭਗਤ ਸਿੰਘ ਬੰਦ ਸੀ। ਭਾਈਆ ਜੀ ਨੂੰ ਪੜਤਾਲ ਪੂਰੀ ਹੋਣ ਤੱਕ, ਦੋ ਹਫ਼ਤੇਉੱਥੇ ਬੰਦ ਰੱਖਿਆ ਗਿਆ। ਭਾਈਆ ਜੀ ਨੇ ਦੱਸਿਆ, ''ਉਸ ਸਮੇਂ ਮੈਂ ਉਹਨੂੰ ਕਈ ਵਾਰ ਪੁੱਛਗਿੱਛ ਲਈ ਉੱਥੇ ਬੈਠਿਆ ਦੇਖਿਆ ਸੀ।''

ਉਨ੍ਹਾਂ ਇਹ ਵੀ ਕਿਹਾ, ''ਭਗਤ ਸਿੰਘ ਉਸ ਸਮੇਂ ਅਜੇ ਪ੍ਰਸਿੱਧ ਨਹੀਂ ਸੀ ਹੋਇਆ। ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਉਹ ਕਿਸ ਦੋਸ਼ ਵਿਚ ਫੜਿਆ ਗਿਆ । ਇਕ ਵਾਰ ਹਵਾਲਾਤ ਵਿਚ ਗੱਲ ਕਰਨ ਦਾ ਮੌਕਾ ਮਿਲਦਿਆਂ ਮੈਂ, ਸੋਹਣਾ-ਸੂਖਮ ਜਿਹਾ ਮੁੰਡਾ ਦੇਖ ਕੇ ਆਖਿਆ, ''ਚੰਮ ਬੜਾ ਲਾਹੁੰਦੇ ਹੁੰਦੇ ਨੇ, ਕੁੱਟਦੇ ਮਾਰਦੇ ਨੇ... ਤੂੰ ਕਿਸ ਕਾਰਨ ਫ਼ਸਿਆ ?'' ਅੱਗੋਂ ਭਗਤ ਸਿੰਘ ਨੇ ਬਾਂਹ ਮੂਹਰੇ ਕਰਦਿਆਂ ਕਿਹਾ, ''ਐਹ ਚਮੜੀ ਸਾੜ ਕੇ ਦੇਖ ਲਈ ਹੈ । ਇਸ ਨਾਲੋਂ ਬਹੁਤੀ ਤਕਲੀਫ਼ ਤਾਂ ਨਹੀਂ ਨਾ ਹੋਣ ਲੱਗੀ।'' ਉਸ ਨਾਲ ਮੇਰੀ ਇਹ ਗੱਲਬਾਤ ਅਜੇ ਵੀ ਮੇਰੇ ਕੰਨਾਂ ਵਿਚ ਗੂੰਜ ਰਹੀ ।''

ਭਗਤ ਸਿੰਘ ਇਨ੍ਹਾਂ ਨਾਲੋਂ ਪਹਿਲਾਂ ਹਵਾਲਾਤ ਵਿਚ ਆਇਆ ਸੀ ਤੇ ਹਫ਼ਤਾ ਕੁ ਪਹਿਲਾਂ ਹੀ ਛੱਡ ਦਿੱਤਾ ਗਿਆ ਸੀ। ਭਾਈਆ ਜੀ ਕਹਿਣ ਲੱਗੇ, ''ਜਾਂਦਾ ਹੋਇਆ ਉਹ ਮੈਨੂੰ ਮਿਲ ਕੇ ਗਿਆ। ਇਨ੍ਹਾਂ ਦਿਨਾਂ ਵਿਚ ਉਸ ਦੀ ਦੇਸ਼ ਭਗਤੀ, ਦਿੜ੍ਹਤਾ ਤੇ ਦਲੇਰੀ ਨੇ ਮੈਨੂੰ ਬੜਾ ਹੀ ਪ੍ਰਭਾਵਿਤ ਕਰ ਦਿੱਤਾ ਸੀ।''

ਮੈਂ ਉਤਾਵਲਤਾ ਨਾਲ ਪੁੱਛਿਆ, ''ਪਰ ਭਾਈਆ ਜੀ, ਇਹ ਤਸਵੀਰ ਤੁਹਾਡੇ ਹੱਥ ਕਿਵੇਂ ਲੱਗੀ, ਕਦੋਂ ਲੱਗੀ ਅਤੇ ਕਿੱਥੋਂ ਲੱਗੀ?''

''ਲੈ ਇਹ ਵੀ ਸੁਣ!'' ਉਨ੍ਹਾਂ ਇਕ ਵਾਰ ਫਿਰ ਤਸਵੀਰ ਵੱਲ ਦੇਖਦਿਆਂ ਕਿਹਾ, ''ਇਹ 1930 ਦੀ ਗੱਲ ਹੈ । ਮੈਂ ਉਨ੍ਹੀਂ ਦਿਨੀਂ ਵਕੀਲ ਰਘੂਨਾਥ ਸਹਾਏ ਕੋਲ ਮੁਨਸ਼ੀ ਵਜੋਂ ਕੰਮ ਕਰ ਰਿਹਾ...। ਉਹ ਪਹਿਲਾਂ ਸਾਡੇ ਬੱਬਰਾਂ ਦੇ ਮੁਕੱਦਮੇ ਲੜ ਚੁੱਕਾ ਸੀ ਅਤੇ ਹੁਣ ਸਾਂਡਰਸ ਕੇਸ ਨਾਲ ਸਬੰਧਿਤ ਵਕੀਲ ਮੰਡਲੀ ਵਿਚੋਂ ਇਕ ਸੀ। ਇਕ ਦਿਨ ਅਸੀਂ ਮਿਸਲਾਂ ਦੀ ਘੋਖ ਲਈ ਗਏ। ਇਕ ਫ਼ਾਈਲ ਵਿਚ ਇਹ ਤਸਵੀਰ ਲੱਗੀ ਹੋਈ ਸੀ। ਲਾਹੌਰ ਦੀ ਹਵਾਲਾਤ ਦੇ ਵਿਹੜੇ 'ਚ ਭਗਤ ਸਿੰਘ ਦੀ ਪੁੱਛਗਿੱਛ ਦਾ ਦ੍ਰਿਸ਼, ਜੋ ਕਿ ਮੇਰੀ ਕੋਠੜੀ ਵਿਚੋਂ ਦਿਸਦਾ ਹੁੰਦਾ ਸੀ, ਮੈਂ ਝੱਟ ਪਛਾਣ ਗਿਆ ਕਿ ਇਹ ਤਾਂ ਉਸ ਸਮੇਂ ਦੀ ਤਸਵੀਰ ਹੈ । ਉਸ ਸਮੇਂ ਸਰਕਾਰ ਨੇ ਚੋਰੀ, ਇਹ ਤਸਵੀਰ ਲਾਹ ਕੇ ਫ਼ਾਈਲ ਵਿਚ ਰੱਖ ਲਈ ਸੀ। ਭਗਤ ਸਿੰਘ ਦੀ ਉਸ ਸਮੇਂ ਦੀ ਪ੍ਰਸਿੱਧੀ ਵੱਲ ਅਤੇ ਸਾਂਡਰਸ ਕੇਸ ਵੱਲ ਦੇਖਦਿਆਂ, ਮੈਨੂੰ ਫੁਰਨਾ ਫੁਰਿਆ ਕਿ ਇਹ ਤਾਂ ਬਹੁਤ ਅਹਿਮ ਤਸਵੀਰ ਹੈ । ਮੈਂ ਅੱਗਾ-ਪਿੱਛਾ ਦੇਖ ਕੇ ਇਹ ਤਸਵੀਰ ਫ਼ਾਈਲ ਵਿਚੋਂ ਖਿੱਚ ਕੇ ਪਜਾਮੇ ਦੇ ਨੇਫ਼ੇ ਵਿਚ ਟੁੰਗ ਲਈ। ਮਿਸਲਾਂ ਦੇਖ ਕੇ ਬਾਹਰ ਨਿਕਲਣ ਸਮੇਂ ਹੁਕਮ ਤਾਂ ਤਲਾਸ਼ੀ ਲੈਣ ਦਾ ਸੀ, ਪਰ ਰੋਜ਼ ਦਾ ਵਾਹ ਹੋਣ ਕਰਕੇ ਉਹ ਜੇਬਾਂ ਤੇ ਖੀਸੇ ਟੋਹ ਕੇ ਬਸ ਕਾਰਵਾਈ ਜਿਹੀ ਪੂਰੀ ਕਰ ਲੈਂਦੇ ਸਨ।'' ਭਾਈਆ ਜੀ ਇੱਕਦਮ ਉਦਾਸ ਹੋ ਗਏ, ''ਅਗਲੇ ਸਾਲ ਉਸ ਦੇਸ਼ ਭਗਤ ਹੀਰੇ ਨੂੰ ਫ਼ਾਂਸੀ ਹੋ ਗਈ ਅਤੇ ਇਹ ਤਸਵੀਰ ਮੈਂ ਘਰੇ ਲੁਕਾ ਛੱਡੀ।''

ਭਾਈਆ ਜੀ ਮਿਲਖਾ ਸਿੰਘ ਨਿੱਝਰ ਨੇ ਕੇਵਲ ਇਹ ਤਸਵੀਰ ਬਾਹਰ ਲੈ ਆਉਣ ਦਾ ਸ਼ੁਭ ਕਾਰਜ ਹੀ ਨਹੀਂ ਕੀਤਾ, ਉਨ੍ਹਾਂ ਵਕੀਲ ਰਘੁਨਾਥ ਸਹਾਏ ਦੇ ਦਫ਼ਤਰ ਵਿਚ ਦੋ ਵੱਡ ਅਕਾਰੀ ਜਿਲਦਾਂ ਦੇ ਰੂਪ ਵਿਚ ਪਈਆਂ ਬੱਬਰ ਅਕਾਲੀ ਕੇਸ ਦੇ ਅੰਗਰੇਜ਼ੀ ਵਿਚ ਛਪੇ ਹੋਏ ਮੁਕੰਮਲ ਰਿਕਾਰਡ ਦੀਆਂ ਕਾਪੀਆਂ ਵਿਚੋਂ ਇਕ ਕਾਪੀ ਵੀ ਲਿਆ ਕੇ ਸਾਂਭ ਲਈ ਸੀ।

ਮਗਰੋਂ ਉਨ੍ਹਾਂ ਬੱਬਰ ਲਹਿਰ ਵਿਚ ਸ਼ਾਮਿਲ ਰਹੇ ਹੋਣ ਕਰਕੇ ਆਪਣੀਆਂ ਯਾਦਾਂ ਅਤੇ ਇਸ ਰਿਕਾਰਡ ਦੇ ਆਧਾਰ ਉੱਤੇ ਲਹਿਰ ਦਾ ਪ੍ਰਮਾਣਿਕ ਇਤਿਹਾਸ ਲਿਖਿਆ। 'ਬੱਬਰ ਅਕਾਲੀ ਲਹਿਰ ਦਾ ਇਤਿਹਾਸ' ਨਾਂਅ ਦਾ 500 ਪੰਨੇ ਦਾ ਇਹ ਗੰ੍ਰਥ, ਨਵਯੁੱਗ ਪਬਲਿਸ਼ਰਜ਼, ਦਿੱਲੀ ਨੇ 1986 ਵਿਚ ਪ੍ਰਕਾਸ਼ਤ ਕੀਤਾ ਸੀ।

ਮੈਂ ਪੁੱਛਿਆ, ''ਤੁਸੀਂ ਇਹ ਤਸਵੀਰ ਭਗਤ ਸਿੰਘ ਦੇ ਪਰਿਵਾਰ ਨੂੰ ਕਦੋਂ ਦਿੱਤੀ?''

ਭਾਈਆ ਜੀ ਨੇ ਦੱਸਿਆ, ''ਇਹ 1950 ਦੀ ਗੱਲ ਹੈ । ਭਗਤ ਸਿੰਘ ਦੇ ਭਰਾ ਕੁਲਬੀਰ ਸਿੰਘ ਇਕ ਦਿਨ ਆਦਮਪੁਰ ਦੁਆਬਾ ਦੇ ਬੱਸ ਅੱਡੇ ਵਿਚ ਖਲੋਤੇ ਸਨ। ਮੈਂ ਉਨ੍ਹਾਂ ਨੂੰ ਜਾਣਦਾ ਸੀ, ਪਰ ਉਹ ਮੈਨੂੰ ਨਹੀਂ ਸਨ ਜਾਣਦੇ। ਮੈਂ ਆਪਣੀ ਪਛਾਣ ਦੱਸ ਕੇ ਉਨ੍ਹਾਂ ਨੂੰ ਇਸ ਤਸਵੀਰ ਬਾਰੇ ਦੱਸਿਆ ਅਤੇ ਮਗਰੌਂ ਇਸ ਦੀ ਇਕ ਕਾਪੀ ਕਰਵਾ ਕੇ ਉਨ੍ਹਾਂ ਤੱਕ ਪੁੱਜਦੀ ਕਰ ਦਿੱਤੀ। ਉੱਥੋਂ ਇਹ ਅੱਗੇ ਪ੍ਰਚੱਲਿਤ ਹੋ ਗਈ।''

ਸੋਵੀਅਤ ਦੂਤਾਵਾਸ ਦੇ ਸੂਚਨਾ ਵਿਭਾਗ ਵਿਚ ਕੰਮ ਕਰਨ ਸਮੇਂ, ਇਕ ਦਿਨ ਮੈਂ ਆਪਣੇ ਇਕ ਸਹਿਕਰਮੀ ਮਿੱਤਰ ਦੇ ਕਮਰੇ ਵਿਚ ਗਿਆ ਤਾਂ ਉੱਥੇ ਇਕ ਓਪਰੇ ਸੱਜਣ ਬੈਠੇ ਸਨ। ਮੇਰੇ ਮਿੱਤਰ ਨੇ ਸਾਡੀ ਜਾਣ-ਪਛਾਣ ਕਰਵਾਈ। ਉਹ ਭਗਤ ਸਿੰਘ ਦੇ ਭਰਾਤਾ ਕੁਲਬੀਰ ਸਿੰਘ ਸਨ।

ਭਾਈਆ ਜੀ ਮਿਲਖਾ ਸਿੰਘ ਨਿੱਝਰ ਦੀ ਦੱਸੀ ਹੋਈ ਭਗਤ ਸਿੰਘ ਦੀ ਤਸਵੀਰ ਦੀ ਕਹਾਣੀ ਇੱਕਦਮ ਮੇਰੇ ਚੇਤੇ ਵਿਚ ਸੱਜਰੀ ਹੋ ਗਈ। ਮੈਂ ਸੋਚਿਆ ਕੁਲਬੀਰ ਸਿੰਘ ਤੋਂ ਵੀ ਤਸਵੀਰ ਬਾਰੇ ਪੁੱਛ ਲੈਣਾ ਚਾਹੀਦਾ ਹੈ । ਮੇਰਾ ਭਾਵ ਸੀ ਕਿ ਉਨ੍ਹਾਂ ਨੂੰ ਇਸ ਤਸਵੀਰ ਦੀ ਪ੍ਰਾਪਤੀ ਦਾ ਵਸੀਲਾ ਚੇਤੇ ਸੀ ਕਿ ਨਹੀਂ।

ਉਹ ਬੋਲੇ, ''ਹਾਂ, ਇਹ ਤਸਵੀਰ ਸਾਨੂੰ ਮਿਲਖਾ ਸਿੰਘ ਨਿੱਝਰ ਤੋਂ ਹੀ ਪ੍ਰਾਪਤ ਹੋਈ ਸੀ। ਇਸ ਖਾਤਰ ਅਸੀਂ ਉਨ੍ਹਾਂ ਦੇ ਬਹੁਤ ਧੰਨਵਾਦੀ ਹਾਂ।''

ਤੇ ਇਹ ਸ਼ਾਇਦ, ਸੁਤੰਤਰਤਾ-ਸੰਗਰਾਮੀਏ ਵਜੋਂ, ਸ਼ਹੀਦ ਭਗਤ ਸਿੰਘ ਦੀ ਕੈਮਰੇ ਦੀ ਸਾਨੂੰ ਪ੍ਰਾਪਤ ਇਕੋ ਇਕ ਤਸਵੀਰ।

ਇਨਕਲਾਬੀ ਨੌਜਵਾਨ – 8 'ਚੋਂ

Comments

iqbal somian

ਬਹੁਤ ਗਿਆਨਵਰਧਕ ਲੇਖ।

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ