-ਹਰਚਰਨ ਸਿੰਘ ਪਰਹਾਰ
(ਐਡੀਟਰ-ਸਿੱਖ ਵਿਰਸਾ ਮੈਗਜ਼ੀਨ)
ਪਿਛਲੇ ਕੁਝ ਹਫਤਿਆਂ ਤੋਂ ਵੱਖ-ਵੱਖ ਅਖਬਾਰਾਂ ਅਤੇ ਸੋਸ਼ਲ ਮੀਡੀਆ ਤੇ ਜੂਨ 84 ਦੀਆਂ ਘਟਨਾਵਾਂ ਨਾਲ ਸਬੰਧਤ ਵੱਖ-ਵੱਖ ਵਿਦਵਾਨਾਂ ਦੇ ਵਿਚਾਰ ਛਪ ਰਹੇ ਹਨ, ਇਸਦੇ ਨਾਲ ਹੀ ਪ੍ਰਭਸ਼ਰਨਦੀਪ ਸਿੰਘ ਦੇ ਖਾਲਿਸਤਾਨ ਦੇ ਵਿਸ਼ੇ ਤੇ ਲੇਖ ਵੀ ਛਪੇ ਹਨ।ਪ੍ਰਭਸ਼ਰਨ ਭਰਾਵਾਂ ਨੇ ਨਾਲੋ-ਨਾਲ ਸਾਬਕਾ ਨਕਸਲਾਈਟ ਤੋਂ ਸਿੱਖ ਚਿੰਤਕ ਬਣੇ ਅਜਮੇਰ ਸਿੰਘ ਖਿਲਾਫ ਖਾਲਿਸਤਾਨ ਦੇ ਮੁੱਦੇ ਤੇ ਮੋਰਚਾ ਵੀ ਖੋਲਿਆ ਹੋਇਆ ਹੈ।ਪਿਛਲੇ 25 ਕੁ ਸਾਲਾਂ ਤੋਂ ਕੈਲਗਰੀ ਤੋਂ ਮਾਸਿਕ ਮੈਗਜ਼ੀਨ 'ਸਿੱਖ ਵਿਰਸਾ' ਨੂੰ ਸੰਪਾਦਤ ਕਰਦਿਆਂ ਸਿੱਖਾਂ ਦੇ ਹਰ ਤਰ੍ਹਾਂ ਦੇ ਵਿਦਵਾਨਾਂ, ਲੀਡਰਾਂ, ਪ੍ਰਚਾਰਕਾਂ ਆਦਿ ਨਾਲ ਮੇਰਾ ਵਾਹ ਪੈਂਦਾ ਰਿਹਾ ਹੈ।ਮੇਰਾ ਮੰਨਣਾ ਹੈ ਕਿ ਸਿੱਖਾਂ ਦੇ ਲੀਡਰਾਂ ਵਾਂਗ ਹੀ ਵਿਦਵਾਨ ਵੀ ਜ਼ਜਬਾਤੀ ਤੇ ਉਲਾਰ ਬਿਰਤੀ ਵਾਲੇ ਹਨ ਤੇ ਸਿੱਖਾਂ ਵਿੱਚ ਉਹੀ ਲੀਡਰ ਜਾਂ ਵਿਦਵਾਨ ਕਾਮਯਾਬ ਹੁੰਦਾ ਹੈ, ਜੋ ਵੱਧ ਤੋਂ ਵੱਧ ਜ਼ਜਬਾਤੀ ਤੇ ਗਰਮ-ਗਰਮ ਗੱਲਾਂ ਕਰੇ ਜਾਂ ਉਨ੍ਹਾਂ ਦੀ ਖੁਸ਼ਾਮਦ ਕਰੇ, ਜੋ ਅਜਿਹੀਆਂ ਗੱਲਾਂ ਜਾਂ ਕੰਮ ਕਰਦੇ ਹਨ। ਸਿੱਖ ਰਾਜਨੀਤੀ ਦਾ ਇਹ ਇੱਕ ਮੰਨਿਆ ਪ੍ਰਮੰਨਿਆ ਸੱਚ ਹੈ ਕਿ ਸਿੱਖ ਲੀਡਰਾਂ ਨੇ ਕਦੇ ਕਿਸੇ ਵਿਦਵਾਨ ਜਾਂ ਸੂਝਵਾਨ ਲੀਡਰ ਨੂੰ ਸਿੱਖਾਂ ਦੀ ਮੁੱਖਧਾਰਾ ਵਿੱਚ ਉਠਣ ਨਹੀਂ ਦਿੱਤਾ, ਬੁਰਛਾਗਰਦ ਸੋਚ ਹੀ ਸਿੱਖਾਂ ਵਿੱਚ ਹਮੇਸ਼ਾਂ ਭਾਰੂ ਰਹੀ ਹੈ।ਇਸੇ ਕਰਕੇ 1984 ਤੋਂ ਪਹਿਲਾਂ ਦੇ ਤਕਰੀਬਨ ਸਾਰੇ ਸਿੱਖ ਵਿਦਵਾਨ ਧਾਰਮਿਕ ਆਰਟੀਕਲ ਲਿਖਣ ਵਾਲੇ ਹੀ ਹੁੰਦੇ ਸਨ, ਸੰਸਾਰ ਪੱਧਰ ਦੀ ਰਾਜਨੀਤਕ ਸੂਝ-ਬੂਝ ਵਾਲਾ ਵਿਦਵਾਨ ਤੁਹਾਨੂੰ ਸ਼ਾਇਦ ਹੀ ਕੋਈ ਦਿਸੇਗਾ।ਇਤਿਹਾਸ ਬਾਰੇ ਵੀ ਸਿੱਖ ਵਿਦਵਾਨਾਂ ਦੀ ਕਾਰਗੁਜ਼ਾਰੀ ਖੋਜ ਵਾਲੀ ਨਹੀਂ, ਸਗੋਂ ਪੁਰਾਣੇ ਗ੍ਰੰਥਾਂ ਜਾਂ ਕਿਤਾਬਾਂ ਦੀ ਸੌਖੀ ਪੰਜਾਬੀ ਵਿੱਚ ਨਕਲ ਹੀ ਮਿਲਦੀ ਹੈ।ਅਕਸਰ ਬਹੁਤੇ ਸਿੱਖ ਵਿਦਵਾਨ, ਰਾਜਨੀਤਕ ਲੋਕਾਂ ਤੋਂ ਲਾਭ ਲੈਣ ਲਈ ਧਰਮ ਤੱਕ ਹੀ ਸੀਮਤ ਰਹਿੰਦੇ ਹਨ ਤਾਂ ਕਿ ਰਾਜਸੀ ਲੋਕ ਨਰਾਜ਼ ਨਾ ਹੋ ਜਾਣ।ਦੂਜੇ ਪਾਸੇ ਧਰਮ ਦੇ ਖੇਤਰ ਵਿੱਚ ਟਕਸਾਲੀਆਂ ਤੇ ਅਖੰਡ ਕੀਰਤਨੀਆਂ ਦਾ ਬੋਲ-ਬਾਲਾ ਹੋਣ ਕਾਰਨ ਉਧਰ ਵੀ ਵਿਦਵਾਨਾਂ ਨੂੰ ਦੱਬਵੀਂ ਆਵਾਜ ਵਿੱਚ ਹੀ ਗੱਲ ਕਰਨੀ ਪੈਂਦੀ ਹੈ।