Fri, 30 October 2020
Your Visitor Number :-   2815314
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਤ੍ਰਿਪੁਰਾ: ਗ਼ਰੀਬ ਮੁੱਖ ਮੰਤਰੀ ਦਾ ਲਗਾਤਾਰ ਖੁਸ਼ਹਾਲ ਹੋ ਰਿਹਾ ਪ੍ਰਾਂਤ - ਪੁਸ਼ਪਿੰਦਰ ਸਿੰਘ

Posted on:- 25-04-2013

ਭਾਰਤ ਦੇਸ਼ ਮਹਾਨ ਦੇ ਸਿਆਸੀ ਵਾਤਾਵਰਣ ’ਤੇ ਨਜ਼ਰ ਮਾਰਦੇ ਹਾਂ ਤਾਂ ਚਾਰੇ ਪਾਸੇ ਹਨੇਰਾ ਹੀ ਹਨੇਰਾ ਦਿਸਦਾ ਹੈ। ਭ੍ਰਿਸ਼ਟਾਚਾਰ, ਕੁਨਬਾਪ੍ਰਸਤੀ, ਮਾਰਧਾੜ, ਕਤਲ, ਬਲਾਤਕਾਰ ਦੀਆਂ ਖ਼ਬਰਾਂ ਨਾਲ ਟੀਵੀ ਚੈਨਲ ਤੇ ਅਖ਼ਬਾਰਾਂ ਨਿੱਤ ਭਰੀਆਂ ਹੁੰਦੀਆਂ ਹਨ। ਯੂਪੀਏ ਦੀ ਦੂਸਰੀ ਬਾਰੀ ਦੀ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਦੇ ਮੌਕੇ ਤਾਂ ਭ੍ਰਿਸ਼ਟਾਚਾਰ ਦੇ ਘੁਟਾਲਿਆਂ ਦਾ ਜਿਵੇਂ ਹੜ੍ਹ ਹੀ ਆ ਗਿਆ। ਘੁਟਾਲੇ ਵੀ ਛੋਟੇ ਮੋਟੇ ਨਹੀਂ, ਕਰੋੜਾਂ-ਅਰਬਾਂ ਰੁਪਏ ਦੇ ਹਨ। ਮਹਾਨ ਦੇਸ਼ ਦੇ ਸਾਧਾਰਨ ਨਾਗਰਿਕ ਦਾ ਤਾਂ ਨੋਟਾਂ ਦੇ ਇਨੇਂ ਵੱਡੇ ਢੇਰ ਦੇਖ ਕੇ ਦਿਲ ਹੀ ਦਹਿਲ ਜਾਵੇ।


ਸੂਬਾ ਸਰਕਾਰਾਂ ਵੀ ਪਿੱਛੇ ਨਹੀਂ ਹਨ। ਗੁਆਂਢੀ ਸੂਬੇ ਦਾ ਸਾਬਕਾ ਮੁੱਖ ਮੰਤਰੀ ਆਪਣੇ ਸਪੁੱਤਰ ਤੇ ਸਾਥੀਆਂ ਸਮੇਤ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਹਨ। ਇੱਕ ਹੋਰ ਨੇੜਲੇ ਸੂਬੇ ਵਿੱਚ ਨਵੀਂ ਬਣੀ ਕਾਂਗਰਸ ਸਰਕਾਰ ਦੇ ਇੱਕ ਮੰਤਰੀ ਦਾ ਬਜ਼ੁਰਗ ਪਿਤਾ ਸ੍ਰੀ ਤੇ ਸਾਬਕਾ ਕੇਂਦਰੀ ਮੰਤਰੀ ਭ੍ਰਿਸ਼ਟ ਕਾਰਨਾਮਿਆਂ ਕਰਕੇ ਕੈਦ ਦੀ ਸਜ਼ਾ ਭੁਤ ਰਿਹਾ ਹੈ।  ਇਸ ਬਜ਼ੁਰਗ ਕਾਂਗਰਸੀ ਮੰਤਰੀ ਮਹੋਦਿਆਂ ਦੇ ਖਾਬਗਾਹਾਂ ਦੇ ਪਲੰਘਾਂ ਦੇ ਗੱਦੇ ਕਾਲੇ ਨੋਟਾਂ ਨਾਲ ਭਰੇ ਪਏ ਮਿਲੇ ਸਨ।  ਉਸ ਦੇ ਸਪੁੱਤਰ ਨੂੰ ਹੁਣ ਮੰਤਰੀ ਦੀ ਕੁਰਸੀ ਨਾਲ ਨਿਵਾਜ਼ਿਆ ਗਿਆ ਹੈ। ਦੇਸ਼ ਦੇ ਸਭ ਤੋਂ ਵੱਡੇ ਸੂਬੇ ਦੇ ਮੰਤਰੀ ਪੁਲਿਸ ਅਫਸਰਾਂ ਨੂੰ ਕਤਲ ਕਰਵਾ ਰਹੇ ਹਨ। ਸਾਡੇ ਦੇਸ਼ ਵਿੱਚ ਰਾਜੇ-ਮਹਾਰਾਜਿਆਂ ਦੀ ਪੁਰਾਤਨ ਵੰਨਗੀ ਤਾਂ ਅਲੋਪ ਹੋ ਗਈ ਹੈ, ਹੁਣ ਇਸ ਪ੍ਰਜਾਤੀ ਦੀ ਨਵੀਂ ਕਿਸਮ ਪੈਦਾ ਹੋ ਗਈ ਹੈ- ਲੋਕਤੰਤਰੀ ਰਾਜਿਆਂ ਦੀ- ਨਹੀਂ ਪੈਸਾ-ਤੰਤਰੀ ਰਾਜਿਆਂ ਦੀ ਕਹਿਣਾ ਜ਼ਿਆਦਾ ਠੀਕ ਹੋਵੇਗਾ।
ਸ਼ੁਕਰ ਹੈ ਅਜਿਹੇ ਹਨੇਰੇ ਵਿੱਚ ਕਿਤੇ ਨਾ ਕਿਤੇ ਚਾਨ੍ਹਣ ਦੀ ਕਿਰਨ ਵੀ ਨਜ਼ਰੀਂ ਪੈ ਜਾਂਦੀ ਹੈ। ਦੇਸ਼ ਦਾ ਛੋਟਾ ਜਿਹਾ ਪ੍ਰਾਂਤ ਹੈ, ਤ੍ਰਿਪੁਰਾ। ਪਿੱਛੇ ਜਿਹੇ ਉੱਥੇ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਹਨ। ਮਾਨਿਕ ਸਰਕਾਰ ਨੇ ਲਗਾਤਾਰ ਪੰਜਵੀਂ ਵਾਰ ਮੁੱਖ ਮੰਤਰੀ ਦੇ ਆਹੁਦੇ ਦੀ ਸੌਂਹ ਚੁੱਕੀ ਹੈ। ਉਹ ਦੇਸ਼ ਦੇ ਸ਼ਬ ਤੋਂ ਗ਼ਰੀਬ ਮੁੱਖ ਮੰਤਰੀ ਦੇ ਨਾਂ ਨਾਲ ਮਸ਼ਹੂਰ ਹੈ। ਚੋਣ ਕਮਿਸ਼ਨ ਨੂੰ ਦਿੱਤੇ ਹਲਫ਼ਨਾਮੇ ਵਿੱਚ ਉਸ ਨੇ ਦੱਸਿਆ ਕਿ ਤਕਰੀਬਨ ਦੋ ਹਜ਼ਾਰ ਰੁਪਏ ਦੇ ਕਰੀਬ ਉਸ ਕੋਲ ਬੈਂਕ ਵਿੱਚ ਜਮ੍ਹਾਂ ਹਨ, ਨਾ ਕੋਈ ਮੋਟਰਕਾਰ, ਨਾ ਮੋਟਰਸਾਈਕਲ, ਨਾ ਕੋਈ ਆਪਣਾ ਘਰ ਜਾਂ ਜ਼ਮੀਨ ਜਾਇਦਾਦ, ਉਸ ਦੀ ਪਤਨੀ ਦੇ ਬੈਂਕ ਖ਼ਾਤੇ ਵਿੱਚ ਜ਼ਰੂਰ ਵੀਹ-ਇੱਕੀ ਲੱਖ ਹੋਵੇਗਾ, ਜੋ ਉਸ ਨੂੰ ਸਰਕਾਰੀ ਨੌਕਰੀ ਤੋਂ ਸੇਵਾ-ਮੁਕਤੀ ਤੋਂ ਬਾਅਦ ਮਿਲੇ ਸਨ।

ਮੁੱਖ ਮੰਤਰੀ ਵਜੋਂ ਮਿਲਦੀ ਆਪਣੀ ਸਾਰੀ ਤਨਖਾਹ ਉਹ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੰਦਾ ਹੈ, ਜੋ ਉਸ ਨੂੰ ਪੰਜ ਹਜ਼ਾਰ ਮਹੀਨੇ ਦੇ ਗੁਜ਼ਾਰੇ ਲਈ ਦਿੰਦੀ ਹੈ। 1998 ਵਿੱਚ ਜਦ ਉਹ ਪਹਿਲੀ ਵਾਰ ਮੁੱਖ ਮੰਤਰੀ ਬਣਿਆ ਤਾਂ ਸੂਬੇ ਵਿੱਚ ਅੱਤਵਾਦੀ, ਵੱਖਵਾਦੀ ਸਰਗਰਮੀਆਂ ਜ਼ੋਰਾਂ ’ਤੇ ਸਨ।  ਦੋ ਪ੍ਰਮੁੱਖ ਅੱਤਵਾਦੀ ਜੱਥੇਬੰਦੀਆਂ, ਲਿਬਰੇਸ਼ਨ ਫਰੰਟ ਆਫ਼ ਤ੍ਰਿਪੁਰਾ ਅਤੇ ਤ੍ਰਿਪੁਰਾ ਟਾਈਗਰ ਫ਼ੋਰਸ, ਦਾ ਲੋਕਾਂ ਵਿੱਚ ਡਰ ਤੇ ਸਹਿਮ ਛਾਇਆ ਹੋਇਆ ਸੀ। ਮਾਨਿਕ ਸਰਕਾਰ ਵੱਲੋਂ ‘ਅਮਨ ਤੇ ਵਿਕਾਸ’ ਦੇ ਨਾਅਰੇ ਹੇਠ ਮੁਹਿੰਮ ਸ਼ੁਰੂ ਕੀਤੀ ਗਈ। ਇਸ ਵੇਲੇ 80 ਪ੍ਰਤੀਸ਼ਤ ਤੋਂ ਜ਼ਿਆਦਾ ਅੱਤਵਾਦੀ ਜਾਂ ਤਾਂ ਆਤਮ ਸਮਰਪਣ ਕਰ ਗਏ ਹਨ ਜਾਂ ਮਾਰੇ ਗਏ ਹਨ।

1977 ਤੋਂ ਬਾਅਦ ਦੀਆਂ ਇਹ 2013 ਦੀਆਂ ਪਹਿਲੀਆਂ ਚੋਣਾਂ ਹਨ, ਜਿਸ ਦੌਰਾਨ ਹਿੰਸਾ ਨਾ-ਮਾਤਰ ਦੇਖਣ ਨੂੰ ਮਿਲੀ ਹੈ। ਮਾਨਿਕ ਸਰਕਾਰ ਦੀ ਇਹ ਬਹੁਤ ਵੱਡੀ ਪ੍ਰਾਪਤੀ ਹੈ ਕਿ ਪ੍ਰਾਂਤ ਦੇ ਮੂਲ ਨਿਵਾਸੀ ਅਤੇ ਬੰਗਾਲੀ ਬੋਲਣ ਵਾਲੇ ਪਰਵਾਸੀ ਆਪਸੀ ਸਹਿਯੋਗ, ਸਹਿਚਾਰ ਤੇ ਪਿਆਰ ਨਾਲ ਰਹਿਣ ਲੱਗ ਪਏ ਹਨ। ਪ੍ਰਦੇਸ਼ ਵਿੱਚ 31 ਫੀਸਦ ਵਸੋਂ ਜੰਗਲਾਂ ਵਿੱਚ ਰਹਿਣ ਵਾਲੇ ਆਦਿਵਾਸੀਆਂ ਦੀ ਹੈ, ਜੋ ਹੁਣ ਜ਼ਿੰਦਗੀ ਦੀ ਮੁੱਖ ਧਾਰਾ ਨਾਲ ਜੁੜ ਗਏ ਹਨ। ਜੰਗਲ ਹੀ ਇਨ੍ਹਾਂ ਦੀ ਉਪਜੀਵਿਕਾ ਦੇ ਮੁੱਖ ਸਾਧਨ ਸਨ।

ਇਨ੍ਹਾਂ ਦੀ ਬਿਹਤਰੀ ਲਈ ਖਾਸ ਪ੍ਰੋਗਰਾਮ ਸ਼ੁਰੂ ਕੀਤੇ ਗਏ। ਅਧਿਕਾਰਾਂ ਦੀ ਰਾਖ਼ੀ ਲਈ ਉਨ੍ਹਾਂ ਨੂੰ ਪੱਕੇ ਪਟੇ ਦਿੱਤੇ ਗਏ, ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਗਏ। ਆਦਿਵਾਸੀ ਲੋਕਾਂ ਦੀ ਮਾਤਭਾਸ਼ਾ ‘ਕਾਕਾਬਾਰਕ’ ਦੇ ਵਿਕਾਸ ਲਈ ਸਕੂਲੀ ਕਿਤਾਬਾਂ ਤੇ ਡਿਕਸ਼ਨਰੀਆਂ ਛਾਪੀਆਂ ਗਈਆਂ। ਅਮਨ ਤੇ ਵਿਕਾਸ ਦੀ ਇਸ ਯੋਜਨਾ ਨੇ ਆਦਿਵਾਸੀ ਲੋਕਾਂ ਨੂੰ ਹਿੰਸਾ ਤੇ ਗ਼ਰੀਬੀ ਦੀ ਜਿੱਲਣ ਵਿੱਚੋਂ ਕੱਢ ਕੇ ਖੁਸ਼ਹਾਲ ਜ਼ਿੰਦਗੀ ਦੇ ਰਾਹ ਤੋਰਿਆ ਹੈ। ਇਸ ਮਿਹਨਤ ਦਾ ਨਤੀਜਾ ਹੀ ਹੈ ਕਿ ਖੱਬੇ-ਪੱਖੀ ਮੁਹਾਜ਼ ਨੇ ਆਦਿਵਾਸੀਆਂ ਲਈ ਰਾਖਵੀਆਂ ਵਿਧਾਨ ਸਭਾ ਦੀਆਂ ਵੀਹ ਸੀਟਾਂ ਵਿੱਚੋਂ 19 ਅਤੇ ਅਨੁਸੂਚਿਤ ਜਾਤੀਆਂ ਲਈ ਰਾਖਵੀਆਂ 10 ਸੀਟਾਂ ਵਿੱਚੋਂ 8 ’ਤੇ ਜਿੱਤ ਪ੍ਰਾਪਤ ਕੀਤੀ ਹੈ।  ਅਮਨ ਤੇ ਸਥਿਰਤਾ ਦੇ ਮਾਹੌਲ ਨੇ ਆਰਥਿਕ ਵਿਕਾਸ ਲਈ ਰਾਹ ਪੱਧਰਾ ਕੀਤਾ ਹੈ।

ਤ੍ਰਿਪੁਰਾ ਸਮਾਜਿਕ ਵਿਕਾਸ ਦੇ ਹਰ ਖੇਤਰ ਵਿੱਚ ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ। ਪ੍ਰਾਂਤ ਦੀ 90 ਫੀਸਦ ਆਬਾਦੀ ਪੜ੍ਹੀ-ਲਿਖੀ ਹੈ ਅਤੇ ਪੜ੍ਹੇ-ਲਿਖੇ ਮਰਦ ਤੇ ਔਰਤਾਂ ਵਿਚਲਾ ਫ਼ਰਕ ਘਟ ਰਿਹਾ ਹੈ। ਨਵ-ਜਨਮੇ ਬੱਚਿਆਂ ਦੀ ਮੌਤ-ਦਰ ਅਤੇ ਜਨਮ ਦੇਣ ਸਮੇਂ ਮਾਵਾਂ ਦੀ ਮੌਤ-ਦਰ ਕੌਮੀ ਔਸਤ ਤੋਂ ਹੇਠਾਂ ਆ ਗਈ ਹੈ। 95 ਪ੍ਰਤੀਸ਼ਤ ਵਸੋਂ ਨੂੰ ਪੀਣ ਲਈ ਸਾਫ਼-ਸੁਥਰਾ ਪਾਣੀ ਉਪਲੱਬਧ ਹੈ। 80 ਪ੍ਰਤੀਸ਼ਤ ਘਰਾਂ ਵਿੱਚ ਬਿਜਲੀ ਦੇ ਬਲਬ ਜਗ ਪਏ ਹਨ। ਜਨਤਕ ਵੰਡ ਪ੍ਰਣਾਲੀ ਰਾਹੀਂ ਗ਼ਰੀਬੀ ਰੇਖ਼ਾ ਤੋਂ ਹੇਠਾਂ ਲੋਕਾਂ ਨੂੰ 35 ਕਿੱਲੋ ਰਾਸ਼ਨ ਪ੍ਰਤੀ ਪਰਿਵਾਰ ਦੋ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਦਿੱਤਾ ਜਾ ਰਿਹਾ ਹੈ। ਭਾਵੇਂ ਮਾਨਿਕ ਸਰਕਾਰ ਦਾ ਕਹਿਣਾ ਹੈ ਕਿ ਉਸ ਦਾ ਮੁੱਖ ਮਕਸਦ ਵਿਕਾਸ ਨੂੰ ਪਹਿਲ ਦੇਣਾ ਹੈ ਨਾ ਕਿ ਪ੍ਰਤੀ ਜੀਅ ਆਮਦਨ ਵਧਾਉਣ ਨੂੰ।

 ਦਸਵੀਂ ਪੰਜ ਸਾਲਾ ਯੋਜਨਾ (2002-07) ਦੌਰਾਨ ਪ੍ਰਾਂਤ ਦੀ ਪ੍ਰਤੀ ਜੀਅ ਆਮਦਨ 29028 ਰੁਪਏ ਤੋਂ ਵਧ ਕੇ 50 ਹਜ਼ਾਰ ਰੁਪਏ ਤੋਂ ਉੱਪਰ ਹੋ ਗਈ ਹੈ। ਯੋਜਨਾ ਕਮਿਸ਼ਨ ਨਾਲ ਜੁੜੀ ਰਾਧਿਕਾ ਕਪੂਰ ਨੇ ਜਨਵਰੀ 2012-13 ਦੇ ‘ਇਕਨਾਮਿਕ ਐਂਡ ਪੋਲੀਟੀਕਲ’ ਵੀਕਲੀ ਵਿੱਚ ਲਿਖਿਆ ਹੈ ਕਿ ਗ਼ਰੀਬੀ ਖ਼ਤਮ ਕਰਨ ਦੇ ਮਾਮਲੇ ਵਿੱਚ ਤ੍ਰਿਪੁਰਾ ਦੀ ਪ੍ਰਾਪਤੀ ਦੇਸ਼ ਭਰ ਵਿੱਚ ਪਹਿਲੇ ਨੰਬਰ ’ਤੇ ਹੈ। ਸਾਲ 2004-05 ਤੋਂ 2009-10 ਦਰਮਿਆਨ ਗ਼ਰੀਬੀ 22.6 ਪ੍ਰਤੀਸ਼ਤ ਦੀ ਦਰ ਨਾਲ ਹੇਠ ਆਈ ਹੈ। ਪਿਛਲੇ ਤਿੰਨ ਸਾਲਾਂ ਤੋਂ ਮਨਰੇਗਾ ਸਕੀਮ ਲਾਗੂ ਕਰਨ ਵਿੱਚ ਤ੍ਰਿਪੁਰਾ ਸਬ ਤੋਂ ਉੱਪਰ ਹੈ। ਦੇਸ਼ ਭਰ ਵਿੱਚ ਸਭ ਤੋਂ ਵਧੀਆ ਪੰਚਾਇਤੀ ਰਾਜ ਪ੍ਰਬੰਧ ਤ੍ਰਿਪੁਰਾ ਵਿੱਚ ਹੈ।

ਮਾੜੀਆਂ ਸੜਕਾਂ ਆਰਥਿਕ ਵਿਕਾਸ ਦੇ ਰਾਹ ਵਿੱਚ ਮੁੱਖ ਰੁਕਾਵਟਾਂ ਬਣਦੀਆਂ ਹਨ। ਇਸ ਵੇਲੇ ਪ੍ਰਾਂਤ ਦੇ ਦੂਰ-ਦੁਰਾਡੇ ਇਲਾਕੇ ਵੀ ਰਾਜਧਾਨੀ ਅਗਰਤਲਾ ਨਾਲ ਸੜਕਾਂ ਰਾਹੀਂ ਜੁੜ ਗਏ ਹਨ। ਹਰ ਪੰਚਾਇਤ ਤੇ ਪਿੰਡ ਤੱਕ ਹਰ ਮੌਸਮ ਵਿੱਚ ਅੱਪੜਿਆ ਜਾ ਸਕਦਾ ਹੈ। ਕੁਝ ਦੇਰ ਪਹਿਲਾਂ ਸੂਬੇ ਵਿੱਚ ਅਜਿਹੇ ਇਲਾਕੇ ਵੀ ਸਨ, ਜਿੱਥੇ ਪਹੁੰਚਣ ਲਈ ਹਾਥੀ ਜਾਂ ਹੈਲੀਕਾਪਟਰ ਦੀ ਸਵਾਰੀ ਕਰਨੀ ਪੈਂਦੀ ਸੀ। ਕਦੇ ਤ੍ਰਿਪੁਰਾ ਭੋਜਨ ਪਦਾਰਥਾਂ ਦੀ ਥੁੜ੍ਹ ਵਾਲਾ ਮੁੱਖ ਪ੍ਰਾਂਤ ਸੀ। ਹੁਣ ਇਹ ਇਸ ਖੇਤਰ ਵਿੱਚ ਸਵੈ-ਨਿਰਭਰ ਹੋਣ ਜਾ ਰਿਹਾ ਹੈ। ਚਾਵਲ ਦੀ ਪੈਦਾਵਾਰ ਸਾਲਾਨਾ 7 ਲੱਖ ਟਨ ਹੋਣ ਲੱਗ ਪਈ ਹੈ, ਜਦ ਕਿ ਇਸ ਦੀ ਜ਼ਰੂਰਤ 8.5 ਲੱਖ ਟਨ ਦੀ ਹੈ। ਇਹ ਸਫ਼ਲਤਾ ਸਿੰਜਾਈ ਸਾਧਨਾਂ ਦੇ ਵਿਕਾਸ ਦੇ ਕਾਰਨ ਸੰਭਵ ਹੋਈ ਹੈ। ਕਦੇ ਤ੍ਰਿਪੁਰਾ ਵਿੱਚ ਸਿੰਜਾਈ ਸਹੂਲਤ ਨਾ-ਮਾਤਰ ਹੀ ਸੀ, ਹੁਣ 60 ਪ੍ਰਤੀਸ਼ਤ ਖੇਤੀ ਯੋਗ ਭੂਮੀ ਲਈ ਸਥਿਰ ਸਿੰਜਾਈ ਸਹੂਲਤਾਂ ਹਾਸਲ ਹਨ।

ਵਿਧਾਨ ਸਭਾ ਚੋਣਾਂ ਵਿੱਚ ਮਾਨਿਕ ਸਰਕਾਰ ਦੀ ਅਗਵਾਈ ਦਾ ਮਹੱਤਵਪੂਰਨ ਯੋਗਦਾਨ ਹੈ। ਖੱਬੇ-ਪੱਖੀ ਮੋਰਚੇ ਨੂੰ 60 ਸੀਟਾਂ ਵਿੱਚੋਂ 50 ’ਤੇ ਜਿੱਤ ਪ੍ਰਾਪਤ ਹੋਈ ਹੈ। ਕੁੱਲ ਪ੍ਰਾਪਤ ਹੋਈਆਂ ਵੋਟਾਂ ਦਾ ਪ੍ਰਤੀਸ਼ਤ ਵੀ 2008 ਦੇ 51 ਤੋਂ 52 ਹੋ ਗਿਆ ਹੈ। ਮਾਨਿਕ ਸਰਕਾਰ ਦੀ ਇਮਾਨਦਾਰੀ, ਸਹਿਜ ਸੁਭਾਅ ਤੇ ਮਿਹਨਤ ’ਤੇ ਤ੍ਰਿਪੁਰਾ ਦੇ ਲੋਕਾਂ ਨੂੰ ਮਾਣ ਹੈ। ਉਹ ਦੇਸ਼ ਦਾ ਸਭ ਤੋਂ ਗ਼ਰੀਬ ਮੁੱਖ ਮੰਤਰੀ ਹੈ, ਪਰ ਲੋਕਾਂ ਤੋਂ ਮਿਲਦੇ ਸਨੇਹ ਅਤੇ ਪਿਆਰ ਪੱਖੋਂ ਉਹ ਸਭ ਤੋਂ ਅਮੀਰ ਹੈ।

ਤ੍ਰਿਪੁਰਾ ਦੇ ਵਿੱਦਿਆ, ਸੱਭਿਆਚਾਰ, ਸੈਰ-ਸਪਾਟਾ ਤੇ ਸਮਾਜ ਭਲਾਈ ਮੰਤਰੀ ਅਨਿਲ ਸਰਕਾਰ ਦਾ ਕਹਿਣਾ ਹੈ, ‘‘ਇਸ ਮਹਾਨ ਜਿੱਤ ਦਾ ਸਿਹਰਾ ਸਰਕਾਰ ਦੀ ਇਮਾਨਦਾਰੀ, ਮੁੱਖ ਮੰਤਰੀ ਦੀ ਦਿਆਨਤਦਾਰੀ ਅਤੇ ਵਿਰੋਧੀ ਵਿਚਾਰਾਂ ਨੂੰ ਧਿਆਨ ਨਾਲ ਸੁਣਨ ਦੀ ਆਦਤ ਅਤੇ ਉਸ, ਦੇ ਵਿਸ਼ਾਲ ਹਿਰਦੇ ਦੇ ਸਿਰ ਹੈ। ਉਹ ਕਮਿਊਨਿਸਟ ਲਹਿਰ ਵਿੱਚ ਇੱਕ ਨਵੀਂ ਰੂਹ ਤੇ ਜੋਸ਼ ਭਰ ਰਿਹਾ ਹੈ- ਬਰਾਬਰੀ ਅਤੇ ਖਪੱਲ੍ਹੀ ਜਮਹੂਰੀਅਤ ਦਾ ਇੱਕ ਨਵੀਂ ਲਹਿਰ।’’ ਲੋਕਾਂ ਦੇ ਜਨ-ਆਦੇਸ਼ ਦਾ ਸਵਾਗਤ ਕਰਦੇ ਹੋਏ ਮਾਨਿਕ ਸਰਕਾਰ ਨੇ ਕਿਹਾ, ‘‘ਇਹ ਅਮਨ, ਸਦਭਾਵਨਾ ਅਤੇ ਵਿਕਾਸ ਦੇ ਹੱਕ ਵਿੱਚ ਦਿੱਤਾ ਫ਼ਤਵਾ ਹੈ। ਲੋਕਾਂ ਦੁਆਰਾ ਸਾਡੇ ਉੱਤੇ ਕੀਤੇ ਭਰੋਸੇ ਨੂੰ ਪੂਰਾ ਕਰਨ ਲਈ ਅਸੀਂ ਨਿਮਰਤਾ ਨਾਲ ਕੋਸ਼ਿਸ਼ ਕਰਦੇ ਰਹਾਂਗੇ।’’ ਅਨਿਲ ਸਰਕਾਰ ਦੇ ਲਫ਼ਜ਼ ਵੀ ਧਿਆਨ ਯੋਗ ਹਨ, ‘‘ਸਾਡਾ ਪ੍ਰਾਂਤ ਜ਼ਰੂਰ ਇੱਕ ਗ਼ਰੀਬ ਪ੍ਰਾਂਤ ਹੋਵੇਗਾ, ਪਰ ਸਾਡਾ ਸਰਮਾਇਆ ਸਾਡੇ ਲੋਕ ਹਨ। ਇਹ ਲੋਕ ਹੀ ਸਾਡੀ ਤਾਕਤ ਹਨ, ਜੋ ਤ੍ਰਿਪੁਰਾ ਨੂੰ ਅੱਗੇ ਲੈ ਕੇ ਜਾਣਗੇ।’’

ਸੰਪਰਕ:  98721-40145
     

Comments

Melissa

Clear, inivematfor, simple. Could I send you some e-hugs?

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ