Sat, 20 April 2024
Your Visitor Number :-   6987307
SuhisaverSuhisaver Suhisaver

ਵਿਦਿਆਰਥੀਆਂ ਵਿੱਚ ਭਾਂਜਵਾਦੀ ਰੁਝਾਨ : ਕਾਰਨ ਤੇ ਹੱਲ - ਅਮਰਿੰਦਰ ਸਿੰਘ

Posted on:- 09-01-2014

ਹਰ ਇੱਕ ਵਿਦਿਆਰਥੀ ਦੇ ਜੀਵਨ ਵਿੱਚ ਸਕੂਲੀ ਵਿੱਦਿਆ ਆਪਣਾ ਮਹੱਤਵਪੂਰਨ ਤੇ ਬੁਨਿਆਦੀ ਯੋਗਦਾਨ ਪਾਉਂਦੀ ਹੈ।ਵਿਦਿਆਰਥੀ ਜੀਵਨ ਦੇ ਇਸ ਮੁਢਲੇ ਦੌਰ ਵਿੱਚ ਸਕੂਲ ਦਾ ਅਨੁਸ਼ਾਸਨ ਹੀ ਵਿਦਿਆਰਥੀਆਂ ਵਿਚਲੀਆਂ ਚਿੱਤ-ਬਿਰਤੀਆਂ ਨੂੰ ਨਿਯਮਤ ਕਰਦਾ ਹੈ ਅਤੇ ਉਹਨਾਂ ਅੰਦਰ ਵਿੱਦਿਆ ਦੇ ਮਕਸਦ ਨੂੰ ਦ੍ਰਿੜ ਕਰਦਾ ਹੈ।ਸਹੀ ਮਾਅਨਿਆਂ ਵਿੱਚ ਵਿਦਿਆਰਥੀਆਂ ਦੀਆਂ ਸਰੀਰਕ,ਮਾਨਸਿਕ ਤੇ ਭਾਵਨਾਤਮਿਕ ਸਰਗਰਮੀਆਂ ਦਾ ਸਰਵਪੱਖੀ ਵਿਕਾਸ ਸੰਭਵ ਹੁੰਦਾ ਹੈ।

ਅਸਲ ਅਰਥਾਂ ਵਿੱਚ ਸਕੂਲ ਇੱਕ ਕੁਸ਼ਲ/ਪ੍ਰਤੀਬੱਧ ਅਧਿਆਪਕ,ਜਿਗਿਆਸੂ ਵਿਦਿਆਰਥੀ,ਵਿਗਿਆਨਕ ਤੇ ਤਰਕਸੰਗਤ ਪਾਠ-ਕ੍ਰਮ ਤੇ ਬੁਨਿਆਦੀ ਢਾਂਚਾ ਤੇ ਲੋਕਮੁਖੀ ਸਿੱਖਿਆ ਨੀਤੀ ਦਾ ਸੁਮੇਲ ਹੁੰਦਾ ਹੈ।ਇਸ ਚੌਕੋਣ ਵਿੱਚ ਇੱਕ ਰੇਖਾ ਦੇ ਟੇਢੇ ਤੇ ਖੰਡਤ ਹੋ ਜਾਣ ਨਾਲ ਹੀ ਸਮੁੱਚਾ ਵਿੱਦਿਅਕ ਢਾਂਚਾ ਬਦਸੂਰਤ ਤੇ ਬਦਮਿਜਾਜ਼ ਹੋ ਜਾਂਦਾ ਹੈ।ਵਿਦਿਆਰਥੀਆਂ ਦਾ ਅਕਸਰ ਸਕੂਲੋਂ ਭੱਜਣਾ ਇਸ ਗੱਲ ਦਾ ਸਪਸ਼ਟ ਸੰਕੇਤ ਹੈ ਕਿ ਇਸ ਚੌਕੋਣ ਵਿੱਚ ਕਿਤੇ ਨਾ ਕਿਤੇ ਤਾਲਮੇਲ ਤੇ ਇਕਸਾਰਤਾ ਦੀ ਕਮੀ ਹੈ।


ਇਹ ਆਮ ਦੇਖਣ ਵਿੱਚ ਆਇਆ ਹੈ ਕਿ ਬਹੁਤੇ ਵਿਦਿਆਰਥੀ ਅੱਧੀ ਛੁੱਟੀ ਸਾਰੀ ਕਰਕੇ ਸਕੂਲੋਂ ਭਗੌੜੇ ਹੋ ਜਾਂਦੇ ਹਨ।ਜਿਹੜੇ ਇਹ ਦਲੇਰਾਨਾ ਕਦਮ ਚੁੱਕਮ ਵਿੱਚ ਅਸਮਰਥ ਰਹਿ ਜਾਂਦੇ ਹਨ ਉਹ ਸਕੂਲੋਂ ਕਿਸੇ ਨਾ ਕਿਸੇ ਬਹਾਨੇ ਛੁੱਟੀ ਲੈਣ ਵਿੱਚ ਕਾਮਯਾਬ ਹੋ ਜਾਂਦੇ ਹਨ।ਸਕੂਲੋਂ ਭੱਜਣ ਵਾਲੇ ਵਿਦਿਆਰਥੀਆਂ ਵਿੱਚ ਬਹੁਤ ਵੱਡੀ ਗਿਣਤੀ ਮੁੰਡਿਆਂ ਦੀ ਹੈ।ਪੰਜਾਬ ਵਿਚਲੇ ਬਹੁਤੇ ਸਰਕਾਰੀ ਸਕੂਲ ਇਸ ਬੀਮਾਰੀ ਤੋਂ ਗ੍ਰਸਤ ਹਨ।ਇਹ ਇੱਕ ਅਜਿਹੀ ਸਮੱਸਿਆ ਹੈ ਜੋ ਕਿ ਪੂਰੇ ਸਿੱਖਿਆ ਢਾਂਚੇ ਨੂੰ ਪ੍ਰਭਾਵਿਤ ਹੀ ਨਹੀਂ ਕਰਦੀ ਸਗੋਂ ਸਿੱਖਣ ਦੇ ਅਮਲ ਨੰ ਢਾਹੂ ਤੇ ਨਿਸਾਰੂ ਵੀ ਬਣਾਉਂਦੀ ਹੈ।

ਸਿੱਖਿਆ ਕਾਲਜਾਂ ਵਿੱਚ ਆਮ ਤੌਰ ਤੇ ਵਿੱਦਿਅਕ ਮਨੋਵਿਗਿਆਨ ਤੇ ਦਰਸ਼ਨ ਦੀ ਮੱਦਦ ਰਾਹੀਂ ਵਿਦਿਆਰਥੀਆਂ ਦੇ ਸਕੂਲੋਂ ਭੱਜਣ ਲਈ ਅਕਸਰ ਇੱਕ ਅਧਿਆਪਕ ਨੂੰ ਜ਼ਿੰਮੇਵਾਰ ਠਹਿਰਾਅ ਦਿੱਤਾ ਜਾਂਦਾ ਹੈ।ਇਹ ਇੱਕ ਭੁਲੇਖਾਪਾਊ,ਅਸਪਸ਼ਟ ਤੇ ਇੱਕਪਾਸੜ ਧਾਰਨਾ ਹੈ ਜਿਸ ਵਿੱਚ ਬਾਕੀ ਦੇ ਜ਼ਰੂਰੀ ਵਿੱਦਿਅਕ ਤੱਤਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਹੈ।ਸਰਵੇਖਣ ਅਨੁਸਾਰ ਇਹ ਪਤਾ ਲੱਗਿਆ ਹੈ ਕਿ ਵਿਦਿਆਰਥੀਆਂ ਦੇ ਸਕੂਲੋਂ ਭੱਜਣ ਦੀਆਂ ਬਹੁਤੀਆਂ ਘਟਨਾਵਾਂ ਅਕਸਰ ਮੁੰਡਿਆਂ ਦੇ ਸਕੂਲ ਵਿੱਚ ਹੀ ਜਿਆਦਾ ਵਾਪਰਦੀਆਂ ਹਨ ਜਿਸ ਕਰਕੇ ਅਜਿਹੇ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਦੌਰਾਨ ਅਧਿਆਪਕਾਂ ਦੀਆਂ ਝਿੜਕਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ।ਅਜਿਹਾ ਕਰਨ ਨਾਲ ਵਿਦਿਆਰਥੀ ਕਈ ਵਾਰ ਸੁਧਰਨ ਦੀ ਬਜਾਇ ਵਧੇਰੇ ਢੀਠ ਤੇ ਸ਼ਖਤ ਮਿਜਾਜ਼ ਬਣ ਜਾਂਦੇ ਹਨ।ਵਿਦਿਆਰਥੀਆਂ ਦੇ ਸਕੂਲੋਂ ਭੱਜਣ ਵਿੱਚ ਉਹ ਵਿਦਿਆਰਥੀ ਵੀ ਸ਼ਾਮਲ ਹਨ ਜਿਹੜੇ ਅਕਸਰ ਸਕੂਲ ਨਾ ਆਉਣ ਦੀ ਪਰੰਪਰਾ ਦੇ ਹਮਾਇਤੀ ਹਨ।ਇਹ ਸਮੱਸਿਆ ਨਿੱਜੀ ਸਕੂਲਾਂ ਵਿੱਚ ਨਾਂਹ ਮਾਤਰ ਸਮਾਨ ਹੈ।ਇਸ ਦਾ ਕਾਰਨ ਇਹ ਹੈ ਕਿ ਨਿੱਜੀ ਸਕੂਲਾਂ ਵਿੱਚ ਉਹ ਬੁਨਿਆਦੀ ਢਾਂਚਾ ਮੁਹਈਆ ਹੈ ਜਿਹੜਾ ਕਿ ਅਧਿਆਪਨ-ਸਿੱਖਣ ਦੇ ਅਮਲ ਨੂੰ ਸੁਖਾਵਾਂ ਤੇ ਸੁਖਦ ਬਣਾਉਂਦਾ ਹੈ।ਅਧਿਆਪਨ ਤੇ ਸਿੱਖਣ ਦੀ ਇਸ ਪ੍ਰਕਿਰਿਆ ਨੰੁ ਵਧੇਰੇ ਚੁਸਤ-ਦਰੁਸਦ ਬਨਾਉਣ ਲਈ ਉਕਤ ਚਾਰ ਬੁਨਿਆਦੀ ਆਧਾਰ ਜਿੰਨੇ ਮਜ਼ਬੂਤ,ਸਮਰਿਧ ਤੇ ਸ਼ਕਤੀਸ਼ਾਲੀ ਹੋਣਗੇ ਵਿਦਿਆਰਥੀ ਨਾ ਕੇਵਲ ਸਕੂਲ ਤੋਂ ਪਲਾਇਣ ਕਰਨ ਦਾ ਤਿਆਗ ਕਰਨਗੇ ਸਗੋਂ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਵੀ ਸੰਭਵ ਹੋਵੇਗਾ।


ਵਿੱਦਿਆਰਥੀਆਂ ਵਿੱਚ ਪੜ੍ਹਾਈ ਪ੍ਰਤੀ ਦਿਖਾਈ ਜਾਂਦੀ ਉਦਾਸੀਨਤਾ ਤੇ ਸਕੂਲੋਂ ਭੱਜਣ ਦਾ ਪਹਿਲਾ ਅਹਿਮ ਕਾਰਨ ਅਧਿਆਪਕ ਦੀ ਕਿੱਤੇ ਪ੍ਰਤੀ ਕੁਸ਼ਲਤਾ,ਲਗਨ ਤੇ ਪ੍ਰਤੀਬੱਧਤਾ ਦੀ ਕਮੀ ਨੂੰ ਕਿਹਾ ਜਾ ਸਕਦਾ ਹੈ।ਕਈ ਅਧਿਆਪਕ ਕੇਵਲ ਪੜ੍ਹਾਈ ਨੂੰ ‘ਗਲ ਪਿਆ ਢੋਲ’ ਹੀ ਸਮਝਦੇ ਹਨ।ਅਜਿਹੇ ਅਧਿਆਪਕ ਜਿੰਨਾ ਨੇ ਅਧਿਆਪਨ ਕਿੱਤੇ ਦੀ ਚੋਣ ਕੇਵਲ ਰੋਜ਼ੀ-ਰੋਟੀ ਦੇ ਵਸੀਲੇ ਵਜੋਂ ਕੀਤੀ ਹੁੰਦੀ ਹੈ ਉਹਨਾਂ ਦੀ ਪੜ੍ਹਾਉਣ ਦੀ ਰੁਚੀ ਵੀ ਨੀਰਸਤਾ ਤੇ ਉਦਾਸੀਨਤਾ ਵਾਲੀ ਹੀ ਹੋਵੇਗੀ।ਪ੍ਰਾਇਮਰੀ ਸਕੂਲਾਂ ਵਿੱਚ ਇੱਕ ਹੀ ਅਧਿਆਪਕ ਵੱਲੋਂ ਸਾਰੇ ਵਿਸ਼ੇ ਪੜ੍ਹਾਏ ਜਾਂਦੇ ਹਨ।ਇੱਕ ਹੀ ਅਧਿਆਪਕ ਸਾਰੇ ਵਿਸ਼ਿਆਂ ਨਾਲ ਇਨਸਾਫ਼ ਨਹੀਂ ਕਰ ਸਕਦਾ।ਪ੍ਰਾਇਮਰੀ ਜਮਾਤਾਂ ਜੋ ਕਿ ਸਮੁੱਚੀ ਸਿੱਖਿਆ ਦੀ ਬੁਨਿਆਦ ਹਨ,ਨੂੰ ਹੋਰ ਵਧੇਰੇ ਰਸ ਤੇ ਫ਼ੳਮਪ;ਲਦਾਇਕ ਬਨਾਉਣ ਲਈ ਅਧਿਆਪਕਾਂ ਦੀ ਵੰਨਗੀ ਹੋਣੀ ਚਾਹੀਦੀ ਹੈ।ਇਸ ਪੱਧਰ ’ਤੇ ਅਧਿਆਪਕ ਦਾ ਵਤੀਰਾ ਵਧੇਰੇ ਦਿਆਲੂ ਤੇ ਹਮਦਰਦੀ ਵਾਲਾ ਹੋਣਾ ਚਾਹੀਦਾ ਹੈ।


ਮਿਡਲ,ਹਾਈ ਤੇ ਸੀਨੀਅਰ ਸੈਕੰਡਰੀ ਜਮਾਤਾਂ ਦੇ ਵਿਦਿਆਰਥੀਆਂ ਲਈ ਭਾਵੇਂ ਵੱਖ-ਵੱਖ ਵਿਸ਼ਾ ਅਧਿਆਪਕ ਤਾਇਨਾਤ ਹੁੰਦੇ ਹਨ ਪਰੰਤੂ ਦ੍ਰਿੜ ਇੱਛਾ-ਸ਼ਕਤੀ,ਵਿਸ਼ੇ ਪ੍ਰਤੀ ਲਗਾਓ ਤੇ ਪ੍ਰਤੀਬੱਧਤਾ ਦੀ ਘਾਟ ਵਿਦਿਆਰਥੀਆਂ ਨੂੰ ਵਿਸ਼ੇ ਨਾਲ ਜੋੜਨ ਦੀ ਬਜਾਇ ਤੋੜ ਦਿੰਦੀ ਹੈ।ਆਮ ਲੋਕਾਂ ਵਿੱਚ ਇਹ ਧਾਰਨਾ ਪਾਈ ਜਾਂਦੀ ਹੈ ਕਿ ਅੰਗਰੇਜ਼ੀ ਤੇ ਹਿਸਾਬ ਵਿਸ਼ੇ ਬਹੁਤ ਔਖੇ ਤੇ ਬਾਕੀ ਵਿਸ਼ੇ ਸੌਖੇ ਹੁੰਦੇ ਹਨ।ਆਰਟ/ਕਰਾਫਟ ਤੇ ਸਰੀਰਕ ਸਿੱਖਿਆ ਵਰਗੇ ਮਹੱਤਵਪੂਰਨ ਵਿਸ਼ਿਆਂ ਨੂੰ ਸਿਰਫ਼ ਨਜ਼ਰ ਅੰਦਾਜ਼ ਹੀ ਨਹੀਂ ਕੀਤਾ ਜਾਂਦਾ ਸਗੋਂ ਵਿਸ਼ੇ ਵਜੋਂ ਵੀ ਨਿਗੂਣਾ ਸਮਝਿਆ ਜਾਂਦਾ ਹੈ।ਇਹ ਸਮਾਜਿਕ ਧਾਰਨਾ ਵਿਦਿਆਰਥੀਆਂ ਦੇ ਵੀ ਦਿਲੋ-ਦਿਮਾਗ ਤੇ ਬੈਠ ਜਾਂਦੀ ਹੈ।ਦਿਮਾਗੀ ਤੌਰ ਤੇ ਪਹਿਲਾਂ ਹੀ ਵਿਸ਼ੇ ਨੂੰ ਸੌਖਾ ਜਾਂ ਔਖਾ ਮੰਨ ਕੇ ਉਸ ਪ੍ਰਤੀ ਆਪਣੀ ਧਾਰਨਾ ਬਣਾ ਲਈ ਜਾਂਦੀ ਹੈ।ਅਜਿਹੀ ਸਥਿਤੀ ਵਿੱਚ ਇੱਕ ਕੁਸ਼ਲ ਤੇ ਸੁਹਿਰਦ ਅਧਿਆਪਕ ਹੀ ਵਿਦਿਆਰਥੀਆਂ ਨੂੰ ਇਸ ਮੰਝਧਾਰ ਵਿੱਚੋਂ ਕੱਢ ਸਕਦਾ ਹੈ।ਅਕਸਰ ਵਿਦਿਆਰਥੀ ਸਕੂਲੋਂ ਅਜਿਹੇ ਪੀਰੀਅਡ ਦੌਰਾਨ ਹੀ ਕਿਨਾਰਾਕਸ਼ੀ ਕਰਦੇ ਹਨ ਜਿੰਨਾ ਨੂੰ ਪੜ੍ਹਨ ਸਮੇਂ ਜਿਆਦਾ ਕਠਿਨਾਈ ਹੁੰਦੀ ਹੈ।

ਜ਼ਿਆਦਾ ਜ਼ੁਰਅਤ ਵਾਲੇ ਵਿਦਿਆਰਥੀ ਜਿੱਥੇ ਸਕੂਲੋਂ ਘਰ ਚਲੇ ਜਾਂਦੇ ਹਨ ਉੱਥੇ ਕੁੱਝ ਵਿਦਿਆਰਥੀ ਘਰੋਂ ਮਾਪਿਆਂ ਦੀਆਂ ਝਿੜਕਾਂ ਦੇ ਡਰੋਂ ਪਖਾਨਿਆਂ ਵਿੱਚ ਖੜ੍ਹਕੇ ਆਪਣਾ ਸਮਾਂ ਬਤੀਤ ਕਰਦੇ ਹਨ।ਇੱਕ ਵਿਸ਼ਾ ਅਧਿਆਪਕ ਦੀ ਸ਼ਖ਼ਸ਼ੀਅਤ ਇੰਨੀ ਪ੍ਰਭਾਵਸ਼ਾਲੀ ਹੋਣੀ ਚਾਹੀਦੀ ਹੈ ਕਿ ਵਿਦਿਆਰਥੀਆਂ ਦਾ ਮਨ ਸਕੂਲੋਂ ਭੱਜਣ ਦੀ ਬਜਾਇ ਸਕੂਲ ਆਉਣ ਨੂੰ ਕਰੇ।ਇੱਕ ਕੁਸ਼ਲ ਅਧਿਆਪਕ ਆਪਣੇ ਨਿੱਜੀ ਯਤਨਾ ਸਦਕਾ ਰਸਹੀਣ ਸਮਝੇ ਜਾਂਦੇ ਵਿਸ਼ੇ ਨੂੰ ਵੀ ਰਸਦਾਇਕ ਬਣਾ ਕੇ ਵਿਦਿਆਰਥੀਆਂ ਨੂੰ ਸਕੂਲੀ ਵਿੱਦਿਆ ਨਾਲ ਪੱਕੇ ਤੌਰ ਤੇ ਜੋੜ ਸਕਦਾ ਹੈ।ਇਸ ਸਿਲਸਿਲੇ ਵਿੱਚ ਦੂਜੀ ਸਭ ਤੋਂ ਅਹਿਮ ਕੜੀ ਇੱਕ ਜਗਿਆਸੂ ਵਿਦਿਆਰਥੀ ਹੈ ਜਿਹੜਾ ਕਿ ਗਿਆਨ ਪ੍ਰਾਪਤੀ ਦੀ ਮਨਸ਼ਾ ਨਾਲ ਸਕੂਲ ਆਉਂਦਾ ਹੈ।ਸਕੂਲ ਦਾ ਮਹੌਲ ਜੇਕਰ ਵਧੇਰੇ ਖੁਸ਼ਗ਼ਵਾਰ ਨਹੀਂ ਹੋਵੇਗਾ ਤਾਂ ਵਿਦਿਆਰਥੀ ਅੰਦਰਲੀ ਸਿੱਖਣ ਦੀ ਜਗਿਆਸਾ ਵੀ ਮੱਧਮ ਪੈ ਜਾਵੇਗੀ।


ਇਹੀ ਕਾਰਨ ਹੈ ਕਿ ਕੁੱਝ ਵਿਦਿਆਰਥੀ ਮਾਪਿਆਂ ਦੇ ਕਹਿਣ ਜਾਂ ਵਾਰ-ਵਾਰ ਸਕੂਲ ਛੱਡਣ ਤੇ ਵੀ ਉਹ ਸਕੂਲ ਵਿੱਚ ਟਿਕੇ ਰਹਿਣਾ ਪਸੰਦ ਨਹੀਂ ਕਰਦੇ।ਜਿਹੜੇ ਵਿਦਿਆਰਥੀਆਂ ਵਿੱਚ ਸਕੂਲ ਆਉਣ ਦੀ ਜ਼ਬਰਦਸਤ ਇੱਛਾ ਹੂੰਦੀ ਹੈ ਉਹਨਾਂ ਦੀ ਇਹ ਇੱਛਾ ਘਰੇਲੂ ਗ਼ਰੀਬੀ ਦੀ ਭੇਟ ਚੜ੍ਹ ਜਾਂਦੀ ਹੈ।ਅਜਿਹੇ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਦਾ ਘਰੇਲੂ ਬੋਝ ਵੰਡਾਉਣ ਲਈ ਦਿਹਾੜੀ/ਮਜ਼ਦੂਰੀ ਵੀ ਕਰਨੀ ਪੈਂਦੀ ਹੈ।ਨਰਮੇ,ਝੋਨੇ ਤੇ ਆਲੂਆਂ ਦੇ ਸੀਜਨ ਵਿੱਚ ਖੇਤਾਂ ਵਿੱਚ ਕੰਮ ਕਰਦੇ ਇਹ ਵਿਦਿਆਰਥੀ ਹਰ ਕੋਈ ਦੇਖ ਸਕਦਾ ਹੈ।ਅਜਿਹੀ ਹਾਲਾਤ ਵਿੱਚ ਵਿਦਿਆਰਥੀ ਦੇ ਸਿੱਖਣ ਦੀ ਇੱਛਾ ਦਮ ਘੁੱਟ ਕੇ ਰਹਿ ਜਾਂਦੀ ਹੈ ਤੇ ਉਸ ਦੇ ਮਨ ਦੀਆਂ ਉਡਾਰੀਆਂ ਦੇ ਕੋਮਲ ਖੰਭ ਕਤਰੇ ਤੇ ਵਲੂੰਧਰੇ ਜਾਂਦੇ ਹਨ।ਕਈ ਵਾਰ ਵਿਦਿਆਰਥੀ ਬੁਰੀ ਸੰਗਤ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਨਾਲ ਦੇ ਸਾਥੀ ਜਦੋਂ ਸਕੂਲੋਂ ਭਗੌੜੇ ਹੁੰਦੇ ਹਨ ਉਹ ਵੀ ਆਪਣੀ ਇੱਛਾ ਜਾਂ ਫਿਰ ਦਬਾਅ ਕਾਰਨ ਸਕੁਲੋਂ ਪਲਾਇਣ ਕਰ ਜਾਂਦਾ ਹੈ।ਇਸ ਲਾਪਰਵਾਹੀ ਦਾ ਕਈ ਵਾਰ ਮਾਪੇ ਵੀ ਨੋਟਿਸ ਨਹੀਂ ਲੈਂਦੇ।


ਖੇਡਾਂ ਦਾ ਉਚਿਤ ਮੈਦਾਨ ਤੇ ਖੇਡਾਂ ਦੇ ਉਚਿਤ ਸਮਾਨ ਦੀ ਕਮੀ ਵੀ ਵਿਦਿਆਰਥੀਆਂ ਵਿੱਚ ਸਕੂਲ ਦੀ ਖਿੱਚ ਨੂੰ ਖਤਮ ਕਰਦੀ ਹੈ।ਪਹਿਲੀ ਤੋਂ ਅੱਠਵੀਂ ਤੱਕ ਭਾਵੇਂ ਮਿਡ-ਡੇ-ਮੀਲ ਸਕੀਮ ਨੇ ਵਿਦਿਆਰਥੀਆਂ ਨੂੰ ਸਕੂਲ ਆਉਣ ਲਈ ਉਤਸ਼ਾਹਿਤ ਕੀਤਾ ਹੈ ਪਰੰਤੂ ਇਹਨਾਂ ਜਮਾਤਾਂ ਵਿੱਚ ਬੇਰੋਕ ਪਾਸ ਕਰਨ ਦੀ ਕਵਾਇਦ ਨੇ ਵਿਦਿਆਰਥੀਆਂ ਨੂੰ ਨਿਰਉਤਸ਼ਾਹਿਤ ਕੀਤਾ ਹੈ।ਬਹੁਤੇ ਸਕੂਲਾਂ ਵਿੱਚ ਹਾਜ਼ਰੀ ਦੋ ਵਕਤੀ ਨਹੀਂ ਲਗਾਈ ਜਾਂਦੀ।ਸਵੇਰ ਵੇਲੇ ਹੀ ਹਾਜ਼ਰੀ ਲਗਾ ਕੇ ਬੁੱਤਾ ਸਾਰ ਲਿਆ ਜਾਂਦਾ ਹੈ।ਵਿਦਿਆਰਥੀਆਂ ਦਾ ਨਿਰੰਤਰ ਸਮੁੱਚਾ ਮੁਲਾਂਕਣ ਵੀ ਇਸ ਪ੍ਰਤੀ ਕਾਫੀ ਹੱਦ ਤੱਕ ਜ਼ਿੰਮੇਵਾਰੀ ਨਿਭਾਅ ਸਕਦਾ ਹੈ।ਇਸ ਲੜੀ ਵਿੱਚ ਪਾਠ-ਕ੍ਰਮ ਦਾ ਨਿਯਮਤ,ਵਿਗਿਆਨ ਤੇ ਤਰਕਸੰਗਤ ਨਾ ਹੋਣਾ ਵੀ ਵਿਦਿਆਰਥੀਆਂ ਵਿੱਚ ਨੀਰਸਤਾ ਪੈਦਾ ਕਰਦਾ ਹੈ।ਪਾਠ-ਕ੍ਰਮ ਵਿੱਚ ਵੰਨ-ਸੁਵੰਨਤਾ ਹੋਣੀ ਚਾਹੀਦੀ ਹੈ।ਇਸ ਵਿੱਚ ਸਾਹਿਤਕ ਤੇ ਸਹਿਚਾਰੀ ਗਤੀਵਿਧੀਆਂ ਨੂੰ ਲਾਜ਼ਮੀ ਰੂਪ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।


ਸਕੂਲ ਵਿੱਚ ਅਜਿਹੇ ਸੁਖਦ ਤੇ ਸੁਖਾਵੇਂ ਮਹੌਲ ਨਾਲ ਹੀ ਵਿਦਿਆਰਥੀਆਂ ਨੂੰ ਰਚਨਾਤਮਿਕ ਦਿਸ਼ਾ ਵੱਲ ਅਗਰਸਰ ਕੀਤਾ ਜਾ ਸਕਦਾ ਹੈ।ਵਿਦਿਆਰਥੀਆਂ ਦੇ ਸਕੂਲ ਵਿੱਚੋਂ ਭੱਜਣ ਜਾਂ ਪਲਾਇਣ ਕਰਨ ਲਈ ਸਿੱਖਿਆ-ਨੀਤੀ ਦਾ ਇੱਕ ਅਹਿਮ ਤੇ ਬੁਨਿਆਦੀ ਯੋਗਦਾਨ ਹੁੰਦਾ ਹੈ।ਕਿਸੇ ਵੀ ਦੇਸ਼/ਕੌਮ ਦੀ ਸਿੱਖਿਆ ਨੀਤੀ ਹੀ ਸਕੂਲਾਂ ਦੇ ਪ੍ਰਬੰਧ ਨੂੰ ਚਲਾਉਣ,ਅਧਿਆਪਕਾਂ ਦੀ ਭਰਤੀ ਕਰਨ ਤੇ ਪਾਠ-ਕ੍ਰਮ ਦਾ ਨਿਰਧਾਰਨ ਕਰਦੀ ਹੈ।ਅਜਿਹਾ ਇੱਕ ਲੋਕਪੱਖੀ ਤੇ ਲੋਕਤੰਤਰਿਕ ਵਿਵਸਥਾ ਵਿੱਚ ਹੀ ਸੰਭਵ ਹੁੰਦਾ ਹੈ।ਸਾਡੇ ਦੇਸ਼ ਵਿੱਚ ਭਾਵੇਂ ਲੋਕਤੰਤਰੀ ਸੰਘੀ ਢਾਂਚੇ ਦੀ ਵਿਵਸਥਾ ਹੈ ਪਰੰਤੂ ਰਾਜਸੀ ਇੱਛਾ-ਸ਼ਕਤੀ ਦੀ ਕਮੀ ਕਾਰਨ ਪੂਰਾ ਵਿੱਦਿਅਕ ਢਾਂਚਾ ਮਜ਼ਬੂਤ ਹੋਣ ਦੀ ਬਜਾਇ ਨਿਰੰਤਰ ਪੂੰਜੀਵਾਦੀ ਲੀਹਾਂ ਉੱਪਰ ਸਵਾਰ ਹੋ ਰਿਹਾ ਹੈ।ਬੇਰੁਜ਼ਗਾਰ ਅਧਿਆਪਕਾਂ ਦੀ ਇੱਕ ਵੱਡੀ ਫੌਜ ਅਧਿਆਪਨ ਦੇ ਕੰਮ ਤੋਂ ਵਿਰਵੀ ਹੈ।ਸਕੂਲਾਂ ਵਿੱਚ ਤੀਹ ਹਜ਼ਾਰ ਦੇ ਕਰੀਬ ਵੱਖ-ਵੱਖ ਵਿਸ਼ਿਆਂ ਦੀਆਂ ਅਸਾਮੀਆਂ ਖਾਲੀ ਹਨ।ਵਿਦਿਆਰਥੀਆਂ ਤੋਂ ਇਹ ਬੇਰੁਜ਼ਗਾਰੀ ਦੀ ਹਾਲਤ ਕੋਈ ਲੁਕੀ-ਛਿਪੀ ਨਹੀਂ।ਇਸ ਦਾ ਸਿੱਧਾ ਸੰਦੇਸ਼ ਇਹ ਨਿਕਲਦਾ ਹੈ ਕਿ ਜੇਕਰ ਪੜ੍ਹ ਲਿਖ ਕੇ ਬੇਰੁਜ਼ਗਾਰ ਹੀ ਰਹਿਣਾ ਹੈ ਤਾਂ ਸਕੂਲਾਂ ਵਿੱਚ ਪੜ੍ਹਾਈ ਕਰਨ ਦੀ ਕੀ ਜ਼ਰੂਰਤ ਹੈ।ਜਿਹੜੇ ਅਧਿਆਪਕ ਸਕੂਲਾਂ ਵਿੱਚ ਪੜ੍ਹਾਉਣ ਦੇ ਕਾਰਜ ਵਿੱਚ ਜੁਟੇ ਹੋਏ ਹਨ ਉਹਨਾਂ ਨੂੰ ਸਾਰਾ ਸਾਲ ਵੋਟਾਂ ਬਨਾਉਣ,ਸੋਧਣ ਤੇ ਪਵਾਉਣ ਦੇ ਕੰਮਾਂ ਵਿੱਚ ਮਸਰੂਫ਼ ਰੱਖਿਆ ਜਾਂਦਾ ਹੈ।ਅਜਿਹਾ ਮਹੌਲ ਵੀ ਵਿੱਦਿਅਕ ਮਹੌਲ ਨੂੰ ਸੁਰਜੀਤੀ ਵੱਲ ਲਿਜਾਣ ਦੀ ਬਜਾਇ ਅਧੋਗਤੀ ਵੱਲ ਲੈ ਜਾਂਦਾ ਹੈ। ਇਸ ਤਰ੍ਹਾਂ ਰਾਜਸੀ ਤੇ ਉੱਚਿਤ ਸਿੱਖਿਆ ਨੀਤੀ ਦੀ ਘਾਟ ਵੀ ਵਿਦਿਆਰਥੀਆਂ ਵਿੱਚ ਨੀਰਸਤਾ ਪੈਦਾ ਕਰਦੀ ਹੈ ਤੇ ਉਹਨਾਂ ਨੂੰ ਭਾਂਜਵਾਦੀ ਬਣਾ ਦਿੰਦੀ ਹੈ।


ਉਕਤ ਵਿਚਾਰ-ਚਰਚਾ ਤੋਂ ਇਹ ਪਤਾ ਲਗਦਾ ਹੈ ਕਿ ਵਿਦਿਆਰਥੀਆਂ ਦੇ ਸਕੂਲੋਂ ਭੱਜਣ ਦੀ ਬਿਰਤੀ ਪੈਦਾ ਹੋਣ ਵਿੱਚ ਬਹੁਤ ਸਾਰੇ ਬੁਨਿਆਦੀ ਕਾਰਨ ਤੇ ਸੂਤਰ ਕਾਰਜ ਕਰਦੇ ਹਨ।ਜੇਕਰ ਉਕਤ ਕਾਰਨਾਂ ਦੀ ਸਪੱਸ਼ਟ ਸ਼ਨਾਖ਼ਤ ਕਰਕੇ ਇਹਨਾਂ ਦਾ ਉਚਿਤ ਹੱਲ ਕਰ ਲਿਆ ਜਾਵੇ ਤਾਂ ਵਿਦਿਆਰਥੀਆਂ ਵਿਚਲੀ ਇਸ ਬਿਰਤੀ ਨੂੰ ਖ਼ਤਮ ਕੀਤਾ ਜਾ ਸਕਦਾ ਹੈ।ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਿੱਖਿਆ ਨੀਤੀ ਦਾ ਲੋਕਪੱਖੀ ਮੁਹਾਂਦਰਾ ਘੜਨਾ ਪਵੇਗਾ।ਸਕੂਲਾਂ ਦੇ ਪ੍ਰਬੰਧ ਨੂੰ ਸੁਚਾਰੂ ਤੇ ਨਿਯਮਤ ਕਰਨਾ ਪਵੇਗਾ।ਅਧਿਆਪਕਾਂ ਵਿੱਚ ਜ਼ਬਰਦਸਤ ਇੱਛਾ ਸ਼ਕਤੀ ਦਾ ਵਿਕਾਸ ਕਰਨਾ ਪਵੇਗਾ।ਅਜਿਹੇ ਯਤਨਾਂ ਸਦਕਾ ਹੀ ਸਿੱਖਿਆ ਸਹੀ ਮਾਅਨਿਆਂ ਵਿੱਚ ‘ਵਿਦਿਆ ਵੀਚਾਰੀ ਤਾ ਪਰਉਪਕਾਰੀ’ਬਣ ਸਕੇਗੀ।

ਸੰਪਰਕ: +91 94630 04858

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ