Fri, 19 April 2024
Your Visitor Number :-   6985010
SuhisaverSuhisaver Suhisaver

ਏਥੇ ਸਰਵਣ ਪੁੱਤਰ ਲੇਖਾ ਮੰਗਦੇ… -ਅਵਤਾਰ ਸਿੰਘ ਬਿਲਿੰਗ

Posted on:- 06-05-2012

suhisaver

ਕੈਨੇਡੀਅਨ ਪੰਜਾਬੀ ਆਪਣੇ ਬਾਰੇ ਇਹ ਪਖਾਣਾ ਜ਼ਰੂਰ ਪਾਉਂਦੇ ਹਨ ਕਿ ਰਾਮਾਇਣ ਵੇਲਿਆਂ ਦਾ ਆਦਰਸ਼ ਪੁੱਤਰ ਸਵਰਣ ਭਗਤ ਜਦੋਂ ਆਪਣੇ ਮਾਪਿਆਂ ਨੂੰ ਤੀਰਥਾਂ ਦੀ ਯਾਤਰਾ ਕਰਾਉਂਦਾ ਕੈਨੇਡਾ ਦੀ ਧਰਤੀ ’ਤੇ ਪਹੁੰਚਿਆ ਤਾਂ ਉਸ ਦੀ ਬੁੱਧੀ ਭ੍ਰਿਸ਼ਟ ਹੋ ਗਈ। ਉਸ ਨੇ ਅੱਗੇ ਜਾਣ ਤੋਂ ਇਨਕਾਰ ਕਰ ਦਿੱਤਾ। ਲਾਚਾਰ ਅੰਧਲੇ-ਅੰਧਲੀ ਦੀ ਵਹਿੰਗੀ ਭੁੰਜੇ ਰੱਖ ਦਿੱਤੀ ਤੇ ਤੀਰਥ ਕਰਾਉਣ ਬਦਲੇ ਨਕਦ ਇਵਜ਼ਾਨਾ ਮੰਗਣ ਲੱਗਿਆ।

‘‘ਏਹ ਤਾਂ ਐਸੀ ਨਿਰਮੋਹੀ ਧਰਤੀ ਐ ਨਿਮਾਣੀ!’’ ਹਰ ਕੋਈ ਆਪਣੇ ਧੀਆਂ-ਪੁੱਤਰਾਂ ਤੋਂ ਦੁਖੀ, ਆਪਣੀ ਵਿਥਿਆ ਦਾ ਭੋਗ ਇੰਜ ਹੀ ਪਾਏਗਾ।

ਕਈ ਪੜ੍ਹੇ-ਲਿਖੇ ਤਾਂ ਸਾਡੇ ਪੰਜਾਬੀਆਂ ਅੰਦਰ ਪਨਪੀ ਇਸ ਨਵੀਂ ਬਿਰਤੀ ਦਾ ਅੰਗਰੇਜ਼ੀਕਰਨ ਕਰਦਿਆਂ ਹੁੱਬ ਕੇ ਦੱਸਣਗੇ ਕਿ ਇਹੀ ਉਹ ਭੂਮੀ ਹੈ ਜਿੱਥੇ ‘ਦਾਮ ਬਣਾਏ ਕਾਮ’ ਵਾਲੀ ਕਹਾਵਤ ਘੜੀ ਗਈ ਸੀ। ਜਦੋਂ ਪੁਰਾਣੇ ਜ਼ਮਾਨੇ ਵਿਚ ਡਿਗਦੀ ਬਰਫ਼ ਦੌਰਾਨ ਭਾੜੇ ਕੀਤੇ ਇਕ ਟੱਟੂ ਦੇ ਮਾਲਕ ਨੇ ਅੜਿੱਕੇ ਆਈ ਕਿਸੇ ਸਵਾਰੀ ਪਾਸੋਂ ਹੋਰ ਪੈਸੇ ਡੁੱਕਣ ਦੀ ਨੀਤ ਨਾਲ ਬਹਾਨਾ ਘੜਿਆ ਕਿ ਉਸ ਦੀ ਘੋੜੀ ਦੀਆਂ ਤਾਂ ਬਰਫ਼ ਕਾਰਨ ਲੱਤਾਂ ਹੀ ਕਿਧਰੇ ਗਾਇਬ ਹੋ ਗਈਆਂ। ਉਹ ਅੱਗੇ ਨਹੀਂ ਜਾ ਸਕਦੇ। ਪਰ ਚੁਸਤ ਸਵਾਰੀ ਇੱਕ-ਇੱਕ ਸਿੱਕਾ ਹੋਰ ਦਿੰਦੀ ਰਹੀ ਅਤੇ ਘੋੜੀ ਅਗਾਂਹ ਤੁਰਦੀ ਗਈ। ਘੋੜੀ ਵਾਲੇ ਨੂੰ ਡਾਲੀ ਲਾਈ ਜਦੋਂ ਮੁਸਾਫਿਰ ਆਪਣੀ ਮੰਜ਼ਿਲ ਉਪਰ ਪਹੁੰਚ ਗਿਆ ਤਾਂ ਉਸ ਨੇ ਉਚੇ ਚੜ੍ਹ ਕੇ ਆਖਿਆ,

“MONEY MAKES THE MORE GO
WHETHER IT HAS LEGS OR NO

‘ਟਕਾ ਤੋਰੇ ਘੋੜੀ ਨੂੰ ਟੰਗਾ’ ਤੋਂ ਬਗੈਰ
ਪੈਸਾ ਖਿੱਚੇ ਬੱਘੀ ਨੂੰ ਘੋੜੀ ਤੋਂ ਬਗੈਰ!’’

ਇੰਜ ਇੱਧਰਲਾ ਹਰੇਕ ਪੰਜਾਬੀ ਇਹੀ ਸਿੱਧ ਕਰੇਗਾ ਕਿ ‘ਇੱਥੇ ਕੋਈ ਨਾ ਕਿਸੇ ਦਾ ਬੇਲੀ, ਦੁਨੀਆਂ ਮਤਲਬ ਦੀ’
ਸਾਰੇ ਪਾਸੇ ਮਾਇਆ ਹੀ ਪ੍ਰਧਾਨ ਹੈ। ਹਾਲਾਂਕਿ ਇਧਰਲੇ ਸਾਰੇ ਹੀ ਜਦੋਂ ਇਕ-ਇਕ ਕਰਕੇ ਪੰਜਾਬੋਂ ਆਏ ਸਨ ਤਾਂ ਇਧਰਲਿਆਂ ਵਿਚੋਂ ਕਿਸੇ ਨੇ ਤਾਂ ਬਣਦਾ-ਸਰਦਾ ਹੰਧਾ ਜ਼ਰੂਰ ਲਾਇਆ ਹੋਵੇਗਾ।

ਮੇਰੇ ਰਿਸ਼ਤੇਦਾਰ ਨੇ ਇਕ ਹੋਰ ਤਰਸਯੋਗ ਕਥਾ ਸੁਣਾਈ ਕਿ ਉਸ ਦਾ ਇਕ ਸਹਿਯੋਗੀ ਮਿੱਤਰ ਕਾਮਾ ਜਿੱਦਣ ਦਾ ਭਾਰਤ ’ਚੋਂ ਇਧਰ ਆਇਆ ਹੈ, ਆਪਣੇ ਸਾਂਢੂ ਤੇ ਸਾਲੇ ਦਾ ਦਿਹਾੜੀਦਾਰ ਮਜ਼ਦੂਰ ਹੈ ਜਿਹੜੇ ਉਸ ਤੋਂ ਨੌਕਰਾਂ ਤੋਂ ਵੀ ਵੱਧ ਕੰਮ ਲੈਂਦੇ ਹਨ, ਬੇਸ਼ੱਕ ਉਸ ਨੂੰ ਪਰਿਵਾਰ ਸਮੇਤ ਕੈਨੇਡਾ ਬੁਲਾਇਆ ਵੀ ਇਨ੍ਹਾਂ ਸਬੰਧੀਆਂ ਨੇ ਹੀ ਹੈ। ਦੋਹਾਂ ਰਿਸ਼ਤੇਦਾਰਾਂ ਕੋਲ ਖੁੱਲ੍ਹੀ-ਡੁੱਲ੍ਹੀ ਜ਼ਮੀਨ-ਜਾਇਦਾਦ ਹੋਣ ਤੇ ਅੱਧੀ ਦਰਜਨ ਮਕਾਨ ਹੋਣ ਦੇ ਬਾਵਜੂਦ ਉਸ ਸੱਜਣ ਨੂੰ  ਉਨ੍ਹਾਂ ਦੀ ਇਕ ਪੁਰਾਣੀ ਡੂੰਘੀ ਬੇਸਮੈਂਟ ਜਿਸ ਨੂੰ ਉਹ ਘੁਰਨਾ ਕਹਿੰਦਾ ਹੈ, ਵਿਚ ਰਹਿਣਾ ਪੈਂਦਾ ਹੈ ਜਿਸ ਦਾ ਉਹ ਠੋਕਵਾਂ ਕਿਰਾਇਆ ਵੀ ਲੈਂਦੇ ਹਨ।

ਭਾਰਤ ਵਿਚੋਂ ਹੀ ਸਾਡੇ ਬੰਨੇ-ਚੰਨੇ ਦੀ ਇਧਰ ਪੱਕੀ ਵਸਦੀ ਇਕ ਲੜਕੀ ਜਦੋਂ ਮੈਨੂੰ ਸੈਰ-ਸਪਾਟੇ ਉਪਰ ਆਏ ਨੂੰ ਮਿਲਣ ਲਈ ਆਈ ਤਾਂ ਆਪਣੀ ਹੱਡ-ਬੀਤੀ ਸੁਣਾਉਂਦੀ ਹੰਝੂ ਡੋਲ੍ਹਣ ਲੱਗ ਪਈ, ‘‘ਐਧਰਲੇ ਸਾਕ-ਨਾਤੇ ਤਾਂ ਸਾਰੇ ਹੀ ਇਕ-ਇਕ ਕਰਕੇ ਖੁੰਢੀ ਕੁਹਾੜੀ ਨਾਲ ਵੱਢਣ ਜੋਗੇ ਨੇ ਵੀਰ! ਅਜੇ ਬੇਗਾਨੇ ਥੋਡੀ ਮਦਦ ਕਰ ਦੇਣਗੇ ਪਰ ਆਪਣਿਆਂ ਤੋਂ ਕੋਈ ਆਸ ਨਾ ਰੱਖਿਓ।’’ ਮਨਪ੍ਰੀਤ ਨੇ ਸੁਰਖ ਅੱਖਾਂ ਪੂੰਝਦੀ ਨੇ ਹਟਕੋਰਾ ਭਰਿਆ। ਚਾਹੇ ਉਸ ਨੂੰ ਏਧਰ ਬੁਲਾਉਣ ਵਾਲਾ ਹੀ ਉਹਦਾ ਮਾਮਾ ਸੀ ਜਿਸ ਨੇ ਉਸ ਨੂੰ ਗੋਦ ਲੈਣ ਦਾ ਤਰੱਦਦ ਕੀਤਾ ਸੀ। ‘‘ਪਰ ਇੱਥੇ ਆਈ ਨੂੰ ਮਾਮੇ-ਮਾਮੀ ਨੇ ਬੇਰਾਂ ਵੱਟੇ ਨਹੀਂ ਪੁੱਛਿਆ। ਇੱਥੇ ਸਾਰੇ ਹੀ ਥੋਨੂੰ ਕੋਠੇ ਚਾੜ੍ਹ ਕੇ ਹੇਠੋਂ ਪੌੜੀ ਖਿੱਚ ਕੇ ਤਾੜੀਆਂ ਮਾਰਨ ਜੋਗੇ ਹੀ ਨੇ।’’ ਡੁਸਕਦੀ ਕੁੜੀ ਕੋਲ ਸ਼ਿਕਾਇਤਾਂ ਦੀਆਂ ਪੰਡਾਂ ਸਨ ਜਿਸ ਨੇ ਇਧਰ ਵੱਸਦੇ ਬਿਰਧ ਮਾਪਿਆਂ ਦੀ ਇਕ ਜੋੜੀ ਨਾਲ ਉਨ੍ਹਾਂ ਦੀ ਸਕੀ ਧੀ ਵੱਲੋਂ ਹੁੰਦੀ ਕੁੱਤੇਖਾਣੀ ਅੱਖੀਂ ਦੇਖੀ ਸੀ। ਚਾਹੇ ਮਾਤਾ-ਪਿਤਾ ਨੇ ਉਸ ਢਿੱਡੋਂ ਜਾਈ ਦੇ ਜੌੜੇ ਮੁੰਡਿਆਂ ਨੂੰ ਪੰਜਾਬ ਮੰਗਵਾ ਕੇ ਪੰਜ ਸਾਲ ਆਪਣੀ ਹਿੱਕ ਨਾਲ ਲਾ ਕੇ ਪਾਲਿਆ ਸੀ। ਇਸੇ ਧੀ ਵੱਲੋਂ ਸੱਦੇ ਮਾਪੇ ਜਦੋਂ ਇਧਰ ਉਤਰੇ ਤਾਂ ਉਹ ਕੁੜੀ ਬੇਚਾਰੇ ਮਾਂ-ਪਿਓ ਤੇ ਨਾਬਾਲਗ ਭਰਾ ਪਾਸੋਂ ਤਿੰਨਾਂ ਉਪਰ ਖਰਚੇ ਡਾਲਰ ਤੇ ਭਰਿਆ ਟੈਕਸ ਮੰਗਣ ਲੱਗ ਪਈ। ਇਕ ਰਾਤ ਉਸ ਤਿੱਕੜੀ ਨੂੰ ਡਿਗਦੀ ਬਰਫ਼ ਵਿਚ ਘਰੋਂ ਬਾਹਰ ਧੱਕਾ ਦੇ ਦਿੱਤਾ।

ਮੈਂ ਹੈਰਾਨ-ਪਰੇਸ਼ਾਨ ਸਾਂ। ਮਨਪ੍ਰੀਤ ਕੋਲ ਅਜਿਹੀਆਂ ਅਨੇਕ ਕਹਾਣੀਆਂ ਸਨ ਜਦੋਂ ਕਿ ਮੇਰੇ ਨੂੰਹ-ਪੁੱਤਰ ਨੂੰ ਤਾਂ ਅਜੇ ਅਜਿਹਾ ਕੌੜਾ ਤਜਰਬਾ ਨਹੀਂ ਸੀ ਹੋਇਆ। ਉਨ੍ਹਾਂ ਦੇ ਮਾਸੀ-ਮਾਸੜ ਨੇ ਚਾਰ-ਪੰਜ ਮਹੀਨਿਆਂ ਲਈ ਆਪਣੇ ਨਾਲ ਹੀ ਇਕੋ ਬੇਸਮੈਂਟ ਵਿਚ ਰੱਖਿਆ ਤੇ ਕੋਈ ਖਰਚਾ ਵੀ ਨਹੀਂ ਸੀ ਕਰਨ ਦਿੱਤਾ, ਸਗੋਂ ਆਪਣਾ ਕੰਮ-ਧੰਦਾ ਛੱਡ ਕੇ ਮੇਰੀ ਹਾਮਲਾ ਨੂੰਹ ਨੂੰ ਡਾਕਟਰ ਕੋਲ ਵੀ ਲਿਜਾਂਦੇ ਰਹੇ। ਦਵਾ-ਦਾਰੂ ਵੀ ਦਿਵਾਉਂਦੇ ਰਹੇ।

ਸਾਡੇ ਪਿੰਡਾਂ ਦੀ ਧੀ-ਧਿਆਣੀ ਹਾਲੇ ਇਹੀ ਗੱਲਾਂ ਕਰ ਰਹੀ ਸੀ ਜਦੋਂ ਸਾਡੀ ਨੂੰਹ ਦੇ ਨਾਨਕਿਆਂ ਦਾ ਇਕ ਗੋਤੀ ਸੱਜਣ, ਜੋ ਥੋੜ੍ਹੇ ਸਮੇਂ ਤੋਂ ਹੀ ਇਧਰਲਾ ਪੱਕਾ ਵਾਸੀ ਬਣਿਆ ਸੀ, ਆਪਣੇ ਟੱਬਰ ਸਮੇਤ ਆ ਗਿਆ। ਉਹ ਜਣੇਪੇ ਵਿਚੋਂ  ਉੱਠੀ ਸਾਡੀ ਨੂੰਹ-ਰਾਣੀ ਨੂੰ ਆਪਣੀ ਭਾਣਜੀ ਜਾਣ ਕੇ ਪੰਜੀਰੀ ਦੇਣ ਆਇਆ ਸੀ। ਭਾਣਜੀ ਲਈ ਸੂਟ, ਨਵੇਂ ਜਨਮੇ ਦੋ ਜਵਾਕਾਂ ਲਈ ਲਿਆਂਦੀਆਂ ਫਰਾਕਾਂ-ਝੱਗੀਆਂ ਤੇ ਸੋਨੇ ਦੀਆਂ ਨਿੱਕੀਆਂ-ਨਿੱਕੀਆਂ ਟੂੰਬਾਂ ਦੇਖਦੀ ਮਨਪ੍ਰੀਤ ਦੰਗ ਰਹਿ ਗਈ।
‘‘ਇਹ ਤਾਂ ਜਰੂਰ ਕੋਈ ਸਤਿਯੁਗੀ ਬੰਦੇ ਲੱਗਦੇ ਨੇ, ਵੀਰੇ! ਐਥੇ ਏਨੀ ਕੁਰਬਾਨੀ ਉਹ ਵੀ ਇਕ ਬੇਗਾਨੀ ਕੁੜੀ ਖਾਤਰ ਕੌਣ ਕਰਦੈ?’’ ਨਾਨਕਿਆਂ ਦੇ ਤੁਰ ਜਾਣ ਮਗਰੋਂ ਮਨਪ੍ਰੀਤ ਨੇ ਆਖਿਆ।

‘‘ਉਸ ਮਾਮੇ ਨਾਲ ਆਈ ਨੌਜਵਾਨ ਔਰਤ ਤੇ ਅਠਾਰਾਂ-ਉੱਨੀ ਵਰ੍ਹਿਆਂ ਦੀ ਲੜਕੀ ਪਤੈ, ਕੌਣ ਸਨ?’’ ਮੈਂ ਪੁੱਛਿਆ ਵੈਸੇ ਤਾਂ ਮਨਪ੍ਰੀਤ ਨੇ ਭਾਂਪ ਹੀ ਲਿਆ ਹੋਵੇਗਾ ਫਿਰ ਵੀ ਮੈਂ ਸਪਸ਼ਟ ਕਰਨਾ ਵਾਜਬ ਸਮਝਿਆ ਕਿ ਨਾਲ ਆਈ ਕੁੜੀ ਉਸ ਮਾਮੇ ਦੇ ਪਹਿਲੇ ਵਿਆਹ ਵਿਚੋਂ ਧੀ ਸੀ ਜਦੋਂਕਿ ਭਰ ਜੋਬਨ ਮੁਟਿਆਰ ਮਾਮੀ ਦੀ ਸਕੀ ਭਾਣਜੀ।

‘‘ਆਪਣੀ ਧੀ ਬਰਾਬਰ ਲਗਦੀ ਸਾਲੀ ਨੂੰ ਵਿਆਹ ਕੇ ਉਸ ਅਧਖੜ ਬੰਦੇ ਨੇ ਏਨਾ ਅਣਜੋੜ  ਜਿਹਾ ਵਿਆਹ ਕਿਉਂ ਕੀਤੈ?’’ ਪ੍ਰਾਹੁਣੀ ਦਾ   ਪ੍ਰਸ਼ਨ ਸੀ।

ਉਸ ਸ਼ਰੀਫ਼ ਸੱਜਣ ਨੇ ਨਹੀਂ ਸਗੋਂ ਉਸ ਨਾਲ ਪਰਨਾਈ ਉਸ ਦੀ ਛੋਟੀ ਸਾਲੀ ਨੇ ਆਪਣੀ ਮੋਈ ਵੱਡੀ ਭੈਣ ਨਾਲ ਆਖਰੀ ਸਾਹਾਂ ਮੌਕੇ ਕੀਤਾ ਇਕਰਾਰ ਨਿਭਾ ਕੇ ਦਿਖਾਇਐ ਕਿ ਉਹ ਉਸ ਦੀ ਇਕਲੌਤੀ ਮਾਂ ਬਾਹਰੀ ਭਾਣਜੀ ਨੂੰ ਸਕੀ ਮਾਂ ਬਣ ਕੇ ਕੈਨੇਡਾ ਲਿਜਾ ਕੇ ਪਾਲੇਗੀ। ਕੀ ਇਹ ਦੂਹਰੀ ਕੁਰਬਾਨੀ ਨਹੀਂ?’’ ਮੈਂ ਮਾਣ ਨਾਲ ਪੁੱਛਿਆ।

‘‘ਗੱਲ ਤੇਰੀ ਮੰਨਣ ਵਾਲੀ ਤਾਂ ਹੈਗੀ ਨੀਂ ਬਾਈ! ਇੰਡੀਆ ਰਹਿ ਗਏ ਦੁਹਾਜੂ ਜੀਜੇ ਅਰ ਮਾਂ-ਮਹਿੱਤਰ ਭਾਣਜੀ ਖਾਤਰ ਕਿਸੇ ਕੈਨੇਡੀਅਨ ਪੰਜਾਬਣ ਦਾ ਏਨਾ ਵੱਡਾ ਤਿਆਗ ਅਰ ਉਹ ਵੀ ਕੈਨੇਡਾ ਦੀ ਇਸ ਬੇਮੁਹਤਾਜ਼ ਧਰਤੀ ਉਪਰ?’’ ਸਾਡੇ ਪਿੰਡਾਂ ਦੀ ਕੁੜੀ ਉੱਠ ਕੇ ਖੜ੍ਹੀ ਹੋ ਗਈ। ‘‘ਐਕਣ ਕਿੱਕਣ ਹੋ ਗਿਐ? ਐਧਰਲੇ ਚੰਗੇ-ਭਲੇ ਮੁੰਡਿਆਂ ਨੂੰ ਪਰਨਾਈਆਂ ਥੋਡੀਆਂ ਉਪਰਲੀਆਂ ਕੁੜੀਆਂ ਜਦੋਂ ਮੈਰਿਜ ਬੇਸ ’ਤੇ ਪੀ.ਆਰ. ਬਣੀਆਂ ਐਧਰ ਬੁਲਾਈਆਂ ਆਉਂਦੀਆਂ ਨੇ ਤਾਂ ਆਪਣੀ ਲਾਈ ਪੁਰਾਣੀ ਸਾਈ-ਵਧਾਈ ਪੁਗਾਉਣ ਖਾਤਰ ਹੋਰ ਏ ਕਿਸੇ ਏਅਰ ਪੋਰਟ ’ਤੇ ਉਤਰ ਜਾਂਦੀ ਐ?’’ ਮਨਪ੍ਰੀਤ ਖ਼ਫ਼ਾ ਸੀ।

‘‘ਪਰਤੱਖ ਨੂੰ ਕਿਸੇ ਪਰਮਾਣ ਦੀ ਕੋਈ ਲੋੜ ਤਾਂ ਹੁੰਦੀ ਨਹੀਂ, ਬੀਬਾ! ਵੈਸੇ ਵੀ ਮੈਨੂੰ ਲੱਗਦੈ ਕਿ ਕੈਨੇਡਾ ’ਚ ਵੀ ਹਾਲੇ ਭਰ ਅਰ ਨੇਕ ਬੰਦਿਆਂ ਦਾ ਕਾਲ ਨਹੀਂ ਪਿਆ।’’ ਮੈਂ ਪੂਰੀ ਦ੍ਰਿੜਤਾ ਨਾਲ ਆਖਿਆ।

‘ਮੈਨੂੰ ਤਾਂ ਇਹ ਵੀ ਤੇਰੀ ਹੁਣੇ ਘੜੀ ਕਹਾਣੀ ਹੀ ਲੱਗਦੀ ਐ, ਵੀਰ! ਤੂੰ ਕਹਾਣੀਕਾਰ ਜੋ ਹੋਇਆ, ਭਾਈ! ਮੇਰਾ ਅੰਦਰਲਾ ਤਾਂ ਅਜੇ ਵੀ ਇਹੀ ਭਾਖਿਆ ਦਿੰਦੈ:-
ਏਥੇ ਸਰਵਣ ਪੁੱਤ ਲੇਖਾ ਮੰਗਦੇ,
ਅਰ ਧੀਆਂ ਮੰਗਣ ਹਿਸਾਬ।
ਏਥੇ ਫੁੱਲਾਂ ’ਚ ਖੁਸ਼ਬੋ ਨਹੀਂ,
ਅਰ ਸਾਂਝਾਂ ਬੇਸੁਆਦ!
ਵੀਰਨਾ ਰਿਸ਼ਤੇ ਬੇਸੁਆਦ!’’
(ਪ੍ਰਾਹੁਣੀ ਆਈ ਮਨਪ੍ਰੀਤ ਦੀ ‘ਮੈਂ ਨਾ ਮਾਨੂੰ’ ਹਾਲੇ ਵੀ ਬਰਕਰਾਰ ਸੀ।)


ਸੰਪਰਕ: 001 778-986-5334

Comments

Milagros

Why does this have to be the ONLY reballie source? Oh well, gj!

Security Code (required)



Can't read the image? click here to refresh.

Name (required)

Leave a comment... (required)





ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ