Wed, 24 April 2024
Your Visitor Number :-   6996450
SuhisaverSuhisaver Suhisaver

ਅਵਤਾਰ ਸਿੰਘ ਬਿਲਿੰਗ ਦਾ ਨਾਵਲ: ਖਾਲੀ ਖੂਹਾਂ ਦੀ ਕਥਾ

Posted on:- 09-05-2015

suhisaver

-ਰਘਬੀਰ ਸਿੰਘ

ਇਕ ਨਾਵਲਕਾਰ ਵਜੋਂ ਅਵਤਾਰ ਸਿੰਘ ਬਿਲਿੰਗ ਕਿਸੇ ਜਾਣ-ਪਛਾਣ ਦਾ ਮੁਥਾਜ ਤਾਂ ਨਹੀਂ; ਆਪਣੇ ਪਲੇਠੇ ਨਾਵਲ ਨਰੰਜਣ ਮਸ਼ਾਲਚੀ ਨਾਲ ਹੀ ਉਸ ਨੇ ਚੋਖੇ ਮਾਣ ਵਾਲੀ ਥਾਂ ਬਣਾ ਲਈ ਸੀ। ਮਗਰੋਂ ਖੇੜੇ ਸੁਖ ਵਿਹੜੇ ਸੁਖ ਅਤੇ ਦੀਵੇ ਜਗਦੇ ਰਹਿਣਗੇ ਵਰਗੀਆਂ ਉਸਦੀਆਂ ਹੋਰ ਨਾਵਲੀ ਕਿਰਤਾਂ ਨੇ ਵੀ ਪਾਠਕਾਂ ਆਲੋਚਕਾਂ ਦਾ ਧਿਆਨ ਖਿੱਚ ਕੇ ਵਾਹਵਾ ਪ੍ਰਸ਼ੰਸਾ ਹਾਸਲ ਕੀਤੀ ਸੀ। ਪਰ ਉਸਦੇ ਨਵੇਂ ਨਾਵਲ ਖਾਲੀ ਖੂਹਾਂ ਦੀ ਕਥਾ ਨੂੰ ਹਾਸਲ ਹੋਏ ਢਾਹਾਂ ਇਨਾਮ ਨੇ ਤਾਂ ਬਿਲਿੰਗ ਨੂੰ ਪੰਜਾਬੀ ਸਾਹਿਤ-ਜਗਤ ਵਿਚ ਨਿਵੇਕਲੇ ਰੂਪ ਵਿਚ ਉਭਾਰਕੇ ਸਾਹਮਣੇ ਲੈ ਆਂਦਾ ਹੈ। ਕੈਨੇਡਾ ਵਿਚ ਸਥਾਪਤ ਕੀਤਾ ਗਿਆ ਦੇਸ਼ਾਂ ਦੇ ਹੱਦਬੰਨਿਆਂ ਤੋਂ ਅਗਾਂਹ ਸਰਬ ਸ੍ਰੇਸ਼ਟ ਪੰਜਾਬੀ ਗਲਪ-ਰਚਨਾ ਲਈ ਪੱਚੀ ਹਜ਼ਾਰ ਡਾਲਰ ਦਾ ਇਹ ਇਨਾਮ ਪੰਜਾਬੀ ਸਾਹਿਤ ਲਈ ਹੀ ਨਹੀਂ ਸਗੋਂ ਹਿੰਦ ਉਪ ਮਹਾਂਦੀਪ ਦੀਆਂ ਸਾਰੀਆਂ ਹੀ ਭਾਸ਼ਾਵਾਂ ਵਿਚ ਹੁਣ ਤਕ ਦਾ ਸਭ ਤੋਂ ਵੱਡੀ ਰਾਸ਼ੀ ਵਾਲਾ ਸਾਹਿਤਕ ਇਨਾਮ ਹੈ। ਪੰਜਾਬੀ ਜ਼ੁਬਾਨ ਲਈ ਲਹਿੰਦੇ ਤੇ ਚੜ੍ਹਦੇ ਪੰਜਾਬ ਵਿਚ ਵਰਤੀਂਦੀਆਂ ਦੋ ਲਿੱਪੀਆਂ ਵਿਚ ਸੰਸਾਰ ਭਰ ਵਿਚ ਕਿਤੇ ਵੀ ਪ੍ਰਕਾਸ਼ਤ ਪੁਸਤਕਾਂ ਵਿਚੋਂ ਚੋਣ ਕਰਨ ਲਈ ਬਣੀਆਂ ਦੇਸ਼ ਬਦੇਸ਼ ਦੇ ਸਾਹਿਤਕਾਰਾਂ ਤੇ ਵਿਦਵਾਨਾਂ ਉੱਤੇ ਆਧਾਰਤ ਤਿੰਨ ਜਿਉਰੀਆਂ ਦੇ ਨਿਰਣੇ ਨਾਲ ਇਹ ਇਨਾਮ ਖਾਲੀ ਖੂਹਾਂ ਦੀ ਕਥਾ ਨੂੰ ਦਿੱਤਾ ਗਿਆ ਹੈ। ਵੈਸੇ ਤਾਂ ਬਿਲਿੰਗ ਦੀ ਕੋਈ ਵੀ ਨਾਵਲ-ਰਚਨਾ ਸਾਹਿਤਕ ਹਲਕਿਆਂ ਵਿਚ ਅਣਗੌਲ਼ੀ ਨਹੀਂ ਰਹਿੰਦੀ, ਪਰ ਏਨਾ ਵੱਡਾ ਇਨਾਮ ਹਾਸਲ ਕਰਨ ਵਾਲਾ ਉਸਦਾ ਸੱਜਰਾ ਨਾਵਲ ਖਾਲੀ ਖੂਹਾਂ ਦੀ ਕਥਾ ਉਚੇਚਾ ਧਿਆਨ ਖਿੱਚਦਾ ਹੈ।


ਪੰਜਾਬ ਦੇ ਇਕ ਵਿਸ਼ੇਸ਼ ਖਿੱਤੇ ਲੁਧਿਆਣੇ ਅਤੇ ਰੋਪੜ ਦੇ ਦਰਮਿਆਨ ਪੈਂਦੇ ਪੁਆਧ ਤੇ ਢਾਹੇ ਦੇ ਪੇਂਡੂ ਸਮਾਜ-ਸਭਿਆਚਾਰ ਨੂੰ, ਸਮੇਂ ਦੇ ਨਾਲ ਹੁੰਦੀ ਬਹੁ-ਦਿਸ਼ਾਵੀ ਤਬਦੀਲੀ ਦੀ ਪ੍ਰਕਿਰਿਆ ਸਹਿਤ, ਨਾਵਲ ਦੇ ਕਥਾਨਕ ਵਿਚ ਗੁੰਦਣ ਦੀ ਬਿਲਿੰਗ ਦੀ ਨਿਵੇਕਲੀ ਯੋਗਤਾ ਏਸ ਨਾਵਲ ਵਿਚ ਵੀ ਭਰਵੇਂ ਰੂਪ ਵਿਚ ਸਾਕਾਰ ਹੋਈ ਹੈ। ਬਿਲਿੰਗ ਦੀ ਸਿਫਤ ਹੀ ਇਹ ਹੈ ਕਿ ਉਸਨੇ ਆਪਣੇ ਅਨੁਭਵ ਤੋਂ ਪਰਾਂਹ ਜਾਣ ਦੀ ਕਦੇ ਵੀ ਕੋਸ਼ਿਸ਼ ਨਹੀਂ ਕੀਤੀ। ਸੰਸਾਰ ਦੇ ਗਲੋਬਲ ਪਿੰਡ ਵਿਚ ਤਬਦੀਲ ਹੁੰਦੇ ਜਾਣ ਦੇ ਅੱਜੋਕੇ ਯਥਾਰਥ ਦੇ ਸਨਮੁਖ ਗਿਆਨ ਅਤੇ ਚਿੰਤਨ ਦੇ ਪੱਖ ਤੋਂ ਉਹ ਆਪਣੇ ਹੀ ਇਲਾਕੇ ਤੇ ਭਾਈਚਾਰੇ ਤਕ ਸੀਮਤ ਰਹਿੰਦਾ ਹੋਵੇ, ਅਜਿਹੀ ਗੱਲ ਨਹੀਂ। ਦੇਸ਼ ਤੋਂ ਵੀ ਅਗਾਂਹ ਸੰਸਾਰ ਪੱਧਰ ਉੱਤੇ ਵੱਖ ਵੱਖ ਖੇਤਰਾਂ ਤੇ ਦਿਸ਼ਾਵਾਂ ਵਿਚ ਜੋ ਕੁਝ ਨਵਾਂ ਵਾਪਰ ਰਿਹਾ ਹੈ, ਉਸ ਨਾਲ ਪਰਿਚਤ ਰਹਿਣ ਅਤੇ ਤਾਲਮੇਲ ਬਿਠਾਉਣ ਦੀ ਉਹ ਪੂਰੀ ਕੋਸ਼ਿਸ਼ ਕਰਦਾ ਹੈ। ਪਰ ਆਪਣੇ ਨਾਵਲ ਦੀ ਵਸਤੂ ਦੀ ਚੋਣ ਲਈ ਉਹ ਬਹੁਤਾ ਦੂਰ ਨਹੀਂ ਜਾਂਦਾ; ਨੇੜਲੇ ਅਨੁਭਵ ਉੱਤੇ ਹੀ ਟੇਕ ਰੱਖਦਾ ਹੈ। ਇਸ ਕਾਰਨ ਕਈ ਵਾਰ ਪ੍ਰਤੀਤ ਹੁੰਦਾ ਹੈ ਜਿਵੇਂ ਉਹ ਆਪਣੇ ਪਰਿਵਾਰ ਜਾਂ ਨਿਕਟ ਸਕੇ-ਸੰਬੰਧੀਆਂ ਦੀ ਹੀ ਬਾਤ ਪਾ ਰਿਹਾ ਹੋਵੇ। ਪਰ ਇੰਝ ਕਰਨਾ ਆਪਣੀ ਰਚਨਾ ਨੂੰ ਪ੍ਰਮਾਣਕ ਯਥਾਰਥੀ ਲਿਖਤ ਬਣਾਉਣ ਲਈ ਬਿਲਿੰਗ ਦੀ ਇਕ ਜੁਗਤ ਮਾਤਰ ਹੈ। ਮਜ਼ਬੂਤ ਯਥਾਰਥਕ ਧਰਾਤਲ ਵਾਲੀ ਵਸਤੂ ਸਮੱਗਰੀ ਨੂੰ ਕਲਪਨਾ ਦੀ ਕੁਸ਼ਲ ਪੁੱਠ ਚਾੜ੍ਹ ਕੇ ਜੋ ਨਾਵਲੀ ਲਿਖਤ ਉਹ ਪਰੋਸਦਾ ਹੈ, ਉਸਦੇ ਅਰਥਾਂ ਦਾ ਘੇਰਾ ਇਕ ਆਂਚਲ ਦੀ ਪੇਸ਼ਕਾਰੀ ਤਕ ਸੀਮਤ ਨਾ ਰਹਿ ਕੇ ਵਿਸ਼ਾਲ ਮਹੱਤਵ ਦਾ ਧਾਰਨੀ ਹੋ ਜਾਂਦਾ ਹੈ। ਰੀਤੀ ਰਿਵਾਜਾਂ, ਸੰਸਕਾਰਾਂ, ਵਿਸ਼ਵਾਸਾਂ, ਰਿਸ਼ਤਿਆਂ, ਬੋਲ-ਵਿਹਾਰ ਤੇ ਰਹਿਣ-ਸਹਿਣ ਦੇ ਪੱਖ ਤੋਂ ਨਿਵੇਕਲੀ ਸਭਿਆਚਾਰਕ ਪੇਸ਼ਕਾਰੀ ਵਿਚ ਬਿਲਿੰਗ ਦੀ ਰੁਚੀ ਉਸਨੂੰ ਪਿੱਛਲਖੁਰੀ ਦਿੱਖ ਦਾ ਧਾਰਨੀ ਨਹੀਂ ਬਣਾਉਂਦੀ, ਜਿਸਦਾ ਇਸ ਤਰ੍ਹਾਂ ਦੀ ਪੇਸ਼ਕਾਰੀ ਸਮੇਂ ਆਮ ਖਤਰਾ ਬਣਿਆ ਰਹਿੰਦਾ ਹੈ।

ਖਾਲੀ ਖੂਹਾਂ ਦੀ ਕਥਾ ਦਾ ਸਮੁੱਚਾ ਬਿਰਤਾਂਤ ਉਤਮ ਪੁਰਖੀ ਪਾਤਰ ਦੇ ਰੂਪ ਵਿਚ ਗੁੰਦਿਆ ਗਿਆ ਹੈ, ਜੋ ਪਾਤਰ ਆਪਣੇ ਬਚਪਨ ਦੇ ਵੇਲ਼ਿਆਂ ਤੋਂ ਸ਼ੁਰੂ ਕਰਕੇ ਨਾਨਕਿਆਂ ਦੀਆਂ ਚਾਰ ਪੀੜ੍ਹੀਆਂ ਦੀ ਕਥਾ ਬਿਆਨ ਕਰਦਾ ਹੈ। ਨਾਵਲ ਦਾ ਇਹ ਪਾਤਰ ਹੈ ਚਰਨ ਸਿੰਘ ਦਾ ਦੋਹਤਾ ਪਾਸ਼ੀ, ਜਿਸਨੇ ਆਪਣੇ ਮਸੇਰ ਭਰਾ ਦੀਪੇ ਨਾਲ ਬਚਪਨ ਦੇ ਮੁੱਢਲੇ ਦਿਨ, ਸਾਡੇ ਪੇਂਡੂ ਸਮਾਜ ਦੀ ਪੁਰਾਣੀ ਪ੍ਰਥਾ ਅਨੁਸਾਰ, ਨਾਨਕੇ ਪਿੰਡ, ਰਾਏਪੁਰ, ਵਿਚ ਬਿਤਾਏ ਹਨ। ਇਸ ਸਮੇਂ ਇਹ ਪਾਤਰ ਆਪਣੇ ਮਸੇਰ ਗੁਰਦੀਪ ਵਾਂਗ ਹੀ ਚੰਗਾ ਪੜ੍ਹਿਆ ਲਿਖਿਆ ‘ਮੁਲਾਜ਼ਮ ਪੇਸ਼ਾ’ ਵਿਅਕਤੀ ਹੈ। ਵਿਆਹ-ਸ਼ਾਦੀਆਂ ਤੇ ਮਰਨੇ-ਪਰਨੇ ਦੇ ਖੁਸ਼ੀ ਗ਼ਮੀ ਦੇ ਮੌਕਿਆਂ ਤੋਂ ਬਿਨਾਂ ਸਮੇਂ ਸਮੇਂ ਸਾਧਾਰਨ ਤੌਰ ‘ਤੇ ਵੀ ਪਾਸ਼ੀ ਦਾ ਨਾਨਕੇ ਪਿੰਡ ਗੇੜਾ ਲਗਦਾ ਰਹਿੰਦਾ ਹੈ, ਅਤੇ ਇੰਝ ਉਸਨੂੰ ਉੱਥੇ ਵਾਪਰਦੇ ਸਭ ਚੰਗੇ ਮੰਦੇ ਦੀ ਸੂਹ ਰਹਿੰਦੀ ਹੈ। ਐਪਰ ਇਹ ਬਿਰਤਾਂਤਕਾਰ ਪਾਤਰ ਪਾਸ਼ੀ ਖੁਦ ਨਾਵਲ ਦੀ ਕਥਾ ਦਾ ਕੇਂਦਰ ਨਹੀਂ ਬਣਦਾ, ਫੋਕਸ ਵਿਚ ਨਾਨਕਾ ਪਰਿਵਾਰ ਅਤੇ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਦੇ ਜੀਅ ਹੀ ਰਹਿੰਦੇ ਹਨ। ਸਭ ਤੋਂ ਪਹਿਲਾਂ ਨਾਨੇ ਚਰਨ ਸਿੰਘ ਦੇ ਮੂੰਹੋਂ ਸੁਣੀਆਂ ਗੱਲਾਂ ਰਾਹੀਂ ਪਾਸ਼ੀ ਨੂੰ ਆਪਣੇ ਨਾਨਕਿਆਂ ਤੋਂ ਵੀ ਅਗਾਂਹ ਪੜਨਾਨੇ ਦੇ ਪਰਿਵਾਰ ਦਾ ਪਤਾ ਲਗਦਾ ਹੈ। ਉੱਥੋਂ ਸ਼ੁਰੂ ਹੁੰਦੀ ਕਥਾ ਵਿਚਲੇ ਆਪਣੇ ਸਭ ਰਿਸ਼ਤੇਦਾਰ ਪਾਤਰਾਂ ਨੂੰ ਪਾਸ਼ੀ ਨੇ ਨਿਜੀ ਨੇੜ, ਮੋਹ ਜਾਂ ਦਵੈਖ ਦੀ ਭਾਵਨਾ ਤੋਂ ਮੁਕਤ ਹੋ ਕੇ ਨਿਪਟ ਯਥਾਰਥੀ ਪਹੁੰਚ ਨਾਲ ਇਉਂ ਚਿਤਰਿਆ ਹੈ ਜਿਵੇਂ ਉਹਨਾਂ ਨਾਲ ਉਸਦਾ ਵਾਸਤਾ ਸਿਰਫ ਬਿਰਤਾਂਤਕਾਰ ਦਾ ਹੀ ਹੋਵੇ। ਇਹ ਤੱਥ ਪਾਸ਼ੀ ਨੂੰ ਨਾਵਲੀ ਕਥਾ ਦੇ ਬਿਰਤਾਂਤਕਾਰ ਜਾਂ ਪ੍ਰਵਕਤਾ ਤੋਂ ਅਗਾਂਹ ਇਕ ਤਰ੍ਹਾਂ ਨਾਲ ਯਥਾਰਥਵਾਦੀ ਪਹੁੰਚ ਵਾਲੇ ਲੇਖਕ ਅਵਤਾਰ ਸਿੰਘ ਬਿਲਿੰਗ ਵਿਚ ਰੂਪਾਂਤਰਤ ਕਰ ਦਿੰਦਾ ਹੈ।

ਨਾਵਲ ਦੀ ਕਥਾ ਅਨੁਸਾਰ ਦੋ ਸਕੇ ਭਰਾ ਚਰਨ ਸਿੰਘ ਤੇ ਬਚਨ ਸਿੰਘ ਬਚਪਨ ਵਿਚ ਹੀ ਮਾਪਿਆਂ ਤੋਂ ਵਾਂਝੇ ਹੋ ਗਏ ਸਨ। ਪਿਤਾ ਜਬਰ ਸਿੰਘ ਪਲੇਗ ਦੀ ਭੇਟ ਚੜ੍ਹ ਗਿਆ ਸੀ ਜਦਕਿ ਮਾਂ ਪੇ੍ਰਮ ਕੌਰ ਕਿਸੇ ਨਾਲ ਉਧਲ ਗਈ ਸੀ। ਇਹਨਾਂ ਹਾਲਤਾਂ ਵਿਚ ਬੇਸਹਾਰਾ ਹੋ ਗਏ ਭਾਣਜਿਆਂ ਨੂੰ ਉਹਨਾਂ ਦਾ ਮਾਮਾ ਚੰਚਲ ਸਿੰਘ ਆਪਣੇ ਪਿੰਡ ਕਟਾਣੀ ਲੈ ਗਿਆ ਸੀ, ਜਿੱਥੇ ਉਹਨਾਂ ਦੀ ਨਾਨੀ ਬਿਸ਼ਨੀ ਨੇ ਮਾਸੂਮਾਂ ਨੂੰ ਸੰਭਾਲਿਆ ਸੀ। ਖੱਟੀ ਕਮਾਈ ਕਰਨ ਗਿਆ ਕਈ ਸਾਲਾਂ ਮਗਰੋਂ ਮਲਾਇਆ ਤੋਂ ਮੁੜਿਆ ਉਹਨਾਂ ਦਾ ਚਾਚਾ ਜੰਗ ਸਿੰਘ, ਜੱਦੀ ਘਰ ਨੂੰ ਉਜੜਿਆ ਤੇ ਖੋਲ਼ਾ ਬਣਿਆ ਹੋਇਆ ਵੇਖਕੇ ਗੁੰਮ ਸੁੰਮ ਹੋ ਗਿਆ ਸੀ, ਅਤੇ ਇਉਂ ਬੇਸੁਰਤੀ ਵਿਚ ਡਿੱਗੇ ਪਏ ਦੀ ਬਾਂਸਲੀਆਂ ਵਿਚ ਸੰਭਾਲੀ ਉਸਦੀ ਸਾਰੀ ਖੱਟੀ ਕਮਾਈ ਸ਼ਰੀਕਾਂ ਨੇ ਚੋਰੀ ਕਰ ਲਈ ਸੀ। ਇਹ ਸਾਰੀ ਅਣਹੋਣੀ ਵਾਪਰਨ ‘ਤੇ ਪਾਗ਼ਲ ਹੋਣ ਕਾਰਨ ਸੰਗਲ਼ਾਂ ਵਿਚ ਜਕੜਿਆ ਘਰ ਦਾ ਆਖਰੀ ਵਡੇਰਾ, ਨਾਨੇ ਚਰਨ ਸਿੰਘ ਤੇ ਬਚਨ ਸਿੰਘ ਦਾ ਚਾਚਾ ਜੰਗ ਸਿੰਘ, ਵੀ ਚੱਲ ਵਸਿਆ ਸੀ। ਉਡਾਰ ਹੋਣ ‘ਤੇ ਨਾਨਕਿਆਂ ਤੋਂ ਵਾਪਸ ਆਪਣੇ ਪਿੰਡ ਪਰਤਕੇ ਚਰਨੇ ਤੇ ਬਚਨੇ ਨੇ ਆਪਣੀ ਜੱਦੀ ਪੁਸ਼ਤੀ ਜ਼ਮੀਨ ਦੀ ਖੇਤੀ ਦਾ ਕੰਮ ਸਾਂਭ ਲਿਆ ਸੀ, ਅਤੇ ਦੋਵੇਂ ਪਿੰਡ ਮੀਰਪੁਰ ਦੀਆਂ ਦੋ ਸਕੀਆਂ ਭੈਣਾਂ ਪ੍ਰੀਤਮ ਕੌਰ ਤੇ ਅਮਰ ਕੌਰ ਨਾਲ ਵਿਆਹੇ ਗਏ ਸਨ। ਸਾਂਝੇ ਪਰਿਵਾਰ ਵਜੋਂ ਰਹਿੰਦੇ ਚਰਨੇ ਤੇ ਬਚਨੇ ਦੀ ਅੱਗੋਂ ਔਲਾਦ ਵਿਚ ਚਰਨ ਸਿੰਘ ਦੀਆਂ ਵੱਡੀਆਂ ਦੋ ਧੀਆਂ ਅਤੇ ਦੋ ਪੁੱਤਰ ਸਨ ਜਦਕਿ ਬਚਨ ਸਿੰਘ ਦੀ ਇਕੋ ਇਕ ਧੀ ਸੀ ਗਿਆਨੋ। ਇਕੋ ਪਿੰਡ ਸਲ਼ੌਦੀ ਵਿਆਹੀਆਂ ਧੀਆਂ ਜੈਲੋ ਅਤੇ ਕੈਲੋ ਦੇ ਇਕਲੌਤੇ ਪੁੱਤਰਾਂ ਅਤੇ ਚਰਨ ਸਿੰਘ ਦੇ ਦੋਹਤਿਆਂ ਪਾਸ਼ੀ ਅਤੇ ਦੀਪੇ ਵਿਚੋਂ ਹੀ ਇਕ ਪਾਸ਼ੀ ਹੈ ਇਸ ਨਾਵਲ ਦਾ ਪ੍ਰਵੱਕਤਾ ਤੇ ਬਿਰਤਾਂਤਕਾਰ।

ਪ੍ਰੀਤਮ ਕੌਰ ਦੇ ਪੁੱਤਰਾਂ ਵਰਗੇ ਚਹੇਤੇ ਦਿਉਰ ਬਚਨ ਸਿੰਘ ਵੱਲੋਂ ਭਰਜਾਈ ਦੇ ਨੇੜੇ ਨੇੜੇ ਵਿਚਰਨ ‘ਤੇ ਸੁਹਣੀ ਸੁਨੱਖੀ ‘ਮਿੱਠੀ ਨਾਨੀ’ ਅਮਰ ਕੌਰ ਭਾਵੇਂ ਆਪਣੀ ਭੈਣ ਤੇ ਘਰ ਵਾਲੇ ਨਾਲ ਵਿਟਰੀ ਰਤਾ ਅਲੱਗ ਥਲੱਗ ਜਿਹੀ ਰਹਿੰਦੀ ਸੀ, ਤਦ ਵੀ ਵੇਲ਼ੇ ਦੇ ਮੁਤਾਬਕ ਖੇਤੀ ਤੇ ਪਸ਼ੂ-ਪਾਲਣ ਦਾ ਕੰਮ ਕਰਦੇ ਰਹੇ ਦੋਹਾਂ ਭਰਾਵਾਂ ਚਰਨ ਸਿੰਘ ਤੇ ਬਚਨ ਸਿੰਘ ਦਾ ਸਾਂਝਾ ਘਰ ਖੁਸ਼ ਅਸਲੂਬੀ ਨਾਲ ਚਲਦਾ ਰਿਹਾ ਸੀ। ਸਨਾਤਨੀ ਵਿਚਾਰਾਂ ਵਾਲੇ ਚਰਨ ਸਿੰਘ ਅਤੇ ਉਸਦੇ ਅੰਮ੍ਰਿਤ ਛਕ ਕੇ ‘ਨਿਹੰਗ’ ਬਣੇ ਭਰਾ ਬਚਨ ਸਿੰਘ ਵਿਚਾਲੇ ਹਾਸੇ ਠੱਠੇ ਵਾਲਾ ਵਿਚਾਰਾਂ ਦਾ ਭੇੜ ਭਾਵੇਂ ਹੁੰਦਾ ਰਹਿੰਦਾ ਸੀ ਪਰ ਦੋਵਾਂ ਨੇ ਬੱਚਿਆਂ ਦੇ ਮਾਮਲੇ ਵਿਚ ਕੋਈ ਮੇਰ ਤੇਰ ਨਹੀਂ ਸੀ ਜਤਾਈ ਅਤੇ ਉਹ ਆਪਣੀ ਸੰਤਾਨ ਦੇ ਰੂਪ ਵਿਚ ਤਿੰਨ ਭੈਣਾਂ ਤੇ ਦੋ ਭਰਾਵਾਂ ਨੂੰ ਇਕੋ ਜਿਹਾ ਹੀ ਸਮਝਦੇ ਸਨ। ਚਰਨ ਸਿੰਘ ਦੀਆਂ ਦੋ ਵਿਆਹੀਆਂ-ਵਰੀਆਂ ਵੱਡੀਆਂ ਧੀਆਂ ਆਪਣੇ ਘਰ-ਪਰਿਵਾਰਾਂ ਵਿਚ ਵਸਦੀਆਂ ਸਨ; ਸਮਾਂ ਆਉਣ ‘ਤੇ ਬਚਨ ਸਿੰਘ ਦੀ ਧੀ ਗਿਆਨੋ ਦਾ ਵਿਆਹ ਵੀ ਚੰਗੇ ਦਾਜ-ਦਹੇਜ ਨਾਲ ਵਾਹਵਾ ਖਰਚ ਕਰਕੇ ਕੀਤਾ ਗਿਆ ਸੀ। ਐਪਰ ਦੋਹਾਂ ਪੁੱਤਰਾਂ ਬਚਿੱਤਰ ਸਿੰਘ ਤੇ ਫੌਜੀ ਦੁਰਲੱਭ ਸਿੰਘ ਨੂੰ ਰਿਸ਼ਤੇ ਕੁਝ ਪਛੜਕੇ ਹੀ ਜੁੜੇ ਸਨ। ਢੀਂਡਸਿਆਂ ਵਿਚ ਬਚਿੱਤਰ ਸਿੰਘ ਦੇ ਦਲਬੀਰ ਕੌਰ ਨਾਲ ਵਿਆਹੇ ਜਾਣ ਪਿੱਛੋਂ ਕੁਝ ਸਮੇਂ ਦੇ ਵਕਫੇ ਨਾਲ ਫੌਜੀ ਦੁਰਲੱਭ ਸਿੰਘ ਦੀ ਵੀ ਗੁਰਬਿੰਦਰ ਕੌਰ ਨਾਲ ਸ਼ਾਦੀ ਹੋ ਗਈ ਸੀ, ਜੋ ਸਗੋਂ ਢੀਂਡਸਿਆਂ ਰਾਹੀਂ ਮਹਿਤੋਤ ਤੋਂ ਦਲਬੀਰੋ ਦੇ ਮਾਮੇ ਦੀ ਧੀ ਮੀਤੋ ਨਾਲ ਹੋਈ ਪਹਿਲੀ ਮੰਗਣੀ ਤੋੜਕੇ ਕੀਤੀ ਗਈ ਸੀ।

ਅਗਾਂਹ ਬਚਿੱਤਰ ਸਿੰਘ ਅਤੇ ਦਲਬੀਰੋ ਦੇ ਘਰ ਪੁੱਤਰ ਅਨੂਪਾ ਤੇ ਧੀ ਰੂਪਾਂ ਜਨਮੇ ਜਦਕਿ ਦੁਰਲੱਭ ਸਿੰਘ ਤੇ ਗੁਰਬਿੰਦਰੋ ਦੇ ਸਿਰਫ ਦੋ ਪੁੱਤਰ ਸਨ, ਸਰੂਪਾ ਅਤੇ ਦਿਲਪ੍ਰੀਤ। ਠੀਕਰੀਵਾਲ ਵਿਆਹੀ ਗਈ ਗਿਆਨੋ ਦੇ ਵੀ ਦੋ ਪੁੱਤਰ ਹੀ ਸਨ-ਗੁਰਮੋਹਨ ਤੇ ਗੋਰਸੋਹਨ। ਅਗਲੀ ਪੀੜ੍ਹੀ ਵਿਚ ਬਚਿੱਤਰ ਸਿੰਘ ਦੇ ਪੁੱਤਰ ਅਨੂਪੇ ਦਾ ਵਿਆਹ ਉੱਚੇ ਜਟਾਣਿਆਂ ਤੋਂ ਭਾਂਡੇ ਖਾਂਡੇ ਵਾਲਿਆਂ ਦੀ ਧੀ ਕਿਰਨਬੀਰ ਨਾਲ ਹੋਇਆ ਸੀ ਜਦਕਿ ਧੀ ਰੂਪਾਂ ਬਾਹੋ ਮਾਜਰੇ ਦੇ ਖਾਂਦੇ ਪੀਂਦੇ ਘਰ ਵਿਚ ਸਾਹਿਬਪ੍ਰੀਤ ਭੱਟੀ ਨਾਲ ਪਰਨਾਈ ਗਈ ਸੀ। ਕੈਨੇਡਾ ਜਾ ਵਸੇ ਖਮਾਣੋਂ ਦੇ ਕੰਗ ਪਰਿਵਾਰ ਦੀਆਂ ਧੀਆਂ ਅਮਨਪ੍ਰੀਤ ਅਤੇ ਹੁਸਨਪ੍ਰੀਤ ਨਾਲ ਵਿਆਹੇ ਜਾਣ ‘ਤੇ ਦੁਰਲੱਭ ਦਾ ਛੋਟਾ ਪੁੱਤਰ ਦਿਲਪ੍ਰੀਤ ਅਤੇ ਗਿਆਨੋ ਦਾ ਗੁਰਸੋਹਨ ਆਪੋ ਵਿਚ ਸਾਢੂ ਬਣ ਗਏ ਸਨ। ਸਰੂਪੇ ਤੇ ਉਸਦੀ ਪਤਨੀ ਸਰਬਜੀਤ, ਲਫੈਂਡ ਰਹੇ ਪਰ ਪਤਨੀ ਨਵਜੋਤ ਕਰਕੇ ਅਮਰੀਕਾ ਜਾ ਵਸੇ ਗੁਰਮੋਹਨ ਤੇ ਉਹਨਾਂ ਦੇ ਪੁੱਤਰ ਗੁਰਜੋਤ ਤੋਂ ਬਿਨਾਂ ਅਨੂਪੇ ਦੀ ਧੀ ਸੁੱਖੋ, ਰੂਪਾਂ ਦੇ ਪੁੱਤਰ ਏਕਮਪ੍ਰੀਤ, ਗੁਰਸੋਹਨ ਦੀ ਤਿੰਨ ਸਾਲ ਦੀ ਬਾਲੜੀ ਅਰਸ਼ੋ ਸਮੇਤ ਚਰਨ ਸਿੰਘ ਤੇ ਬਚਨ ਸਿੰਘ ਦੀ ਅੰਸ਼ ਵੰਸ ਦੇ ਸਾਰੇ ਜੀਆਂ ਦੇ ਜ਼ਿਕਰ ਦੇ ਨਾਲ ਨਾਲ ਨਾਵਲ ਵਿਚ ਪਾਤਰਾਂ ਦੀ ਇਕ ਵੱਡੀ ਲਾਮਡੋਰੀ ਹੈ। ਆਪਣੇ ਵਿਸ਼ੇਸ਼ ਵਿਅਕਤੀਗਤ ਚਰਿੱਤਰ ਸਹਿਤ ਪੇਂਡੂ ਸਮਾਜਚਾਰੇ ਵਿਚਲੇ ਵੱਖ ਵੱਖ ਵਰਗਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਇਹਨਾਂ ਪਾਤਰਾਂ ਵਿਚ ਉਂਗਲੀਵੱਢ ਹਰਨਾਮਾ ਲੰਬੜਦਾਰ ਤੇ ਉਸਦੀ ਘਰਵਾਲੀ ਚਿੱਟੀ ਤਾਈ, ਚੁਲਬਲੀ ਮਲਕੀਤੋ ਤੇ ਉਸਦਾ ਘਰਵਾਲਾ ਟਹਿਲ ਸਿੰਘ ਪਟਵਾਰੀ, ਦੁਕਾਨਦਾਰ ਲਾਲਾ ਰਾਮ ਦਿਆਲ ਤੇ ਉਸਦਾ ਪੁੱਤਰ ਰਾਮ ਸ਼ਰਨ, ਕਾਲੂ ਬਾਹਮਣ ਤੇ ਉਸਦਾ ਪੁੱਤਰ ਮੇ੍ਹਸ਼ੀ, ਹੁਕਮਾ ਸਿਆਲਕੋਟੀਆ, ਉਸਦੀ ਪਤਨੀ ਰੇਸ਼ਮਾਂ, ਵਿਧਵਾ ਧੀ ਸੀਤੋ ਤੇ ਪੁੱਤਰ ਮਿੱਠੂ, ਜੁੱਤੀਆਂ ਗੰਢਣ ਵਾਲਾ ਅਨੋਖਾ, ਚਰਨ ਸਿੰਘ ਦਾ ਪੱਗਵੱਟ ਭਰਾ ਮਾਨ ਸਿੰਘ ਮਕਸੂਦੜਾ, ਉਸਦਾ ਪੁੱਤਰ ਨਾਜਰ ਮਕਸੂਦੜਾ, ਰਾਮਸਰੀਆ ਸੰਤ ਸੱਜਣ ਸਿੰਘ ਆਦਿ ਸ਼ਾਮਲ ਹਨ, ਜੋ ਇਕ ਜਾਂ ਦੂਜੇ ਪੱਖੋਂ ਨਾਵਲ ਦੀ ਕਥਾ ਨੂੰ ਅਰਥ ਭਰਪੂਰ ਬਣਾਉਣ ਵਿਚ ਆਪਣਾ ਯੋਗਦਾਨ ਪਾਉਂਦੇ ਹਨ।

ਨਾਵਲ ਵਿਚ ਪਾਤਰਾਂ ਦੀ ਬਹੁਤਾਤ ਵਾਂਗ ਇਸਦੇ ਕਥਾਨਕ ਵਿਚ ਕੁਸ਼ਲਤਾ ਨਾਲ ਬੀੜੀਆਂ ਗਈਆਂ ਘਟਨਾਵਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ। ਕਈ ਵਾਰ ਆਪਣੀ ਸੁਤੰਤਰ ਹੈਸੀਅਤ ਅਖਤਿਆਰ ਕਰਦੇ ਜਾਪਦੇ ਇਹ ਕਥਾ-ਅੰਸ਼ ਸਮੁੱਚਤਾ ਵਿਚ ਇਕ ਅਜਿਹਾ ਚਿੱਤਰ ਬਣਾਉਂਦੇ ਹਨ ਜਿਸ ਵਿਚੋਂ ਪੇਂਡੂ ਰਹਿਤਲ ਆਪਣੇ ਗੁਣਾਂ-ਲੱਛਣਾਂ ਤੇ ਸੀਮਾਵਾਂ ਸਹਿਤ ਸਜੀਵ ਹੋ ਜਾਂਦੀ ਹੈ। ਇਕ ਬੰਨੇ ਪ੍ਰਤੱਖ ਆਰਥਿਕ ਵਿਕਾਸ ਦੇ ਸਮਾਨਾਂਤਰ ਨੈਤਿਕ ਕਦਰਾਂ-ਕੀਮਤਾਂ ਵਿਚ ਨਿਘਾਰ ਨਜ਼ਰ ਆਉਂਦਾ ਹੈ, ਦੂਜੇ ਬੰਨੇ ਪਹਿਲਾਂ ਸਖਤ ਮਿਹਨਤ ਨਾਲ ਖੇਤੀ ਕਰਦੀ ਰਹੀ ਜੱਟ ਕਿਰਸਾਣੀ ਦੀ ਉਤਲੀ ਪਰਤ ਦੇ ਸਿਰਫ ਮੈਨੇਜਰ ਦਾ ਰੋਲ ਸਾਂਭ ਕੇ ਲਗਪਗ ਵਿਹਲ ਹੰਢਾਉਂਦੇ ਭੋਂਪਤੀਆਂ ਵਿਚ ਤਬਦੀਲ ਹੋਣ ਦੇ ਸੱਚ ਵੱਲ ਸੰਕੇਤ ਹੁੰਦਾ ਹੈ। ਇਹਨਾਂ ਸੰਕੇਤਾਂ ਦਾ ਵਿਸਥਾਰ ਜ਼ਿਆਦਾਤਰ ਚਰਨ ਸਿੰਘ ਤੇ ਬਚਨ ਸਿੰਘ ਦੀ ਪਰਿਵਾਰਕ ਸੰਗਲੀ ਨਾਲ ਜੁੜਕੇ ਪੇਸ਼ ਹੋਇਆ ਹੈ।

ਜ਼ਮੀਨ ਨਾਲ ਜੱਟ ਦੇ ਸੰਬੰਧ ਦਾ ਆਰਥਿਕ ਪਹਿਲੂ ਤਾਂ ਹੈ ਹੀ, ਇਸਦੇ ਘਟਣ ਵਧਣ, ਚੰਗੀ ਜਾਂ ਮਾੜੀ ਸਾਂਭ ਸੰਭਾਲ ਕਾਰਨ ਸੰਤੁਸ਼ਟੀ ਜਾਂ ਨਮੋਸ਼ੀ ਦੇ ਭਾਵਾਂ ਦਾ ਸਮਾਜਕ-ਸਭਿਆਚਾਰਕ ਮਹੱਤਵ ਵੀ ਬਹੁਤ ਹੈ। ਜੱਟਾਂ ਦੇ ਸਾਰੇ ਰਿਸ਼ਤੇ ਨਾਤਿਆਂ ਵਿਚ ਭੋਂ-ਮਾਲਕੀ ਦਾ ਬਹੁਤ ਵੱਡਾ ਦਖਲ ਹੈ। ਬਚਨ ਸਿੰਘ ਦੀ ਇਕਲੌਤੀ ਸੰਤਾਨ ਗਿਆਨੋ ਦੇ ਠੀਕਰੀਵਾਲ ਪਿੰਡ ਵਿਚ ਵਿਆਹੇ ਜਾਣ ਪਿੱਛੋਂ ਉਸਦੇ ਸਹੁਰੇ ਸੂਬੇਦਾਰ ਦਿਆਲ ਸਿੰਘ ਤੇ ਪ੍ਰਾਹੁਣੇ ਕੇਵਲ ਸਿੰਘ ਨੇ ਬਚਨ ਸਿੰਘ ਦੇ ਹਿੱਸੇ ਦੀ ਜ਼ਮੀਨ ਉੱਤੇ ਅੱਖ ਧਰ ਲਈ ਸੀ। ਗਿਆਨੋ ਦੀ ਡੋਲ਼ੀ ਤੁਰਨ ਦੇ ਨਾਲ ਹੀ ਦਾਜ ਵਿਚ ਦਿੱਤੀ ਘੋੜੀ ਠੀਕਰੀਵਾਲ ਪੁਚਾਉਣ ਗਏ ਮੁਸਲਮਾਨ ਗੁੱਜਰ ਯੂਸਫ ਤੋਂ ਸੂਬੇਦਾਰ ਨੇ ਪੁੱਛ ਲਿਆ ਸੀ ਕਿ ‘ਸਾਡੇ ਸਿੱਧੇ ਸਾਕ ਬਚਨ ਸਿੰਘ ਨੂੰ ਕੁੱਲਬਟਾ-ਕੁੱਲ ਸਿਆੜ ਕਿੰਨੇ ਆਉਂਦੇ ਨੇ’। ਖੁਦ ਗਿਆਨੋ ਨੇ ਕਈ ਵਾਰ ਰਾਏਪੁਰ ਆ ਕੇ ਆਪਣੇ ਪਿਉ ਬਚਨ ਸਿੰਘ ਕੋਲ ਦੋਹਤਿਆਂ ਦੇ ਨਾਉਂ ਜ਼ਮੀਨ ਲੁਆਉਣ ਲਈ ਤਰਲਾ ਹੀ ਨਹੀਂ ਸੀ ਮਾਰਿਆ, ਉਸ ਨਾਲ ਬੋਲ ਵਿਗਾੜ ਵੀ ਕੀਤਾ ਸੀ। ਵੱਡੇ ਭਤੀਜੇ ਬਚਿੱਤਰ ਸਿੰਘ ਨੂੰ ਆਪਣੀ ਜ਼ਮੀਨ ਦਾ ਆਮ ਮੁਖਤਿਆਰ ਬਣਾਉਣ ਤੋਂ ਕਿੰਨਾ ਚਿਰ ਪਿੱਛੋਂ ਧੀ ਦੇ ਸਤਾਏ ਬਚਨ ਸਿੰਘ ਨੇ ਜਦੋਂ ਉਸਨੂੰੰ ਪੁੱਛਿਆ ਕਿ ‘ਹੇਬਾ ਕਰਾਇਆ ਵਾ ਟੁੱਟ ਨੀ ਹੁੰਦਾ?’ ਤਾਂ ਬਚਿੱਤਰ ਸਿੰਘ ਨੇ ਇਹ ਆਖਦਿਆਂ ਹੋਇਆਂ ਕਿ ‘ਹੁਣ ਆਪਾਂ ਨੂੰ ਤੁੜਾਉਣ ਦੀ ਕਿਹੜੀ ਲੋੜ ਪੈਗੀ ਚਾਚਾ’, ਅਗਾਂਹ ਨਿਰਾ ਝੂਠ ਬੋਲ ਦਿੱਤਾ ਸੀ ਕਿ ‘ਤੇਰਾ ਹਿੱਸਾ ਤਾਂ ਮੈਂ ਅਰ ਦੁਰਲੱਭ ਨੇ ‘ਗਾਹਾਂ ਅਨੂਪੇ ਸਰੂਪੇ ਦੇ ਨਾਉਂ ਉਸੇ ਵਖਤ ਚੜ੍ਹਾ ਕੇ ਸਾਰਾ ਟੰਟਾ ਹੀ ਮੁਕਾ ‘ਤਾ ਸੀ’। ਧੀ ਦੇ ਬਹੁਤ ਸਖਤ ਰੋਸੇ ਤੋਂ ਪਰੇਸ਼ਾਨ ਕੁਝ ਕਰ ਸਕਣ ਦੀ ਸਥਿਤੀ ਵਿਚ ਨਾ ਹੋਣ ਕਰਕੇ ਹੀ ਚਰਨ ਸਿੰਘ ਘਰ-ਬਾਰ ਛੱਡਕੇ ਕਿਧਰੇ ਚਲਿਆ ਗਿਆ ਸੀ। ਗਿਆਨੋ ਦੇ ਸਹੁਰੇ ਸੂਬੇਦਾਰ ਦਿਆਲ ਸਿੰਘ ਅਤੇ ਘਰ ਵਾਲੇ ਕੇਵਲ ਸਿੰਘ ਨੂੰ ਇਹ ਦੁੱਖ ਹਮੇਸ਼ਾ ਸਤਾਉਂਦਾ ਰਿਹਾ ਕਿ ਬਚਨ ਸਿੰਘ ਦੇ ਹਿੱਸੇ ਦੀ ਜ਼ਮੀਨ ਉਹਨਾਂ ਕੋਲ ਨਹੀਂ ਸੀ ਆਈ।
    
ਇਸ ਗੱਲੋਂ ਚਿੰਤਾਗ੍ਰਸਤ ਕਿ ਉਸਦੇ ਪੁੱਤਰਾਂ ਨੂੰ ਰਿਸ਼ਤੇ ਕਿਉਂ ਨਹੀਂ ਆ ਰਹੇ, ਪੁਰਾਤਨ ਪੰਥੀ ਚਰਨ ਸਿੰਘ ਭ੍ਰਿਗੂ ਸੰਘਤਾ ਫੋਲਣ ਵਾਲੇ ਪੰਡਤ ਤੋਂ ਪੁੱਛਣਾ ਲੈਣ ਹੁਸ਼ਿਆਰਪੁਰ ਪਹੁੰਚ ਗਿਆ ਸੀ। ਮੁੱਡਿਆਂ ਨੂੰ ਰਿਸ਼ਤੇ ਆਉਣ ਦੇ ਸੰਬੰਧ ਵਿਚ ਮਿਹਨਤ ਮੁਸ਼ੱਕਤ ਕਰਨ ਵਾਲਾ ਚਰਨ ਸਿੰਘ ਦਾ ਸਾਧਾਰਨ ਕਿਸਾਨੀ ਪਰਿਵਾਰ ਭਾਨੀਮਾਰਾਂ ਦਾ ਸ਼ਿਕਾਰ ਸੀ। ਗਿਆਨੋ ਦੇ ਸਹੁਰੇ ਸੂਬੇਦਾਰ ਦਿਆਲ ਸਿੰਘ ਨੇ ਵੀ ਢੀਂਡਸੇ ਪਿੰਡ ਵਿਚ ਬਚਿੱਤਰ ਸਿੰਘ ਦੇ ਬਣਨ ਵਾਲੇ ਸਹੁਰਿਆਂ ਤਕ ਪਹੁੰਚ ਕੀਤੀ ਸੀ ਕਿ ਉਹ ਰਾਏਪੁਰ ਰਿਸ਼ਤਾ ਨਾ ਕਰਨ। ਖੈਰ, ਚਰਨ ਸਿੰਘ ਦੇ ਜਾਣੂੰ ਰੋਪੜੀਏ ਅਤਰ ਸਿੰਘ ਦੀਆਂ ਕੋਸ਼ਿਸ਼ਾਂ ਨਾਲ ਆਖਰ ਬਚਿੱਤਰ ਸਿੰਘ ਨੂੰ ਰਿਸ਼ਤਾ ਹੋ ਹੀ ਗਿਆ। ਢੀਂਡਸਿਆਂ ਵਾਲਿਆਂ ਨੇ ਸਿਰਫ ਰਿਸ਼ਤਾ ਹੀ ਨਹੀਂ ਸੀ ਕੀਤਾ ਸਗੋਂ ਟ੍ਰੈਕਟਰ ਟਰਾਲੀਆਂ ਜੋੜਕੇ ਆਪਣੀ ਧੀ ਦੇ ਸਹੁਰਿਆਂ ਦੀ ਜ਼ਮੀਨ ਵੀ ਸੰਵਾਰ ਦਿੱਤੀ ਸੀ। ਸਮੇਂ ਸਮੇਂ ਦਿੱੱਤੀ ਗਈ ਉਹਨਾਂ ਦੀ ਇਮਦਾਦ ਸਦਕਾ ਬਚਿੱਤਰ ਸਿੰਘ ਹੁਰਾਂ ਦੇ ਘਰ ਦੋ ਟ੍ਰੈਕਟਰ ਖਲੋਤੇ ਸਨ ਅਤੇ ਉਹ ਹੋਰ ਜ਼ਮੀਨਾਂ ਆਪਣੇ ਨਾਂ ਬੈਅ ਕਰਾਉਣ ਦੇ ਸਮਰੱਥ ਹੋ ਗਏ ਸਨ।

ਆਪਣੇ ਜਿਸ ਪੁੱਤਰ ਬਚਿੱਤਰ ਸਿੰਘ ਦੇ ਵਿਆਹੇ ਜਾਣ ਲਈ ਚਰਨ ਸਿੰਘ ਤਰਲੇ ਕੱਢਦਾ ਰਿਹਾ ਸੀ, ਉਹੀ ਬਚਿੱਤਰ ਸਿੰਘ ਚੰਗਾ ਖਾਂਦਾ ਪੀਂਦਾ ਜ਼ਿਮੀਂਦਾਰ ਤੇ ਪਿੰਡ ਦਾ ਸਰਪੰਚ ਬਣਿਆ ਕਣਕਵੰਨੇ ਰੰਗ ਦੀ ਆਪਣੀ ਵਹੁਟੀ -ਦਲਬੀਰੋ ਨੂੰ ਨੱਕ ਹੇਠ ਨਹੀਂ ਸੀ ਲਿਆਉਂਦਾ. ਅਤੇ ਰੋਸ ਕਰਦਾ ਸੀ ਕਿ ‘ਗਠੁੱਲੀ ਜਿਹੀ ਤੀਮੀ ਮੇਰੇ ਗਲ਼ ਪਾ ਕੇ ਮੈਨੂੰ ਝਾਫਿਆਂ ‘ਤੇ ਧਰ ਦਿੱਤਾ’। ਇਸ ਹਾਲਤ ਵਿਚ ਪਹਿਲੇ ਜਣੇਪੇ ਸਮੇਂ ਪੇਕੇ ਗਈ ਮੁੜਕੇ ਸਹੁਰੇ ਘਰ ਆਉਣ ਤੋਂ ਇਨਕਾਰੀ ਦਲਬੀਰੋ ਅਤੇ ਉਸਦੇ ਮਾਪਿਆਂ ਨਾਲ ਬਚਿੱਤਰ ਸਿੰਘ ਕਿੰਨੀ ਦੇਰ ਤਕ ਮੁਕੱਦਮੇ ਵਿਚ ਉਲਝਿਆ ਰਿਹਾ। ਮੁਕੱਦਮੇ ਦੇ ਨਿਪਟਾਰੇ ਵਜੋਂ ਸੁਲ੍ਹਾ ਸਫਾਈ ਹੋਣ ‘ਤੇ ਵੀ ਬਚਿੱਤਰ ਸਿੰਘ ਨੇ ਮੁੜ ਆਪਣੀ ਤੀਵੀਂ ਵੱਲ ਕਦੇ ਘੱਟ ਹੀ ਦੇਖਿਆ ਸੀ। ਸੂਰ ਪਾਲਣ ਤੇ ਆੜ੍ਹਤ ਵਰਗੇ ਧੰਦਿਆਂ ਤੋਂ ਅਗਾਂਹ ਸ਼ੈੱਲਰ, ਮੈਰਿਜ ਪੈਲਸ ਤੇ ਸ਼ਰਾਬ ਦੇ ਠੇਕਿਆਂ ਦਾ ਮਾਲਕ ਬਚਿੱਤਰ ਸਿੰਘ ਅਕਸਰ ਘਰ ਤੋਂ ਬਾਹਰ ਖੂਹ ਉੱਤੇ ਰਹਿੰਦਾ ਹੋਇਆ ਹੁਕਮੇ ਸਿਆਲਕੋਟੀਏ ਦੀ ਘਰ ਵਾਲੀ ਰੇਸ਼ਮਾ ਨਾਲ ਸੌਂਦਾ ਸੀ, ਜਿਸ ਦੇ ਮੁਤਾਬਕ ‘ਬਚਿੱਤਰ ਸਿੰਘ ਦਾ ਸਰੀਰ ਹਮੇਸ਼ਾ ਭਾਫਾਂ ਛੱਡਦਾ’ ਸੀ। ਰੇਸ਼ਮਾ ਤਕ ਹੀ ਸੀਮਤ ਨਾ ਰਹਿੰਦਾ ਹੋਇਆ ਬਚਿੱਤਰ ਸਿੰਘ ਉਸਦੀ ਵਿਧਵਾ ਧੀ ਸੀਤੋ ਉੱਤੇ ਵੀ ਹੱਥ ਧਰਦਾ ਰਿਹਾ ਸੀ ਅਤੇ ਜ਼ੁਲੈਖਾਂ, ਪਾਲੋ ਵਰਗੀਆਂ ਗੁਜਰਾਂ ਦੀਆਂ ਜਨਾਨੀਆਂ ਤੇ ਹੋਰ ਕਈ ਔਰਤਾਂ ਦਾ ਸੰਗ ਮਾਣਦਾ ਆਇਆ ਸੀ। ਘਰ ਵਿਚਲੀ ਤੀਵੀਂ ਬਾਰੇ ਉਸਦੀ ਧਾਰਨਾ ਸੀ,‘ਜਨਾਨੀ ਨੂੰ ਸਾਹ ਹੀ ਨਾ ਲੈਣ ਦਿਉ। ਜ਼ਮੀਨ ਦੀ ਵੱਤਰ ਦੇਖਕੇ ਹਰ ਸਾਲ ਗਿੱਲ ਦੱਬ ਦਿਉ। ਮਜਾਲ ਕੀ ਹੈ, ਬਈ ਉਹ ਵਿਰਕ ਜਾਵੇ’। ਘਰ ਦੇ ਅੰਦਰ ਜਾਂ ਘਰ ਦੇ ਬਾਹਰ ਔਰਤ ਵੱਲ ਇਸ ਤਰ੍ਹਾਂ ਦੇ ਭੂਪਵਾਦੀ ਦ੍ਰਿਸ਼ਟੀਕੋਣ ਕਾਰਨ ਤਿੰਨਾਂ ਹੀ ਪੀੜ੍ਹੀਆਂ ਦੀਆਂ ਔਰਤਾਂ, ਅਮਰ ਕੌਰ, ਦਲਬੀਰ ਕੌਰ ਅਤੇ ਕਿਰਨਬੀਰ ਕੌਰ ਆਪਣੇ ਮਰਦਾਂ ਵੱਲੋਂ ਲਗਪਗ ਤ੍ਰਿਸਕਾਰੀਆਂ ਹੋਈਆਂ ਘੱਟ ਜਾਂ ਵੱਧ ਸੰਤਾਪੀ ਜੂਨ ਹੰਢਾਉਂਦੀਆਂ ਰਹੀਆਂ। ਕਿਸੇ ਨੂੰ ਰੁੱਸ ਕੇ ਪੇਕੇ ਜਾਣਾ ਪੈਂਦਾ ਅਤੇ ਕੋਈ ਪਰੰਪਰਕ ਮਰਯਾਦਾ ਵਿਚ ਬੱਝੀ ਅੰਦਰੇ ਅੰਦਰ ਝੂਰਦੀ ਰਹਿੰਦੀ।

ਕਿਸਾਨੀ ਘਰਾਂ ਦੀਆਂ ਸੁਆਣੀਆਂ ਖੁਦ ਵੀ ਜ਼ਮੀਨ ਦੀ ਖਾਤਰ ਜੇਠ ਜਾਂ ਦਿਉਰ ਨੂੰ ਆਪਣੇ ਨੇੜੇ ਆਉਣ ਦੀ ਆਗਿਆ ਦੇ ਦਿੰਦੀਆਂ ਹਨ। ਇਕੋ ਇਕ ਧੀ ਦੀ ਮਾਂ ਅਮਰ ਕੌਰ ਦਾ ਦੁੱਖ ਸ਼ਾਇਦ ਇਹੀ ਸੀ, ਜੋ ਬਚਨ ਸਿੰਘ ਦੇ ਪ੍ਰੀਤਮ ਕੌਰ ਦੇ ਚੁਲ੍ਹੇ ਮੁੱਢ ਬੈਠਣ ਬਾਰੇ ਉਭਾਸਰ ਕੇ ਨਹੀਂ ਸੀ ਦੱਸ ਸਕਦੀ । ਪ੍ਰੀਤਮ ਕੌਰ ਨੇ ਅਖੀਰੀ ਉਮਰੇ ਆ ਕੇ ਆਪਣੀ ਭੈਣ ਅਮਰ ਕੌਰ ਅੱਗੇ ਸਫਾਈ ਦਿੱਤੀ ਕਿ ‘ਮੈਂ ਤੇਰੇ ਸਿੱਖ ਨਾਲ ਕਦੇ ਵੀ ਮਾੜੀ ਨਹੀਂ ਸੀ। ਸਾਰੀ ਉਮਰ, ਉਹ ਮੈਨੂੰ ਬਚਿੱਤਰ ਦੁਰਲੱਭ ਸਿਹੁੰ ਵਰਗਾ ਹੀ ਦੀਂਹਦਾ ਰਿਹਾ’ ਜਦਕਿ ਅਮਰ ਕੌਰ ਇਹ ਸੋਚਦੀ ਰਹੀ ਸੀ ਕਿ ਬਚਨ ਸਿੰਘ ਜੇ ਉਸਦੇ ਨੇੜੇ ਨਹੀਂ ਸੀ ਆਉਂਦਾ ਰਿਹਾ ਤਾਂ ਇਸਦਾ ਕਾਰਨ ਉਸਦੀ ਭੈਣ ਪ੍ਰੀਤਮ ਕੌਰ ਸੀ। ਆਪਣੀ ਵੱਡੀ ਭੈਣ ਦੇ ਬੋਲਾਂ ਨੂੰ ਸੱਚ ਮੰਨਦਿਆਂ ਅਖੀਰ ਉਸਨੇ ਝੋਰਾ ਕੀਤਾ ਸੀ, ‘ਤੱਤੇ ਲਹੂ ਕਰਕੇ ਭਰਮ ਭੁਲੇਖੇ ਖੜ੍ਹੇ ਹੁੰਦੇ ਰਹੇ ਬੀਬੀ’, ਤੂੰ ਮੈਨੂੰ ਪਹਿਲੋਂ ਦੱਸਿਆ ਹੁੰਦਾ। ਸਮਝਾਇਆ ਹੁੰਦਾ ਤਾਂ ਮੇਰਾ ਜੀਵਨ ਐਕਣ ਮੂਲੋਂ ਨਿਹਫਲ ਨਾ ਨਿਕਲਦਾ, ਮੈਂ ਕਦੇ ਵੀ ਨਿਹੰਗ ਨੂੰ ਘਰੋਂ ਨਾ ਨਿਕਲਣ ਦਿੰਦੀ’। ਪ੍ਰੀਤਮ ਕੌਰ ਨਾਲ ਬਚਨ ਸਿੰਘ ਦੇ ਰਿਸ਼ਤੇ ਦੀ ਹਕੀਕਤ ਕੁਝ ਵੀ ਹੋਵੇ ਪਰ ਬਚਨ ਸਿੰਘ ਵਾਂਗ ਪੁੱਤਰ ਦੀ ਸੰਤਾਨ ਤੋਂ ਵਾਂਝੇ ਰਹੇ ਉਂਗਲੀਵੱਢ ਹਰਨਾਮ ਸਿੰਘ ਦਾ, ਭਾਵੇਂ ਹਾਸੇ ਵਿਚ ਹੀ, ਇਹ ਕਹਿਣਾ ਸੀ ਕਿ ਜੇ ਉਸ ਨੇ ਆਪਣੀ ਜ਼ਮੀਨ ਭਤੀਜੇ ਟਹਿਲੇ ਦੇ ਨਾਂ ਨਹੀਂ ਲੁਆਈ ਤਾਂ ਇਸਦਾ ਕਾਰਨ ਇਹ ਸੀ ਕਿ ਉਸਦੀ ਪ੍ਰੀਤਮ ਕੌਰ ਵਰਗੀ ਕੋਈ ਭਰਜਾਈ ਜਿਉਂਦੀ ਨਹੀਂ ਸੀ।
    
ਚਰਨ ਸਿੰਘ ਤੇ ਬਚਨ ਸਿੰਘ ਦੇ ਵਿਆਹੇ ਜਾਣ ਪਿੱਛੋਂ ਉਹਨਾਂ ਨੇ ਆਪਣੀ ਜ਼ਮੀਨ ਵਿਚ ਖੂਹ ਲੁਆਇਆ ਸੀ, ਜਿਸ ਦੇ ਲਾਹੁਣ ਦਾ ਕੰਮ ਪ੍ਰੀਤਮ ਕੌਰ ਤੇ ਅਮਰ ਕੌਰ ਦੇ ਪੇਕੇ ਪਿੰਡ ਦੇ ਮਹਿਰਿਆਂ ਨੇ ਕੀਤਾ ਸੀ। ਸੰਭਵ ਹੈ ਇਸ ਖੂਹ ਸਦਕਾ ਹੀ ਪਰਿਵਾਰ ਦੀ ਆਰਥਿਕ ਹਾਲਤ ਬਿਹਤਰੀ ਵਾਲੇ ਪਾਸੇ ਨੂੰ ਪਰਤਣ ਲੱਗੀ ਹੋਵੇ ਅਤੇ ਇੰਝ ਇਹ ਇਕ ਤਰ੍ਹਾਂ ਪਰਿਵਾਰ ਦੀ ਖੁਸ਼ਨਸੀਬੀ ਤੇ ਖੁਸ਼ਹਾਲੀ ਦਾ ਪ੍ਰਤੀਕ ਸੀ। ਕਿਸਾਨੀ ਜੀਵਨ ਦੀ ਪੁਰਾਣੀ ਸਮਝ ਅਨੁਸਾਰ ਖੂਹ ਦਾ ਵਗਦੇ ਰਹਿਣਾ ਜ਼ਰੂਰੀ ਹੈ ਅਤੇ ਇਸਦਾ ਸੁੱਕਣਾ ਅਸ਼ੁਭ ਹੈ। ਏਸੇ ਪ੍ਰਸੰਗ ਵਿਚ ਰੁਦਨ ਦੀ ਸੁਰ ਵਾਲੇ ਅਮਰ ਕੌਰ ਦੇ ਇਹ ਬੋਲ ਸੁਣੀਂਦੇ ਹਨ, ‘ਵੇ ਕਿਉਂ ਸੁੱਕ ਗਿਆ ਆਪਣਾ ਖਵਾਜਾ’, ‘ਵੇ ਭਾਈ ਕੀ ਸਰਾਪ ਪੈ ਗਿਆ ਦੁਨੀਆਂ ਨੂੰ। ਸਰ ਤਾਂ ਸੁਕਦੇ ਦੇਖੇ ਸੀ, ਖੂਹ ਖਾਲੀ ਹੁੰਦੇ ਕਦੇ ਨਹੀਂ ਸੀ ਸੁਣੇ’। ਪਰ ਅਮਰ ਕੌਰ ਨੂੰ ਪਤਾ ਨਹੀਂ ਕਿ ਖੂਹਾ ਖਵਾਜਾ ਖਿਜਰ ਦੀ ਕਰੋਪੀ ਕਰਕੇ ਨਹੀਂ ਸੁੱਕਿਆ, ਇਸ ਉੱਤੇ ਟਿਊਬਵੈੱਲ ਲੱਗ ਗਿਆ ਹੈ, ਜੋ ਵਾਸਤਵ ਵਿਚ ਹੋਰ ਜ਼ਿਆਦਾ ਖੁਸ਼ਹਾਲੀ ਲਿਆ ਸਕਦਾ ਹੈ। ਐਪਰ ਖੇਤੀਬਾੜੀ ਦਾ ਮਸ਼ੀਨੀਕਰਨ ਹੋਣ ਨਾਲ ਜੱਟ ਕਿਸਾਨੀ ਦੀ ਸਥਿਤੀ ਇਕਸਾਰ ਰੂਪ ਵਿਚ ਤਬਦੀਲ ਨਹੀਂ ਹੋਈ ਅਤੇ ਨਾ ਹੀ ਵੱਖ ਵੱਖ ਪੀੜ੍ਹੀਆਂ ਦੇ ਜੀਆਂ ਦਾ ਇਸ ਤਬਦੀਲੀ ਦੇ ਸੰਬੰਧ ਵਿਚ ਪ੍ਰਤੀਕਰਮ ਇਕਸਾਰ ਹੈ। ਅਮਰ ਕੌਰ ਦੇ ਬੋਲ ਕ੍ਰਿਸ਼ੀ ਸੰਸਕ੍ਰਿਤੀ ਵਿਚ ਪਰਿਵਰਤਣ ਦੇ ਸੰਬੰਧ ਵਿਚ ਪੁਰਾਣੀ ਪੀੜ੍ਹੀ ਦੇ ਮਾਨਸਿਕ ਪ੍ਰਤੀਕਰਮ ਨੂੰ ਦਰਸਾਉਂਦੇ ਹਨ, ਜਦਕਿ ਆਰਥਿਕ ਪੱਖ ਤੋਂ ਇਸਦਾ ਸਿੱਟਾ ਕੁਝ ਹੋਰ ਹੈ। ਨਵੇਂ ਦੌਰ ਵਿਚ ਘੱਟ ਜ਼ਮੀਨ ਮਾਲਕੀ ਵਾਲੇ ਗ਼ਰੀਬ ਕਿਸਾਨਾਂ ਨੂੰ ਸਿਰਫ ਖੇਤੀ ਦੇ ਸਹਾਰੇ ਨਿਰਬਾਹ ਕਰਨ ਦੀ ਮੁਸ਼ਕਲ ਦਾ ਸਾਹਮਣਾ ਹੈ, ਜਦਕਿ ਖਾਂਦੇ ਪੀਂਦੇ ਜੱਟਾਂ ਦੀ ਸਮੱਸਿਆ ਇਸ ਤੋਂ ਵੱਖਰੀ ਭਾਂਤ ਦੀ ਹੈ। ਇਹਨਾਂ ਦੀ ਨਵੀਂ ਪੀੜ੍ਹੀ ਦੀ ਖੇਤੀਬਾੜੀ ਦੇ ਕਿੱਤੇ ਵਿਚ ਕੋਈ ਦਿਲਚਸਪੀ ਨਹੀਂ; ਉਸ ਨੂੰ ਜ਼ਮੀਨ ਦੀ ਮਾਲਕੀ ਵਿਚੋਂ ਕਿੱਲਿਆਂ ਦੀ ਵਧਦੀ ਕੀਮਤ ਤੋਂ ਬਿਨਾਂ ਸ਼ਾਇਦ ਹੋਰ ਕੁਝ ਨਜ਼ਰ ਨਹੀਂ ਆਉਂਦਾ। ਇਸ ਸਥਿਤੀ ਵਿਚ ਹੀ ਬਚਿੱਤਰ ਸਿੰਘ ਨੂੰ ‘ਸਿਆੜ ਖੁਰਦੇ ਦੀਂਹਦੇ ਨੇ’। ਖਬਰੇ ‘ਇਹਨਾਂ ਨੂੰ ਮਿੱਠੂ ਹੋਰਾਂ ਨੇ ਸਾਂਭ ਲੈਣਾ ਹੈ’।

ਜੱਟ ਕਿਸਾਨੀ ਪਰਿਵਾਰ ਦੀ ਰਵਾਇਤੀ ਮਾਨਸਿਕਤਾ ਕਾਰਨ ਅਮਰ ਕੌਰ ਦਾ ਸੰਤਾਪ, ਭੁਲੇਖੇ ਵੱਸ, ਉਸਦਾ ਆਪ ਸਹੇੜਿਆ ਹੋ ਸਕਦਾ ਹੈ, ਪਰ ਦਲਬੀਰ ਕੌਰ ਜਾਂ ਉਸਦੀ ਨੂੰਹ ਕਿਰਨਬੀਰ ਕੌਰ ਅਵੱਸ਼ ਮਰਦ ਦੀ ਅਣਦੇਖੀ ਦਾ ਸ਼ਿਕਾਰ ਹਨ। ਆਪਣੇ ਪਿਉ ਬਚਿੱਤਰ ਸਿੰਘ ਵਾਂਗ ਅਨੂਪਾ ਵੀ ਆਪਣੀ ਘਰਵਾਲੀ ਕਿਰਨਬੀਰ ਵੱਲੋਂ ਬੇਧਿਆਨੀ ਕਰਕੇ ਜ਼ੁਲੈਖਾਂ ਦੀ ਧੀ ਪੰਮੀ ਕੋਲ ਜਾਂਦੇ ਰਹਿਣ ਤੋਂ ਬਿਨਾਂ ਬਾਹਰਲੇ ਸ਼ਹਿਰਾਂ ਵਿਚ ਜਾ ਕੇ ਹੋਟਲਾਂ ਵਿਚ ਰੰਗ ਰਲੀਆਂ ਮਨਾਉਂਦਾ ਹੈ। ਇਸ ਸੰਬੰਧ ਵਿਚ ਸਗੋਂ ਉਸਦੀ ਰੂਪਾਂ ਦੇ ਪਤੀ, ਆਪਣੀ ਸਕੇ ਭਣੋਈਏ, ਸਾਹਿਬਪ੍ਰੀਤ ਭੱਟੀ ਨਾਲ ਸਾਂਝੇਦਾਰੀ ਹੈ। ਉਹ ਦੋਵੇਂ ਨਾਜਰ ਮਕਸੂਦੜੇ ਦੇ ਸਾਥ ਵਿਚ ਅਯਾਸ਼ੀ ਲਈ ਦੂਰ-ਦੁਰਾਡੇ ਥਾਂਈਂ ਜਾਂਦੇ ਹਨ। ਏਨੀ ਗੱਲ ਜ਼ਰੂਰ ਹੈ ਕਿ ਸਮੇਂ ਦੇ ਬੀਤਣ ਨਾਲ ਇਹ ਔਰਤਾਂ ਆਪਣੀ ਹੋਣੀ ਬਾਰੇ ਬਿਲਕੁਲ ਚੁੱਪ ਨਹੀਂ ਰਹਿੰਦੀਆਂ, ਸਗੋਂ ਬਹੁਤ ਵਾਰ ਨਿਰਸੰਕੋਚ ਉੱਚੀ ਸੁਰ ਵਿਚ ਬੋਲਦੀਆਂ ਹਨ। ਦਲਬੀਰ ਕੌਰ ਦੇ ਮੁਕੱਦਮੇ ਵਿਚ ਉਸ ਦੇ ਮਾਪਿਆਂ ਵੱਲੋਂ ਖਰਚਾ ਮੰਗਣ ਦਾ ਤਾਅਨਾ ਦੇਣ ਦੇ ਉੱਤਰ ਵਿਚ ਦਲਬੀਰ ਕੌਰ ਦੇ ਬੋਲ ਹਨ: ‘‘ਪੁੰਨ ਮੰਗਣਾ ਤੀ ਖਰਚਾ। ਅਗਲਿਆਂ ਦੀ ਕਬੂਤਰੀ ਵਰਗੀ ਕੁੜੀ ਤੈਂ ਖਰਾਬ ਨਹੀਂ ਸੇ ਕੀਤੀ। ਕੋਈ ਆਪਣੀ ਭੋਇੰ ਮੁਫਤ ਵਾਹੁਣ ਦਿੰਦਾ’। ਅਤੇੇ ‘ਖਸਮ ਕੰਨੀਂ ਅੱਖ ਭਰ ਕੇ ਨਾ ਦੇਖਣ ਤੇ ਇਕਾਂਤ ‘ਚ ਜਾ ਕੇ ਪੂਪਨਿਆਂ ਦੀਆਂ ਲੱਤਾਂ ਘੁੱਟਣ’ ਦੇ ਬਚਿੱਤਰ ਸਿੰਘ ਦੇ ਤਾਹਨੇ ਵਾਲੇ ਬੋਲਾਂ ਦੇ ਜਵਾਬ ਵਿਚ ਦਲਬੀਰੋ ਦਾ ਪਲਟਵਾਂ ਵਾਰ ਹੈ, ‘ਕੀਹਨੇ ਨਹੀਂ ਦੇਖਿਆ ਖਸਮ ਕੰਨੀਂ, ਤੇਰਾ ਅਨੂਪਾ ਅਰ ਰੂਪਾਂ ਊਈਓਂ ਜੰਮ ਪਏ’। ਇਵੇਂ ਹੀ ਕਿਰਨਬੀਰ ਦੀ ਕਾਫੀ ਚਿਰ ਗੋਦ ਹਰੀ ਨਾ ਹੋਣ ਦੇ ਤੱਥ ਦੀ ਪ੍ਰਤੀਕਿਰਿਆ ਵਜੋਂ ਉਹ ਇਹ ਕਹਿਣ ਤੋਂ ਸੰਕੋਚ ਨਹੀਂ ਕਰਦੀ ਕਿ ‘ਜਦੋਂ ਬੰਦੇ ਨੇ ਆਪਣੀ ਤ੍ਰੀਮਤ ਕੋਲ਼ ਸੌਣਾ ਹੀ ਨਹੀਂ ਤਾਂ ਸੁੰਨੀ ਕੁੱਖ ਹਵਾ ਵਿਚੋਂ ਤਾਂ ਬੀਜ ਖਿੱਚਣੋਂ ਰਹੀ’।

ਇਹਨਾਂ ਦੇ ਵਿਪਰੀਤ ਰੂਪਾਂ ਤੇ ਹੁਸਨਪ੍ਰੀਤ ਵਰਗੀਆਂ ਨਵੀਂ ਪੀੜ੍ਹੀ ਦੀਆਂ ਔਰਤਾਂ ਦੇ ਪਤੀ ਭਾਵੇਂ ਖਾਂਦੇ ਪੀਂਦੇ ਜ਼ਿਮੀਂਦਾਰ ਘਰਾਂ ਦੇ ਵਿਗੜੇ ਹੋਏ ਕਾਕਿਆ ਵਰਗੇ ਹੀ ਹਨ, ਪਰ ਉਹਨਾਂ ਦੇ ਮਾਮਲੇ ਵਿਚ ਮਰਦ ਦੀ ਵਧੀਕੀ ਸਹਾਰਨ ਵਰਗੀ ਕੋਈ ਗੱਲ ਨਹੀਂ। ਉਹਨਾਂ ਦੇ ਰਿਸ਼ਤਿਆਂ ਉੱਤੇ ਗਿਲਾਫ ਜ਼ਰੂਰ ਚੜ੍ਹਿਆ ਹੋਇਆ ਹੈ, ਪਰ ਹਕੀਕਤ ਵਿਚ ਰਿਸ਼ਤਿਆਂ ਵਿਚ ਸੁੱਚਮਤਾ ਵਾਲੀ ਕੋਈ ਗੱਲ ਨਹੀਂ। ਸਗੋਂ ਕਈ ਵਾਰ ਤਾਂ ਇਉਂ ਜਾਪਦਾ ਹੈ ਜਿਵੇਂ ਆਪਣੇ ਚਰਿੱਤਰਗਤ ਵਿਹਾਰ ਕਰਕੇ ਇਹ ਤੀਵੀਆਂ ਉਲਟਾ ਸ਼ਾਇਦ ਆਪਣੇ ਮਰਦਾਂ ਲਈ ਮਾਨਸਿਕ ਪੀੜਾ ਦਾ ਕਾਰਨ ਰਹੀਆਂ ਹੋਣ। ਠੀਕਰੀਵਾਲ ਵਿਚ ਸਹੁਰੇ ਘਰ ਦੀ ਥਾਂ ਕੈਨੇਡਾ ਵਸਦੇ ਆਪਣੇ ਮਾਪਿਆਂ ਦੀ ਖਮਾਣੋ ਵਿਚਲੀ ਕੋਠੀ ਵਿਚ ਰਹਿੰਦੀ ਹੁਸਨਪ੍ਰੀਤ ਸਮੇਂ ਸਮੇਂ ਉੱਥੇ ਯਾਰ ਹੰਢਾਉਂਦੀ ਹੈ ਜਦਕਿ ਰੂਪਾਂ ਨੂੰ ‘ਸੰਤਾਂ’ ਦੀ ਸੇਵਾ ਰਾਸ ਆਉਂਦੀ ਹੈ। ਦੋਹਾਂ ਨੇ ਬੱਚੇ ਤਾਂ ਪੈਦਾ ਕੀਤੇ ਹਨ ਪਰ ਆਪਣੇ ਮਰਦਾਂ ਦੀ ਬਜਾਏ ਕਿਸੇ ਹੋਰ ਨਾਲ ਸੰਗ ਸਾਥ ‘ਚੋਂ। ਨਿਹਾਲ ਹੋਏ ਰਾਮਸਰੀਏ ਬਾਬਾ ਸੱਜਣ ਸਿੰਘ ਨੇ ਪਹਿਲੀ ਵਾਰੀ ਹੀ ਅਸ਼ੀਰਵਾਦ ਦੇ ਦਿੱਤਾ ਤੇ ਰੂਪਾਂ ਦੀ ਝੋਲੀ ਏਕਮਪ੍ਰੀਤ ਪੈ ਗਿਆ। ‘ਫਿਕਲੇ ਗੰਨੇ, ਫਿੱਸੀ ਹੋਈ ਭੂਕ ਤੇ ਫੋਸੜ ਟਾਂਡੇ’ ਵਰਗੇ ਗੁਰਸੋਹਣ ਦੀ ਥਾਂ ਹੁਸਨਪ੍ਰੀਤ ਦੀ ਅਰਸ਼ੋ ਦੇ ਨਕਸ਼ ਸ਼ਾਇਦ ਘਰ ਦੀ ਗੱਡੀ ਦੇ ਡਰਾਈਵਰ ਮਿੱਠੂ ਨਾਲ ਮਿਲਦੇ ਹਨ।

ਕਥਾਨਕ ਗੁੰਦਣ ਦੀ ਲੇਖਕ ਦੀ ਕੁਸ਼ਲਤਾ ਦਾ ਹੀ ਪ੍ਰਮਾਣ ਸਮਝਿਆ ਜਾਵੇ ਕਿ ਪਾਤਰਾਂ ਤੇ ਘਟਨਾਵਾਂ ਦੀ ਬਹੁਤਾਤ ਕਿਧਰੇ ਵੀ ਰੜਕਦੀ ਨਹੀਂ ਅਤੇ ਨਾ ਹੀ ਪੜ੍ਹਨਯੋਗ ਲਿਖਤ ਵਜੋਂ ਨਾਵਲ ਦੇ ਕਥਾ-ਰਸ ਵਿਚ ਕੋਈ ਤੋਟ ਮਹਿਸੂਸ ਹੁੰਦੀ ਹੈ। ਸਗੋਂ ਬਹੁਤ ਹਾਲਤਾਂ ਵਿਚ ਇਹ ਘਟਨਾਵੀ ਅੰਸ਼ ਨਾਵਲ ਵਿਚ ਰੌਚਕਤਾ ਲਿਆਉਣ ਦਾ ਸਾਧਨ ਬਣਦੇ ਹਨ। ਉਦਾਹਰਨ ਵਜੋਂ ਸੰਘਤਾ ਗ੍ਰੰਥ ਨਾਲ ਭੂਤ ਭਵਿੱਖ ਦੱਸਣ ਵਾਲੇ ਹੁਸ਼ਿਆਰਪੁਰੀਏ ਪੰਡਤ ਦੀ ਸੂਚਨਾ ਸੀ ਕਿ ਚਰਨ ਸਿੰਘ ਪਿਛਲੇ ਜਨਮ ਵਿਚ ਮਥਰਾ ਦੇ ਲਾਗੇ ਦਾ ਇਕ ਤਕੜਾ ਚੌਧਰੀ ਸੀ, ਜਿਸਦੀ ‘ਕੇਸਰ ਵਾਟਿਕਾ’ ਹੁਣ ਵੀ ਉੱਥੇ ਮੌਜੂਦ ਹੈ। ਪੰਡਤ ਅਨੁਸਾਰ 77 ਵਰ੍ਹਿਆਂ ਦੀ ਉਮਰ ਭੋਗਣ ਪਿੱਛੋਂ ਚਰਨ ਸਿੰਘ ਦਾ ਅਗਲਾ ਜਨਮ ਵੀ ਉਸੇ ਇਲਾਕੇ ਵਿਚ ਪਹਿਲਾਂ ਵਰਗੇ ਸ਼ਾਨਦਾਰ ਘਰ ਵਿਚ ਹੋਣਾ ਸੀ। ਪੰਡਤ ਦੀ ਦੱਸੀ ਆਯੂ ਤੋਂ ਕਿੰਨੇ ਦਹਾਕੇ ਵੱਧ ਜੀਂਦੇ ਰਹਿਣ ਵਾਲਾ ਪੋਤਰਿਆਂ ਦੇ ਵੀ ਵਿਆਹ ਦੇਖ ਗਿਆ ਚਰਨ ਸਿੰਘ ਆਪਣੇ ਅਗਲੇ ਪਿਛਲੇ ਜਨਮ ਬਾਰੇ ਸੋਚਦਾ ਰਹਿੰਦਾ ਸੀ। ਅਤੇ ਉਸਦੇ ਮਰਨ ਤੋਂ ਦਹਾਕਾ ਪਿੱਛੋਂ ‘ਭਰਾ ਦੀ ਭਾਲ ਵਿਚ’ ਨਾਂ ਦੀ ਫੱਟੀ ਸਾਇਕਲ ਉਪਰ ਲਟਕਾ ਕੇ ਬਚਨ ਸਿੰਘ ਦੇ ਉਸੇ ਪਾਸੇ ਘੁੰੰਮਦੇ ਰਹਿਣ ਦੀ ਸੋਅ ਸੁਣੀਂਦੀ ਰਹੀ ਹੈ। ਨਾਵਲ ਦੀ ਮੁਖ ਕਥਾ ਨਾਲ ਜੋੜੇ ਗਏ ਇਸ ਤਰ੍ਹਾਂ ਦੇ ਪ੍ਰਸੰਗ ਨਾਵਲ ਦੇ ਕਥਾਨਕ ਨੂੰ ਬੋਝਲ ਹੋਣ ਤੋਂ ਬਚਾਉਣ ਦਾ ਕੰਮ ਕਰਦੇ ਹੋਏ ਪੇਂਡੂ ਲੋਕ ਸੰਸਕ੍ਰਿਤੀ ਦੇ ਚੰਗੇ ਮੰਦੇ ਪਹਿਲੂਆਂ ਨੂੰ ਵੀ ਸਾਹਮਣੇ ਲਿਆਉਂਦੇ ਹਨ। ਨਾਵਲ ਦੀ ਕਥਾ ਵਿਚ ਰੌਚਕਤਾ ਦੇ ਅੰਸ਼ ਦਾ ਸਮਾਵੇਸ਼ ਕਰਾਉਣ ਲਈ ਬਿਲਿੰਗ ਦੀ ਲਿਖਣ-ਸ਼ੈਲੀ ਦਾ ਯੋਗਦਾਨ ਤਾਂ ਸਵੈ ਸਿੱਧ ਹੈ, ਜਿਸ ਅਨੁਸਾਰ ਪਾਤਰਾਂ ਦੇ ਬੋਲਾਂ ਵਿਚ ਲੋਕ ਕਥਾਵਾਂ, ਕਾਵਿ ਟੁਕੜੀਆਂ, ਅਖਾਣ ਮੁਹਾਵਰਿਆਂ ਤੇ ਸਥਾਨਕ ਸਭਿਆਚਾਰ ਦੇ ਹੋਰ ਵੇਰਵਿਆਂ ਦੀ ਭਰਮਾਰ ਮਿਲਦੀ ਹੈ।

ਨਾਵਲ ਵਿਚ ਗੁੰਦੇ ਗਏ ਅਜਿਹੇ ਕਥਾ ਅੰਸ਼ਾਂ ਵਿਚੋਂ ਹੀ ਪੂਜ-ਸਥਾਨਾਂ, ਸਾਧਾਂ ਸੰਤਾਂ ਤੇ ਡੇਰਿਆਂ ਦੀ ਹਕੀਕਤ ਉਭਰਦੀ ਹੈ। ਕਿਧਰੋਂ ਆਏ ‘ਸਿੱਖ ਬਾਬੇ’ ਨੇ ਪੰਜਾਂ ਪੀਰਾਂ ਵਾਲੀ ਥਾਂ ਹੇਠੋਂ ਦੱਬੇ ਹੋਏ ਸ਼ਸਤਰ ਕੱਢਣ ਦਾ ਚਮਤਕਾਰ ਵਿਖਾਇਆ ਤਾਂ ਉੱਥੇ ਗੁਰਦੁਆਰਾ ਉਸਰ ਗਿਆ, ਜਿੱਥੇ ਸ਼ਹੀਦਾਂ ਦੀ ਚੰਗੀ ਮਾਨਤਾ ਹੋਣ ਲੱਗ ਪਈ ਸੀ। ਇਹ ਗੱਲ ਵੱਖਰੀ ਹੈ ਕਿ ਕੁਝ ਵਰ੍ਹਿਆਂ ਬਾਅਦ ਚੋਰੀ ਛਿੱਪੇ ਰਾਤ ਦੇ ਹਨੇਰੇ ਵਿਚ ‘ਪੈਂਟ ਕਮੀਜ਼ ਪਾਈ’, ਮੋਟਰ ਸਾਈਕਲ ਉੱਤੇ ਸਵਾਰ ਹੋ ਕੇ ਸ਼ਸਤਰ ਲੈਣ ਲਈ ਆਏ ਏਸੇ ਬਾਬੇ ਨੂੰ ਬਚਨ ਸਿੰਘ ਨੇ ਆਪਣੇ ਅੱਖੀਂ ਵੇਖਿਆ ਸੀ, ਜੋ ਹੁਣ ਕਿਸੇ ਹੋਰ ਥਾਂ ਏਹੀ ਚਮਤਕਾਰ ਰਚਾਉਣ ਦੇ ਆਹਰ ਵਿਚ ਸੀ। ਨਾਜਰ ਸਿੰਘ ਮਕਸੂਦੜੇ ਨੇ ਰਾਮਸਰੀਏ ਸੰਤ ਸੱਜਣ ਸਿੰਘ ਲਈ ਨਹਿਰ ਪਾਰਲੀ ਆਪਣੀ ਸਾਢੇ ਤਿੰਨ ਏਕੜ ਜ਼ਮੀਨ ਵਿਚ ਇਕ ਕਮਰਾ ਪਾ ਕੇ ਨਿਸ਼ਾਨ ਸਾਹਿਬ ਝੁਲਾ ਦਿੱਤਾ ਸੀ, ਜਿਸਦੇ ਹੇਠ ਬਣਾਏ ਭੋਰੇ ਵਿਚ ਸੋਹਣੀਆਂ ਔਰਤਾਂ ਦੇ ਸੁਹੱਪਣ ਨੂੰ ਹੋਰ ਜ਼ਿਆਦਾ ਨਿਖਾਰਨ ਅਤੇ ਉਹਨਾਂ ਨੂੰ ਮਾਨਣ ਵਾਲੀਆਂ ਵਸਤਾਂ ਤੇ ਸੁਵਿਧਾਵਾਂ ਦਾ ਪ੍ਰਬੰਧ ਸੀ। ਇਹ ਰਾਮਸਰੀਆ ਸੰਤ ਅਪਣੇ ਸ਼ਰਧਾਲੂਆਂ ਦੀ ਬੇਨਤੀ ਸਵੀਕਾਰ ਕਰਕੇ ਥਾਂ ਥਾਂ ਸਤਿਸੰਗ ਰਚਾਉਣ ਜਾਂਦਾ ਸੀ। ਆਪਣੀ ਅਜਿਹੀ ਸ਼ਰਧਾਲੂ ਰੂਪਾਂ ਉੱਤੇ ਤਾਂ ਸੰਤ ਸੱਜਣ ਸਿੰਘ ਦੀ ਖਾਸ ਬਖਸ਼ਸ਼ ਸੀ। ਪਿੰਡ ਬਾਹੋਮਾਜਰੇ ਵਿਚ ਸਤਿਸੰਗ ਰਚਾਉਣ ਪਿੱਛੋਂ ਰਾਤਰੀ ਵਿਸ਼ਰਾਮ ਲਈ ਸੰਤ ਰੂਪਾਂ ਦੀ ਕੋਠੀ ਵਿਚ ਹੀ ਰੁਕਿਆ ਸੀ। ਨਿਵੇਕਲੇ ਕਮਰੇ ਵਿਚ ਵਿਸ਼ਰਾਮ ਦਾ ਪ੍ਰਬੰਧ ਕਰਕੇ ਸੰਤ ਦੀ ਕਸਤਰੂੀ ਵਾਲੇ ਕਾੜ੍ਹੇ ਦੁੱਧ ਨਾਲ ਸੇਵਾ ਕੀਤੀ ਗਈ ਸੀ, ਜਿਸ ਦਾ ਪਰਸ਼ਾਦ ਨੇੜੇ ਵਿਚਰਦੇ ਸ਼ਰਧਾਲੂਆਂ ਦੇ ਵੀ ਹਿੱਸੇ ਆਇਆ ਸੀ। ਏਸੇ ਰਾਤ, ਧੀ ਰੂਪਾਂ ਵਾਂਗ ਹੀ ਸੰਤ ਸੱਜਣ ਸਿੰਘ ਦੀ ਸ਼ਰਧਾਲੂ, ਦਲਬੀਰ ਕੌਰ ਉੱਤੇ ਨਾਜਰ ਮਕਸੂਦੜਾ ਆ ਡਿੱਗਿਆ ਸੀ, ਅਤੇ ਉਹ ‘ਆਪਣੇ ਉਪਰ ਆ ਪਈ ਭਾਰੀ ਭਰਕਮ ਦੇਹ ਹੇਠੋਂ ਨਿਕਲਣ ਜੋਗੀ ਨਹੀਂ ਸੀ। ਪਤਾ ਨਹੀਂ ਇਹ ‘ਕਾੜ੍ਹ ਕੇ ਪੀਤੀ ਕਸਤੂਰੀ ਦੀ ਕਰਾਮਾਤ ਸੀ ਜਾਂ ਇਸ ਉਮਰ ਵਿਚ ਅਚਾਨਕ ਭੜਕੇ, ਕਿਸੇ ਵੇਗ ਦਾ ਚਮਤਕਾਰ’।

ਏਸ ਤਰ੍ਹਾਂ ਦੇ ਹੋਰ ਪ੍ਰਸੰਗਕ ਵੇਰਵਿਆਂ ਅਤੇ ਪਾਤਰਾਂ ਰਾਹੀਂ ਉਭਰਦੀ ਪੇਂਡੂ ਪੰਜਾਬ ਦੇ ਜੀਵਨ ਦੀ ਝਲਕੀ ਨੂੰ ਬਿਲਿੰਗ ਨੇ ਨਿਪਟ ਯਥਾਰਥਵਾਦੀ ਪਹੁੰਚ ਨਾਲ ਨਾਵਲ ਵਿਚ ਗੁੰਦਿਆ ਹੈ, ਜਿਸ ਵਿਚ ਪ੍ਰਾਪਤ ਜੀਵਨ ਵਿਚ ਵਿਆਪ ਰਹੇ ਪਰਿਵਰਤਣ ਦਾ ਅੰਸ਼ ਤਾਂ ਮੌਜੂਦ ਹੈ ਪਰ ਆਲੋਚਨਾ ਜਾਂ ਸਵੀਕ੍ਰਿਤੀ ਦੇ ਗੂੜ੍ਹੇ ਰੰਗ ਦੀ ਪ੍ਰਤੀਤੀ ਨਹੀਂ ਹੁੰਦੀ। ਆਪਣੀ ਆਰਥਿਕ ਹੈਸੀਅਤ ਬਿਹਤਰ ਬਣਨ ਨਾਲ ਬਚਿੱਤਰ ਸਿੰਘ ਦੇ ਮਨ ਵਿਚ ਸਰਪੰਚ ਬਣਨ ਦੀ ਤਾਂਘ ਪੈਦਾ ਹੁੰਦੀ ਹੈ। ਚੋਣ ਜਿੱਤਣ ਲਈ ਸ਼ਰਾਬ ਦੀ ਖੁਲ੍ਹੀ ਵਰਤੋਂ ਅਤੇ ਹੋਰ ਤਕੜਾ ਖਰਚਾ ਤਾਂ ਹੋਣਾ ਹੀ ਹੈ, ਜੁਗਤ ਨਾਲ ਵੱਖ ਵੱਖ ਵਰਗਾਂ ਦੇ ਲੋਕ ਵੀ ਨਾਲ ਜੋੜਨੇ ਪੈਣੇ ਹਨ। ਇਸ ਤਰ੍ਹਾਂ ਪਿਆਲੇ ਦੀ ਸਾਂਝ ਪੈਣ ‘ਤੇ ਅਨੋਖਾ ਬਚਿੱਤਰ ਸਿੰਘ ਨੂੰ ਆਖਦਾ ਹੈ, ‘ਸਾਰੇ ਵਿਹੜੇ ਦੀਆਂ ਪਰਚੀਆਂ ਜੇ ਤੇਰੇ ਹੱਕ ‘ਚ ਨਾ ਭੁਗਤਾਵਾਂ ਤਾਂ ਮੈਨੂੰ ਚਮਾਰ ਦਾ ਪੁੱਤ ਨਾ ਆਖੀਂ, ਕਿਸੇ ਚੰਡਾਲ ਦਾ ਕਹਿ ਦਵੀਂ’। ਖਮਾਣੋਂ ਵਿਚ ਆਪਣੇ ਅੱਡੇ ਉੱਤੇ ਬੈਠਕੇ ਜੁੱਤੀਆਂ ਗੰਢਣ ਵਾਲਾ ਇਹ ਵਿਅਕਤੀ ਭਾਈਚਾਰੇ ਵਿਚ ਆਪਣੇ ਆਪ ਨੂੰ ਵੱਡਾ ਸਮਝਦਾ ਹੈ, ਜੋ ਕਿਸੇ ਦਾ ਦਿਹਾੜੀਆਂ ਨਹੀਂ, ‘ਕਾਰੋਬਾਰੀ ਮਨੁੱਖ’ ਹੈ। ਇਹ ਅਣੋਖਾ ਅਨੁਸੂਚਤ ਜਾਤੀ ਨਾਲ ਸੰਬੰਧਤ ਹੋਣ ਕਾਰਨ ਮਗਰੋਂ ਜਾ ਕੇ ਖੁਦ ਪਿੰਡ ਦਾ ਸਰਪੰਚ ਬਣਦਾ ਹੈ। ਦੱਬੀ ਹੋਈ ਮਾਇਆ ਦੀ ਭਾਲ ਵਿਚ ਵਾਂਢਿਉ ਆਏ ‘ਸਿਆਣੇ’ ਨੇ ਹੱਟੀ ਵਾਲੇ ਲਾਲਾ ਰਾਮ ਦਿਆਲ ਦਾ ਸਾਰਾ ਘਰ ਪੁਟਵਾ ਸੁੱਟਿਆ ਸੀ, ਪਰ ਕਿਤੇ ਅਗਾਂਹ ਲੰਘ ਗਈ ਮਾਇਆ ਹੱਥ ਨਹੀਂ ਸੀ ਆਈ। ਖੈਰ ਉਸਦਾ ਪੁੱਤਰ ਰਾਮ ਸ਼ਰਨ ਬਚਿੱਤਰ ਸਿੰਘ ਤੋਂ ਮਗਰੋਂ ਪਿੰਡ ਦਾ ਸਰਪੰਚ ਜ਼ਰੂਰ ਬਣ ਗਿਆ ਸੀ। ਕਾਲੂ ਬਾਹਮਣ ਦੀ ਆਰਥਿਕ ਹਾਲਤ ਪਤਲੀ ਹੋਣ ਕਾਰਨ ਉਸਦੇ ਪੁੱਤਰ ਦੀ ਸ਼ਾਦੀ ਨਹੀਂ ਸੀ ਹੋ ਰਹੀ। ਇਸ ਸਥਿਤੀ ਵਿਚ ਟਰੱਕ ਡਰਾਇਵਰੀ ਕਰਦਾ ਮ੍ਹੇਸ਼ੀ ਕਿਸੇ ਵਿਧ ਦਿੱਲੀ ਤੋਂ ‘ਕਬੂਤਰੀ ਵਰਗੀ ਤੀਮੀ ਲੈ ਆੲਆ’- ਅਖੇ ‘ਮਸਲਾ ਆਪਣੀ ਵੰਸ ਨੂੰ ਅੱਗੇ ਤੋਰਨ ਦਾ ਹੁੰਦਾ, ਸਿਫਰੇ ਨਾਲ ਏਕਾ ਲਾਉਣ ਦਾ’।‘ਅੱਜ ਕੱਲ ਜਾਤ ਗੋਤ ਨੂੰ ਕੋਈ ਨਹੀਂ ਪੁੱਛਦਾ’ ਅਤੇ ਫੇਰ ‘ਜਨਾਨੀ ਦੀ ਜਾਤ ਕੋਈ ਨ੍ਹੀ ਹੁੰਦੀ’। ਬਾਹੋ ਮਾਜਰੇ ਵਿਆਹੀ ਬਚਿੱਤਰ ਸਿੰਘ ਦੀ ਧੀ ਰੂਪਾਂ ਪਤੀ ਸਾਹਿਬਪ੍ਰੀਤ ਦੇ ਜਿਉਂਦੇ ਜੀਅ ਤੇ ਉਸਦੇ ਮਰਨ ਤੋਂ ਪਿੱਛੋਂ ਵੀ ਆਪਣੇ ਕੋਲ ਗੰਨ ਪਸਤੌਲ ਰਖਦੀ ਲਲਕਾਰੇ ਮਾਰਦੀ ਰਹੀ ਸੀ। ਆਪਣੇ ਪਤੀ ਦਿਲਪ੍ਰੀਤ ਦੇ ਕੈਨਡਾ ਤੋਂ ਡੀਪੋਰਟ ਕੀਤੇ ਜਾਣ ‘ਤੇ ਵਾਪਸ ਆਈ ਹੋਈ ਦੁਰਲੱਭ ਸਿੰਘ ਦੀ ਨੂੰਹ ਅਮਨਪ੍ਰੀਤ ਵੀ ਮਰਦਾਂ ਵਾਂਗ ਪਸਤੌਲ ਪਹਿਨਦੀ ਰੂਪਾਂ ਵਾਂਗ ਫਰਾਟੇ ਮਾਰਦੀ ਫੂਅ ਫੂੰਅ ਕਰਦੀ ਹੈ। ਏਸੇ ਅਮਨਪ੍ਰੀਤ ਦੀ ਭੈਣ ਹੁਸਨਪ੍ਰੀਤ ਪਤੀ ਗੁਰਸੋਹਨ ਦੀ ਆਤਮ ਹੱਤਿਆ ਪਿੱਛੋਂ ਆਪਣੀ ਨੰਨ੍ਹੀ ਬੱਚੀ ਨੂੰ ਸੱਸ ਗਿਆਨੋ ਕੋਲ ਸੁੱਟਕੇ ਆਸਟਰੇਲੀਆ ਤੋਂ ਆਏ ਕਿਸੇ ਬੰਦੇ ਨਾਲ ਤੁਰ ਗਈ ਹੈ। ਦੁਰਲੱਭ ਸਿੰਘ ਦਾ ਸਾਊ ਪਰ ਨਿਰਸੰਤਾਨ ਪੁੱਤਰ ਸਰੂਪਾ ਏਨਾਂ ਅਵੈੜਾ ਹੈ ਕਿ ਆਪਣੀ ਪਤਨੀ ਸਰਬਜੀਤ ਲਈ ਬਿਗਾਨਾ ਸੀਮਨ ਲੈਣਾ ਨਹੀਂ ਮੰਨਦਾ। ਭਲਾ ਲੋੜ ਵੇਲੇ ਕਿਸੇ ਤੋਂ ਕੋਈ ਮੰਗਵੀਂ ਚੀਜ਼ ਲੈਣ ਵਿਚ ਹਰਜ ਕੀ ਹੈ!

ਬਚਿੱਤਰ ਸਿੰਘ ਵਰਗੇ ਲੋਕ ਹੁਣ ਆਪਣੇ ਪੁਰਾਣੇ ਘਰਾਂ ਵਿਚ ਘੱਟ ਹੀ ਰਹਿੰਦੇ ਹਨ, ਉਹਨਾਂ ਨੇ ਪਿੰਡ ਦੇ ਬਾਹਰ-ਵਾਰ ਕੋਠੀਆਂ ਪਾ ਲਈਆਂ ਹਨ। ਕਈ ਹਾਲਤਾਂ ਵਿਚ ਇਸ ਵਰਗ ਦੇ ਲੋਕਾਂ ਦੀ ਰਿਹਾਇਸ਼ ਲਾਗਲੇ ਕਸਬਿਆਂ ਤੇ ਸ਼ਹਿਰਾਂ ਵਿਚ ਹੈ, ਅਤੇ ਉਹਨਾਂ ਦੇ ਪਿੰਡ ਵਿਚਲੇ ਲਗਪਗ ਸੁੰਨੇ ਮਕਾਨ ਅਜੀਬ ਤਰ੍ਹਾਂ ਦੀ ਉਦਾਸੀ ਦਾ ਅਹਿਸਾਸ ਜਗਾਉਂਦੇ ਹਨ, ਜੋ ਅਹਿਸਾਸ ਇਕ ਹੱਦ ਤਕ ‘ਖਾਲੀ ਖੂਹਾਂ’ ਦੇ ਬਿੰਬ ਵਿਚ ਢਲ਼ਦਾ ਹੈ। ਰਾਏਪੁਰ ਵਿਚ ਬਿਰਤਾਂਤਕਾਰ ਦੇ ਮਾਮਿਆਂ ਦੇ ਅੰਦਰਲੇ ਘਰ ਦੇ ਪਿਛਲੀ ਤਰਫ ਹੁਣ ਬਿਹਾਰੀ ਭਈਏ ਰਾਮੂ ਯਾਦਵ ਦਾ ਟੱਬਰ ਵਸਦਾ ਹੈ। ਉਹਦਾ ਏਧਰ ਜਨਮਿਆ ਮੁੰਡਾ ਮੰਗਲ ਪੂਰਾ ਗਿਆਨੀ ਧਿਆਨੀ ਹੈ ਜਿਹੜਾ ਨਿੱਤ ਨੇਮ ਕਰਦਾ, ਆਸਾ ਦੀ ਵਾਰ ਵੀ ਲਾ ਲੈਂਦਾ ਹੈ।

ਪੰਜਾਬ ਦੇ ਪਿੰਡਾਂ ਅਤੇ ਵਿਸ਼ੇਸ਼ ਕਰਕੇ ਮਾਲਕ ਜੱਟ ਕਿਸਾਨੀ ਦੀ ਸਥਿਤੀ ਦੇ ਹਵਾਲੇ ਨਾਲ ਇਸ ਤਰ੍ਹਾਂ ਦੇ ਦ੍ਰਿਸ਼ ਦੇ ਕੀ ਅਰਥ ਨਿਕਲਦੇ ਹਨ, ਇਹ ਪਾਠਕ ਦੀ ਦ੍ਰਿਸ਼ਟੀ ਉੱਤੇ ਨਿਰਭਰ ਕਰਦਾ ਹੈ। ਬਿਲਿੰਗ ਨੇ ਇਹ ਗੱਲ ਪਾਠਕ ਉੱਤੇ ਛੱਡ ਦਿੱਤੀ ਹੈ ਕਿ ਉਹ ਸਹਿਜ ਭਾਵ ਨਾਲ ਨਾਵਲ ਵਿਚ ਪੇਸ਼ ਹੋਏ ਵਸਤੂ-ਯਥਾਰਥ ਵਿਚੋਂ, ਆਪਣੀ ਦ੍ਰਿਸ਼ਟੀ ਅਨੁਸਾਰ, ਜਿਹੋ ਜਿਹਾ ਠੀਕ ਲੱਗੇ, ਪ੍ਰਭਾਵ ਗ੍ਰਹਿਣ ਕਰ ਲਵੇ। ਐਪਰ ਇਹ ਮੰਨਣ ਵਿਚ ਕਿਸੇ ਸੰਦੇਹ ਦੀ ਗੁੰਜਾਇਸ਼ ਨਹੀਂ ਕਿ ਖਾਲੀ ਖੂਹਾਂ ਦੀ ਕਥਾ ਪੰਜਾਬੀ ਨਾਵਲ ਦੀ ਇਕ ਮੁੱਲਵਾਨ ਪ੍ਰਾਪਤੀ ਹੈ।
                                                                                         
 ਈ-ਮੇਲ  [email protected]  

Comments

Preet Mohinder Singh

ਬਹੁਤ ਵਧੀਆ sir

Security Code (required)



Can't read the image? click here to refresh.

Name (required)

Leave a comment... (required)





ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ