Sat, 20 April 2024
Your Visitor Number :-   6987843
SuhisaverSuhisaver Suhisaver

ਹਾਇਕੂ : ਮੁੱਢਲੀ ਜਾਣ ਪਛਾਣ ਅਤੇ ਪੰਜਾਬੀ ਸਾਹਿਤ ਵਿੱਚ ਇਸ ਦੀ ਆਮਦ -ਹਰਵਿੰਦਰ ਧਾਲੀਵਾਲ

Posted on:- 14-03-2013

suhisaver

ਹਾਇਕੂ ਜਪਾਨੀ ਸੱਭਿਆਚਾਰ ਅਤੇ ਜਪਾਨੀ ਲੋਕ ਸਾਹਿਤ ਦਾ ਅਨਿੱਖੜਵਾਂ ਅੰਗ ਹੈ। ਇਸ ਵਿਸ਼ਵਵਿਆਪੀ ਯੁਗ ਵਿਚ "ਹਾਇਕੂ" ਜਾਪਾਨ ਤੋਂ ਮਿਲਿਆ ਇਕ ਨਿਹਾਇਤ ਖ਼ੁਬਸੂਰਤ, ਸਜੀਵ ਅਤੇ ਬਹੁਮੁੱਲਾ ਸਾਹਿਤਕ ਤੋਹਫ਼ਾ ਹੈ। ਪੰਜਾਬੀਆਂ ਨੂੰ ਇਹ ਅਨਮੋਲ ਤੋਹਫ਼ਾ ਜਪਾਨ ਵਿੱਚ ਵਸਦੇ ਬੇਹਦ ਸੰਵੇਦਨਸ਼ੀਲ ਪੰਜਾਬੀ ਕਵੀ ਪਰਮਿੰਦਰ ਸੋਢੀ ਤੋਂ ਮਿਲਿਆ। ਸੰਨ 2001 ਵਿਚ ਓਨ੍ਹਾਂ ਦੁਆਰਾ ਅਨੁਵਾਦਿਤ ਪੁਸਤਕ "ਜਾਪਾਨੀ ਹਾਇਕੂ ਸ਼ਾਇਰੀ' ਪੰਜਾਬੀ ਸਾਹਿਤਕ ਬਗੀਚੇ ਦਾ ਸ਼ਿੰਗਾਰ ਬਣੀ ।  ਇਹ ਪੁਸਤਕ ਪੰਜਾਬੀ ਹਾਇਕੂ ਵਿਚ ਇਕ ਮੀਲ ਪੱਥਰ ਸਾਬਤ  ਹੋਈ। ਇਸ ਪੁਸਤਕ ਵਿਚ ਉਨਾਂ ਨੇ ਹਾਇਕੂ ਸਬੰਧੀ ਮੁੱਢਲੀ ਜਾਣ ਪਛਾਣ ਕਰਵਾਉਣ ਦੇ ਨਾਲ ਨਾਲ ਹਾਇਕੂ ਦੇ ਸਭਿੱਆਚਾਰਕ ਪਿਛੋਕੜ ਉੱਤੇ ਵੀ ਚਾਨਣਾ ਪਾਇਆ ਤੇ ਪ੍ਰਸਿੱਧ ਜਪਾਨੀ ਹਾਇਕੂ ਕਵੀਆਂ ਦੇ ਹਾਇਕੂ ਅਨੁਵਾਦ ਕਰ ਕੇ ਪੰਜਾਬੀ ਪਾਠਕਾਂ ਦੀ ਝੋਲੀ ਪਾਏ ।  

ਇਸ ਉਪਰੰਤ ਅਮਰਜੀਤ ਸਾਥੀ ਨੇ ਇਸ ਖੂਬਸੂਰਤ ਵਿਧਾ ਨੂੰ ਪੰਜਾਬੀਆਂ ਵਿਚ ਹਰਮਨ ਪਿਆਰਾ ਬਣਾਉਣ ਵਿਚ ਇੱਕ ਅਹਿਮ ਭੂਮਿਕਾ ਨਿਭਾਈ । ਸਾਥੀ ਜੀ ਦੁਆਰਾ ਸ਼ੁਰੂ ਕੀਤੀ ਪੰਜਾਬੀ ਹਾਇਕੂ ਮੁਹਿੰਮ ਨੇ ਅਨੇਕਾਂ ਕਲਮਾਂ ਵਿਚ ਹਾਇਕੂ ਚਿਣਗ ਬਾਲੀ।  ਡਾ. ਸੰਦੀਪ ਚੌਹਾਨ ਜੋ ਅਜ ਕਲ੍ਹ ਉਚ ਪਾਏ ਦੇ ਹਾਇਕੂ ਲਿਖ ਰਹੇ ਹਨ, ਨੂੰ ਵੀ ਪੰਜਾਬੀ ਵਿਚ ਹਾਇਕੂ ਲਿਖਣ ਦੀ ਪ੍ਰੇਰਨਾ ਸਾਥੀ ਜੀ ਦੀ ਪੁਸਤਕ "ਨਿਮਖ" ਤੋਂ ਹੀ ਮਿਲੀ । ਸੰਦੀਪ ਦੀਦੀ ਦੀ ਸੁਯੋਗ ਅਗਵਾਈ ਨੇ ਜਿਥੇ ਮੇਰੀ ਹਾਇਕੂ ਸਿਰਜਣਾ ਨੂੰ ਸਹੀ ਦਿਸ਼ਾ ਵਿਖਾਈ ਉਥੇ ਅਨੇਕ ਉਭਰ ਰਹੇ ਹਾਇਕੂ ਲੇਖਕਾਂ ਦਾ ਹਾਇਕੂ ਦੇ ਵਿਧੀ ਵਿਧਾਨ ਨਾਲ ਪਰਿਚੈ ਕਰਵਾਇਆ ।

ਜਾਪਾਨ ਵਿਚ ਬਾਸ਼ੋ (1644 – 1694) , ਚੀਯੋ–ਨੀ (1703 –1775)  ਬੂਸ਼ਨ (1716 – 1783),  ਈਸਾ (1763 – 1827), ਸਨਤੋਕਾ (1882 –1940) ਤੇ ਸ਼ਿਕੀ (1869 – 1902) ਪ੍ਰਮੁੱਖ ਹਾਇਕੂ ਕਵੀ ਹਨ ।  ਬੇਸ਼ਕ ਹਾਇਕੂ ਦੀ ਰਚਨਾ ਸ਼ੈਲੀ ਸਮੇਂ ਸਮੇਂ ਬਦਲਦੀ ਰਹੀ ਪਰ ਇਸਦੇ ਕੁਝ ਲਾਜ਼ਮੀ ਗੁਣ ਸਦਾ ਕਾਇਮ ਰਹੇ। ਮਾਸੋਕਾ ਸ਼ਿਕੀ ਨੇ ਹਾਇਕੂ  ਨੂੰ ਅਜੋਕਾ ਰੂਪ ਪ੍ਰਦਾਨ ਕੀਤਾ ।

ਬਣਤਰ ਪੱਖੋਂ ਹਾਇਕੂ ਦਾ ਇੱਕ ਨਿਸ਼ਚਤ ਆਕਾਰ ਹੁੰਦਾ ਹੈ । ਜਾਪਾਨ ਵਿਚ ਹਾਇਕੂ ਕਵੀ ਆਪਣੇ ਅਨੁਭਵ ਨੂੰ 17 ਓਂਜੀ (onji/ਧੁਨੀ-ਚਿਨ੍ਹ) ਦੀ ਸੀਮਾ ਵਿਚ ਰਹਿ ਕੇ ਲਿਖਦਾ ਹੈ । ਇਹ ਧੁਨੀ-ਖੰਡ 5/7/5 ਭਾਗਾਂ ਵਿਚ ਵੰਡੇ ਹੁੰਦੇ ਹਨ ।  ਭਾਸ਼ਾ ਦੀ ਭਿੰਨਤਾ ਕਾਰਣ 5/7/5  ਦਾ ਨਿਯਮ ਦੂਜੀਆਂ ਭਾਸ਼ਾਵਾਂ ਵਿਚ ਅਪਣਾਇਆ ਨਹੀ ਜਾ ਸਕਦਾ। ਪੱਛਮੀ ਹਾਇਕੂ ਲੇਖਕਾਂ ਨੇ ਦੀਰਘ/ਲਘੂ /ਦੀਰਘ ਦਾ ਨਿਯਮ ਅਪਣਾਇਆ ਹੋਇਆ ਹੈ , ਜਿਸਨੂੰ ਚਿਰਾਂ ਤੋਂ ਚਲੀ ਆ ਰਹੀ ਫ੍ਰੈਗਮੈੰਟ/ ਫਰੇਜ਼ ਵਿਧੀ ਅਨੁਸਾਰ ਲਿਖਿਆ ਜਾਂਦਾ ਹੈ ।

ਹਾਇਕੂ ਕਵਿਤਾ ਕਿਸੇ ਘਟਨਾ ਦਾ ਵਿਖਿਆਨ ਜਾਂ ਕੋਈ ਸਟੇਟਮੈਂਟ ਨਹੀ ਹੁੰਦੀ, ਬਲਕਿ ਇਹ ਹਾਇਕੂ ਕਵੀ ਦਾ ਅਦੁੱਤੀ ਅਨੁਭਵ ਹੁੰਦਾ ਹੈ ਤੇ ਇਸ ਅਨੁਭਵ ਦਾ ਅੰਦਾਜ਼ੇ ਬਿਆਨ ਵੀ ਅਨੂਠਾ ਹੁੰਦਾ ਹੈ। ਹਾਇਕੂ ਕਵੀ ਆਪਣੇ ਅਨੂਠੇ ਅਨੁਭਵ ਨੂੰ ਠੋਸ ਬਿੰਬਾਂ ਰਾਹੀਂ ਬਿਆਨ ਕਰਕੇ ਮਨੁੱਖ ਤੇ ਪ੍ਰਕਿਰਤੀ ਦੀ ਏਕਤਾ ਨੂੰ ਦਰਪੇਸ਼ ਕਰਦਾ ਹੈ। ਹਾਇਕੂ ਸੰਵੇਦਨਾ ਤੋਂ ਬਿਨਾ ਇਕ ਸਫਲ ਅਤੇ ਸਾਰਥਕ ਹਾਇਕੂ ਦੀ ਸਿਰਜਨਾ ਸੰਭਵ ਨਹੀ।

ਜਪਾਨ ਵਿਚ ਹਾਇਕੂ ਲੇਖਕ ਨੂੰ ਹਾਈਜਨ ਦਾ ਖਿਤਾਬ ਦਿੱਤਾ ਜਾਂਦਾ ਹੈ। ਜਪਾਨੀ ਹਾਈਜਨ ਰੁੱਤਾਂ  ਦੇ ਹਿਸਾਬ ਨਾਲ ਹਾਇਕੂ ਸਿਰਜਨਾ ਕਰਦੇ ਹਨ  ਤੇ ਹਰ ਹਾਈਜਨ ਆਪਣੇ ਕੋਲ ਇੱਕ ਸਜੀਕੀ (Saijiki) ਰਖਦਾ ਹੈ। ਸਜੀਕੀ ਇੱਕ ਤਰ੍ਹਾਂ ਦਾ ਹਾਇਕੂ ਸ਼ਬਦਕੋਸ਼ ਹੈ, ਜਿਸ ਵਿਚ ਸਾਰੀਆਂ ਰੁੱਤਾਂ ਦੇ ਕਿਗੋ (Kigo - Season word) ਦਰਜ ਹੁੰਦੇ ਹਨ । ਹਰ ਕਿਗੋ ਦਾ ਇੱਕ ਭਾਵਾਤਮਕ ਮਿਜ਼ਾਜ ਹੁੰਦਾ ਹੈ ਜੋ ਹਾਇਕੂ ਕਵੀ  ਦੀਆਂ ਭਾਵਨਾਵਾ ਨੂੰ ਅਸਿੱਧੇ ਤੌਰ ਤੇ ਪਰਗਟ ਕਰਨ ਵਿਚ ਮਦਦ ਕਰਦਾ ਹੈ।  ਜਪਾਨੀ ਕੀਗੋ ਕੇਵਲ ਪ੍ਰਕਿਰਤੀ ਵਿਚਲੇ ਚਮਤਕਾਰ ਦਾ ਹਵਾਲਾ ਹੀ ਨਹੀ ਦਿੰਦਾ ਸਗੋ ਹਰ ਇੱਕ ਵਸਤੂ ਦੀ ਰੁੱਤ ਅਨੁਸਾਰ ਬਦਲਣ ਦੀ ਪ੍ਰਕ੍ਰਿਆ ਨੂੰ ਵੀ ਦਰਸਾਉਦਾ ਹੈ। ਜਾਪਾਨੀ ਕੀਗੋ ਨੂੰ ਦੂਜੀਆਂ ਭਾਸ਼ਾਵਾਂ ਤੇ ਦੂਜੇ ਸਭਿਆਚਾਰ ਵਿਚ ਅੰਨ੍ਹੇਵਾਹ ਨਹੀ ਵਰਤਿਆ ਜਾ ਸਕਦਾ।  ਜਾਪਾਨੀ ਕੀਗੋ ਜੋ ਸਾਡੇ ਸਭਿਆਚਾਰਕ ਪਿਛੋਕੜ ਦੇ ਅਨੁਕੂਲ ਨਹੀ, ਓਨ੍ਹਾਂ ਨੂੰ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ । ਬੇਸ਼ਕ ਅੱਜ ਕਲ੍ਹ ਜਾਪਾਨ ਵਿਚ ਰੁੱਤ ਤੋਂ ਬਿਨਾ ਵੀ ਹਾਇਕੂ ਲਿਖੇ ਜਾ ਰਹੇ ਹਨ, ਜਿਸ ਨੂੰ ਮੁਕੀ ਹਾਇਕੂ (muki haiku) ਕਿਹਾ ਜਾਂਦਾ ਹੈ।  ਪਰੰਪਰਾਗਤ ਹਾਇਕੂ  ਵਿਚ ਪ੍ਰਕਿਰਤੀ ਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ ਹੈ । ਜਿਸ ਕਵਿਤਾ ਵਿਚ ਰੁੱਤ ਦਾ ਉੱਲੇਖ ਨਹੀ ਉਸ ਨੂੰ ਸੀਨਰਿਓ ਦੀ ਸ਼੍ਰੇਣੀ ਹੇਠ ਦਰਜ ਕੀਤਾ ਜਾਂਦਾ ਹੈ।  

ਪੰਜਾਬੀ ਹਾਇਕੂ ਵਿਚ ਵੀ ਰੁੱਤ ਦਾ ਸੰਕੇਤ ਸਿੱਧੇ ਅਤੇ ਅਸਿੱਧੇ ਤੌਰ ਤੇ ਮਿਲਦਾ ਹੈ। ਸਿੱਧੇ ਤੌਰ ਤੇ ਮੌਜੂਦਾ ਰੁੱਤ ਦਾ ਜ਼ਿਕਰ ਫ੍ਰੈਗਮੈਂਟ ਵਾਲੇ ਭਾਗ ਵਿਚ ਕੀਤਾ ਜਾਂਦਾ ਹੈ ਜਿਵੇਂ ਪਤਝੜ ਰੁੱਤ,ਗਰਮ ਰੁੱਤ, ਸਰਦ ਰੁੱਤ, ਬਹਾਰ ਰੁੱਤ ਆਦਿ । ਅਸਿੱਧੇ ਤੌਰ ਤੇ ਇਸਦਾ ਸੰਕੇਤ ਕਿਸੇ ਖਾਸ ਰੁੱਤ ਵਿਚ ਹੀ ਦਿਖਣ ਵਾਲੇ ਪਸ਼ੂ ਪੰਛੀਆਂ, ਕੀੜੇ ਮਕੌੜਿਆਂ ਤੇ ਫੁੱਲ ਬੂਟਿਆਂ ਦਾ ਹਵਾਲਾ ਦੇ ਕੇ ਕੀਤਾ ਜਾਂਦਾ ਹੈ ।

ਉਦਾਹਰਣ ਵਜੋਂ ਸਿੱਧੇ ਤੌਰ ਤੇ ਮੌਸਮ ਦਾ ਜ਼ਿਕਰ ਹੇਠਲੇ ਹਾਇਕੂ ਕਵੀਆਂ ਨੇ ਕੁਝ ਇਸ ਤਰ੍ਹਾਂ ਕੀਤਾ ਹੈ :

ਪਤਝੜ ਦਾ ਘੁਸਮੁਸਾ . . .                          ਢਲਦਾ ਹੁਨਾਲ —
ਭਿਕਸ਼ੂ ਦੀ ਝੋਲੀ ਵਿਚ ਛਣਕੇ                     ਕੇਲੀ ਦੇ ਪੱਤੇ ਤੇ ਆ ਜੁੜੀਆਂ
ਚੰਦ ਖੋਟੇ ਸਿੱਕੇ                                          ਦੋ ਤਿਤਲੀਆਂ
   —  ਸੰਦੀਪ ਚੌਹਾਨ                                                  — ਚਰਨ ਗਿੱਲ
        

ਝੜੀ ਦੇ ਦਿਨ                                   ਸੱਜਰੀਆਂ ਪੈੜਾਂ . . .
ਪਾਣੀਆਂ ਦੀ ਡੂੰਘ ‘ਚ                            ਬਲਦਾਂ ਦੀਆਂ ਟੱਲੀਆਂ 'ਤੇ ਲਿਸ਼ਕੀ
ਉਤਰ ਗਏ ਰੁੱਖ                                    ਫੱਗਣ ਦੀ ਸ਼ਾਮ    
 - ਨਿਰਮਲ ਬਰਾੜ                            -   ਅਨੂਪ ਬਾਬਰਾ

ਅਸਿੱਧੇ ਰੂਪ ਵਿੱਚ ਰੁੱਤ ਦਾ ਸੰਕੇਤ  ਨਿਮਨ ਹਾਇਕੂ ਕਵਿਤਾਵਾਂ ਵਿਚ ਪੇਸ਼ ਕੀਤਾ ਗਿਆ ਹੈ :

ਵਤਨੀ ਫੇਰਾ —                           ਤਨਹਾ ਰਾਤ                                     
ਕੋਸੇ ਹੰਝੂਆਂ ‘ਚ ਘੁਲਿਆ                           ਜੇ ਕਿਤੇ ਕਿਰਲੀ ਖਾ ਗਈ
ਪਰਾਲੀ ਦਾ ਧੂੰਆਂ                                  ਉਹ ਆਖਰੀ ਮੱਛਰ ?
 - ਗੁਰਮੁੱਖ ਭੰਦੋਹਲ                                    - ਸੁਰਮੀਤ ਮਾਵੀ  


ਸਿਲ੍ਹੀ ‘ਵਾ . . .                                       ਸਿਰ ਤੇ ਸੂਰਜ
ਡੱਡੀ ਦੀ ਟਪੂਸੀ ਨਾਲ ਟੁੱਟੀ                     ਜੀਰੀ ਦੀ ਪਨੀਰੀ ‘ਚ ਲਿਟੇ
ਚੰਨ ਦੀ ਟਿੱਕੀ                                      ਭੂਰਾ ਕਤੂਰਾ    
  - ਹਰਵਿੰਦਰ ਧਾਲੀਵਾਲ                     -ਸਤਵਿੰਦਰ ਸਿੰਘ

ਹਾਇਕੂ ਕਵੀ ਜਦ ਆਪਣੇ ਆਲੇ ਦੁਆਲੇ ਵਿੱਚ ਵਿਚਰਦਾ ਹੈ ਤਾਂ ਉਸਦਾ ਚੇਤਨ ਮਨ ਕਿਰਿਆਸ਼ੀਲ ਹੋ ਉੱਠਦਾ ਹੈ । ਜੰਗਲ ,ਪਹਾੜ, ਧੂੜ, ਮਿੱਟੀ, ਕੰਕਰ, ਛੋਟੇ ਤੋਂ ਛੋਟਾ ਜੀਵ ,ਦਰਿਆ, ਫੁੱਲ, ਬੂਟੇ, ਤਿਤਲੀਆਂ ਆਦਿ ਹਰ ਸ਼ੈਅ ਵਿਚ ਉਸਨੂੰ ਕੁਦਰਤ ਦੇ ਦਰਸ਼ਨ ਹੁੰਦੇ ਹਨ । ਉਸਦੇ  ਦਵੈਤ ਰਹਿਤ ਮਨ ਵਿਚ ਪਹਾੜ ਦੀ ਉਚਾਈ ਦੀ ਵੀ ਉਹੋ ਅਹਿਮੀਅਤ ਹੈ ਜਿੰਨੀਂ ਪਹਾੜ ਦੇ ਪੈਰਾਂ 'ਚ ਪਈ ਰੋੜੀ ਦੀ। ਸਿੱਕਾ ਉਛਾਲਣ ਤੋਂ ਬਾਅਦ ਉਸਨੂੰ ਸਿੱਕੇ ਤੇ ਚਮਕਦਾ ਹੋਇਆ ਸੂਰਜ ਵੀ ਸਿੱਕੇ ਦੇ ਨਾਲ ਹੀ ਧਰਤੀ ਤੇ ਡਿੱਗਦਾ ਨਜਰ ਆਉਂਦਾ ਹੈ। ਕੋਈ ਕਿਤਾਬ ਪੜ੍ਹਨ ਬੈਠਦਾ ਹੈ ਤਾਂ ਆਮ ਇਨਸਾਨ ਵਾਂਗ ਉਸ ਨੂੰ ਸਿਰਫ ਵਰਕੇ ਦੇ ਦੋਹੀਂ ਪਾਸੀਂ ਅੱਖਰਾਂ ਦੀ ਛਪਾਈ ਹੀ ਨਜਰ ਨਹੀਂ ਆਉਂਦੀ ਸਗੋਂ ਉਸਦੀ ਹਾਇਕੂ ਅੱਖ ਦੋਹਾਂ ਪਾਸਿਆਂ ਦੀ ਛਪਾਈ ਦੇ ਅੱਖਰਾਂ ਵਿਚਕਾਰ ਫਸਿਆ ਹੋਇਆ ਚਿੱਟਾ ਕਾਗਜ਼ ਵੀ ਵੇਖਦੀ ਹੈ। ਇੰਤਹਾ ਤਾਂ ਓਦੋਂ ਹੋ ਜਾਂਦੀ ਹੈ ਜਦ ਹਾਇਕੂ ਕਵੀ ਘਰ ਵਾਪਸ ਮੁੜਦਾ ਹੈ ਤਾਂ ਉਸ ਨੂੰ ਆਪਣੀ ਦੇਹਲੀ ਤੇ ਪਿਆ ਰੇਤ ਦਾ ਕਣ ਵੀ ਆਪਣਾ ਸਵਾਗਤ ਕਰਦਾ ਲੱਗਦਾ ਹੈ:

ਘਰ ਵਾਪਸੀ . .  .
ਮੇਰੀ ਦੇਹਲੀ ਤੇ ਚਮਕਿਆ
ਰੇਤ ਦਾ ਕਣ
  - ਸੰਦੀਪ ਚੌਹਾਨ  
ਉਪਰੋਕਤ ਹਾਇਕੂ ਵਿਚ ਬੇਸ਼ਕ ਰੁੱਤ ਦਾ ਵੇਰਵਾ ਨਹੀ, ਨਿਰਸੰਦੇਹ ਇਸ ਵਿਚ ਹਾਇਕੂ ਸੰਵੇਦਨਾ ਬਰਕਰਾਰ ਹੈ।

ਹਾਇਕੂ ਦਾ ਸਭ ਤੋਂ ਅਹਿਮ ਤੱਤ ਜਕਸਟਾਪੁਜ਼ੀਸ਼ਨ (juxtaposition) ਹੈ ।  ਕਿਰਜੀ (kirji) ਦੀ ਵਰਤੋਂ ਨਾਲ ਹਾਇਕੂ ਵਿਚ ਦੋ ਬਿੰਬਾ ਦੀ ਸਿਰਜਨਾ ਕੀਤੀ ਜਾਂਦੀ ਹੈ । ਜਾਪਾਨੀ ਭਾਸ਼ਾ ਵਿਚ ਇਹ ਇੱਕ ਸ਼ਬਦ ਹੁੰਦਾ ਹੈ । ਅੰਗਰੇਜ਼ੀ ਭਾਸ਼ਾ ਵਿਚ ਇਸ ਲਈ ਵਿਰਾਮ ਚਿੰਨ ਵਰਤੇ ਜਾਂਦੇ ਹਨ ਜਿਵੇਂ ( ਹਾਇਫਨ/hyphen - ਇਲਿਪਸਸ /ellipses . . . ਆਦਿ) ।  ਹਾਇਕੂ ਕਵੀ ਪਾਠਕ ਨੂੰ ਜਕਸਟਾਪੁਜ਼ੀਸ਼ਨ ਰਾਹੀਂ ਸਿਰਜੀ ਸਪੇਸ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੰਦਾ ਹੈ । ਪਾਠਕ ਇਸ ਖਾਲੀ ਸਪੇਸ ਨੂੰ ਆਪਣੇ ਅਨੂਭਵ  ਅਨੁਸਾਰ ਭਰਦਾ ਹੈ ।  ਹਾਇਕੂ ਸਿਰਜਨਾ ਲੇਖਕ ਨਾਲ ਆਰੰਭ ਹੁੰਦੀ ਹੈ ਅਤੇ ਪਾਠਕ ਇਸ ਨੂੰ ਪੂਰਾ ਕਰਦਾ ਹੈ ।  ਪੰਜਾਬੀ ਹਾਇਕੂ  ਵਿਚ ਵੀ ਜਕਸਟਾਪੁਜ਼ੀਸ਼ਨ ਦੀਆਂ ਅਨੇਕ  ਉਦਾਹਰਣਾ ਮਿਲਦੀਆਂ ਹਨ :


ਔੜ ਦੇ ਦਿਨ                     ਡੂੰਘਾ ਹੋਇਆ ਸਿਆਲ . . .
ਕੱਚੇ ਰਾਹ ਨੂੰ ਸਿੰਜੇ                 ਖਮੋਸ਼ੀ  ਨੂੰ ਠੁੰਗ ਰਿਹਾ
ਮਜਦੂਰ ਦਾ ਪਸੀਨਾ                 ਇੱਕ ਚੱਕੀਹਾਰਾ
     -ਨਿਰਮਲ ਬਰਾੜ                   -ਸੰਦੀਪ ਚੌਹਾਨ

ਬੇਸ਼ਕ ਹਾਇਕੂ ਕਾਵਿ ਜਪਾਨ ਦੀ ਧਰਤੀ ਵਿਚ ਉਪਜੀ ਹੈ ਪਰ ਇਸ ਇਸ ਵਿਚ ਕੁਝ ਅਜਿਹੇ ਸਰਵਗਤ ਗੁਣ ਹਨ ਜਿਨ੍ਹਾਂ ਸਦਕਾ ਇਹ ਪੰਜਾਬੀ ਸਾਹਿਤ ਵਿਚ ਇੱਕ ਯਾਨਰ ਵਜੋਂ ਆਪਣਾ ਵਿਲਖਣ ਸਥਾਨ ਕਾਇਮ ਕਰਨ ਦੇ ਸਮਰਥ ਹੈ ।

ਪੰਜਾਬੀ ਵਿੱਚ ਹਾਇਕੂ ਦੇ ਵਿਕਾਸ ਹਿੱਤ ਦੋ ਜੱਥੇਬੰਦੀਆਂ ਪੰਜਾਬੀ ਹਾਇਕੂ ਫੋਰਮ ਅਤੇ  ਇੰਟਰਨੈਸ਼ਨਲ ਪੰਜਾਬੀ ਹਾਇਕੂ ਡਿਵੈਲਪਮਿੰਟ ਆਰਗੇਨਾਈਜੇਸ਼ਨ (ਇਫਡੋ) ਹੋਂਦ ਵਿੱਚ ਆ ਚੁੱਕੀਆਂ ਹਨ ਜੋ ਇਸ ਪਾਸੇ ਸ਼ਲਾਘਾਯੋਗ ਕੰਮ ਕਰ ਰਹੀਆਂ ਹਨ । ਪੰਜਾਬੀ ਲੇਖਕਾਂ ਦੇ ਕੋਈ ਪੰਦਰਾਂ ਦੇ ਕਰੀਬ ਹਾਇਕੂ ਸੰਗ੍ਰਿਹ ਆ ਚੁੱਕੇ ਹਨ ਪਰ ਪੰਜਾਬ ਦਾ ਮੀਡੀਆ ਹਾਲੇ ਹਾਇਕੂ ਨੂੰ ਬਣਦਾ ਉਤਸ਼ਾਹ ਨਹੀਂ ਦੇ ਸਕਿਆ । ਖਾਸ ਕਰਕੇ ਪ੍ਰਿੰਟ ਮੀਡੀਏ ਨੂੰ ਚਾਹੀਦਾ ਹੈ ਕਿ ਸਾਹਿਤ ਦੀ ਇਸ ਸਜੀਵ ਅਤੇ ਨਫ਼ੀਸ ਵਿਧਾ ਨੂੰ ਪਰਮੋਟ ਕਰਨ ਵਿਚ ਉਸਾਰੂ ਯੋਗਦਾਨ ਪਾਵੇ।

ਪਿੰਡ ਤੇ ਡਾਕਖਾਨਾ – ਬਿਲਾਸਪੁਰ
ਤਹਿਸੀਲ – ਨਿਹਾਲ ਸਿੰਘ ਵਾਲਾ
ਜਿਲ੍ਹਾ – ਮੋਗਾ ( ਪੰਜਾਬ )

Comments

tarandeep s deol

ਬਹੁਤ ਖੂਬ ਲਿਖਿਆ ,,, ਖਾਸ਼ ਤੌਰ ਤੇ ਪੰਜਾਬੀ ਦੇ ਪਾਠਕਾ ਲਈ,, ਇਤੇਹਾਸ ਭਾਖੂਬੀ ਦਰਜ਼ ਹੈ |

ਗੁਰਵਿੰਦਰ ਸਿੱਧੂ

ਬਾਈ ਆਪ ਜੀ ਨੇ ਹਾਇਕੂ ਨਾਲ ਸਬੰਧਤਾ ਬਹੁਤ ਸੋਹਣੀ ਤੇ ਅੱਣਮੁਲੀ ਜਾਣਕਾਰੀ ਪਾਠਕਾਂ ਨਾਲ ਸਾਂਝੀ ਕੀਤੀ ਹੈ ਪੂਰਨ ਆਸ ਹੈ ਕੇ ਆਪਜੀ ਅੱਗੇ ਵੀ ਇਸੇ ਤਰ੍ਹਾਂ ਹੀ ਆਪਣਾ ਗਿਆਨ ਸਾਂਝ ਕਰਦੇ ਰਹੋਗੇ।

Amanpreet

bahut jaankaari bharbhoor lekh, thanks veer ji

Surmeet Maavi

ਸੰਖੇਪ, ਸਰਲ ਅਤੇ ਸਟੀਕ ਜਾਣਕਾਰੀ... ਸ਼ੁਕਰੀਆ

ਹਰਵਿੰਦਰ ਧਾਲੀਵਾਲ

ਨੋਟ - ਕਿਰਪਾ ਕਰ ਕੇ ਲੇਖ ਦੇ ਚੌਥੇ ਪੈਰੇ ਵਿੱਚ 'ਦੀਰਘ/ਲਘੂ /ਦੀਰਘ' ਨੂੰ 'ਲਘੂ /ਦੀਰਘ /ਲਘੂ' ਪੜ੍ਹਿਆ ਜਾਵੇ ! ਸੈਟਿੰਗ ਵਿੱਚ ਗੜਬੜ ਕਾਰਨ ਲੇਖ ਵਿੱਚ ਸ਼ਾਮਿਲ ਹਾਇਕੂ ਆਪਸ ਵਿੱਚ ਰਲਗੱਡ ਹੋ ਗਏ ਹਨ ..ਕਿਰਪਾ ਕਰ ਕੇ ਉਨਾਂ ਨੂੰ ਇਸ ਤਰਾਂ ਪੜ੍ਹਿਆ ਜਾਵੇ - (ਸਿੱਧੇ ਤੌਰ ਤੇ ਮੌਸਮ ਦਾ ਜ਼ਿਕਰ) 1. ਪਤਝੜ ਦਾ ਘੁਸਮੁਸਾ . . ਭਿਕਸ਼ੂ ਦੀ ਝੋਲੀ ਵਿਚ ਛਣਕੇ ਚੰਦ ਖੋਟੇ ਸਿੱਕੇ — ਸੰਦੀਪ ਚੌਹਾਨ 2. ਢਲਦਾ ਹੁਨਾਲ — ਕੇਲੀ ਦੇ ਪੱਤੇ ਤੇ ਆ ਜੁੜੀਆਂ ਦੋ ਤਿਤਲੀਆਂ — ਚਰਨ ਗਿੱਲ 3. ਝੜੀ ਦੇ ਦਿਨ - ਪਾਣੀਆਂ ਦੀ ਡੂੰਘ ‘ਚ ਉਤਰ ਗਏ ਰੁੱਖ - ਨਿਰਮਲ ਬਰਾੜ 4. ਸੱਜਰੀਆਂ ਪੈੜਾਂ . ਬਲਦਾਂ ਦੀਆਂ ਟੱਲੀਆਂ 'ਤੇ ਲਿਸ਼ਕੀ ਫੱਗਣ ਦੀ ਸ਼ਾਮ - ਅਨੂਪ ਬਾਬਰਾ (ਅਸਿੱਧੇ ਰੂਪ ਵਿੱਚ ਰੁੱਤ ਦਾ ਸੰਕੇਤ) 1. ਵਤਨੀ ਫੇਰਾ — ਕੋਸੇ ਹੰਝੂਆਂ ‘ਚ ਘੁਲਿਆ ਪਰਾਲੀ ਦਾ ਧੂੰਆਂ - ਗੁਰਮੁੱਖ ਭੰਦੋਹਲ 2. ਤਨਹਾ ਰਾਤ - ਜੇ ਕਿਤੇ ਕਿਰਲੀ ਖਾ ਗਈ ਉਹ ਆਖਰੀ ਮੱਛਰ ? - ਸੁਰਮੀਤ ਮਾਵੀ 3. ਸਿਲ੍ਹੀ ‘ਵਾ . . ਡੱਡੀ ਦੀ ਟਪੂਸੀ ਨਾਲ ਟੁੱਟੀ ਚੰਨ ਦੀ ਟਿੱਕੀ - ਹਰਵਿੰਦਰ ਧਾਲੀਵਾਲ 4 ਸਿਰ ਤੇ ਸੂਰਜ - ਜੀਰੀ ਦੀ ਪਨੀਰੀ ‘ਚ ਲਿਟੇ ਭੂਰਾ ਕਤੂਰਾ -ਸਤਵਿੰਦਰ ਸਿੰਘ ਤੇ ਅਖੀਰਲਾ ਹਾਇਕੂ - ਘਰ ਵਾਪਸੀ . . . ਮੇਰੀ ਦੇਹਲੀ ਤੇ ਚਮਕਿਆ ਰੇਤ ਦਾ ਇੱਕ ਕਣ - ਸੰਦੀਪ ਚੌਹਾਨ ਮੇਰੀ ਸੰਪਾਦਕ ਸਾਹਿਬ ਨੂੰ ਵੀ ਬੇਨਤੀ ਹੈ ਕਿ ਜੇ ਲੇਖ ਵਿੱਚ ਹੀ ਇਹ ਸੁਧਾਰ ਹੋ ਜਾਣ ਤਾਂ ਬਹੁਤ ਮੇਹਰਬਾਨੀ ਹੋਵੇਗੀ .

Gurmukh bhandohal

ਬਹੁਤ ਸੋਹਣਾ ਤੇ ਹਾਇਕੂ ਬਾਰੇ ਜਾਣਕਾਰੀ ਦਿੰਦਾ ਲੇਖ ਆ, ਹੈ ਵੀ ਪੂਰਾ ਸਰਲ ਤੇ ਸਾਦਾ..!!ਸੁਕਰੀਆ ਵੀਰੇ

Gurdarshan Bhandohal

Very good ji

ਬਲਜੀਤ ਧਾਲੀਵਾਲ

ਹਾਇਕੂ ਸਬੰਧੀ ਬਹੁਤ ਜਾਣਕਾਰੀ ਭਰਪੂਰ ਤੇ ਸਰਲ ਲੇਖ !

Security Code (required)



Can't read the image? click here to refresh.

Name (required)

Leave a comment... (required)





ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ