Wed, 26 July 2017
Your Visitor Number :-   1065623
SuhisaverSuhisaver Suhisaver
ਰਾਮਨਾਥ ਕੋਵਿੰਦ ਨੇ ਭਾਰਤ ਦੇ 14ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ               ਪੁਲਾੜ ਵਿਗਿਆਨੀ ਯੂ.ਆਰ. ਰਾਓ ਦਾ ਦੇਹਾਂਤ              

ਮੋਹ-ਮੋਹ ਦੇ ਧਾਗੇ... - ਸੁਖਪਾਲ ਕੌਰ 'ਸੁੱਖੀ'

Posted on:- 14-05-2017

suhisaver

ਕਹਿੰਦੇ ਮਮਤਾ ਅਤੇ ਮੋਹ ਦੀ ਆਪਣੀ ਇੱਕ ਜ਼ੁਬਾਨ ਹੁੰਦੀ ਹੈ , ਜਿਸ ਨੂੰ ਉਹੀ ਮਹਿਸੂਸ ਕਰ ਅਤੇ ਦੇਖ ਸਕਦੈ, ਜਿਸ ਅੰਦਰ ਮਮਤਾ ਦਾ ਸੋਮਾ ਭਰਿਆ ਹੁੰਦਾ ਹੈ। ਪਰ ਅੱਜ ਦੀ ਕਲਯੁਗੀ ਦੁਨੀਆ ਵਿੱਚ ਮਮਤਾ ਸ਼ਬਦ ਕਿਧਰੇ ਗੁਆਚ ਜਿਹਾ ਗਿਆ ਹੈ। ਰੋਜ਼ਾਨਾ ਪੜਦੇ ਤੇ ਸੁਣਦੇ ਹਾਂ ਕਿ ਇੱਕ ਕਲਯੁਗੀ ਮਾਂ ਨੇ ਆਪਣੇ ਨਵਜਨਮੇ ਬੱਚੇ ਨੂੰ ਕੂੜੇ ਵਿੱਚ ਸੁੱਟਿਆ, ਪਿਤਾ ਨੇ ਆਪਣੇ ਬੱਚਿਆਂ ਦਾ ਕਤਲ ਕੀਤਾ, ਮਾਂ ਜਾਂ ਪਿਓ ਆਪਣੇ ਬੱਚਿਆਂ ਨੂੰ ਛੱਡ ਕੇ ਘਰੋਂ ਦੌੜ ਗਿਆ ਆਦਿ।ਅਧੁਨਿਕ ਯੁੱਗ ਵਿੱਚ ਰਿਸ਼ਤੇ ਤਾਰ-ਤਾਰ ਹੋਏ ਪਏ ਹਨ।  ਪਰ ਅੱਜ ਮੇਰੀਆਂ ਅੱਖਾਂ ਸਾਹਮਣੇ ਸਵੇਰੇ-ਸੇਵੇਰੇ ਕੁਦਰਤ ਦਾ ਇੱਕ ਮੋਹ ਤੇ ਮਮਤਾ ਦਾ ਅਦਭੁਤ ਜਿਹਾ ਵਰਤਾਰਾ ਕੁਝ ਚੰਦ ਕੁ ਮਿੰਟਾਂ ਵਿੱਚ ਹੀ ਵਰਤ ਗਿਆ ਸੀ।

ਸਾਡੇ ਘਰ ਦੇ ਨਾਲ ਲੱਗਦੇ ਸਬਜ਼ੀ ਵਾਲੇ ਪਲਾਟ ਵਿੱਚ ਤਿੰਨ ਕੁ ਦਿਨਾਂ ਤੋਂ ਇੱਕ ਟਟਹਿਰੀ ਜੋੜੇ ਨੇ ਤਿੰਨ ਬੱਚੇ ਦਿੱਤੇ ਹੋਏ ਸੀ। ਮੈਂ ਆਪਣੇ ਛੋਟੇ-ਛੋਟੇ ਭਤੀਜੇ ਤੇ ਭਤੀਜੀ ਨੂੰ ਦਿਖਾਉਣ ਲਈ ਜਿਵੇਂ ਹੀ ਛੱਤ ਤੇ ਆਈ ਤਾਂ ਟਟਹਿਰੀ ਜੋੜੇ ਨੇ ਬਹੁਤ ਉੱਚੀ-ਉੱਚੀ ਰੌਲ਼ਾ ਪਾ ਰੱਖਿਆ ਸੀ।

ਮੈਨੂੰ ਉਹਨਾਂ ਦੇ ਬੱਚੇ ਕਿਤੇ ਵੀ ਨਜ਼ਰ ਨਾ ਆਏ। ਮੈਨੂੰ ਸੋਚ ਕੇ ਬੜਾ ਦੁੱਖ ਲੱਗਿਆ ਕਿ ਸ਼ਾਇਦ ਇਹਨਾਂ ਦੇ ਬੱਚੇ ਕੋਈ ਜਾਨਵਰ ਚੁੱਕ ਕੇ ਲੈ ਗਿਆ। ਪਰ ਜਦ ਮੈਂ ਧਿਆਨ ਨਾਲ ਦੇਖਿਆ ਤਾਂ ਟਟਹਿਰੀ ਜੋੜਾ ਇੱਕ ਕੋਨੇ ਵਿੱਚ ਖੜਾ ਆਪਣੀ ਅਵਾਜ਼ ਵਿੱਚ ਰੌਲ਼ਾ ਪਾ ਰਿਹਾ ਸੀ ਤੇ ਪਲਾਟ ਤੇ ਵਗਲੀ ਕੰਧ ਦੇ ਉੱਪਰ ਇੱਕ ਬਿੱਲੀ ਬੈਠੀ ਸੀ। ਮੈਂ ਇੱਕ ਦਮ  ਠੰਠਬਰ ਗਈ ਕਿ ਸ਼ਾਇਦ ਇਸ ਬਿੱਲੀ ਨੇ ਟਟਹਿਰੀ ਦੇ ਬੱਚੇ ਖਾ ਲਏ।ਉੱਪਰ ਲੱਗੀਆਂ ਬਿਜਲੀ ਦੀਆਂ ਤਾਰਾਂ ਤੇ ਤਿੰਨ ਬੁਲਬਲਾਂ ਤੇ ਇੱਕ ਜੋੜਾ ਕਾਲ ਕੜਛੀ ਦਾ ਬੈਠਾ ਵੀ ਬੋਲ ਰਿਹਾ ਸੀ।ਉਹਨਾਂ ਦਾ ਰੌਲ਼ਾ ਹੋਰ ਵੀ ਵਧ ਗਿਆ ਸੀ, ਸ਼ਾਇਦ ਇਹ ਉਹਨਾਂ ਦੀ ਹੋਰ ਪੰਛੀਆਂ ਨੂੰ ਇੱਕਠੇ ਕਰਨ ਦੀ ਬੋਲੀ ਸੀ।

ਉਹਨਾਂ ਦਾ ਰੌਲਾ ਸੁਣ ਦੋ ਘੁੱਗੀਆਂ ਤੇ ਕਬੂਤਰ ਵੀ ਆ ਕੇ ਤਾਰਾਂ ਉੱਪਰ ਬੈਠ ਗਏ ਸੀ।ਮਿੰਟਾਂ ਵਿੱਚ ਹੀ ਬਹੁਤ ਸਾਰੇ ਪੰਛੀ ਤਾਰਾਂ ਤੇ ਆ ਬੈਠ ਗਏ ਸੀ। ਮੇਰੇ ਕੁਝ ਵੀ ਸਮਝ ਨਹੀਂ ਪੈ ਰਿਹਾ ਸੀ। ਕਾਲ ਕੜਛੀ ਦਾ ਜੋੜਾ ਉੱਡ ਕੇ ਜਿਵੇਂ ਹੀ ਕੰਧ ਦੇ ਬਿਲਕੁਲ ਨਜ਼ਦੀਕ ਆ ਗਿਆ। ਕਾਲ ਕੜਛੀ ਦੇ ਜ਼ੋੜੇ ਤੇ ਨਰ ਟਟਹਿਰੀ ਨੇ ਬਿੱਲੀ ਤੇ ਇਕ ਦਮ ਹਮਲਾ ਕਰ ਦਿੱਤਾ ਸੀ ਤੇ ਬਾਕੀ ਜਾਨਵਰਾਂ ਨੇ ਉੱਚੀ ਰੌਲ਼ਾ ਪਾ ਦਿੱਤਾ ਸੀ। ਕਾਲ ਕੜਛੀ ਤੇ ਟਟਹਿਰੀ ਦਾ ਹਮਲਾ ਇੰਨਾਂ ਜ਼ੋਰਦਾਰ ਸੀ ਕਿ ਬਿੱਲੀ ਉੱਥੋਂ ਉੱਠਣ ਤੇ ਜਾਣ ਲਈ ਮਜਬੂਰ ਹੋ ਗਈ ਸੀ। ਇਹ ਕੁਦਰਤ ਦਾ ਅਜੀਬ ਵਰਤਾਰਾ ਹੀ ਸੀ ਕਿ ਟਟਹਿਰੀ ਦੇ ਬੱਚੇ ਮਾਦਾ ਟਟਹਿਰੀ ਦੇ ਖੰਭਾਂ ਵਿੱਚ ਸੁਰਖਿਅਤ ਸੀ ਤੇ ਬਿੱਲੀ ਦੇ ਜਾਣ ਬਾਦ ਉਹ ਉਸਦੇ ਖੰਭਾਂ ਵਿੱਚੋ ਨਿਕਲ ਬਾਹਰ ਆ ਗਏ ਸੀ।

ਬਾਕੀ ਜਾਨਵਰ ਹਾਲੇ ਵੀ ਤਾਰਾਂ ਤੇ ਬੈਠੇ ਸਨ ਤੇ ਰੌਲ਼ਾ ਇਕਦਮ ਸ਼ਾਂਤ ਹੋ ਗਿਆ ਸੀ। ਫੇਰ ਟਟਹਿਰੀ ਜੋੜੇ ਵਿੱਚੋਂ ਇੱਕ ਉੱਡ ਕੇ ਬਾਕੀ ਜਾਨਵਰਾਂ ਨਾਲ ਜਾ ਬੈਠਾ ਸੀ ਜਿਵੇਂ ਉਹ ਬਾਕੀ ਸਾਥੀਆਂ ਦਾ ਧੰਨਵਾਦ ਕਰ ਰਿਹਾ ਹੋਵੇ। ਇੱਕ ਇੱਕ ਕਰਕੇ ਉਹ ਸਾਰੇ ਜਾਨਵਰ ਵੀ ਉੱਡ ਗਏ ਸੀ।ਇਹ ਵਾਰਤਾਰਾ ਦੇਖ ਮੇਰੀਆਂ ਅੱਖਾਂ 'ਚ ਅੱਥਰੂ ਆ ਗਏ ਸੀ। ਟਟਹਿਰੀ ਜੋੜੇ ਨੇ ਆਪਣੇ ਬੱਚਿਆਂ ਨੂੰ ਹੁਣ ਪਲਾਟ ਵਿੱਚ ਉੱਡਣ ਲਈ ਛੱਡ ਦਿੱਤਾ ਸੀ।ਮੇਰੇ ਮਨ ਵਿੱਚ ਆ ਰਿਹਾ ਸੀ ਕਿ ਸੱਚੀ ਹੀ ਇਹ ਮੋਹ-ਮੋਹ ਦੇ ਧਾਗੇ ਬਹੁਤ ਹੀ ਅਨੋਖੇ ਨੇ ਜੋ ਬੇਜ਼ੁਬਾਨ ਜਾਨਵਰਾਂ ਨੂੰ ਵੀ ਸਮਝ ਆ ਰਹੇ ਨੇ ਤੇ ਮਨੁੱਖ ਇਹਨਾਂ ਨੂੰ ਕਿਵੇਂ ਤੋੜ ਰਿਹਾ।

ਇਹ ਉਹ ਜਾਨਵਰ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਵਿੱਚ ਬਿਨਾਂ ਕੋਈ ਨਰ ਜਾਂ ਮਾਦਾ ਦਾ ਫਰਕ ਕੀਤੇ ਮੋਹ ਤੇ ਮਮਤਾ ਨਾਲ ਕੁਦਰਤ ਵੱਲੋਂ ਬੱਚੇ ਨੂੰ ਪਾਲਣ ਦੀ ਲਗਾਈ ਡਿਊਟੀ ਨਿਭਾ ਰਹੇ ਹਨ। ਤੇ ਦੂਜੇ ਪਾਸੇ ਮਨੁੱਖ ਹੈ ਜੋ ਕੁਦਰਤੀ ਨਿਯਮਾਂ ਦੀ ਉਲੰਘਣਾ ਕਰ ਬੇਟੀ ਨੂੰ ਪੈਦਾ ਕਰਨ ਤੋਂ ਬਚਣ ਲਈ ਉਸਨੂੰ ਕੁੱਖ ਵਿੱਚ ਮਰਵਾ ਰਿਹਾ। ਮਨੁੱਖ ਆਪਣੀ ਆਕੜ, ਦਿਖਾਵੇ ਤੇ ਸੌੜੀ ਸੋਚ ਦੇ ਚਲਦਿਆਂ ਕੁਦਰਤ ਦੀ ਪਰਵਾਹ ਨਾ ਕਰਦਿਆਂ ਅਣਜੰਮੀ ਧੀ ਦਾ ਕਤਲ, ਤਲਾਕ, ਆਤਮ ਹੱਤਿਆ ਵਰਗੇ ਹੀਲੇ ਅਪਣਾ ਰਿਹਾ।ਲੋੜ ਹੈ ਸੋਚ ਨੂੰ ਬਦਲਣ ਦੀ।ਇਹ ਮਮਤਾ ਤੇ ਮੋਹ ਦੇ ਰਿਸ਼ਤੇ ਫੁੱਲ ਨੇ, ਇਹਨਾਂ ਨੂੰ ਖਿੜਨ ਦਿਓ। ਨਵੇਂ ਬੀਜ ਆਉਣ ਦਿਓ ਤੇ ਫੇਰ ਇਨਾਂ ਬੀਜਾਂ ਤੋਂ ਨਵੇਂ ਫੁੱਲ ਖਿੜਨ ਦਿਓ ਤੇ ਬਾਗ ਨੂੰ ਸੁੰਦਰ ਬਨਣ ਦਿਓ।

                ਈ-ਮੇਲ:  sukhpallamba84@gmail.com

Comments

Name (required)

Leave a comment... (required)

Security Code (required)ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ