Tue, 23 April 2024
Your Visitor Number :-   6993649
SuhisaverSuhisaver Suhisaver

ਸਿਮਰਜੀਤ ਕੌਰ ਮਾਣਕ : ਕੋਮਲ ਕਲਾਵਾਂ ਨੂੰ ਸਮਰਪਿਤ - ਬਲਜਿੰਦਰ ਮਾਨ

Posted on:- 22-08-2014

suhisaver

ਕਲਾ ,ਸਾਹਿਤ, ਸੱਭਿਆਚਾਰ ਅਤੇ ਸੰਗੀਤ ਦੇ ਖੇਤਰ ਵਿਚ ਕਾਰਜ ਕਰਨ ਵਾਲੇ ਕਲਾਕਾਰ ਲੋਕ ਮਨਾਂ ਵਿਚ ਸਨਮਾਨਯੋਗ ਥਾਂ ਹਾਸਲ ਕਰ ਜਾਂਦੇ ਹਨ।ਇਸ ਸਨਮਾਨ ਨੂੰ ਹਾਸਲ ਕਰਨ ਦਾ ਕਾਰਨ ਇਹ ਹੁੰਦਾ ਹੈ ਕਿ ਕੋਮਲ ਕਲਾਵਾਂ ਦਾ ਹੁਨਰ ਹਰ ਕਿਸੇ ਦੇ ਨਸੀਬਾਂ ਵਿਚ ਨਹੀਂ ਹੁੰਦਾ।ਬਹੁਤ ਘੱਟ ਕਲਾਕਾਰ ਹਨ ਜੋ ਅਜਿਹੇ ਮੰਹਿਗੇ ਅਤੇ ਅਭਿਆਸ ਦੀ ਮੰਗ ਕਰਨ ਵਾਲੇ ਸ਼ੌਕ ਪਾਲ਼ਦੇ ਹਨ।ਅਜਿਹੀਆਂ ਕੋਮਲ ਕਲਾਵਾਂ ਦਾ ਮਜੱਸਮਾ ਹੈ ਸਾਡੀ ਕਲਾਕਾਰ ਅਤੇ ਚਿੱਤਰਕਾਰ ਸਿਮਰਜੀਤ ਕੌਰ ਮਾਣਕ।ਸਿਮਰ ਮਾਣਕ ਨੇ ਆਪਣੇ ਬਚਪਨ ਵਿਚ ਹੀ ਕਾਗਜਾਂ ਤੇ ਲਕੀਰਾਂ ਖਿਚਣੀਆ ਸ਼ੁਰੂ ਕਰ ਦਿੱਤੀਆਂ ਜੋ ਬਾਅਦ ਵਿਚ ਚਿੱਤਰਾਂ ਦਾ ਰੂਪ ਧਾਰ ਗਈਆਂ।ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਬਾਅਦ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਚੱਬੇਵਾਲ ਵਿਚ ਉਸਦੀ ਕਲਾ ਤੇ ਨਿਖਾਰ ਆਉਣਾ ਸ਼ੁਰੂ ਹੋਇਆ।

ਕਾਲਜ ਵਿਚ ਜੋਨਲ ਅਤੇ ਯੂਨੀਵਰਸਿਟੀ ਪੱਧਰ ਤਕ ਅਨੇਕਾਂ ਮੈਡਲ ਜਿੱਤ ਲਏ ।ਬੜੀ ਹਿੰਮਤ ਅਤੇ ਦਲੇਰੀ ਨਾਲ ਉਸਨੇ ਸਟੇਜ ਸੰਚਾਲਨ, ਡਾਂਸ ਅਤੇ ਲੋਕ ਨਾਚ ਵਰਗੇ ਹੁਨਰ ਵੀ ਸਿੱਖੇੇ।ਕਾਲਜ ਦੀ ਹਰ ਸੱਭਿਆਚਾਰਕ ਗਤੀਵਿਧੀ ਵਿਚ ਉਹ ਮੋਹਰੀ ਰਹਿੰਦੀ।ਇਥੇ ਹੀ ਉਸਨੇ ਹੁਸ਼ਿਆਰਪੁਰ ਦੇ ਉਘੇ ਚਿੱਤਰਕਾਰ ਪ੍ਰੋ ਅਜੀਤ ਸਿੰਘ ਜੱਬਲ ਦੀ ਅਗਵਾਈ ਮਿਲੀ।ਸ਼੍ਰੀ ਜੱਬਲ ਨੇ ਉਸ ਅੰਦਰ ਛੁਪੀਆਂ ਕਲਾਤਮਿਕਤਾ ਦੀਆਂ ਜੁਗਤਾਂ ਨੂੰ ਉਭਾਰਨ ਵਿਚ ਕੋਈ ਕਸਰ ਬਾਕੀ ਨਾ ਛੱਡੀ।ਬਸ ਫਿਰ ਉਹ ਇਕ ਉਕਾਬ ਵਾਂਗ ਖੁੱਲੇ ਅੰਬਰ ਵਿਚ ਉੱਚੀਆਂ ਉਡਾਰੀਆਂ ਮਾਰਨ ਲੱਗੀ।ਹੁਸ਼ਿਆਰਪੁਰ ਤੋਂ ਬਾਅਦ ਜਲੰਧਰ, ਲੁਧਿਆਣਾ, ਚੰਡੀਗੜ੍ਹ ਤਕ ਉਸਦੀਆਂ ਕਲਾ ਕਿਰਤਾਂ ਦੀ ਧੁੰਮ ਪੈਣ ਲਗ ਪਈ।

ਕਲਾ ਪ੍ਰੀਸ਼ਦ ਚੰਡੀਗੜ੍ਹ ਵਿਚੋਂ ਉਸਨੂੰ ਭਾਰਤੀ ਯੰਗ ਆਰਟਿਸਟ ਨਾਲ ਮੋਢੇ ਨਾਲ ਮੋਢਾ ਮੇਚ ਕੇ ਤੁਰਨ ਦਾ ਰਾਹ ਮਿਲ ਗਿਆ।ਇਸ ਤਰ੍ਹਾਂ ਉਹ ਰਾਜ ਪੱਧਰੀ ਦੋ ਦਰਜਨ ਅਤੇ ਕੌੋਮੀ ਪੱਧਰ ਦੀਆਂ ਇਕ ਦਰਜਨ ਤੇ ਜਿਆਦਾ ਨੁਮਾਇਸ਼ਾਂ ਵਿਚ ਸ਼ਾਮਿਲ ਹੋ ਚੁੱਕੀ ਹੈ।ਇਥੇ ਹੀ ਬਸ ਨਹੀਂ ਸਗੋਂ ਉਹ 2013 ਦੇ ਦਿੱਲੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਚ ਵੀ ਆਪਣੇ ਚਿੱਤਰ ਪ੍ਰਦਰਸ਼ਤ ਕਰ ਚੁੱਕੀ ਹੈ।ਜੇਕਰ ਉਸਦੇ ਇਨਾਮਾ ਦੀ ਗੱਲ ਕਰੀਏ ਤਾਂ ਉਹ ਵੀ ਲੜੀ ਬੜੀ ਲੰਬੀ ਹੈ।ਕਾਲਜ ਦੀ ਬੈਸਟ ਆਰਟਿਸਟ ਤੋਂ ਇਲਾਵਾ ਯੂਨੀਵਰਸਿਟੀ ਦਾ ਕਲਰ ਵੀ ਹਾਸਿਲ ਕਰ ਚੁੱਕੀ ਹੈ।
   
ਸਿਮਰ ਦੇ ਚਿੱਤਰਾਂ ਵਿਚ ਆਇਲ ਪੇਂਟਸ ਦੀ ਪ੍ਰਧਾਨਤਾ ਹੈ ਅਤੇ ਰੰਗ ਨੀਲਾ ਸਭ ਤੋਂ ਵੱਧ ਵਰਤਿਆ ਗਿਆ ਹੈ।ਉਸਦਾ ਕਹਿਣਾ ਹੈ ਕਿ ਇਸ ਵਿਚ ਵਿਸ਼ਾਲਤਾ ਅਤੇ ਠੰਡਕ ਹੈ।ਇਸ ਰੰਗ ਵਿਚ ਵਿਸ਼ਵ ਸ਼ਾਂਤੀ ਅਤੇ ਭਾਈਚਾਰੇ ਦਾ ਸੰਦੇਸ਼ ਦੇਣਾ ਸੁਖਾਲਾ ਹੈ।2014 ਵਿਚ ਉਸਨੇ ਕੰਟੈਪਰੇਰੀ ਇੰਡੀਅਨ ਵੂਮੈਨ ਆਰਟਿਸਟਸ ਚੰਡੀਗੜ੍ਹ ਵਲੋਂ ਲਗਾਈ ਸਿਰਜਣਾਤਮਿਕ ਨੁਮਾਇਸ਼ ਵਿਚ ਵਿਚ ਭਾਗ ਲਿਆ।ਗੁਰਦਾਸ ਮਾਨ ਦੀ ਬਣਾਈ ਪੇਟਿੰਗ

ਜਦੋਂ ਉਸਨੇ ਇਕ ਸੱਭਿਆਚਾਰਕ ਮੇਲੇ ਵਿਚ ਖੁਦ ਭੇਂਟ ਕੀਤੀ ਤਾਂ ਮਾਨ ਨੇ ਸਿਮਰ ਨੂੰ ਇਨਾਮ ਦੰਦਿਆਂ ਉਸਦੀ ਕਲਾ ਨੂੰ ਝੁਕ ਕੇ ਸਲਾਮ ਕੀਤੀ।ਸਿਮਰ ਦੀਆਂ ਕਲਾ ਕਿਰਤਾਂ ਵਿਚੋਂ ਆਪਸੀ ਏਕਤਾ, ਸ਼ਾਂਝੀਵਾਲਤਾ, ਸਮਾਨਤਾ ਅਤੇ ਸੰਜਮ ਵਰਗੇ ਸੰਦੇਸ਼ ਮਿਲਦੇ ਹਨ।ਉਸਦੇ ਆਰਟ ਵਿਚ ਡੱਬੇ ਨੂੰ ਬੜੀ ਕਲਾਮਈ ਤਕਨੀਕ ਨਾਲ ਵਰਤਿਆ ਜਾਂਦਾ ਹੈ।ਇਹ ਉਸਦੀ ਕਲਾ ਦਾ ਇਕ ਨਿਵੇਕਲਾ ਰੰਗ ਢੰਗ ਹੈ ਜਿਸ ਨਾਲ ਚਿੱਤਰਕਾਰਾਂ ਵਿਚ ਆਪਣੀ ਵੱਖਰੀ ਪਹਿਚਾਣ ਕਾਇਮ ਕਰਦੀ ਹੈ।ਕੌਮੀ ਪੱਧਰ ਤੇ ਲੱਗੀਆਂ ਨੁਮਾਇਸ਼ਾਂ ਵਿਚ ਉਸਦੇ ਚਿੱਤਰ ਦਿੱਲੀ, ਮੁੰਬਈ, ਅਹਿਮਦਾਬਾਦ, ਕਲਕੱਤਾ, ਜਮਸ਼ੇਦਪੁਰ, ਹੈਦਰਾਬਾਦ ਵਰਗੇ ਵੱਡੇ ਸ਼ਹਿਰਾਂ ਵਿਚ ਸ਼ਾਮਿਲ ਕੀਤੇ ਜਾ ਚੁੱਕੇ ਹਨ।ਕੁੱਝ ਕੁ ਚਿੱਤਰਾਂ ਨੂੰ ਪ੍ਰਕਾਸ਼ਕਾਂ ਨੇ ਪ੍ਰਕਾਸ਼ਤ ਕਰਨ ਦੀ ਆਫਰ ਵੀ ਦਿੱਤੀ ਹੈ।
   
ਪੰਜਾਬ ਦੀਆਂ ਔਰਤ ਚਿੱਤਰਕਾਰਾਂ ਵਲੋਂ ਡਾ. ਰੰਧਾਵਾ ਆਰਟ ਗੈਲਰੀ ਲੁਧਿਆਣਾ ਵਿਚ ਲਗਾਈ ਨੁਮਾਇਸ਼ ਵਿਚ ਉਸਨੂੰ ਭਰਪੂਰ ਪ੍ਰਸੰਸਾ ਮਿਲੀ।2013 ਵਿਚ ਜਲੰਧਰ ਵਿਖੇ ਡਾ. ਸਤਿਆਪਾਲ ਆਰਟ ਗੈਲਰੀ ਵਿਚ ਲਗਾਈ ਨੁਮਾਇਸ਼ ਵਿਚ ਗੋਲਡ ਮੈਡਲ ਜਿੱਤਿਆ।ਇੰਜ ਉਹ ਆਪਣੇ ਗਲ਼ ਨੂੰ ਅਨੇਕਾਂ ਮੈਡਲਾਂ ਨਾਲ ਸ਼ਿੰਗਾਰਨ ਵਿਚ ਜੁਟੀ ਹੋਈ ਹੈ।ਉਸਦੇ ਕੁੱਝ ਚਿੱਤਰ ਅਖਬਾਰਾਂ ਰਸਾਲਿਆਂ ਤੋਂ ਇਲਾਵਾ ਪੁਸਤਕਾਂ ਦੇ ਟਾਈਟਲ ਚਿੱਤਰ ਬਣਨ ਦਾ ਵੀ ਮਾਣ ਹਾਸਲ ਕਰ ਚੁੱਕੇ ਹਨ।ਸਾਹਿਤ ਨੂੰ ਪਿਆਰ ਕਰਨ ਵਾਲੀ ਸਿਮਰ ਕਦੀ ਕਦਾਈ ਰਚਨਾਵਾਂ ਵੀ ਰਚ ਲੈਂਦੀ ਹੈ।ਜਿਸ ਨਾਲ ਉਸਦਾ ਨਾਂ ਸਾਹਿਤਕ ਹਲਕਿਆ ਵਿਚ ਵੀ ਚਰਚਿਤ ਰਹਿੰਦਾ ਹੈ।
   
ਕਲਾਤਮਿਕ ਸੂਰਤ ਤੇ ਸੀਰਤ ਵਾਲੀ ਇਸ ਚਿੱਤਰਕਾਰ ਦਾ ਜਨਮ 28 ਨਵੰਬਰ 1989 ਨੂੰ ਇਤਿਹਾਸਕ ਪਿੰਡ ਮੁੱਗੋਵਾਲ ਜ਼ਿਲਾ ਹੁਸ਼ਿਆਰਪਰੁ ਵਿਚ ਹੋਇਆ।ਪਿਤਾ ਬਖਸ਼ੀਸ਼ ਸ਼ਿੰਘ ਅਤੇ ਮਾਤਾ ਜਗਦੀਸ਼ ਕੌਰ ਨੇ ਉਸਦਾ ਪਾਲਣ ਪੋਸ਼ਣ ਮੁੰਡਿਆਂ ਵਾਂਗ ਕੀਤੀ ਤਾਂ ਉਹ ਵੀ ਹਰ ਸਾਹਸੀ ਕਾਰਜ ਕਰਨ ਲਗ ਪਈ।ਉਸਦੀ ਵੱਡੀ ਭੈਣ ਕਰਮਜੀਤ ਕੌਰ ਉਸਦੀ ਕਲ ਨੂੰ ਨਿਖਾਰਨ ਲਈ ਤਤਪਰ ਰਹਿੰਦੀ ਹੈ।ਛੋਟੇ ਭਾਈ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਵੀ ਕਲਾ ਨਾਲ ਆਪਣੀ ਸ਼ਖਸ਼ੀਅਤ ਨੂੰ ਸ਼ਿੰਗਾਰੇਗਾ।ਇਸਦੇ ਨਾਲ ਨਾਲ ਉਸਦੇ ਵਿਦਿਆਰਥੀ ਉਸਤੋਂ ਪ੍ਰੇਰਨਾ ਲੈ ਕੇ ਕਲਾ ਜਗਤ ਵਿਚ ਪ੍ਰਵੇਸ਼ ਕਰ ਰਹੇ ਹਨ।ਅਜਕਲ ਉਹ ਸੰਤ ਬਾਬਾ ਹਰੀ ਸੰਘ ਖਾਲਸਾ ਕਾਲਜ ਆਫ ਐਜੂਕੇਸ਼ਨ ਮਾਹਿਲਪੁਰ ਵਿਚ ਕਲਾ ਅਧਿਆਪਕ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਅ ਰਹੀ ਹੈ।ਮਹਾਤਮਾ ਬੁੱਧ, ਪੇਂਡੂ ਦ੍ਰਿਸ਼ ,ਮੂਡ, ਸਿਰਜਣਾ, ਉਸ਼ਾਹਿਤ, ਸਟਰੋਕਸ, ਰੰਗਾਂ ਦੀ ਯਾਤਰਾ ਆਦਿ ਮਸ਼ਹੂਰ ਚਿੱਤਰ ਹਨ।ਵਿਦੇਸ਼ਾਂ ਵਿਚ ਛਪਦੇ ਅਖਬਾਰਾਂ ਅਤੇ ਰਸਾਲਿਆਂ ਵਿਚ ਵੀ ਉਸਦੇ ਚਿੱਤਰਾਂ ਨੇ ਚੰਗੀ ਭੱਲ ਖੱਟੀ ਹੈ।ਪਂੇਟਿੰਗ ਤੋਂ ਇਲਾਵਾ ਉਹ ਵਿਹਲੇ ਸਮੇਂ ਵਿਚ ਕਿਤਾਬਾਂ ਪੜ੍ਹਨੀਆਂ ਅਤੇ ਲੋਕ ਨਾਚ ਕਰਨਾ ਪਸੰਦ ਕਰਦੀ ਹੈ।ਕੋਮਲ ਕਲਾ ਦੇ ਖੇਤਰ ਵਿਚ ਮਾਹਿਲਪੁਰ ਇਲਾਕੇ ਵਿਚੋਂ ਨਾਮ ਕਮਾਉਣ ਵਾਲੀ ਉਹ ਕੁਲਵਿੰਦਰ ਕੋਰ ਰੂਹਾਨੀ ਤੋਂ ਬਾਅਦ ਦੂਜੀ ਲੜਕੀ ਹੈ।
   
ਸਿਮਰਜੀਤ ਕੌਰ ਮਾਣਕ ਦਾ ਆਪਣੀ ਕਲਾ ਬਾਰੇ ਕਹਿਣਾ ਹੈ ਕਿ ਉਸਦਾ ਪੈਂਡਾ ਅਜੇ ਲਮੇਰਾ ਹੈ।ਇਹ ਮੰਹਿਗਾ ਸ਼ੌਕ ਮਾਪਿਆਂ ਦੇ ਸਹਿਯੋਗ ਨਾਲ ਹੀ ਪਾਲ਼ਿਆ ਜਾ ਸਕਦਾ ਹੈ।ਚਿੱਤਰ ਅਤੇ ਫੋਟੋ ਦੇ ਅੰਤਰ ਨੂੰ ਸਮਝਣ ਦੀ ਸਮਰੱਥਾ ਹਰ ਕਿਸੇ ਵਿਚ ਨਹੀਂ ਹੁੰਦੀ।ਸ਼ਾਇਦ ਇਸੇ ਕਰਕੇ ਇਸ ਖੇਤਰ ਵਿਚ ਉਭਰਨ ਵਾਲਿਆਂ ਦੀ ਗਿਣਤੀ ਨਾਂ ਮਾਤਰ ਹੀ ਹੈ।ਸਿਮਰ ਦੀ ਇੱਛਾ ਹੈ ਕਿ ਲੜਕੀ ਨੂੰ ਆਪਣੀ ਪ੍ਰਤਿਭਾ ਨੂੰ ਉਜਾਗਰ ਕਰਕੇ ਕਿਸੇ ਨਾ ਕਿਸੇ ਖੇਤਰ ਵਿਚ ਵੱਖਰਾ ਮੁਕਾਮ ਹਾਸਲ ਕਰਨਾ ਚਾਹੀਦਾ ਹੈ।ਅਜਿਹਾ ਕਰਨ ਨਾਲ ਹੀ ਇਸਤਰੀ ਦੀ ਆਨ ਬਾਨ ਤੇ ਸ਼ਾਨ ਕਾਇਮ ਹੋ ਸਕਦੀ ਹੈ।ਸੋ ਸਿਮਰਜੀਤ ਕੌਰ ਲਈ ਕਲਾ ਜਗਤ ਵਿਚ ਸਥਾਪਤੀ ਦੀਆਂ ਭਰਪੂਰ ਸੰਭਾਵਨਾਵਾਂ ਹਨ।
                    
ਸੰਪਰਕ: +91 98150 18947

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ