Fri, 19 April 2024
Your Visitor Number :-   6985182
SuhisaverSuhisaver Suhisaver

ਸੁਭਾਅ ਹੋਵੇ ਮਿਲਣਸਾਰ - ਸੰਤੋਖ ਸਿੰਘ ਭਾਣਾ

Posted on:- 19-03-2015

suhisaver

ਹੱਦ ਤੋਂ ਜ਼ਿਆਦਾ ਮਿਹਨਤ, ਸਰਦੀ-ਗਰਮ ਦਾ ਪ੍ਰਭਾਵ, ਚੰਗੀ ਅਤੇ ਪੌਸ਼ਟਿਕ ਖੁਰਾਕ ਦੀ ਘਾਟ,ਗੰਦਾ ਰਹਿਣ-ਸਹਿਣ,ਸੁਸਤੀ ,ਕਮਜ਼ੋਰੀ ,ਆਲਸ,ਇਹ ਸਭ ਇਨਸਾਨ ਦੇ ਦੁਸ਼ਮਣ ਹਨ, ਪਰ ਇਸ ਤੋਂ ਵੀ ਜ਼ਿਆਦਾ ਮਾੜਾ ਪ੍ਰਭਾਵ ਪਾਉਣ ਵਾਲਾ ਆਦਮੀ ਦਾ ਆਪਣਾ ਸੁਭਾਅ ਹੁੰਦਾ ਹੈ। ਆਦਮੀ ਉੱਤੇ ਖੁਦ ਦੇ ਨਕਾਰਾਤਮਕ ਸੁਭਾਅ ਦਾ ਜਿੰਨਾ ਹਾਨੀਕਾਰਕ ਪ੍ਰਭਾਵ ਪੈਂਦਾ ਹੈ, ਓਨਾ ਕਿਸੇ ਰੋਗ ਜਾਂ ਬਿਮਾਰੀ ਦਾ ਵੀ ਨਹੀਂ ਪੈਂਦਾ। ਕੁਝ ਲੋਕ ਕਿਸੇ ਦੁੱਖ ਜਾਂ ਬਿਮਾਰੀ ਕਰਕੇ ਚਿੜਚਿੜਾ ਹੋ ਜਾਂਦੇ ਹਨ, ਪਰ ਉਸ ਦੁੱਖ ਜਾਂ ਬਿਮਾਰੀ ਦੇ ਖਤਮ ਹੋ ਜਾਣ ਨਾਲ ਉਨ੍ਹਾਂ ਦਾ ਚਿੜਚਿੜੇ ਪਣ ਵੀ ਖਤਮ ਹੋ ਜਾਂਦਾ ਹੈ, ਪਰ ਆਦਮੀ ਦੇ ਸੁਭਾਅ `ਚ ਰਚਿਆ ਚਿੜਚਿੜਾ ਪਣ ਸਾਰੀ ਉਮਰ ਆਦਮੀ ਦੇ ਮਗਰੋਂ ਨਹੀਂ ਲਹਿੰਦਾ।ਆਦਮੀ ਦਾ ਘਟੀਆ ਸੁਭਾਅ ਉਹਨੂੰ ਸਰੀਰਕ ਪੱਖੋਂ ਈ ਨਹੀਂ ਸਮਾਜਕ ਤੌਰ `ਤੇ ਵੀ ਪ੍ਰਭਾਵਤ ਕਰਦਾ ਹੈ।ਆਦਮੀ ਦਾ ਸਦਾ ਰੋਗੀ ਜਾ ਨਿਰੋਗੀ ਰਹਿਣਾ ਜਾਂ ਜੀਵਨ `ਚ ਸਫਲ ਜਾਂ ਅਸਫਲ ਰਹਿਣਾ ,ਇਹ ਉਹਦੇ ਸੁਭਾਅ `ਤੇ ਨਿਰਭਰ ਕਰਦਾ ਹੈ।ਇੱਕ ਬੰਦਾ ਸਦਾ ਹੱਸਦਾ ਮੁਸਕ੍ਰਾਉਂਦਾ ਰਹਿੰਦਾ ਹੈ, ਦੂਸਰਾ ਬਿਮਾਰ ਅਤੇ ਚਿੜਚਿੜਾ ਜਿਹਾ ਰਹਿੰਦਾ ਹੈ।ਕੋਈ ਤਰੱਕੀ ਦੀਆਂ ਮੰਜ਼ਿਲਾਂ ਪਾਰ ਕਰਦਾ ਤੁਰਿਆ ਜਾਂਦਾ ਹੈ ਤੇ ਕੋਈ ਦੂਸਰਾ ਵਾਰ-ਵਾਰ ਹਰ ਖੇਤਰ`ਚ ਮਾਤ ਖਾਂਦਾ ਹੈ।ਇਸਦਾ ਕਾਰਨ ਉਹਦਾ ਸੁਭਾਅ ਈ ਹੁੰਦਾ ਹੈ।ਸੁਭਾਅ ਦੇ ਕਾਰਨ ਹੀ ਕੋਈ ਆਦਮੀ ਲੋਕਾਂ `ਚ ਸਤਿਕਾਰਿਆਂ ਜਾਂਦਾ ਹੈ ਤੇ ਕਿਸੇ ਨੂੰ ਕੋਈ ਥੜੇ ਨਹੀਂ ਚੜ੍ਹਨ ਦਿੰਦਾ।

ਖੁਦ ਸੋਚੋ,ਜੇਕਰ ਕਿਸੇ ਆਦਮੀ ਦਾ ਸੁਭਾਅ ਉਜੱਡ, ਕ੍ਰੋਧੀ ਅਤੇ ਕੌੜਾ ਹੋਵੇ ਤਾਂ ਕੀ ਤੁਸੀ ਉਹਦੇ ਨਾਲ ਗੱਲ ਕਰਨਾ ਪਸੰਦ ਕਰੋਂਗੇ? ਨਹੀਂ ਨਾ? ਅਜਿਹੇ ਬੰਦੇ `ਤੋਂ ਲੋਕੀ ਕਿਨਾਰਾ ਕਰਨ `ਚ ਹੀ ਭਲਾਈ ਸਮਝਦੇ ਹਨ।ਜਿਸਦਾ ਸੁਭਾਅ ਮਧੁਰ,ਮਿਲਨਸਾਰ ਅਤੇ ਅਪਣੱਤ ਭਰਿਆ ਹੋਵੇ, ਜਿਸਦੇ ਹੋਠਾਂ ਉੱਤੇ ਸਦਾ ਮੁਸਕਾਨ ਥਿਰਕਦੀ ਰਹਿੰਦੀ ਹੋਵੇ, ਉਹਨੂੰ ਸਾਰੇ ਪਸੰਦ ਕਰਦੇ ਹਨ ਅਤੇ ਉਹਦੀ ਨੇੜਤਾ ਚਾਹੁੰਦੇ ਹਨ।ਅਜਿਹੇ ਆਦਮੀ ਹੀ ਆਪਣੇ ਇਲਾਕੇ ਦੇ ` ਸੱਜਣ-ਪੁਰਖ` ਕਹਾਉਂਦੇ ਹਨ।

ਘਰ ਦੀ ਖੁਸ਼ਹਾਲੀ ਜਾਂ ਬਦਹਾਲੀ `ਚ ਵੀ ਸੁਭਾਅ ਦਾ ਬੜਾ ਮਹੱਤਵ ਹੁੰਦਾ ਹੈ।ਜੇਕਰ ਦੋਹਾਂ ਜੀਆਂ ਦਾ ਸੁਭਾਅ ਹੀ ਗਰਮ ਅਤੇ ਝਗੜਾਲੂ ਹੋਵੇ ਤਾ ਘਰ- ਗ੍ਰਹਿਸਥੀ ਨਰਕ ਬਣ ਜਾਂਦੀ ਹੈ।ਜਦ ਦੋਹਾਂ ਦਾ ਸੁਭਾਅ ਨਰਮ ਅਤੇ ਪ੍ਰਸਪਰ ਮੇਲ ਖਾ ਜਾਵੇ ਤਾਂ ਘਰ ਸਵਰਗ ਬਣ ਜਾਂਦਾ ਹੈ।

ਜੇਕਰ ਅਸੀਂ ਹੱਸਦਿਆਂ ਖੇਡਦਿਆਂ ਅਤੇ ਧਮਾਲਾਂ ਪਾਉਂਦਿਆਂ ਆਪਣਾ ਜੀਵਨ ਗੁਜ਼ਾਰਨਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਸੁਭਾਅ ਨੂੰ ਸਰਲ ਅਤੇ ਸਹਿਜ ਬਨਾਉਣਾ ਹੋਵੇਗਾ।ਸਰਲ ਸੁਭਾਅ ਬੜਾ ਸੁਖਦਾਈ ਹੁੰਦਾ ਹੈ।ਜਦੋ ਕੋਈ ਆਦਮੀ ਅਸਹਿਜ ਹੋ ਜਾਂਦਾ ਹੈ ਤਾਂ ਉਹਦੇ ਜੀਵਨ`ਚ ਖੁਦ ਦੁਆਰਾ ਪੈਦਾ ਕੀਤੀਆਂ ਪ੍ਰੇਸ਼ਾਨੀਆਂ ਖੜ੍ਹੀਆਂ ਹੋ ਕੇ ਉਹਨੂੰ ਸੰਕਟ`ਚ ਪਾ ਦਿੰਦੀਆਂ ਹਨ ਅਤੇ ਉਹਦੀਆਂ ਖੁਸ਼ੀਆਂ ਨੂੰ ਗ੍ਰਹਿਣ ਲੱਗ ਜਾਂਦਾ ਹੈ।

ਕੁਝ ਲੋਕਾਂ ਦਾ ਵਿਚਾਰ ਹੈ ਕਿ ਸੁਭਾਅ ਨੂੰ ਬਦਲਣਾ ਮੁਸ਼ਕਿਲ ਹੈ।ਇਹ ਮੰਨਿਆ ਜਾ ਸਕਦਾ ਹੈ ਕਿ ਮੁਸ਼ਕਿਲ ਹੈ, ਪਰ ਅਸੰਭਵ ਨਹੀਂ ਹੋ ਸਕਦਾ।

ਜੇਕਰ ਤੁਸੀਂ ਸੱਚਮੁੱਚ ਹੀ ਹੱਸਦੇ ਹੱਸਦੇ ਜੀਵਨ ਗੁਜ਼ਾਰਨਾ ਚਾਹੁੰਦੇਹੋ ਤਾਂ ਆਪਣੇ ਅੰਦਰ ਝਾਤੀ ਮਾਰ ਕੇ ਵੇਖੋ ਕਿ ਤੁਹਾਡੇ `ਚ ਵੈਰ,ਈਰਖਾ ਜਾਂ ਚਿੜਚਿੜਾ ਪਣ ਤਾਂ ਨਹੀਂ? ਇਨ੍ਹਾਂ ਸਾਰਿਆਂ ਦੋਸ਼ਾਂ `ਚੋਂ ਕ੍ਰੋਧ ਸਭ ਤੋਂ ਜ਼ਿਆਦਾ ਹਾਨੀਕਾਰਕ ਹੈ।ਮਾਨਵ-ਜੀਵਨ`ਚ ਕੋਈ ਹੋਰ ਭਾਵਨਾਂ ਐਨਾ ਜ਼ਿਆਦਾ ਮਾੜਾ ਪ੍ਰਭਾਵ ਨਹੀਂ ਪਾਉਂਦੀ ਜਿੰਨਾ ਕਿ ਕੋ੍ਰਧ।
ਸ਼ਾਂਤੀ ਅਤੇ ਠਰੰਮਾ ਜੀਵਨ ਦੇ ਮੂਲ ਮੰਤਰ ਹਨ।ਅਜਿਹੇ ਗੁਣ ਵਾਲੇ ਆਦਮੀ ਹਰੇਕ ਖੇਤਰ`ਚ ਬੁਲੰਦੀਆਂ `ਤੇ ਪਹੁੰਚਦੇ ਹਨ।ਸਫਲਤਾ ਉਨ੍ਹਾਂ ਦੇ ਜੀਵਨ `ਚ ਖੁਸ਼ਹਾਲੀਆਂ ਦੇ ਰੰਗ ਭਰ ਦਿੰਦੀ ਹੈ ਅਤੇ ਉਹ ਸਾਰਾ ਜੀਵਲ ਹੱਸਦਿਆਂ ਮੁਸਕ੍ਹਾਉਂਦਿਆਂ ਗੁਜ਼ਾਰਦੇ ਹਨ।ਆਦਮੀ ਦੇ ਸੁਭਾਅ ਉੱਤੇ ਹੀ ਉਹਦਾ ਭਵਿੱਖ ਨਿਰਭਰ ਕਰਦਾ ਹੈ।ਇਸ ਲਈ ਖੁਦ ਨੂੰ ਟਟੋਲੋ।

ਭੈਅ,ਘਬਰਾਹਟ,ਦੁੱਖ ,ਸੰਤਾਪ ਮਨੁੱਖੀ ਜੀਵਨ ਦੇ ਸਭ ਤੋਂ ਵੱਡੇ ਦੁਸ਼ਮਨ ਹਨ।ਉਦਾਸੀ ,ਚਿੜਚਿੜਾਪਣ ,ਅਪ੍ਰਸੰਨਤਾ ਅਤੇ ਅਜਿਹਾ ਹੀ ਜੀਵਨ ਜਿਸ `ਚ ਕਿਸੇ ਨੇ ਆਪਣੀ ਕਾਬਲੀਅਤ ਦਾ ਵਿਸ਼ਵਾਸ ਗੁਆ ਲਿਆ ਹੋਵੇ, ਜਿਸਨੂੰ ਆਪਣੀਆਂ ਅੰਦਰਲੀਆਂ ਸ਼ਕਤੀਆਂ `ਤੇ ਯਕੀਨ ਨਾ ਰਿਹਾ ਹੋਵੇ, ਜੋ ਜੀਵਨ ਦਾ ਉਦੇਸ਼ ਹੀ ਭੁੱਲ ਗਿਅ ਹੋਵੇ, ਜਿਸਦੀ ਸੋਚ ਅਪੰਗ ਹੋ ਗਈ ਹੋਵੇ, ਨੂੰ ਚਾਹੀਦਾ ਹੈ ਕਿ ਉਹ ਅਜਿਹੇ ਦੁਰਪ੍ਰਭਾਵਾਂ ਦਾ ਡਟਕੇ ਮਾਨਸਿਕ ਵਿਰੋਧ ਕਰੋ।ਖਾਸਕਰ ਅਜਿਹੇ ਵਿਚਾਰ ਜੋ ਉਸਦੇ ਮਨ ਨੂੰ ਉਦਾਸ ਬਣਾਉਂਦੇ ਹਨ,ਮਨ `ਚ ਨਿਰਾਸ਼ਾ ਭਰਦੇ ਹਨ,ਅਜਿਹੀ ਅਪਰਾਧ ਭਾਵਨਾ ਨੂੰ ਮਨ `ਚੋਂ ਧੂਅ ਕੇ ਖਿੱਚ ਕੱਢੇ। ਨਿਰਾਸ਼ਾ ਪੂਰਨ ਵਿਚਾਰਾਂ ਦਾ ਡਟਕੇ ਆਤਮਿਕ ਸ਼ਕਤੀ ਨਾਲ ਵਿਰੋਧ ਕਰਨਾ ਚਾਹੀਦਾ ਹੈ।
                
ਸੰਪਰਕ: +91 98152 96475


Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ