Fri, 19 April 2024
Your Visitor Number :-   6985164
SuhisaverSuhisaver Suhisaver

ਦਾਦਾ ਜੀ ਚਲੇ ਗਏ - ਰਵੇਲ ਸਿੰਘ ਇਟਲੀ

Posted on:- 16-08-2015

suhisaver

ਜਿਵੇਂ ਕਹਿੰਦੇ ਹਨ ਨਾ ਕਿ ਮੂਲ ਨਾਲੋਂ ਵਿਆਜ਼ ਪਿਆਰਾ ਹੁੰਦਾ ਹੈ, ਪਰ ਦਾਦਾ ਜੀ ਨੂੰ ਮੂਲ ਵੀ ਬੜਾ ਪਿਆਰਾ ਸੀ । ਉੱਚਾ ਲੰਮਾ ਕੱਦ ਚੰਗੀ ਡੀਲ ਡੌਲ ਵਾਲੇ ਸੁਹਣਾ ਸਫੇਦ ਲਿਬਾਸ ਸਿਰ ਤੇ ਚਿੱਟੀ ਪੱਗ ਸਫੇਦ ਖੁੱਲ੍ਹੀ ਦਾੜ੍ਹੀ ਭਰਵਾਂ ਚਿਹਰਾ, ਅੱਖਾਂ ’ਤੇ ਲੱਗੀ ਨਜ਼ਰ ਦੀ ਐਨਕ ਉਨ੍ਹਾਂ ਦੇ ਚਿਹਰੇ ਨੂੰ ਹੋਰ ਵੀ ਪ੍ਰਭਾਵ ਸ਼ਾਲੀ ਬਨਾਉਂਦੀ ਸੀ । ਘਰ ਦੇ ਵਿਹੜੇ ਵਿਚ ਪਈ ਆਰਾਮ ਕੁਰਸੀ ਵਿੱਚ ਜਦ ਕਦੇ ਉਹ ਕੁਰਸੀ ਦੀ ਬਾਹੀ ਨਾਲ ਆਸਰਾ ਲੈ ਕੇ ਚੱਲਣ ਵਾਲੀ ਆਪਣੀ ਖੂੰਡੀ ਰੱਖ ਕੇ ਬੈਠੇ ਹੁੰਦੇ ਤਾਂ ਉਨ੍ਹਾਂ ਦੇ ਨਿੱਕੇ ਨਿੱਕੇ ਪੋਤੇ ਜਿਨ੍ਹਾਂ ਨੂੰ ਉਨ੍ਹਾਂ ਨੇ ਗੋਦੀ ਵਿੱਚ ਬਿਠਾ ਕੇ ਖਿਡਾਇਆ ਹੁੰਦਾ ਜੋ ਹੁਣ ਜ਼ਰਾ ਵੱਡੇ ਹੋ ਚੁਕੇ ਸਨ ਉਨ੍ਹਾਂ ਦੇ ਦੁਆਲੇ ਘੇਰਾ ਜਿਹਾ ਬਣਾ ਲੈਂਦੇ ਤੇ ਦਾਦਾ ਜੀ ਨੂੰ ਕਈ ਪੁੱਠੇ ਸਿੱਧੇ ਸੁਵਾਲ ਕਰਨ ਲੱਗ ਪੈਂਦੇ ਤੇ ਬਿਨਾਂ ਕਿਸੇ ਖਿੱਝਣ ਦੇ ਦਾਦਾ ਜੀ ਵੀ ਜੁਵਾਬ ਦਈ ਜਾਇਆ ਕਰਦੇ ਸਨ ।

ਕਦੇ ਕਹਿੰਦੇ ਦਾਦਾ ਜੀ ਤੁਹਾਡੀ ਦਾ੍ਹੜੀ ਕਿਉਂ ਚਿੱਟੀ ਹੈ ਇਹ ਪਹਿਲਾਂ ਹੀ ਇੱਦਾਂ ਦੀ ਸੀ ਕਦੇ ਉਨ੍ਹਾਂ ਦੀ ਬਾਂਹ ਫੜਕੇ ਕੇ ਕਹਿੰਦੇ ਤੁਾਡੀ ਬਾਂਹ ਤੇ ਹੱਥਾਂ ਤੇ ਇਹ ਲਕੀਰਾਂ ਜਿਹੀਆਂ ਕਿਉਂ ਪਈਆਂ ਹੋਈਆਂ ਹਨ । ਉਹ ਕਹਿੰਦੇ ਬੇਟਾ ਮੈਂ ਹੁਣ ਬੁੱਢਾ ਜੁ ਹੋ ਗਿਆ ਹਾਂ ਕਮਜ਼ੋਰੀ ਨਾਲ ਵਾਲ ਵੀ ਚਿੱਟੇ ਹੋ ਜਾਂਦੇ ਹਨ ਤੇ ਆਹ ਲਕੀਰਾਂ ਵੀ ਪੈ ਜਾਂਦੀਆਂ ਹਨ । ਪਹਿਲਾਂ ਤੁਹਾਡੇ ਪਾਪਾ ਜੀ ਵਾਂਗ ਮੇਰੇ ਵਾਲ ਵੀ ਕਾਲੇ ਸਨ ।

ਬੱਚੇ ਕਹਿੰਦੇ ਪਰ ਦਾਦਾ ਜੀ ਤੁਸੀ ਤਾਂ ਅਜੇ ਬੁੱਢੇ ਨਹੀਂ ਹੋਏ ਤੇ ਹੋਰ ਕਈ ਸਵਾਲ ’ਤੇ ਸਵਾਲ ਕਰੀ ਜਾਂਦੇ ਜਿਨ੍ਹਾਂ ਦਾ ਉਤਰ ਕਦੇ ਕਦੇ ਦਾਦਾ ਜੀ ਨੂੰ ਦੇਣਾ ਔਖਾ ਤਾਂ ਲਗਦਾ ਪਰ ਉਹ ਉਨ੍ਹਾਂ ਦਾ ਦਿਲ ਰੱਖਣ ਲਈ ਕੁਝ ਨਾ ਕੁਝ ਬੋਲ ਕੇ ਬੱਚਿਆਂ ਨੂੰ ਨਿਰਾਸ਼ ਨਹੀਂ ਕਰਦੇ ਸਨ ।

ਜਦ ਦਾਦਾ ਜੀ ਬੈਂਕ ਪੈਨਸ਼ਨ ਲੈਣ ਲਈ ਬੈਂਕ ਜਾਂਦੇ ਤਾਂ ਬੱਚੇ ਪੁੱਛਦੇ ਦਾਦਾ ਜੀ ਕਿੱਥੇ ਗਏ ਸੀ । ਉਹ ਕਹਿੰਦੇ ਮੈਂ ਬੈਂਕ ਵਿਚੋਂ ਪੈਸੇ ਲੈਣ ਗਿਆ ਸੀ ਤਾਂ ਬੱਚੇ ਪੁੱਛਦੇ ਦਾਦਾ ਜੀ ਤੁਹਾਨੂੰ ਬੈਂਕ ਵਾਲੇ ਪੈਸੇ ਕਿਉਂ ਦੇ ਦਿੰਦੇ ਹਨ । ਦਾਦਾ ਜੀ ਕਹਿੰਦੇ ਮੈਨੂੰ ਪੈਨਸ਼ਨ ਦੇ ਪੈਸੇ ਮਿਲਦੇ ਹਨ । ਅਸੀਂ ਕਹਿੰਦੇ ਅਸੀਂ ਵੀ ਪੈਨਸ਼ਨ ਦੇ ਪੈਸੇ ਲਵਾਂ ਗੇ ਸਾਨੂੰ ਵੀ ਬੈਂਕ ਲੈ ਕੇ ਚੱਲੋ ,ਦਾਦਾ ਜੀ ਕਹਿੰਦੇ ਪਹਿਲਾਂ ਪੜ੍ਹਾਈ ਕਰੋ ਫਿਰ ਪੈਸੇ ਮਿਲਣਗੇ ਉਹ ਕਹਿੰਦੇ ਜਿੰਨੀ ਕੁ ਕੀਤੀ ਹੈ ਇਨੇ ਕੁ ਹੀ ਲੈ ਦਿਆ ਕਰੋ ਸਾਨੂੰ ਇਨੇ ਹੀ ਬੜੇ ਹਨ । ਦਾਦਾ ਜੀ ਹੱਸ ਕੇ ਕਹਿੰਦੇ ਚੰਗਾ ਕਹਿ ਦਿਆਂ ਗੇ ਬੈਂਕ ਵਾਲਿਆਂ ਨੂੰ , ਤੁਸੀ ਕੋਈ ਹੋਰ ਗੱਲ ਪੁੱਛੋ । ਜਦੋ ਚਾਹ ਬਣਦੀ ਤਾਂ ਦਾਦੇ ਨੂੰ ਚਾਹ ਫੜਾਉਣ ਲਈ ਇੱਕ ਦੂਸਰੇ ਨਾਲ ਲੜਦੇ ਲੜਦੇ ਕਈ ਵਾਰ ਆਪਸੀ ਖਿੱਚੋ ਧੂਈ ਵਿੱਚ ਚਾਹ ਵੀ ਰੋੜ੍ਹ ਦਿੰਦੇ ਮਾਂ ਗੁੱਸੇ ਹੁੰਦੀ , ਦਾਦਾ ਜੀ ਕਹਿੰਦੇ ਕੋਈ ਗੱਲ ਨਹੀਂ ,ਇਨ੍ਹਾਂ ਨਾਲੋਂ ਚਾਹ ਚੰਗੀ ਏ ,ਮਾਂ ਹੋਰ ਚਾਹ ਬਨਾ ਕੇ ਉਨ੍ਹਾਂ ਨੂੰ ਆਪ ਫੜਾ ਜਾਂਦੀ ।

ਜਦ ਦਾਦਾ ਜੀ ਸੈਰ ਨੂੰ ਜਾਂਦੇ ਤਾਂ ਸਾਰੇ ਹੀ ਨਾਲ ਜਾਣ ਦੀ ਜ਼ਿੱਦ ਕਰਦੇ ਦਾਦਾ ਜੀ ਕਹਿੰਦੇ ਬਾਹਰ ਆਵਾਰਾ ਕੁੱਤੇ ਬੜੇ ਫਿਰਦੇ ਹਨ ਵੱਢਣਗੇ ਤੁਸੀਂ ਘਰ ਹੀ ਰਹੋ । ਬੱਚੇ ਝੱਟ ਘੜਿਆ ਘੜਾਇਆ ਜੁਵਾਬ ਦਿੰਦੇ ਕਹਿੰਦੇ ਦਾਦਾ ਜੀ ਤੁਾਡੇ ਕੋਲ ਇਹ ਖੂੰਡੀ ਕਾਹਦੇ ਲਈ ਹੈ ਨਾਲੇ ਅਸੀਂ ਵੀ ਨਾਲ ਵੱਟੇ ਲੈ ਚਲਦੇ ਆਂ ਤੁਸੀਂ ਫਿਕਰ ਨਾ ਕਰੋ ।

ਮਾਂ ਸਾਡੀਆਂ ਗੱਲਾਂ ਸੁਣ ਕੇ ਆ ਜਾਂਦੀ ਸਾਨੂੰ ਧੱਕ ਕੇ ਅੰਦਰ ਲੈ ਜਾਂਦੀ । ਕਦੇ ਕਦੇ ਅਸੀਂ ਦਾਅ ਲਾ ਕੇ ਚੁੱਪ ਚੁਪੀਤੇ ਹੀ ਦਾਦਾ ਜੀ ਦੇ ਦੇ ਲਿਖਣ ਕਮਰੇ ਵਿਚ ਜਾ ਵੜਦੇ ਤੇ ਉਨ੍ਹਾਂ ਦੀ ਕਾਪੀ ਪੈੱਨ ਚੁੱਕ ਕੇ ਪੁੱਠੀਆਂ ਸਿੱਧੀਆਂ ਲਕੀਰਾਂ ਵਾਹੁਣ ਲੱਗ ਜਾਂਦੇ ਦਾਦਾ ਜੀ ਵੇਖ ਕੇ ਕਾਪੀ ਖੋਹ ਕੇ ਕਹਿੰਦੇ ਜਾਓ ਖੇਡੋ ਬਾਹਰ ਜਾ ਕੇ ਤੁਸੀਂ ਅਜੇ ਇਨੇ ਜੋਗੇ ਨਹੀਂ ਹੋਏ ਜਾਕੇ ਪਹਿਲਾਂ ਅਪਨਾ ਸਕੂਲ ਦਾ ਕੰਮ ਕਰੋ । ਦਾਦਾ ਜੀ ਕਾਹਲੇ ਨਾ ਪੈਂਦੇ ਤੇ ਝਿੜਕ ਵੀ ਨਾ ਮਾਰਦੇ । ਕਦੇ ਕਦੇ ਕਿਤਾਬਾਂ ਤੇ ਦਾਦਾ ਜੀ ਦੀਆਂ ਛਪੀਆਂ ਫੋਟੋਆਂ ਵੇਖ ਕੇ ਦਾਦਾ ਜੀ ਨੂੰ ਬੱਚੇ ਪੁੱਛਦੇ ਦਾਦਾ ਜੀ ਇਹ ਫੋਟੋ ਤੁਹਾਡੀ ਹੈ ਬੜੀ ਸੁਹਣੀ ਹੈ ਉਨ੍ਹਾਂ ਦੇ ਹਾਂ ਕਹਿਣ ਤੇ ਬੱਚੇ ਉਨ੍ਹਾਂ ਨੂੰ ਪੁੱਛਦੇ ਕਿਉਂ ਛਾਪਦੇ ਹਨ ਇਹ ਕਿਤਾਬਾਂ ਵਾਲੇ ਤੁਹਾਡੀਆਂ ਫੋਟੋਆਂ ਕਿਤਾਬਾਂ ਵਿੱਚ ਜਦ ਉਹ ਸਾਨੂੰ ਕਹਿੰਦੇ ਕਿ ਮੈਂ ਲੇਖਕ ਹਾਂ ਇੱਸ ਕਰਕੇ ਛਾਪਦੇ ਹਨ , ਪਰ ਉਨ੍ਹਾਂ ਨੂੰ ਸਮਝ ਨਹੀਂ ਸੀ ਆਉਂਦੀ ਕਿ ਲੇਖਕ ਕੀ ਹੁੰਦਾ ਹੈ ।

ਇਕ ਵਾਰ ਬੱਚੇ ਦਾਦਾ ਜੀ ਨੂੰ ਪੁੱਛਣ ਲੱਗੇ ਦਾਦਾ ਜੀ ਤਹਾਡੀ ਵੀ ਸ਼ਾਦੀ ਹੋਈ ਸੀ ਦਾਦਾ ਜੀ ਕਹਿਣ ਲੱਗੇ ਹਾਂ ਹੋਈ ਸੀ ਮੇਰੀ ਸ਼ਾਦੀ ਵੀ ,ਬੱਚੇ ਪੁੱਛ ਬੈਠੇ ਫਿਰ ਕਿੱਥੇ ਹੈ ਦਾਦੀ ਇਹ ਸੁਣ ਕੇ ਦਾਦਾ ਜੀ ਨੇ ਇੱਕ ਹਉਕਾ ਜਿਹਾ ਭਰਿਆ ਤੇ ਕਹਿਣ ਲੱਗੇ ਪੁੱਤ ਮੈਂ ਕੀ ਦੱਸਾਂ ਉਹ ਕਿੱਥੇ ਹੈ ਦਾਦਾ ਜੀ ਨੂੰ ਇੱਸ ਤਰ੍ਹਾਂ ਲੱਗਾ ਜਿਵੇਂ ਉਨ੍ਹਾਂ ਨੂੰ ਅਚਨ ਚੇਤ ਜਿਵੇਂ ਕਿਸੇ ਨੇ ਭਾਰੀ ਸੱਟ ਮਾਰ ਦਿੱਤੀ ਹੋਵੇ ਪਰ ਬੱਚੇ ਜ਼ੋਰ ਦੇ ਕੇ ਫਿਰ ਪੁੱਛਣ ਲੱਗੇ ਤਾਂ ਦਾਦਾ ਜੀ ਕਹਿਣ ਲੱਗੇ , ਦਾਦੀ ਨੂੰ ਰੱਬ ਲੈ ਗਿਆ ਸੀ ਤੇ ਉਹ ਚਲੇ ਗਏ। ਬੱਚੇ ਫਿਰ ਸੁਵਾਲ ਕਰਦੇ ਦਾਦਾ ਜੀ ਰੱਬ ਨੂੰ ਐਡੀ ਕਿਹੜੀ ਲੋੜ ਪੈ ਗਈ ਸੀ ਦਾਦੀ ਨੂੰ ਆਪਣੇ ਕੋਲ ਲੈ ਜਾਣ ਦੀ ਦਾਦੀ ਤੁਹਾਡੇ ਕੋਲ ਚੰਗੀ ਨਹੀਂ ਲੱਗਦੀ ਸੀ ਰੱਬ ਨੂੰ , ਦਾਦਾ ਜੀ ਨਿਰ ਉੱਤਰ ਹੋ ਕੇ ਚੁੱਪ ਹੋ ਜਾਂਦੇ । ਉਨ੍ਹਾਂ ਦੇ ਪਾਪਾ ਤਾਂ ਦੇਰ ਰਾਤ ਗਏ ਘਰ ਆਉਂਦੇ ਸਨ ਪਰ ਦਾਦਾ ਜੀ ਨਾਲ ਸਾਰਾ ਦਿਨ ਹੱਸਦਿਆਂ ਖੇਡਦਿਆਂ ਬੱਚਿਆਂ ਦਾ ਦਿਨ ਲੰਘ ਜਾਂਦਾ ਸੀ । ਰਾਤ ਨੂੰ ਸਾਰੇ ਬੱਚੇ ਦਾਦਾ ਜੀ ਕੋਲ ਸੌਣ ਦੀ ਜਿ਼ੱਦ ਕਰਦੇ । ਪਰ ਮਾਂ ਰੋਕਦੀ ਕਿਉਂਕਿ ਉੱਸ ਨੂੰ ਪਤਾ ਸੀ ਕਿ ਦਾਦਾ ਜੀ ਨੇ ਰਾਤ ਨੂੰ ਆਪਣਾ ਲਿਖਣ ਦਾ ਕੰਮ ਵੀ ਕਰਨਾ ਹੁੰਦਾ ਇੱਸ ਲਈ ਉਨ੍ਹਾਂ ਲਈ ਇਕਾਂਤ ਵੀ ਜ਼ਰੂਰੀ ਸੀ।
ਕੁਝ ਦਿਨਾਂ ਤੋਂ ਦਾਦਾ ਜੀ ਦੀ ਸਿਹਤ ਕੁਝ ਢਿਲੀ ਰਹਿਣ ਲੱਗ ਪਈ ਜੋ ਠੀਕ ਹੋਣ ਦਾ ਨਾਂ ਨਹੀਂ ਲੈ ਰਹੀ ਸੀ । ਕਾਫੀ ਦੁਆ ਦਾਰੂ ਚੱਲ ਰਿਹਾ ਸੀ ਪਰ ਠੀਕ ਨਾ ਹੋਣ ਤੇ ਹਸਪਤਾਲ ਦਾਖਲ ਕਰਾਉਣਾ ਪਿਆ ।ਡਾਕਟਰਾਂ ਦੇ ਕਹਿਣ ਅਨੁਸਾਰ ਦਾਦਾ ਜੀ ਨੂੰ ਕਿਸੇ ਨਾ ਮੁਰਾਦ ਬੀਮਾਰੀ ਨੇ ਬੁਰੀ ਤਰ੍ਹਾਂ ਜੱਕੜ ਵਿੱਚ ਲੈ ਲਿਆ ਸੀ । ਜਿੱਸ ਕਾਰਣ ਉਨ੍ਹਾਂ ਦੀ ਹਾਲਤ ਬੜੇ ਨਾਜ਼ਕ ਮੋੜ ਤੇ ਪਹੁੰਚ ਚੁਕੀ ਸੀ ਤੇ ਡਾਕਟਰਾਂ ਨੇ ਕੁਝ ਦੁਆਈਆਂ ਦੇ ਕੇ ਘਰ ਭੇਜ ਦਿੱਤਾ ਸੀ ਅਤੇ ਰੌਲੇ ਰੱਪੇ ਤੇ ਬਹੁਤਾ ਬੋਲਣ ਬਾਰੇ ਵੀ ਕਿਹਾ ਹੋਇਆ ਸੀ । ਬੱਚੇ ਦਾਦਾ ਜੀਂ ਕੋਲ ਜਾਣ ਦੀ ਜਿ਼ਦ ਕਰਦੇ ਕਹਿੰਦੇ ਦਾਦਾ ਜੀ ਉੱਠੋ ਸਾਡੇ ਨਾਲ ਗੱਲਾਂ ਕਰੋ ਹੁਣ ਅਸੀਂ ਤੁਹਾਨੂੰ ਬਹੁਤੇ ਸੁਵਾਲ ਨਹੀਂ ਪੁੱਛਾਂਗੇ ,ਦਾਦਾ ਜੀ ਬੜੇ ਉਦਾਸ ਜਿਹੇ ਮਨ ਨਾਲ ਪਾਸਾ ਪਰਤ ਲੈਂਦੇ । ਤੇ ਇੱਕ ਰਾਤ ਜਦ ਬੱਚੇ ਸੌਂ ਰਹੇ ਸਨ ਦਾਦਾ ਜੀ ਦੀ ਹਾਲਤ ਇਨੀ ਖਰਾਬ ਹੋ ਗਈ ਕਿ ਡਾਕਟਰਾਂ ਵੱਲੋਂ ਪੂਰੀ ਵਾਹ ਲਾਉਣ ਤੇ ਵੀ ਦਾਦਾ ਜੀ ਸਦਾ ਦੀ ਨੀਂਦ ਸੌਂ ਗਏ । ਘਰ ਵਾਲੇ ਰੋ ਰਹੇ ਸਨ , ਬੱਚੇ ਹੈਰਾਨ ਹੋ ਕੇ ਦਾਦਾ ਜੀ ਦੇ ਮੰਜੇ ਕੋਲ ਗਏ ਦਾਦਾ ਜੀ ਨਾ ਬੋਲ ਰਹੇ ਸਨ ਤੇ ਨਹੀ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਪਾਸਾ ਹੀ ਪਰਤ ਰਹੇ ਸਨ ਤੇ ਜਦੋਂ ਦਾਦਾ ਜੀਂ ਨੂੰ ਅਰਥੀ ਵਿੱਚ ਰੱਖ ਕੇ ਕੁਝ ਲੋਕ ਚੁਕੀ ਜਾ ਰਹੇ ਸਨ ਤੇ ਪਿੱਛੇ ਬਹੁਤ ਸਾਰੇ ਲੋਕ ਕਿਤੇ ਜਾਣ ਲਈ ਤਿਆਰ ਹੋ ਰਹੇ ਸਨ ਤਾਂ ਬੱਚੇ ਵੀ ਨਾਲ ਜਾਣ ਲਈ ਜ਼ਿੱਦ ਕਰ ਰਹੇ ਸਨ । ਪਰ ਉਨ੍ਹਾਂ ਨੂੰ ਨਾਲ ਜਾਣ ਤੋਂ ਰੋਕ ਕੇ ਇੱਕ ਕਮਰੇ ਵਿੱਚ ਬਿਠਾ ਦਿੱਤਾ ਗਿਆ ਸੀ ।

ਕੁਝ ਚਿਰ ਬਾਅਦ ਜਦ ਸਾਰੇ ਲੋਕ ਘਰ ਵਾਪਿਸ ਆਏ ਤਾਂ ਬੱਚੇ ਪਾਪਾ ਨੂੰ ਪੁੱਛ ਰਹੇ ਸਨ ਪਾਪਾ , ਦਾਦਾ ਜੀ ਕਿੱਥੇ ਹਨ ਉਹ ਬੱਚਿਆਂ ਨੂੰ ਗਲ਼ ਲਾ ਕੇ ਕਹਿ ਰਹੇ ਸਨ, ਬੇਟਾ ਦਾਦਾ ਜੀ ਚਲੇ ਗਏ । ਬੱਚਿਆਂ ਦਾ ਸੁਵਾਲ ਸੀ ਕਿੱਥੇ ਚਲੇ ਗਏ ਕਿਹਦੇ ਨਾਲ ਚਲੇ ਗਏ ਕਦੋਂ ਆਉਣਗੇ ਸਾਨੂੰ ਕਿਉਂ ਨਹੀਂ ਆਪਣੇ ਨਾਲ ਲੈ ਗਏ , ਦੱਸੋ ਅਸੀਂ ਗੱਲਾਂ ਕਰਨੀਆਂ ਹਨ ਉਨ੍ਹਾਂ ਨਾਲ ,ਪਰ ਕਿਸੇ ਕੋਲ ਇਨ੍ਹਾਂ ਸੁਵਾਲਾਂ ਦਾ ਜੁਵਾਬ ਨਹੀਂ ਸੀ । ਫਿਰ ਪਾਪਾ ਆਪਣੇ ਆਪ ਨੂੰ ਸੰਭਲਦੇ ਹੋਈ ਬੋਲੇ ਬੇਟਾ ਦਾਦਾ ਜੀ ਰੱਬ ਕੋਲ ਚਲੇ ਗਏ ,ਰੱਬ ਨੇ ਬੁਲਾ ਲਿਆ ਉਨ੍ਹਾਂ ਨੂੰ ਹੁਣ ਉਹ ਰੱਬ ਕੋਲ ਹੀ ਰਹਿਣ ਗੇ । ਬੱਚੇ ਹੰਝੂਆਂ ਭਰੀਆਂ ਅੱਖਾਂ ਪੂੰਝਦੇ ਕਹਿ ਰਹੇ ਸਨ , ਰੱਬ ਗੰਦਾ , ਰੱਬ ਭੈੜਾ ,ਕੀ ਰੱਬ ਦਾ ਦਾਦਾ ਨਹੀਂ ਜੋ ਉਹ ਸਾਡੇ ਪਿਆਰੇ ਦਾਦਾ ਜੀ ਨੂੰ ਆਪਣੇ ਕੋਲ ਲੈ ਗਿਆ । ਬੱਚਿਆਂ ਦੇ ਇਹ ਭਾਵ ਪੂਰਤ ਤੇ ਮਾਸੂਮੀਅਤ ਭਰੇ ਬੋਲ ਸੁਣ ਕੇ ਸਾਰੇ ਪ੍ਰਿਵਾਰ ਦੀਆਂ ਇੱਕ ਵਾਰ ਫਿਰ ਅੱਖਾਂ ਸੇਜਲ ਹੋ ਗਈਆਂ । ਉਹ ਬੱਚਿਆਂ ਨੂੰ ਕਲਾਵੇ ਵਿੱਚ ਲੈ ਕੇ ਦਿਲਾਸਾ ਦਿੰਦੇ ਕਹਿ ਰਹੇ ਸਨ ਨਾ ਬੀਬੇ ਪੁੱਤ ਰੱਬ ਨੂੰ ਇੱਸਤਰ੍ਹਾਂ ਨਹੀਂ ਕਹੀਦਾ ।

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ