Thu, 25 April 2024
Your Visitor Number :-   6997255
SuhisaverSuhisaver Suhisaver

ਮਾਲਵੇ ਦਾ ਮਸ਼ਹੂਰ ਪਿੰਡ ਪੱਖੋ ਕਲਾਂ - ਗੁਰਚਰਨ ਪੱਖੋਕਲਾਂ

Posted on:- 28-02-2016

suhisaver

ਪੁਰਾਤਨ ਇਤਿਹਾਸ ਦੱਸਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਆਸ਼ੀਰਵਾਦ ਨਾਲ ਸਿੱਧੂ ਗੋਤ ਵਾਲਿਆਂ ਦਾ ਮਹਿਰਾਜ ਪਿੰਡ ਵਸਿਆ ਸੀ, ਜਿਸ ਬਾਰੇ ਕਿਹਾ ਜਾਂਦਾ  ਹੈ ਕਿ ਇਸ  ਵਿੱਚੋਂ ਲਗਭਗ 22 ਪਿੰਡ ਅੱਗੇ ਆਬਾਦ ਹੋਏ, ਜਿਸਨੂੰ ਬਾਹੀਆ ਕਹਿਕੇ ਵੀ ਯਾਦ ਕੀਤਾ ਜਾਂਦਾ ਹੈ ਇਸ ਬਾਹੀਏ ਦੀ ਲੜੀ ਵਿੱਚੋਂ ਹੀ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਕਾਲੇ ਦੀ ਬੰਸ ਵਿੱਚੋਂ ਬਾਸੋ ਨਾਂ ਦੇ ਵਿਅਕਤੀ ਨੇ ਪੱਖੋ ਪਿੰਡ ਦੀ ਮੋੜੀ ਗੱਡੀ ਸੀ ਅਤੇ ਉਸਦਾ ਭਰਾ ਸਾਗਰ ਵੀ ਉਸਦੇ ਨਾਲ ਇੱਥੇ ਆਕੇ ਰਹਿਣ ਲੱਗਿਆਂ ਸੀ ਜਿਨ੍ਹਾਂ ਦੇ ਨਾਂ ਤੇ ਅੱਜ ਵੀ ਦੋ ਅਗਵਾੜਾਂ ਦੇ ਨਾਂ ਮੌਜੂਦ ਹਨ।

ਵਰਤਮਾਨ ਸਮੇਂ ਬਰਨਾਲਾ ਮਾਨਸਾ ਸੜਕ ਤੇ ਸਥਿਤ ਇਹ ਪਿੰਡ ਬਰਨਾਲਾ ਤੋਂ 22 ਮਾਨਸਾ ਤੋਂ 28 ਕਿਲੋਮੀਟਰ ਦੂਰ ਹੈ।  ਪਿੰਡ ਪੱਖੋ ਕਲਾਂ ਵਿੱਚੋਂ ਸਹਿਣੇ ਭਦੌੜ ਦੇ ਨਜ਼ਦੀਕ ਛੋਟੀ ਪੱਖੋ ਜਾਂ ਪੱਖੋ ਕੇ ਪਿੰਡ ਵੀ ਵਸਿਆ ਹੈ ।  ਗੁਰੂ ਤੇਗ ਬਹਾਦਰ ਦੀ ਚਰਨ ਛੋਹ ਪ੍ਰਾਪਤ ਇਹ ਪਿੰਡ ਮਾਲਵੇ ਦਾ ਮਸ਼ਹੂਰ ਅਤੇ ਵੱਡਾ ਪਿੰਡ ਹੈ। ਮਾਲਵੇ ਦੇ ਦੌਰੇ ਦੌਰਾਨ ਗੁਰੂ ਤੇਗ ਬਹਾਦਰ ਜੀ ਢਿਲਵਾਂ ਪਿੰਡ ਤੋਂ ਜੋਗਾ ਪਿੰਡ ਨੂੰ ਜਾਂਦਿਆਂ ਪੱਖੋ ਕਲਾਂ ਦੇ ਖੇਤਾਂ ਵਿੱਚ ਇੱਕ ਦਰਖਤ ਥੱਲੇ ਠਹਿਰੇ ਸਨ ਜਿੱਥੇ ਅੱਜ ਕਲ ਇੱਕ ਸੁੰਦਰ ਗੁਰਦੁਆਰਾ ਸਾਹਿਬ ਬਣ ਚੁਕਿਆ ਹੈ।

ਕੌਰਵ ਪਾਡਵਾਂ ਦੀ ਲੁਕਣ ਸਥੱਲੀ ਪੁਲਾੜੇ ਨਾਂ ਦਾ ਇਤਿਹਾਸਕ ਧਾਰਮਿਕ ਅਸਥਾਨ ਜੋਗਾ ਅਤੇ ਪੱਖੋਕਲਾਂ ਪਿੰਡ ਦੀ ਲੱਗਭੱਗ ਸਾਂਝੀ ਹੱਦ ਤੇ ਹੈ । ਪੱਖਕਲਾਂ ਤੋਂ ਜੋਗਾ ਨੂੰ ਜਾਣ ਸਮੇਂ ਗੁਰੂ ਤੇਗ ਬਹਾਦਰ ਇਸ ਰਸਤੇ ਅਤੇ ਇਸ ਤੀਰਥ ਸਥਾਨ ਰਾਹੀਂ ਲੰਘੇ ਮੰਨੇ ਜਾਂਦੇ ਹਨ।
                      
 ਅੱਜ ਬਰਨਾਲਾ ਜ਼ਿਲ੍ਹੇ ਦਾ ਹਿੱਸਾ ਬਣਿਆ ਇਹ ਪਿੰਡ ਲਗਭਗ 10000 ਦੀ ਆਬਾਦੀ ਨੂੰ ਸੰਭਾਲੀ ਬੈਠਾ ਹੈ ਆਪਣੀ ਬੁੱਕਲ ਵਿੱਚ । ਇਸਦਾ ਰਕਬਾ 7500 ਏਕੜ ਹੈ, ਜੋ ਸਾਰੇ ਦਾ ਸਾਰਾ ਟਿੱਬਿਆਂ ਤੋਂ ਇੱਥੋਂ ਦੇ ਮਿਹਨਤੀ ਲੋਕਾਂ ਨੇ ਬਹੁਤ ਹੀ ਉਪਜਾਊ ਭੂਮੀ ਵਿੱਚ ਬਦਲ ਦਿੱਤਾ ਹੈ। ਦੋ ਲੱਖ ਕੁਇੰਟਲ ਜੀਰੀ ਪੈਦਾ ਕਰਨ ਵਾਲਾ ਇਹ ਪਿੰਡ ਡੇਢ ਲੱਖ ਕੁਇੰਟਲ ਕਣਕ ਪੈਦਾ ਕਰਕੇ ਪੰਜਾਬ ਦਾ ਨਾਂ ਉੱਚਾ ਕਰਦਾ ਹੈ । ਇਸ ਤੋਂ ਇਲਾਵਾ ਨਰਮੇ ਅਤੇ ਆਲੂ ਉਤਪਾਦਨ ਵਿੱਚ ਵੀ ਮੋਹਰੀ ਰੋਲ ਅਦਾ ਕਰਦਾ ਹੈ। 40 ਤੋਂ 50 ਕਰੋੜ ਦੇ ਦਰਮਿਆਨ ਸਲਾਨਾ ਖੇਤੀ ਪੈਦਾਵਾਰ ਪੈਦਾ ਕਰਕੇ ਮੰਡੀਕਰਨ ਬੋਰਡ ਦੀ ਆਮਦਨ ਵਿੱਚ ਸਾਢੇ ਤਿੰਨ ਕਰੋੜ ਦੇ ਲੱਗਭੱਗ ਟੈਕਸ ਦਾ ਯੋਗਦਾਨ ਪਾਉਂਦਾ ਹੈ। ਇਸ ਪਿੰਡ ਵਿੱਚ ਸਰਾਬ ਦੇ ਠੇਕੇ ਤੋਂ ਸਰਕਾਰ ਨੂੰ 50 ਲੱਖ ਅੇਕਸਾਈਜ ਟੈਕਸ ਪਰਾਪਤ ਹੁੰਦਾ ਹੈ ਜਿਸ ਦੇ ਲਈ ਇੱਕ ਕਰੋੜ ਦੀ ਸਰਾਬ ਵਿਕਦੀ ਹੈ।

ਇਸ ਪਿੰਡ ਵਿੱਚ ਦੋ ਬੈਕਾਂ ਇੱਕ ਕੋਆਪਰੇਟਿਵ ਸੋਸਾਇਟੀ ਜਿਸਦੇ 900 ਦੇ ਲਗਭਗ ਮੈਂਬਰ ਹਨ। ਇਹਨਾਂ ਬੈਕਿੰਗ ਅਦਾਰਿਆਂ ਦਾ ਲੱਗਭੱਗ 100 ਕਰੋੜ ਦਾ ਕਰਜ਼ਾ ਪੰਡ ਵਾਸੀਆਂ ਨੂੰ ਦਿੱਤਾ ਹੋਇਆ ਹੈ ਜਿਸ ਉਪਰ ਦਸ ਕਰੋੜ ਦੇ ਕਰੀਬ ਵਿਆਜ ਆਮ ਲੋਕ ਭਰ ਰਹੇ ਹਨ। ਪਿੰਡ ਵਿੱਚ ਪੰਜ ਗੁਰਦੁਆਰਾ ਸਾਹਿਬ ਦੋ ਮੰਦਿਰ ਚਾਰ ਡੇਰੇ ਦੋ ਗਊ ਸਾਲਾਵਾਂ ਸੱਤ ਧਰਮ ਸਲਾਵਾਂ ਹਨ। ਸਰਕਾਰ ਵੱਲੋਂ ਇਸ ਪਿੰਡ ਵਿੱਚ ਤਿੰਨ ਪਟਵਾਰੀ ਨਿਯੁਕਤ ਕੀਤੇ ਹੋਏ ਹਨ ਜੋ ਇਸਦੇ ਵਿਸਾਲ ਹੋਣ ਦੀ ਗਵਾਹੀ ਹੈ। ਆਧੁਨਿਕਤਾ ਵਾਲੇ ਮਸੀਨੀ ਯੁੱਗ ਨਾਲ ਪੈਰ ਮੇਲਕੇ ਤੁਰਨ ਵਾਲਾ ਇਹ ਪਿੰਡ  500 ਟਰੈਕਟਰ 700 ਬਿਜਲੀ ਆਧਾਰਤ ਟਿਊਬਵੈਲ 70 ਦੇ ਕਰੀਬ ਕੰਬਾਈਨਾਂ ਨਾਲ ਲੈਸ ਜੈ ਕਿਸਾਨ ਦਾ ਨਾਹਰਾ ਸੱਚ ਕਰ ਰਿਹਾ ਹੈ।

ਆਉਣ ਵਾਲੇ ਸਮੇਂ ਵਿੱਚ ਤਕਨੀਕੀ ਯੁੱਗ ਲਈ ਆਪਣੇ ਬੱਚਿਆਂ ਨੂੰ ਤਿਆਰ ਬਰ ਤਿਆਰ ਕਰਨ ਲਈ ਇੱਥੇ ਦੋ ਵੱਡੀ ਗਿਣਤੀ ਰੱਖਣ ਵਾਲੇ ਸੀਨੀਅਰ ਸੈਕੰਡਰੀ ਸਕੂਲ ਹਨ ਜਿਨ੍ਹਾਂ ਵਿੱਚ 3000 ਬੱਚੇ ਸਿੱਖਿਆ ਲੈ ਰਹੇ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ ਵਿੱਚ ਬਹੁਤ ਵਧੀਆ ਤਰੀਕੇ ਨਾਲ ਸਫਲਤਾ ਪੂਰਬਕ ਸਾਇੰਸ ਗਰੁੱਪ ਦੀ ਪੜਾਈ ਵੀ ਕਰਵਾਈ ਜਾਂਦੀ ਹੈ ਜਿਸ ਕਾਰਨ ਅਨੇਕਾਂ ਬੱਚੇ ਦੇਸ਼ ਦੇ ਉੱਚ ਅਦਾਰਿਆਂ ਅਤੇ ਕੰਪਨੀਆਂ ਦੇ ਮੈਡੀਕਲ ਅਤੇ ਇੰਜਨੀਅਰ ਖੇਤਰ ਵਿੱਚ ਪਹੁੰਚ ਚੁਕੇ ਹਨ। ਇਹਨਾਂ ਤੋਂ ਬਿਨਾਂ ਚਾਰ ਹੋਰ ਸਕੂਲ ਵੀ ਸਫਲਤਾ ਨਾਲ ਚੱਲ ਰਹੇ ਹਨ।

ਇਸ ਪਿੰਡ ਦੇ 250 ਸਾਲ ਪਹਿਲਾਂ ਹੋਏ ਪੂਜਣਯੋਗ  ਇਤਿਹਾਸਕ ਸੰਤ ਪੁਰਸ ਬਾਬਾ ਲੌਗਪੁਰੀ ਜਿਨ੍ਹਾਂ ਆਪਣੇ ਸੇਵਕ ਦੀ ਆਖੀ ਹੋਈ ਗੱਲ ਦੇ ਕਾਰਨ ਹੀ ਜਿਉਂਦਿਆਂ ਕਬਰ ਲੈ ਲਈ ਸੀ ਦੇ ਡੇਰੇ ਦੀ ਸਰਪ੍ਰਸਤੀ ਵਿੱਚ ਚਲਾਏ ਜਾ ਰਹੇ ਸੀਨੀਅਰ ਸੈਕੰਡਰੀ ਸਕੂਲ ਦਾ ਆਧੁਨਿਕ ਵਿੱਦਿਆ ਦੇਣ ਵਿੱਚ ਬਹੁਤ ਵੱਡਾ ਯੋਗਦਾਨ ਹੈ ਜੋ ਕਿ ਇਸ ਸਮੇਂ ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ। ਇਲਾਕੇ ਦੇ ਤਕਰੀਬਨ 1800 ਬੱਚੇ ਇਸ ਇਕੱਲੇ ਸਕੂਲ ਵਿੱਚ ਵਿੱਦਿਆ ਪ੍ਰਾਪਤ ਕਰ ਰਹੇ ਹਨ। ਪਿੰਡ ਦੇ ਲੋਕਾਂ ਦੁਆਰਾ ਚੁਣੀ ਹੋਈ ਪਰਬੰਧਕ ਕਮੇਟੀ ਸੰਤ ਲੌਗਪੁਰੀ ਸਕੂਲ ਟਰੱਸਟ ਦੇ ਨਾਂ ਨਾਲ ਇਸਨੂੰ ਚਲਾ ਰਹੀ ਹੈ।
          
ਪਿੰਡ ਦੇ ਲੋਕ ਵਿਕਾਸ ਵਾਦੀ ਸੋਚ ਰੱਖਦੇ ਹਨ ਜਿਸ ਕਾਰਨ ਬਹੁਤ ਸਾਰੇ ਪ੍ਰੀਵਾਰ ਟਰਾਂਸਪੋਰਟ ਦੇ ਧੰਦੇ ਵਿੱਚ ਹੱਥ ਅਜਮਾ ਰਹੇ ਹਨ। ਦੇਸ ਦੀ ਰਾਜਧਾਨੀ ਵਿੱਚ ਕਾਮਯਾਬੀ ਨਾਲ ਇਹ ਧੰਦਾ ਕਰਨ ਵਾਲਾ ਇੱਕ ਪ੍ਰੀਵਾਰ ਦਿੱਲੀ ਵਾਲਿਆਂ ਦੇ ਨਾਂ ਨਾਲ ਮਸ਼ਹੂਰ ਹੈ। ਕੁਝ ਪ੍ਰੀਵਾਰ ਟਰੱਕਾਂ ਅਤੇ ਬੱਸਾਂ ਦਾ ਕਾਰੋਬਾਰ ਵੀ ਸਫਲਤਾ ਨਾਲ ਕਰ ਰਹੇ ਹਨ। ਪਿੰਡ ਦੇ ਪਿਛੜੇ ਵਰਗ ਵਿੱਚੋਂ ਕਾਫੀ ਲੋਕ ਮਿਹਨਤੀ ਅਤੇ ਹਿੰਮਤੀ ਸੁਭਾਅ ਕਾਰਨ ਵਪਾਰ ਵਿੱਚ ਹੱਥ ਅਜਮਾ ਕੇ ਸਫਲਤਾ ਦੇ ਨਵੇਂ ਮੁਕਾਮ ਹਾਸਲ ਕਰ ਰਹੇ ਹਨ। ਰਾਜਨੀਤਕ ਸੂਝ ਬੂਝ ਦੇ ਪੱਖੋਂ ਵੀ ਪਿੰਡ ਦੇ ਲੋਕਾਂ ਵਿੱਚ ਜਾਗਰੂਕਤਾ ਦਾ ਪੱਧਰ ਬਹੁਤ ਹੀ ਉੱਚਾ ਹੈ ਕਿਉਕਿ ਪਿੰਡ ਦੇ ਲੋਕ ਉਹਨਾਂ ਪਾਰਟੀਆਂ ਨੂੰ ਵਧੇਰੇ ਸਹਿਯੋਗ ਦਿੰਦੇ ਹਨ ਜੋ ਦੇਸ ਅਤੇ ਪੰਜਾਬੀ ਕੌਮ ਲਈ ਕੁੱਝ ਚੰਗਾ ਕਰਨ ਦੀ ਗੱਲ ਕਰਦੇ ਹਨ ।

ਭਾਵੁਕਤਾ ਵੱਸ ਲਾਲਚੀ ਅਤੇ ਗੁੰਮਰਾਹ ਕੁਨ ਰਾਜਨੀਤਕਾਂ ਤੋਂ ਦੂਰੀ ਹੀ ਬਣਾਈ ਰੱਖਦੇ ਹਨ। ਪਿਡ ਦੇ ਵਿੱਚ ਰਾਜਨੀਤਕ ਖਿੱਚੋਤਾਣ ਅਤੇ ਧੜੇਬਾਜ਼ੀ ਵੀ ਬਹੁਤ ਘੱਟ ਹੈ। ਦੇਸ ਦੀ ਗੰਧਲੀ ਸਿਆਸਤ ਭਾਵੇ ਕੋਸਿਸਾਂ ਕਰਦੀ ਹੈ ਪਰ ਇੱਥੋਂ ਦੇ ਲੋਕਾਂ ਦੀ ਮਿਲਵਰਤਨ ਦੀ ਸੋਚ ਰਾਜਨੀਤਕਾਂ ਨੂੰ ਮਜਬੂਰ ਕਰਦੀ ਹੈ ਕਿ ਉਹ ਭਾਈਚਾਰੇ ਦੀ ਸੋਚ ਤੇ ਪਹਿਰਾ ਦੇਣ। ਪਿੰਡ ਵਿੱਚ ਮੌਜੂਦ ਦੋ ਕਲੱਬ ਯੁਵਕ ਸੇਵਾਵਾਂ ਅਤੇ ਸਹੀਦ ਭਗਤ ਸਿੰਘ ਲੋਕਾਂ ਦੇ ਸਹਿਯੋਗ ਸਦਕਾ ਲੋਕ ਸੇਵਾ ਵਿੱਚ ਚੰਗਾ ਕੰਮ ਕਰ ਰਹੇ ਹਨ। ਪਿੰਡ ਵਿੱਚ ਸਾਰੇ ਧਰਮਾਂ ਅਤੇ ਜਾਤੀਆਂ ਦੇ ਲੋਕ ਮਿਲਵਰਤਣ ਨਾਲ ਰਹਿੰਦੇ ਹਨ। ਸਾਰੇ ਹੀ ਆਪੋ ਆਪਣੀ ਸਮੱਰਥਾ ਅਨੁਸਾਰ ਆਪੋ ਆਪਣੇ ਕਾਰੋਬਾਰਾਂ ਵਿੱਚ ਤਰੱਕੀ ਵੱਲ ਕਦਮ ਪੁੱਟਦੇ ਹਨ। ਜਿੱਥੇ ਪਿੰਡ ਦੇ ਕਿਸਾਨਾਂ ਨੇ ਖੇਤੀ ਵਿੱਚ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ ਉੱਥੇ ਰਾਮਗੜੀਏ ਭਾਈਚਾਰੇ ਦੇ ਲੋਕਾਂ ਨੇ ਲੱਗਭੱਗ ਹਰ ਕਿਸਮ ਨਿਰਮਾਣ ਅਤੇ ਮਸੀਨਰੀ ਨਾਲ ਸਬੰਧਤ ਕੰਮਾਂ ਵਿੱਚ ਪੂਰੀ ਮੁਹਾਰਤ ਵਾਲੇ ਕਾਰੀਗਰ ਪੈਦਾ ਕੀਤੇ ਹਨ ਇਲਾਕੇ ਦੇ ਲੋਕ ਇਸ ਪਿੰਡ ਦੇ ਭਵਨ ਨਿਰਮਾਣ ਅਤੇ ਮਸੀਨਰੀ ਦੇ ਮਕੈਨਿਕਾਂ ਨੂੰ ਪਹਿਲ ਦਿੰਦੇ ਹਨ। ਕਿਸੇ ਸਮੇਂ ਰਵਿਦਾਸੀਆ ਭਾਈਚਾਰਾ ਚਮੜੇ ਦੀਆਂ ਵਧੀਆਂ ਜੁੱਤੀਆਂ ਆਂਦਿ ਬਣਾਉਣ ਦੀ ਮੁਹਾਰਤ ਰੱਖਦਾ ਸੀ ਜੋ ਕਿ ਹੁਣ ਮਸ਼ੀਨੀ ਯੁੱਗ ਆਉਣ ਕਰਕੇ  ਕਾਰੀਗਰੀ ਅਤੇ ਟੇਲਰਿੰਗ ਆਦਿ ਕਾਰੋਬਾਰਾਂ ਵੱਲ ਪੈ ਗਏ ਹਨ। ਸਖਤ ਮਿਹਨਤ ਅਤੇ ਮਜਦੂਰ ਬਣਕੇ ਚਲਾਇਆ ਜਾਣ ਵਾਲਾ ਤੂੜੀ ਦਾ ਵਪਾਰ ਵੀ ਸਾਰੇ ਵਰਗਾਂ ਦੇ ਲੋਕ ਕਰਨ ਲੱਗੇ ਹਨ ਜਿਸ ਵਿੱਚ ਉੱਚ ਦਰਜੇ ਦੀ ਕਾਮਯਾਬੀ ਹਾਸਲ ਕਰਕੇ ਪਿੰਡ ਦੀ ਆਰਥਿਕਤਾ ਮਜਬੂਤ ਕਰ ਰਹੇ ਹਨ।
                                    
ਪਿੰਡ ਦੇ ਦੋ ਸਰਪੰਚਾ ਦਾ ਕੰਮ ਵੀ ਵਿਸ਼ੇਸ਼ ਥਾਂ ਰੱਖਦਾ ਹੈ ਜਿਨ੍ਹਾਂ ਵਿੱਚ ਖਾੜਕੂਵਾਦ ਦੌਰਾਨ ਸਰਪੰਚ ਕੁਲਵੰਤ ਸਿੰਘ ਵੱਲੋਂ ਦਸ ਸਾਲ ਦੀ ਸੇਵਾ ਦੌਰਾਨ ਵਿਸ਼ੇਸ਼ ਤਰੱਕੀ ਕੀਤੀ ਅਤੇ ਉਹਨਾਂ ਦੀ ਅਗਵਾਈ ਸਦਕਾ ਪਿੰਡ ਦੇ ਨੌਜਵਾਨ ਕਾਲੀ ਹਨੇਰੀ ਦੇ ਦੌਰ ਵਿੱਚੋਂ ਸੁਰਖਰੂ ਹੋ ਕੇ ਨਿਕਲੇ ਅਤੇ ਦੂਸਰੇ ਸਰਪੰਚ ਦਰਸਨਪਾਲ ਸਿੰਘ ਦੇ ਦਸ ਸਾਲ ਦੇ ਸਰਪੰਚੀ ਸਮੇਂ ਦੌਰਾਨ ਵੀ ਵਿਸ਼ੇਸ਼ ਤਰੱਕੀ ਕੀਤੀ ਜਿਸ ਸਮੇਂ ਦਾਣਾਮੰਡੀ ਅਤੇ ਬਿਜਲੀ ਗਰਿੱਡ ਦਾ ਬਣਨਾਂ ਅਤੇ ਹੋਰ ਅਨੇਕਾਂ ਕੰਮ ਸਲਾਹੁਣ ਯੋਗ ਹਨ। ਇਸ ਪਿੰਡ ਦੇ ਲੋਕਾਂ ਦਾ ਚੇਤਨਾ ਪੱਧਰ ਇਸ ਗੱਲ ਨਾਲ ਉੱਚਾ ਸਿੱਧ ਹੁੰਦਾ ਹੈ ਕਿ ਉਹਨਾਂ ਅੱਜ ਤੱਕ ਕਦੇ ਵੀ ਨਸਿਆ ਅਤੇ ਪੈਸੇ ਦੀ ਵਰਤੋਂ ਕਰਕੇ ਚੋਣਾਂ ਜਿੱਤਣ ਦੇ ਚਾਹਵਾਨ ਕਦੇ ਵੀ ਜਿੱਤਣ ਨਹੀਂ ਦਿੱਤੇ ਸਗੋਂ ਅਸਲੀ ਗਰੀਬ ਲੋਕਾਂ ਦੇ ਹਮਦਰਦ ਗਰੀਬ ਬੰਦਿਆਂ ਨੂੰ ਹੀ ਬਿਨਾਂ ਕਿਸੇ ਖਰਚਾ ਕਰਵਾਇਆ ਆਪਣਾ ਪੰਚਾਇਤੀ ਆਗੂ ਚੁਣਿਆ ਹੈ।
                                    
ਪਿੰਡ ਵਿੱਚ ਜਨਮੇ ਪਰ ਬਾਦ ਵਿੱਚ ਬਰਨਾਲਾ ਵਿਖੇ ਵਸ ਚੁੱਕੇ ਰਾਜਨੀਤਕ ਆਗੂ ਸਵਰਗਵਾਸੀ ਬਚਨ ਸਿੰਘ ਪੱਖੋ ਜੋ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਹੇ ਹਨ  ਇਸ ਪਿੰਡ ਨੂੰ ਅਗਵਾਈ ਦਿੰਦੇ ਰਹੇ ਸਨ। ਬਚਨ ਸਿੰਘ ਬਾਰੇ ਖਾਸ ਗੱਲ ਇਹ ਹੈ ਕਿ ਉਹਨਾਂ ਇਹ ਮੰਜ਼ਿਲ ਗਰੀਬ ਅਤੇ ਪਛੜੇ ਵਰਗ ਵਿੱਚ ਪੈਦਾ ਹੋਣ ਦੇ ਬਾਵਜੂਦ ਹਾਸਿਲ ਕੀਤੀ। ਇਸ ਪਿੰਡ ਦੇ ਸੰਤ ਇੰਦਰ ਸਿੰਘ ਜਿਨ੍ਹਾਂ ਨੂੰ ਰਾਜਨੀਤੀ ਦੀ ਘਟੀਆਂ ਖੇਡ ਨੇ ਨਿਰਦੋਸ਼ ਹੋਣ ਦੇ ਬਾਵਜੂਦ ਸਜ਼ਾਇ ਮੌਤ ਕਰਵਾ ਦਿੱਤੀ ਸੀ ਕਿਉਂਕਿ ਅਸਲੀ ਕਾਤਲ ਅੱਜ ਵੀ ਉਹ ਕਤਲ ਇਕਬਾਲ ਕਰਦੇ ਹਨ ਅਤੇ ਉਹਨਾਂ ਨੇ ਨਵਾਂ ਇਤਿਹਾਸ ਸਿਰਜਦਿਆਂ ਅਦਾਲਤਾਂ ਅਤੇ ਰਾਸਟਰਪਤੀ ਤੱਕ ਨੂੰ ਰਹਿਮ ਦੀ ਅਪੀਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪੰਜਾਬ ਦੇ ਰਾਜਪਾਲ ਨੇ ਬਿਨਾਂ ਕਿਸੇ ਰਹਿਮ ਦੀ ਅਰਜੀ ਦੇ ਪੁਲੀਸ ਵਿਭਾਗ ਦੀ ਰਿਪੋਰਟ ਤੇ ਕਿ ਇਹ ਵਿਅਕਤੀ ਰੱਬੀ ਦਿਆਲੂ ਸੁਭਾਅ ਅਤੇ ਉੱਚੇ ਆਚਰਣ ਦਾ ਮਾਲਕ ਹੈ ਜੋ ਦੁਨਿਆਵੀ ਅਦਾਲਤਾਂ ਦੀ ਥਾਂ ਰੱਬੀ ਅਦਾਲਤ ਤੇ ਭਰੋਸਾ ਰੱਖਦਾ ਹੈ ਨੂੰ ਅਧਾਰ ਬਣਾਕੇ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਸੀ। ਰਾਜਪਾਲ ਦੁਆਰਾ ਮੌਤ ਦੀ ਸਜ਼ਾ ਬਦਲਣ ਦਾ ਅਜ਼ਾਦ ਭਾਰਤ ਦਾ ਇਹ ਇੱਕੋ ਇੱਕ ਕੇਸ ਸੀ । ਇਹ ਉੱਚੇ ਆਚਰਣ ਵਾਲਾ ਵਿਅਕਤੀ  90 ਸਾਲ ਦੀ ਉਮਰ ਵਿੱਚ ਵੀ ਚੜਦੀਆਂ ਕਲਾਂ ਦਾ ਪਰਤੀਕ ਇਹ ਮਹਾਨ ਮਨੁੱਖ ਇਲਾਕੇ ਅਤੇ ਮੇਰੇ ਪਿੰਡ ਦੇ ਲੋਕਾਂ ਲਈ ਅੱਜ ਵੀ ਪੂਜਣਯੋਗ ਬਣਿਆ ਹੋਇਆ ਹੈ ਜੋ ਕਿ ਜੇਲ ਵਿੱਚੋਂ ਰਿਹਾਅਹੋਣ ਬਾਅਦ ਕਦੇ ਘਰ ਨਹੀਂ ਗਿਆ ਜ਼ਮੀਨ ਤੇ ਸੌਣਾ ਇੱਕ ਵਕਤ ਰੋਟੀ ਛਕਣਾ ਬਿਨਾਂ ਕਿਸੇ ਨੂੰ ਮਿਲਿਆ ਇਕੱਲੇ ਰਹਿਣਾ ਦੀ ਜੀਵਨ ਜਾਚ ਅਪਣਾਕਿ ਬੇਮਿਸਾਲ ਕਿਰਦਾਰ ਦੀ ਮੂਰਤੀ ਬਣੇ ਹੋਏ ਹਨ।
                              
ਪਿੰਡ ਨੂੰ 1800 ਵਿਦਿਆਰਥੀ ਪੜਾਉਣ ਦੀ ਸਮੱਰਥਾ ਦਾ ਪਰਾਈਵੇਟ ਸਕੂਲ ਦੇਣ ਵਾਲਾ ਕਰਮਯੋਗੀ ਅਤੇ ਰਾਜਨੀਤਕ ਆਗੂ ਮਰਹੂਮ ਜਥੇਦਾਰ ਅਜੀਤ ਸਿੰਘ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਕਹਾਣੀ ਸੰਗਰਹਿ  ਦੇ ਚੁੱਕਿਆ ਹੈ ਅਤੇ ਕਵਿਤਾ ਦੇ ਖੇਤਰ ਵਿੱਚ  ਜਗਤਾਰ ਸਿੰਘ ਕਵਿਤਾ ਦੀ ਕਿਤਾਬ ਛਪਵਾ ਚੁੱਕੇ ਹਨ। ਪੱਤਰਕਾਰ ਅਤੇ  ਲੇਖਕ ਦੇ ਤੌਰ ਮੁਖਤਿਆਰ ਸਿੰਘ ਚੰਗਾ ਨਾਂ ਕਮਾ ਰਹੇ ਹਨ। ਇਸ ਲੇਖ ਦੇ ਲੇਖਕ ਸਮੇਤ ਹੋਰ ਕਈ ਨੌਜਵਾਨ ਵੀ ਲੇਖਣੀ ਦੇ ਖੇਤਰ ਵਿੱਚ ਸਰਗਰਮ ਯੋਗਦਾਨ ਪਾ ਰਹੇ ਹਨ। ਵਰਤਮਾਨ ਸਮੇਂ ਦੇ ਨਾਲ ਪੈਰ ਮੇਲਕੇ ਤੁਰਨ ਵਾਲਾ ਇਹ ਪਿੰਡ ਨਿੱਤ ਨਵੇਂ ਦਿਨ ਤਰੱਕੀ ਦੀਆਂ ਮੰਜ਼ਿਲਾਂ ਨੂੰ ਛੂਹ ਰਿਹਾ ਹੈ।

ਸੰਪਰਕ: +91 94177 27245 

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ