Fri, 19 April 2024
Your Visitor Number :-   6985327
SuhisaverSuhisaver Suhisaver

ਕੈਨੇਡਾ ਵਿਚਲੀਆਂ ਸੁੱਖ-ਸਹੂਲਤਾਂ -ਅਵਤਾਰ ਸਿੰਘ ਬਿਲਿੰਗ

Posted on:- 02-12-2012

suhisaver

ਮੇਰੇ ਇੱਕ ਰਿਸ਼ਤੇਦਾਰ ਨੇ ਭਾਰਤੀ ਪੰਜਾਬ ਵਿੱਚ ਫੋਨ ਮਿਲਾਉਣਾ ਸੀ। ਫੋਨ ਕੋਡ 91-1763 ਮਿਲਾਉਂਦਿਆਂ 911 ਤੋਂ ਬਾਅਦ ਕੁਝ ਵਕਫ਼ਾ ਪੈ ਗਿਆ। ਪੰਜ ਮਿੰਟਾਂ ਵਿੱਚ ਉਸ ਦੇ ਘਰ ਅੱਗੇ ਫਾਇਰ ਬ੍ਰਿਗੇਡ, ਪੁਲੀਸ ਵੈਨ ਅਤੇ ਜਗਦੀਆਂ-ਬੁੱਝਦੀਆਂ ਲਾਈਟਾਂ ਨਾਲ ਘੂਕਦੀ ਐਂਬੂਲੈਂਸ ਆ ਪਹੁੰਚੀ। ਇੰਨੀ ਤੇਜ਼ ਸੇਵਾ ਹੈ ਕੈਨੇਡਿਆਈ ਸਿਸਟਮ ਦੀ। ਉੱਥੋਂ ਦਾ ਸੰਕਟਕਾਲੀਨ ਨੰਬਰ 911 ਹੈ, ਜਿਸ ਦੇ ਸਹਾਰੇ ਸਾਰੇ ਕੈਨੇਡੀਅਨ ਸੁਰੱਖਿਅਤ ਹਨ। ਕਿਧਰੇ ਹਾਦਸਾ ਵਾਪਰ ਗਿਆ, ਅੱਗ ਲੱਗ ਗਈ, ਛੇੜਛਾੜ ਹੋ ਜਾਵੇ ਜਾਂ ਲੜਾਈ-ਝਗੜਾ ਜਾਂ ਕਿਸੇ ਵੀ ਵਿਅਕਤੀ ਨੂੰ ਡਾਕਟਰੀ ਸਹਾਇਤਾ ਜਾਂ ਪੁਲੀਸ ਮਦਦ ਦੀ ਲੋੜ ਹੋਵੇ ਤਾਂ 911 ਡਾਇਲ ਕਰੋ, ਕਥਾ-ਕਹਾਣੀਆਂ ਵਿਚਲੇ ਜਾਦੂ ਦੇ ਚਿਰਾਗ਼ ਵਾਂਗ ਗੱਡੀਆਂ ਝਟਪਟ ਘੂਕਦੀਆਂ-ਸ਼ੂਕਦੀਆਂ ਆ ਕੇ ਪੁੱਛਣਗੀਆਂ, ‘‘ਕੀ ਹੁਕਮ ਹੈ, ਮੇਰੇ ਆਕਾ?’’ਰੋਗੀ ਹੋਵੇ ਤਾਂ ਹਸਪਤਾਲ ਪਹੁੰਚਾਇਆ ਜਾਵੇਗਾ।

ਅੱਗ ਲੱਗੀ ਹੈ ਤਾਂ ਫਟਾਫਟ ਬੁਝਾਈ ਜਾਵੇਗੀ। ਹਰ ਪੰਜਾਹ ਮੀਟਰ ਉੱਤੇ ਇਸ ਮਕਸਦ ਲਈ ਪਾਣੀ ਦਾ ਕੁਨੈਕਸ਼ਨ, ਤਿੰਨ ਫੁੱਟਾ ਲਾਲ ਖੰਭਾ ਹੈ। ਕੋਈ ਝਗੜਾ, ਖ਼ਤਰਾ, ਜਾਂ ਸੁਰੱਖਿਆ ਦੀ ਜ਼ਰੂਰਤ ਹੈ ਤਾਂ ਪੁਲੀਸ ਕਾਰਵਾਈ ਕਰੇਗੀ। ਪੰਜ-ਸੱਤ ਮਿੰਟਾਂ ਵਿੱਚ ਸਭ ਕੁਝ ਹੋ ਜਾਵੇਗਾ। ਕਿਸੇ ਸਿਫ਼ਾਰਿਸ਼, ਰਿਸ਼ਵਤ ਜਾਂ ਵਿਸ਼ੇਸ਼ ਹੁਕਮਾਂ ਦੀ ਲੋੜ ਨਹੀਂ। ਜੇ 9-1-1 ਦੀ ਸਹੂਲਤ ਨਾ ਹੋਵੇ ਤਾਂ ਸ਼ਾਇਦ ਕੈਨੇਡਾ ਵਿੱਚ ਆਮ ਆਦਮੀ ਦਾ ਜਿਊਣਾ ਦੁੱਭਰ ਹੋ ਜਾਵੇ, ਬਦਅਮਨੀ ਫੈਲ ਜਾਵੇ। ਚਾਰੇ ਪਾਸੇ ਹਨੇਰ ਮੱਚ ਜਾਵੇਗਾ। ਇਸ ਸਿਸਟਮ ਵਿੱਚ ਦਿਨ ਜਾਂ ਰਾਤ ਦੇ ਕਿਸੇ ਵੇਲੇ ਵੀ ਆਦਮੀ, ਔਰਤ ਜਾਂ ਬਾਲ-ਬੱਚੇ ਨੂੰ ਕੋਈ ਬਾਹਰੀ ਖ਼ਤਰਾ ਨਹੀਂ। ਕੋਈ ਉਸ ਦੀ ਹਵਾ ਵੱਲ ਵੀ ਨਹੀਂ ਝਾਕ ਸਕਦਾ, ਜੇ ਉਸ ਦੀ ਆਪਣੀ ਨੀਤ-ਬਦਨੀਤ ਨਾ ਹੋਵੇ।

ਕਿਸੇ ਵੀ ਸੜਕ ਉਪਰ ਲੱਗੀ ਲਾਲ ਬੱਤੀ ਹੁੰਦੇ ਸਾਰ ਗੋਲੀ ਦੀ ਸਪੀਡ ਨਾਲ ਆਉਂਦੀਆਂ ਬੇਸ਼ੁਮਾਰ ਗੱਡੀਆਂ-ਮੋਟਰਾਂ ਇੰਜ ਰੁਕ ਜਾਂਦੀਆਂ ਹਨ ਜਿਵੇਂ ਇਕਦਮ ਚਾਰਾਂ ਪਹੀਆਂ ਦੀ ਹਵਾ ਨਿਕਲ ਗਈ ਹੋਵੇ ਕਿਉਂਕਿ ਹਰੀ ਬੱਤੀ ਵਿੱਚੋਂ ਕਿਸੇ ਸੜਕ ਪਾਰ ਕਰਦੇ ਆਦਮੀ ਲਈ ਚਿੱਟੀ ਸ਼ਕਲ- ਇਸ਼ਾਰਾ ਪ੍ਰਗਟ ਹੋਇਆ ਹੈ। ਆਮ ਪੈਦਲ ਤੁਰਦੇ ਆਦਮੀ ਜਾਂ ਸਾਈਕਲ ਸਵਾਰ ਨੇ ਲੰਘਣਾ ਹੈ। ਉਸ ਨੂੰ ਪਹਿਲ ਹੈ। ਸਾਈਕਲ ਸਵਾਰ ਤੇ ਪੈਦਲ ਯਾਤਰੀ ਦੀ ਜਿੰਨੀ ਹਿਫ਼ਾਜ਼ਤ ਕੈਨੇਡਾ ਵਿੱਚ ਹੈ, ਓਨੀ ਹੀ ਦੁਰਦਸ਼ਾ ਇਨ੍ਹਾਂ ਦੋਵਾਂ ਦੀ ਸਾਡੇ ਮੁਲਕ ਵਿੱਚ ਹੁੰਦੀ ਹੈ। ਸੜਕ ਉੱਤੇ ਚਲਦਾ ਕੋਈ ਵੀ ਮੰਤਰੀ-ਸੰਤਰੀ ਕੈਨੇਡਾ ਵਿੱਚ ਆਮ ਨਾਗਰਿਕ ਹੈ। ਪੈਦਲ ਚੱਲਣ ਤੇ ਸਾਈਕਲ ਚਲਾਉਣ ਲਈ ਵੱਖਰਾ ‘ਸਾਈਡ-ਟਰੈਕ’ ਬਣਿਆ ਹੈ ਅਤੇ ਥਾਂ-ਥਾਂ ਉਪਰ ਲਿਖਿਆ ਹੈ- SHARE THE ROAD ਅਰਥਾਤ ‘‘ਸੜਕ ਨੂੰ ਆਪਸ ਵਿੱਚ ਵੰਡ ਕੇ ਵਰਤੋ!’’

ਕਿਧਰੇ ਵੀ ਕੋਈ ਦਫ਼ਤਰੀ ਕੰਮ ਪੈ ਜਾਵੇ ਤਾਂ ਬਹੁ-ਗਿਣਤੀ ਕੰਮ ਤਾਂ ਫੋਨ ਉਪਰ ਹੀ ਹੱਲ ਹੋ ਜਾਣਗੇ। ਜੇ ਨਿੱਜੀ ਹਾਜ਼ਰੀ ਜ਼ਰੂਰੀ ਹੈ ਤਾਂ ਉੱਥੇ ਹਰ ਬੰਦਾ ਲਾਈਨ ਵਿੱਚ ਖੜ੍ਹੇਗਾ। ਕਤਾਰ ਸੱਭਿਆਚਾਰ ਉੱਥੇ ਕੰਮ ਸੱਭਿਆਚਾਰ ਵਾਂਗ ਹੀ ਚੰਗਾ ਵਿਕਸਤ ਹੋਇਆ ਹੈ। ਕਿਸੇ ਧੱਕਾ-ਮੁੱਕੀ, ਬਲੈਕ ਜਾਂ ਕਾਲੇ ਬਾਜ਼ਾਰ ਦਾ ਡਰ ਨਹੀਂ। ਹਰ ਮਹਿਕਮਾ  ਆਮ ਨਾਗਰਿਕ ਦੀ ਸੇਵਾ ਲਈ ਜੋ ਹਾਜ਼ਰ ਹੈ। ਕੋਈ ਮੁਲਾਜ਼ਮ ਮੱਥੇ ਵੱਟ ਨਹੀਂ ਪਾਵੇਗਾ, ਨਾ ਹੀ ਘਰੋਂ ਲੜ ਕੇ ਆਇਆ ਜਾਪੇਗਾ। ਇਸ ਲਈ ਖਿਝਣਾ-ਖਪਣਾ ਤਾਂ ਬਹੁਤ ਦੂਰ ਰਹਿ ਜਾਂਦਾ ਹੈ। ਕੋਈ ਜ਼ਮੀਨ ਖਰੀਦਣੀ ਹੈ, ਮਕਾਨ ਜਾਂ ਪਲਾਟ ਲੈਣਾ ਹੈ, ਕੋਈ ਹੋਰ ਲੈਣ-ਦੇਣ ਹੈ, ਸਿੱਧੇ ਆਪਣੇ ਵਕੀਲ ਕੋਲ ਜਾਓ ਅੱਧੇ ਘੰਟੇ ਵਿੱਚ ਵਿਹਲੇ ਹੋ ਕੇ ਘਰ ਪਹੁੰਚ ਜਾਓਗੇ।

ਧੂੜ, ਧੂੰਆਂ, ਧੱਕੇ ਉੱਥੇ ਨਹੀਂ ਮਿਲਣਗੇ। ਨੇੜੇ ਸਮੁੰਦਰ ਹੋਣ ਕਾਰਨ ਧੂੜ ਦੂਰੋਂ ਉੱਡ ਕੇ ਨਹੀਂ ਆਉਂਦੀ। ਸੜਕਾਂ ਦੁਆਲੇ ਖਾਲੀ ਥਾਂ ਹਰਿਆਲੀ ਨੇ ਢਕੀ ਹੋਈ ਹੈ। ਆਪੋ ਆਪਣੇ ਘਰ ਦਾ ਅੱਗਾ ਪੱਕਾ ਕਰਨਾ, ਘਾਹ ਲਾਉਣਾ ਜਾਂ ਰੋੜੀ ਵਿਛਾ ਕੇ ਢੱਕਣਾ, ਮਕਾਨ ਮਾਲਕ ਦੀ ਜ਼ਿੰਮੇਵਾਰੀ ਹੈ। ਅੱਗ ਬਾਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸਿਗਰਟ ਪੀਣ ਲਈ ਵੀ ਘਰ ਦੇ ਮੈਂਬਰਾਂ ਨੂੰ ਵਾਰ-ਵਾਰ ਬਾਹਰ ਨਿਕਲ ਕੇ ਨਸ਼ੇ ਦੀ ਤਲਬ ਮਿਟਾਉਣੀ ਪੈਂਦੀ ਹੈ। ਰਸੋਈ ਵਿੱਚ ਲੱਗਿਆ, ਘੁੱਗੂ ਵੱਜ ਜਾਵੇਗਾ ਅਤੇ ਖਾਹ-ਮਖਾਹ ਪੁਲੀਸ ਨੂੰ ਸੱੱਦਾ ਦੇਵੇਗਾ। ਸਾਰਾ ਸਿਸਟਮ ਸਰਲ ਕੀਤਾ ਜਾ ਚੁੱਕਿਆ ਹੈ।

ਧੂੰਆਂ ਨਾ ਫੈਲਾਉਣ ਵਾਂਗ ਹੀ ਚੌਗਿਰਦੇ ਦੀ ਸੰਭਾਲ ਲਈ ਵੀ ਆਮ ਨਾਗਰਿਕ ਦੀ ਜ਼ਿੰੇਮਵਾਰੀ ਹੈ। ਆਪਣੇ ਵਿਹੜੇ ਵਿਚਲੇ ਰੁੱਖ ਨੂੰ ਕੱਟਣ ਉੱਪਰ ਵੀ ਪਾਬੰਦੀ ਹੈ। ਸਬੰਧਤ ਮਹਿਕਮੇ ਨੂੰ ਲਿਖਣਾ ਜਾਂ ਮਿਲਣਾ ਪਵੇਗਾ। ਹਾਲਾਤ ਅਨੁਸਾਰ ਬਿਰਛਾਂ ਨੂੰ ਛਾਂਗਿਆ, ਕੱਟਿਆ ਜਾਂ ਪੁੱਟਿਆ ਜਾਵੇਗਾ, ਜਿਸ ਦਾ ਸਾਰਾ ਖਰਚਾ ਮਕਾਨ ਮਾਲਕ ਨੂੰ ਅਗੇਤਾ ਜਮ੍ਹਾਂ ਕਰਵਾਉਣਾ ਪਵੇਗਾ। ਇਵਜ਼ਾਨੇ ਵਿੱਚ ਕੁਝ ਰੁੱਖ ਵੀ ਕਿਸੇ ਦੱਸੀ ਥਾਂ ਉੱਪਰ ਲਾਉਣੇ ਪੈ ਸਕਦੇ ਹਨ। ਕੁਦਰਤ ਨਾਲ ਛੇੜ-ਛਾੜ ਕਰਨੀ ਵਾਜਬ ਨਹੀਂ ਹੈ। ਸ਼ਹਿਰ ਅੰਦਰੋਂ ਕੋਈ ਕੂਲ੍ਹ ਜਾਂ ਪਹਾੜੀ ਬਰਸਾਤੀ ਨਾਲਾ ਲੰਘਦਾ ਹੈ, ਉਸ ਵਿੱਚ ਕੂੜਾ-ਕਰਕਟ, ਕੱਚਰਾ ਸੁੱਟਣਾ, ਪਾਣੀ ਨੂੰ ਪਲੀਤ ਕਰਨਾ ਕਾਨੂੰਨੀ ਜੁਰਮ ਹੈ। ਦੰਡਯੋਗ ਅਪਰਾਧ ਵੀ। ਤੁਰੰਤ ਜੁਰਮਾਨਾ ਭਰਨਾ ਪਵੇਗਾ। ਕੁੱਤਾ ਰੱਖਣਾ ਹੈ, ਘੁਮਾਉਣਾ ਹੈ, ਬੜੇ ਸ਼ੌਕ ਨਾਲ ਰੱਖੋ! ਨਾਲ ਲੈ ਜਾਓ! ਪਰ ਆਪਣੇ ਹੱਥ ਵਿੱਚ ਇੱਕ ਮੋਮੀ ਲਿਫ਼ਾਫ਼ਾ ਵੀ ਲੈ ਜਾਣਾ ਪਵੇਗਾ। ਜੇ ਰਾਹ ਵਿੱਚ ਉਹ ਕੋਈ ‘ਗੜਬੜ’ ਕਰੇ ਤਾਂ ਆਪਣੇ ਹੱਥਾਂ ਨਾਲ ਉਸ ਲਿਫ਼ਾਫ਼ੇ ਵਿੱਚ ਸਭ ਕੁਝ ਸਮੇਟ, ਨੇੜੇ ਦੇ ਕੂੜਾਦਾਨ ਵਿੱਚ ਸੁੱਟਣਾ ਨਾਗਰਿਕ ਦਾ ਫਰਜ਼ ਹੈ, ਨਹੀਂ ਤਾਂ ਤੁਰੰਤ ਜੁਰਮਾਨੇ ਦਾ ਕੂਪਨ ਕੱਟਿਆ ਜਾਵੇਗਾ। ਜੇ ਉਹ ਵੀਚ੍ਹਰ ਕੇ ਕਿਸੇ ਨੂੰ ਬੁਰਕ ਮਾਰੇ ਤਾਂ ਹਰਜਾਨਾ ਭਰਨਾ ਪਵੇਗਾ। ਹੈਰਾਨੀ ਦੀ ਗੱਲ ਹੈ, ਕੈਨੇਡਾ ਦੇ ਕੁੱਤੇ ਕਿਸੇ ਨੂੰ ਨਹੀਂ ਕੱਟਦੇ, ਹਾਲਾਂਕਿ ਕੁਝ ਲੋਕ ਵੱਢ ਖਾਣ ਲਈ ਤਰਸਦੇ ਹਨ ਤਾਂ ਕਿ ਕੇਸ ਕਰਕੇ ਮੂੰਹ ਮੰਗੀ ਰਕਮ ਵਸੂਲ ਕੀਤੀ ਜਾ ਸਕੇ।

ਕੈਨੇਡਾ ਦੇ ਹਰ ਖੇਤਰ ਹਸਪਤਾਲ, ਸੜਕ, ਬਾਜ਼ਾਰ, ਪਾਰਕ, ਲਾਇਬਰੇਰੀ, ਰੇਲਗੱਡੀ, ਬੱਸ ਵਿਚਲਾ ਪਬਲਿਕ ਸਰਵੈਂਟ ਸਹੀ ਅਰਥਾਂ ਵਿੱਚ ਲੋਕ ਸੇਵਕ ਹੈ। ਬੱਸ ਵਿਚਲਾ ਡਰਾਈਵਰ ਆਪ ਹੀ ਕੰਡਕਟਰ, ਕੁਲੀ ਸਭ ਕੁਝ ਹੈ। ਕਿਸੇ ਬੱਚੇ ਜਾਂ ਬੱਚੇ ਸਮੇਤ ਔਰਤ, ਅੰਗਹੀਣ, ਕਮਜ਼ੋਰ ਜਾਂ ਬਿਰਧ ਨੇ ਬੱਸ ਵਿੱਚ ਸਵਾਰ ਹੋਣਾ ਹੈ ਤਾਂ ਬੱਸ ਸਟਾਪ ਤੋਂ ਬੱਸ ਉਸ ਵੱਲੋਂ ਝੁਕ ਕੇ ਧਰਤੀ ਨਾਲ ਲੱਗ ਜਾਵੇਗੀ ਤਾਂ ਕਿ ਸਮਤਲ ਪੱਧਰ ਉਪਰੋਂ ਉਹ ਆਸਾਨੀ ਨਾਲ ਅੰਦਰ ਆ-ਜਾ ਸਕੇ। ਜੇ ਉਸ ਕੋਲ ਸਾਈਕਲੀ, ਗਡੀਹਰਾ ਅਰਥਾਤ ਸਟਰੌਲਰ ਹੈ ਤਾਂ ਅਗਲੀਆਂ ਸੀਟਾਂ ਉਸ ਲਈ ਰਾਖਵੀਆਂ ਹਨ ਜਿਨ੍ਹਾਂ ਨੂੰ ਫੋਲਡ ਕਰਕੇ ਥਾਂ ਬਣਾਉਣੀ ਡਰਾਈਵਰ ਦੀ ਜ਼ਿੰਮੇਵਾਰੀ ਹੈ। ਬੁੱਢੇ ਜਾਂ ਕਮਜ਼ੋਰ ਲਈ ਸੀਟ ਛੱਡਣੀ, ਮੂਹਰੇ ਬੈਠੀਆਂ ਸਵਾਰੀਆਂ ਦਾ ਫ਼ਰਜ਼ ਹੈ ਅਤੇ ਮਜਬੂਰੀ ਵੀ। ਸਵਾਰੀ ਦੇ ਸਾਈਕਲ ਨੂੰ ਬੱਸ ਦੀ ਅਗਲੀ ਤਰਫ਼ ਬਾਹਰ ਟੰਗਿਆ ਜਾਵੇਗਾ।
ਕੈਨੇਡਾ ਵਿੱਚ ਸਭ ਤੋਂ ਵੱਡੀ ਸਹੂਲਤ ਮੁਫ਼ਤ ਇਲਾਜ ਅਤੇ ਵਿਹਲ ਭੱਤਾ ਅਰਥਾਤ ‘ਲੇਅ ਔਫ’ ਲੈਣ ਦੀ ਹੈ। ਹਰ ਪੱਕੇ ਵਸਨੀਕ ਦਾ ਇਲਾਜ ਮੁਫ਼ਤ ਹੋਵੇਗਾ। ਐਮਰਜੈਂਸੀ ਵਾਲੇ ਨੂੰ ਪਹਿਲ ਦਿੱਤੀ ਜਾਵੇਗੀ। ਬਾਕੀ ਵਾਰੀ ਸਿਰ ਭੁਗਤਾਏ ਜਾਣਗੇ, ਪਹਿਲਾਂ ਲਈ ਨਿਯੁਕਤੀ ਜਾਂ ਸਮੇਂ ਮੁਤਾਬਕ! ਵਾਹ ਲੱਗਦੀ, ਕੋਈ ਦਵਾਈ ਨਹੀਂ ਲਿਖੀ ਜਾਵੇਗੀ। ਸਲਾਹ-ਮਸ਼ਵਰਾ, ਪਰਹੇਜ਼ ਜਾਂ ਮਾਮੂਲੀ ਗੋਲੀ ਨਾਲ ਬੁੱਤਾ ਸਰ ਜਾਵੇਗਾ। ਵੱਡੇ ਅਪਰੇਸ਼ਨ ਦੀ ਵੀ ਲੋੜ ਹੈ ਤਾਂ ਮੁਫ਼ਤ ਹੋਵੇਗਾ। ਬੇਸ਼ੱਕ ਇਸ ਡਾਕਟਰੀ ਸਹਾਇਤਾ ਬਦਲੇ ਹਰ ਵਸਨੀਕ ਨੂੰ ਆਪਣੀ ਕਮਾਈ ਵਿੱਚੋਂ ਸੱਠ ਕੁ ਡਾਲਰ ਹਰ ਮਹੀਨੇ ਜਮ੍ਹਾਂ ਕਰਵਾਉਣੇ ਪੈਂਦੇ ਹਨ, ਜਿਹੜੇ ਥੋੜ੍ਹੀ ਆਮਦਨ ਵਾਲਿਆਂ ਨੂੰ ਵਾਪਸ ਮਿਲ ਜਾਂਦੇ ਹਨ। ਓਨਟਾਰੀਓ ਸਟੇਟ ਵਿੱਚ ਕਹਿੰਦੇ ਹਨ ਕਿ ਇਹ ਸਿਹਤ ਟੈਕਸ ਉੱਕਾ ਮੁਆਫ਼ ਹੈ।

ਖੇਤੀ ਖੇਤਰ ਵਿੱਚ ਲੇਅ ਔਫ ਮਿਲ ਸਕਦੀ ਹੈ ਜੇ ਮਾਲਕ ਲਿਖ ਕੇ ਦੇ ਦੇਵੇ ਕਿ ਮੇਰੇ ਕੋਲ ਕਾਮੇ ਲਈ ਹੁਣ ਕੋਈ ਕੰਮ ਨਹੀਂ। ਮਜ਼ਦੂਰ ਨੂੰ ਸਰਕਾਰੀ ਮਹਿਕਮਾ ਉਸ ਦੀ ਮਾਸਿਕ ਕਮਾਈ ਜਿੰਨਾ ਭੱਤਾ ਘਰ ਬੈਠੇ ਨੂੰ ਦੇਣ ਲੱਗ ਪਏਗਾ। ਬੇਸ਼ੱਕ ਹਰ ਪੰਦਰਾਂ ਦਿਨ ਬਾਅਦ ਉਸ ਨੂੰ ਮਹਿਕਮੇ ਵੱਲੋਂ ਦੱਸੀ ਥਾਂ ਉਪਰ ਕੰਮ ਲੈਣ ਲਈ ਕੁੰਡਾ ਖੜਕਾਉਣਾ ਪਵੇਗਾ। ਨਾਂਹ ਹੋਣ ਦੀ ਸੂਰਤ ਵਿੱਚ ਭੱਤਾ ਜਾਰੀ ਰਹੇਗਾ। ਜੇ ਕੋਈ ਹੋਰ ਅੱਗੇ ਵਧ ਕੇ ਆਪਣੇ ਖਾਤੇ ਵਿੱਚ ਕੁੱਲ ਬਕਾਇਆ ਸਿਫ਼ਰ ਦਰਸਾ ਦੇਵੇ ਤਾਂ ਸਮਾਜਿਕ ਸੁਰੱਖਿਆ ਵਜੋਂ ਮਾਸਿਕ ਬੱਝਵੀਂ ਰਕਮ ਮਿਲਣ ਲੱਗ ਪਏਗੀ। ਬਿਲਕੁਲ ਬੇਘਰਿਆਂ ਲਈ ਵੀ ਗੁਜ਼ਾਰੇ ਜੋਗਾ ਭੱਤਾ ਮਿਲਦਾ ਹੈ। ਅਤਿ ਦੀ ਗਰਮੀ ਜਾਂ ਸਰਦੀ ਪੈਣ ਮੌਕੇ ਬੇਘਰਿਆਂ ਨੂੰ ਪਾਰਕਾਂ, ਪੁਲੀਆਂ ਵਿੱਚੋਂ ਲੱਭਣਾ ਪੁਲੀਸ ਦੀ ਜ਼ਿੰਮੇਵਾਰੀ ਹੈ ਅਤੇ ਸੁਰੱਖਿਅਤ ਥਾਂ ਪਹੁੰਚਾਉਣਾ ਵੀ ਫ਼ਰਜ਼ਾਂ ਵਿੱਚ ਸ਼ੁਮਾਰ ਹੈ।

ਲਗਾਤਾਰ ਦਸ ਸਾਲ ਵਸਨੀਕ ਬਣ ਕੇ ਰਹਿਣ ਵਾਲੇ ਪਰਵਾਸੀ ਲਈ ਕੈਨੇਡਾ ਵਿੱਚ ਪੈਨਸ਼ਨ ਲੱਗ ਜਾਂਦੀ ਹੈ। ਇਹ ਮਾਸਿਕ ਰਕਮ ਇੱਕ ਬੰਦੇ ਦੇ ਗੁਜ਼ਾਰੇ ਲਈ ਕਾਫ਼ੀ ਹੁੰਦੀ ਹੈ। ਉਸ ਨੂੰ ਫੇਰ ਕੰਮ-ਕਾਰ ਕਰਨ ਦੀ ਕੋਈ ਜ਼ਰੂਰਤ ਨਹੀਂ ਰਹਿੰਦੀ। ਮੁਫ਼ਤ ਬੱਸ ਪਾਸ  ਵਰਗੀਆਂ ਅਨੇਕ ਸਹੂਲਤਾਂ ਹਨ। ਪੱਕਾ ਵਸਨੀਕ ਬਣ ਕੇ ਉੱਥੇ ਰਹਿਣ ਵਾਲੇ ਹਰ ਬੰਦੇ ਨੂੰ ਤਿੰਨ ਕੁ ਮਹੀਨੇ ਬਾਅਦ ਸੌ ਕੁ ਡਾਲਰ ਦੀ ਛੋਟੀ ਰਕਮ ਘਰ ਦੇ ਪਤੇ ਉਪਰ ਆਉਂਦੀ ਰਹਿੰਦੀ ਹੈ ਕਿਉਂਕਿ ਉਸ ਨੇ ਉਥੇ ਰਹਿੰਦਿਆਂ, ਕੁਝ ਖਰੀਦ ਕਰਦਿਆਂ ਜੋ ਟੈਕਸ ਦਿੱਤਾ ਹੈ ਇਹ ਉਸ ਵਿੱਚੋਂ ਹਿੱਸੇ ਵਜੋਂ ਸੰਕੇਤਕ ਰਕਮ ਹੁੰਦੀ ਹੈ।

ਐਪਰ ਏਨੀਆਂ ਸਹੂਲਤਾਂ ਹੋਣ ਦੇ ਬਾਵਜੂਦ ਸਾਡੀ ਪਹਿਲੀ ਦੂਜੀ ਪੀੜ੍ਹੀ ਪੰਜਾਬ ਲਈ ਤਰਸਦੀ ਰਹਿੰਦੀ ਹੈ। ਬੇਸ਼ੱਕ ਇਧਰੋਂ ਜਿਸਮਾਨੀ ਮੁਸ਼ੱਕਤ ਕਰਦੇ ਗਏ ਕਿਸਾਨਾਂ ਮਜ਼ਦੂਰਾਂ ਅਤੇ ਪੜ੍ਹੇ-ਲਿਖਿਆਂ ਲਈ ਉਹੀ ਸੁਪਨਿਆਂ ਦੀ ਧਰਤੀ ਹੈ ਕਿਉਂ ਜੋ ਉਹੀ ਉਨ੍ਹਾਂ ਨੂੰ ਰਿਜ਼ਕ ਦਿੰਦੀ ਹੈ। ਫੇਰ ਵੀ ਇਧਰਲੇ ਕੰਮ-ਢੰਗ ਨੂੰ ਪਰਨਾਏ, ਪੁੱਤਾਂ-ਧੀਆਂ ਕਾਰਨ ਉਧਰ ਜਾ ਵੱਸੇ ਸਾਡੇ ਪੰਜਾਬੀਆਂ ਨੂੰ ਜੇ ਪੁੱਛੀਏ ਕਿ ਉਧਰਲਾ ਜੀਵਨ ਕੈਸਾ ਹੈ ਤਾਂ ਗੱਜ ਵੱਜ ਕੇ ਆਖਣਗੇ, ‘‘ਕੈਨੇਡਾ ਵਿੱਚ ਬੇਸ਼ੁਮਾਰ ਸਹੂਲਤਾਂ ਜ਼ਰੂਰ ਹਨ ਐਪਰ ਪੰਜਾਬ (ਭਾਰਤ) ਵਿਚਲੀਆਂ ਮੌਜਾਂ ਬਿਲਕੁਲ ਨਹੀਂ।’’

Comments

Surinder Gill

jehre india ch rich ne ohna vaste india best hai ........aam loka jina kole koi kamm kar ja grib ne canada thik aa..

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ