Fri, 19 April 2024
Your Visitor Number :-   6982853
SuhisaverSuhisaver Suhisaver

ਬਲਰਾਜ ਸਾਹਨੀ ਦੇ ਸਤਿਕਾਰਯੋਗ - ਬਲਵੰਤ ਸਿੰਘ ਗਜਰਾਜ

Posted on:- 14-07-2020

suhisaver

ਲੋਕ ਕਵੀ ਬਲਵੰਤ ਸਿੰਘ ਗਜਰਾਜ ਦੀ 50 ਵੀਂ ਬਰਸੀ (14 ਜੁਲਾਈ, 2020) ‘ਤੇ ਵਿਸ਼ੇਸ਼    

-ਰੂਪਇੰਦਰ ਸਿੰਘ (ਫੀਲਖਾਨਾ)
ਸਟੇਟ ਐਵਾਰਡੀ ਲੈਕਚਰਾਰ ਅੰਗਰੇਜ਼ੀ (ਰਿਟਾਇਰਡ)


“ਮੇਰਾ ਦੇਸ਼ ਬਹਿਸ਼ਤੋਂ ਚੰਗਾ, ਜਿੱਥੇ ਘਰ-ਘਰ ਵਿੱਚ ਨਵਾਬੀ।
ਬੰਦੇ ਸੋਹਣੇ, ਮਿੱਠੀ ਬੋਲੀ, ਬੋਲਣ ਨਿੱਤ ਪੰਜਾਬੀ।”


ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਗੌਰਵ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੇ ਇਹ ਸ਼ਾਨਾਮੱਤੇ ਸ਼ਬਦ ਉਸ ਪ੍ਰਸਿੱਧ ਲੋਕ ਕਵੀ ਸ. ਬਲਵੰਤ ਸਿੰਘ ਗਜਰਾਜ (1890-1970) ਦੀ ਰਚਨਾ ਹਨ ਜਿਸਨੇ ਬਾਬੂ ਫ਼ਿਰੋਜ਼ ਦੀਨ ਸ਼ਰਫ਼, ਉਸਤਾਦ ਗਾਮ, ਗਿਆਨੀ ਰਘਬੀਰ ਸਿੰਘ ਬੀਰ ਅਤੇ ਗਿਆਨੀ ਗੁਰਮੁਖ ਸਿੰਘ ਮੁਸਾਫ਼ਰ ਆਦਿ ਉੱਚ-ਕੋਟੀ ਦੇ ਕਵੀਆਂ ਨਾਲ ਰਲਕੇ ਸਟੇਜ ਰਾਹੀਂ ਪੰਜਾਬੀ ਮਾਂ-ਬੋਲੀ ਦਾ 55 ਸਾਲ ਤੋਂ ਵੀ ਵੱਧ ਸਮੇਂ ਲਈ ਬੜੇ ਗੱਜ-ਵੱਜ ਕੇ ਡੰਕਾ ਵਜਾਇਆ। ਜੀਵਨ ਵਿਚਲੇ ਹਰੇਕ ਰੰਗ ਨੂੰ ਸਰਲ ਤੇ ਠੇਠ ਮੁਹਾਵਰੇਦਾਰ ਬੋਲੀ ਰਾਹੀਂ ਸਫ਼ਲਤਾਪੂਰਵਕ ਦਰਸਾ ਕੇ ਸਮਾਜ-ਵਿਕਾਸ ਲਈ ਉਸਾਰੂ ਸੇਧਾਂ ਦੇਣ ਸਦਕਾ ਆਪ ਜਿੱਥੇ ਲੋਕ-ਦਿਲਾਂ ਤੇ ਰਾਜ ਕਰਦੇ ਸਨ, ਉੱਥੇ ਪਟਿਆਲਾ ਰਿਆਸਤ ਦੇ ਸ਼ਾਹੀ ਦਰਬਾਰ ਵਿੱਚ ‘ਰਾਜ-ਕਵੀ’ ਦੇ ਪਦ ਤੇ ਵੀ ਸ਼ੁਸ਼ੋਭਿਤ ਸਨ।

ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਆਯੋਜਿਤ ਵਿਸ਼ਾਲ ਪੰਜਾਬੀ ਕਵੀ ਦਰਬਾਰਾਂ ਵਿੱਚ ਸੋਨੇ ਦੇ ਕਈ ਤਗਮੇਂ ਜਿੱਤਣ ਤੋਂ ਇਲਾਵਾ ਉੱਤਮ-ਰਚਨਾ ਤੇ ਸ੍ਰੇਸ਼ਟ ਸਟੇਜੀ ਪੇਸ਼ਕਾਰੀ ਕਾਰਨ ਆਪ ਨੂੰ ‘ਪੰਜਾਬੀ ਬੁਲਬੁਲ’ ਅਤੇ ‘ਕਵੀਰਾਜ’ ਜੈਸੀਆਂ ਉੱਚ ਉਪਾਧੀਆਂ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਅਤੇ ਪ੍ਰੋ. ਪਿਆਰਾ ਸਿੰਘ ਪਦਮ ਦੇ ਸ਼ਬਦਾਂ ਵਿੱਚ ‘ਗਜਰਾਜ ਜੀ ਫ਼ੂਲਕੀਆਂ ਰਿਆਸਤਾਂ ਦੇ ਸਭ ਤੋਂ ਉੱਘੇ ਨਾਂ ਵਾਲੇ ਪੂਰਨ ਸਨਮਾਨਯੋਗ ਕਵੀ ਸਨ।’ ਮਾਂ ਬੋਲੀ ਦੀ ਸੁਹਿਰਦ ਅਤੇ ਨਿਰੰਤਰ ਸੇਵਾ ਕਾਰਨ ਆਪ ਨੂੰ ਮਹਿਕਮਾ ਪੰਜਾਬੀ, ਪੈਪਸੂ ਸਰਕਾਰ ਵੱਲੋਂ 1955 ਵਿੱਚ ‘ਸ਼੍ਰੋਮਣੀ ਸਾਹਿਤਕਾਰ’ ਜੈਸੇ ਉੱਚ ਸਨਮਾਨ ਨਾਲ ਵੀ ਪੁਰਸਕ੍ਰਿਤ ਕੀਤਾ ਗਿਆ ਸੀ।

ਅਣਵੰਡੇ ਪੰਜਾਬ ਦੇ ਵੱਡੇ-ਵੱਡੇ ਸ਼ਹਿਰਾਂ ਤੋਂ ਇਲਾਵਾ ਦੇਸ਼ ਦੇ ਹੋਰ ਮਹਾਨਗਰਾਂ ਜਿਵੇਂ ਦਿੱਲੀ, ਕਲਕੱਤਾ, ਬੰਬਈ ਆਦਿ ਵਿੱਚ ਵੱਸਦੇ ਪੰਜਾਬੀ ਪਿਆਰਿਆਂ ਵੱਲੋਂ ਆਯੋਜਿਤ ਵੱਡੇ-ਵੱਡੇ ਕਵੀ ਸੰਮੇਲਨਾਂ ਵਿੱਚ ਗਜਰਾਜ ਜੀ ਨੂੰ ਆਪਣੀ ਅਨੂਠੀ ਕਾਵਿ-ਪ੍ਰਤਿਭਾ ਦਰਸਾਉਣ ਦੇ ਅਨੇਕਾਂ ਅਵਸਰ ਮਿਲਦੇ ਰਹਿੰਦੇ ਸਨ। ਜੇਕਰ ਬੰਬਈ ਦੇ ਫਿਲਮ ਉਦਯੋਗ ਦੀ ਗੱਲ ਕਰੀਏ ਤਾਂ ਪ੍ਰਸਿੱਧ ਕਪੂਰ ਖਾਨਦਾਨ ਤੋਂ ਇਲਾਵਾ ਕਲਾਕਾਰਾਂ ਦੇ ਸਿਰਤਾਜ ਦਲੀਪ ਕੁਮਾਰ ਅਤੇ ਬਲਰਾਜ ਸਾਹਨੀ ਆਦਿ ਦਾ ਵੀ ਭਰਪੂਰ ਯੋਗਦਾਨ ਹੁੰਦਾ ਸੀ। ਬੰਬਈ ਦੇ ਸਰੋਤਿਆਂ ਵਿੱਚ ਨਾਮਵਰ ਕਵੀ ਸ਼ਿਵ ਕੁਮਾਰ ਬਟਾਲਵੀ, ਰਾਮਨਾਰਾਇਣ ਸਿੰਘ ਦਰਦੀ, ਵਿਧਾਤਾ ਸਿੰਘ ਤੀਰ, ਗਿਆਨੀ ਬੁੱਧ ਸਿੰਘ, ਦਰਸ਼ਨ ਸਿੰਘ ਆਵਾਰਾ, ਜਸਵੰਤ ਸਿੰਘ ਵੰਤਾ ਤੇ ਬਲਵੰਤ ਸਿੰਘ ਗਜਰਾਜ ਆਦਿ ਬਹੁਤ ਹਰਮਨ ਪਿਆਰੇ ਸਨ। ਫਿਲਮੀ ਕਲਾਕਾਰ ਇਨ੍ਹਾਂ ਕਵੀਆਂ ਨਾਲ ਪਰਿਵਾਰਕ ਮੈਂਬਰਾਂ ਵਾਂਗ ਘੁਲੇ-ਮਿਲੇ ਹੋਏ ਸਨ।

1964 ਦੇ ਅੰਤਲੇ ਜਾਂ 1965 ਦੇ ਆਰੰਭਕ ਦਿਨਾਂ ਵਿੱਚ ਬਲਰਾਜ ਸਾਹਨੀ ਮਹਿਕਮਾ ਪੰਜਾਬੀ ਵੱਲੋਂ ਆਯੋਜਿਤ ਇਕ ਵਿਸ਼ਾਲ ਸਾਹਿਤਕ ਸਮਾਗਮ ਵਿੱਚ ਹਿੱਸਾ ਲੈਣ ਲਈ ਪਟਿਆਲਾ ਆਏ। ਕਵੀ ਦਰਬਾਰ ਵੀ ਇਸ ਸਮਾਗਮ ਦਾ ਪ੍ਰਮੱਖ ਹਿੱਸਾ ਸੀ। ਕਵੀ ਦਰਬਾਰ ਵਿੱਚ ਗਜਰਾਜ ਜੀ ਦੀ ਅਣਹੋਂਦ ਨੂੰ ਮਹਿਸੂਸਦਿਆਂ ਬਲਰਾਜ ਸਾਹਨੀ ਬੇਚੈਨ ਜਿਹੇ ਹੋ ਗਏ। ਉਨ੍ਹਾਂ ਨੇ ਗਜਰਾਜ ਜੀ ਦੇ ਛੋਟੇ ਭਰਾ ਜਸਵੰਤ ਸਿੰਘ ਵੰਤਾ ਤੋਂ ਇਸ ਦਾ ਕਾਰਨ ਜਾਣਨਾ ਚਾਹਿਆ। ਗਜਰਾਜ ਜੀ ਅਤੇ ਵੰਤਾ ਜੀ ਭਾਵੇਂ ਇੱਕੋ ਮਾਂ-ਜਾਏ ਨਹੀਂ ਸਨ ਪ੍ਰੰਤੂ ਇਨ੍ਹਾਂ ਵਿਚਲਾ ਪਿਆਰ ਸਕੇ ਭਰਾਵਾਂ ਵਾਲੇ ਪ੍ਰੇਮ ਤੋਂ ਵੀ ਵਧੇਰਾ, ਸੁਚੇਰਾ ਤੇ ਉਚਾਰੇ ਸੀ। ਇਹ ਪਤਾ ਲੱਗਣ ਤੇ ਕਿ ਅਚਾਨਕ ਤਿਲ੍ਹਕ ਕੇ ਡਿੱਗ ਜਾਣ ਕਾਰਨ ਗਜਰਾਜ ਜੀ ਦੀਆਂ ਲੱਤਾਂ ਵਿੱਚ ਫ਼ਰੈਕਚਰ ਹੋ ਗਿਆ ਹੈ ਤੇ ਪਲਸਤਰ ਲੱਗਿਆ ਹੋਣ ਕਾਰਨ ਉਹ ਮੰਜੇ ਤੇ ਲੇਟੇ ਰਹਿਣ ਲਈ ਮਜਬੂਰ ਹਨ, ਬਲਰਾਜ ਸਾਹਨੀ ਨੂੰ ਬੜਾ ਦੁਖ ਹੋਇਆ ਤੇ ਸਮਾਗਮ ਦੀ ਸਮਾਪਤੀ ਉਪਰੰਤ ਉਹ ਆਪਣੇ ਦੋ ਸਾਥੀਆਂ ਅਤੇ ਵੰਤਾ ਜੀ ਸਮੇਤ ਕਾਰ ਰਾਹੀਂ ਗਜਰਾਜ ਜੀ ਦੇ ਘਰ ਪੁੱਜ ਗਏ। ਗਜਰਾਜ ਜੀ ਦੀ ਰਿਹਾਇਸ਼ ਅਨਾਰਦਾਨਾ ਚੌਂਕ ਦੇ ਨਜ਼ਦੀਕ ਚਿਰੰਜੀਵ ਆਸ਼ਰਮ ਨੇੜਲੀ ਗੁਰੂ ਨਾਨਕ ਸਟਰੀਟ ਵਿੱਚ ਸੀ।

ਦਿਨ ਵੇਲੇ ਮੇਰੇ ਦਾਦਾ ਗਜਰਾਜ ਜੀ ਦੀ ਦੇਖ ਭਾਲ ਮੇਰੇ ਦਾਦੀ ਰਤਨ ਕੌਰ ਜੀ ਅਤੇ ਮੇਰੇ ਭੂਆ ਮਨਜੀਤ ਕੌਰ ਕਰਦੇ ਸਨ। ਸਕੂਲੋਂ ਆਉਣ ਉਪਰੰਤ ਸ਼ਾਮ ਤੱਕ ਅਤੇ ਰਾਤ ਸਮੇਂ ਉਨ੍ਹਾਂ ਦੀ ਸੇਵਾ-ਸੰਭਾਲ ਦਾ ਫ਼ਰਜ਼ ਸਭ ਤੋਂ ਪਿਆਰਾ ਪੋਤਾ ਹੋਣ ਵਜੋਂ ਮੈਂ ਹੀ ਨਿਭਾਉਂਦਾ ਸਾਂ। ਉਸ ਵੇਲੇ ਮੈਂ ਅੱਠਵੀਂ ਜਾਂ ਨੌਵੀਂ ਦਾ ਵਿਦਿਆਰਥੀ ਸਾਂ। ਘਰ ਵਿੱਚ ਦਾਖਲ ਹੁੰਦਿਆਂ ਹੀ ਲਾਂਘੇ ਦੇ ਸੱਜੇ ਪਾਸੇ ਕਾਫ਼ੀ ਵੱਡੀ ਬੈਠਕ ਸੀ। ਇਸ ਕਮਰੇ ਵਿੱਚ ਹੀ ਗਜਰਾਜ ਜੀ ਦੇ ਪੈਣ-ਸੌਣ ਲਈ ਲੱਕੜ ਦਾ ਤਖ਼ਤ-ਪੋਸ਼ ਰੱਖਿਆ ਹੋਇਆ ਸੀ। ਗਜਰਾਜ ਜੀ ਦਾ ਸਮਾਜਕ ਦਾਇਰਾ ਵਿਸ਼ਾਲ ਹੋਣ ਕਾਰਨ ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਕੋਈ ਨਾ ਕੋਈ ਆਇਆ ਹੀ ਰਹਿੰਦਾ ਸੀ। ਇਨ੍ਹਾਂ ਵਿੱਚ ਰਿਸ਼ਤੇਦਾਰਾਂ ਤੋਂ ਇਲਾਵਾ ਉੱਚ-ਕੋਟੀ ਦੇ ਸਾਹਿਤਕਾਰ, ਸੰਗੀਤਕਾਰ, ਸਰਕਾਰੀ ਅਹਿਲਕਾਰ, ਵਪਾਰੀ, ਧਾਰਮਿਕ ਸ਼ਖਸੀਅਤਾਂ ਅਤੇ ਰੁਸਤਮੇਂ ਹਿੰਦ ਕੇਸਰ ਭਲਵਾਨ ਆਦਿ ਮੰਨੇ ਪ੍ਰਮੰਨੇ ਵਿਅਕਤੀ ਵੀ ਸ਼ਾਮਲ ਹੁੰਦੇ ਸਨ। ਰਾਤ ਵੇਲੇ ਮੈਂ ਆਪਣਾ ਮੰਜਾ ਵੀ ਇਸੇ ਬੈਠਕ ਵਿੱਚ ਡਾਹ ਲੈਂਦਾ ਸੀ।

ਜਦੋਂ ਵੰਤਾ ਜੀ ਨਾਲ ਬਲਰਾਜ ਸਾਹਨੀ ਆਪਣੇ ਦੋ ਸਾਥੀਆਂ ਸਮੇਤ ਸਾਡੇ ਘਰ ਆਏ, ਉਦੋਂ ਮੈਂ ਆਪਣੇ ਦਾਦਾ ਜੀ ਕੋਲ ਹੀ ਬੈਠਾ ਸਾਂ। ਸ਼ਾਮ ਦਾ ਵੇਲਾ ਸੀ। ਦਗ ਦਗ ਕਰਦੇ ਨੂਰਾਨੀ ਚੇਹਰੇ ਵਾਲੇ ਸਾਹਨੀ ਸਾਹਿਬ ਫਿਲਮੀ ਪਰਦੇ ਨਾਲੋਂ ਵੀ ਸੁੰਦਰ ਤੇ ਆਕਰਸ਼ਣਸ਼ੀਲ ਪ੍ਰਤੀਤ ਹੋ ਰਹੇ ਸਨ। ਉਨ੍ਹਾਂ ਨੇ ਆਉਂਦਿਆਂ ਹੀ ਗਜਰਾਜ ਜੀ ਦੇ ਪੈਰ ਛੋਹੇ ਤੇ ਭਰੀਆਂ ਅੱਖਾਂ ਨਾਲ ਉਨ੍ਹਾਂ ਦੀ ਪੁਆਂਦੀ ਖੜ੍ਹੋਂਦਿਆਂ ਗੰਭੀਰਤਾ ਸਹਿਤ ਪੁੱਛਿਆ, “ਗਜਰਾਜ ਜੀ! ਇਹ ਕੀ ਭਾਣਾ ਵਰਤ ਗਿਆ ਹੈ? ਜਲਦੀ ਸਿਹਤਯਾਬ ਹੋਵੋ। ਤੁਸੀਂ ਤਾਂ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਅਜੇ ਬਹੁਤ ਕੁਝ ਪਾਉਣਾ ਹੈ।” ਇਹ ਕਹਿੰਦਿਆਂ ਉਹ ਉਨ੍ਹਾਂ ਦੇ ਤਖ਼ਤ ਪੋਸ਼ ਦੀ ਪੈਂਦ ਵੱਲ ਹੀ ਬੈਠ ਗਏ ਅਤੇ ਉਨ੍ਹਾਂ ਦੇ ਪੈਰ ਘੁਟਦਿਆਂ ਆਪਣੀ ਗੱਲ ਜਾਰੀ ਰੱਖੀ। “ਗਜਰਾਜ ਜੀ! ਤੁਸੀਂ ਸਾਡੇ ਪ੍ਰੇਰਨਾ ਸਰੋਤ ਹੋ। ਕੁਝ ਸਾਲ ਪਹਿਲਾਂ ‘ਉੱਦਮ’ ਸਿਰਲੇਖ ਵਾਲੀ ਜੋ ਕਵਿਤਾ ਤੁਸੀਂ ਮੈਨੂੰ ਆਪਣੇ ਹੱਥੀਂ ਲਿਖ ਕੇ ਦਿੱਤੀ ਸੀ, ਉਹ ਮੈਂ ਫਰੇਮ ਕਰਵਾ ਕੇ ਆਪਣੇ ਨਿਜੀ ਕਮਰੇ ਵਿੱਚ ਰੱਖ ਲਈ ਸੀ। ਜਿੰਨੀ ਵਾਰੀ ਵੀ ਮੈਂ ਇਸ ਦੀਆਂ ਕਾਵਿ-ਪੰਕਤੀਆਂ ਨੂੰ ਪੜ੍ਹਦਾ ਸਾਂ, ਦਿਲ-ਦਿਮਾਗ ਅੰਦਰ ਚੜ੍ਹਦੀਕਲਾ ਵਾਲੇ ਨਵੇਂ ਜੀਵਨ ਦਾ ਸੰਚਾਰ ਕਰ ਦੇਂਦੀਆਂ ਸਨ। ਪਿੱਛੇ ਜਿਹੇ ਮੇਰਾ ਇੱਕ ਪੰਜਾਬੀ ਮਿੱਤਰ ਮੇਰੀ ਭਰਪੂਰ ਹਿਚਕਿਚਾਹਟ ਨੂੰ ਪੂਰਨ ਤੌਰ ਉਤੇ ਅਣਗੌਲਿਆਂ ਕਰਦਿਆਂ ਉਹ ਕਵਿਤਾ ਆਪਣੇ ਨਾਲ ਲੈ ਗਿਆ। ਭਾਵੇਂ ਉਸ ਕਵਿਤਾ ਦੇ ਸਾਰੇ ਬੋਲ ਮੇਰੇ ਜ਼ੁਬਾਨੀ ਯਾਦ ਹਨ ਪਰ ਤੁਸੀਂ ਜਲਦੀ ਠੀਕ ਹੋ ਕੇ ਮੈਨੂੰ ਉਹ ਕਵਿਤਾ ਇਕ ਵਾਰ ਫਿਰ ਆਪਣੀ ਮੋਤੀਆਂ ਵਰਗੀ ਲਿਖਾਈ ਵਿੱਚ ਲਿਖ ਕੇ ਦੇਣਾ। ਹੁਣ ਉਹ ਕਵਿਤਾ ਤੁਹਾਡੇ ਮੂੰਹੋਂ ਤੁਹਾਡੇ ਵਿਲੱਖਣ ਅੰਦਾਜ਼ ਵਿੱਚ ਸੁਣਕੇ ਮੈਨੂੰ ਬੇਹੱਦ ਪ੍ਰਸੰਨਤਾ ਹੋਵੇਗੀ। ਬਲਰਾਜ ਸਾਹਨੀ ਦੀ ਇੱਛਾ ਪੂਰਤੀ ਕਰਦਿਆਂ ਗਜਰਾਜ ਜੀ ਨੇ ਪੂਰੀ ਕਵਿਤਾ ਪੇਸ਼ ਕਰਕੇ ਸਾਹਨੀ ਸਾਹਿਬ ਤੇ ਹੋਰ ਸਰੋਤਿਆਂ ਨੂੰ ਨਿਹਾਲ ਕਰ ਦਿੱਤਾ। ਕਵਿਤਾ ਦੇ ਕੁਝ ਬੋਲ ਸਨ:    

“ਸਮਾਂ ਓਸ ਨੂੰ ਕਦੇ ਨਹੀਂ ਸਮਾਂ ਦੇਂਦਾ, ਜਿਹੜਾ ਸਮੇਂ ਨੂੰ ਸਮਾਂ ਪਛਾਣਦਾ ਨਹੀਂ।
ਰੱਬ ਓਸ ਨੂੰ ਉੱਚਾ ਨਹੀਂ ਕਦੇ ਕਰਦਾ, ਜਿਹੜਾ ਆਪ ਉੱਚਾ ਹੋਣ ਜਾਣਦਾ ਨਹੀਂ।
ਹਿੰਮਤ ਹਾਰ ਕੇ ਢੇਰੀਆਂ ਢਾਹ ਬਹਿਣਾ, ਝੁਰਨਾ ਕਿਸਮਤ ਤੇ ਕੰਮ ਇਨਸਾਨ ਦਾ ਨਹੀਂ।
ਜਿਹੜਾ ਪੈਰਾਂ ਦੇ ਹੇਠ ਮਧੋਲਿਆ ਗਿਆ, ਉਹਨਾਂ ਕੱਖਾਂ ਨੂੰ ਡੰਗਰ ਵੀ ਸਿਆਣਦਾ ਨਹੀਂ।
ਪੱਥਰ ਦੇਣ ਹੀਰੇ, ਸਿੱਪ ਦੇਣ ਮੋਤੀ, ਹਿੰਮਤ ਨਾਲ ਜਦ ਕਿਸਮਤ ਅਜ਼ਮਾਈਦੀ ਏ।
ਖੂਹ ਚੱਲਕੇ ਕਦੇ ਨਹੀਂ ਪਾਸ ਆਉਂਦਾ, ਆਪ ਅੱਪੜ ਕੇ ਤ੍ਰੇਹ ਬੁਝਾਈਦੀ ਏ।
ਢਿੱਲੀ ਜੋੜੀ ਦੇ ਵਾਂਗ ਨਾ ਹੋ ਢਿੱਲਾ, ਕਸੇ ਹੋਏ ਨਗਾਰੇ ਹੀ ਗੱਜਦੇ ਨੇ।
ਧਰਤੀ, ਗਗਨ, ਸਮੁੰਦਰ ਉਹਨਾਂ ਰਾਹ ਦੇਂਦੇ, ਜਿਹੜੇ ਅੱਗੇ ਹੋ ਕੇ ਰਾਹ ਲੱਭਦੇ ਨੇ।”

ਇਸ ਉਪਰੰਤ ਬਲਰਾਜ ਸਾਹਨੀ ਨੇ ਗਜਰਾਜ ਜੀ ਨੂੰ ਬਹੁਤ ਸਾਲ ਪਹਿਲਾਂ ਵਾਪਰੀ ਉਹ ਘਟਨਾ ਵੀ ਯਾਦ ਕਰਵਾਈ ਜਦੋਂ ਕਲਕੱਤੇ ਦੇ ਇਕ ਬ੍ਰਿਜ-ਭਾਸ਼ੀ ਕਵੀ ਸੰਮੇਲਨ ਵਿੱਚ ਮੌਕੇ ਉੱਤੇ ਹੀ ਕੁਝ ਕਬਿੱਤਾਂ ਦੀ ਸਿਰਜਣਾ ਕਰਕੇ ਆਪ ਨੇ ਇਸ ਭਾਸ਼ਾ ਦੇ ਵੱਡੇ-ਵੱਡੇ ਪੰਡਿਤਾਂ ਨੂੰ ਵੀ ਅਚੰਭਿਤ ਕਰ ਦਿੱਤਾ ਸੀ। ਸਾਹਨੀ ਸਾਹਿਬ ਨੇ ਉਹ ਕਬਿੱਤ ਸੁਣਨੇ ਵੀ ਚਾਹੇ। ਗਜਰਾਜ ਜੀ ਵੱਲੋਂ ਸੁਣਾਏ ਕਬਿੱਤਾਂ ਵਿੱਚੋਂ ਕਾਲੀ ਮਾਂ ਬਾਰੇ ਇਕ ਕਬਿੱਤ ਇਉਂ ਸੀ:

“ਅਸਟ ਭੁਜ ਦੰਡੀ, ਰਣ ਮੰਡੀ, ਖਲ ਖੰਡਨ ਕੋ, ਦੰਡਨ ਕੇ ਦੈਂਤਨ ਕੋ, ਦਾਮਨੀ ਸੀ ਦਮਕੀ।
ਕਾਲੀ ਲੈ ਕਪਾਲੀ, ਹਾਥ ਰਕਤ, ਸ਼ਕਤ ਨੈਣ, ਕਾਟ-ਕਾਟ ਸੀਸ, ਗਲ ਰੁੰਡ ਮਾਲ ਲਮਕੀ।
ਪਾਵਕ ਤੇ ਲਾਖ ਗੁਣ, ਕੋਟ ਪ੍ਰਭਾਕਰ ਸੀ, ਸਿੰਘ ਪੇ ਸਵਾਰੀ ਕਰ, ਸਤਰਨ ਪੇ ਭਮਕੀ।
ਕਹੇ ‘ਗਜਰਾਜ’ ਲਾਜ ਦੇਵਨ ਕੀ ਰਾਖਵੇ ਕੋ, ਕਾਲੀ ਧਰ ਰੂਪ ਹੈ, ਜਮਾਤ ਆਈ ਜਮਕੀ।”

ਸਾਹਿਰ ਲੁਧਿਆਣਵੀ ਵੱਲੋਂ ਫ਼ਤਹਿ ਅਰਜ਼ ਕਰਦਿਆਂ ਸਾਹਨੀ ਸਾਹਿਬ ਨੇ ਦੱਸਿਆ ਕਿ ਸਾਹਿਰ ਸਾਹਿਬ ਤੁਹਾਡੇ ਵੱਲੋਂ ਇਕ ਵਾਦ-ਵਿਵਾਦ ਪ੍ਰਤੀਯੋਗਤਾ ਵਾਲੇ ਕਵੀ ਦਰਬਾਰ ਵਿੱਚ ਮਜਬੂਰੀ ਵੱਸ ਰੱਬ ਦੇ ਵਿਰੋਧ ਵਿੱਚ ਪੜ੍ਹੀ ਗਈ ਵਿਅੰਗਮਈ ਕਵਿਤਾ ‘ਰੱਬ ਬਣਕੇ ਤੈਨੂੰ ਸੁਆਦ ਕੀ ਆਇਆ?’ ਦਾ ਹੱਸਦਿਆਂ-ਹੱਸਦਿਆਂ ਕਈ ਵਾਰ ਜ਼ਿਕਰ ਕਰਿਆ ਕਰਦੇ ਹਨ। ਕਿਰਪਾ ਕਰਕੇ ਉਸ ਕਵਿਤਾ ਦੇ ਵੀ ਕੁਝ ਬੰਦ ਸੁਣਾ ਦਿਓ। ਗਜਰਾਜ ਜੀ ਨੇ ਸਾਹਨੀ ਸਾਹਿਬ ਦੀ ਇੱਛਾ ਝੱਟ ਪੂਰੀ ਕਰ ਦਿੱਤੀ ਅਤੇ ਲੰਮੀ ਕਵਿਤਾ ਦੇ ਕੁਝ ਬੰਦ ਸੁਣਾਏ ਜੋ ਇਸ ਪ੍ਰਕਾਰ ਹਨ:

“ਨਾ ਪਿਓ ਨੇ ਤੈਨੂੰ ਕੁੱਛੜ ਚੁੱਕਿਆ, ਨਾ ਮਾਂ ਨੇ ਤੈਨੂੰ ਲਾਡ ਲਡਾਇਆ।
ਨਾ ਭੈਣਾਂ ਨੇ ਲੋਰੀ ਦਿੱਤੀ, ਨਾ ਕੋਈ ਚਾਚਾ ਨਾ ਕੋਈ ਤਾਇਆ।
ਨਾ ਕੋਈ ਸੱਸ ਨਾ ਸਹੁਰਾ ਤੇਰਾ, ਨਾ ਕੋਈ ਦਾਈ, ਨਾ ਕੋਈ ਦਾਇਆ।
ਰੱਬ ਬਣਕੇ ਤੈਨੂੰ ਸੁਆਦ ਕੀ ਆਇਆ...
ਮੁਟਿਆਰਾਂ-ਗੱਭਰੂ ਐਮ.ਏ. ਬੀ.ਏ., ਤੂੰ ਅਨਪੜ੍ਹ ਦਾ ਅਨਪੜ੍ਹ ਰਹਿਆ।
ਹੂਰਾਂ-ਪਰੀਆਂ ਦੇ ਵਿੱਚ ਰਹਿ ਕੇ, ਤੂੰ ਅਨਘੜ ਦਾ ਅਨਘੜ ਰਹਿਆ।
ਨਾ ਸ਼ਾਦੀ ਨਾ ਮੰਗਣੀ ਹੋਈ, ਨਾ ਕੋਈ ਤੈਨੂੰ ਦੇਖਣ ਆਇਆ,
ਰੱਬ ਬਣਕੇ ਤੈਨੂੰ ਸੁਆਦ ਕੀ ਆਇਆ...”

ਇਸ ਤੋਂ ਉਪਰੰਤ ਵੰਤਾ ਜੀ ਦੀ ਪੁਰਜ਼ੋਰ ਸਿਫ਼ਾਰਸ਼ ਉੱਤੇ ਗਜਰਾਜ ਜੀ ਨੇ ਹਾਸ-ਰਸੀ ਕਵਿਤਾ ‘ਪੜ੍ਹਿਆਂ ਦੇ ਕਾਰੇ’ ਅਤੇ ਬ੍ਰਿਜ ਭਾਸ਼ਾ ਦੇ ਕੁਝ ਹੋਰ ਕਬਿੱਤ ਵੀ ਸੁਣਾਏ। ਬੈਠਕ ਦੇ ਮਾਹੌਲ ਅੰਦਰ ਇਕ ਚਮਤਕਾਰੀ ਜਿਹੀ ਊਰਜਾ ਦਾ ਸੰਚਾਰ ਹੋ ਗਿਆ ਪ੍ਰਤੀਤ ਹੁੰਦਾ ਸੀ। ਗਜਰਾਜ ਜੀ ਦੇ ਉਤਸ਼ਾਹ ਤੇ ਊਰਜਾ ਨੂੰ ਦੇਖ ਕੇ ਇਉਂ ਲੱਗਦਾ ਸੀ ਕਿ ਉਹ ਹੁਣੇ ਉੱਠ ਕੇ ਤੁਰ ਪੈਣਗੇ।

    ਹੌਲੀ ਹੌਲੀ ਆਲੇ ਦੁਆਲੇ ਦੇ ਲੋਕਾਂ ਨੂੰ ਬਲਰਾਜ ਸਾਹਨੀ ਦੀ ਸਾਡੇ ਘਰ ਆਮਦ ਬਾਰੇ ਪਤਾ ਲੱਗਦਾ ਜਾ ਰਿਹਾ ਸੀ ਤੇ ਬੈਠਕ ਉਨ੍ਹਾਂ ਦੇ ਦਰਸ਼ਨਾਂ ਦੀ ਇੱਕ ਝਲਕ ਪਾਉਣ ਲਈ ਉਤਾਵਲੇ ਪ੍ਰਸੰਸਕਾਂ ਨਾਲ ਭਰਨੀ ਸ਼ੁਰੂ ਹੋ ਗਈ ਸੀ। ਗਲੀ ਵਿੱਚ ਵੀ ਲੋਕਾਂ ਦੀ ਭੀੜ ਜੁੜਨੀ ਸ਼ੁਰੂ ਹੋ ਗਈ ਸੀ। ਅਨੁਸ਼ਾਸਨ ਦੀ ਉਪਜ ਰਹੀ ਸਮੱਸਿਆ ਨੂੰ ਭਾਂਪਦਿਆਂ ਬਲਰਾਜ ਜੀ ਅਦਬ ਸਹਿਤ ਖੜ੍ਹੇ ਹੋਏ। ਗਜਰਾਜ ਜੀ ਦੇ ਚਰਨ ਛੋਂਹਦਿਆਂ ਉਨ੍ਹਾਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕਰਦਿਆਂ ਤੇ ਜਲਦੀ ਹੀ ਬੰਬਈ ਆਉਣ ਦਾ ਨਿਮੰਤਰਨ ਦਿੰਦੇ ਹੋਏ ਆਪਣੇ ਸਾਥੀਆਂ ਸਹਿਤ ਹੱਥ ਹਿਲਾ-ਹਿਲਾ ਕੇ ਸੁਆਗਤ ਕਰ ਰਹੇ ਦਰਸ਼ਕਾਂ ਦੇ ਇਕੱਠ ਸਨਮੁੱਖ ਹੱਥ ਜੋੜ ਕੇ ਨਮਸਕਾਰ ਕਰਦੇ ਹੋਏ ਤੇਜ਼ ਕਦਮੀਂ ਨਾਲ ਆਪਣੀ ਕਾਰ ਤੱਕ ਪੁੱਜ ਗਏ ਅਤੇ ਸਾਡੇ ਨਾਲ ਬਿਤਾਏ ਯਾਦਗਾਰੀ ਪਲਾਂ ਦੀ ਸੁਨਹਿਰੀ ਯਾਦ ਪਿੱਛੇ ਛੱਡ ਗਏ।       

Comments

Hargunpreet Singh

ਬਹੁਤ ਬਹੁਤ ਸ਼ੁਕਰੀਆ ਜੀ 💐

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ