Fri, 23 June 2017
Your Visitor Number :-   1051444
SuhisaverSuhisaver Suhisaver
ਵਿਧਾਨ ਸਭਾ 'ਚ ਹੰਗਾਮਾ; 'ਆਪ' ਵਿਧਾਇਕ ਦੀ ਪੱਗ ਲੱਥੀ               ਮੀਰਾ ਕੁਮਾਰ ਰਾਸ਼ਟਰਪਤੀ ਅਹੁਦੇ ਲਈ ਵਿਰੋਧੀ ਧਿਰ ਦੀ ਉਮੀਦਵਾਰ              

ਸੱਚੀ ਮੁਹੱਬਤ - ਸਰੂਚੀ ਕੰਬੋਜ

Posted on:- 15-01-2017

suhisaver

"ਆਖਿਰ ਤੇਰੀ ਪ੍ਰਾਬਲਮ ਕੀ ਹੈ ਕਿੰਨੀ ਵਾਰ ਕਿਹਾ ਐਦਾ ਮੇਰੇ ਪਿੱਛੇ ਨਾ ਆਇਆ ਕਰ ।ਆਖਿਰ ਤੂੰ ਚਾਹੁੰਦੀ ਕੀ ਹੈਂ?" ਹਰਸ਼ਿੰਦਰ ਬੜੇ ਗੁੱਸੇ ਵਿੱਚ ਤਪਿਆ ਹੋਇਆ ਬੋਲਿਆ।

"ਤੈਨੂੰ।"ਰੂਬੀ ਨੇ ਬੜੇ ਕੱਟੜ ਤਰੀਕੇ ਨਾਲ ਜਵਾਬ ਦਿੱਤਾ ਅਤੇ ਖਿੜਖਿੜਾ ਕੇ ਹੱਸ ਪਈ ।
"ਹਰ ਵੇਲੇ ਮਜ਼ਾਕ! "ਹਰਸ਼ਿੰਦਰ ਰੂਬੀ ਨੂੰ ਘੂਰਦਾ ਹੋਇਆ ਬੋਲਿਆ।

"ਤੈਨੂੰ ਮੇਰਾ ਪਿਆਰ ਮਜ਼ਾਕ ਲੱਗਦਾ? "ਰੂਬੀ ਹਰਸ਼ਿੰਦਰ ਵੱਲ ਹੈਰਾਨੀ ਨਾਲ ਝਾਕਦੀ ਹੋਈ ਬੋਲੀ।

"ਵੇਖ,ਇਸ ਵੇਲੇ ਮੈਂ ਇਕੱਲਾ ਹਾਂ,ਘਰ ਕੋਈ ਵੀ ਨਹੀਂ ਹੈ ਅੱਜ! ਤੈਨੂੰ ਹਜਾਰ ਵਾਰ ਮਨਾ ਕੀਤਾ ਕਿ ਐਦਾ ਚੋਰੀ ਛੁੱਪੇ ਮੇਰੇ ਘਰ ਦਿਆਂ ਦੀ ਗੈਰਹਾਜ਼ਰੀ ਚ ਮੈਨੂੰ ਮਿਲਣ ਨਾ ਆਇਆ ਕਰ,ਪਰ ਤੂੰ ਮੇਰੀ ਸੁਣਦੀ ਕਿਉਂ ਨਹੀਂ? "ਹਰਸ਼ਿੰਦਰ ਨੇ ਉਸਨੂੰ ਗੁੱਸੇ ਨਾਲ ਘੂਰਦੇ ਹੋਏ ਕਿਹਾ
"ਜਦੋਂ ਭਰਿਆ ਪੂਰਾ ਸਾਰਾ ਪਰਿਵਾਰ ਹੁੰਦਾ ਤਾਂ ਤੂੰ ਮੇਰੇ ਨਾਲ ਗੱਲ ਤੇ ਦੂਰ ਦੀ ਗੱਲ ਵੇਖਦਾ ਤੱਕ ਨਹੀਂ ਮੈਨੂੰ।"ਰੂਬੀ ਨੇ ਆਪਣਾ ਦੁਪੱਟਾ ਹੱਥ ਨਾਲ ਐਦਾ ਘੁਮਾਇਆ ਕਿ ਸੱਪ ਦੀ ਤਰਾਂ ਵੱਲ ਖਾਂਦਾ ਹੋਇਆ ਉਹਦੇ ਲੱਕ ਦੇ ਦੁਆਲੇ ਘੁੰਮਦਾ ਹੋਇਆ ਸਿੱਧਾ ਚਲਾ ਗਿਆ।

ਕੁਝ ਦੇਰ ਹਰਸ਼ਿੰਦਰ ਰੂਬੀ ਵੱਲ ਤੱਕਦਾ ਰਿਹਾ ਫਿਰ ਅਚਾਨਕ ਉਹਨੇ ਆਪਣੀਆਂ ਨਜ਼ਰਾਂ ਘੁਮਾ ਲਈਆਂ, ਉਹ ਰੂਬੀ ਤੋਂ ਮੂੰਹ ਮੋੜ ਕੇ ਬੋਲਿਆ "ਵੇਖ ਰੂਬੀ ਹੁਣ ਤੂੰ ਇਥੋ ਚਲੀ ਜਾ,ਕਿਉਂ ਬਦਨਾਮ ਹੋਣਾ ਚਾਹੁੰਦੀ ਹੈਂ?ਮੈਂ ਤੈਨੂੰ ਕੋਈ ਪਿਆਰ ਵਿਆਰ ਨਹੀਂ ਕਰਦਾ,ਐਵੇਂ ਟਾਇਮ ਪਾਸ ਕਰ ਰਿਹਾ ਸੀ ਤੇਰੇ ਨਾਲ ।"ਹਰਸ਼ਿੰਦਰ ਹੌਲੇ ਲਹਿਜੇ ਚ ਦੁੱਖ ਦੇ ਨਾਲ ਹਿਚਕਿਚਾਹਟ ਮਹਿਸੂਸ ਕੀਤੀ ਜਾ ਸਕਦੀ ਸੀ।

"ਅੱਛਾ ਤਾਂ ਤੂੰ ਮੈਨੂੰ ਪਿਆਰ ਨਹੀਂ ਕਰਦਾ? ਫਿਰ ਮੇਰੇ ਵੱਲ ਪਿੱਠ ਕਰਕੇ ਕਿਉ ਖੜਾ ਹੈਂ? ਹਿੰਮਤ ਹੈ ਤਾਂ ਇਹੀ ਗੱਲ ਮੇਰੀਆਂ ਅੱਖਾਂ ਚ ਅੱਖਾਂ ਪਾ ਕੇ ਕਹਿ ਤਾਂ ਮੰਨਾ?"ਫਿਰ ਰੂਬੀ ਨੇ ਹੱਸਦੀ ਹੋਈ ਹਰਸ਼ਿੰਦਰ ਦੀ ਬਾਂਹ ਤੋਂ ਫੜ ਕੇ ਉਸਦਾ ਮੂੰਹ ਆਪਣੇ ਵੱਲ ਫੇਰ ਲਿਆ,ਦੋਹਾਂ ਦੀਆਂ ਅੱਖਾਂ ਨਾਲ ਅੱਖਾਂ ਮਿਲੀਆਂ ਅਤੇ ਰੂਬੀ ਨੇ ਆਪਣੀਆਂ ਭਾਵਨਾਵਾਂ ਨੂੰ ਕਈ ਵਾਰ ਚਾਹ ਕੇ ਵੀ ਦਬਾ ਦਿੱਤਾ।ਰੂਬੀ ਦੀ ਇਸ ਜਾਨ ਲੇਵਾ ਅਦਾ ਤੇ ਹਰਸ਼ਿੰਦਰ ਮਚਲ ਗਿਆ।ਉਸਨੇ ਉਸਦੀਆਂ ਜੁਲਫਾਂ ਵਿੱਚ ਹੱਥ ਫੇਰਦੇ ਨੇ ਅਚਾਨਕ ਆਪਣੇ ਲਬਾਂ ਨਾਲ ਉਹਦੇ ਹੋਠਾਂ ਨੂੰ ਚੁੰਮ ਲਿਆ ਤੇ ਆਪਣੀਆਂ ਬਾਹਾਂ ਵਿੱਚ ਲੈ ਕੇ ਹੌਲੀ ਜਿਹੀ ਮੱਧਮ ਆਵਾਜ਼ ਵਿੱਚ ਕਹਿਣ ਲੱਗਾ ।

"ਨਾ ਤੰਗ ਕਰਿਆ ਕਰ ਨਾ... ਮੁਸ਼ਕਲ ਹੋ ਜਾਣਾ ਮੇਰੇ ਲਈ ਖੁਦ ਨੂੰ ਰੋਕਣਾ।"ਉਸ ਦੀਆਂ ਉਂਗਲਾਂ ਨੇ ਹੌਲੀ ਜਿਹੀ ਰੂਬੀ ਨੂੰ ਗੁੱਤ ਤੋਂ ਖਿੱਚਿਆ, ਰੂਬੀ ਦੀ ਲੰਬੀ ਸੁਰਾਹੀਦਾਰ ਗਰਦਨ ਉੱਪਰ ਆਸਮਾਨ ਵੱਲ ਹੋ ਗਈ ਉਸ ਅੱਖਾਂ ਬੰਦ ਕਰ ਇੱਕ ਸਿਸਕੀ ਭਰੀ ਤੇ ਹਰਸ਼ਿੰਦਰ ਨੇ ਆਪਣੀਆਂ ਸਖਤ ਉਂਗਲਾਂ ਨਾਲ ਇੱਕ ਕਾਤਿਲ ਨਾਖੂਨ ਨਾਲ ਰੂਬੀ ਦੀ ਗਰਦਨ ਤੇ ਇੱਕ ਲੰਬੀ ਲਕੀਰ ਬਣਾਈ ਤੇ ਉਸਨੂੰ ਆਪਣੇ ਅੰਗੂਠੇ ਦੀ ਮਦਦ ਨਾਲ ਸਹਿਲਾਉਂਦਾ ਹੋਇਆ ਬਰਾਬਰ ਕਰਦਾ ਗਿਆ।
"ਜਦ ਤੈਨੂੰ ਪਤਾ ਹੈ, ਨਾ ਤੇਰੇ ਘਰ ਦੇ ਆਪਣੇ ਵਿਆਹ ਲਈ ਰਾਜ਼ੀ ਹੋਣਗੇ ਤੇ ਨਾ ਹੀ ਮੇਰੇ।ਤੈਨੂੰ ਡਰ ਨਹੀਂ ਲੱਗਦਾ ਮੇਰੇ ਐਨੇ ਨਜ਼ਦੀਕ ਆਉਣ ਤੇ ਜੇ ਕੁਝ ਊਚਨੀਚ ਹੋ ਗਈ ਤਾਂ ਫਿਰ ਕੀ ਬਣੂ।ਜੇ ਮੈਂ ਪਿਆਰ ਚ ਮੁਕਰ ਗਿਆ ਤੇ ਆਪਣੇ ਘਰ ਦਿਆਂ ਦੀ ਮੰਨ ਕੇ ਕਿਤੇ ਹੋਰ ਵਿਆਹ ਕਰਵਾ ਲਿਆ,ਫਿਰ ਕੀ ਕਰੇਂਗੀ? "ਹਰਸ਼ਿੰਦਰ ਨੇ ਰੂਬੀ ਦੇ ਵਾਲਾਂ ਵਿੱਚ ਹੱਥ ਫੇਰਦੇ ਨੇ ਆਪਣੇ ਮਨ ਦਾ ਡਰ ਦੱਸਿਆ।

"ਤੂੰ ਤਾਂ ਅਜੇ ਸੋਚ ਰਿਹਾਂ ਹੈਂ ਇਹ ਸਭ,ਅੱਜ ਘਰ ਮੰਮੀ ਪਾਪਾ ਮੇਰੇ ਵਿਆਹ ਦੀ ਗੱਲ ਵੀ ਕਰ ਰਹੇ ਸਨ।ਲੱਗਦਾ ਜਲਦੀ ਹੀ ਉਹਨਾਂ ਕੋਈ ਮੁੰਡਾ ਵੇਖ ਕੇ ਮੇਰਾ ਵਿਆਹ ਕਰ ਦੇਣਾ।ਤੂੰ ਤਾਂ ਕੁਝ ਕਰਨਾ ਨਹੀਂ ਨਾ ਮੇਰੇ ਮਾਪਿਆਂ ਨੂੰ ਮਨਾ ਸਕਦਾ ਨਾ ਆਪਣੇ!"ਰੂਬੀ ਉਦਾਸ ਹੋ ਬੋਲੀ

"ਅੱਛਾ! ਤੂੰ ਤਾਂ ਜਿਵੇਂ ਮੇਰੇ ਲਈ ਕੁਝ ਵੀ ਕਰ ਸਕਦੀ ਹੈਂ?"ਹਰਸ਼ਿੰਦਰ ਰੂਬੀ ਤੋਂ ਖਫਾ ਹੋ ਪਾਸਾ ਵੱਟਦਾ ਹੋਇਆ ਬੋਲਿਆ।
"ਇੱਕ ਵਾਰ ਕਹਿ ਕੇ ਤਾਂ ਵੇਖ ਸਾਰੇ ਜਮਾਨੇ ਨੂੰ ਅੱਗ ਲਾ ਦੇਵਾਂਗੀ ਤੇਰੀ ਖਾਤਰ ।"ਉਹ ਜੋਸ਼ ਨਾਲ ਭਰੀ ਹੋਈ ਬੋਲੀ।
"ਪੱਕਾ, ਇੱਕ ਵਾਰ ਫਿਰ ਸੋਚ ਲੈ, ਕੀ ਤੂੰ ਵਾਕਿਆ ਹੀ ਮੇਰੇ ਲਈ ਕੁਝ ਵੀ ਕਰ ਸਕਦੀ ਹੈਂ? "ਹਰਸ਼ਿੰਦਰ ਨੇ ਰੂਬੀ ਦੀਆਂ ਅੱਖਾਂ ਵਿੱਚ ਕੁਝ ਭਾਲਦੇ ਨੇ ਪੁੱਛਿਆ।

" ਇਕ ਵਾਰ ਕਹਿ ਕੇ ਤਾਂ ਵੇਖ, ਕੁਝ ਵੀ ਕਰ ਜਾਵਾਂਗੀ।"ਉਸਨੇ ਹਰਸ਼ਿੰਦਰ ਦੇ ਹੱਥ ਆਪਣੇ ਹੱਥਾਂ ਵਿੱਚ ਲੈ ਕੇ ਕਿਹਾ।
ਫਿਰ ਕੁਝ ਦੇਰ ਸੋਚਣ ਬਾਅਦ ਹਰਸ਼ਿੰਦਰ ਨੇ ਰੂਬੀ ਨੂੰ ਆਪਣੇ ਘਰ ਵਾਪਸ ਜਾਣ ਦਾ ਇਸ਼ਾਰਾ ਕੀਤਾ ਅਤੇ ਖੁਦ ਆਪਣੇ ਕਮਰੇ ਵੱਲ ਕਦਮ ਵਧਾਏ।ਉਹ ਮੁੜਕੇ ਰੂਬੀ ਨੂੰ ਆਪਣੇ ਗੇਟ ਤੋਂ ਬਾਹਰ ਜਾਂਦੀ ਨੂੰ ਵੇਖਦਾ ਰਿਹਾ,ਜਿਵੇਂ ਹੀ ਉਸ ਗੇਟ ਤੋਂ ਬਾਹਰ ਨਿਕਲਣ ਲਈ ਗੇਟ ਖੋਲਣ ਲਈ ਆਪਣਾ ਇਕ ਹੱਥ ਅੱਗੇ ਵਧਾਇਆ ਕਿ ਪਤਾ ਨਹੀਂ ਕੀ ਹੋਇਆ, ਉਸ ਰੂਬੀ ਨੂੰ ਜਾਂਦੀ ਨੂੰ ਵਾਪਸ ਰੁਕਣ ਲਈ ਕਿਹਾ।

ਕੁਝ ਪਲਾਂ ਬਾਅਦ ਹਰਸ਼ਿੰਦਰ ਇੱਕ ਬੈਗ ਲੈ ਕੇ ਆਪਣੇ ਕਮਰੇ ਵਿੱਚੋਂ ਬਾਹਰ ਨਿਕਲਿਆ ਜਿਸ ਵਿਚ ਕੁਝ ਕੁ ਉਸਦੇ ਕੱਪੜੇ ਸਨ ਅਤੇ ਕੁਝ ਨਗਦੀ ਸੀ
"ਐਦਾ ਕਰ ਤੂੰ ਆਪਣੇ ਘਰ ਜਾ ਆਪਣੇ ਕੁਝ ਕੱਪੜੇ ਬੈਗ ਵਿੱਚ ਪਾ ਲਈ, ਹਾਂ!ਤੇ ਹੋ ਸਕੇ ਤਾਂ ਕੁਝ ਨਕਦੀ ਤੇ ਜੇਵਰ ਵੀ ਰੱਖ ਲਈਂ ਬਾਅਦ ਵਿਚ ਕੰਮ ਆਉਣਗੇ।ਆਪਾਂ ਅੱਜ ਹੀ ਘਰ ਤੋਂ ਨਿਕਲ ਚੱਲਦੇ ਹਾਂ, ਇਕ ਦੋ ਦਿਨਾਂ ਵਿਚ ਕੋਰਟ ਮੈਰਿਜ ਕਰਵਾ ਲਵਾਂਗੇ,ਜਦੋਂ ਆਪਾਂ ਇੱਕ ਹੋ ਗਏ ਫਿਰ ਆਪਾਂ ਨੂੰ ਦੇਖੀਂ ਕੋਈ ਵੀ ਜੁਦਾ ਨਹੀਂ ਕਰ ਪਾਵੇਗਾ।ਮੈਂ ਬੱਸ ਅੱਡੇ ਜਾ ਰਿਹਾਂ ਤੂੰ ਵੀ ਸਮਾਨ ਲੈ ਕੇ ਉਥੇ ਆ ਜਾਈਂ।ਵੇਖ ਤੂੰ ਥੋੜੀ ਦੇਰ ਪਹਿਲੇ ਮੇਰੇ ਲਈ ਕੁਝ ਵੀ ਕਰ ਜਾਨ ਦੀ ਗੱਲ ਕੀਤੀ ਸੀ ਹੁਣ ਉਸ ਗੱਲ ਤੋਂ ਤੂੰ ਮੁਕਰ ਨਾ ਜਾਈਂ।"ਤੇ ਉਹ ਉਸਦੀ ਗੱਲ ਸੁਣ ਸ਼ਰਮ ਨਾਲ ਲਾਲ ਹੋਈ ਉਸ ਦੇ ਕਹੇ ਅਨੁਸਾਰ ਘਰੋਂ ਕੁਝ ਕੱਪੜੇ, ਪੈਸੇ ਤੇ ਜੇਵਰ ਲੈ ਕੇ ਘਰ ਤੋਂ ਫਰਾਰ ਹੋ ਗਈ।

ਅੱਜ ਪੰਦਰਾਂ ਦਿਨਾਂ ਤੋਂ ਉੱਪਰ ਸਮਾਂ ਹੋ ਗਿਆ ਉਹਨਾਂ ਦੇ ਘਰ ਦਿਆਂ ਨੂੰ ਉਹਨਾਂ ਦੋਹਾਂ ਨੂੰ ਭਾਲਦਿਆਂ ਨੂੰ ਪਰ ਕੋਈ ਨਾਮੋਨਿਸ਼ਾਨ ਨਹੀਂ ਮਿਲਿਆ ਕਿ ਉਹ ਦੋਵੇਂ ਕਿੱਥੇ ਗਏ।

ਪਰ ਕੁੜੀ ਦੇ ਮਾਪਿਆਂ ਨੇ ਹਾਰ ਨਾ ਮੰਨੀ ਉਹ ਮੁੰਡੇ ਵਾਲੇ ਘਰ ਆਏ ਆਪਸ ਵਿੱਚ ਬਹੁਤ ਬੋਲ ਬੁਲਾਰਾ ਹੋਇਆ, ਇਕ ਦੂਜੇ ਨੂੰ ਕੁੱਟ ਦਿੱਤਾ ।ਗੱਲ ਇਥੋਂ ਤੱਕ ਪਹੁੰਚ ਗਈ ਕਿ ਪੁਲਿਸ ਨੂੰ ਆ ਕੇ ਮਾਮਲਾ ਸੁਲਝਾਉਣਾ ਪਿਆ। ਕੁੜੀ ਤੇ ਮੁੰਡੇ ਦੇ ਪਰਿਵਾਰ ਵਿਚ ਵੱਢ ਵੈਰ ਬਣ ਗਿਆ, ਹੁਣ ਵੀ ਜੇ ਉਹਨਾਂ ਨੂੰ ਮੌਕਾ ਮਿਲੇ ਤਾਂ ਇੱਕ ਦੂਜੇ ਦੀ ਜਾਨ ਲੈ ਲੈਣ।

ਬੇਵਕੂਫ ਨੌਜਵਾਨ ਅੱਜ ਦੇ ਚਾਰ ਦਿਨਾਂ ਦੇ ਪਿਆਰ ਲਈ ਆਪਣੇ ਘਰ ਵਾਲਿਆਂ ਦੀ ਇੱਜ਼ਤ ਤੇ ਜਾਨ ਦਾਵ ਤੇ ਲਾ ਦਿੰਦੇ ਹਨ।

ਇਹ ਇੱਜ਼ਤ ਤੇ ਗੈਰਤ ਦੇ ਮਾਮਲੇ ਬੜੇ ਹੀ ਨਾਜ਼ੁਕ ਹੁੰਦੇ ਹਨ, ਜ਼ਿੰਦਗੀ ਤੇ ਮੌਤ ਦਾ ਮਾਮਲਾ ਹੁੰਦਾ।
ਮਾਂ ਬਾਪ ਦਾ ਪਿਆਰ ਬੇਮਤਲਬ ਹੁੰਦਾ,ਉਸਦੀ ਬੇਇੱਜ਼ਤੀ ਬੇਕਦਰੀ ਨਾ ਕਰੋ,ਮਾਂ ਬਾਪ ਦਾ ਨਾਂ ਰੋਸ਼ਨ ਕਰੋ,ਨਿਕਲੋ ਇਸ ਇਸ਼ਕ ਦੇ ਚੱਕਰਾਂ ਵਿੱਚੋਂ ।ਪਿਆਰ ਵੀ ਦੋਬਾਰਾ ਮਿਲ ਜਾਂਦਾ, ਦੋਬਾਰਾ ਹੋ ਜਾਂਦਾ, ਪ੍ਰੇਮੀ ਪ੍ਰੇਮਿਕਾ ਵੀ ਮਿਲ ਜਾਂਦੇ ਹਨ, ਪਤੀ ਪਤਨੀ ਵੀ ਮਿਲ ਜਾਂਦੇ ਹਨ, ਪਰ ਮਾਂ ਬਾਪ ਜਿਹੇ ਖੂਨ ਦੇ ਰਿਸ਼ਤੇ ਦੋਬਾਰਾ ਨਹੀਂ ਮਿਲਦੇ
ਸੱਚੀ ਮੁਹੱਬਤ ਉਹ ਨਹੀਂ ਜੋ ਤੁਹਾਨੂੰ ਮਿਲ ਜਾਵੇ, ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਬਦਨਾਮੀ ਦਵਾਵੇ।ਗਲਤ ਫੈਸਲੇ ਕਰਕੇ ਪਾਕ ਪਵਿੱਤਰ ਮੁਹੱਬਤ ਨੂੰ ਬਦਨਾਮ ਨਾ ਕਰੋ।

ਜੇ ਘਰ ਵਾਲੇ ਨਹੀਂ ਮੰਨਦੇ ਤਾਂ ਉਹਨਾਂ ਦੀ ਗੱਲ ਮੰਨ ਭੁੱਲ ਜਾਉ.. ਪਰ ਕਿਸੇ ਨੂੰ ਭਜਾ ਕੇ ਲੈ ਜਾਣ ਜਾਂ ਕਿਸੇ ਨਾਲ ਭੱਜ ਜਾਣ ਦੇ ਗਲਤ ਫੈਸਲੇ ਨੂੰ ਕਦੇ ਵੀ ਨਾ ਅਪਨਾਉਣਾ ।ਇਸਦਾ ਹਸ਼ਰ ਹਮੇਸ਼ਾਂ ਮਾੜਾ ਹੋਇਆ ਤੇ ਆਉਣ ਵਾਲੇ ਸਮੇਂ ਵਿੱਚ ਮਾੜਾ ਹੀ ਹੋਵੇਗਾ ।

ਸੰਪਰਕ: +91 98723 48277

Comments

ਗੁਰੀ ਹੰਟ

ਬਹੁਤ ਖੂਬ

Name (required)

Leave a comment... (required)

Security Code (required)ਕਹਾਣੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ