Tue, 23 April 2024
Your Visitor Number :-   6994483
SuhisaverSuhisaver Suhisaver

ਕੁਰਬਾਨੀ - ਰਵਿੰਦਰ ਸ਼ਰਮਾ

Posted on:- 10-06-2016

suhisaver

ਅੱਜ ਪਹੁ ਫੁੱਟਣ ਤੋਂ ਪਹਿਲਾਂ ਹੀ ਬਲ਼ਦਾਂ ਦੇ ਗਲ਼ਾਂ ਦੀਆਂ ਘੰਗਰਾਲਾਂ ਦਾ ਛਣਕਾਟ ਤੇ ਗੱਡਿਆਂ ਦੇ ਟਹੀਆਂ ਦਾ ਖੜਾਕ ਗਲੀਆਂ ’ਚ ਖੌਰੂ ਪਾਉਣ ਲੱਗਾ। ਪਿੰਡ ਦੇ ਲੋਕ ਇੱਕ-ਦੂਜੇ ਦੇ ਘਰ ਜਾ ਕੇ ਸਦਭਾਵਨਾ ਦਾ ਸਬੂਤ ਦਿੰਦੇ ਹੋਏ ‘ਬਚ ’ ਜੋ ਬਚਿਆ ਜਾਂਦੈ ਤਾਂ, ਸਰਕਾਰੀ ਫਰਮਾਨ ਹੋ ’ਗੇ ਦੇਸ਼ ਵੰਡਿਆ ਗਿਐ’ ਦੀ ਜਾਣਕਾਰੀ ਦੇ ਰਹੇ ਸਨ। ਪਿੰਡ ਦੀਆਂ ਗਲੀਆਂ ’ਚ ਮਜ਼ਹਬੀ ਨਾਅਰਿਆਂ ਦੀਆਂ ਆਵਾਜ਼ਾਂ ਦਿਲਾਂ ਨੂੰ ਕੰਬਾ ਰਹੀਆਂ ਸਨ। ਦੰਗਾਕਾਰੀਆਂ ਦੀ ਫਿਰਕੂ ਲਹਿਰ ਪਿੰਡ ਦੇ ਵਿਹਲੜਾਂ ਨੂੰ ਆਪਣੇ ਨਾਲ ਮਿਲਾਉਂਦੀ ਹੋਈ ਤੂਫ਼ਾਨ ਵਾਂਗ ਵਹਿ ਰਹੀ ਸੀ। ‘ਲੁਕਣਗੇ ਕਿੱਥੇ, ਵੱਢ ਦਿਆਂਗੇ ਘਰਾਂ ’ਚੋਂ ਕੱਢ-ਕੱਢ ਕੇ’ ਦੇ ਲਲਕਾਰੇ ਪਿੰਡ ’ਚ ਦਹਿਸ਼ਤ ਫੈਲਾ ਰਹੇ ਸਨ। ’47 ਤੋਂ ਪਹਿਲਾਂ ਜ਼ਿਲ੍ਹਾ ਲਾਹੌਰ ਦਾ ਪਿੰਡ ਦਾਓਕਾ ਹਿੰਦੁਸਤਾਨ ਦਾ ਮਿਹਨਤੀ, ਮਿਲਣਸਾਰ ਤੇ ਮਿੱਠ-ਬੋਲੜੇ ਲੋਕਾਂ ਦਾ ਸਾਂਝਾ ਪਿੰਡ ਸੀ, ਪਰ ਜਿਓਂ ਹੀ ਰਾਜਨੀਤਕ ਇਸ਼ਾਰੇ ’ਤੇ ਹਿੰਦ-ਪਾਕਿ ਦੀ ਵੰਡ ਹੋਈ ਤਾਂ ਇਹ ਪਿੰਡ ਪਾਕਿਸਤਾਨ ਦੇ ਹਿੱਸੇ ਆ ਗਿਆ।

 ਇਸ ਵੰਡ ਦਾ ਸੰਤਾਪ ਲੱਖਾਂ ਲੋਕਾਂ ਨੇ ਹੰਡਾਇਆ ਹਿੰਦੂ-ਮੁਸਲਿਮ ਜੋ ਇੱਕ ਰਾਤ ਪਹਿਲਾਂ ਭਾਈ-ਭਾਈ ਸਨ, ਅੱਜ ਦਿਨ ਚੜ੍ਹਨ ਤੋਂ ਪਹਿਲਾਂ ਹੀ ਇੱਕ ਦੂਜੇ ਦੀ ਜਾਨ ਦੇ ਵੈਰੀ ਬਣ ਗਏ। ਆਪਣੇ ਹੀ ਪਿੰਡ ਵਿੱਚ ਆਪਣੇ-ਆਪ ਨੂੰ ਬੇਗਾਨਾ ਮਹਿਸੂਸ ਕਰ ਰਹੇ ਪਿੰਡ ਦਾਓਕੇ ਦੇ ਹਿੰਦੂਆਂ ਦੀ ਜਾਨ ’ਤੇ ਬਣ ਆਈ।

ਪੰਡਤ ਜਗਤ ਬਹਾਦਰ, ਪਿੰਡ ਦੇ ਬੜੇ ਹੀ ਸੂਝਵਾਨ ਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਯਤਨਸ਼ੀਲ ਵਿਅਕਤੀ ਸਨ। ਪਿੰਡ ’ਚੋਂ ਹਰ ਜਾਤੀ-ਧਰਮ ਦਾ ਬੰਦਾ ਉਨ੍ਹਾਂ ਤੋਂ ਸਲਾਹ ਲੈਣ ਆਉਂਦਾ ਸੀ। ਪੰਡਤ ਜਗਤ ਬਹਾਦਰ ਮਾਂ-ਬਾਪ ਦਾ ’ਕੱਲ੍ਹਾ ਪੁੱਤਰ ਹੋਣ ਕਰਕੇ ਚੰਗੀ ਖੁਰਾਕ ਤੇ ਸਾਂਭ-ਸੰਭਾਲ ਸਦਕਾ ਵਧੀਆ ਵਿਦਵਾਨ ਹੋਣ ਦੇ ਨਾਲ-ਨਾਲ ਪਹਿਲਵਾਨ ਵੀ ਸੀ। ਚੰਗੀ ਜਾਇਦਾਦ ਤੇ ਬਲ਼ਦਾਂ ਦੀਆਂ ਦੋ ਜੋਗਾਂ ਘਰ ਦਾ ਸ਼ਿੰਗਾਰ ਸਨ। ਉਨ੍ਹਾਂ ਦੀਆਂ ਦੋ ਧੀਆਂ ਸਨ ਰੱਜੀ ਤੇ ਗੇਜੋ ਪੰਡਤ ਜੀ ਦੀ ਪਤਨੀ ਗਹਿਣੇ ਤੇ ਪੈਸੇ ਰੱਖ-ਰੱਖ ਭੁੱਲਦੀ ਸੀ, ਐਨਾ ਰਿਜ਼ਕ ਸੀ ਪੰਡਤ ਜੀ ਦੇ ਘਰ ਜਿਸ ਘਰ ਦੋ ਜਵਾਨ ਧੀਆਂ ਤੇ ਇੱਕ ਔਰਤ ਹੋਵੇ ਉਸ ਲਈ ਇਸ ਤਰ੍ਹਾਂ ਦਾ ਦੰਗਿਆਂ ਭਰਿਆ ਦਿਨ ਕਾਲ ਬਣ ਕੇ ਆਉਂਦਾ ਹੈ। ਬੰਦੇ ਨੂੰ ਆਪਣੀ ਜਾਨ ਨਾਲੋਂ ਇੱਜ਼ਤ ਦੀ ਚਿੰਤਾ ਕਿਤੇ ਜ਼ਿਆਦਾ ਹੋ ਜਾਂਦੀ ਹੈ ਭੜਕੀ ਭੀੜ ਹਰ ਕਿਸੇ ਦੀ ਇੱਜ਼ਤ ਤੇ ਜਾਨ ਖ਼ਤਮ ਕਰਨ ’ਤੇ ਉਤਾਰੂ ਹੋਈ ਪਈ ਸੀ। ਜਿੱਥੇ ਪੰਡਤ ਜਗਤ ਬਹਾਦਰ ਦਾ ਘਰ ਸੀ ਉਹ ਸਾਰਾ ਮੁਹੱਲਾ ਮੁਸਲਿਮ ਭਾਈਚਾਰੇ ਦਾ ਹੀ ਸੀ। ਪੰਡਤ ਜੀ ਨੇ ਆਪਣੀਆਂ ਧੀਆਂ ਤੇ ਪਤਨੀ ਨੂੰ ਅੰਦਰ ਵਾਲੀ ਸਭ੍ਹਾਤ ’ਚ ਵੱਡੇ ਸੰਦੂਕ ’ਚ ਵਾੜ ਕੇ ਉੱਤੋਂ ਜ਼ਿੰਦਰਾ ਲਾ ਦਿੱਤਾ ਤਾਂ ਕਿ ਨਾ ਇਹ ਭੜਕੀ ਭੀੜ ਦੇ ਸਾਹਮਣੇ ਆਉਣ ਤੇ ਨਾ ਕੋਈ ਅਣਹੋਣੀ ਹੋਵੇ ਐਨੇ ਨੂੰ ਪੰਡਤ ਜੀ ਦੇ ਘਰ ਦਾ ਦਰਵਾਜ਼ਾ ਖੜਕਿਆ। ਪੰਡਤ ਜੀ ਨੇ ਭੱਜ ਕੇ ਕੋਨੇ ’ਚ ਪਿਆ ਗੰਡਾਸਾ ਚੁੱਕਦਿਆਂ ਸੰਦੂਕ ਦਾ ਜਿੰਦਰਾ ਖਿੱਚ ਕੇ ਚੈੱਕ ਕੀਤਾ। ਉਹ ਘਬਰਾਏ ਹੋਏ ਅੰਦਰੋ-ਅੰਦਰੀ ਆਉਣ ਵਾਲੀ ਮੁਸੀਬਤ ਨਾਲ ਨਜਿੱਠਣ ਦੀਆਂ ਵਿਓਂਤਾਂ ਬਣਾਉਣ ਲੱਗੇ। ਐਨੇ ਨੂੰ ਬਾਹਰੋਂ ਦਬੀ ਜਿਹੀ ਆਵਾਜ਼ ਆਈ, ‘ਪੰਡਤ ਜੀ ਮੈਂ ਮੁਹੰਮਦ ਬਖਸ਼ੀ ਤੁਹਾਡਾ ਮਿੱਤਰ’। ਮੁਹੰਮਦ ਬਖਸ਼ੀ ਪੰਡਤ ਜੀ ਦਾ ਵਿਸ਼ਵਾਸਯੋਗ ਮਿੱਤਰ ਸੀ। ਪੰਡਤ ਜਗਤ ਬਹਾਦਰ ਦੀ ਜਾਨ ’ਚ ਜਾਨ ਆ ਗਈ ਪਰ ਦਿਲ ਵਿਚ ਇਹ ਵੀ ਧੁਕੜੂ ਕਿ ਇਹ ਵੀ ਤਾਂ ਮੁਸਲਿਮ ਭਾਈਚਾਰੇ ਨਾਲ ਸਬੰਧਤ ਹੈ, ਕਿਤੇ ਧੋਖਾ ਨਾ ਦੇ ਜਾਵੇ ਦਿਲ ਨਾਲ ਵਿਚਾਰ ਤੋਂ ਬਾਅਦ ਪੰਡਤ ਜੀ ਨੇ ਹੌਂਸਲਾ ਕਰਕੇ ਦਰਵਾਜ਼ਾ ਖੋਲ੍ਹ ਦਿੱਤਾ। ਮੁਹੰਮਦ ਬਖਸ਼ੀ ਅੰਦਰ ਆਉਂਦਾ ਹੀ ਕਹਿਣ ਲੱਗਾ, ‘ਫਿਕਰ ਨਾ ਕਰੋ ਪੰਡਤ ਜੀ, ਮੈਂ ਤੁਹਾਡਾ ਮਿੱਤਰ ਤੁਹਾਡੇ ਨਾਲ ਹਾਂ। ਮੈਨੂੰ ਪਤਾ ਲੱਗਿਐ ਕਿ ਸਾਰੇ ਹਿੰਦੂਆਂ ਨੂੰ ਜਲਦੀ ਤੋਂ ਜਲਦੀ ਪਾਕਿਸਤਾਨ ਤੋਂ ਹਿੰਦੁਸਤਾਨ ਭੇਜਿਆ ਜਾ ਰਿਹਾ ਹੈ। ਕਹਿੰਦੇ ਨੇ ਜੇਕਰ ਕੋਈ ਹਿੰਦੂ ਭੜਕੀ ਭੀੜ ਦੇ ਹੱਥੀਂ ਚੜ੍ਹ ਜਾਂਦੈ ਤਾਂ ਉਸ ਨੂੰ ਪਰਿਵਾਰ ਸਮੇਤ ਖ਼ਤਮ ਕਰ ਦਿੱਤਾ ਜਾਂਦੈ ਤੇ ਜੋ ਵੀ ਪੈਸਾ ਪਾਈ ਹੈ ਸਭ ਲੁੱਟ ਲਿਆ ਜਾਂਦੈ।

ਬਹੁਤ ਸਾਰੇ ਹਿੰਦੂ ਆਪਣੇ ਅੱਧੇ ਪਰਿਵਾਰ ਇੱਧਰ ਹੀ ਛੱਡ ਕੇ ਭੱਜ ਰਹੇ ਨੇ ਪਰ ਪੰਡਤ ਜੀ ਤੁਸੀਂ ਫ਼ਿਕਰ ਨਾ ਕਰੋ ਮੈਂ ਤੁਹਾਨੂੰ ਸਹੀ ਸਲਾਮਤ ਹਿੰਦੁਸਤਾਨ ਪਹੁੰਚਾਵਾਂਗਾ’। ਇੱਕ ਗੈਰ ਭਾਈਚਾਰੇ ਦਾ ਬੰਦਾ ਇਹ ਗੱਲਾਂ ਕਰ ਰਿਹਾ ਸੀ ਤਾਂ ਪੰਡਤ ਜੀ ਦੀਆਂ ਅੱਖਾਂ ਭਰ ਆਈਆਂ ਕਹਿਣ ਲੱਗੇ, ‘ਜਿਉਂਦਾ ਰਹਿ ਭਰਾਵਾ, ਤੇਰੇ ਐਨਾ ਕਹਿਣ ਨਾਲ ਹੀ ਮੇਰਾ ਹੌਂਸਲਾ ਪਹਾੜ ਤੋਂ ਵੀ ਵੱਡਾ ਹੋ ਗਿਆ’। ਸੂਰਜ ਦਾ ਚੜ੍ਹਾਅ ਹੁੰਦਿਆਂ ਚਾਨਣ ਹੋ ਰਿਹਾ ਸੀ। ਮੁਹੰਮਦ ਬਖਸ਼ੀ ਨੇ ਪੰਡਿਤ ਜੀ ਨੂੰ ਕਿਹਾ, ‘ਬਿਨਾਂ ਕੋਈ ਦੇਰੀ ਕੀਤਿਆਂ ਹੁਣ ਸਾਨੂੰ ਹਿੰਦੁਸਤਾਨ ਦੇ ਕੈਂਪ ਵੱਲ ਜਾਣਾ ਚਾਹੀਦੈ। ਮੈਂ ਸੰਭਾਲ ਕਰਾਂਗਾ ਤੇਰੇ ਘਰ-ਬਾਰ ਦੀ ਜਦੋਂ ਹਾਲਾਤ ਸਹੀ ਹੋ ਜਾਣਗੇ ਤਾਂ ਤੁਸੀਂ ਆ ਕੇ ਮੇਰੇ ਤੋਂ ਸਹੀ-ਸਲਾਮਤ ਆਪਣਾ ਘਰ ਤੇ ਮਾਲ-ਡੰਗਰ ਲੈ ਲੈਣਾ। ਫ਼ਸਲ ਦੀ ਸੰਭਾਲ ਵੀ ਮੈਂ ਆਪੇ ਕਰ ਲਵਾਂਗਾ’ ਪੰਡਤ ਜੀ ਨੇ ਅੱਖਾਂ ਭਰਦਿਆਂ ਕਿਹਾ, ‘ਜਿਉਂਦੇ ਰਹੇ ਤਾਂ ਜ਼ਰੂਰ ਆਵਾਂਗੇ ਆਪਣੇ ਘਰ, ਮਿਲਾਂਗੇ ਤੈਨੂੰ ਮੇਰੇ ਯਾਰਾ! ਬੱਸ ਆਪਣੇ ਖੁਦਾ ਅੱਗੇ ਸਲਾਮਤੀ ਦੀ ਖੈਰ ਮੰਗਦਾ ਰਹੀਂ’।
 
ਪੰਡਤ ਜੀ ਨੇ ਆਪਣੀ ਪਤਨੀ ਤੇ ਧੀਆਂ ਨੂੰ ਸੰਦੂਕ ’ਚੋਂ ਕੱਢਿਆ ਤੇ ਲੋੜੀਂਦਾ ਸਮਾਨ ਗੱਡੇ ’ਤੇ ਲੱਦ ਲਿਆ ਬਲਦਾਂ ਦੀ ਜੋੜੀ, ਜਿਨ੍ਹਾਂ ਨੂੰ ਪੰਡਤ ਜਗਤ ਬਹਾਦਰ ਪੁੱਤਰਾਂ ਤੋਂ ਵੀ ਵੱਧ ਸਮਝਦਾ ਸੀ,। ਅੱਜ ਉਨ੍ਹਾਂ ਦੀ ਪ੍ਰੀਖਿਆ ਦੀ ਘੜੀ ਸੀ ਆਪਣੀ ਪਤਨੀ, ਧੀਆਂ ਤੇ ਪੰਡਤ ਜਗਤ ਬਹਾਦਰ ਗੱਡੇ ਦੇ ਵਿਚਕਾਰ ਸਮਾਨ ’ਚ ਲੁਕ ਕੇ ਬੈਠ ਗਏ ਤੇ ਮੁਹੰਮਦ ਬਖਸ਼ੀ ਨੇ ਗੱਡਾ ਲਾਹੌਰ ਸ਼ਹਿਰ ਵੱਲ ਹੱਕ ਲਿਆ ਕਿਉਂਕਿ ਹਿੰਦੁਸਤਾਨ ਜਾਣ ਵਾਲੇ ਹਿੰਦੂਆਂ ਦੇ ਕੈਂਪ ਲਾਹੌਰ ਸ਼ਹਿਰ ਦੇ ਕੋਲ ਲਾਏ ਗਏ ਸਨ। ਦਾਓਕਾ ਪਿੰਡ ਕੋਲੋਂ ਲੰਘਦੀ ਨਹਿਰ ਦੇ ਪੁਲ ’ਤੇ ਜਦੋਂ ਗੱਡਾ ਪਹੁੰਚਿਆ ਤਾਂ ਮੁਹੰਮਦ ਬਖਸ਼ੀ ਤੇ ਪੰਡਤ ਜਗਤ ਬਹਾਦਰ ਦੀਆਂ ਚੀਕਾਂ ਨਿਕਲ ਗਈਆਂ। ਉਨ੍ਹਾਂ ਕੀ ਦੇਖਿਆ ਕਿ ਨਹਿਰ ਦਾ ਪਾਣੀ ਖੂਨੋ-ਖੂਨ ਹੈ ਤੇ ਨਹਿਰ ਲਾਸ਼ਾਂ ਨਾਲ ਭਰੀ ਵਗ ਰਹੀ ਸੀ ਇਸ ਗੱਲ ਤੋਂ ਪੰਡਤ ਜੀ ਨੇ ਅੰਦਾਜ਼ਾ ਲਾ ਲਿਆ ਕਿ ਮਾਹੌਲ ਕਿੰਨਾ ਵਿਗੜ ਚੁੱਕਾ ਹੈ। ਗੱਡਾ ਅਜੇ ਪਿੰਡ ਤੋਂ ਕੁਝ ਦੂਰ ਹੀ ਗਿਆ ਸੀ ਕਿ ਖੇਤਾਂ ’ਚੋਂ ਕੁਝ ਦੰਗਾਕਾਰੀ ਨੰਗੀਆਂ ਤਲਵਾਰਾਂ ਲੈ ਕੇ ਨਿੱਕਲੇ ਤੇ ਅੰਨ੍ਹੇਵਾਹ ਹੱਲਾ ਬੋਲ ਦਿੱਤਾ। ਮੁਹੰਮਦ ਬਖਸ਼ੀ ਨੇ ਦੰਗਾਕਾਰੀਆਂ ਨੂੰ ਆਪਣੇ ਮੁਸਲਿਮ ਹੋਣ ਦੀ ਪਛਾਣ ਦਿੱਤੀ ਪਰ ਸਿਆਣੇ ਸੱਚ ਹੀ ਕਹਿੰਦੇ ਨੇ ਕਿ ਦੰਗਾਕਾਰੀਆਂ ਦਾ ਕੋਈ ਧਰਮ ਨਹੀਂ ਹੁੰਦਾ, ਉਨ੍ਹਾਂ ਦਾ ਕੰਮ ਹੁੰਦੈ ਸਿਰਫ਼ ਮਾਰਨਾ ਤੇ ਲੁੱਟਣਾ, ਉਨ੍ਹਾਂ ਮੁਹੰਮਦ ਬਖਸ਼ੀ ਦੀ ਕੋਈ ਵੀ ਗੱਲ ਸੁਣੇ ਬਿਨਾ ਗੱਡੇ ਤੋਂ ਹੇਠਾਂ ਲਾਹ ਸੁੱਟਿਆ ਤੇ ਪੁੱਛਣ ਲੱਗੇ ਕਿ ਕਿੱਧਰ ਲਿਜਾ ਰਿਹੈਂ ਪੰਡਤ ਦੇ ਬਲਦਾਂ ਦੀ ਜੋੜੀ। ਮੁਹੰਮਦ ਬਖਸ਼ੀ ਨੇ ਬਿਨਾਂ ਘਬਰਾਏ ਆਪਣਾ ਧਰਮ ਤੇ ਸੱਚੀ-ਸੁੱਚੀ ਯਾਰੀ ਨਿਭਾਉਂਦਿਆਂ ਗਰਜਵੀਂ ਅਵਾਜ਼ ’ਚ ਪੰਡਤ ਜੀ ਨੂੰ ਭੱਜਣ ਲਈ ਕਿਹਾ। ਦੰਗਾਕਾਰੀਆਂ ਨੇ ਮੁਹੰਮਦ ਬਖਸ਼ੀ ’ਤੇ ਤਲਵਾਰਾਂ ਵਰ੍ਹਾ ਦਿੱਤੀਆਂ ਆਪਣੀ ਇੱਜ਼ਤ ਬਾਰੇ ਸੋਚ ਪੰਡਤ ਜਗਤ ਬਹਾਦਰ ਜੀ ਨਾ ਚਾਹੁੰਦੇ ਹੋਏ ਵੀ ਆਪਣੀਆਂ ਦੋਵਾਂ ਧੀਆਂ ਤੇ ਪਤਨੀ ਦੀਆਂ ਬਾਹਾਂ ਘੁੱਟ ਕੇ ਫੜ੍ਹ ਭੱਜ ਤੁਰੇ ਪਰ ਉਨ੍ਹਾਂ ਦਾ ਕੰਨ ਆਪਣੇ ਜ਼ਿਗਰੀ ਯਾਰ ਦੇ ਬੋਲਾਂ ਵੱਲ ਜੋ ਉਨ੍ਹਾਂ ਨੂੰ ਆਪਣੀ ਇੱਜ਼ਤ ਬਚਾਅ ਕੇ ਭੱਜਣ ਲਈ ਕਹਿ ਰਿਹਾ ਸੀ। ਮੁਹੰਮਦ ਬਖਸ਼ੀ ਦੀ ਅਵਾਜ਼ ਮੱਧਮ ਹੁੰਦੀ-ਹੁੰਦੀ ਬੰਦ ਹੋ ਗਈ ਪੰਡਤ ਜੀ ਨੇ ਮੁੜ ਕੇ ਦੇਖਿਆ ਮੁਹੰਮਦ ਬਖਸ਼ੀ ਆਪਣੇ ਬਚਨ ’ਤੇ ਕੁਰਬਾਨ ਹੋ ਚੁੱਕਾ ਸੀ। ਪੰਡਤ ਜੀ ਇਹ ਹਾਦਸਾ ਦੇਖ ਕੇ ਝੰਜੋੜੇ ਗਏ ਇੱਕ ਵਾਰ ਤਾਂ ਆਪਣੇ ਯਾਰ ਦੀ ਕੁਰਬਾਨੀ ਨੂੰ ਦੇਖ ਕੇ ਉਹ ਟੁੱਟ ਗਏ ਤੇ ਸੋਚਣ ਲੱਗੇ ਇੱਥੇ ਹੀ ਆਪਣੇ ਤੇ ਆਪਣੇ ਪਰਿਵਾਰ ਦੇ ਪ੍ਰਾਣ ਤਿਆਗ ਦੇਣ ਮੁਹੰਮਦ ਬੁਖਸ਼ੀ ਵੱਲੋਂ ਦਿੱਤੀ ਗਈ ਕੁਰਬਾਨੀ ਤੇ ਯਾਰੀ ਦੇ ਵਾਸਤੇ ਨੇ ਪਰਿਵਾਰ ਸਮੇਤ ਭੱਜ ਕੇ ਜਾਨ ਬਚਾਉਣ ਦਾ ਹੌਂਸਲਾ ਦਿੱਤਾ ਤੇ ਪੰਡਤ ਜੀ ਨੇ ਯਾਰ ਦੀ ਮੌਤ ਦਾ ਗਮ ਦਿਲ ’ਚ ਸਮੇਟ ਕੇ ਕੈਂਪ ਵੱਲ ਨੂੰ ਦੌੜ ਲਾ ਦਿੱਤੀ।

ਇੱਥੇ ਤਾਂ ਯਾਰ ਦੀ ਕੁਰਬਾਨੀ ਨੇ ਪੰਡਤ ਜੀ ਦੇ ਪਰਿਵਾਰ ਦੀ ਜਾਨ ਬਚਾ ਲਈ ਪਰ ਹੋਣੀ ਨੂੰ ਕੌਣ ਟਾਲ ਸਕਦੈ। ਪੰਡਤ ਜਗਤ ਬਹਾਦਰ, ਉਨ੍ਹਾਂ ਦੀਆਂ ਦੋਵੇਂ ਧੀਆਂ ਤੇ ਪਤਨੀ ਅਜੇ ਥੋੜ੍ਹੀ ਵਾਟ ਹੀ ਭੱਜੇ ਸਨ ਕਿ ਘੋੜੀਆਂ ’ਤੇ ਸਵਾਰ ਕੁਝ ਹੋਰ ਦੰਗਾਕਾਰੀਆਂ ਦੀ ਭੈੜੀ ਨਿਗ੍ਹਾ ਉਨ੍ਹਾਂ ’ਤੇ ਆਣ ਪਈ ਇੱਥੇ ਲੋੜ ਪਈ ਪੰਡਤ ਜੀ ਦੀ ਪਤਨੀ ਦੀ ਕੁਰਬਾਨੀ ਦੀ, ਉਸ ਨੇ ਪੰਡਤ ਜੀ ਤੇ ਦੋਵਾਂ ਧੀਆਂ ਨੂੰ ਭੱਜਣ ਲਈ ਕਿਹਾ ਤੇ ਖੁਦ ਘੋੜੀਆਂ ਦੇ ਅੱਗੇ ਜਾ ਖੜ੍ਹੀ ਜਿਓਂ ਹੀ ਦੰਗਾਕਾਰੀਆਂ ਨੇ ਉਸ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਇੱਕ ਦੰਗਾਕਾਰੀ ਦੀ ਤਲਵਾਰ ਖੋਹ ਕੇ ਆਤਮ ਰੱਖਿਆ ਕੀਤੀ ਤੇ ਦੋ-ਤਿੰਨ ਨੂੰ ਜ਼ਖ਼ਮੀ ਕਰਦੀ ਹੋਈ ਮੌਤ ਦੇ ਮੂੰਹ ’ਚ ਜਾ ਪਈ। ਦੰਗਾਕਾਰੀਆਂ ਨੇ ਪੰਡਤ ਜੀ ਦਾ ਪਿੱਛਾ ਕੀਤਾ ਤੇ ਰਫਿਊਜੀ ਕੈਂਪ ’ਚ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਜਾ ਘੇਰਿਆ। ਜਾਨ ਅਤੇ ਇੱਜ਼ਤ ਦੇ ਬਣ ਆਈ ਦੇਖ ਪੰਡਿਤ ਜੀ ਦੰਗਾਕਾਰੀਆਂ ਨਾਲ ਭਿੜ ਗਏ ਨਿਹੱਥੇ ਹੋਣ ਕਾਰਨ ਤਿੰਨੇ ਜਣੇ ਸਖ਼ਤ ਜ਼ਖ਼ਮੀ ਹੋ ਗਏ ਐਨੇ ਨੂੰ ਫੌਜ ਦੇ ਜਵਾਨ ਉੱਥੇ ਪਹੁੰਚ ਗਏ ਤੇ ਦੰਗਾਕਾਰੀ ਭੱਜ ਨਿੱਕਲੇ। ਪੰਡਤ ਜੀ ਤੇ ਉਨ੍ਹਾਂ ਦੀਆਂ ਧੀਆਂ ਨੂੰ ਰਫਿਊਜ਼ੀ ਕੈਂਪ ਲੈ ਗਏ ਕੈਂਪ ’ਚ ਉਨ੍ਹਾਂ ਨੂੰ ਚਾਚੇ-ਤਾਇਆਂ ਦੇ ਪੁੱਤ ਵੀ ਮਿਲੇ ਪਰ ਪਤਨੀ ਅਤੇ ਜਿਗਰੀ ਦੋਸਤ ਦੀ ਮੌਤ ਦੀ ਅੱਖੀਂ ਦੇਖੀ ਘਟਨਾ ਦਿਮਾਗ ਤੋਂ ਨਹੀਂ ਸੀ ਉੱਤਰ ਰਹੀ।

ਕੁਝ ਦਿਨਾਂ ਬਾਅਦ ਕੈਂਪ ’ਚੋਂ ਸਾਰੇ ਲੋਕਾਂ ਨੂੰ ਹਿੰਦੁਸਤਾਨ ਲਈ ਰਵਾਨਾ ਕਰ ਦਿੱਤਾ ਗਿਆ ਦਿਨ ਲੰਘਦੇ ਗਏ ਪਰ ਦਿਲ ’ਤੇ ਲੱਗੇ ਜ਼ਖ਼ਮ ਅਜੇ ਵੀ ਅੱਲੇ ਸਨ ਪਰਿਵਾਰ ਤਾਂ ਪੰਡਤ ਜੀ ਨੇ ਭਾਵੇਂ ਹਿੰਦੁਸਤਾਨ ਮੁੜ-ਵਸੇਬੇ ਤੋਂ ਬਾਅਦ ਬਣਾ ਲਿਆ ਪਰ ਇਸ ਲਈ ਦਿੱਤੀਆਂ ਕੁਰਬਾਨੀਆਂ ਨੂੰ ਰਹਿੰਦੀ ਜ਼ਿੰਦਗੀ ਤੱਕ ਨਹੀਂ ਭੁੱਲ ਸਕੇ।

ਸੰਪਰਕ: +91 94683 34603

Comments

Security Code (required)



Can't read the image? click here to refresh.

Name (required)

Leave a comment... (required)





ਕਹਾਣੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ