Thu, 18 April 2024
Your Visitor Number :-   6980054
SuhisaverSuhisaver Suhisaver

ਬਰੂਹਾਂ 'ਤੇ ਖੜਾ ਭਗਤ ਸਿੰਘ –ਪਰਮ ਪੜਤੇਵਾਲਾ

Posted on:- 27-09-2018

suhisaver

ਮਨੁੱਖ ਦੀ ਸਭ ਤੋਂ ਕੀਮਤੀ ਦੌਲਤ ਉਸ ਦੀ ਜ਼ਿੰਦਗੀ ਹੈ, ਤੇ ਉਸ ਕੋਲ ਜਿਊਣ ਲਈ ਸਿਰਫ ਇੱਕ ਹੀ ਜ਼ਿੰਦਗੀ ਹੈ। ਇਸ ਇੱਕ ਜ਼ਿੰਦਗੀ ਦਾ ਆਪਣੇ ਅਸੂਲਾਂ ਨੂੰ ਪਿਆਰ ਕਰਦੇ ਹੋਏ ਮਨੁੱਖਤਾ ਦੀ ਆਜ਼ਾਦੀ ਲਈ ਜੱਦੋ-ਜਹਿਦ ਹੀ ਸਾਡਾ ਹੁਣ ਤੱਕ ਦਾ ਇਤਿਹਾਸ ਹੈ। ਇਹ ਕਹਿਣਾ ਗਲਤ ਹੈ ਕਿ ਇਤਿਹਾਸ ਰਾਜ ਕਰਨ ਵਾਲਿਆਂ ਦਾ ਹੁੰਦਾ ਹੈ, ਜਦਕਿ ਸੱਚ ਤਾਂ ਇਹ ਹੈ ਕਿ ਹੁਣ ਤੱਕ ਦਾ ਇਤਿਹਾਸ ਕਿਰਤੀ ਦਾ ਇਤਿਹਾਸ ਹੈ ਤੇ ਕਿਰਤ ਵਿਕਾਸ ਕਰਦੀ ਹੋਈ ਬਹੁਗਿਣਤੀ ਲੋਕਾਂ  (ਕਿਰਤੀਆਂ/ਬੇਰੁਜ਼ਗਾਰਾਂ/ਮਜ਼ਦੂਰਾਂ /ਕਿਸਾਨਾਂ/ਦੁਕਾਨਦਾਰਾਂ/ਸੇਵਾਕਰਮੀਆਂ) ਦੇ ਵਿੱਚੋਂ ਸਮਾਜਿਕ ਹਾਲਤਾਂ ਨੂੰ ਸਮਝਣ ਵਾਲੇ ਨਾਇਕ ਦਾ ਨਾਮ ਆਪਮੁਹਾਰੇ ਹੀ ਇਤਿਹਾਸ ਦੇ ਪੰਨਿਆਂ 'ਤੇ ਲਿਖਿਆ ਜਾਂਦਾ ਹੈ। ਅਜਿਹਾ ਹੀ ਇੱਕ ਨਾਇਕ ਭਗਤ ਸਿੰਘ ਹੈ, ਜਿਸ ਨੇ ਆਪਣੇ ਜੀਵਨ ਦੀ ਗਤੀਵਿਧੀਆਂ ਨੂੰ ਕਾਰਲ ਮਾਰਕਸ ਦੇ ਪਦਾਰਥਵਾਦੀ ਵਿਰੋਧਵਿਕਾਸੀ ਸਿਧਾਂਤ 'ਚ ਲੱਭਿਆ।

ਉਸ ਨੇ ਸਮਝਿਆ ਕਿ ਮਨੁੱਖਾਂ ਦੇ ਵਜੂਦ ਨੂੰ ਉਨ੍ਹਾਂ ਦੀ ਚੇਤਨਤਾ ਨਿਸ਼ਚਿਤ ਨਹੀਂ ਕਰਦੀ, ਸਗੋਂ ਇਸ ਦੇ ਉਲਟ ਉਨਾਂ ਦਾ ਸਮਾਜੀ ਵਜੂਦ ਹੀ ਚੇਤਨਤਾ ਨਿਸ਼ਚਿਤ ਕਰਦਾ ਹੈ, ਜਿਸ ਗੱਲ ਨੂੰ ਮਾਰਕਸ ਨੇ ਆਪਣੇ ਸਿਧਾਂਤ 'ਚ ਠੋਸ ਰੂਪ 'ਚ ਪੇਸ਼ ਵੀ ਕੀਤਾ ਹੈ।

28 ਸਤੰਬਰ 1907 ਨੂੰ ਜੰਮਿਆ ਭਗਤ ਸਿੰਘ ਕਦੋਂ ਜਵਾਨ ਹੋ ਕੇ ਦੇਸ਼ ਦੇ ਲੋਕਾਂ ਲਈ ਰਾਹਦਰਸੇਰਾ ਬਣ ਗਿਆ ਤੇ ਉਸ ਦੇ ਕੰਮਾਂ ਨੇ ਕਿਸ ਤਰੀਕੇ ਨਾਲ ਦੁਨੀਆਂ ਦੀ ਰਾਜਨੀਤੀ 'ਚ ਹਲਚਲ ਮਚਾਈ, ਅਸੀਂ ਇਸ ਦੀ ਸਮਝ ਲਈ ਭਗਤ ਸਿੰਘ ਨੂੰ ਉਸਦੀ ਵਿਚਾਰਧਾਰਾ ਤੋਂ ਨਿਖੇੜ ਕੇ ਨਹੀਂ ਜਾਣ ਸਕਦੇ। ਵੀਹਵੀਂ ਸਦੀ ਦਾ ਜੁਆਨ ਗੱਭਰੂ ਅੱਜ ਦੀ ਇੱਕਵੀਂ ਸਦੀ ਦੇ ਨੌਜਵਾਨਾਂ ਲਈ ਹੋਰ ਵੀ ਜ਼ਿਆਦਾ ਪ੍ਰਭਾਵਸ਼ਾਲੀ ਰਾਹਦਰਸੇਰਾ ਹੈ। ਬਾਬਾ ਸੋਹਣ ਸਿੰਘ ਭਕਣਾ ਭਗਤ ਸਿੰਘ ਬਾਰੇ ਲਿਖਦੇ ਹਨ, "ਉਹ 6 ਫੁੱਟ ਦਾ ਲੰਬਾ, ਬਹੁਤ ਖੂਬਸੂਰਤ ਅਤੇ ਮੁੱਛਫੁੱਟਾ ਨੌਜਵਾਨ ਸੀ। ਉਹ ਨਿਡਰ ਜਰਨੈਲ, ਫਿਲਾਸਫਰ ਤੇ ਉੱਚ ਦਰਜ਼ੇ ਦੀ ਰਾਜਨੀਤਿਕ ਸੂਝ ਰੱਖਣ ਵਾਲਾ ਨੌਜਵਾਨ ਸੀ। ਦੇਸ਼ਭਗਤੀ ਦੇ ਨਾਲ ਨਾਲ ਦੁਨੀਆਂ ਭਰ ਦੀ ਪੀੜੜ ਜਨਤਾ ਦਾ ਦਰਦ ਉਸਦੇ ਦਿਲ 'ਚ ਕੁੱਟ ਕੁੱਟ ਕੇ ਭਰਿਆ ਹੋਇਆ ਸੀ। ਜਦ ਵੀ ਮੈਂ ਭਗਤ ਸਿੰਘ ਨੂੰ ਮਿਲਦਾ ਤਾਂ ਮੈਨੂੰ ਇੰਝ ਲਗਦਾ ਕਿ ਭਗਤ ਸਿੰਘ ਤੇ ਕਰਤਾਰ ਸਿੰਘ ਸਰਾਭਾ ਦੀਆਂ ਕੇਵਲ ਮੂਰਤੀਆਂ ਹੀ ਦੋ ਹਨ, ਪਰ ਉਨ੍ਹਾਂ ਦੇ ਗੁਣ-ਕਰਮ ਅੰਤਾਹ ਇੱਕੋ ਹਨ। ਏਕ ਜੋਤਿ ਦੂਇ ਮੂਰਤੀ ਵਾਲੀ ਮਿਸਾਲ ਉਨ੍ਹਾਂ 'ਤੇ ਢੁੱਕਦੀ ਹੈ।"

ਅਸਲ ਭਗਤ ਸਿੰਘ ਮੌਸਮਾਂ ਵਰਗਾ ਨਹੀਂ, ਜੋ ਕੁਝ ਮਹੀਨੇ ਸਾਡੇ ਮਨ੍ਹਾਂ 'ਚ ਰਹੇ ਤੇ ਫਿਰ ਅਲੋਪ ਹੋ ਜਾਵੇ। ਭਗਤ ਸਿੰਘ ਤਾਂ ਕੁਦਰਤ ਵਾਂਗ ਹੈ, ਜੋ ਇਸ ਧਰਤ ਦੇ ਹਰ ਇੱਕ ਥਾਂ 'ਤੇ ਆਪਣਾ ਅਸਰ ਰੱਖਦਾ ਹੈ। ਇਸ ਲਈ ਹੀ ਵਿਚਾਰਧਾਰਕ ਤੌਰ ਉੱਤੇ ਵੱਖਰੇ ਹੁੰਦੇ ਹੋਏ ਜਵਾਹਰ ਲਾਲ ਨਹਿਰੂ ਵੀ ਭਗਤ ਸਿੰਘ ਦੀ ਸਿਫਤ 'ਚ ਕਹਿੰਦੇ ਹਨ, "ਭਗਤ ਸਿੰਘ ਦਿਲ ਖਿਚਵੇਂ ਅਤੇ ਵਿਦਵਤਾ ਭਰੇ ਚਿਹਰੇ ਦਾ ਮਾਲਕ ਸੀ, ਜਿਸ ਉੱਤੇ ਡੂੰਘੀ ਤਸੱਲੀ ਤੇ ਸ਼ਾਂਤੀ ਦਾ ਪ੍ਰਭਾਵ ਪੈਂਦਾ ਸੀ। ਉਸਦੇ ਚਿਹਰ ਉੱਤੇ ਗੁੱਸੇ ਦੀ ਕੋਈ ਚਲਕ ਨਹੀਂ ਸੀ। ਉਸਦੀ ਤੱਕਣੀ ਅਤੇ ਬੋਲੀ 'ਚ ਅਤਿ ਦਾ ਠਰਮਾਂ ਸੀ। ਕੁਝ ਮਹੀਨਿਆਂ 'ਚ ਹੀ ਪੰਜਾਬ ਹੀ ਨਹੀਂ ਸਗੋਂ ਸਾਰੇ ਉੱਤਰੀ ਹਿੰਦਸਤਾਨ ਦੇ ਹਰ ਇੱਕ ਸ਼ਹਿਰ ਅਤੇ ਪਿੰਡ 'ਚ ਉਸਦਾ ਨਾਮ ਗੂੰਜ ਉੱਠਿਆ। ਉਸਦੇ ਸੰਬੰਧ 'ਚ ਅਣਗਿਣਤ ਗੀਤ ਤੁਰ ਪਏ ਅਤੇ ਉਸ ਮਨੁੱਖ ਨੇ ਜਿਹੜੀ ਲੋਕਪ੍ਰੀਅਤਾ ਹਾਸਿਲ ਕੀਤੀ, ਉਹ ਹੈਰਾਨ ਕਰਨ ਵਾਲੀ ਸੀ।"

ਭਗਤ ਸਿੰਘ ਦੀ ਇਸ ਸਿਫਤ ਪਿੱਛੇ ਉਸਦੀ ਵਿਚਾਰਧਾਰਾ ਸੀ। ਭਗਤ ਸਿੰਘ ਸਾਮਰਾਜ ਦੇ ਖਿਲਾਫ ਇੱਕ ਯੁੱਧ ਲੜਨਾ ਚਾਹੁੰਦਾ ਹੈ। ਸਾਮਰਾਜ ਜਿਸ ਦਾ ਜੀਵਨ ਮੰਡੀ ਦੇ ਜਾਲ ਉੱਤੇ ਨਿਰਧਾਰਿਤ ਸੀ। ਮੰਡੀ ਜਿਸ 'ਚ ਜਿਣਸਾਂ ਦੀ ਵਿਕਰੀ ਹੁੰਦੀ ਸੀ ਅਤੇ ਜਿਣਸਾਂ ਦੀ ਵਿਕਰੀ ਲਈ ਹੀ ਉਸ ਦੌਰ ਦੇ ਦੇਸ਼ਾਂ ਵੱਲੋਂ ਆਪਣੇ ਤੋਂ ਗਰੀਬ, ਕੱਚੇ ਸਾਧਨਾਂ ਦੀ ਬਹੁਤਾਤ ਵਾਲੇ ਤੇ ਸਾਧਨ ਵਿਹੂਣੇ ਦੇਸ਼ਾਂ ਉੱਤੇ ਕਬਜ਼ਾ ਕੀਤਾ ਜਾਂਦਾ ਸੀ ਤਾਂ ਜੋ ਕੱਚੇ ਮਾਲ ਨੂੰ ਪੱਕੇ ਮਾਲ 'ਚ ਬਦਲ ਕੇ ਉਨ੍ਹਾਂ ਦੇਸ਼ਾਂ ਅਤੇ ਦੁਨੀਆਂ ਦੀ ਮੰਡੀ 'ਚ ਹੀ ਮਹਿੰਗੇ ਭਾਅ ਵੇਚਕੇ ਵੱਡਾ ਮੁਨਾਫੇ ਖੱਟਿਆ ਜਾ ਸਕੇ। ਇਸ ਕੰਮ 'ਚ ਲੋਕਾਂ ਦਾ ਕਿਰਦਾਰ ਗੁਲਾਮਾਂ ਵਰਗਾ ਸੀ ਅਤੇ ਉਨ੍ਹਾਂ ਦੇ ਆਪਮੁਹਾਰੇ ਰਾਜਨੀਤਿਕ, ਸਮਾਜਿਕ ਤੇ ਆਰਥਿਕ ਹੱਕਾਂ 'ਤੇ ਕਾਬਜ ਦੇਸ਼ਾਂ ਵੱਲੋਂ ਲੁੱਟ ਦੀ ਮੰਸ਼ਾ ਨਾਲ ਹੀ ਵਪਾਰ ਕੀਤਾ ਜਾਂਦਾ ਸੀ, ਜਿਸ 'ਤੇ ਲੋਕਾਂ ਦਾ ਕੋਈ ਕੰਟਰੋਲ ਨਹੀਂ ਸੀ। ਇਹ ਇੱਕ ਸਾਮਰਾਜੀ ਕਾਰਵਾਈ ਸੀ ਜੋ ਕਿ ਦੁਨੀਆਂ ਦੇ ਬਹੁਤੇ ਦੇਸ਼ਾਂ 'ਚ ਯੂਰਪ ਦੇ ਦੇਸ਼ਾਂ ਵੱਲੋਂ ਕੀਤੀ ਜਾਂਦੀ ਸੀ ਅਤੇ ਇਸ ਦਾ ਕਰਤਾ ਧਰਤਾ ਇੰਗਲੈਂਡ ਸੀ। ਸਾਮਰਾਜੀ ਯੁੱਗ 'ਚ ਮੰਡੀ ਦਾ ਵਿਸਥਾਰ ਦਾ ਮੰਤਵ ਮੁਨਾਫਾ ਹੀ ਸੀ ਅਤੇ ਭਗਤ ਸਿੰਘ ਇਸ ਮੰਡੀ ਦੇ ਵਿਰੁੱਧ, ਸਾਮਰਾਜ ਦੇ ਵਿਰੁੱਧ ਇੱਕ ਜੰਗ ਦਾ ਨਾਮ ਸੀ। ਇਸ ਸਾਮਰਾਜੀ ਹਕੂਮਤ ਤੋਂ ਆਜ਼ਾਦੀ ਪ੍ਰਾਪਤ ਕਰਨਾ ਉਸ ਦੀ ਇੱਛਾ ਸੀ ਅਤੇ ਭਗਤ ਸਿੰਘ ਦੀ ਆਜ਼ਾਦੀ ਪ੍ਰਾਪਤੀ ਦੀ ਸਮਝ ਸੱਤਾ ਦੀ ਤਬਦੀਲੀ, ਹਾਕਮਾਂ ਦੀ ਤਬਦੀਲੀ ਨਹੀਂ ਸੀ, ਸਗੋਂ ਇਸ ਲੋਟੂ ਪ੍ਰਬੰਧ ਦੇ ਵਿਰੁੱਧ ਇੱਕ ਸਮਾਜਵਾਦੀ ਪ੍ਰਬੰਧ ਦੀ ਸਥਾਪਤੀ ਸੀ। ਉਹ ਸਿਰਫ ਅੰਗਰੇਜ਼ੀ ਹਕੂਮਤ ਦਾ ਭਾਰਤ 'ਚੋਂ ਖਾਤਮਾ ਨਹੀਂ ਕਰਨਾ ਚਾਹੁੰਦਾ ਸੀ, ਬਲਕਿ ਪੂਰੀ ਦੁਨੀਆਂ 'ਚੋਂ ਹੀ ਮਨੁੱਖਤਾ ਦੀ ਸਾਮਰਾਜੀਆਂ ਕੋਲੋਂ ਮੁਕਤੀ ਕਰਵਾਉਣਾ ਚਾਹੁੰਦਾ ਸੀ।

ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਭਗਤ ਸਿੰਘ ਵੱਲੋਂ ਪਹਿਲੀ ਵਾਰ ਭਾਰਤ ਦੇਸ਼ 'ਚ ਲਗਾਇਆ ਗਿਆ। ਅੱਜ ਭਾਰਤ ਦੀਆਂ ਅਖੌਤੀ ਰਾਜਨੀਤਿਕ ਪਾਰਟੀਆਂ ਇਨਕਲਾਬ-ਜ਼ਿੰਦਾਬਾਦ ਦੇ ਨਾਅਰੇ ਨੂੰ ਬਿਨ੍ਹਾਂ ਸਮਝੇ ਹਰ ਜਲਸੇ ਸਟੇਜ 'ਤੇ ਵਰਤਦੀਆਂ ਹਨ ਪਰ ਭਗਤ ਸਿੰਘ ਇਸ ਨਾਅਰੇ ਬਾਰੇ ਲਿਖਦੇ ਹਨ, "ਤੁਸੀਂ 'ਇਨਕਲਾਬ-ਜ਼ਿੰਦਾਬਾਦ' ਦੇ ਨਾਅਰੇ ਲਗਾਉਂਦੇ ਹੋ। ਮੈਂ ਇਹ ਮੰਨ ਕੇ ਤੁਰਦਾਂ ਹਾਂ ਕਿ ਤੁਸੀਂ ਇਸ ਦੇ ਮਤਲਬ ਸਮਝਦੇ ਹੋ। ਅਸੈਂਬਲੀ ਬੰਬ ਕੇਸ ਵਿੱਚ ਦਿੱਤੀ ਗਈ ਸਾਡੀ ਪਰਿਭਾਸ਼ਾ ਮੁਤਾਬਿਕ, "ਇਨਕਲਾਬ ਦਾ ਭਾਵ ਮੌਜੂਦਾ ਸਮਾਜਕ ਢਾਂਚੇ ਦੀ ਤਬਦੀਲੀ ਅਤੇ ਸਮਾਜਵਾਦ ਦੀ ਸਥਾਪਤੀ ਹੈ। ਇਸ ਮੰਤਵ ਲਈ ਸਾਡਾ ਫੌਰੀ ਆਸ਼ਾ, ਤਾਕਤ ਹਾਸਲ ਕਰਨਾ ਹੈ। ਅਸਲ ਵਿੱਚ 'ਰਿਆਸਤ' ਯਾਨੀ ਸਰਕਾਰੀ ਮਸ਼ੀਨਰੀ ਰਾਜ ਕਰਦੀ ਜਮਾਤ ਦੇ ਹੱਥਾਂ ਵਿੱਚ, ਆਪਣੇ ਹਿੱਤਾਂ ਦੀ ਰਾਖੀ ਕਰਨ ਅਤੇ ਹੋਰ ਅੱਗੇ ਵਧਾਉਣ ਦਾ ਸੰਦ ਹੀ ਹੈ। ਅਸੀਂ ਇਸ ਸੰਦ ਨੂੰ ਖੋਹ ਕੇ ਆਪਣੇ ਆਦਰਸ਼ਾਂ ਦੀ ਪੂਰਤੀ ਲਈ ਵਰਤਣਾ ਚਾਹੁੰਦੇ ਹਾਂ। ਸਾਡੇ ਆਦਰਸ਼ ਹਨ ਸਮਾਜਿਕ ਸਿਰਜਣਾ-ਨਵੇਂ ਢੰਗ ਨਾਲ, ਯਾਨੀ ਕਿ 'ਮਾਰਕਸੀ ਢੰਗ' ਤਰੀਕੇ ਉੱਤੇ। ਇਸੇ ਮੰਤਵ ਲਈ ਅਸੀਂ ਸਰਕਾਰੀ ਮਸ਼ੀਨਰੀ ਨੂੰ ਵਰਤਣਾ ਚਾਹੁੰਦੇ ਹਾਂ। ਲਗਾਤਾਰ ਜਨਤਾ ਨੂੰ ਸਿੱਖਿਆ ਦਿੰਦੇ ਰਹਿਣਾ ਹੈ ਤਾਂ ਕਿ ਆਪਣੇ ਸਮਾਜਿਕ ਪ੍ਰੋਗਰਾਮ ਦੀ ਪੂਰਤੀ ਲਈ ਇੱਕ ਸੁਖਾਵਾਂ ਅਤੇ ਅਨੁਕੂਲ ਵਾਤਾਵਰਨ ਬਣਾਇਆ ਜਾ ਸਕੇ। ਅਸੀਂ ਉਨ੍ਹਾਂ ਨੂੰ ਘੋਲਾਂ ਦੇ ਦੌਰਾਨ ਹੀ ਵਧੀਆ ਟ੍ਰੇਨਿੰਗ ਅਤੇ ਵਿੱਦਿਆ ਦੇ ਸਕਦੇ ਹਾਂ।"

ਅਲਬਰਟ ਕਾਮੂ ਕਹਿੰਦਾ ਹੈ ਕਿ ਸੰਸਾਰ ਵਿਚਲੀ ਬਹੁਤੀ ਬੁਰਾਈ ਸਿਰਫ ਅਗਿਆਨ 'ਚੋਂ ਹੀ ਪੈਦਾ ਹੁੰਦੀ ਹੈ ਅਤੇ ਜੇ ਸਮਝ ਦੀ ਘਾਟ ਹੋਵੇ ਤਾਂ ਨੇਕ ਭਾਵਨਾ ਵੀ ਉਨ੍ਹਾਂ ਹੀ ਨੁਕਸਾਨ ਕਰ ਸਕਦੀ ਹੈ, ਜਿੰਨੀ ਕਿ ਮੰਦਭਾਵਨਾ ਕਰ ਸਕਦੀ ਹੈ। ਇਸ ਲਈ ਭਗਤ ਸਿੰਘ ਨੇ ਫਲਸਫੇ ਦੀ ਮਹੱਤਤਾ ਨੂੰ ਬਹੁਤ ਉੱਚਾ ਚੁੱਕਿਆ। ਉਹ ਕਹਿੰਦੇ ਹਨ,"ਜਿੱਥੇ ਸਿੱਧੇ ਸਬੂਤ ਨਹੀਂ ਮਿਲਦੇ, ਉਥੇ ਫਲਸਫੇ ਦਾ ਅਹਿਮ ਸਥਾਨ ਹੁੰਦਾ ਹੈ। ਫਲਸਫਾ ਰਾਹ ਦਰਸੇਰਾ ਹੁੰਦਾ ਹੈ।" ਭਗਤ ਸਿੰਘ ਆਪਣਾ ਮਿਸ਼ਨ ਆਪ ਚੁਣਦਾ ਤੇ ਮਾਰਕਸ ਦੇ ਨੁਕਤੇ "ਦਾਰਸ਼ਨਿਕਾਂ ਨੇ ਵੱਖ-ਵੱਖ ਢੰਗ ਨਾਲ ਦੁਨੀਆ ਦੀ ਕੇਵਲ ਵਿਆਖਿਆ ਕੀਤੀ ਹੈ, ਪਰ ਅਸਲ ਮੁੱਦਾ ਇਸ ਨੁੰ ਬਦਲਣ ਦਾ ਹੈ।" ਤੱਕ ਦੇ ਸਫਰ 'ਚ 'ਪਰਮਗੁਣੀ ਭਗਤ ਸਿੰਘ' ਦੇ ਰੂਪ 'ਚ ਸਾਡੇ ਸਾਹਮਣੇ ਅੱਜ ਰਾਹ ਦਰਸਾਉਣ ਦਾ ਕੰਮ, ਆਪਣੀਆਂ ਲਿਖਤਾਂ ਰਾਹੀਂ ਬਾਖ਼ੂਬੀ ਕਰਦਾ ਹੈ।

ਭਗਤ ਸਿੰਘ ਹਮੇਸ਼ਾਂ ਕਹਿੰਦਾ ਹੈ ਕਿ ਅਧਿਐਨ ਕਰ ਤਾਂ ਜੋ ਵਿਰੋਧੀਆਂ ਦੇ ਸਵਾਲਾਂ ਦਾ ਦਲੀਲ਼ਾਂ ਨਾਲ ਜਵਾਬ ਦੇ ਸਕੇਂ। ਭਗਤ ਸਿੰਘ ਪੜਨ ਦਾ ਬਹੁਤ ਸ਼ੌਕੀਨ ਸੀ। ਅਸਲ ਸਾਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਅਜੋਕਾ ਮੀਡੀਆ ਸਾਨੂੰ ਬੰਦੂਕਾਂ ਵਾਲਾ ਭਗਤ ਸਿੰਘ ਦਿਖਾਉਂਦਾ ਹੈ, ਉਸ ਦਾ ਇਸ ਅਕਸ ਵਾਲਾ ਹੈ ਹੀ ਨਹੀਂ ਸੀ ਕਿਧਰੇ? ਇਸ ਸਵਾਲ ਨੂੰ ਸਾਨੂੰ ਜ਼ਰੂਰ ਵਿਚਾਰਨਾ ਚਾਹੀਦਾ ਹੈ ਤਾਂ ਜੋ ਅਸੀਂ ਅਸਲ ਭਗਤ ਸਿੰਘ ਨੂੰ ਜਾਣ ਸਕਇਏ। ਅਸਲ 'ਚ ਭਗਤ ਸਿੰਘ ਨੂੰ ਪੜਨ ਲਿਖਣ ਦਾ ਬਹੁਤ ਸ਼ੌਂਕ ਸੀ। ਭਗਤ ਸਿੰਘ ਦਾ ਇਕ ਸਾਥੀ ਸ਼ਿਵ ਵਰਮਾ ਉਸ ਬਾਰੇ ਲਿਖਦਾ ਹੈ, "ਭਗਤ ਸਿੰਘ ਮੇਰੇ ਕਮਰੇ 'ਚ ਜ਼ਿਆਦਾ ਸਮਾਂ ਪੜਨ 'ਚ ਹੀ ਬਿਤਾਉਂਦਾ ਸੀ। ਵਿਕਟਰ ਹੂਗੋ, ਹਾਲਕੇਨ, ਤਾਲਸਤਾਏ, ਦੋਸਤੋਵਸਕੀ, ਗੋਰਕੀ, ਬਰਨਾਰਡ, ਸ਼ਾਹ ਡਿਕਸਨ ਆਦਿ ਉਸ ਦੇ ਮਨਪਸੰਦ ਲੇਖਕ ਸਨ।ਪੜਨ ਤੋਂ ਜਦੋਂ ਉਹ ਥੱਕ ਜਾਂਦਾ ਤਾਂ ਹੋਸਟਲ ਦੇ ਪਿੱਛੇ ਗੰਗਾ ਕਿਨਾਰੇ ਜਾ ਕੇ ਬੈਠ ਜਾਂਦਾ ਜਾਂ ਜਦੋਂ ਮੈਨੂੰ ਤੇ ਜੈ ਦੇਵ ਨੂੰ ਕਾਲਜ ਤੋਂ ਫੁਰਸਤ ਹੁੰਦੀ ਤਾਂ ਸਾਡੇ ਨਾਲ ਗੱਲਬਾਤ ਕਰਦਾ। ਉਸਦੀ ਗੱਲਬਾਤ ਦਾ ਵਿਸ਼ਾ ਜ਼ਿਆਦਾ ਕਰਕੇ ਉਸਦੀਆਂ ਪੜੀਆਂ ਕਿਤਾਬਾਂ ਹੀ ਹੁੰਦੀਆਂ ਸਨ। ਉਹਨਾਂ ਬਾਰੇ ਦਸਦਾ ਤੇ ਜੋਰ ਦਿੰਦਾ ਕਿ ਅਸੀਂ ਵੀ ਉਨ੍ਹਾਂ ਨੂੰ ਪੜੀਏ। ਉਹ ਕਦੇ ਕਦੇ ਪੁਰਾਣੇ ਇਨਕਲਾਬੀਆਂ ਦੀਆਂ ਕਹਾਣੀਆਂ ਵੀ ਸੁਣਾਉਂਦਾ......ਕੂਕਾ ਲਹਿਰ, ਗਦਰ ਪਾਰਟੀ ਦਾ ਇਤਿਹਾਸ, ਕਰਤਾਰ ਸਿੰਘ, ਸੂਫੀ ਅੰਬਾ ਪ੍ਰਸਾਦ ਦੀਆਂ ਜੀਵਨੀਆਂ ਅਤੇ ਬੱਬਰ ਅਕਾਲੀਆਂ ਦੀ ਬਹਾਦਰੀ ਦੀਆਂ ਕਹਾਣੀਆਂ ਦੱਸਦੇ-ਦੱਸਦੇ ਉਹ ਖੁਦ ਵੀ ਭਾਵੁਕ ਹੋ ਜਾਂਦਾ। ਉਸਦੀ ਬਿਆਨ ਕਰਨ ਦੀ ਸ਼ੈਲੀ 'ਚ ਇੱਕ ਅਜੀਬ ਖਿੱਚ ਸੀ। ਜਿਸ ਕਾਰਣ ਅਸੀਂ ਦੋਵੇਂ ਹਰ ਰੋਜ਼ ਬਹੁਤ ਪਹਿਲਾਂ ਹੀ ਕਾਲਜ ਤੋਂ ਭੱਜ ਆਉਂਦੇ ਸਨ... ਭਗਤ ਸਿੰਘ ਕਿਤਾਬਾਂ ਪੜਦਾ ਨਹੀਂ ਸਗੋਂ ਨਿਗਲਦਾ ਸੀ।"

ਭਗਤ ਸਿੰਘ ਕਹਿੰਦਾ ਹੈ, "ਤੁਸੀਂ ਹਰ ਗੱਲ ਲਈ ਰੱਬ ਵੱਲ ਵੇਖਦੇ ਹੋ, ਇਸ ਕਾਰਣ ਕਰਕੇ ਹੀ ਤੁਸੀਂ ਕਿਸਮਤਵਾਦੀ ਤੇ ਨਿਰਾਸ਼ਵਾਦੀ ਹੋ। ਕਿਸਮਤਵਾਦ ਮਿਹਨਤ ਤੋਂ ਭੱਜਣ ਦਾ ਇੱਕ ਰਸਤਾ ਹੈ। ਇਹ ਕਮਜੋਰ, ਕਾਇਰ ਤੇ ਭਗੌੜੇ ਲੋਕਾਂ ਦੀ ਆਖਰੀ ਪਨਾਹ ਹੈ। ਰਹੀ ਗੱਲ ਮਸੀਹਿਆਂ ਦੀ, ਜੇ ਉਨ੍ਹਾਂ ਨੇ ਧਰਤੀ ਨੂੰ ਸਵਰਗ ਬਣਾਉਣ ਦੀ ਕੋਸ਼ਿਸ਼ ਕੀਤੀ ਹੁੰਦੀ, ਤਾਂ ਸ਼ਾਇਦ ਦੁਨੀਆਂ ਇਸ ਹਾਲਤ 'ਚ ਨਾ ਹੁੰਦੀ, ਜੋ ਅੱਜ ਅਸੀਂ ਵੇਖ ਰਹੇ ਹਾਂ। ਮਸੀਹਿਆਂ ਨੇ ਧਰਤੀ ਦੀ ਥਾਂ ਆਕਾਸ਼ 'ਚ ਸਵਰਗ ਵਸਾਇਆ, ਇਸੇ ਕਾਰਨ ਕਾਮਯਾਬ ਨਹੀਂ ਹੋ ਸਕੇ। ਅੱਜ ਦਾ ਨਵਾਂ ਇਨਸਾਨ ਹਵਾ 'ਚ ਮਹਿਲ ਨਹੀਂ ਖੜੇ ਕਰਨੇ ਚਾਹੁੰਦਾ। ਉਸਨੇ ਆਪਣੇ ਸਰਵਗ ਦੀ ਨੀਂਹ, ਇਸ ਧਰਤੀ ਦੀ ਠੋਸ ਬੁਨਿਆਦ ਉੱਤੇ ਰੱਖਣੀ ਸ਼ੁਰੂ ਕਰ ਦਿੱਤੀ ਹੈ। ਅੱਜ ਦਾ ਹਰ ਇਨਸਾਨ ਮਸੀਹਾ ਹੈ, ਇਸ ਲਈ ਉਸ ਉੱਪਰ ਮੈਨੂੰ ਵਿਸ਼ਵਾਸ਼ ਹੈ।"

ਏਂਗਲਜ਼ ਕਹਿੰਦਾ ਹੈ, "ਇਨਕਲਾਬ ਸਭ ਤੋਂ ਵੱਡਾ ਰਾਜਨੀਤਿਕ ਅਮਲ ਹੈ ਅਤੇ ਜਿਹੜੇ ਇਨਕਲਾਬ ਦੇ ਇਛੁੱਕ ਹਨ, ਉਨ੍ਹਾਂ ਲਈ ਇਸ ਦੀ ਪ੍ਰਾਪਤੀ ਦੇ ਸਾਧਨ, ਅਰਥਾਤ ਰਾਜਨੀਤਿਕ ਅਮਲ ਦੇ ਇਛੁੱਕ ਹੋਣਾ ਵੀ ਜਰੂਰੀ ਹੈ।" ਹਿੰਦਸਥਾਨ 'ਚ ਇਸ ਗੱਲ ਨੂੰ ਸਮਝਦੇ ਹੋਏ ਭਗਤ ਸਿੰਘ ਨੇ ਦੇਸ਼ਵਿਆਪੀ ਇਨਕਲਾਬੀ ਜਥੇਬੰਦੀ ਦੀ ਲੋੜ ਨੂੰ ਮਹਿਸੂਸ ਕੀਤਾ। ਉਸਦਾ ਸਾਥੀ ਸ਼ਿਵ ਵਰਮਾ ਭਗਤ ਸਿੰਘ ਦੇ ਇਸ ਕੰਮ ਨੂੰ ਆਪਣੀ ਲਿਖਤ 'ਚ ਇਸ ਤਰ੍ਹਾਂ ਬਿਆਨਦਾ ਹੈ, "...ਭਗਤ ਸਿੰਘ ਤੋਂ ਪਹਿਲਾਂ ਇਨਕਲਾਬੀਆਂ ਦੀ ਦੇਸ਼ ਵਿਆਪੀ ਕੋਈ ਜਥੇਬੰਦੀ ਨਹੀਂ ਸੀ। ਬੰਗਾਲ ਵਿੱਚ ਅਨੁਸ਼ੀਲਨ, ਯੁਗਾਂਤਰ ਆਦਿ ਸੰਸਥਾਵਾਂ ਸਨ, ਪੰਜਾਬ ਵਿੱਚ ਗਦਰ ਪਾਰਟੀ ਦਾ ਕੰਮ ਸੀ, ਯੂ.ਪੀ. ਅਤੇ ਬਿਹਾਰ ਵਿੱਚ ਮੁੱਖ ਤੌਰ 'ਤੇ ਹਿੰਦੁਸਤਾਨ ਪਰਜਾਤੰਤਰ ਸੰਘ ਕੰਮ ਕਰਦਾ ਸੀ। ਸ਼ਹੀਦਾਂ ਉੱਪਰ ਸਭ ਦਾ ਸਾਂਝਾ ਅਧਿਕਾਰ ਹੁੰਦੇ ਹੋਏ ਵੀ ਉਨ੍ਹਾਂ ਵਿੱਚ ਆਪਸੀ ਸਹਿਯੋਗ ਨਾ ਮਾਤਰ ਹੀ ਸੀ। ਭਗਤ ਸਿੰਘ ਸਭ ਨੂੰ ਮਿਲਾ ਕੇ ਇੱਕ ਦੇਸ਼ ਵਿਆਪੀ ਜਥੇਬੰਦੀ ਕਾਇਮ ਕਰਨੀ ਚਾਹੁੰਦਾ ਸੀ।ਇਸੇ ਉਦੇਸ਼ ਨਾਲ ਉਸ ਨੇ ਸਤੰਬਰ 1928 ਵਿੱਚ ਦਿੱਲੀ ਵਿਖੇ ਸਾਰੇ ਸੂਬਿਆਂ ਦੇ ਇਨਕਲਾਬੀਆਂ ਦੇ ਨੁਮਾਇੰਦਿਆਂ ਦੀ ਇੱਕ ਮੀਟਿੰਗ ਬੁਲਾਈ,ਜਿਸ ਵਿੱਚ ਯੂ.ਪੀ. (ਉਸ ਵੇਲੇ ਸੰਯੁਕਤ ਪ੍ਰਾਂਤ), ਬਿਹਾਰ, ਪੰਜਾਬ, ਰਾਜਸਥਾਨ ਤੋਂ ਦਸ ਨੁਮਾਇੰਦੇ ਸ਼ਾਮਲ ਹੋਏ। ਬੰਗਾਲ ਦੇ ਜ਼ਿਆਦਾ ਇਨਕਲਾਬੀ ਉਸ ਵੇਲੇ ਜੇਲ੍ਹ ਵਿੱਚ ਸਨ, ਜੋ ਬਾਹਰ ਸਨ, ਉਨ੍ਹਾਂ ਵਿੱਚੋਂ ਜਿਨ੍ਹਾਂ ਨਾਲ ਸਾਡਾ ਸੰਪਰਕ ਹੋਇਆ ਉਹ ਸਾਡੇ ਸਮਾਜਵਾਦੀ ਵਿਚਾਰਾਂ ਅਤੇ ਜਥੇਬੰਦੀ ਦੇ ਜਮਹੂਰੀ ਸੁਝਾਵਾਂ ਨਾਲ ਸਹਿਮਤ ਨਹੀਂ ਸਨ।ਉਨ੍ਹਾਂ ਨੇ ਮੀਟਿੰਗ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਦਿੱਲੀ ਮੀਟਿੰਗ ਦੀ ਅਗਵਾਈ ਭਗਤ ਸਿੰਘ ਨੇ ਹੀ ਕੀਤੀ ਅਤੇ ਉਸ ਦੇ ਸੁਝਾਅ ਤੇ ਸਮਾਜਵਾਦ ਨੂੰ ਦਲ ਦਾ ਉਦੇਸ਼ ਐਲਾਨ ਕੇ ਉਸ ਦਾ ਨਾਂ 'ਹਿੰਦੁਸਤਾਨ ਪਰਜਾਤੰਤਰ ਸੰਘ' ਤੋਂ ਬਦਲ ਕੇ 'ਹਿੰਦੋਸਤਾਨ ਸਮਾਜਵਾਦੀ ਪਰਜਾਤੰਤਰ' ਕਰ ਦਿੱਤਾ ਗਿਆ। ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਮਾਰਕਸਵਾਦ ਦੇ ਵਿਗਿਆਨਕ ਸਿਧਾਂਤ ਦੇ ਸਾਰੇ ਪੱਖਾਂ ਨੂੰ ਚੰਗੀ ਤਰ੍ਹਾਂ ਸਮਝ ਲਿਆ ਸੀ।ਸਮਾਜਵਾਦ ਵੱਲ ਅੱਗੇ ਵਧਣ ਲਈ ਉਹ ਸਾਡਾ ਪਹਿਲਾ ਕਦਮ ਸੀ। ਅਸੀਂ ਸਮਾਜ ਦੇ ਜਮਾਤੀ ਅਧਾਰ ਨੂੰ ਸਮਝ ਲਿਆ ਸੀ ਅਤੇ ਕਿਸਾਨਾਂ ਮਜ਼ਦੂਰਾਂ ਦੀ ਸੱਤਾ ਸਾਡਾ ਉਦੇਸ਼ ਬਣ ਚੁੱਕਿਆ ਸੀ। ਪ੍ਰੰਤੂ ਕਿਸਾਨਾਂ-ਮਜ਼ਦੂਰਾਂ ਦੀ ਜਥੇਬੰਦ ਸ਼ਕਤੀ ਦੇ ਸਹਾਰੇ ਇਹ ਉਦੇਸ਼ ਕਿਸ ਤਰ੍ਹਾਂ ਪ੍ਰਾਪਤ ਹੋ ਸਕੇਗਾ ਇਹ ਅਸੀਂ ਚੰਗੀ ਤਰ੍ਹਾਂ ਸਮਝ ਨਹੀਂ ਸੀ ਸਕੇ। ਮੀਟਿੰਗ ਦਾ ਦੂਜਾ ਮਹੱਤਵਪੂਰਨ ਖ਼ੈਸਲਾ ਸੀ, ਜਥੇਬੰਦੀ ਦਾ ਜਮਹੂਰੀਕਰਨ।ਭਗਤ ਸਿੰਘ ਕਿਸੇ ਇੱਕ ਵਿਅਕਤੀ ਨੂੰ ਅੰਦੋਲਨ ਦਾ ਸਰਵ ਉੱਚ ਆਗੂ ਮੰਨ ਕੇ ਉਸ ਦੀਆਂ ਚੰਗਿਆਈਆਂ ਜਾਂ ਬੁਰਿਆਈਆਂ ਦੇ ਰਹਿਮ ਤੇ ਹੀ ਸਭ ਕੁਝ ਛੱਡ ਦੇਣ ਦਾ ਵਿਰੋਧੀ ਸੀ।ਉਸ ਦੇ ਸੁਝਾਅ ਤੇ ਅੰਦੋਲਨ ਨੂੰ ਚਲਾਉਣ ਲਈ ਇੱਕ ਕੇਂਦਰੀ ਕਮੇਟੀ ਨੂੰ ਹੀ ਸਭ ਤੋਂ ਉੱਚੀ ਮੰਨਿਆ ਗਿਆ। ਇਸ ਮੀਟਿੰਗ ਵਿੱਚ ਸੁਖਦੇਵ, ਫਨਿੰਦਰ ਘੋਸ਼, ਕੁੰਦਨ ਲਾਲ ਅਤੇ ਸ਼ਿਵ ਵਰਮਾ ਕਰਮਵਾਰ ਪੰਜਾਬ, ਬਿਹਾਰ,ਰਾਜਸਥਾਨ ਅਤੇ ਯੂ ਪੀ ਦੇ ਆਰਗੇਨਾਈਜ਼ਰ ਚੁਣੇ ਗਏ ਅਤੇ ਭਗਤ ਸਿੰਘ ਅਤੇ ਵਿਜੈ ਕੁਮਾਰ ਸਿਨਹਾ ਨੂੰ ਪ੍ਰਚਾਰ ਅਤੇ ਸੂਬਿਆਂ ਨਾਲ ਤਾਲਮੇਲ ਰੱਖਣ ਦਾ ਭਾਰ ਸੌਂਪਿਆ ਗਿਆ। ਮੀਟਿੰਗ ਵਿੱਚ ਜੈਦੇਵ ਕਪੂਰ , ਸੁਰਿੰਦਰ ਪਾਂਡੇ, ਬ੍ਰਹਮ ਦੱਤ ਮਿਸ਼ਰਾ ਅਤੇ ਬਿਹਾਰ ਤੇ ਮਨਮੋਹਨ ਬੈਨਰਜੀ ਵੀ ਸ਼ਾਮਿਲ ਹੋਏ। ਦਲ ਦੇ ਸੈਨਾਪਤੀ ਨੂੰ ਚੁਣਨ ਦੀ ਵੀ ਰਵਾਇਤ ਅਪਣਾਈ ਗਈ ਅਤੇ ਆਜ਼ਾਦ ਸਾਡੇ ਪਹਿਲੇ ਚੁਣੇ ਹੋਏ ਸੈਨਾਪਤੀ ਬਣੇ।'           

ਜਥੇਬੰਦਕ ਕੰਮ ਨੇ ਭਗਤ ਸਿੰਘ ਨੂੰ ਹੋਰ ਵੀ ਜ਼ਿਆਦਾ ਗੰਭੀਰ ਕਰ ਦਿੱਤਾ। ਉਹ ਹਰ ਗੱਲ੍ਹ ਨੂੰ ਤਰਕ ਦੀ ਕਸੌਟੀ 'ਤੇ ਪਰਖਦੇ ਸਨ। ਉਨ੍ਹਾਂ ਦੀ ਸੂਝ ਸਿਆਣਪ ਤੇ ਦੂਰ ਅੰਦੇਸ਼ੀ ਹਰ ਚੀਜ ਨੂੰ ਲੈ ਕੇ ਪਰਪੱਕ ਸੀ। ਜਿਵੇਂ ਅੱਜ ਸਾਡੇ ਸਾਹਮਣੇ ਭਗਤ ਸਿੰਘ ਦੇ ਚਿੱਤਰਾਂ 'ਚ ਹਥਿਆਰਾਂ ਦੀ ਨੁਸਾਇਸ਼ ਕੀਤੀ ਜਾਂਦੀ ਹੈ, ਅਸਲ 'ਚ ਭਗਤ ਸਿੰਘ ਦੇ ਵਿਚਾਰ ਇਸ ਤੋਂ ਉਲਟ ਸਨ। ਭਗਵਾਨ ਦਾਸ ਮਾਹੌਰ ਲਿਖਦੇ ਹਨ, "...ਹਥਿਆਰਬੰਦ ਕ੍ਰਾਂਤੀ ਦੀ ਕੋਸ਼ਿਸ਼ ਦਾ ਬੀਜ ਧਾਰਮਿਕ ਖੇਤਰ ਵਿੱਚੋਂ ਹੀ ਪੁੰਗਰਿਆ ਸੀ ਪਰ ਉਸ ਨੇ ਉਸੇ ਧਾਰਮਿਕ ਖੇਤਰ ਚੋਂ ਉਪਰ ਉੱਠ ਕੇ ਕਰਮਵਾਰ ਰਾਸ਼ਟਰੀ ਅਤੇ ਸਮਾਜਵਾਦੀ ਆਕਾਸ਼ ਵਿੱਚ ਆਪਣੀ ਉੱਨਤੀ ਦਾ ਮਾਰਗ ਖੋਜ਼ਦਿਆਂ ਅੱਗੇ ਵੱਧਣਾ ਸੀ। ਕ੍ਰਾਂਤੀ ਕੋਸ਼ਿਸ਼ ਦੇ ਇਸ ਵਿਕਾਸ ਮਾਰਗ ਵਿੱਚ ਭਗਤ ਸਿੰਘ ਐਸੇ ਵਿਅਕਤੀ ਸਨ, ਜਿਨ੍ਹਾਂ ਨੂੰ ਰਸਤੇ ਦੇ ਮੋੜ 'ਤੇ ਲੱਗਾ ਮੀਲ ਪੱਥਰ ਕਿਹਾ ਜਾਂਦਾ ਹੈ। ਸਮੇਂ ਅਤੇ ਸਮਾਜ ਦੀਆਂ ਲੋੜਾਂ ਨੇ ਭਗਤ ਸਿੰਘ ਨੂੰ ਹੀ ਮਾਧਿਅਮ ਬਣਾ ਕੇ ਉੱਤਰੀ ਭਾਰਤ ਦੇ ਸੰਗਠਿਤ ਗੁਪਤ ਹਥਿਆਰਬੰਦ ਕ੍ਰਾਂਤੀਕਾਰੀਆਂ ਨੂੰ ਸਮਾਜਵਾਦ ਵੱਲ ਸੇਧਿਤ ਕਰ ਦਿੱਤਾ ਤੇ ਕ੍ਰਾਂਤੀਕਾਰੀ ਕਾਰਜਾਂ ਨੂੰ ਧਾਰਮਿਕ ਮਨਮੀਤ ਉੱਪਰ ਚੁੱਕਿਆ।ਉੱਤਰੀ ਭਾਰਤ ਦੀ ਗੁਪਤ ਕ੍ਰਾਂਤੀ ਕੋਸ਼ਿਸ਼ ਅਜੇ ਤੱਕ ਇਟਲੀ ਦੇ ਮੈਜ਼ਿਨੀ, ਗੈਰੀ ਬਾਲਡੀ ਅਤੇ ਆਇਰਲੈਂਡ ਦੇ ਸਿਨ ਫਿਨ ਦੇ ਮੱਧ ਵਰਗੀ ਨੇਤਾਵਾਂ ਦੇ ਆਦਰਸ਼ ਤੋਂ ਪ੍ਰਭਾਵਿਤ ਸੀ।ਹੁਣ ਭਗਤ ਸਿੰਘ ਰਾਹੀਂ ਹੀ ਅਸੀਂ ਰੂਸੀ ਕ੍ਰਾਂਤੀ ਅਤੇ ਮਾਰਕਸ-ਲੈਨਿਨ ਦੇ ਸਮਾਜਵਾਦੀ ਆਦਰਸ਼ਾਂ ਦੇ ਪ੍ਰਭਾਵਾਂ ਨੂੰ ਗ੍ਰਹਿਣ ਕੀਤਾ।ਭਗਤ ਸਿੰਘ ਰਾਹੀਂ ਹੀ 'ਭਾਰਤ ਮਾਤਾ ਦੀ ਜੈ','ਵੰਦੇ ਮਾਤਰਮ' ਮੰਤਰ ਦੀ ਜਗ੍ਹਾ ਭਾਰਤੀ ਗੁਪਤ ਹਥਿਆਰਬੰਦ ਕ੍ਰਾਂਤੀਕਾਰੀ ਯਤਨਾਂ ਨੇ 'ਲ਼ੋਂਗ ਲੌਂਗ ਲਿਵ ਰੈਵੋਲਿਊਸ਼ਨ' (ਇਨਕਲਾਬ ਜ਼ਿੰਦਾਬਾਦ) ਅਤੇ 'ਡਾਊਨ ਵਿਦ ਇੰਪੀਰੀਅਲਜਮ' (ਸਾਮਰਾਜਵਾਦ ਮੁਰਦਾਬਾਦ) ਆਦਿ ਨਾਅਰੇ ਲਗਾਏ ਅਤੇ ਜਿੱਥੇ ਕ੍ਰਾਂਤੀਕਾਰੀ ਲੋਕ ਪੁਲਿਸ ਦੇ ਤਸੀਹਿਆਂ ਅਤੇ ਮੌਤ ਦੇ ਡਰ ਤੋਂ ਸਰੀਰ ਦੀ ਨਾਸ਼ਵਾਨਤਾ ਅਤੇ ਆਤਮਾ ਦੇ ਅਮਰ ਹੋਣ ਬਾਰੇ ਸੋਚ ਕੇ ਨਿਧੀ-ਧਿਆਨ ਆਸਣ, ਪਦਮ ਆਸਣ ਲਗਾਈ ਗੀਤਾ ਦਾ ਪਾਠ ਕਰਦੇ ਨਜ਼ਰ ਆਉਂਦੇ ਸਨ ਉੱਥੇ ਉਹ ਹੁਣ ਮਾਰਕਸ ਦੀ 'ਕੈਪੀਟਲ' ਦਾ ਅਧਿਐਨ ਕਰਦੇ ਨਜ਼ਰ ਆਏ। ਭਗਤ ਸਿੰਘ ਹਿੰਸਾ ਬਾਰੇ ਲਿਖਦੇ ਹਨ, " ਦਹਿਸ਼ਤਗਰਦੀ ਇਨਕਲਾਬੀ ਮਾਨਸਿਕਤਾ ਦੇ ਜਨਤਾ ਵਿੱਚ ਗਹਿਰੇ ਨਾ ਜਾਣ ਬਾਰੇ ਇੱਕ ਪਛਤਾਵਾ ਹੈ। ਇਸ ਤਰ੍ਹਾਂ ਇਹ ਨਾਕਾਮਯਾਬੀ ਦਾ ਇਕਬਾਲ ਕਰਨਾ ਵੀ ਹੈ। .......  ਹਰ ਦੇਸ਼ ਦੇ ਵਿੱਚ ਇਸ ਦਾ ਇਤਿਹਾਸ ਨਾਕਾਮਯਾਬੀ ਦਾ ਇਤਿਹਾਸ ਹੈ। ......ਹਾਰ ਦਾ ਬੀਜ਼ ਇਸ ਦੇ ਅੰਦਰ ਹੀ ਉਗਰਿਆ ਹੋਇਆ ਹੁੰਦਾ ਹੈ। ....... ਮੈਂ ਦਹਿਸ਼ਤ ਪਸੰਦ ਨਹੀਂ ਹਾਂ। ਮੈਂ ਇੱਕ ਇਨਕਲਾਬੀ ਹਾਂ।"

ਭਗਤ ਸਿੰਘ ਸਮਾਜਵਾਦੀ ਰਾਜਨੀਤਿਕ ਵਿਚਾਰਧਾਰਾ 'ਚ ਸਿਰ ਤੋਂ ਪੈਰਾਂ ਤੱਕ ਭਿੱਜ ਚੁੱਕਾ ਸੀ। ਉਸ ਸਮੇਂ ਉਸਦੀਆਂ ਦਲੀਲ਼ਾਂ ਦੀ ਸਾਰੇ ਹਿੰਦਸਥਾਨ 'ਚ ਚਰਚਾ ਸੀ। ਉਹ ਰਾਜਨੀਤਿਕ ਤੌਰ 'ਤੇ ਬਹੁਤ ਪਰਪੱਕ ਸੀ ਤੇ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਦੇ ਲਈ ਪੂਰੀ ਤਿਆਰੀ ਨਾਲ ਲੋਕਾਂ ਨੂੰ ਆਪਣੀ ਜਮਾਤੀ ਏਕਤਾ, ਮਜਦੂਰ ਕਿਸਾਨ ਏਕਤਾ ਅਤੇ ਆਉਣ ਵਾਲੇ ਭਵਿੱਖ ਲਈ ਸਾਰੀ ਜਵਾਨੀ ਦੀ ਏਕਤਾ ਦੀ ਮਹੱਤਤਾ ਨੂੰ ਸਮਝਦਾ ਸੀ। ਭਗਤ ਸਿੰਘ ਜੇਲ ਦੀ ਕੋਠੜੀ 'ਚ ਬੈਠਾ ਮੌਤ ਨੂੰ ਦੇਖ ਕੇ ਹੱਥ ਪੈਰ ਨਹੀਂ ਫੁਲਾਉਂਦਾ ਸਗੋਂ ਆਪਣੇ ਪੜਨ ਦੇ ਜਜ਼ਬੇ ਨੂੰ ਹੋਰ ਵੀ ਮਜਬੂਤੀ ਨਾਲ ਜੇਲ ਦੀ ਕਾਲ ਕੋਠੜੀ ਦੀਆਂ ਕੰਧਾਂ ਨੂੰ ਮਨੁੱਖਤਾ ਲਈ ਕੀਤੇ ਜਾਣ ਵਾਲੇ ਇਨਕਲਾਬ ਨੂੰ ਧਿਆਨ 'ਚ ਰੱਖਕੇ ਦੁਨੀਆਂ ਨੂੰ ਸੇਧ ਦੇਣ ਵਾਲਾ ਸਿਧਾਂਤ ਲਿਖਣ ਲੱਗਾ। ਇਸ ਸਮੇਂ 'ਚ ਹੀ ਭਗਤ ਸਿੰਘ ਨੇ ਇਨਕਲਾਬੀ ਪ੍ਰੋਗਰਾਮ ਦੇ ਖਰੜੇ ਨੂੰ ਤਿਆਰ ਕੀਤਾ, ਜੋ ਕਿ ਉਨ੍ਹਾਂ ਦੀ ਭਵਿੱਖ 'ਚ ਦਾ ਹਕੀਕਤ 'ਚ ਲਾਗੂ ਕਰਨ ਦਾ ਪ੍ਰੋਗਰਾਮ ਸੀ। ਜੋ ਇਸ ਤਰ੍ਹਾਂ ਹੈ, "

*ਇਨਕਲਾਬੀ ਪ੍ਰੋਗਰਾਮ* ਭਗਤ ਸਿੰਘ ਵਲੋਂ ਜੇਲ੍ਹ ਦੀ ਕਾਲ ਕੋਠੜੀ ਵਿੱਚੋਂ ਲਿਖਿਆ ਖ਼ਤ

"...ਸਮੇਂ ਦੀ ਲੋੜ ਹੈ ਕਿ ਇਨਕਲਾਬ ਦਾ ਇੱਕ ਸਾਖ਼, ਸਪੱਸ਼ਟ ਅਤੇ ਇਮਾਨਦਾਰ ਪ੍ਰੋਗਰਾਮ ਹੋਵੇ ਅਤੇ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਦ੍ਰਿੜ੍ਹ ਕਾਰਵਾਈ ਕੀਤੀ ਜਾਵੇ। 1917 ਵਿੱਚ ਅਕਤੂਬਰ ਇਨਕਲਾਬ ਤੋਂ ਪਹਿਲਾਂ ਲੈਨਿਨ ਜਦੋਂ ਅਜੇ ਮਾਸਕੋ ਵਿੱਚ ਲੁਕਿਆ ਹੋਇਆ ਸੀ ਤਾਂ ਉਸ ਨੇ ਕਾਮਯਾਬ ਇਨਕਲਾਬ ਲਈ ਤਿੰਨ ਜ਼ਰੂਰੀ ਸ਼ਰਤਾਂ ਲਿਖੀਆਂ ਸਨ:- 1.ਰਾਜਨੀਤਿਕ ਆਰਥਿਕ ਹਾਲਤ 2. ਬਾਗੀ ਜਨਤਕ ਮਨ 3. ਇੱਕ ਇਨਕਲਾਬੀਆਂ ਦੀ ਪਾਰਟੀ, ਜੋ ਪੂਰੀ ਤਰ੍ਹਾਂ ਟਰੇਂਡ ਹੋਵੇ ਅਤੇ ਪਰਖ ਦੀਆਂ       ਘੜੀਆਂ ਵਿੱਚ ਜਨਤਾ ਨੂੰ ਅਗਵਾਈ ਦੇ ਸਕੇ।          ਭਾਰਤ ਵਿੱਚ ਪਹਿਲੀ ਸ਼ਰਤ ਪੂਰੀ ਹੋ ਚੁੱਕੀ ਹੈ, ਦੂਸਰੀ ਅਤੇ ਤੀਸਰੀ ਸ਼ਰਤ ਆਪਣੀ ਅੰਤਿਮ ਪੂਰਤੀ ਦੇ ਇੰਤਜ਼ਾਰ ਵਿੱਚ ਹੈ। ਇਨ੍ਹਾਂ ਲਈ ਹਰਕਤ ਵਿੱਚ ਆਉਣਾ, ਸਾਰੇ ਆਜ਼ਾਦੀ ਦੇ ਸੇਵਕਾਂ ਅੱਗੇ ਪਹਿਲਾ ਕੰਮ ਹੈ ਅਤੇ ਇਸ ਮੁੱਦੇ ਨੂੰ ਸਾਹਮਣੇ ਰੱਖ ਕੇ ਪ੍ਰੋਗਰਾਮ ਬਣਾਇਆ ਜਾਣਾ ਚਾਹੀਦਾ ਹੈ। ਇਸ ਦੀ ਰੂਪ ਰੇਖਾ ਹੇਠਾਂ ਦਿੱਤੀ ਜਾ ਰਹੀ ਹੈ, ਅਤੇ ਉਸ ਦੇ ਹਰ ਸੈਕਸ਼ਨ ਬਾਰੇ ਸੁਝਾਅ ਅੰਤਿਕਾ ? ਅਤੇ ਅ ਵਿੱਚ ਦਰਜ ਕੀਤੇ ਗਏ ਹਨ। 1 ਬੁਨਿਆਦੀ ਕੰਮ:- ਕਾਰਕੁਨਾਂ ਅੱਗੇ ਸਭ ਤੋਂ ਪਹਿਲੀ ਡਿਊਟੀ ਹੈ ਜਨਤਾ ਨੂੰ ਜੁਝਾਰੂ ਕੰਮ ਲਈ ਤਿਆਰ ਕਰਨਾ ਅਤੇ ਲਾਮਬੰਦ ਕਰਨਾ। ਸਾਨੂੰ ਅੰਧ ਵਿਸ਼ਵਾਸਾਂ,ਜਜ਼ਬਾਤਾਂ, ਧਾਰਮਿਕਤਾ ਜਾਂ ਉਦਾਸੀਨਤਾ ਦੇ ਆਦਰਸ਼ਾਂ ਤੇ ਖੇਡਣ ਦੀ ਲੋੜ ਨਹੀਂ ਹੈ।ਸਾਡੇ ਉਨ੍ਹਾਂ ਨਾਲ ਵਾਅਦੇ ਸਿਰਫ ਸ਼ੋਰਬੇ ਅਤੇ ਅੱਧੀ ਰੋਟੀ ਦੇ ਨਹੀਂ ਹੋਣਗੇ। ਉਹ ਸੰਪੂਰਨ ਤੇ ਠੋਸ ਹੋਣਗੇ ਅਤੇ ਅਸੀਂ ਉਸ ਨਾਲ ਇਮਾਨਦਾਰ ਤੇ ਸਪੱਸ਼ਟ ਗੱਲ ਕਰਾਂਗੇ। ਅਸੀਂ ਕਦੇ ਵੀ ਉਸ ਦੇ ਮਨ ਵਿੱਚ ਫਰਮਾਂ ਦਾ ਜਮ-ਘਟਾ ਖੜ੍ਹਾ ਨਹੀਂ ਹੋਣ ਦੇਵਾਂਗੇ।ਇਨਕਲਾਬ ਉਸ ਲਈ ਹੈ। ਜਰੂਰੀ ਕੰਮ ਜੋ ਕੀਤੇ ਜਾਣਗੇ:- 1. ਜਗੀਰਦਾਰੀ ਦਾ ਖਾਤਮਾ 2. ਕਿਸਾਨਾਂ ਦੇ ਕਰਜ਼ੇ ਖ਼ਤਮ ਕਰਨਾ 3. ਇਨਕਲਾਬੀ ਰਿਆਸਤ ਵੱਲੋਂ ਜ਼ਮੀਨ ਦਾ ਕੌਮੀ ਕਰਨ ਤਾਂ ਕਿ ਸੋਧੀ ਹੋਈ ਅਤੇ ਸਾਂਝੀ ਖੇਤੀ ਸਥਾਪਤ ਕੀਤੀ ਜਾ ਸਕੇ। 4. ਰਹਿਣ ਲਈ ਘਰਾਂ ਦੀ ਗਾਰੰਟੀ 5. ਕਿਸਾਨੀ ਤੋਂ ਲਏ ਜਾਂਦੇ ਸਾਰੇ ਖਰਚੇ ਬੰਦ ਕਰਨਾ ਸਿਰਫ ਇਕਹਿਰਾ ਜ਼ਮੀਨ ਟੈਕਸ ਲਿਆ ਜਾਵੇਗਾ। 6. ਕਾਰਖ਼ਾਨਿਆਂ ਦਾ ਕੌਮੀਕਰਨ ਅਤੇ ਦੇਸ਼ ਵਿੱਚ ਕਾਰਖਾਨੇ ਲਗਾਉਣਾ 7. ਆਮ ਪੜ੍ਹਾਈ 8. ਕੰਮ ਕਰਨ ਦੇ ਘੰਟੇ ਜ਼ਰੂਰਤ ਮੁਤਾਬਕ ਘੱਟੋ ਘੱਟ ਕਰਨਾ।*         ਜਨਤਾ ਅਜਿਹੇ ਪ੍ਰੋਗਰਾਮ ਲਈ ਜ਼ਰੂਰ ਹੁੰਗਾਰਾ ਦੇਵੇਗੀ, ਪਰ ਸਾਨੂੰ ਸਿਰਖ਼ ਲੋਕਾਂ ਤੱਕ ਪਹੁੰਚਣਾ ਹੈ।ਇਹ ਸਭ ਤੋਂ ਵੱਧ ਜ਼ਰੂਰੀ ਕਾਰਜ ਹੈ। ਠੋਸੀ ਹੋਈ ਅਗਿਆਨਤਾ ਇੱਕ ਪਾਸੇ ਅਤੇ ਬੁੱਧੀਜੀਵੀਆਂ ਦੀ ਬੇਲਾਗਤਾ ਦੂਸਰੇ ਪਾਸੇ ਨੇ, ਪੜ੍ਹੇ ਲਿਖਿਆਂ ਇਨਕਲਾਬੀਆਂ ਅਤੇ ਉਸ ਦੀ ਘੱਟ ਬਦਕਿਸਮਤ ਹਥੌੜੇ ਦਾਤੀਆਂ ਵਾਲੇ ਸਾਥੀਆਂ ਵਿੱਚ ਇੱਕ ਬਨਾਵਟੀ ਰੁਕਾਵਟ ਖੜ੍ਹੀ ਕਰ ਦਿੱਤੀ ਹੈ। ਇਹ ਰੁਕਾਵਟ ਇਨਕਲਾਬੀਆਂ ਵੱਲੋਂ ਜ਼ਰੂਰ ਖ਼ਤਮ ਹੋਣੀ ਚਾਹੀਦੀ ਹੈ। ਇਸ ਲਈ ਹੇਠ ਲਿਖੇ ਕੰਮ ਹਨ: 1. ਕਾਂਗਰਸ ਦੇ ਮੰਚ ਦਾ ਲਾਭ ਉਠਾਉਣਾ। 2. ਟਰੇਡ ਯੂਨੀਅਨਾਂ ਤੇ ਕਬਜ਼ਾ ਕਰਨਾ ਅਤੇ ਯੂਨੀਅਨਾਂ ਤੇ ਜਥੇਬੰਦੀਆਂ ਨੂੰ ਖਾੜਕੂ ਲੀਹਾਂ 'ਤੇ ਖੜ੍ਹੇ ਕਰਨਾ। 3. ਰਿਆਸਤ ਯੂਨੀਅਨਾਂ ਬਣਾ ਕੇ ਉਨ੍ਹਾਂ ਨੂੰ ਉੱਪਰ ਦਿੱਤੀਆਂ ਗੱਲਾਂ ਤੇ ਜਥੇਬੰਦ ਕਰਨਾ। 4. ਹਰ ਸਮਾਜਿਕ ਤੇ ਖਰਾਇਤੀ ਜਥੇਬੰਦੀਆਂ ਇੱਥੋਂ ਤੱਕ ਕੇ ਸਹਿਕਾਰੀ ਸੁਸਾਇਟੀਆਂ ਜਿਹੜੀਆਂ ਜਨਤਾ ਤੱਕ ਪਹੁੰਚਣ ਦਾ ਮੌਕਾ ਦਿੰਦੀਆਂ ਹਨ ਵਿੱਚ ਗੁਪਤ ਤੌਰ ਤੇ ਦਾਖਲ ਹੋ ਕੇ ਇਨ੍ਹਾਂ ਦੀਆਂ ਕਾਰਵਾਈਆਂ ਨੂੰ ਇਸ ਤਰ੍ਹਾਂ ਚਲਾਉਣਾ ਚਾਹੀਦਾ ਹੈ ਤਾਂ ਕਿ ਅਸਲ ਮੁੱਦੇ ਅਤੇ ਉਦੇਸ਼ ਅੱਗੇ ਵਧਾਏ ਜਾ ਸਕਣ। 5. ਕਾਰੀਗਰਾਂ ਦੀਆਂ ਕਮੇਟੀਆਂ, ਕਿਰਤੀਆਂ ਦੀਆਂ ਅਤੇ ਦਿਮਾਗੀ ਕੰਮ ਕਰਨ ਵਾਲਿਆਂ ਦੀਆਂ ਯੂਨੀਅਨਾਂ ਹਰ ਥਾਂ ਸਥਾਪਤ ਕੀਤੀਆਂ ਜਾਣ।        ਇਹ ਹਨ ਕੁਝ ਲੀਹਾਂ,ਜਿਨ੍ਹਾਂ ਰਾਹੀਂ ਪੜ੍ਹੇ ਲਿਖੇ, ਟਰੇਂਡ ਇਨਕਲਾਬੀ ਲੋਕਾਂ ਤੱਕ ਪੁੱਜ ਸਕਦੇ ਹਨ ਅਤੇ ਇੱਕ ਵਾਰ ਉਹ ਉੱਥੇ ਪਹੁੰਚ ਜਾਣ ਤਾਂ ਟ੍ਰੇਨਿੰਗ ਦੇ ਰਾਹੀਂ ਪਹਿਲਾਂ ਆਪਣੇ ਹੱਕਾਂ ਦੀ ਉਤਸ਼ਾਹਪੂਰਵਕ ਪੁਸ਼ਟੀ ਕਰ ਸਕਦੇ ਹਨ ਅਤੇ ਫਿਰ ਹੜਤਾਲਾਂ ਅਤੇ ਕੰਮ ਰੋਕੂ ਤਰੀਕਿਆਂ ਨਾਲ ਜੁਝਾਰੂ ਹੱਲ ਕਰਨਾ ਚਾਹੀਦਾ ਹੈ।

ਇੰਨੀ ਸੂਝਤਾ ਤੇ ਦੂਰ ਅੰਦੇਸ਼ੀ ਨੇ ਅੰਗਰੇਜਾਂ ਦੇ ਪੈਰਾਂ ਥਲਿਓਂ ਜਮੀਨ ਹਿਲਾ ਦਿੱਤੀ। ਫਾਂਸੀ ਦੀ ਸਜਾ ਮੁਕਰਰ ਕੀਤੀ ਗਈ ਤੇ ਉਸ ਸਮੇਂ ਭਗਤ ਸਿੰਘ ਨੂੰ ਜੇਲ ਅੰਦਰ ਉਸਦਾ ਪਰਿਵਾਰ ਮਿਲਦਾ ਹੈ। ਭਗਤ ਸਿੰਘ ਦੀ ਭੈਣ ਅਮਰ ਕੌਰ ਆਪਣੀ ਤੇ ਭਗਤ ਸਿੰਘ ਦੀ ਮਿਲਣੀ ਨੂੰ ਇੰਝ ਜੱਸਦੀ ਹੈ, "..ਵੀਰ ਭਗਤ ਸਿੰਘ ਦੀ ਇਹ ਗੱਲ ਬਾਰ ਬਾਰ ਯਾਦ ਆਉਂਦੀ ਹੈ। ਆਖਰੀ ਮੁਲਾਕਾਤ ਵੇਲੇ ਉਹਨਾਂ ਕਿਹਾ ਸੀ ਕਿ ਸਾਡੇ ਫਾਂਸੀ ਲੱਗਣ ਤੋਂ 15 ਸਾਲ ਬਾਅਦ ਅੰਗਰੇਜ਼ ਇੱਥੋਂ ਚਲਾ ਜਾਵੇਗਾ ਕਿਉਂਕਿ ਉਸ ਦੀਆਂ ਜੜ੍ਹਾਂ ਖੋਖਲੀਆਂ ਹੋ ਚੁੱਕੀਆਂ ਹਨ। ਉਸ ਦੇ ਚਲੇ ਜਾਣ ਬਾਅਦ ਜੋ ਰਾਜ ਆਵੇਗਾ ਉਹ ਲੁੱਟ-ਖਸੁੱਟ, ਖ਼ੁਦਗਰਜ਼ੀ ਤੇ ਗੁੰਡਾਗਰਦੀ ਦਾ ਰਾਜ ਹੋਵੇਗਾ। ਮਿਹਨਤੀ ਤੇ ਇਮਾਨਦਾਰ ਲੋਕਾਂ ਲਈ ਮੁਸੀਬਤਾਂ ਦਾ ਰਾਜ ਹੋਵੇਗਾ। 15 ਸਾਲ ਤੱਕ ਲੋਕ ਸਾਨੂੰ (ਸ਼ਹੀਦਾਂ) ਨੂੰ ਭੁੱਲ ਜਾਣਗੇ, ਫਿਰ ਸਾਡੀ ਕੀ ਦਿੱਤਾ ਜਾਂ ਹੋਣੀ ਸ਼ੁਰੂ ਹੋਵੇਗੀ। ਲੋਕ ਸਾਡੇ ਵਿਚਾਰਾਂ ਨੂੰ ਪਰਖਣਗੇ ਅਤੇ ਅਸਲ ਸਮਾਜ ਦੀ ਸਿਰਜਣਾਂ ਲਈ ਮਿਹਨਤੀ ਤੇ ਇਮਾਨਦਾਰ ਲੋਕ ਇਕੱਠੇ ਹੋਣਗੇ। ਅਜਿਹੇ ਲੋਕਾਂ ਦਾ ਇਕੱਠ ਤੇ ਸੰਗਠਨ ਮਿਹਨਤੀ ਲੋਕਾਂ ਨੂੰ ਮਿਹਨਤ ਦਾ ਫਲ ਚਖਾਏਗਾ। ਇੱਕ ਗੱਲ ਹੋਰ ਜੇ ਉਨ੍ਹਾਂ ਮੈਨੂੰ ਕਹੀ ਸੀ ਕਿ 'ਅਮਰੋ ਤੂੰ ਖੱਦਰ ਦੇ ਕੱਪੜੇ ਪਾਉਂਦੀ ਹੈਂ, ਦੇਖੀਂ ਕਿਤੇ ਭੁਲੇਖਾ ਖਾ ਕੇ ਕਾਂਗਰਸ ਵਿੱਚ ਨਾ ਚਲੀ ਜਾਵੀਂ।" ਇੱਥੇ ਸਾਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਕੌਮਨਿਸਟ ਕਹਾਉਣ ਵਾਲੀਆਂ ਧਿਰਾਂ ਨੇ ਆਮ ਚੋਣਾਂ 'ਚ ਆਪਣੀ ਲਾਜ ਬਚਾਉਣ ਲਈ ਉਹੀ ਕਾਂਗਰਸ ਨਾਲ ਸਮਝੌਤਾ ਕਰਨ ਲਈ ਤਰਲੋਮੱਛੀ ਹੋਣਾ ਕਿੰਨ੍ਹਾਂ ਕੁ ਵਾਜਿਬ ਹੈ? ਜਮਾਤੀ ਇੱਕਠ ਦੀ ਲੜਾਈ ਨੂੰ ਭੁੱਲ ਕੇ ਇਹ ਸਿਰਫ ਚੰਦ ਸੀਟਾਂ ਲਈ ਵਿਚਾਰਧਾਰਾਂ ਨੂੰ ਛਿੱਕੇ ਟੰਗ ਕੇ ਸਮਝੌਤੇ ਕਰਨਾ ਜਲਾਲਤ ਤੇ ਮੌਕਾਪ੍ਰਸਤੀ ਤੋਂ ਬਿਨ੍ਹਾਂ ਹੋਰ ਕੋਈ ਕੰਮ ਨਹੀਂ। ਹਿੰਦਸਥਾਨ ਅਜੇ ਤੱਕ ਜਮਾਤੀ ਲੜਾਈ ਦਾ ਮੁੱਢ ਨਹੀਂ ਬੰਨ ਸਕਿਆ ਤੇ ਇਹ ਕਾਰਨ ਹੈ ਇੱਥੇ ਕਿਰਤੀ ਦਾ ਸਭ ਤੋਂ ਵੱਧ ਬੁਰਾ ਹਾਲ ਹੈ।

ਫਾਂਸੀ ਤੋਂ ਕੁਝ ਦਿਨ ਪਹਿਲਾਂ ਭਗਤ ਸਿੰਘ ਦੀ ਉਸਦੇ ਸਾਥੀਆਂ ਨਾਲ ਹੋਈ ਆਖਰੀ ਮੁਲਾਕਾਤ ਨੂੰ ਭਗਤ ਸਿੰਘ ਦਾ ਸਾਥੀ ਸ਼ਿਵ ਵਰਮਾ ਇੰਝ ਬਿਆਨ ਕਰਦਾ ਹੈ, "ਉਸ ਰਾਤ ਅਚਾਨਕ ਸਾਡੀਆਂ ਕੋਠੀਆਂ ਦੇ ਦਰਵਾਜ਼ੇ ਖੁੱਲ੍ਹੇ ਅਤੇ ਸਾਨੂੰ ਚੱਲਣ ਲਈ ਕਿਹਾ ਗਿਆ। ਸਾਡੇ ਸਾਥੀਆਂ ਨੂੰ ਫਾਂਸੀ ਦੇਣ ਤੋਂ ਪਹਿਲਾਂ ਹੀ ਸਰਕਾਰ ਸਾਨੂੰ ਕਿਸੇ ਦੂਰ ਦੁਰੇਡੀ ਥਾਵੇਂ ਭੇਜ ਦੇਣਾ ਚਾਹੁੰਦੀ ਸੀ। ਜੇਲ੍ਹ ਦਾ ਵੱਡਾ ਦਰੋਗਾ ਆਪਣੀ ਪੂਰੀ ਲਾਮ ਲਸ਼ਕਰ ਨਾਲ ਸਾਨੂੰ ਲੈ ਕੇ ਫਾਟਕ ਵੱਲ ਚੱਲ ਪਿਆ। ਕੁਝ ਦੂਰ ਚੱਲ ਕੇ ਉਸ ਨੇ ਸਾਥੋਂ ਪੁੱਛਿਆ "ਆਪਣੇ ਸਾਥੀਆਂ ਨੂੰ ਮਿਲੋਗੇ?" ਇਸ ਨਰਮਦਿਲੀ ਲਈ ਸਾਡਾ ਧੰਨਵਾਦ ਸਵੀਕਾਰ ਕਰਦਿਆਂ ਉਸ ਨੇ ਫਾਂਸੀ ਅਹਾਤੇ ਦਾ ਫਾਟਕ ਖੁੱਲ੍ਹਵਾਇਆ ਅਤੇ ਸਾਨੂੰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੀਆਂ ਕੋਠੜੀਆਂ ਸਾਹਮਣੇ ਲਿਜਾ ਕੇ ਖੜ੍ਹਾ ਕਰ ਦਿੱਤਾ। ਜ਼ਿੰਦਗੀ ਵਿੱਚ ਦੁਬਾਰਾ ਇਹ ਸਾਥੀ ਦੇਖਣ ਨੂੰ ਨਹੀਂ ਮਿਲਣੇ, ਇਸ ਸੋਚ ਨਾਲ ਸਾਰਿਆਂ ਦੇ ਚਿਹਰੇ ਉਦਾਸ ਸਨ। ਉਨ੍ਹਾਂ ਤੋਂ ਆਖਰੀ ਵਿਦਾਈ ਲੈ ਕੇ ਜਦ ਅਸੀਂ ਚੱਲਣ ਲੱਗੇ ਤਾਂ ਜੈ ਦੇਵ ਕਪੂਰ ਨੇ ਭਗਤ ਸਿੰਘ ਨੂੰ ਪੁੱਛਿਆ "ਸਰਦਾਰ, ਤੁਸੀਂ ਮਰਨ ਜਾ ਰਹੇ ਹੋ, ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਤੁਹਾਨੂੰ ਇਸ ਦਾ ਅਫਸੋਸ ਤਾਂ ਨਹੀਂ ਹੈ?" ਸਵਾਲ ਸੁਣ ਕੇ ਪਹਿਲਾਂ ਤਾਂ ਸਰਦਾਰ ਠਾਹਕਾ ਮਾਰ ਕੇ ਹੱਸਿਆ, ਫਿਰ ਗੰਭੀਰ ਹੋ ਕੇ ਬੋਲਿਆ , "ਇਨਕਲਾਬ ਦੇ ਰਾਹ ਤੇ ਕਦਮ ਰੱਖਦਿਆਂ ਮੈਂ ਸੋਚਿਆ ਸੀ ਕਿ ਜੇ ਮੈਂ ਆਪਣਾ ਜੀਵਨ ਦੇ ਕੇ ਦੇਸ਼ ਦੇ ਕੋਨੇ ਕੋਨੇ ਤੱਕ 'ਇਨਕਲਾਬ-ਜ਼ਿੰਦਾਬਾਦ' ਦਾ ਨਾਅਰਾ ਪਹੁੰਚਾ ਸਕਾਂ ਤਾਂ ਮੈਂ ਸਮਝਾਂਗਾ ਕਿ ਮੈਨੂੰ ਆਪਣੇ ਜੀਵਨ ਦਾ ਮੁੱਲ ਮਿਲ ਗਿਆ ਹੈ! ਅੱਜ ਫਾਂਸੀ ਦੀ ਇਸ ਕੋਠੜੀ ਵਿੱਚ ਲੋਹੇ ਦੀਆਂ ਸੀਖਾਂ ਪਿੱਛੇ ਬੈਠ ਕੇ ਵੀ ਮੈਂ ਕਰੋੜਾਂ ਦੇਸ਼ ਵਾਸੀਆਂ ਦੇ ਮੂੰਹੋਂ ਗੂੰਜਦੀ ਉਸ ਨਾਅਰੇ ਦੀ ਆਵਾਜ਼ ਸੁਣ ਸਕਦਾ ਹਾਂ! ਮੈਨੂੰ ਯਕੀਨ ਹੈ ਕਿ ਸਾਡਾ ਇਹ ਨਾਅਰਾ ਆਜ਼ਾਦੀ ਸੰਗਰਾਮ ਦੀ ਚਾਲਕ-ਸ਼ਕਤੀ ਦੇ ਰੂਪ ਵਿੱਚ ਸਾਮਰਾਜੀਆਂ ਉੱਪਰ ਅੰਤ ਤੱਕ ਵਾਰ ਕਰਦਾ ਰਹੇਗਾ। ਫਿਰ ਕੁਝ ਰੁਕ ਕੇ ਆਪਣੀ ਸੁਭਾਵਿਕ ਮੁਸਕਰਾਹਟ ਨਾਲ ਉਸ ਨੇ ਹੌਲੀ ਜਿਹੀ ਕਿਹਾ "ਏਨੀ ਛੋਟੀ ਜ਼ਿੰਦਗੀ ਦਾ ਮੁੱਲ ਇਸ ਤੋਂ ਵੱਧ ਹੋ ਹੀ ਵੀ ਕੀ ਸਕਦੈ?" ਮੈਂ ਸਭ ਤੋਂ ਪਿੱਛੇ ਸਾਂ। ਵਿਦਾਈ ਲੈਂਦੇ ਮੌਕੇ ਮੇਰੀਆਂ ਅੱਖਾਂ 'ਚ ਹੰਝੂ ਆ ਗਏ; ਰੋਂਦੇ ਦੇਖ ਉਸ ਨੇ ਕਿਹਾ' "ਭਾਵੁਕ ਹੋਣ ਦਾ ਅਜੇ ਮੌਕਾ ਨਹੀਂ ਆਇਆ ਹੈ ਪ੍ਰਭਾਤ! ਮੈਂ ਤਾਂ ਕੁਝ ਦਿਨਾਂ ਵਿੱਚ ਉਨ੍ਹਾਂ ਸਾਰੇ ਝੰਝਟਾਂ ਤੋਂ ਛੁੱਟ ਜਾਵਾਂਗਾ, ਪਰ ਤੁਹਾਨੂੰ ਲੋਕਾਂ ਨੂੰ ਲੰਮਾ ਸਖ਼ਰ ਤੈਅ ਕਰਨਾ ਪੈਣਾ ਹੈ।ਮੈਨੂੰ ਵਿਸ਼ਵਾਸ ਹੈ ਕਿ ਇਸ ਜ਼ਿੰਮੇਵਾਰੀ ਦੇ ਭਾਰੀ ਬੋਝ ਦੇ ਬਾਵਜੂਦ ਇਸ ਲੰਬੀ ਜੱਦੋ-ਜਹਿਦ ਦੌਰਾਨ ਤੁਸੀਂ ਥੱਕੋਗੇ ਨਹੀਂ, ਹਾਰੋਗੇ ਨਹੀਂ, ਹਾਰ ਮੰਨ ਕੇ ਰਸਤੇ ਵਿੱਚ ਬੈਠ ਨਹੀਂ ਜਾਓਗੇ।' ਇਹ ਕਹਿ ਕੇ ਉਸ ਨੇ ਸਿੱਖਾਂ ਵਿੱਚ ਹੱਥ ਵਧਾ ਕੇ ਮੇਰਾ ਹੱਥ ਫੜ ਲਿਆ।ਜੇਲ੍ਹ ਦੇ ਦਰੋਗੇ ਨੇ ਕੋਲ ਆ ਕੇ ਹੌਲੀ ਜਿਹੀ ਕਿਹਾ 'ਚੱਲੋ!'

ਸਰਕਾਰ  ਭਗਤ ਸਿੰਘ ਦੀ ਪ੍ਰਸਿੱਧਤਾ ਤੇ ਲੋਕਾਂ ਦੇ ਵਿਦਰੋਹ ਦੇ ਡਰ ਕਰਕੇ ਖ਼ਾਂਸੀ ਦੇ ਲਈ 24 ਮਾਰਚ ਦੇ ਮੁਕਰਰ ਦਿਨ ਦੀ ਥਾਂ ਸਾਰੇ ਕਾਨੂੰਨਾਂ ਨੂੰ ਛਿੱਕੇ ਢੰਗ ਕੇ 23 ਮਾਰਚ ਨੂੰ ਇਤਿਹਾਸ ਦੀ ਚਾਲ ਨੂੰ ਤੇਜ਼ ਕਰਨ ਦਾ ਕੰਮ ਕਰਨ ਲਈ ਖ਼ਾਂਸੀ ਦਾ ਪ੍ਰਬੰਧ ਕਰਦੀ ਹੈ। ਲਾਹੌਰ ਜੇਲ੍ਹ ਦੀ 14 ਨੰਬਰ ਕੋਠੀ 'ਚ ਬੈਠਾ ਭਗਤ ਸਿੰਘ ਲੈਨਿਨ ਦੀ ਜੀਵਨੀ ਪੜ੍ਹ ਰਿਹਾ ਸੀ, ਜਦ ਜੇਲਰ ਭਗਤ ਸਿੰਘ ਨੂੰ ਕਹਿੰਦਾ ਕਿ ਖ਼ਾਂਸੀ ਦਾ ਸਮਾਂ ਹੋ ਗਿਆ ਹੈ ਤਾਂ ਭਗਤ ਸਿੰਘ ਕਹਿੰਦਾ, "ਦੋ ਮਿੰਟ ਜੇਲਰ ਸਾਹਿਬ, ਇੱਕ ਇਨਕਲਾਬੀ ਦੂਜੇ ਇਨਕਲਾਬੀ ਨੂੰ ਮਿਲ ਰਿਹਾ ਹੈ।" ਇੰਨਾਂ ਕਹਿੰਦਾ ਭਗਤ ਸਿੰਘ ਕਿਤਾਬ ਦਾ ਪੰਨਾਂ, ਆੳਣ ਵਾਲਿਆਂ ਨਸਲਾਂ ਦੇ ਲਈ ਮੋੜਦਾ ਸਾਡੇ ਜਿੰਮੇ ਸਮਾਜਵਾਦ ਦੀ ਸਥਾਪਤੀ ਦਾ ਕੰਮ ਸੌਂਪ ਕੇ 7 ਵੱਜ ਕੇ 33 ਮਿੰਟ 'ਤੇ ਵਿਦਾ ਹੋ ਜਾਂਦਾ ਹੈ। ਉਸ ਦੀਆਂ ਲਿਖਤਾਂ, ਐਨਰਜੀ ਦੇ ਸਿਧਾਂਤਕ ਰੂਪ 'ਚ ਸਾਰੀ ਦੁਨੀਆਂ ਦੇ ਕਿਰਤੀਆਂ ਲਈ ਰਾਹ ਦਰਸਾਉਂਦਾ ਦਾ ਕੰਮ ਕਰ ਰਹੀਆਂ ਹਨ।

(*ਨੋਟ ਉਪਰ ਭਗਤ ਸਿੰਘ ਵੱਲੋਂ ਅਠਵੇਂ ਨੁਕਤੇ 'ਚ ਕੰਮ ਕਰਨ ਦੇ ਘੰਟੇ ਲੋੜ ਅਨੁਸਾਰ ਘੱਟ ਕਰਨ ਦੀ ਗੱਲ ਕੀਤੀ ਗਈ ਹੈ। ਇਹ ਸਮਾਜਵਾਦ ਲਈ ਰੂਹ ਜਾਨ ਵਾਲਾ ਗੁਣ ਹੈ ਅਤੇ ਸਰਮਾਏਦਾਰੀ ਲਈ ਕਬਰ ਦਾ ਕਿਲ੍ਹ ਹੈ। ਸਰਮਾਏਦਾਰੀ ਦੀ ਜਾਨ ਮੁਨਾਫੇ 'ਚ ਹੈ ਅਤੇ ਉਹ ਕਿਸੇ ਵੀ ਢੰਗ ਤਰੀਕੇ ਨਾਲ ਮੁਨਾਫਾ ਕਮਾਉਂਦੀ ਹੈ। ਭਗਤ ਸਿੰਘ ਇਸ ਗੱਲ ਨੂੰ ਸਮਝ ਗਿਆ ਸੀ ਕਿ ਅੱਗੇ ਚਲਕੇ ਕਿਰਤ ਦੇ ਸੰਦਾਂ (ਮਸ਼ੀਨ) 'ਚ ਵਾਧਾ ਹੋਣਾ ਹੈ ਜਿਸ ਨੇ ਪੈਦਾਵਾਰ ਦੇ ਪਹਾੜ ਖੜੇ ਕਰ ਦੇਣੇ ਹਨ। ਜਿਵੇਂ ਜਿਵੇਂ ਮਸ਼ੀਨ ਦੀ ਉਨਤੀ ਹੋਵੇਗੀ ਉਸ ਸਮੇਂ ਹੀ ਸਰਮਾਏਦਾਰੀ ਵੱਲੋਂ ਬੇਰੁਜ਼ਗਾਰੀ 'ਚ ਵਾਧਾ ਹੋਵੇਗਾ। ਕੰਮ 'ਤੇ ਲੱਗਿਆਂ ਨੂੰ ਕੰਮ ਤੋਂ ਬਾਹਰ ਕੀਤਾ ਜਾਵੇਗਾ ਅਤੇ ਕੰਮ ਕਰਦਿਆਂ ਦਾ ਜ਼ਰੂਰੀ ਕਿਰਤ ਸਮਾਂ (ਜਿਸਦਾ ਭੁਗਤਾਨ ਹੁੰਦਾ ਹੈ) ਘਟਦਾ ਜਾਵੇਗਾ ਤੇ ਸਰਮਾਏਦਾਰ ਲਈ ਮੁਨਾਫਾ ਦਿੰਦਾ ਵਾਧੂ ਕਿਤਰ ਸਮਾਂ ਲੰਬਾ ਹੁੰਦਾ ਜਾਵੇਗਾ। ਜ਼ਿੰਦਗੀ ਨਰਕ ਤੋਂ ਬੱਤਰ ਹੋ ਜਾਵੇਗੀ। ਇਸ ਦਾ ਬਦਲਾਅ ਭਗਤ ਸਿੰਘ ਮਾਰਕਸਵਾਦੀ ਢੰਗ ਨਾਲ ਕਾਨੂੰਨੀ ਕੰਮ ਦਿਨ ਦੀ ਕਾਨੂੰਨੀ ਸੀਮਾਂ ਨੂੰ ਕਾਨੂੰਨ ਅਨੁਸਾਰ ਛੋਟਾ ਕਰਨ ਦੀ ਗਲ ਕਰਦਾ ਹੈ।)

ਰਾਬਤਾ: +91 75080 53857

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ