Wed, 24 May 2017
Your Visitor Number :-   1039037
SuhisaverSuhisaver Suhisaver
ਮੈਨਚੈਸਟਰ 'ਚ ਆਤਮਘਾਤੀ ਹਮਲਾ; 22 ਮੌਤਾਂ, 60 ਜ਼ਖ਼ਮੀ               ਭਾਰਤ-ਚੀਨ ਸਰਹੱਦ 'ਤੇ ਸੁਖੋਈ-30 ਜੈੱਟ ਲਾਪਤਾ               ਕੇਜਰੀਵਾਲ ਦੇ ਸਾਂਢੂ ਸੁਰੇਂਦਰ ਕੁਮਾਰ ਬੰਸਲ ਦੇ ਘਰ ਏ ਸੀ ਬੀ ਦਾ ਛਾਪਾ              

ਇਨਕਲਾਬੀ ਜੱਥੇਬੰਦੀਆਂ ਨੇ ਅਮਰ ਸ਼ਹੀਦ ਸੁਖਦੇਵ ਦਾ ਜਨਮ ਦਿਨ ਮਨਾਇਆ

Posted on:- 16-05-2017

ਲੁਧਿਆਣਾ: ਸ਼ਹੀਦ ਸੁਖਦੇਵ ਦੇ ਜਨਮ ਸਥਾਨ ਨੌਘਰਾ ਮੁਹੱਲਾ ਵਿਖੇ ਬਿਗੁਲ ਮਜ਼ਦੂਰ ਦਸਤਾ, ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਸਾਂਝੇ ਰੂਪ ਵਿੱਚ ਸ਼ਹੀਦ ਸੁਖਦੇਵ ਦਾ ਜਨਮ ਦਿਨ ਮਨਾਇਆ ਗਿਆ। ਘੰਟਾ ਘਰ ਚੌਂਕ ਨੇੜੇ ਨਗਰ ਨਿਗਮ ਦਫਤਰ ਤੋਂ ਲੈ ਕੇ ਨੌਘਰੇ ਮੁਹੱਲੇ ਤੱਕ ਪੈਦਲ ਮਾਰਚ ਕੀਤਾ ਗਿਆ। ਸ਼ਹੀਦ ਸੁਖਦੇਵ ਦੀ ਯਾਦਗਾਰ 'ਤੇ ਇਨਕਲਾਬੀ ਆਗੂਆਂ ਤੇ ਹੋਰ ਲੋਕਾਂ ਨੇ ਸ਼ਰਧਾਂਜਲੀ ਦੇ ਫੁੱਲ ਭੇਂਟ ਕੀਤੇ। ਇਲਾਕੇ ਵਿੱਚ ਥਾਂ-ਥਾਂ 'ਤੇ ਸਭਾਵਾਂ ਕੀਤੀਆਂ। ਇਸ ਮੌਕੇ ਬਿਗੁਲ ਮਜ਼ਦੂਰ ਦਸਤਾ ਦੀ ਆਗੂ ਬਲਜੀਤ, ਲੋਕ ਮੋਰਚਾ ਪੰਜਾਬ ਦੇ ਆਗੂ ਕਸਤੂਰੀ ਲਾਲ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਜਸਵੰਤ ਜੀਰਖ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਦੇ ਆਗੂ ਹਰਜਿੰਦਰ, ਇਨਕਲਾਬੀ-ਨੌਜਵਾਨ ਵਿਦਿਆਰਥੀ ਮੰਚ ਦੇ ਆਗੂ ਹਰਸ਼ਾ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ। ਮੰਚ ਸੰਚਾਲਨ ਬਿਗੁਲ ਮਜ਼ਦੂਰ ਦਸਤਾ ਦੇ ਆਗੂ ਰਾਜਵਿੰਦਰ ਨੇ ਕੀਤਾ।

ਇਸ ਮੌਕੇ ਆਗੂਆਂ ਨੇ ਕਿਹਾ ਕਿ ਉਹਨਾਂ ਲਈ ਸ਼ਹੀਦ ਸੁਖਦੇਵ ਦਾ ਜਨਮ ਦਿਨ ਮਨਾਉਣਾ ਕੋਈ ਕੋਈ ਰਸਮ ਪੂਰਤੀ ਜਾਂ ਕਰਮਕਾਂਡ ਨਹੀਂ ਹੈ। ਇਨਕਲਾਬੀ ਸ਼ਹੀਦਾਂ ਦੀਆਂ ਕੁਰਬਾਨੀਆਂ ਮਨੁੱਖਤਾ ਦੀ ਲੁੱਟ, ਜ਼ਬਰ, ਅਨਿਆਂ ਖਿਲ਼ਾਫ਼ ਸੰਘਰਸ਼ਸ਼ੀਲ ਲੋਕਾਂ ਲਈ ਅਥਾਹ ਪ੍ਰੇਰਣਾ ਦਾ ਸੋਮਾ ਰਹੀਆਂ ਹਨ।ਸ਼ਹੀਦ ਸੁਖਦੇਵ ਦੀ ਕੁਰਬਾਨੀਆਂ ਭਰੀ ਸ਼ਾਨਦਾਰ ਜਿੰਦਗੀ ਅਤੇ ਹੱਸਦਿਆਂ ਹੋਇਆਂ ਫਾਂਸੀ ਦਾ ਰੱਸਾ ਚੁੰਮਣਾ ਵੀ ਤਬਦੀਲੀ ਪਸੰਦ ਨੌਜਵਾਨਾਂ-ਕਿਰਤੀਆਂ ਨੂੰ ਸਮਾਜ ਦੀ ਬੇਹਤਰੀ ਲਈ ਜੂਝਣ ਲਈ ਪ੍ਰੇਰਿਤ ਕਰਦਾ ਰਿਹਾ ਹੈ ਅਤੇ ਕਰਦਾ ਰਹੇਗਾ।

ਉਹਨਾਂ ਕਿਹਾ ਕਿ ਸ਼ਹੀਦ ਸੁਖਦੇਵ ਅਤੇ ਉਸਦੇ ਸਾਥੀ ਸਿਰਫ਼ ਅੰਗਰੇਜ਼ ਹਕੂਮਤ ਤੋਂ ਅਜ਼ਾਦੀ ਲਈ ਨਹੀਂ ਲੜ ਰਹੇ ਸਨ। ਆਪਣੀ ਫਾਂਸੀ ਤੋਂ ਤਿੰਨ ਦਿਨ ਪਹਿਲਾਂ ਪੰਜਾਬ ਦੇ ਗਵਰਨਰ ਨੂੰ ਲਿਖੇ ਖਤ ਵਿੱਚ ਸੁਖਦੇਵ, ਭਗਤ ਸਿੰਘ ਅਤੇ ਰਾਜਗੁਰੂ ਨੇ ਲਿਖਿਆ ਸੀ - ''... ਯੁੱਧ ਛਿੜਿਆ ਹੋਇਆ ਹੈ ਅਤੇ ਇਹ ਲੜਾਈ ਉਦੋਂ ਤੱਕ ਜ਼ਾਰੀ ਰਹੇਗੀ ਜਦੋਂ ਤੱਕ ਕੁੱਝ ਤਾਕਤਵਰ ਵਿਅਕਤੀ ਭਾਰਤੀ ਲੋਕਾਂ ਅਤੇ ਕਿਰਤੀਆਂ ਦੀ ਆਮਦਨ ਦੇ ਸਾਧਨਾਂ 'ਤੇ ਕਬਜ਼ਾ ਜਮਾਈ ਰੱਖਣਗੇ। ਇਹ ਵਿਅਕਤੀ ਅੰਗਰੇਜ਼ ਸਰਮਾਏਦਾਰ ਹੋਣ, ਸ਼ੁੱਧ ਭਾਰਤੀ ਹੋਣ ਜਾਂ ਭਾਂਵੇਂ ਆਪਸ ਵਿੱਚ ਮਿਲੇ ਹੋਏ ... ਹਾਲਤ ਵਿੱਚ ਕੋਈ ਫ਼ਰਕ ਨਹੀਂ ਪੈਂਦਾ।''

ਬੁਲਾਰਿਆਂ ਨੇ ਕਿਹਾ ਕਿ ਸੁਖਦੇਵ ਅਤੇ ਉਸਦੇ ਸਾਥੀਆਂ ਦਾ ਇਹ ਸਪੱਸ਼ਟ ਮੰਨਣਾ ਸੀ ਕਿ ਪੈਦਾਵਾਰ ਦੇ ਸਾਧਨਾਂ ਦੀ ਨਿੱਜੀ ਮਾਲਕੀ ਦਾ ਖਾਤਮਾ ਅਤੇ ਸਮਾਜਵਾਦੀ ਸਮਾਜ ਦੀ ਸਥਾਪਨਾ ਨਾਲ਼ ਹੀ ਲੋਕਾਂ ਦੀ ਜਿੰਦਗੀ ਬੇਹਤਰ ਹੋ ਸਕਦੀ ਹੈ। ਸੁਖਦੇਵ ਨੇ ਲਿਖਿਆ ਸੀ ਕਿ - ''ਹਿੰਦੋਸਤਾਨ ਸੋਸ਼ਲਿਸਟ ਰਿਪਬਲੀਕਨ ਪਾਰਟੀ ਦੇ ਨਾਂ ਤੋਂ ਹੀ ਪਤਾ ਲੱਗਦਾ ਹੈ ਕਿ ਇਨਕਲਾਬੀਆਂ ਦਾ ਉਦੇਸ਼ ਇਸ ਦੇਸ਼ ਵਿੱਚ ਸਮਾਜਵਾਦੀ ਜਮਹੂਰੀ ਪ੍ਰਣਾਲ਼ੀ ਸਥਾਪਿਤ ਕਰਨਾ ਹੈ।''

ਆਗੂਆਂ ਨੇ ਸ਼ਹੀਦ ਸੁਖਦੇਵ ਨੂੰ ਧਰਮ, ਜਾਤ, ਬਿਰਾਦਰੀ, ਖੇਤਰ ਆਦਿ ਨਾਲ਼ ਜੋੜ ਕੇ ਉਹਨਾਂ ਦੀ ਕੁਰਬਾਨੀ ਦੇ ਮਹੱਤਵ ਨੂੰ ਘਟਾਉਣ ਅਤੇ ਉਹਨਾਂ ਦੀ ਇਨਕਲਾਬੀ ਸੋਚ 'ਤੇ ਪਰਦਾ ਪਾਉਣ ਦੀਆਂ ਜਾਣੇ-ਅਣਜਾਣੇ ਵਿੱਚ ਕੋਸ਼ਿਸ਼ਾਂ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਲੜਾਈ ਤਾਂ ਸਮੁੱਚੀ ਮਨੁੱਖਤਾ ਨੂੰ ਹਰ ਤਰਾਂ ਦੀ ਆਰਥਿਕ, ਸਿਆਸੀ, ਸਮਾਜਿਕ ਗੁਲਾਮੀ, ਲੁੱਟ, ਦਾਬੇ, ਜ਼ਬਰ ਤੋਂ ਮੁਕਤ ਕਰਾਉਣ ਦੀ ਸੀ। ਕਿਰਤੀ ਲੋਕਾਂ ਦਾ ਗਰੀਬੀ, ਬਦਹਾਲੀ, ਬੇਰੁਜ਼ਗਾਰੀ ਤੋਂ ਛੁਟਕਾਰਾ ਧਰਮਾਂ, ਜਾਤਾਂ, ਖੇਤਰਾਂ ਆਦਿ ਦੀਆਂ ਵੰਡੀਆਂ ਖਤਮ ਕਰਕੇ ਇੱਕਮੁੱਠ ਹੋ ਕੇ ਲੁਟੇਰੇ ਹਾਕਮਾਂ ਖਿਲਾਫ਼ ਇਨਕਲਾਬੀ ਜਮਾਤੀ ਘੋਲ਼ ਰਾਹੀਂ ਹੀ ਹੋ ਸਕਦਾ ਹੈ।

ਬੁਲਾਰਿਆਂ ਨੇ ਕਿਹਾ ਕਿ ਅਮੀਰੀ-ਗਰੀਬੀ ਦੇ ਵਧਦੇ ਪਾੜੇ, ਬੇਰੁਜ਼ਗਾਰੀ, ਪੈਸੇ ਦੀ ਥੁੜ ਕਾਰਨ ਇਲਾਜਯੋਗ ਬਿਮਾਰੀਆਂ ਨਾਲ਼ ਵੀ ਮੌਤਾਂ, ਬਾਲ ਮਜ਼ਦੂਰੀ, ਔਰਤਾਂ ਖਿਲਾਫ਼ ਵਧਦੇ ਅਪਰਾਧ, ਗਰੀਬਾਂ ਦੀ ਸਿੱਖਿਆ ਤੋਂ ਵਧਦੀ ਜਾ ਰਹੀ ਦੂਰੀ, ਵੋਟਾਂ ਲਈ ਲੋਕਾਂ ਨੂੰ ਧਾਰਮਿਕ-ਜਾਤ ਅਧਾਰਿਤ ਫਿਰਕਾਪ੍ਰਸਤੀ ਦੀ ਅੱਗ ਵਿੱਚ ਝੋਕ ਦੇਣ ਦੀਆਂ ਪਹਿਲਾਂ ਤੋਂ ਵੀ ਤੇਜ਼ ਹੁੰਦੀਆਂ ਜਾ ਰਹੀਆਂ ਘਿਣੌਣੀਆਂ ਸਾਜ਼ਿਸ਼ਾਂ, ਕਦਮ-ਕਦਮ 'ਤੇ ਆਮ ਲੋਕਾਂ 'ਤੇ ਵਧਦਾ ਜਾ ਰਿਹਾ ਜ਼ਬਰ-ਜ਼ੁਲਮ - ਇਹੋ ਉਹ ਅਜ਼ਾਦੀ ਹੈ ਜਿਸਦੇ ਗੁਣਗਾਣ ਪਿਛਲੇ 70 ਸਾਲਾਂ ਤੋਂ ਦੇਸ਼ ਦੇ ਹਾਕਮ ਕਰਦੇ ਆਏ ਹਨ। ਲੋਕਾਂ ਦੇ ਹੱਕਾਂ ਲਈ ਲੜਦੇ ਲੋਕਾਂ ਨੂੰ ਦੇਸ਼ਧ੍ਰੋਹੀ ਕਰਾਰ ਦੇ ਕੇ ਦੇਸ਼ ਦੇ ਹਾਕਮ ਜ਼ਬਰ ਢਾਹ ਰਹੇ ਹਨ। ਜਦ ਤੋਂ ਕੇਂਦਰ ਵਿੱਚ ਮੋਦੀ ਸਰਕਾਰ ਆਈ ਹੈ ਤਦ ਤੋਂ ਲੋਕਾਂ ਦੇ ਹੱਕਾਂ 'ਤੇ ਹਮਲਾ ਹੋਰ ਵੀ ਤੇਜ਼ ਹੋ ਗਿਆ ਹੈ।

ਬੁਲਾਰਿਆਂ ਨੇ ਕਿਹਾ ਕਿ ਸ਼ਹੀਦ ਸੁਖਦੇਵ ਅਤੇ ਉਸਦੇ ਸਾਥੀਆਂ ਦੇ ਸੁਪਨਿਆਂ ਦਾ ਸਮਾਜ ਬਣਨਾ ਅਜੇ ਬਾਕੀ ਹੈ। ਇਸ ਖਾਤਰ ਲੋਕਾਂ ਨੂੰ ਅੱਗੇ ਆਉਣਾ ਹੀ ਪਵੇਗਾ। ਉਹਨਾਂ ਲੋਕਾਂ ਨੂੰ ਸ਼ਹੀਦ ਸੁਖਦੇਵ ਦੇ ਜਨਮ ਦਿਨ 'ਤੇ ਇਨਕਲਾਬੀ ਸ਼ਹੀਦਾਂ ਦੀ ਸੋਚ ਅਪਣਾਉਣ ਅਤੇ ਫਲਾਉਣ ਦਾ ਪ੍ਰਣ ਕਰਨ, ਉਹਨਾਂ ਦੇ ਸੁਪਨਿਆਂ ਦੇ ਸਮਾਜ ਦੀ ਉਸਾਰੀ ਦੀ ਜ਼ੋਰਦਾਰ ਤਿਆਰੀ ਵਿੱਚ ਲੱਗ ਜਾਣ ਦਾ ਪ੍ਰਣ ਕਰਨ ਦਾ ਸੱਦਾ ਦਿੱਤਾ ਹੈ।

Comments

Name (required)

Leave a comment... (required)

Security Code (required)



ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ