Wed, 23 August 2017
Your Visitor Number :-   1076259
SuhisaverSuhisaver Suhisaver
ਪਾਕਿ ਵੱਲੋਂ ਅੱਤਵਾਦੀਆਂ ਦੀ ਹਮਾਇਤ ਬਰਦਾਸ਼ਤ ਨਹੀਂ : ਟਰੰਪ               ਸੁਪਰੀਮ ਕੋਰਟ ਵੱਲੋਂ ਤਿੰਨ ਤਲਾਕ 'ਤੇ ਰੋਕ              

ਪ੍ਰੋਫੈਸਰ ਅਜਮੇਰ ਔਲਖ ਦਾ ਦੇਹਾਂਤ ਜਮਹੂਰੀ ਲਹਿਰ ਲਈ ਬਹੁਤ ਵੱਡਾ ਘਾਟਾ - ਜਮਹੂਰੀ ਅਧਿਕਾਰ ਸਭਾ

Posted on:- 15-06-2017

suhisaver

ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ, ਸੂਬਾ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਉਘੇ ਨਾਟਕਕਾਰ ਅਤੇ ਲੋਕਪੱਖੀ ਸ਼ਖਸੀਅਤ ਪ੍ਰੋਫੈਸਰ ਅਜਮੇਰ ਸਿੰਘ ਔਲਖ ਜੀ ਦੇ ਦੇਹਾਂਤ ਉੱਪਰ ਡੂੰਘੇ ਦੁੱਖ ਦਾ ਇਜ਼ਹਾਰ ਕਰਦੀ ਹੈ। ਪ੍ਰੋਫੈਸਰ ਔਲਖ ਜੀ ਨੇ ਸਿਰਫ਼ ਰੰਗਮੰਚ ਅਤੇ ਸਾਹਿਤ ਦੇ ਖੇਤਰ ਵਿਚ ਹੀ ਨਹੀਂ ਸਗੋਂ ਜਮਹੂਰੀ ਤੇ ਜਮਹੂਰੀ ਹੱਕਾਂ ਦੀ ਲਹਿਰ ਵਿਚ ਬਹੁਮੁੱਲਾ ਯੋਗਦਾਨ ਪਾਇਆ। ਇਸ ਅਜ਼ੀਮ ਸ਼ਖਸੀਅਤ ਨੂੰ ਜ਼ਿੰਦਗੀ ਨਾਲ ਡੂੰਘੀ ਮੁਹੱਬਤ ਸੀ। ਉਨ੍ਹਾਂ ਨੇ ਆਪਣੀ ਸਮੁੱਚੀ ਜ਼ਿੰਦਗੀ ਇਸ ਸਮਾਜ ਨੂੰ ਇਨਸਾਨ ਦੇ ਜਿਊਣਯੋਗ ਬਣਾਉਣ ਲਈ ਚੱਲ ਰਹੇ ਸੰਘਰਸ਼ ਵਿਚ ਸੰਘਰਸ਼ਸ਼ੀਲ ਲੋਕਪੱਖੀ ਜਮਹੂਰੀ ਤਾਕਤਾਂ ਦੇ ਮੋਢੇ ਨਾਲ ਮੋਢਾ ਲਾਊਂਦਿਆਂ ਅਤੇ ਕਲਮ ਤੇ ਰੰਗਮੰਚ ਦੇ ਮੋਰਚੇ ਤੋ੍ਰ ਵਿਸ਼ੇਸ਼ ਯੋਗਦਾਨ ਪਾਉਂਦਿਆਂ ਸਮਾਜ ਦੇ ਲੇਖੇ ਲਾਈ। ਉਹ ਹਕੂਮਤੀ ਤੇ ਖ਼ਾਲਸਤਾਨੀ ਦਹਿਸ਼ਤਵਾਦ ਅਤੇ ਹੋਰ ਕਾਲੀਆਂ ਤਾਕਤਾਂ ਦੇ ਹਮਲਿਆਂ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਹਮੇਸ਼ਾ ਲੁਟੀਂਦੇ ਅਤੇ ਦੱਬੇ ਕੁਚਲੇ ਲੋਕਾਂ ਨਾਲ ਡੱਟਕੇ ਖੜ੍ਹਦੇ ਰਹੇ ਅਤੇ ਹਰ ਤਰ੍ਹਾਂ ਦੇ ਜਬਰ-ਜ਼ੁਲਮ ਵਿਰੁੱਧ ਆਵਾਜ਼ ਉਠਾਉਂਦੇ ਰਹੇ।


ਉਹ ਲੰਮਾ ਸਮਾਂ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪ੍ਰਧਾਨ ਰਹੇ ਅਤੇ ਉਦੋਂ ਹੀ ਉਨ੍ਹਾਂ ਨੇ ਇਹ ਜ਼ਿੰਮੇਵਾਰੀ ਛੱਡੀ ਜਦੋਂ ਜਾਨਲੇਵਾ ਬੀਮਾਰੀ ਕਾਰਨ ਉਹ ਉੱਠਣ ਤੋਂ ਵੀ ਬੇਵੱਸ ਹੋ ਗਏ। ਉਨ੍ਹਾਂ ਨੇ ਓਪਰੇਸ਼ਨ ਗਰੀਨ ਵਿਰੋਧੀ ਜਮਹੂਰੀ ਫਰੰਟ ਦੇ ਸੂਬਾ ਕਨਵੀਨਰ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ ਅਤੇ ਹੋਰ ਲੋਕਪੱਖੀ ਜਮਹੂਰੀ ਸੰਸਥਾਵਾਂ ਵਿਚ ਕੰਮ ਕਰਦਿਆਂ ਲੋਕ ਹੱਕਾਂ ਦੀ ਲਹਿਰ ਵਿਚ ਅਹਿਮ ਯੋਗਦਾਨ ਪਾਇਆ। ਉਨ੍ਹਾਂ ਦਾ ਸਦੀਵੀ ਵਿਛੋੜਾ ਲੋਕਪੱਖੀ ਜਮਹੂਰੀ ਅਤੇ ਜਮਹੂਰੀ ਹੱਕਾਂ ਦੀ ਲਹਿਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਅੱਜ ਦੇ ਹਾਲਾਤ ਵਿਚ ਉਨ੍ਹਾਂ ਦਾ ਸਦੀਵੀ ਵਿਛੋੜਾ ਇਸ ਕਰਕੇ ਵੀ ਵਧੇਰੇ ਦੁਖਦਾਈ ਹੈ ਕਿ ਸਾਡੇ ਸਮਾਜ ਨੂੰ ਉਨ੍ਹਾਂ ਵਰਗੀਆਂ ਨਿਧੜਕ ਆਵਾਜ਼ਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਸਾਲਾਂ ਬੱਧੀ ਕੈਂਸਰ ਦੀ ਨਾਮੁਰਾਦ ਬੀਮਾਰੀ ਦਾ ਬੁਲੰਦ ਹੌਸਲੇ ਨਾਲ ਮੁਕਾਬਲਾ ਕਰਨਾ ਅਤੇ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿੰਦੇ ਹੋਏ ਸਮਾਜੀ ਸਰੋਕਾਰਾਂ ਨਾਲ ਜੁੜੇ ਰਹਿਣਾ ਆਪਣੇ ਆਪ ਵਿਚ ਇਕ ਮਿਸਾਲ ਹੈ। ਜਮਹੂਰੀ ਅਧਿਕਾਰ ਸਭਾ ਪੰਜਾਬ ਉਨ੍ਹਾਂ ਦੀ ਅਮਿਟ ਘਾਲਣਾ ਨੂੰ ਸਲਾਮ ਕਰਦੀ ਹੈ।

-ਬੂਟਾ ਸਿੰਘ

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ