Wed, 23 August 2017
Your Visitor Number :-   1076259
SuhisaverSuhisaver Suhisaver
ਪਾਕਿ ਵੱਲੋਂ ਅੱਤਵਾਦੀਆਂ ਦੀ ਹਮਾਇਤ ਬਰਦਾਸ਼ਤ ਨਹੀਂ : ਟਰੰਪ               ਸੁਪਰੀਮ ਕੋਰਟ ਵੱਲੋਂ ਤਿੰਨ ਤਲਾਕ 'ਤੇ ਰੋਕ              

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਇਆ ਪ੍ਰੋ. ਵਿਵੇਕ ਛਿੱਬਰ ਦਾ ਵਿਸ਼ੇਸ਼ ਲੈਕਚਰ

Posted on:- 16-07-2017

suhisaver

ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ ਵੱਲੋਂ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਹਿਯੋਗ ਨਾਲ ਡਾ.ਰਵਿੰਦਰ ਸਿੰਘ ਰਵੀ ਯਾਦਗਾਰੀ ਲੈਕਚਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕਰਵਾਇਆ ਗਿਆ। ਇਹ ਲੈਕਚਰ ਨਿਊਯਾਰਕ ਯੂਨੀਵਰਸਿਟੀ, ਨਿਊਯਾਰਕ ਦੇ ਸਮਾਜ ਵਿਗਿਆਨ ਦੇ ਪ੍ਰੋਫੈਸਰ ਵਿਵੇਕ ਛਿੱਬਰ ਦੁਆਰਾ ‘ਉਤਰ ਬਸਤੀਵਾਦੀ ਸਿਧਾਂਤਕਾਰੀ: ਮਾਰਕਸਵਾਦੀ ਸਮੀਖਿਆ ਸੰਦਰਭ’ ਵਿਸ਼ੇ ਤੇ ਦਿੱਤਾ ਗਿਆ। ਸਮਾਗਮ ਦੇ ਆਰੰਭ ਵਿਚ ਪੰਜਾਬੀ ਵਿਭਾਗ ਦੇ ਸਾਬਕਾ ਪ੍ਰੋਫੈਸਰ ਡਾ.ਜਸਵਿੰਦਰ ਸਿੰਘ ਦੁਆਰਾ ਸਵਾਗਤੀ ਸ਼ਬਦ ਕਹੇ ਗਏ।

ਡਾ. ਕੁਲਦੀਪ ਸਿੰਘ ਦੁਆਰਾ ਮੁੱਖ ਬੁਲਾਰੇ ਅਤੇ ਵਿਸ਼ੇਸ਼ ਮਹਿਮਾਨਾਂ ਦੀ ਸਰੋਤਿਆਂ ਨਾਲ ਜਾਣ ਪਛਾਣ ਕਰਵਾਈ। ਪ੍ਰੋ. ਵਿਵੇਕ ਛਿੱਬਰ ਦੇ ਭਾਸ਼ਣ ਵਿਚ ਪੂੰਜੀਵਾਦ ਦੇ ਵਿਸ਼ਵੀ ਚਰਿੱਤਰ ਨੂੰ ਪਰਿਭਾਸ਼ਤ ਕਰਦਾ ਹੈ।

ਪ੍ਰੋ. ਛਿੱਬਰ ਨੇ ਕਿਹਾ ਕਿ ਪੂੰਜੀਵਾਦ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਇਸ ਦੇ ਆਉਣ ਨਾਲ ਲੋਕਤੰਤਰੀ ਪ੍ਰਣਾਲੀ, ਲੋਕਤੰਤਰੀ ਹੱਕਾਂ ਅਤੇ ਵਿਅਕਤੀਗਤ ਆਜ਼ਾਦੀ ਬਾਰੇ ਚੇਤਨਾ ਪੈਦਾ ਹੁੰਦੀ ਹੈ ਪਰੰਤੂ ਉਹ ਇਸ ਧਾਰਣਾ ਨੂੰ ਰੱਦ ਕਰਦੇ ਹੋਏ ਕਹਿੰਦੇ ਹਨ ਕਿ ਲੋਕਤੰਤਰੀ ਪ੍ਰਣਾਲੀ, ਲੋਕਤੰਤਰੀ ਹੱਕਾਂ ਅਤੇ ਵਿਅਕਤੀਗਤ ਆਜ਼ਾਦੀ ਦੀ ਚੇਤਨਾ ਪੂੰਜੀਵਾਦ ਨਾਲ ਸੰਘਰਸ਼ ਵਿਚੋਂ ਪੈਦਾ ਹੁੰਦੀ ਹੈ। ਉਤਰ-ਬਸਤੀਵਾਦੀ ਚਿੰਤਕਾਂ ਦੁਆਰਾ ਇਹ ਧਾਰਨਾ ਬਣਾਈ ਗਈ ਹੈ ਕਿ ਤੀਜੀ ਦੁਨੀਆ ਦੇ ਦੇਸ਼ਾਂ ਵਿਚ ਮਾਰਕਸਵਾਦ ਦੇ ਫੇਲ ਹੋਣ ਮੁੱਖ ਕਾਰਣ ਉਥੋਂ ਦੇ ਪੂੰਜੀਵਾਦ ਦਾ ਸਰੂਪ ਯੂਰਪੀ ਪੂੰਜੀਵਾਦ ਜਿਹਾ ਨਾ ਹੋਣਾ ਹੈ। ਪੂੰਜੀਵਾਦ ਦਾ ਸਰੂਪ ਪ੍ਰੋੜ ਨਾ ਹੋਣ ਕਰਕੇ ਤੀਜੀ ਦੁਨੀਆ ਦੇ ਦੇਸ਼ਾਂ ਵਿਚ ਲੋਕਤੰਤਰੀ ਪ੍ਰਣਾਲੀ, ਲੋਕਤੰਤਰੀ ਹੱਕਾਂ ਅਤੇ ਵਿਅਕਤੀਗਤ ਆਜ਼ਾਦੀ ਬਾਰੇ ਚੇਤਨਾ ਯੂਰਪੀ ਮੁਲਕਾਂ ਜਿਹੀ ਨਹੀਂ ਸੀ, ਜਿਸ ਕਰਕੇ ਇਨ੍ਹਾਂ ਦੇਸ਼ਾਂ ਵਿਚ ਜਮਾਤੀ ਚੇਤਨਾ ਦਾ ਸਹੀ ਢੰਗ ਨਾਲ ਵਿਕਾਸ ਨਹੀਂ ਹੋ ਸਕਿਆ।

ਪ੍ਰੋ. ਵਿਵੇਕ ਛਿੱਬਰ ਇਨ੍ਹਾਂ ਧਾਰਨਾਵਾਂ ਨੂੰ ਰੱਦਦੇ ਹੋਏ ਕਹਿੰਦੇ ਹਨ ਕਿ ਹਰ ਮੁਲਕ ਵਿਚ ਜਮਾਤੀ ਸੰਘਰਸ਼ ਦਾ ਸਰੂਪ ਇਕੋ ਜਿਹਾ ਨਹੀਂ ਹੋ ਸਕਦਾ ਹੈ। ਇਸ ਦਾ ਮੁੱਖ ਕਾਰਣ ਉਥੋਂ ਦੇ ਸਮਾਜਿਕ, ਧਾਰਮਿਕ, ਆਰਥਿਕ ਅਤੇ ਰਾਜਨੀਤਕ ਹਾਲਤਾਂ ਹੁੰਦੀਆਂ ਹਨ। ਇਨ੍ਹਾਂ ਹਾਲਤਾਂ ਮੁਤਾਬਕ ਹੀ ਹਰ ਮੁਲਕ ਵਿਚ ਲੋਕਤੰਤਰੀ ਹੱਕਾਂ ਅਤੇ ਜਮਾਤੀ ਹੱਕਾਂ ਲਈ ਸੰਘਰਸ਼ ਪੈਦਾ ਹੁੰਦਾ ਹੈ। ਇਸ ਮੌਕੇ ਵਿਸ਼ੇਸ਼ ਮਹਿਮਾਨ ਕਾਨ੍ਹ ਸਿੰਘ ਪੰਨੂੰ ਨੇ ਸਿਖਿਆ ਸੰਕਟਾਂ ਦੇ ਵਾਧੇ ਵਿਚ ਸਰਕਾਰੀ ਨੀਤੀਆਂ ਦੀ ਭੂਮਿਕਾ ਦੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਤਕਨੀਕ ਦੇ ਵਿਕਾਸ ਨੇ ਜਿਸ ਤਰ੍ਹਾਂ ਮਨੁੱਖੀ ਕਿਰਤ ਨੂੰ ਘਟਾ ਦਿੱਤਾ ਹੈ । ਅਜਿਹੀ ਸਥਿਤੀ ਵਿਚ ਸਾਨੂੰ ਇਨਕਲਾਬ ਦੇ ਨਵੇਂ ਤਰੀਕਿਆਂ ਬਾਰੇ ਸੋਚਣਾ ਪਵੇਗਾ। ਅਚਿਨ ਵਿਨਾਯਕ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਯੂਨੀਵਰਸਲ ਕਲਚਰ ਦੇ ਸੰਦਰਭ ਵਿਚ ਗੱਲ ਕਰਦੇ ਹਨ।

ਉਨ੍ਹਾਂ ਨੇ ਮੋਬਾਇਲ ਤਕਨੀਕ, ਸਭਿਆਚਾਰ ਇਨਕਲਾਬ ਅਤੇ ਨਿਊਕਲੀਅਰ ਹਥਿਆਰਾਂ ਦੇ ਵਿਕਾਸ ਅਤੇ ਸਮਾਜਵਾਦ ਦੇ ਆਪਸੀ ਵਿਰੋਧਾਤਮਕ ਸੰਬੰਧਾਂ ਬਾਰੇ ਚਰਚਾ ਕੀਤੀ। ਇਸ ਸਮਾਗਮ ਦਾ ਸੰਚਾਲਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਅਤੇ ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ ਦੇ ਜਰਨਲ ਸਕੱਤਰ ਡਾ.ਸੁਰਜੀਤ ਸਿੰਘ ਦੁਆਰਾ ਕੀਤਾ ਗਿਆ। ਸਮਾਗਮ ਦੇ ਅੰਤ ਵਿਚ ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ ਦੇ ਪ੍ਰਧਾਨ ਡਾ.ਸੁਖਦੇਵ ਸਿੰਘ ਸਿਰਸਾ ਨੇ ਮੁੱਖ ਬੁਲਾਰਿਆਂ ਅਤੇ ਸਮਾਗਮ ਵਿਚ ਸ਼ਮੂਲੀਅਤ ਕਰਨ ਲਈ ਆਏ ਸਰੋਤਿਆਂ ਦਾ ਧੰਨਵਾਦ ਕੀਤਾ।    

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ