ਪ੍ਰੋਗਰੈਸਿਵ ਕਲਚਰਲ ਐਸੋਸ਼ੀਏਸ਼ਨ ਕੈਲਗਰੀ ਵੱਲੋਂ ਕਈ ਅਹਿਮ ਮੁੱਦਿਆਂ ਤੇ ਵਿਚਾਰ ਚਰਚਾ
Posted on:- 07-04-2015
-ਬਲਜਿੰਦਰ ਸੰਘਾ
ਪ੍ਰੋਗਰੈਸਿਵ ਕਲਚਰਲ ਐਸੋਸ਼ੀਏਸ਼ਨ ਕੈਲਗਰੀ ਦੀ ਮਹੀਨਾਵਾਰ ਮੀਟਿੰਗ ਵਿਚ ਕਈ ਅਹਿਮ ਮੁੱਦਿਆਂ ਤੇ ਵਿਚਾਰ ਚਰਚਾ ਹੋਈ। ਜਿਸ ਵਿਚ ਮੁੱਖ ਤੌਰ ਤੇ ਤਿੰਨ ਬੁਲਾਰਿਆਂ ਤਰਲੋਚਨ ਦੂਹੜਾ, ਰਿਸ਼ੀ ਨਾਗਰ ਅਤੇ ਹਰਚਰਨ ਪਰਹਾਰ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸਟੇਜ ਸੰਚਾਲਕ ਕਮਲਪ੍ਰੀਤ ਕੌਰ ਪੰਧੇਰ ਨੇ ਪਹਿਲੇ ਬੁਲਾਰੇ ਤਰਲੋਚਨ ਦੂਹੜੇ ਨੂੰ ਕੈਨੇਡਾ ਦੀ ਮੌਜੂਦਾ ਸਰਕਾਰ ਵੱਲੋਂ ਲਿਆਦੇ ਨਵੇਂ ਬਿੱਲ 51ਸੀ ਬਾਰੇ ਆਪਣੇ ਵਿਚਾਰ ਪੇਸ਼ ਕਰਨ ਦਾ ਸੱਦਾ ਦਿੱਤਾ। ਤਰਲੋਚਨ ਦੂਹੜਾ ਹੋਰਾਂ ਨੇ ਬਿੱਲ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਹ ਬਿੱਲ ਲੋਕਾਂ ਦੇ ‘ਚਾਰਟਰ ਆਫ ਰਾਈਟਸ’ ਤੇ ਬਹੁਤ ਵੱਡਾ ਹਮਲਾ ਹੈ। ਇਸ ਬਿੱਲ ਦਾ ਦਾਇਰਾ ਇੰਨਾ ਵਿਸ਼ਾਲ ਹੈ ਕਿ ਕੋਈ ਵੀ ਜਮਹੂਰੀ ਜਾਂ ਆਪਣੇ ਹੱਕਾਂ ਲਈ ਕੀਤੀ ਕਾਰਵਾਈ ਦਹਿਸ਼ਤਗਰਦੀ ਕਰਾਰ ਦਿੱਤੀ ਜਾ ਸਕਦੀ ਹੈ।
ਉਹਨਾਂ ਕਿਹਾ ਕਿ ਇਸ ਬਿੱਲ ਅਧੀਨ ਕੈਨੇਡਾ ਦੀ ਖੁਫ਼ੀਆ ਏਜੰਸੀ ਜੋ ਸਿਰਫ਼ ਜਾਣਕਾਰੀ ਇਕੱਠੀ ਕਰਨ ਤੱਕ ਸੀਮਤ ਹੈ ਇਸ ਬਿੱਲ ਅਧੀਨ ਇਨਫੋਰਸਮੈਂਟ ਕਰਨ ਵਾਲੀ ਏਜੰਸੀ ਬਣ ਜਾਵੇਗੀ ‘ਤੇ ਕੈਨੇਡਾ ਭਰ ਦੇ ਸ਼ਹਿਰਾਂ ਵਿਚ ਇਸ ਬਿੱਲ ਖਿਲਾਫ਼ ਮੁਜ਼ਾਹਰੇ ਹੋਏ ਹਨ। ਉਹਨਾਂ ਨੇ ਇਸ ਗੱਲ ਤੇ ਜੋਰ ਦਿੱਤਾ ਕਿ ਇਨਸਾਫ਼ ਪਸੰਦ ਲੋਕਾਂ ਨੂੰ ਇਸਦੇ ਖਿਲਾਫ਼ ਅਵਾਜ਼ ਉਠਾਉਣੀ ਚਾਹੀਦੀ ਹੈ। ਫੋਰਮ ਦੇ ਪ੍ਰਧਾਨ ਸੋਹਨ ਮਾਨ ਨੇ ਇਸ ਬਿੱਲ ਦੇ ਬਨਣ ਪਿੱਛੇ ਜੋ ਬੈਕਗਰਾਊਂਡ ਹੈ ਉਸ ਬਾਰੇ ਜਾਣਕਾਰੀ ਭਰਪੂਰ ਵਿਚਾਰ ਪੇਸ਼ ਕੀਤੇ। ਦੂਸਰੇ ਬੁਲਾਰੇ ਹਰਚਰਨ ਸਿੰਘ ਪਰਹਾਰ (ਮੁੱਖ ਸੰਪਾਦਕ ਸਿੱਖ ਵਿਰਸਾ ਮੈਗਜ਼ੀਨ) ਨੇ 13 ਅਪੈ੍ਰਲ 1919 ਨੂੰ ਜਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਬਾਰੇ ਆਪਣੇ ਪ੍ਰਭਾਵਸ਼ਾਲੀ ਵਿਚਾਰ ਪੇਸ਼ ਕੀਤੇ ਅਤੇ ਕਿਹਾ ਕਿ ਇਸ ਸਾਕੇ ਵਿਚ ਆਮ ਅੰਕੜਿਆਂ ਅਨੁਸਾਰ 1500 ਨਿਰੋਦਸ਼ ਲੋਕਾਂ ਦੀਆਂ ਜਾਨਾਂ ਗਈ ਪਰ ਅਸਲ ਅੰਕੜੇ ਇਸ ਤੋਂ ਵੀ ਵੱਧ ਹਨ। ਤੀਸਰੇ ਮੁੱਖ ਬੁਲਾਰੇ ਰਿਸ਼ੀ ਨਾਗਰ ਨੇ ਅਲਬਰਟਾ ਦੇ ਨਵੇਂ ਬੱਜਟ ਅਤੇ ਅਸਥਾਈ ਵਿਦੇਸ਼ੀ ਕਾਮਿਆਂ ਬਾਰੇ ਵਿਚਾਰ ਪੇਸ਼ ਕੀਤੇ।
ਅਲਬਰਟਾ ਬੱਜਟ ਤੇ ਬੋਲਦਿਆਂ ਉਹਨਾਂ ਕਿਹਾ ਇਸ ਬੱਜਟ ਨੂੰ ਅਲਬਰਟਾ ਦੇ ਇਤਿਹਾਸ ਦਾ ਸਭ ਤੋਂ ਮਾੜਾ ਬੱਜਟ ਗਿਣਿਆ ਗਿਆ ਹੈ। ਜਿਸ ਵਿਚ ਨਵੀਆਂ ਫੀਸਾਂ ਲਾਈਆ ਅਤੇ ਪੁਰਾਣੀਆਂ ਵਧਾਈਆਂ ਗਈਆਂ ਹਨ। ਨਾਲ ਹੀ ਇਨਕਮ ਟੈਕਸ ਰੇਟ ਵਧਾਇਆ ਗਿਆ ਹੈ ਅਤੇ ਹੈਲਥ ਪ੍ਰੀਮੀਅਮ ਛੇ ਸਾਲ ਬਾਅਦ ਦੁਬਾਰਾ ਲਾਗੂ ਕਰ ਦਿੱਤਾ ਗਿਆ ਹੈ ਜੋ ਇਸੇ ਸਾਲ ਜੁਲਾਈ ਤੋਂ ਵਸੂਲਿਆ ਜਾਣ ਲੱਗੇਗਾ। ਕਾਰਪੋਰੇਟ ਟੈਕਸ ਅਤੇ ਤੇਲ ਰਾਇਲਟੀ ਨੂੰ ਬਿਲਕੁਲ ਛੂਹਿਆ ਨਹੀਂ ਗਿਆ। ਹੈਲਥ ਕੇਅਰ ਅਤੇ ਐਜੂਕੇਸ਼ਨ ਜਿਹੀਆਂ ਜ਼ਰੂਰੀ ਸੇਵਾਵਾਂ ਦੇ ਫੰਡਾਂ ਵਿਚ ਕਟੌਤੀ ਕੀਤੀ ਗਈ ਹੈ।
ਟੈਮਪਰੈਰੀ ਫੌਰਨ ਵਰਕਰਾਂ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਸਰਕਾਰ ਦੁਆਰਾ ਪਿਛਲੇ ਸਮੇਂ ਵਿਚ ਨਿਯਮਾਂ ਵਿਚ ਕੀਤੀਆਂ ਤਬਦੀਲੀਆਂ ਕਾਰਨ ਕਈ ਹਜ਼ਾਰਾਂ ਅਨ-ਸਕਿਲਡ ਕੱਚੇ ਕਾਮਿਆਂ ਦੇ ਵਰਕ ਪਰਮਟ 31 ਮਾਰਚ 2015 ਨੂੰ ਖ਼ਤਮ ਹੋ ਗਏ ਹਨ ਅਤੇ ਉਹਨਾਂ ਨੂੰ ਵਾਪਸ ਆਪਣੇ ਦੇਸ਼ਾਂ ਨੂੰ ਭੇਜਿਆ ਜਾ ਰਿਹਾ ਹੈ। ਸੰਸਥਾਂ ਦੇ ਕਾਰਜਕਾਰੀ ਮੈਂਬਰ ਗੁਰਬਚਨ ਬਰਾੜ ਨੇ ਪ੍ਰੋਗਰੈਸਿਵ ਕਲਚਰਲ ਐਸੋਸ਼ੀਏਸ਼ਨ ਕੈਲਗਰੀ ਦੇ 25 ਸਾਲਾਂ ਸਿਲਵਰ ਜੁਬਲੀ ਸਮਾਗਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਮਾਗਮ ਸੇਂਟ ਕਾਲਜ ਦੇ ਔਰਫੀਅਸ ਥੀਏਟਰ ਵਿਚ 12 ਅਪੈ੍ਰਲ ਦਿਨ ਐਤਵਾਰ ਨੂੰ ਦਿਨ ਦੇ ਤਿੰਨ ਵਜੇ ਤੋਂ ਛੇ ਵਜੇ ਤੱਕ ਹੋਣ ਜਾ ਰਿਹਾ ਹੈ ਜਿਸ ਵਿਚ ਸੈਮੂਅਲ ਜੌਨ ਦੁਆਰਾ ਦੋ ਨਾਟਕ ਪੇਸ਼ ਕੀਤੇ ਜਾਣਗੇ ਅਤੇ ਹੋਰ ਵੀ ਉਸਾਰੂ ਪ੍ਰੋਗਰਾਮ ਹੋਵੇਗਾ। ਗੁਰਦਿਆਲ ਸਿੰਘ ਖਹਿਰਾ ਅਤੇ ਪ੍ਰੋਗਰੈਸਿਵ ਫੋਰਮ ਦੇ ਕੁਝ ਹੋਰ ਮੈਂਬਰਾਂ ਨੇ ਜੋ ਹੁਣੇ ਭਾਰਤ ਤੋਂ ਵਾਪਸ ਆਏ ਹਨ ਆਪਣੇ ਵਿਚਾਰਾਂ ਨਾਲ ਸਾਂਝ ਪਾਈ।