ਪ੍ਰੋਫੈਸਰ ਵਰਵਰਾ ਰਾਓ, ਕ੍ਰਾਂਤੀ ਚੇਤੰਨਿਆ, ਸਟੇਨ ਸਵਾਮੀ ਅਤੇ ਹੋਰ ਜਮਹੂਰੀ ਕਾਰਕੁੰਨਾਂ ਦੇ ਘਰਾਂ ਵਿਚ ਛਾਪੇਮਾਰੀ ਅਤੇ ਤਲਾਸੀ਼ ਮੁਹਿੰਮ ਵਿਰੁੱਧ ਆਵਾਜ਼ ਉਠਾਓ
Posted on:- 28-08-2018
ਹੁਣੇ ਮਿਲੀ ਜਾਣਕਾਰੀ ਹੈ ਕਿ ਅੱਜ ਸਵੇਰ ਤੋਂ ਤੇਲੰਗਾਨਾ, ਮਹਾਰਾਸ਼ਟਰ ਆਦਿ ਵਿਚ ਪੁਲਿਸ ਪਾਰਟੀਆਂ ਉੱਘੇ ਜਮਹੂਰੀ ਕਾਰਕੰਨਾਂ ਦੇ ਘਰਾਂ ਵਿਚ ਛਾਪੇ ਮਾਰਕੇ ਤਲਾਸ਼ੀਆਂ ਅਤੇ ਪੁੱਛਗਿੱਛ ਦੀ ਵਿਸ਼ੇਸ਼ ਮੁਹਿੰਮ ਚਲਾ ਰਹੀਆਂ ਹਨ। ਘਰਾਂ ਵਿੱਚੋਂ ਸਮਾਨ ਜ਼ਬਤ ਕੀਤਾ ਜਾ ਰਿਹਾ ਹੈ ਅਤੇ ਕਾਰਕੁੰਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਤੇਲੰਗਾਨਾ ਵਿਚ ਪ੍ਰੋਫੈਸਰ ਵਰਵਰਾ ਰਾਓ ਅਤੇ ਕ੍ਰਾਂਤੀ ਚੈਤੰਨਿਆ ਦੇ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ।
ਮੁੰਬਈ ਵਿਚ ਅਰੁਣ ਫਰੇਰਾ, ਸੁਸਾਨ ਅਬਰਾਹਮ ਅਤੇ ਵਰਨੋਨ ਗੋਂਸਾਲਵੇਜ਼ ਦੇ ਘਰਾਂ ਵਿਚ ਪੁਣੇ ਪੁਲਿਸ ਵੱਲੋਂ ਛਾਪਾ ਮਾਰਿਆ ਗਿਆ ਹੈ। ਇਸ ਤਰ੍ਹਾਂ ਰਾਂਚੀ ਵਿਚ ਸਟੇਨ ਸਵਾਮੀ ਦੇ ਘਰ ਵਿਚ ਮਹਾਰਾਸ਼ਟਰ ਪੁਲਿਸ ਅਤੇ ਸਥਾਨਕ ਪੁਲਿਸ ਵੱਲੋਂ ਛਾਪਾ ਮਾਰਿਆ ਗਿਆ।ਇਹਨਾਂ ਸਾਰੇ ਕਾਰਕੁੰਨਾਂ ਨੂੰ ਭੀਮਾ-ਕੋਰੇਗਾਓਂ ਮਾਮਲੇ ਨਾਲ ਜੋੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਛਾਪੇਮਾਰੀਆਂ ਅਤੇ ਤਲਾਸ਼ੀਆਂ ਦਾ ਇਹ ਸਿਲਸਿਲਾ ਦੋ ਮਹੀਨੇ ਪਹਿਲਾਂ ਪ੍ਰੋਫੈਸਰ ਸ਼ੋਮਾ ਸੇਨ, ਐਡਵੋਕੇਟ ਸੁਰਿੰਦਰ ਗਾਡਲਿੰਗ, ਸੁਧੀਰ ਧਾਵਲੇ, ਮਹੇਸ਼ ਰਾਵਤ, ਰੋਨਾ ਵਿਲਸਨ ਨੂੰ ਭੀਮਾ-ਕੋਰੇਗਾਓਂ ਦੀ ਕਥਿਤ ਹਿੰਸਾ ਨਾਲ ਜੋੜਕੇ ਗਿ੍ਰਫ਼ਤਾਰ ਕਰਨ ਅਤੇ ਫਿਰ ਉਹਨਾਂ ਉੱਪਰ ਮੋਦੀ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦਾ ਝੂਠਾ ਕੇਸ ਦਰਜ ਕਰਨ ਦੀ ਤਰਜ਼ 'ਤੇ ਚਲਾਇਆ ਜਾ ਰਿਹਾ ਹੈ।
ਖ਼ਦਸ਼ਾ ਇਹ ਹੈ ਕਿ ਪੁਲਿਸ ਇਹਨਾਂ ਜਮਹੂਰੀ ਸ਼ਖਸੀਅਤਾਂ ਨੂੰ ਵੀ ਇਸ ਬਹਾਨੇ ਉਸੇ ਸਾਜ਼ਿਸ਼ ਕੇਸ ਨਾਲ ਜੋੜਕੇ ਗਿ੍ਰਫ਼ਤਾਰ ਕਰੇਗੀ ਅਤੇ ਝੂਠੇ ਕੇਸ ਵਿਚ ਫਸਾਏਗੀ ਜਿਵੇਂ ਪਹਿਲਾਂ ਪੰਜ ਕਾਰਕੁੰਨਾਂ ਨੂੰ ਜੇਲ੍ਹ ਬੰਦ ਕੀਤਾ ਜਾ ਚੁੱਕਾ ਹੈ। ਜਮਹੂਰੀ ਅਧਿਕਾਰ ਸਭਾ ਪੰਜਾਬ ਇਹਨਾਂ ਛਾਪੇਮਾਰੀਆਂ ਅਤੇ ਤਲਾਸ਼ੀਆਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਜਮਹੂਰੀ ਸ਼ਖਸੀਅਤਾਂ ਨੂੰ ਝੂਠੇ ਕੇਸਾਂ ਵਿਚ ਗਿ੍ਰਫ਼ਤਾਰ ਕਰਕੇ ਉਹਨਾਂ ਦੀ ਜ਼ੁਬਾਨਬੰਦੀ ਦਾ ਤਾਨਾਸ਼ਾਹ ਸਿਲਸਿਲਾ ਬੰਦ ਕੀਤਾ ਜਾਵੇ। ਜਮਹੂਰੀ ਅਧਿਕਾਰ ਸਭਾ ਸਮੂਹ ਜਮਹੂਰੀ ਅਤੇ ਇਨਸਾਫ਼ਪਸੰਦ ਤਾਕਤਾਂ ਨੂੰ ਇਸ ਰਾਜਕੀ ਦਹਿਸ਼ਤਵਾਦ ਵਿਰੁੱਧ ਜ਼ੋਰਦਾਰ ਆਵਾਜ਼ ਉਠਾਉਣ ਦੀ ਅਪੀਲ ਕਰਦੀ ਹੈ।