Sat, 20 April 2024
Your Visitor Number :-   6988184
SuhisaverSuhisaver Suhisaver

ਮਨੁੱਖੀ ਮਨ ਦੇ ਸੁਪਨਿਆਂ ਦੀ ਗੱਲ ਕਰਦਾ ਕਹਾਣੀ ਸੰਗ੍ਰਹਿ ‘ਸੁਪਨੇ ਸੱਚ ਹੋਣਗੇ’- ਬਲਜਿੰਦਰ ਸੰਘਾ

Posted on:- 07-09-2014

suhisaver

ਕਿਤਾਬ ਦਾ ਨਾਮ- ਸੁਪਨੇ ਸੱਚ ਹੋਣਗੇ
ਲੇਖਕ- ਜੋਰਾਵਰ ਸਿੰਘ ਬਾਂਸਲ
ਪ੍ਰਕਾਸ਼ਕ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ


ਇਸ ਕਹਾਣੀ ਸੰਗ੍ਰਹਿ ‘ਸੁਪਨੇ ਸੱਚ ਹੋਣਗੇ’ ਦੇ ਲੇਖ਼ਕ ਜੋਰਾਵਰ ਸਿੰਘ ਬਾਂਸਲ ਦਾ ਪਹਿਲਾ ਕਹਾਣੀ ਸੰਗ੍ਰਹਿ ‘ਤੜੇੜਾਂ’ਯਥਾਰਥਵਾਦ ਰਾਹੀਂ ਮਨੁੱਖੀ ਰਿਸ਼ਤਿਆਂ ਦੀ ਸੂਖ਼ਮ ਗੱਲ ਕਰਦਾ ਮਨੁੱਖਵਾਦੀ ਸੋਚ ਦੀ ਹਾਮੀ ਭਰਦਾ ਸੀ। ਇਸ ਕਹਾਣੀ ਸੰਗ੍ਰਹਿ ਦੀਆਂ ਕਾਹਣੀਆਂ ਵੀ ਯਥਾਰਥਵਾਦੀ, ਸਮਾਜਿਕ ਅਤੇ ਸਮਾਜ ਦਾ ਮੁੱਖ ਅੰਗ ਪਰਿਵਾਰਕ ਜਿ਼ੰਦਗੀ ਜੀਅ ਰਹੇ ਵਾਸੀ-ਪਰਵਾਸੀ ਪੰਜਾਬੀ ਸਰੋਕਾਰਾਂ ਦੀਆਂ ਕਹਾਣੀਆਂ ਹਨ ‘ਤੇ ਕੋਈ ਅਲੋਕਾਰ ਸ਼ਕਤੀਆਂ ਦੀਆਂ ਗੱਲਾਂ ਨਹੀਂ ਕਰਦੀਆਂ। ਉਹ ਪਰਿਵਾਰਕ ਜਿ਼ੰਦਗੀਆਂ ਵਿਚ ਆਉਂਦੇ ਆਰਥਿਕਤਾ, ਜਾਤੀਵਾਦ ਅਤੇ ਸਾਡੀ ਸੱਭਿਅਤਾ ਵਿਚ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਕੁਝ ਰੂੜ੍ਹੀਵਾਦੀ ਪਰੰਪਰਾਵਾਂ ਨੂੰ ਕਹਾਣੀਆਂ ਦੇ ਪਲਾਂਟ ਦਾ ਹਿੱਸਾ ਬਣਾਉਦਾ ਹੋਇਆ ਔਰਤ ਦੇ ਮਾਨਸਿਕ ਦਰਦ ਦੀ ਗੱਲ ਲੱਗਭਗ ਹਰ ਕਾਹਣੀ ਵਿਚ ਕਰਦਾ ਹੈ। ਕਹਾਣੀਆਂ ਦੇ ਪਾਤਰ ਪਰਿਵਾਰਕ ਜਿ਼ੰਦਗੀ ਗੁਜਾਰਦੇ ਤੇ ਪਾਰਿਵਾਰਕ ਜਿ਼ੰਦਗੀ ਦੀ ਹਰ ਮਰਿਆਦਾ ਵਿਚ ਰੰਗ ਜਾਂ ਰੰਗ ਦਿੱਤੇ ਗਏ ਪਾਤਰ ਹਨ ਜੋ ਕਿਸੇ ਫਿਲਮੀ ਹੀਰੋ ਵਾਂਗ ਬਗਾਵਤ ਨਹੀਂ ਕਰਦੇ ਬਲਕਿ ਹਰ ਤਰ੍ਹਾਂ ਦੀ ਪਰੰਪਰਾਂ ਚਾਹੇ ਉਹ ਰੂੜੀਵਾਦੀ ਹੀ ਹੋਵੇ ਉਸਦਾ ਸਿੱਧਾ ਸਾਹਮਣਾ ਨਹੀਂ ਕਰਦੇ ਬਲਿਕ ਹਰ ਕਹਾਣੀ ਵਿਚ ਉਹ ਸਮਾਜ ਦੇ ਘੇਰੇ ਵਿਚ ਰਹਿਕੇ ਆਖਰ ਮਨੁੱਖਤਾ ਲਈ ਜੀਵਨ ਜਿਊਣ ਦਾ ਉਸਾਰੂ ਰਾਹ ਲੈਕੇ ਆਉਂਦੇ ਹਨ।


ਇਸ ਤੋਂ ਇਲਾਵਾ ਜੋਰਾਵਰ ਸਿੰਘ ਬਾਂਸਲ ਨੂੰ ਪਰਵਾਸੀ ਜੀਵਨ ਦਾ ਬਹੁਤ ਲੰਮਾ ਹੀ ਨਹੀਂ ਬਲਕਿ ਉਮਰ ਦੇ ਉਸ ਮੋੜ ਤੋਂ ਅਨੁਭਵ ਹੈ ਜਦੋਂ ਮਨੁੱਖ ਬਾਲ ਮਨ ਵਿਚੋਂ ਨਿਕਲ ਕੇ ਜਵਾਨੀ ਦੇ ਪਹਿਲੇ ਸੁਪਨੇ ਲੈਣ ਤੋਂ ਬਾਅਦ ਉਹਨਾਂ ਦੀ ਸਕਾਰਤਾ ਲਈ ਪਰ ਤੋਲਣ ਲੱਗਦਾ ਹੈ। ਉਸਦੇ ਸੰਜੀਦਾ ਅਤੇ ਰਚਨਹਾਰੀ ਸੋਚ ਨੇ ਲਿਖ਼ਣ ਦੇ ਨਾਲ-ਨਾਲ ਅਜੇ ਨਾਟਕ ਸਟੇਜਾਂ ਉੱਪਰ ਅੱਜ ਦੇ ਪ੍ਰਸਿੱਧ ਕਮੇਡੀਅਨ ਗੁਰਪ੍ਰੀਤ ਘੁੱਗੀ ਨਾਲ ਪੈਰ ਰੱਖਣਾ ਸ਼ੁਰੂ ਹੀ ਕੀਤਾ ਸੀ ਕਿ ਉਹ ਸਿਰਫ ਵੀਹ ਸਾਲ ਦੀ ਉਮਰ ਵਿਚ ਵਧੀਆ ਭਵਿੱਖ ਦੇ ਸੁਪਨੇ ਲੈਕੇ ਜਰਮਨ ਆ ਗਿਆ। ਪਰਵਾਸੀ ਜੀਵਨ ਦੀ ਸਖ਼ਤ ਮਿਹਨਤ ਕਰਕੇ ਸਾਹਿਤ ਅਤੇ ਕਲਾਕਾਰੀ ਲਗਨ ਦਾ ਪਰਦਾ ਬਿਲਕੁਲ ਬੰਦ ਕਰ ਦਿੱਤਾ।

ਪਰ ਦਿਲ ਵਿਚ ਲਿਖ਼ਣ ਤੇ ਕੁਝ ਕਰਨ ਦੀ ਚਾਹਤ ਹਮੇਸ਼ਾਂ ਬਲਦੀ ਰਹੀ। ਸੰਨ 2005 ਵਿਚ ਕੈਨੇਡਾ ਪਹੁੰਚਣ ਤੇ ਉਸਨੇ ਆਪਣੀ ਲਿਖ਼ਣ ਕਲਾ ਨੂੰ ਕਵਿਤਾਵਾਂ ਅਤੇ ਕਹਾਣੀਆਂ ਰਾਹੀ ਲੋਕਾਂ ਤੱਕ ਹੀ ਨਹੀਂ ਪਹੁੰਚਾਇਆ ਬਲਕਿ ਸਾਹਿਤਕ ਸੂਝ ਰੱਖਣ ਵਾਲੇ ਮੈਗਜੀਨਾਂ ਅਤੇ ਅਖਬਾਰਾਂ ਵਿਚ ਛਪਦੀਆਂ ਉਸਦੀਆਂ ਕਹਾਣੀਆਂ ਨਾਲ ਉਹ ਲੋਕ ਦਿਲਾਂ ਤੱਕ ਪਹੁੰਚ ਗਿਆ ਸੀ। ਮੈਂ ਖ਼ੁਦ ਕੈਲਗਰੀ ਤੋਂ ਛਪਦੇ ਇਕ ਮੈਗਜ਼ੀਨ ‘ਸਿੱਖ ਵਿਰਸਾ’ ਵਿਚ ਉਸਦੀਆਂ ਕਹਾਣੀਆਂ ਪੜ੍ਹਦਾ ਅਤੇ ਇਕ ਵੱਡੀ ਉਮਰ ਦੇ ਪਰੋੜ ਸਾਹਿਤਕਾਰ ਦੀ ਤਸਵੀਰ ਜਿ਼ਹਨ ਵਿਚ ਬਣਦੀ। ਫਿਰ ਉਸ ਨਾਲ ਮੁਲਾਲਾਤ ਹੋਈ ਤਾਂ ਪਤਾ ਲੱਗਾ ਕਿ ਉਹ ਸਾਹਿਤਕ ਪੱਖ ਤੋਂ ਤਾਂ ਪਰੋੜ ਅਵਸਥਾ ਵਿਚ ਹੈ ਉਮਰ ਪੱਖੋ ਜਵਾਨ ਹੀ ਹੈ। ਪਹਿਲੇ ਕਹਾਣੀ ਸੰਗ੍ਰਹਿ ‘ਤਰੇੜ੍ਹਾਂ’ ਤੋਂ ਬਾਅਦ ਹੁਣ ਉਹ ਆਪਣਾ ਦੂਸਰਾ ਕਹਾਣੀ ਸੰਗ੍ਰਹਿ ‘ਸੁਪਨੇ ਸੱਚ ਹੋਣਗੇ’ ਲੈਕੇ ਸਾਹਿਤਕ ਪਿੜ ਵਿਚ ਆਇਆ ਹੈ।

ਹਰ ਇਕ ਕਹਾਣੀਕਾਰ ਦਾ ਕਹਾਣੀ ਅਤੇ ਕਹਾਣੀ ਦੇ ਪਾਤਰਾਂ ਨੂੰ ਸਿਰਜਣ ਦਾ ਆਪਣਾ-ਆਪਣਾ ਸਿ਼ਲਪਕਾਰੀ ਢੰਗ ਹੈ ਅਤੇ ਵਿਸ਼ੇ ਦੇ ਅਨੁਸਾਰ ਹੀ ਕਹਾਣੀਕਾਰ ਪਾਤਰਾਂ ਦੀ ਸਿਰਜਣਾ ਕਰਦਾ ਹੈ। ਉਪਰੋਤਕ ਅਨੁਸਾਰ ਕਿਉਂਕਿ ਇਸ ਕਹਾਣੀ ਸੰਗ੍ਰਹਿ ਦੀਆਂ ਕਹਾਣੀਆਂ ਸਮਾਜਿਕ ਵਿਸਿ਼ਆ ਨਾਲ ਸਬੰਧਤ ਅਤੇ ਪਰਿਵਾਰਕ ਜਿੰਦਗੀ ਦੀ ਕਬੀਲਦਾਰੀ ਵਿਚ ਆਰਥਿਕ ਹਲਾਤਾਂ ਨਾਲ ਲੜਦੇ ਆਮ ਮਨੁੱਖੀ ਪਰਿਵਾਰਾਂ ਦੀਆਂ ਕਾਹਣੀਆਂ ਹਨ ਇਸੇ ਕਰਕੇ ਬਹੁਤੀਆਂ ਕਹਾਣੀਆਂ ਦੀ ਲੰਬਾਈ ਜਿ਼ਆਦਾ ਹੈ ਕਿਉਂਕਿ ਕਹਾਣੀਕਾਰ ਉਸ ਪਰਿਵਾਰ ਦੇ ਸਬੰਧ ਵਿਚ ਸਾਹਮਣੇ ਦਿਸਦੀ ਗੱਲ ਹੀ ਪਾਠਕਾਂ ਤੱਕ ਨਹੀਂ ਪਹੁੰਚਦਾ ਬਲਕਿ ਮਾਨਸਿਕਤਾ ਵਿਚ ਹੁੰਦੀ ਉੱਥਲ-ਪੁੱਥਲ ਨੂੰ ਵੀ ਸ਼ਬਦ ਦਿੰਦਾ ਹੈ।

ਪਰ ਪਹਿਲੀ ਕਹਾਣੀ ‘ਮਨਹੂਸ’ ਬਹੁਤ ਥੋੜੇ ਸਮੇਂ ਵਿਚ ਵਾਪਰਦੀ ਕਹਾਣੀ ਹੈ। ਇਹ ਕਹਾਣੀ ਇਸ ਵਿਸ਼ੇ ਦੇ ਅਧਾਰਤ ਹੈ ਕਿ ਕਿਵਂੇ ਇਕ ਪਾਸੇ ਗਰੀਬੀ, ਰੂੜੀਵਾਦੀ ਸੋਚ, ਅਤੇ ਦੂਸਰੇ ਪਾਸੇ ਅਮੀਰੀ ਅਤੇ ਸਰਕਾਰੀ ਦਰਬਾਰੇ ਪਹੁੰਚ ਵਰਗੇ ਕਾਰਨ ਇਕ ਗਰੀਬ ‘ਕਰਮੂ’ ਦੀ ਮੌਤ ਹੋਣ ਦੇ ਕਾਰਨਾਂ ਦੇ ਅਰਥ ਹੀ ਬਦਲਕੇ ਰੱਖ ਦਿੰਦੇ ਹਨ। ਇਕ ਅਮੀਰ ਵੱਲੋਂ ਆਪਣੇ ਘਰ ਪੁੱਤਰ ਦੇ ਜਨਮ ਦੀ ਖੁਸ਼ੀ ਵਿਚ ਵਹਾਏ ਜਾ ਰਹੇ ਦਾਰੂ ਦੇ ਹੜ੍ਹ, ਚੱਲਦੇ ਡੀਜੇ ਅਤੇ ਰਫਲਾਂ ਦੇ ਫ਼ਾਇਰ ਇਕ ਰਾਹ ਜਾਂਦੇ ‘ਕਰਮੂ’ ਨਾਮੀਂ ਮਨੁੱਖ ਦੀ ਨਾਜਾਇਜ ਹੀ ਜਾਨ ਲੈ ਲੈਂਦੇ ਹਨ। ਇਥੇ ਕਹਾਣੀਕਾਰ ਕਈ ਸਵਾਲ ਛੱਡਦਾ ਹੈ ਜਿੱਥੇ ਪੈਸੇ ਦੇ ਜ਼ੋਰ ਨਾਲ ਉਸਦੀ ਮੌਤ ਦੇ ਕਾਰਨ ਦੀ ਜਾਚ ਤੇ ਪ੍ਰਸ਼ਨ ਚਿੰਨ ਲੱਗਦਾ ਹੈ, ਉੱਥੇ ਹੀ ਕਰਮੂ ਦੀ ਮਾਂ ਘਰ ਵਿਚ ਇਕ ਧੀ ਤੋਂ ਬਾਅਦ ਫਿਰ ਕੁਝ ਦਿਨ ਪਹਿਲਾ ਹੀ ਜਨਮੀ ਦੂਸਰੀ ਧੀ ਨੂੰ ਇਸਦਾ ਕਾਰਨ ਮੰਨਦੀ ਹੈ ਤੇ ਕਰਮੂ ਦੀ ਵਿਰਲਾਪ ਕਰ ਰਹੀ ਪਤਨੀ ਦੀ ਗੋਦ ਵਿਚ ਪਈ ਧੀ ਬਾਰੇ ਕਹਿੰਦੀ ਹੈ ਕਿ ‘ਇਸ ਮਨਹੂਸ ਨੂੰ ਚੁੱਪ ਕਰਾ, ਜੰਮਦੀ ਹੀ ਆਪਣੇ ਪਿਓ ਨੂੰ ਖਾ ਗਈ’ ਇੱਥੇ ਕਹਾਣੀ ਤੁਲਨਾਤਮ ਅਧਿਐਨ ਕਰਦੀ ਸਵਾਲ ਛੱਡਦੀ ਹੈ ਕਿ ਜੇਕਰ ਉਹ ਪੁੱਤਰ ਮਨਹੂਸ ਨਹੀਂ ਜਿਸਦੇ ਜਨਮ ਤੇ ਕੋਈ ਗਰੀਬ ਅਣਿਆਈ ਮੌਤ ਮਾਰਿਆ ਗਿਆ ਤਾਂ ਇਹ ਨੰਨ੍ਹੀ ਜਾਨ ਕਿਵੇ ਮਨਹੂਸ ਹੈ।
ਦੂਸਰੀ ਕਾਹਣੀ ‘ਮੌਸਮ’ ਸਾਡੀ ਸੱਭਿਅਤਾ ਦੀ ਉਸ ਪ੍ਰਥਾ ਦੇ ਅਧਾਰਿਤ ਹੈ ਜਿਸ ਨਾਲ ਇਕ ਮਨੁੱਖ ਦੀ ਜਿ਼ੰਦਗੀ ਕਿਸੇ ਵੇਲੇ ਵੀ ਪੂਰਬ ਤੋਂ ਪੱਛਮ ਵੱਲ ਮੋੜੀ ਜਾ ਸਕਦੀ, ਪਹਾੜ ਤੋਂ ਖਤਾਨ ਵਿਚ ਸਿੱਟੀ ਜਾ ਸਕਦੀ ਹੈ, ਗੋਲ ਤੋਂ ਚੌਰਸ ਕੀਤੀ ਜਾ ਸਕਦੀ ਹੈ। ਇਸ ਕਹਾਣੀ ਦੇ ਪਾਤਰ ਸਰਵਣ ਦੀ ਜਿੰ਼ਦਗੀ ਨਾਲ ਵੀ ਅਜਿਹਾ ਹੀ ਹੁੰਦਾ ਹੈ। ਇਸ ਵਿਚ ਇਸੇ ਪ੍ਰਥਾ ਨੂੰ ਕੇਂਦਰ ਬਣਾਕੇ ਹੋਰ ਬਹੁਤ ਸਾਰੀਆਂ ਮਨੁੱਖੀ ਮਨ ਦੀਆਂ ਪ੍ਰਸਥਿਤੀਆਂ ਸਿਰਜਦੀ ਇਹ ਇਕ ਬਹੁ-ਪਰਤੀ ਕਹਾਣੀ ਹੈ। ਕਹਾਣੀ ਦੀ ਪਾਤਰ ਕੰਵਲ ਦਾ ਵਿਆਹ ਉਸਦੇ ਪਤੀ ਕਰਤਾਰ ਦੀ ਮੌਤ ਤੋਂ ਬਾਅਦ ਉਸਦੇ ਦਿਉਰ ਨਾਲ ਕਰ ਦਿੱਤਾ ਜਾਂਦਾ ਹੈ ਜੋ ਕਿ ਪਹਿਲਾ ਹੀ ਮੰਗਿਆ ਹੋਇਆ ਹੈ ਅਤੇ ਆਪਣੇ ਵਿਆਹ ਅਤੇ ਨਵੇਂ ਚਾਵਾਂ ਦੇ ਸੁਪਨੇ ਦੇਖ ਰਿਹਾ ਹੈ। ਪਰ ਇਸ ਵਿਆਹ ਵਿਚ ਮਰਜ਼ੀ ਆਪਣੀ ਸੱਭਿਆਤਾ ਦੇ ਰਿਵਾਜ਼ ਦੀ ਹੀ ਚੱਲਦੀ ਹੈ ਨਾ ਕਿ ਸਰਵਣ ਦੀ।

ਬੇਸ਼ਕ ਇਹ ਸਤੀ ਪ੍ਰਥਾ ਤੋਂ ਅੱਗੇ ਦੀ ਵਧੀਆ ਪਰੰਪਰਾ ਹੈ ਪਰ ਇਸ ਕਾਹਣੀ ਵਿਚ ਕੰਵਲ ਦੇ ਪਤੀ ਦੀ ਮੌਤ ਦਾ ਕਾਰਨ ਸ਼ਰਾਬ ਹੈ ਤੇ ਇਸ ਹਲਾਤਾਂ ਵਿਚ ਪਰਿਵਾਰ ਦੇ ਮੁੱਖ ਮੈਂਬਰ ਹੀ ਕਈ ਵਾਰ ਫੈਸਲੇ ਲੈਂਦੇ ਹਨ ਤੇ ਕੰਵਲ ਦਾ ਵਿਆਹ ਸਰਵਣ ਨਾਲ ਕਰ ਦਿੱਤਾ ਜਾਂਦਾ ਹੈ। ਇਸ ਬਹੁ-ਪਰਤੀ ਕਹਾਣੀ ਦੀ ਮੁੱਖ ਪਾਤਰ ਤੇਜ ਕੌਰ (ਤੇਜੋ) ਹੈ ਜੋ ਪਹਿਲੀ ਕਹਾਣੀ ਵਿਚਲੀ ਕਰਮੂ ਦੀ ਮਾਂ ਵਾਂਗ ਰੂੜੀਵਾਦੀ ਸੋਚ ਦੀ ਧਾਰਣੀ ਤਾਂ ਹੈ ਹੀ ਪਰ ਮਨੁੱਖੀ ਮਨ ਦੀਆਂ ਆਪਣੇ-ਆਪ ਬਣਾਈਆਂ ਧਾਰਨਵਾਂ ਕਾਰਨ ਜਿੱਥੇ ਪਹਿਲੀ ਕਹਾਣੀ ਵਿਚ ‘ਕਰਮੂ’ ਦੀ ਮਾਂ ਨਵੀਂ ਜੰਮੀ ਕੁੜੀ ਨੂੰ ਮਨਹੂਸ ਕਹਿੰਦੀ ਹੈ ਇਸ ਕਹਾਣੀ ਵਿਚ ਉਸਦੇ ਉਲਟ ‘ਤੇਜੋ’ ਆਪਣੇ ਬੇਟੇ ਦੇ ਘਰ ਹੋਈ ਕੁੜੀ ਦੀ ਬਹੁਤ ਖੁਸ਼ੀ ਮਨਾੳਂਦੀ ਹੈ। ਪਰ ਇਹ ਖੁਸ਼ੀ ਇਕ ਔਰਤ ਵੱਲੋਂ ਔਰਤ ਦੇ ਹੱਕ ਵਿਚ ਖੜ੍ਹਨ ਦੀ ਨਹੀਂ ਬਲਕਿ ਇਸਦੇ ਪਿੱਛੇ ਵੀ ਉਸਦੀ ਇਹ ਧਰਨਾ ਹੈ ਕਿ ਇਸ ਪਰਿਵਾਰ ਵਿਚ ਕਈਆਂ ਪੀੜ੍ਹੀਆਂ ਤੋਂ ਦੋ ਮੁੰਡੇ ਜਨਮ ਲੈਂਦੇ ਹਨ ਤੇ ਜਵਾਨੀ ਵਿਚ ਹੀ ਜਹਾਨੋਂ ਚਲੇ ਜਾਂਦੇ ਹਨ, ਪਰ ਹੁਣ ਦੋ ਲੜਕਿਆਂ ਤੋਂ ਬਾਅਦ ਇਕ ਲੜਕੀ ਵੀ ਇਸ ਘਰ ਵਿਚ ਜਨਮ ਲੈਂਕੇ ਆਈ ਤਾਂ ਮੇਰੇ ਪੋਤਿਆ ਦੀਆਂ ਉਮਰਾਂ ਲੰਬੀਆਂ ਹੋਣਗੀਆਂ ਸੋ ਕਾਹਣੀਕਾਰ ਇਹ ਤੇਜੋ ਦੇ ਮੂੰਹੋ ਅਖਵਾਕੇ ਕਹਾਣੀ ਦੇ ਅਰਥਾ ਨੂੰ ਇਕ ਝਟਕਾ ਦਿੰਦਾ ਹੈ। ਪਰ ਪਰਿਵਾਰ ਦੇ ਸਾਰੇ ਹੋਰ ਮੈਂਬਰ ਇਸਨੂੰ ਸਾਹਿਜ ਨਾਲ ਲੈਂਦੇ ਖੁਸ਼ ਹੁੰਦੇ ਹਨ ਤੇ ਲੋਕਾਂ ਵਿਚ ਇਹ ਗੱਲ ਜਾਂਦੀ ਹੈ ਕਿ ਇਹ ਪਰਿਵਾਰ ਬਹੁਤ ਵਧੀਆ ਹੈ ਤੇ ਘਰ ਜੰਮੀ ਲੜਕੀ ਦਾ ਸੱਚੇ ਦਿਲੋਂ ਸਵਾਗਤ ਕਰ ਰਿਹਾ ਹੈ। ਇਹ ਕਹਾਣੀ ਵਿਚ ਵੀ ਤੇਜੋ ਦੀ ਸੋਚ ਕਰਮੂ ਦੀ ਮਾਂ ਵਾਲੀ ਹੀ ਹੈ ਪਰ ਪ੍ਰਸਥਿਤੀਆਂ ਬਦਲ ਗਈਆਂ ਹਨ। ਜਿੱਥੇ ਇਸ ਕਹਾਣੀ ਵਿਚ ਹੋਰ ਕਈ ਪੱਖ ਹਨ ਉੱਥੇ ਤੇਜ ਕੌਰ ਵਰਗੀਆਂ ਸਾਡੀਆਂ ਬਜ਼ੁਰਗ ਔਰਤਾਂ ਦੀ ਹਰ ਹਾਲ ਵਿਚ ਜੀਣ ਅਤੇ ਹਰ ਬਿਪਤਾ ਦਾ ਹੱਲ ਕੱਢਣ ਦੀ ਪਰਿਵਾਰਕ ਸਿਦਕਦਿਲੀ ਵੀ ਹੈ ਜੋ ਪੂਰੀ ਕਹਾਣੀ ਪੜ੍ਹਕੇ ਮਹਿਸੂਸ ਹੁੰਦੀ ਹੈ।

‘ਪੱਤੇ ਪੱਤਝੜ’ ਦੇ ਕਹਾਣੀ ਇਕ ਨਾਵਲ ਦਾ ਵਿਸ਼ਾ ਹੈ ਜੋ ਮੁੱਖ ਪਾਤਰ ਅਮ੍ਰਿੰਤ ਦੇ ਵਿਆਹ ਤੋਂ ਉਸਦੀ ਬੇਟੀ ਦੇ ਵਿਆਹ ਤੱਕ ਫੈਲਿਆ ਹੋਇਆ ਹੈ। ਪਰ ਪਿਛਲਝਾਤ ਰਾਹੀ ਇਸਨੂੰ ਕਹਾਣੀ ਦਾ ਵਿਸ਼ਾ ਬਣਾਕੇ ਲੇਖਕ ਨੇ ਮੁੱਖ ਪਾਤਰ ਅੰਮ੍ਰਿਤ ਰਾਹੀਂ ਉਸ ਵਰਗੀਆਂ ਹੋਰ ਅਨੇਕਾਂ ਲੜਕੀਆਂ ਦੀ ਕਹਾਣੀ ਬਿਆਨ ਕੀਤੀ ਹੈ, ਜਿਹਨਾਂ ਨੂੰ ਕੈਨੇਡਾ ਜਾਂ ਹੋਰ ਦੇਸ਼ਾਂ ਵਿਚ ਗਏ ਸਿਰਫ ਪਾਸਪੋਰਟਾਂ ਨਾਲ ਹੀ ਵਿਆਇਆ ਜਾਂਦਾ ਹੈ। ਬਾਹਰੋਂ ਆਏ ਲੜਕੇ ਦੀ ਉਮਰ, ਪੜ੍ਹਾਈ ਕੋਈ ਅਰਥ ਨਹੀਂ ਰੱਖਦੀ ਤੇ ਬਾਹਰੋਂ ਆਏ ਲੜਕੇ ਦੀ ਪਰਿਭਾਸ਼ਾ ਸਿਰਫ ‘ਬਾਹਰਂੋ ਆਇਆ’ ਹੀ ਹੁੰਦੀ ਹੈ ਤੇ ਐਮ.ਏ. ਪਾਸ ਅੰਮ੍ਰਿਤ ਨਾਲ ਵੀ ਇਹੋ ਹੁੰਦਾ ਹੈ। ਜਦੋਂ ਧੀ ਬਾਹਰ ਚੱਲੀ ਜਾਂਦੀ ਤਾਂ ਪਿਛਲਾ ਪਰਿਵਾਰ ਉਸਨੂੰ ਸੁਰਗ ਵਿਚ ਗਈ ਸਮਝਦਾ ਹੈ ਤੇ ਹਰ ਚਿੱਠੀ ਫੋਨ ਤੇ ਇਹੋ ਰਟ ਹੁੰਦੀ ਹੈ ਕਿ ‘ਸਾਡਾ ਵੀ ਖਿਆਲ ਰੱਖੀ’ ਅਜਿਹੀ ਸਥਿਤੀ ਵਿਚ ਜੇਕਰ ਉਸਦਾ ਪਤੀ ਵੀ ਅੰਮ੍ਰਿਤ ਦੇ ਪਤੀ ਵਰਗਾ ਹੋਵੇ ਤਾਂ ਔਰਤ ਦੇ ਦਿਲ ਤੇ ਕੀ ਬੀਤਦੀ ਹੈ ਇਹ ਉਹ ਹੀ ਜਾਣਦੀ ਹੈ। ਜਿਵੇਂ ਅੰਮ੍ਰਿਤ ਦੇ ਪਤੀ ਬਾਰੇ ਕਾਹਣੀਕਾਰ ਬਿਆਨ ਕਰਦਾ ਹੈ ਕਿ ‘ਜਗਤਾਰ ਟੈਕਸੀ ਚਲਾਉਂਦਾ ਸੀ, ਪਰ ਬੜਾ ਲਾਪਰਵਾਹ, ਹਮੇਸ਼ਾ ਰਾਤ ਨੂੰ ਸ਼ਰਾਬ ਨਾਲ ਟੱਲੀ ਹੋਕੇ ਘਰ ਆਉਂਦਾ’ ਅੰਮ੍ਰਿਤ ਦੀ ਜਿ਼ੰਦਗੀ ਵਿਚ ਕੀ-ਕੀ ਬਦਲਾ ਆਉਂਦੇ ਹਨ, ਜਿ਼ੰਦਗੀ ਵਿਚ ਕੀ-ਕੀ ਟੁੱਟ-ਭੱਜ ਹੁੰਦੀ ਹੈ, ਉਹ ਕਿੰਨੀ ਮਾਨਸਿਕ ਪੀੜ੍ਹ ਸਹਿੰਦੀ ਹੈ ਇਹ ਇਸ ਕਹਾਣੀ ਦਾ ਵਿਸ਼ਾ ਹੈ, ਜੋ ਇਹ ਦੱਸਦਾ ਹੈ ਕਿ ਜਿਵੇਂ-ਜਿਵੇਂ ਪੰਜਾਬੀ ਪੰਜਾਬ ਤੋਂ ਬਾਹਰ ਗਏ ਹਨ ਉਹਨਾਂ ਦਾ ਆਰਥਿਕ ਪੱਧਰ ਜਰੂਰ ਮਜਬੂਤ ਹੋਇਆ ਪਰ ਪੰਜਾਬੀ ਔਰਤ ਦੀ ਜਿ਼ੰਦਗੀ ਵਿਚ ਕੋਈ ਬਹੁਤੇ ਸੁਧਾਰ ਨਹੀਂ ਹੋਏ, ਉਹ ਹਮੇਸ਼ਾਂ ਠੱਗੀ ਜਾਂਦੀ ਰਹੀ ਹੈ ਕਦੇ ਇਸ ਕਹਾਣੀ ਅਨੁਸਾਰ ਪਹਿਲੇ ਪਤੀ ਜਗਤਾਰ ਰਾਹੀ ਤੇ ਕਦੇ ਦੂਸਰੇ ਪਤੀ ਹਰਜੀਤ ਰਾਹੀਂ। ਪਰ ਇਸ ਕਹਾਣੀ ਵਿਚ ਪੰਜਾਬੀ ਔਰਤ ਦੀ ਸਿਦਕਦਿਲੀ ਵੀ ਹੈ ਜੋ ਹਰ ਹਲਾਤ ਵਿਚ ਸਮਝਾਉਤੇ ਕਰਦੀ ਜੀਵਨ ਜਿਉਣ ਦੇ ਢੰਗ ਲੱਭ ਲੈਂਦੀ ਹੈ।

‘ਸਨੋਅ ਫਾਲ’ ਕਹਾਣੀ ਵੀ ਇਕ ਬਹੁ-ਪਰਤੀ ਕਾਹਣੀ ਹੈ ਜੋ ਕੈਨੇਡਾ ਦੀ ਧਰਤੀ ਤੇ ਰਹਿੰਦੇ ਪੰਜਾਬੀ ਪਰਿਵਾਰਾਂ ਦੇ ਕਈ ਰੰਗ ਪੇਸ਼ ਕਰਦੀ ਹੈ। ਇਹ ਸੱਚ ਹੈ ਕਿ ਕੈਨੇਡਾ ਵਿਚ ਬਹੁਤ ਸਾਰੇ ਰਿਸ਼ਤਦਾਰਾਂ ਨੇ ਆਪਣੇ ਸਕੇ-ਸਬੰਧੀ ਏਧਰ ਬੁਲਾਏ ਹਨ ਤੇ ਨਾਲ ਹੀ ਇਹ ਵੀ ਸੱਚ ਹੈ ਕਿ ਉਹ ਇਸ ਗੱਲ ਦਾ ਹਮੇਸ਼ਾਂ ਉਹਨਾਂ ਤੇ ਮਾਨਿਸਕ ਬੋਝ ਹੀ ਨਹੀਂ ਪਾਉਂਦੇ ਬਲਕਿ ਕਈ ਵਾਰ ਤਾਂ ਉਹਨਾਂ ਨੂੰ ਆਪਣੀ ਨਿੱਜੀ ਪਰਾਪਰਟੀ ਵੀ ਸਮਝਣ ਲੱਗ ਜਾਂਦੇ ਹਨ। ਇਸ ਤੋਂ ਇਲਾਵਾ ਇਸ ਕਹਾਣੀ ਵਿਚ ਪਰਵਾਸ ਦੀ ਸਖ਼ਤ ਜਿੰਦਗੀ ਦੇ ਕਈ ਪੱਖ ਉੱਘੜਕੇ ਸਾਹਮਣੇ ਆਉਂਦੇ ਹਨ, ਜਦੋਂ ਮੇਹਰ ਨੂੰ ਉਸਦਾ ਮਾਮਾ ਵਰਕ ਪਰਮਟ ਤੇ ਕੈਨੇਡਾ ਬੁਲਾ ਲੈਂਦਾ ਹੈ। ਬਿਨਾਂ ਸ਼ੱਕ ਏਥੇ ਵਰਕ ਪਰਮਟ ਤੇ ਆਏ ਮਨੁੱਖ ਵੀ ਆਪਣੀ ਅਣਥੱਕ ਮਿਹਨਤ ਨਾਲ ਆਪਣਾ ਅਤੇ ਪਿੱਛੇ ਆਪਣੇ ਪਰਿਵਾਰ ਦੀ ਆਰਿਥਕ ਸਹਾਇਤਾ ਕਰਕੇ ਜੀਵਨ ਪੱਧਰ ਉੱਚਾ ਚੁੱਕਦੇ ਹਨ। ਇਹ ਕਹਾਣੀ ਵੀ ਅਜਿਹੇ ਹਲਾਤਾ ਤੋਂ ਸ਼ੁਰੂ ਹੁੰਦੀ ਤੇ ਕੈਨੇਡਾ ਦੇ ਸਖ਼ਤ ਕੰਮਾਂ ਦਾ ਅਤੇ ਮੁਕਾਬਲੇਬਾਜੀ ਦਾ ਵਰਨਣ ਕਰਦੀ ਹੈ। ਜਦੋਂ ਉਸਨੂੰ ਇੱਥੋਂ ਦੇ ਹਿਸਾਬ-ਕਿਤਾਬ ਦੀ ਸਮਝ ਪੈਂਦੀ ਹੈ ਤਾਂ ਉਹ ਆਪਣੇ ਮਾਮੇ ਬਾਰੇ ਸੋਚਦਾ ਕਹਿੰਦਾ ਕਿ ‘ਸਸਤੀ ਲੇਬਰ ਤੇ ਸਦਾ ਲਈ ਵਗਾਰ ਕਰਾਉਣ ਲਈ ਸ਼ਾਇਦ ਮਾਮਾ ਜੀ ਇੰਡੀਆ ਤੋਂ ਉਰੇ-ਪਰੇ੍ਹ ਦੇ ਰਿਸ਼ਤੇਦਾਰ ਮੰਗਵਾ ਰਹੇ ਹਨ। ਪੈਸਾ ਵੀ ਅਗਲੇ ਦਾ ਲਗਵਾਉਂਦੇ ਹਨ ਤੇ ਅਹਿਸਾਨ…ਅਹਿਸਾਨ ਸਾਰੀ ਉਮਰ ਬੰਦੇ ਉਤੇ ਕਰਜ਼ੇ ਦੇ ਭਾਰ ਵਾਂਗ ਰਹਿੰਦਾ ਹੈ’। ਦੂਸਰੇ ਪਾਸੇ ਜਦੋਂ ਇੰਡੀਆਂ ਫੋਨ ਲਾਉਂਦਾ ਹੈ ਤਾਂ ਹੋਰ ਗੱਲਾ ਦੇ ਨਾਲ ਮੰਮੀ ਕਹਿੰਦੀ ਹੈ ਕਿ ‘ਮੋਟਰ ਵਾਲਿਆ ਦਾ ਜਿੰਦਰ ਟਰਾਂਟੋ ਤੋਂ ਆਇਆ ਏ, ਖੇਤਾਂ ਵਿਚ ਪਿੰਡ ਜਿੱਡੀ ਕੋਠੀ ਪਾਉਣ ਲੱਗਿਆ ਏ’ ਅਜਿਹੀਆਂ ਗੱਲਾਂ ਮੇਹਰ ਨੂੰ ਦੁਚਿੱਤੀ ਵਿਚ ਪਾਉਂਦੀਆਂ ਹਨ। ਇਸ ਕਹਾਣੀ ਦਾ ਦੂਸਰਾ ਪੱਖ ਇਹ ਹੈ ਕਿ ਕਈ ਵਾਰ ਇੱਥੇ ਦੇ ਪੁਰਾਣੇ ਆਏ ਲੋਕ ਆਪਣੀ ਲੜਕੀ ਦਾ ਵਿਆਹ ਮੇਹਰ ਵਰਗੇ ਨਵੇਂ ਆਏ ਲੜਕਿਆਂ ਨਾਲ ਕਰ ਦਿੰਦੇ ਹਨ ਤੇ ਮੇਹਰ ਵਰਗੇ ਵੀ ਪੱਕੇ ਹੋਣ ਦੀ ਮਜ਼ਬੂਰੀ ਵਿਚ ਵਿਆਹ ਕਰਾ ਲੈਂਦੇ ਹਨ ਪਰ ਇੱਥੋਂ ਦੇ ਜੰਮੇ ਬੱਚਿਆਂ ਵਿਚ ਸੱਭਿਆਤਾ ਦਾ ਫਰਕ, ਦੂਸਰਾ ਲੜਕੀ ਦੇ ਮਾਪਿਆਂ ਵੱਲੋਂ ਕਈ ਵਾਰ ਵਿਆਹ ਹੁੰਦਿਆਂ ਹੀ ਲੜਕਾ-ਲੜਕੀ ਨੂੰ ਅੱਡ ਕਰਕੇ ਘਰ ਤੇ ਕਾਰ ਲੈ ਦਿੱਤੀ ਜਾਂਦੀ ਹੈ। ਮਿਹਰ ਵਰਗੇ ਲੜਕਿਆਂ ਦੇ ਪਿੱਛੇ ਬੈਠੇ ਰਿਸ਼ਤੇਦਾਰ ਇਹ ਸੋਚਦੇ ਹਨ ਕਿ ਇਹਦੀ ਤਾਂ ਕਿਸਮਤ ਬਹੁਤ ਚੰਗੀ ਪਰ ਉਹ ਨਹੀਂ ਜਾਣਦੇ ਕਿ ਥੋੜੀ ਜਿਹੀ ਡਾਊਨ ਪੇਮੈਂਟ ਦੇਕੇ ਉਹਨਾਂ ਨੂੰ ਚੁਰਾਸੀ ਦੇ ਅਹਿਜੇ ਗੇੜ ਵਿਚ ਪਾਇਆ ਜਾਂਦਾ ਹੈ ਕਿ ਉਹ ਵੀਹ ਪੱਚੀ ਸਾਲ ਲਈ ਕਿਸ਼ਤਾਂ ਭਰਦੇ ਰਹਿੰਦੇ ਹਨ ਤੇ ਕੋਹਲੂ ਦੇ ਬੈਲ ਵਾਂਗ ਚੱਲਦੇ ਰਹਿੰਦੇ ਹਨ। ਜਿਵਂੇ ਇਸ ਕਹਾਣੀ ਵਿਚ ਦਰਜ ਹੈ ਕਿ ‘ਵਿਆਹ ਤੋਂ ਅਗਲੇ ਦਿਨ ਹੀ ਮੇਹਰ ਨੇ ਕੰਮ ਤੇ ਜਾਣਾ ਸ਼ੁਰੂ ਕੀਤਾ। ਕਿਉਂਕਿ ਕੋਈ ਜਮਾਂ ਪੂੰਜੀ ਤਾਂ ਹੈ ਨਹੀਂ ਸੀ। ਸੱਸ ਮਾਂ ਨੇ ਘਰ ਦੀ ਮੋਰਗੇਜ਼ ਅਤੇ ਬਾਕੀ ਖਰਚੇ ਗਿਣਵਾ ਕੇ ਜਿ਼ੰਮੇਵਾਰੀ ਦੀ ਪੰਡ ਦਾ ਅਹਿਸਾਸ ਕਰਵਾ ਦਿੱਤਾ ਸੀ’ ਸੋ ਇਹੋ ਜਿਹੀਆਂ ਸਥਿਤੀਆਂ ਦਾ ਵਰਨਣ ਕਰਦੀ ਇਹ ਕਹਾਣੀ ਪਾਤਰਾਂ ਦੀ ਮਾਨਸਿਕਤਾ ਦੇ ਕਈ ਪਲਾਂ ਵਿਚੋਂ ਗੁਜ਼ਰਦੀ ਹੈ। ਇਹੋ ਜਿਹੇ ਨੌਜਵਾਨ ਪੱਕੇ ਹੋਣ ਲਈ ਵਿਆਹ ਕਰਵਾ ਲੈਂਦੇ, ਕਈ ਵਾਰ ਮੇਹਰ ਵਾਂਗ ਆਪਣੇ ਪਿਆਰ ਦੀ ਬਲੀ ਵੀ ਦਿੰਦੇ ਹਨ ਤੇ ਇਹ ਦੁਚਿੱਤੀ, ਸਾਹਮਣੇ ਦਿਖਦੀ ਸਖ਼ਤ ਮਿਹਨਤ ਵਾਲੀ ਜਿੰਦਗੀ, ਵਿਚਾਰਾਂ ਦਾ ਟਕਰਾ ਕੀ-ਕੀ ਹਲਾਤ ਪੈਦਾ ਕਰਦਾ ਹੈ ਇਸ ਕਹਾਣੀ ਵਿਚ ਮਾਨਸਿਕ ਨਜ਼ਰੀਏ ਰਾਹੀ ਬਾਖੂਬੀ ਪੇਸ਼ ਕੀਤਾ ਗਿਆ ਹੈ।

‘ਉਡਾਰੀ’ ਕਹਾਣੀ ਦਾ ਵਿਸ਼ਾ ਧੀਆਂ ਦੀ ਉੱਚ ਸਿੱਖਿਆ ਨਾਲ ਸਬੰਧਤ ਹੈ। ਬੇਸ਼ਕ ਹੁਣ ਲੋਕਾਂ ਦੀ ਸੋਚ ਬਦਲ ਰਹੀ ਹੈ ਤੇ ਲੋਕ ਧੀਆਂ ਨੂੰ ਉੱਚ ਸਿੱਖਿਆ ਦੇਣ ਲੱਗ ਪਏ ਹਨ। ਪਰ ਇਹ ਕਹਾਣੀ ਇੱਕ ਪਿਛੜੇ ਪਿੰਡ ਦੀ ਕਹਾਣੀ ਹੈ ਤੇ ਇਹ ਸੰਕੇਤ ਦਿੰਦੀ ਹੈ ਕਿ ਧੀਆਂ ਨੂੰ ਉੱਚ ਸਿੱਖਿਆ ਦਿਵਾਉਣ ਲਈ ਮਾਪਿਆਂ ਦੀ ਸੋਚ ਬਦਲਣ ਦੇ ਜਿੱਥੇ ਹੋਰ ਕਾਰਨ ਵੀ ਹੋ ਸਕਦੇ ਹਨ ਉੱਥੇ ਇੱਕ ਕਾਰਨ ਲੜਕਿਆਂ ਦਾ ਨਸਿ਼ਆਂ ਵਿਚ ਪੈਣਾ ਵੀ ਹੈ ਜਦੋਂ ਮੁੱਖ ਪਾਤਰ ਹਸਰਤਪ੍ਰੀਤ ਦੀ ਭੁਆ ਦਾ ਲੜਕਾ ਨਸਿ਼ਆ ਵਿਚ ਪੈਕੇ ਜਾਨ ਗਵਾ ਲਂੈਦਾ ਹੈ ‘ਤੇ ਦੂਸਰੇ ਪਾਸੇ ਉਸਦਾ ਪਿਤਾ ਅਖ਼ਬਾਰ ਵਿਚ ਇਹ ਖ਼ਬਰ ਪੜ੍ਹਦਾ ਹੈ ਕਿ ‘ਪੁੱਤ ਨੇ ਪਿਓ ਦਾ ਕਤਲ ਕਰ ਦਿੱਤਾ’ ਤਾਂ ਉਹ ਸੋਚਾਂ ਵਿਚ ਪੈ ਜਾਂਦਾ ਹੈ ਕਿ ‘ਕਿੰਨੇ ਲੋਕ ਪੁੱਤਾਂ ਤੋਂ ਵੀ ਤਾਂ ਦੁਖੀ ਨੇ ਪਰ ਬੋਝ ਹਮੇਸ਼ਾਂ ਧੀਆਂ ਹੀ ਕਿਉਂ ਲੱਗਦੀਆਂ ਨੇ’ ਇਸ ਤੋਂ ਬਾਅਦ ਉਸਨੂੰ ਆਪਣੀ ਬੇਟੀ ਦੀ ਅੱਗੇ ਪੜ੍ਹਨ ਦੀ ਜਿ਼ੱਦ ਠੀਕ ਲੱਗਦੀ ਹੈ ਤੇ ਲੇਖਕ ਇਸ ਕਹਾਣੀ ਨੂੰ ਆਸ਼ਵਾਦੀ ਬਣਾਉਦਾ ਹੋਇਆ ਖ਼ਤਮ ਕਰਦਾ ਹੈ।

‘ਨਵੀਂ ਰੁੱਤ’ ਕਾਹਣੀ ਵੀ ਬਾਕੀ ਕਾਹਣੀਆਂ ਵਾਂਗ ਮਨੁੱਖ ਦੀ ਬਦਲਦੀ ਮਾਸਿਕਤਾ, ਜੀਵਨ ਜੀਣ ਦੇ ਨਵੇਂ ਰੰਗ-ਢੰਗ ਸਥਾਪਤ ਕਰਨ ਦੀ ਕਹਾਣੀ ਹੈ। ਇਸ ਕਹਾਣੀ ਦਾ ਵਿਸ਼ਾ 1986-87 ਦਾ ਉਹ ਸਮਾਂ ਹੈ ਜਦੋਂ ਪੰਜਾਬ ਦੀ ਧਰਤੀ ਤੇ ਖਾੜਕੂ ਲਹਿਰ ਦਾ ਜੋਰ ਸੀ। ਪਰ ਇਹ ਕਹਾਣੀ ਉਸ ਸਮੇਂ ਨਾਲ ਸਬੰਧਤ ਲਿਖ਼ੀਆਂ ਹੋਰ ਕਹਾਣੀਆਂ ਤੋਂ ਵੱਖਰੀ ਹੈ ਤੇ ਇਕ ਅਜਿਹਾ ਵਿਸ਼ਾ ਹੈ ਜੋ ਕਿਸੇ ਅਜਿਹੀ ਲਹਿਰ ਦੇ ਉਹ ਜ਼ਖ਼ਮ ਦਿਖਾਂਉਦਾ ਹੈ ਜੋ ਸਿੱਧੇ ਉਸ ਲਹਿਰ ਨਾਲ ਸਬੰਧਤ ਨਹੀਂ ਪਰ ਕਈ ਵਾਰ ਮਨੁੱਖੀ ਮਨਾਂ ਵਿਚ ਆਪਣੇ ਹੀ ਪਰਿਵਾਰਕ ਮੈਂਬਰਾਂ ਦੁਆਰਾ ਜ਼ਮੀਨ ਜਾਇਦਾਦ ਦੇ ਲਾਲਚ ਵਿਚ ਆਪਣੇ ਹੀ ਪਰਿਵਾਰ ਦੇ ਮੈਂਬਰਾਂ ਨਾਲ ਅਜਿਹੀ ਚਾਲ ਚੱਲੀ ਜਾਂਦੀ ਹੈ ਕਿ ਉਹ ਉਸੇ ਪਰਿਵਾਰ ਦੇ ਸੁਖਦੇਵ ਵਰਗੇ ਮਨੁੱਖ ਨੂੰ ਆਤਮਹੱਤਿਆ ਲਈ ਮਜਬੂਰ ਕਰ ਦਿੰਦੀ ਹੈ। ਅਜਿਹੇ ਹਲਾਤਾ ਵਿਚ ਸੁਖਦੇਵ ਵਰਗੇ ਮਨੁੱਖ ਦੀ ਪਤਨੀ ਕਈ ਤਰ੍ਹਾਂ ਦੇ ਮਾਨਸਿਕ ਤਸੀਹੇ ਸਹਿੰਦੀ ਹੈ। ਜਿੱਥੇ ਇਹ ਕਹਾਣੀ ਅਜਿਹੀਆਂ ਲਹਿਰਾਂ ਦੇ ਮਨੁੱਖੀ ਜੀਵਨ ਉੱਪਰ ਪਏ ਅਣਚਿੱਤਰੇ ਪ੍ਰਭਾਵ ਦਰਸਾੳਂੁਦੀ ਹੈ ਉੱਥੇ ਹੀ ਲੇਖਕ ਇਸ ਕਹਾਣੀ ਵਿਚ ਵੀ ਪਾਤਰਾਂ ਤੋਂ ਮਨੁੱਖਤਾ ਦੀਆਂ ਖੱਬਲ ਰੂਪੀ ਜੀਵਨ ਜਿਉਣ ਦੀਆਂ ਸੱਧਰਾਂ ਨੂੰ ਹਰ ਹਲਾਤ ਵਿਚ ਜੜ੍ਹ ਮਾਰਨ ਦੀ ਸੋਚ ਅਧੀਨ ਮਨਮਰਜੀ ਦੇ ਸਮਝੋਤੇ ਕਰਵਾਕੇ ਜੀਵਨ ਅੱਗੇ ਤੌਰਨ ਦੇ ਨਵੇਂ ਢੰਗ ਲੱਭਕੇ ਨਵੀ ਰੁੱਤ ਸਿਰਜਣ ਦੀ ਕੋਸਿ਼ਸ਼ ਕਰਦਾ ਹੈ।ਜਿਸ ਵਿਚ ਪਛਤਾਵਾਂ ਵੀ ਹੈ ਪਰ ਹਰ ਹਲਾਤ ਵਿਚ ਜਿਉਣ ਦੀ ਪ੍ਰਬਲ ਇੱਛਾ ਵੀ ਜੋ ਕਈ ਵਾਰ ਸਭ ਕੁਝ ਗਵਾਉਣ ਤੋਂ ਬਾਅਦ ਵੀ ਨਹੀਂ ਗਵਾਚਦੀ ਤੇ ਮਨੁੱਖੀ ਮਨ ਜਿੱਥੇ ਪਹਿਲਾ ਭਰਮ-ਭੁਲੇਖੇ ਸਿਰਜਕੇ ਆਪਣੇ-ਆਪ ਤੇ ਸਕੇ ਭੈਣ-ਭਰਾਵਾਂ ਨਾਲ ਖਿਲਵਾੜ ਕਰਦੇ ਹਨ ਉੱਥੇ ਹੀ ‘ਦਿਲ ਦਰਿਆ ਸਮੁੰਦਰੋਂ ਡੂੰਘੇ’ ਅਨੁਸਾਰ ਇਕ ਪਾਸੇ ਉਜੜਦੇ ਮਨੁੱਖ ਦੂਸਰੇ ਪਾਸੇ ਤੋਂ ਫਿਰ ਜੀਵਨ ਜਿਉਣ ਲਈ ਰਾਹ ਲੱਭਦੇ ਹਨ ‘ਤੇ ਅਸਲ ਵਿਚ ਇਹੋ ਜਿਹੇ ਰਾਹ ਹੀ ਮਨੁੱਖਤਾ ਲਈ ਦਿਲਾਂ ਦੀਆਂ ਗੰਢਾਂ ਖੋਲ੍ਹਕੇ ਨਵੀਂ ਸਾਂਝ ਸਿਰਜਦੇ ਹਨ।

‘ਸੁਪਨੇ ਸੱਚ ਹੋਣਗੇ’ ਠੱਗ ਸਾਧਾਂ ਪਿੱਛੇ ਲੱਗੇ ਲੋਕਾਂ ਦੀ ਕਹਾਣੀ ਹੈ ਜੋ ਉਹਨਾਂ ਵਿਚ ਐਨਾ ਵਿਸ਼ਵਾਸ਼ ਕਰਦੇ ਹਨ ਕਿ ਰੋਟੀ ਵੀ ਸਾਧ ਦੇ ਕਹੇ ਅਨੁਸਾਰ ਖ਼ਾਂਦੇ ਹਨ ਨਾ ਕਿ ਆਪਣੀ ਭੁੱਖ ਅਨੁਸਾਰ। ਇਹ ਕਹਾਣੀ ਵੀ ਇਕ ਅਜਿਹੇ ਪਰਿਵਾਰ ਦੀ ਕਹਾਣੀ ਹੈ ਜਿਸ ਵਿਚ ਸਿਰਫ ਇੱਕ ਨੂੰਹ ਤੋਂ ਬਿਨਾਂ ਬਾਕੀ ਸਾਰੇ ਪਰਿਵਾਰ ਦਾ ਡੇਰੇ ਦੇ ਠੱਗ ਸਾਧ ਵਿਚ ਅੰਨ੍ਹਾ ਵਿਸ਼ਵਾਸ਼ ਹੈ ਤੇ ਉਹ ਸਾਧ ਵੀ ਉਸ ਅਮੀਰ ਪਰਿਵਾਰ ਦੀ ਸ਼ਰਧਾ ਦਾ ਪੂਰਾ ਫਾਇਦਾ ਉਠਾਉਂਦਾ ਹੈ। ਨੂੰਹ ਸਰਬਜੋਤ ਇਸਦਾ ਸਮੇਂ-ਸਮੇਂ ਵਿਰੋਧ ਕਰਦੀ ਹੈ ਪਰ ਹਮੇਸ਼ਾਂ ਉਸਨੂੰ ਆਪਣੇ ਪਤੀ, ਸੱਸ, ਨਨਾਣ ਬਲਕਿ ਸਾਰੇ ਪਰਿਵਾਰ ਦੀ ਅੰਨ੍ਹੀ ਸ਼ਰਧਾ ਅੱਗੇ ਬੇਵਸ ਹੋਣਾ ਪੈਦਾ ਹੈ। ਇਥੇ ਸਰਬਜੋਤ ਦਾ ਭਰਾ ਉਸਦਾ ਪੂਰਾ ਸਾਥ ਦਿੰਦਾ ਹੈ ਤੇ ਉਹ ਉਪਰੋਤਕ ਕਹਾਣੀ ਵਾਂਗ ਕਈ ਕੁਝ ਗਵਾਕੇ ਵੀ ਜੀਣ ਦਾ ਰਾਹ ਲੱਭਦੇ ਹਨ।

‘ਧੁੰਦ’ ਕਹਾਣੀ ਦਾ ਮੁੱਖ ਵਿਸ਼ਾ ਅੰਤਰਜਾਤੀ ਵਿਆਹ ਹੈ, ਚਾਹੇ ਦੁਨੀਆਂ ਕਿੰਨੀ ਵੀ ਪੜ੍ਹ-ਲਿਖ ਗਈ ਹੈ ਪਰ ਅੰਤਰ ਜਾਤੀ ਵਿਆਹਾਂ ਦੀ ਇਜ਼ਾਜਤ ਸਾਡੀ ਸੱਭਿਅਤਾ ਵਿਚ ਅਜੇ ਵੀ ਨਹੀਂ ਹੈ, ਇਹੋ ਜਿਹੇ ਵਿਆਹ ਕਰਾਉਣ ਵਾਲੇ ਜੋੜਿਆਂ ਦੇ ਅਣਖ ਦੀ ਖਾਤਰ ਕਤਲ ਹੋਣ ਅਤੇ ਖਾਪ ਪੰਚਾਇਤਾਂ ਦੇ ਫੈਸਲੇ ਅੱਜ ਵੀ ਮੀਡੀਆ ਦੀਆਂ ਸੁਰਖ਼ੀਆਂ ਵਿਚ ਰਹਿੰਦੇ ਹਨ। ਕਹਾਣੀਕਾਰ ਇਸ ਕਹਾਣੀ ਵਿਚ ਅਮਨ ਅਤੇ ਕਮਲ ਦੇ ਘਰੋਂ ਭੱਜਕੇ ਕਰਵਾਏ ਵਿਆਹ ਰਾਹੀਂ ਉਹਨਾਂ ਨੂੰ ਸੁਖੀ ਜੀਵਨ ਬਤੀਤ ਕਰਦੇ ਅਤੇ ਸਫ਼ਲ ਹੁੰਦੇ ਦਿਖਕੇ ਤੇ ਫਿਰ ਅਮਨ ਨੂੰ ਆਪਣੇ ਸੱਸ-ਸਹੁਰੇ ਦਾ ਸਹਾਰਾ ਬਣਾਕੇ ਇਸ ਜਾਤ-ਪਾਤ ਨਾਲੋਂ ਮਨੁੱਖਵਾਦੀ ਰਿਸ਼ਤੇ ਰਾਹੀ ਸਮਾਜ ਵਿਚ ਵਿਚਰਣ ਦੀ ਹਾਮੀ ਭਰਦਾ ਹੈ। ਇਸੇ ਤਰ੍ਹਾਂ ‘ਚਿੱਠੀ’ ਕਾਹਣੀ ਵੀ ਉਹਨਾਂ ਔਰਤਾਂ ਦੀ ਕਹਾਣੀ ਹੈ ਜਿਹਨਾਂ ਦੇ ਪਤੀ ਵਿਆਹ ਕਰਵਾਕੇ ਵਾਪਸ ਪ੍ਰਦੇਸ ਚਲੇ ਗਏ ਇੱਥੇ ‘ਨਵੀਂ ਰੁੱਤ ਕਹਾਣੀ’ ਦੀ ਪਾਤਰ ਮਨਜਿੰਦਰ ਅਤੇ ਇਸ ਕਹਾਣੀ ਦੀ ਪਾਤਰ ਪ੍ਰੀਤ ਦੀ ਜਿ਼ੰਗਦੀ ਇਕੋ ਜਿਹੀ ਹੈ ਬੱਸ ਫਰਕ ਹੈ ਤਾਂ ਪਰਸਿਥੀਤੀਆਂ ਦਾ ਮਨਜਿੰਦਰ ਵਾਂਗ ਇਸ ਕਹਾਣੀ ਦੀ ਪਾਤਰ ਵੀ ਪਤੀ ਦੇ ਵਿਛੋੜੇ ਦੀ ਮਾਨਸਿਕ ਪੀੜ ਹੰਢਾਉਂਦੀ ਤੇ ਹਾਲਤਾਂ ਨਾਲ ਲੜਦੀ ਹੈ। ਮੁੱਖ ਰੂਪ ਵਿਚ ਸਾਰੀਆਂ ਕਾਹਣੀਆਂ ਸਮਾਜ ਦੇ ਦਾਇਰੇ ਵਿਚ ਅਤੇ ਪ੍ਰੰਪਰਾਵਾਂ ਵਿਚ ਘਿਰੀ ਔਰਤ ਦੀ ਜਿ਼ੰਦਗੀ ਨੂੰ ਵੱਖ-ਵੱਖ ਕੋਣਾਂ ਤੋਂ ਪੇਸ਼ ਕਰਦੀਆਂ ਹਨ। ਜਿਸ ਵਿਚੋਂ ਲੇਖ਼ਕ ਵਧੀਆਂ ਸਮਾਜ ਸਿਰਜਣ ਲਈ ਉਹਨਾਂ ਨੂੰ ਸਮਝੌਤਾਵਾਦੀ ਵੀ ਬਣਾਉਂਦਾ ਹੈ ਤੇ ਪੁਰਾਣੇ ਰਾਹ ਛੱਡਕੇ ਜੀਵਨ ਦੇ ਨਵੇਂ ਪੰਧਾਂ ਤੇ ਵੀ ਤੋਰਦਾ।

ਇਸ ਤੋਂ ਇਲਾਵਾਂ ਬਾਂਸਲ ਕੋਲ ਸ਼ਬਦਾਵਲੀ ਦਾ ਨਿੱਗਰ ਭੰਡਾਰ ਹੈ। ਹਰ ਇਕ ਕਹਾਣੀ ਵਿਚ ਬਹੁਤ ਸਾਰੀਆਂ ਅਜਿਹੀ ਗੱਲ ਹਨ ਜੋ ਉਹ ਕਹਾਣੀ ਕਹਿੰਦਾ-ਕਹਿੰਦਾ ਕਹਿ ਜਾਂਦਾ ਹੈ ਤੇ ਪਾਠਕ ਨੂੰ ਪ੍ਰਭਾਵਿਤ ਹੀ ਨਹੀਂ ਕਰਦੀਆਂ ਬਲਕਿ ਗਿਆਨ ਵੀ ਦਿੰਦੀਆਂ ਹਨ। ਜਿਵੇਂ ਕਹਾਣੀ ਮੌਸਮ ਵਿਚ ‘ ਕੰਵਲ ਨੇ ਆ ਕੇ ਸਹੁਰੇ ਘਰ ਨੂੰ ਪਹਿਲੇ ਦਿਨ ਤੋਂ ਹੀ ਆਪਣਾ ਘਰ ਬਣਾ ਲਿਆ ਤੇ ਜਦ ਸਹੁਰੇ ਘਰ ਆ ਕੇ ਕੁੜੀ ਵਿਚ ਇਹ ਭਾਵਨਾ ਆ ਜਾਏ ਤਾਂ ਇਕ ਵੱਡੀ ਤੇਰ-ਮੇਰ ਦੀ ਸਮੱਸਿਆਂ ਖ਼ਤਮ ਹੋ ਜਾਂਦੀ ਹੈ’ ਪੱਤੇ ਪੱਤਝੜ ਦੇ ਵਿਚ ‘ਪਰਵਾਹ ਉਸਦੀ ਹੁੰਦੀ ਹੈ ਜਿਸਦਾ ਕੋਈ ਆਸਰਾ ਹੋਵੇ’ ਸਨੋਅ ਫਾਲ ਵਿਚ ‘ ਜਿ਼ੰਦਗੀ ਦੀ ਜੰਗ ਡੌਲਿਆ ਜਾਂ ਹਥਿਆਰਾਂ ਨਾਲ ਨਹੀਂ ਆਪਣੀ ਅੰਦਰੂਨੀ ਤਾਕਤ ਨਾਲ ਲੜੀ ਜਾਂਦੀ ਹੈ’ ਇਸੇ ਕਹਾਣੀ ਵਿਚ ‘ਪਰੇਸ਼ਾਨੀਆਂ ਤੋਂ ਹਾਰ ਕੇ ਭੱਜਣ ਵਾਲੇ ਲਈ ਜ਼ਮੀਨ ਮੁੱਕ ਜਾਂਦੀ ਹੈ’ ਨਵੀਂ ਰੁੱਤ ਕਹਾਣੀ ਵਿਚ ‘ਮਾ-ਬਾਪ ਦਾ ਵਿਉਹਾਰ ਤੱਕੜੀ ਵਰਗਾ ਹੋਣਾ ਚਾਹੀਦਾ ਹੈ, ਜੋ ਦੋਨਾਂ ਪੱਲਿਆਂ ਨੂੰ ਬਰਾਬਰ ਰੱਖੇ’ ਸੁਪਨੇ ਸੱਚ ਹੋਣਗੇ ਕਹਾਣੀ ਵਿਚ ‘ਰਿਸ਼ਤਿਆਂ ਵਿਚ ਪਿਆਰ-ਮਹੁੱਬਤ ਦੀ ਗਰਮਾਇਸ਼ ਹੋਣੀ ਬਹੁਤ ਜਰੂਰੀ ਹੈ ਨਹੀਂ ਤਾਂ ਤਕਰਾਰ ਦੀ ਠੰਡਕ ਅਕਸਰ ਖ਼ੂਨ ਨੂੰ ਵੀ ਠੰਡਾ ਕਰ ਦਿੰਦੀ ਹੈ ਤੇ ਠੰਡਾ ਖ਼ੂਨ ਸਿਰਫ ਲਾਸ਼ ਵਿਚ ਹੁੰਦਾ ਹੈ’ ਇਸੇ ਕਹਾਣੀ ਵਿਚ ‘ਹਮੇਸ਼ਾਂ ਦੁੱਖ ਤਕਲੀਫ਼ਾਂ ਦੇ ਦਿਨਾਂ ਦੀ ਚਾਲ ਹੌਲ਼ੀ ਚੱਲਦੇ ਗੱਡੇ ਵਰਗੀ ਹੁੰਦੀ ਹੈ ਤੇ ਖ਼ੂਬਸੂਰਤ ਸੁਹਵਣੇ ਦਿਨ ਹਵਾ ‘ਚ ਉੱਡਦੇ ਪੰਛੀਆਂ ਵਾਂਗ ਤੇਜ਼ ਹੋ ਉਡਾਰੀਆਂ ਮਾਰ ਜਾਂਦੇ ਹਨ’ ਉਪਰੋਤਕ ਕਹਾਣੀ ਸੁਪਨੇ ਸੱਚ ਹੋਣਗੇ ਵਿਚੋਂ ਹੀ ‘ਵਕਤ ਦੇ ਇਕ ਹੱਥ ‘ਚ ਤਲਵਾਰ ਤੇ ਦੂਜੇ ‘ਚ ਮਲ੍ਹਮ ਹੈ, ਕਿਸ ਦੇ ਹਿੱਸੇ ਕੀ ਆਉਂਦਾ ਹੈ ਇਹ ਮੁਕੱਦਰ ਦੀ ਗੱਲ ਹੈ’ ਆਦਿ ਬਹੁਤ ਸਾਰੇ ਰੋਚਕ, ਗਹਿਰ-ਗੰਭੀਰ ਅਤੇ ਸਿੱਖਿਆਦਾਇਕ ਵਿਚਾਰ ਹਨ ਜੋ ਕਹਾਣੀਆਂ ਵਿਚ ਥਾਂ-ਥਾਂ ਕਹਾਣੀਆਂ ਦੀ ਰਵਾਨਗੀ ਹੀ ਨਹੀਂ ਵਧਾਉਂਦੇ ਬਲਕਿ ਪਾਤਰਾਂ ਦੇ ਅੰਤਰੀਵ ਹਾਲ ਵੀ ਬਿਆਨ ਕਰਦੇ ਹਨ।

ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿਚ ਜੋਰਾਵਰ ਸਿੰਘ ਬਾਂਸਲ ਇਸੇ ਤਰ੍ਹਾਂ ਪਰਵਾਸੀ ਜਿ਼ੰਦਗੀ ਦੀਆਂ ਸਖ਼ਤ ਮੁਸ਼ੱਕਤੀ ਰਾਹਾਂ ਤੇ ਚੱਲਦਿਆਂ ਆਪਣਾ ਲਿਖਣ ਕਾਰਜ ਵੀ ਜਾਰੀ ਰੱਖੇਗਾ ਅਤੇ ਉਸ ਦੀਆਂ ਕਾਹਣੀਆਂ ਸਿ਼ਲਪਕਾਰੀ ਪੱਖੋਂ ਹੋਰ ਪਰਪੱਕ ਹੋਣਗੀਆਂ। ਉਹਨਾਂ ਦੇ ਇਸ ਕਹਾਣੀ ਸੰਗ੍ਰਹਿ ‘ਸੁਪਨੇ ਸੱਚ ਹੋਣਗੇ’ ਨੂੰ ਸਾਹਿਤਕ ਜਗਤ ਵਿਚ ਜੀ ਆਇਆ।

ਸਮੰਪਰਕ:+ 1 403-680-3212

Comments

Security Code (required)



Can't read the image? click here to refresh.

Name (required)

Leave a comment... (required)





ਕਿਤਾਬਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ