Mon, 16 July 2018
Your Visitor Number :-   969882
SuhisaverSuhisaver Suhisaver
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਵਾਧਾ               ਕਰਨਾਟਕ ’ਚ 34 ਹਜ਼ਾਰ ਕਰੋੜ ਰੁਪਏ ਦੀ ਕਿਸਾਨ ਕਰਜ਼ਾ ਮੁਆਫ਼ੀ ਦਾ ਐਲਾਨ              

ਪੁਸਤਕ: ਸੰਗੀਤਾਚਾਰੀਆ: ਭਾਈ ਕਾਨ੍ਹ ਸਿੰਘ ਨਾਭਾ

Posted on:- 19-12-2014

suhisaver

ਪੁਸਤਕ: ਸੰਗੀਤਾਚਾਰੀਆ: ਭਾਈ ਕਾਨ੍ਹ ਸਿੰਘ ਨਾਭਾ
ਲੇਖਿਕਾ: ਡਾ. ਰਵਿੰਦਰ ਕੌਰ ‘ਰਵੀ’
ਮੁੱਲ: 500 ਰੁਪਏ, ਪੰਨੇ 288
ਪ੍ਰਕਾਸ਼ਕ: ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ

    

‘ਸੰਗੀਤਾਚਾਰੀਆ: ਭਾਈ ਕਾਨ੍ਹ ਸਿੰਘ ਨਾਭਾ’, ਡਾ. ਰਵਿੰਦਰ ਕੌਰ ਰਵੀ ਦੀ ਇੱਕ ਬਹੁਤ ਹੀ ਮਹੱਤਵਪੂਰਨ ਖੋਜ-ਪੁਸਤਕ ਹੈ ਜਿਸ ਦਾ ਪ੍ਰਕਾਸ਼ਨ ਇਸ ਵਰੇ੍ਹ (2014) ਦੌਰਾਨ ਹੋਇਆ। ਪੁਸਤਕ ਦੀ ਸਮੁੱਚੀ ਰੂਪ ਰੇਖਾ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਇਹ ਪੁਸਤਕ, ਡਾ. ਰਵਿੰਦਰ ਕੌਰ ਦੀ ਪੀ-ਐੱਚ.ਡੀ ਦੀ ਡਿਗਰੀ ਨਾਲ ਸੰਬੰਧਿਤ ਖੋਜ-ਪ੍ਰਬੰਧ ਉੱਪਰ ਆਧਾਰਿਤ ਹੈ। ਡਾ. ਰਵਿੰਦਰ ਕੌਰ ਨੇ ਇਸ ਅਣਗੌਲੇ, ਪਰ ਬਹੁਤ ਹੀ ਮਹੱਤਵਪੂਰਨ ਵਿਸ਼ੇ ਉੱਪਰ ਖੋਜ-ਕਾਰਜ ਕਰਕੇ, ਸਿਰਫ਼ ਭਾਈ ਸਾਹਿਬ ਦੇ ਗੌਰਵ ਨੂੰ ਹੀ ਨਹੀਂ ਉਭਾਰਿਆ, ਸਗੋਂ ਇੱਕ ਬਹੁਤ ਹੀ ਸਾਰਥਕ ਵਿਸ਼ੇ ਵਲ ਸਾਡਾ ਧਿਆਨ ਆਕਰਸ਼ਿਤ ਕੀਤਾ ਹੈ। ਸਹੀ ਅਰਥਾਂ ਵਿੱਚ ਇਹ ਪੁਸਤਕ, ਇੱਕ ਸਾਂਭਣਯੋਗ ਇਤਿਹਾਸਕ ਮਹੱਤਵ ਵਾਲਾ ਦਸਤਾਵੇਜ ਹੈ।

ਸ਼ਾਸਤਰੀ ਸੰਗੀਤ ਦੀ ਮੰਨੀ-ਪ੍ਰਮੰਨੀ ਗਾਇਕਾ ਅਤੇ ਸਿਤਾਰ ਵਾਦਕਾ ਹੋਣ ਕਰਕੇ, ਇਸ ਖੋਜ-ਕਾਰਜ ਦੀ ਪ੍ਰਮਾਣਿਕਤਾ ਸਹਿਜੇ ਹੀ ਹੋ ਜਾਂਦੀ ਹੈ। ਇਸ ਦੇ ਨਾਲ-ਨਾਲ ਉਹ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੰਗੀਤ ਵਿਭਾਗ ਵਿੱਚ ਬਤੌਰ ਅਸਿਸਟੈਂਟ ਪ੍ਰੋਫ਼ੈਸਰ, ਵਿਦਿਆਰਥੀਆਂ ਨੂੰ ਸੰਗੀਤ-ਸਿੱਖਿਆ ਦੇਣ ਦੇ ਕਾਰਜਾਂ ਵਿੱਚ ਵੀ ਜੁਟੀ ਹੋਈ ਹੈ। ਭਾਰਤੀ ਸੰਗੀਤ, ਖ਼ਾਸ ਕਰਕੇ ਪੰਜਾਬੀ ਸੰਗੀਤ ਅਤੇ ਹੋਰ ਖ਼ਾਸ ਕਰਕੇ, ਗੁਰਮਤਿ ਸੰਗੀਤ ਵਿੱਚ ਡਾ. ਰਵੀ ਦੀ ਲਗਨ, ਮਿਹਨਤ ਤੇ ਦਿਲਚਸਪੀ ਨੂੰ ਦਾਦ ਦੇਣੀ ਬਣਦੀ ਹੈ। ਇਸ ਤੋਂ ਪਹਿਲਾਂ ਉਹ ਦੋ ਹੋਰ ਪੁਸਤਕਾਂ ‘ਬਿਖਰੇ ਮੋਤੀ’ ਤੇ ‘ਇਤਿਹਾਸ ਬਾਂਗੜੀਆਂ’ ਪੰਜਾਬੀ ਪਾਠਕਾਂ ਦੀ ਝੋਲੀ ਪਾ ਚੁੱਕੀ ਹੈ।
ਪੁਸਤਕ ਦੀ ਸਮੁੱਚੀ ਸਮੱਗਰੀ ਸੱਤ ਅਧਿਆਵਾਂ ਵਿੱਚ ਵੰਡੀ ਹੋਈ ਹੈ। ਇਹਨਾਂ ਅਧਿਆਵਾਂ ਵਿੱਚ, ਭਾਈ ਕਾਨ੍ਹ ਸਿੰਘ ਨਾਭਾ ਦੇ ਪ੍ਰਕਾਸ਼ਿਤ-ਕਾਰਜਾਂ ਵਿੱਚ ਕਲਾ ਤੇ ਸੰਗੀਤ ਬਾਰੇ ਵਿਚਾਰ-ਦਰਸ਼ਨ, ਭਾਰਤੀ ਸੰਗੀਤ, ਗੁਰਬਾਣੀ, ਰਾਗਾਂ, ਸਾਜ਼ਾਂ, ਸੁਹਜ ਸ਼ਾਸਤਰ ਅਤੇ ਮਨੋਵਿਗਿਆਨ ਬਾਰੇ ਵਿਚਾਰਾਂ ਨੂੰ ਭਰਪੂਰ ਚਰਚਾ ਦਾ ਵਿਸ਼ਾ ਬਣਾਇਆ ਗਿਆ ਹੈ। ਜ਼ਿਕਰ ਯੋਗ ਹੈ ਕਿ ਭਾਈ ਕਾਨ੍ਹ ਸਿੰਘ ਨਾਭਾ (1861-1938 ਈ:) ਉਨੀਵੀਂ ਸਦੀ ਦੇ ਅਖਰੀਲੇ ਅਤੇ ਵੀਹਵੀਂ ਸਦੀ ਦੇ ਪਹਿਲੇ ਅੱਧ ਕਾਲ-ਖੰਡ ਨਾਲ ਸਬੰਧਿਤ ਇੱਕ ਸਰਬਪੱਖੀ ਕਦਾਵਰ ਵਿਦਵਾਨ ਹੋਏ ਹਨ। ਐਨਸਾਈਕਲੋਪੀਡੀਆ ਬ੍ਰਿਟਾਨਿਕਾ ਤੋਂ ਪ੍ਰੇਰਨਾ ਗ੍ਰਹਿਣ ਕਰਦਿਆਂ, ਉਹਨਾਂ ਨੇ ਚੌਦਾਂ-ਪੰਦਰ੍ਹਾਂ ਵਰ੍ਹਿਆਂ ਦੀ ਕਰੜੀ ਮਿਹਨਤ ਕਰਕੇ ‘ਗੁਰੁਸ਼ਬਦ ਰਤਨਾਕਰ ਮਹਾਨ ਕੋਸ਼’ ਤਿਆਰ ਕੀਤਾ, ਜੋ ਪੰਜਾਬੀ-ਕੋਸ਼ਕਾਰੀ ਦੇ ਇਤਿਹਾਸ ਵਿੱਚ ਪਹਿਲਾ ਮਹੱਤਵਪੂਰਨ ਉਦਮ ਸੀ। ‘ਮਹਾਨ ਕੋਸ਼’ ਦੀ ਤਿਆਰੀ ਸੰਨ 1912 ’ਚ ਸ਼ੁਰੂ ਹੋਈ ਅਤੇ ਸੰਨ 1930 ਦੌਰਾਨ ਇਸ ਨੂੰ ਵਿਸ਼ਵ ਕੋਸ਼ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਗਿਆ।

ਹੋਰਨਾਂ ਵਿਸ਼ਿਆਂ ਤੋਂ ਛੁੱਟ, ਪੁਰਾਤਨ ਭਾਰਤੀ ਸੰਗੀਤ ਅਤੇ ਖਾਸ ਕਰਕੇ, ਗੁਰਮਤਿ-ਸੰਗੀਤ ਨਾਲ ਸੰਬੰਧਿਤ ਬੇਅੰਤ ਸ਼ਬਦਾਵਲੀ ਸਾਨੂੰ ਇਸ ਕੋਸ਼ ਵਿਚੋਂ ਸਹਿਜੇ ਹੀ ਉਪਲੱਬਧ ਹੋ ਜਾਂਦੀ ਹੈ। ਲੇਖਿਕਾ ਡਾ. ਰਵਿੰਦਰ ਕੌਰ ‘ਰਵੀ ਨੇ ਆਪਣੀ ਸਖਤ ਮਿਹਨਤ ਨਾਲ ਭਾਈ ਕਾਨ੍ਹ ਸਿੰਘ ਨਾਭਾ ਦੀਆਂ ਸਮੁੱਚੀਆਂ ਲਿਖਤਾਂ ਵਿੱਚ ਦਰਜ਼ ਭਾਰਤੀ ਤੇ ਗੁਰਮਤਿ ਸੰਗੀਤ ਨਾਲ ਸੰਬੰਧਿਤ ਜਾਣਕਾਰੀ ਦਾ ਆਲੋਚਨਾਤਮਕ ਅਧਿਐਨ ਕਰਕੇ ਇਕ ਮੁੱਲਵਾਨ ਪੁਸਤਕ ਤਿਆਰ ਕੀਤੀ ਹੈ। ਜਿਸ ਨਾਲ ਭਾਈ ਸਾਹਿਬ ਦੀ ਸ਼ਖ਼ਸੀਅਤ ਦਾ ਇੱਕ ਨਵਾਂ ਰੂਪ ਸਾਹਮਣੇ ਆਇਆ ਹੈ। ਨਿਰਸੰਦੇਹ ਭਾਈ ਸਾਹਿਬ ਸੰਗੀਤ ਕਲਾ ਬਾਰੇ ਵੀ ਅਥਾਹ ਗਿਆਨ ਰੱਖਦੇ ਸਨ। ਇਹਨਾਂ ਸ਼ਬਦਾਂ ਨਾਲ ਮੈਂ ਇਸ ਪੁਸਤਕ ਦੀ ਆਮਦ ਦਾ ਦਿਲੋਂ ਸੁਆਗਤ ਕਰਦਾ ਹਾਂ ਅਤੇ ਇਸ ਨੂੰ ਧਿਆਨ ਨਾਲ ਪੜ੍ਹਨ ਦੀ ਸਿਫ਼ਾਰਿਸ ਕਰਦਾ ਹਾਂ।

ਰੀਵਿਊਕਾਰ: ਡਾ. ਮਨਜੀਤ ਸਿੰਘ
ਸੰਪਰਕ: +91 98687 73902

Comments

Name (required)

Leave a comment... (required)

Security Code (required)ਕਿਤਾਬਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ