Mon, 21 August 2017
Your Visitor Number :-   1075445
SuhisaverSuhisaver Suhisaver
ਗੋਰਖਪੁਰ ਦੁਖਾਂਤ; ਨਿਆਂਇਕ ਜਾਂਚ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਇਰ               ਦੂਰਦਰਸ਼ਨ ਤੇ ਅਕਾਸ਼ਵਾਣੀ ਵੱਲੋਂ ਮਾਣਿਕ ਸਰਕਾਰ ਦਾ ਅਜ਼ਾਦੀ ਦਿਵਸ ਭਾਸ਼ਣ ਪ੍ਰਸਾਰਿਤ ਕਰਨ ਤੋਂ ਇਨਕਾਰ               ਭੂਟਾਨ ਨੇ ਡੋਕਲਾਮ ’ਤੇ ਚੀਨ ਦੇ ਦਾਅਵੇ ਨੂੰ ਨਕਾਰਿਆ              

ਚੱਲ ਪਰਤ ਚੱਲੀਏ ਪਿੰਡਾਂ ਨੂੰ – ਡਾ. ਅਮਰਜੀਤ ਟਾਂਡਾ

Posted on:- 02-11-2016

suhisaver

ਚੱਲ ਪਰਤ ਚੱਲੀਏ ਪਿੰਡਾਂ ਨੂੰ
ਕਿ ਹਵਾਵਾਂ ਰੁਮਕਣਾ ਭੁੱਲ ਜਾਣਗੀਆਂ ਨਹੀਂ ਤਾਂ
ਕਿ ਮਰਨਾਂ ਨਹੀਂ ਪੱਤਝੜਾਂ ਨੇ
ਰਾਹਾਂ ਚ ਰਾਹਗੀਰ ਨਹੀਂ ਲੱਭਣੇ
ਮੋੜ੍ਹ ਲਿਆਈਏ ਨਦੀਆਂ ਨੂੰ ਖੇਤਾਂ ਵੱਲ
ਦਰਾਂ ਤੇ ਬੰਨ੍ਹ ਕੇ ਆਈਏ ਖੁਸ਼ੀਆਂ ਦੇ ਪੱਤ

ਪਿੰਡਾਂ ਨੂੰ ਪਰਤ ਜਾਣ ਦਾ ਅਜੇ ਵੀ ਸਮਾਂ ਹੈ
ਚੱਲੀਏ ਕਿ ਕਪਾਹਾਂ ਸ਼ਾਇਦ ਹੱਸ ਪੈਣ ਦੇਖ ਕੇ
ਕਿ ਸੂਰਜ ਖੜ੍ਹ ਜਾਵੇ ਡੁੱਬਣੋਂ
ਸ਼ਾਮ ਚ ਪਰਤ ਆਵੇ ਮਹਿਫ਼ਿਲ ਖਬਰੇ
ਹੋ ਸਕਦਾ ਕਿ ਉਹ ਵੀ ਆ ਜਾਵੇ ਮਿਲਣ
ਕਿਸੇ ਰਾਤ ਚ ਭੁੱਲ ਕੇ-
ਕਿ ਕੋਇਲ ਵੀ ਜਾਗ ਪਵੇ ਕਿਸੇ ਡਾਲੀ ਤੇ

ਜੇ ਨਾ ਗਏ
ਤਾਂ ਦੁਪਹਿਰਾਂ ਰੁੱਸ ਜਾਣਗੀਆਂ
ਬਾਸਮਤੀ ਨੇ ਨਹੀਂ ਨਿੱਸਰਨਾਂ
ਸਿਆੜਾਂ ਨੇ ਬੁੱਲ੍ਹ ਨਹੀਂ ਖੋਲ੍ਹਣੇ
ਕਮਾਦਾਂ ਚ ਮਿੱਠਤ ਕਿੱਥੋਂ ਭਾਲਾਂਗੇ-
ਸਰ੍ਹੋਂ ਦੇ ਸਾਗ ਦੇ ਵਿਗੋਚੇ ਨਹੀਂ ਸਹਾਰ ਹੋਣੇ
ਕੌਣ ਸਜਾਏਗਾ ਅੱਖਾਂ ਝਮਕਦੇ ਸਿਤਾਰਿਆਂ ਨਾਲ
ਅੰਬਰ ਦਾ ਥਾਲ
ਚੋਰ ਸਿਪਾਹੀ ਨੂੰ ਕੌਣ ਲੱਭੇਗਾ ਅਸਮਾਨਾਂ ਚੋਂ

ਪਰਤ ਚੱਲੀਏ ਅਜੇ ਵੀ ਵਕਤ ਹੈ ਹੱਥਾਂ ਚ
ਫਿਰ ਕਿੱਥੋਂ ਲਿਆਵਾਂਗੇ ਮੋੜ ਕੇ
ਕਬਰਾਂ ਨੂੰ ਟੁਰ ਗਈਆਂ ਮਾਵਾਂ ਵਰਗੀਆਂ ਛਾਵਾਂ
ਤੇ ਛੱਤਾਂ ਵਰਗੇ ਬਾਪ

ਅੱਜ ਕੱਲ੍ਹ ਤਾਂ ਕਬਰਾਂ ਦੇ ਰੁੱਖ ਵੀ
ਛਾਵਾਂ ਕਰਨੀਆਂ ਭੁੱਲ ਗਏ ਹਨ
ਕਿਹਦੀ ਛਾਂ ਚ ਬੈਠਾਂਗੇ ਪਲ ਭਰ ਜਾ ਕੇ
ਮਾਂ ਦੀਆਂ ਅਸੀਸਾਂ ਟੋਲਣ ਲਈ
ਤੇ ਬਾਪੂ ਦੇ ਲਾਡ ਲੱਭਣ ਲਈ
ਘਰ ਓਦਾਂ ਨਹੀਂ ਖੋਲ੍ਹਦੇ ਹਿੱਕਾਂ
ਪਹਿਲਾਂ ਚਿਹਰੇ ਪਛਾਣਦੇ ਹਨ
ਨਜ਼ਰਾਂ ਵੱਲ ਤੱਕਦੇ ਹਨ-
ਸ਼ਨਾਖ਼ਤੀ ਪੱਤਰ ਮੰਗਦੇ ਹਨ-

ਕਿੱਥੋਂ ਲਿਆਵਾਂਗੇ ਗੁਆਂਢੋਂ ਤੁਰ ਗਈ
ਚਾਚੀ ਤੋਜੋ
ਕਿਹਰ ਸਿਓਂ ਤਾਇਆ
ਤੇ ਭਰਾਵਾਂ ਵਰਗੇ ਤਕੀਏ ਦੇ ਬੋਹੜ ਪਿੱਪਲ
ਹੁਣ ਤਾਂ ਕਦੇ ਡਾਕੀਆ ਨਾਜ਼ਰ ਵੀ ਨਹੀਂ ਦਿਸਿਆ
ਤੇ ਨਾ ਹੀ ਹੱਟੀ ਵਾਲੀ ਨਿੰਮੋਂ
ਰਾਹ ਓਦਾਂ ਨਹੀਂ ਨੇੜੇ ਖੜ੍ਹਦੇ
ਕਿਹਦੀ ਗਵਾਹੀ ਪਾਵਾਂਗੇ
ਕਿ ਮੈਂ ਓਹੀ ਹਾਂ-
ਤੁਹਾਡੀ ਗੋਦੀ ਚ ਖੇਡਣ ਵਾਲਾ
ਹੱਸਣ ਹਸਾਉਣ ਵਾਲਾ ਤੁਹਾਡੇ ਵਿਹੜਿਆਂ ਨੂੰ-

ਪੁਰਾਣੇ ਰੁੱਖ ਸਨ ਦਾਦੀ ਦਾਦੇ ਵਰਗੇ
ਲੋਕਾਂ ਨੇ ਸਾਰੇ ਹੀ ਘਰਾਂ ਚ ਖ਼ਪਤ ਕਰ ਲਏ
ਕੁਝ ਸੇਕ ਲਏੇ ਬਾਕੀ ਵੇਚ ਲਏੇ

ਖੇਡਣ ਵਾਲੀਆਂ ਥਾਵਾਂ ਸਨ-
ਵਲਗਣਾਂ ਨੇ ਡੀਕ ਲਈਆਂ
ਚੱਪਾ ਵੀ ਥਾਂ ਨਹੀਂ ਬਚੀ
ਕਿ ਕਿਤੇ ਕੋਈ ਅੱਡੀ ਛੜੱਪਾ ਹੀ ਖੇਡ ਲਵੇ

ਜੱਫ਼ੀਆਂ ਪਾਉਣ ਲਈ
ਤੇ ਝੂਟਣ ਲਈ ਟਾਹਣ ਸਨ
ਕਿਤੇ ਨਹੀਂ ਨਜ਼ਰ ਆਉਂਦੇ-
ਬੰਦਾ ਪੀਂਘ ਪਾਵੇ ਤਾਂ ਕਿਹਦੀ ਬਾਂਹ ਤੇ-

ਚੰਨ ਤਾਰੇ ਤਾਂ ਝਾਕਦੇ ਨੇ ਛੱਤ ਤੇ
ਪਰ ਬੰਦਾ ਮੰਜੇ ਕਿੱਥੋਂ ਲਿਆਵੇ ਤੇ ਵਿਛਾਵੇ ਡਾਰਾਂ ਚ
ਦੀਵਾਲੀ ਵਿਸਾਖੀ ਤਾਂ ਹਰ ਸਾਲ ਆਉਂਦੀ ਹੈ
ਪਰ ਜ਼ਿੰਦਰਿਆਂ ਵਾਲੇ ਘਰ ਦੇਖ ਮੁੜ ਜਾਂਦੀ ਹੈ
ਬੰਦ ਬੂਹਿਆਂ ਵੱਲ ਮੰਗਣ ਵਾਲੇ ਵੀ ਨਹੀਂ ਝਾਕਦੇ
ਕੁੜੀਆਂ ਗੀਤ ਭੁੱਲ ਜਾਂਦੀਆਂ ਨੇ
ਬੰਦ ਦਰਵਾਜਿਆਂ ਵੱਲ ਤੱਕ ਕੇ

ਬਨ੍ਹੇਰੇ ਦੀਵਿਆਂ ਦੀ ਛੁਹ ਨੂੰ ਤਰਸ ਰਹੇ ਹਨ
ਬੂਹੇ ਤੇਲ ਦੇ ਮੋਹ ਨੂੰ ਤਰਸ ਰਹੇ ਹਨ

Comments

Name (required)

Leave a comment... (required)

Security Code (required)ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ