Wed, 16 August 2017
Your Visitor Number :-   1073995
SuhisaverSuhisaver Suhisaver
ਹਿਮਾਚਲ 'ਚ ਢਿੱਗਾਂ ਡਿੱਗਣ ਨਾਲ 50 ਮੌਤਾਂ ਦੀ ਸ਼ੰਕਾ               ਭਾਖੜਾ ਡੈਮ 'ਚ ਪਾਣੀ 1656 ਫੁੱਟ ਤੱਕ ਪੁੱਜਿਆ               ਭੂਟਾਨ ਨੇ ਡੋਕਲਾਮ ’ਤੇ ਚੀਨ ਦੇ ਦਾਅਵੇ ਨੂੰ ਨਕਾਰਿਆ              

ਰਿੜਦੇ ਰਿੜਦੇ ਜਦੋਂ ਖੜ੍ਹਨਾ ਸਿੱਖਿਆ -ਡਾ. ਅਮਰਜੀਤ ਟਾਂਡਾ

Posted on:- 01-03-2017

suhisaver

ਰਿੜਦੇ ਰਿੜਦੇ ਜਦੋਂ ਖੜ੍ਹਨਾ ਸਿੱਖਿਆ
ਤਾਂ ਪੱਬਾਂ ਹੇਠ ਮੰਜ਼ਿਲਾਂ ਪਈਆਂ ਸਨ
ਸਫ਼ਰਾਂ ਨੇ ਪਹਿਰਾਂ ਨੂੰ ਉਮਰਾਂ ਲਾਈਆਂ
ਬਾਪੂ ਦੇ ਸਿਰ ਲੋਹੜੇ ਦਾ ਭਾਰ ਸੀ-
ਮਾਂ ਦੀਆਂ ਅੱਖਾਂ ਚ ਜ਼ਰਾ ਕੁ ਜਿੰਨੀ ਲੋਅ ਸੀ-

ਕਬੀਲਦਾਰੀ ਦਾ ਪਹਾੜ ਚੁੱਕੀ
ਉਹ ਸਾਰੀ ਉਮਰ ਜੂਝਦਾ ਰਿਹਾ
ਤੇ ਨਾਲ ਨਾਲ ਅਸੀਂ ਵੀ ਭੈਣਾਂ ਭਰਾ ਲੱਗ ਗਏ-

ਕੰਧਾਂ ਨੂੰ ਉੱਚਾ ਕੀਤਾ
ਘਰ ਦੀ ਛੱਤ ਤੋਂ
ਅਸਮਾਨ ਨੂੰ ਛੁਹਣ ਲਈ ਹੱਥ ਕੀਤੇ ਉਤਾਂਹ ਨੂੰ
ਸੂਰਜ ਡਰਾਉਂਦਾ ਸੀ
ਅੱਗ ਵਿਖਾਉਂਦਾ ਸੀ-
ਠੰਢੇ ਚੰਦ ਨਾਲ ਯਾਰੀ ਦਾ ਕੀ ਫਾਇਦਾ ਹੋਣਾ ਸੀ-
ਮਜ਼ਾ ਜੋ ਸੂਰਜਾਂ ਨਾਲ ਖੇਡਣ ਦਾ ਆਉਂਦਾ ਹੈ-
ਉਹ ਸੀਤ ਤਾਰਿਆਂ ਨਾਲ ਕਿੱਥੇ-

ਰਾਹਾਂ ਚ ਰੋੜੇ ਕੰਡੇ
ਸਮੇਂ ਨੇ ਪਹਿਲਾਂ ਹੀ ਖਿਲਾਰੇ ਹੋਏ ਸਨ-
ਕਚਹਿਰੀ ਦੇ ਦਰ ਉੱਚੇ ਸਨ-
ਤਾਰੀਕਾਂ ਦੇ ਡੰਡੇ ਮੁੱਕਣ ਚ ਨਾ ਆਉਂਦੇ
ਕਾਨੂੰਨ ਵੀ ਅੰਨ੍ਹਾ ਹੁੰਦਾ ਹੈ-
ਮੈਂ ਕਦੇ ਨਹੀਂ ਸੀ ਸੁਣਿਆ
ਪਰ ਅੱਖਾਂ ਨਾਲ ਦੇਖਿਆ-

ਕਾਲੇ ਕੋਟਾਂ ਨੂੰ ਵੀ
ਖ਼ੂਨ ਪਸੀਨੇ ਦੀ ਹੀ ਭੁੱਖ ਲਗੀ ਰਹਿੰਦੀ ਹੈ-
ਜਿਵੇਂ ਸਰਜਨਾਂ ਨੂੰ ਪੇਟ ਚ ਕੁਝ ਦੇਖਣ ਦਾ ਨਵਾਂ ਚਾਅ
ਤਾਂਹੀ ਸ਼ਾਇਦ ਪ੍ਰਾਈਵੇਟ ਹਸਪਤਾਲ ਤੇ ਅੰਨ੍ਹੀ ਅਦਾਲਤ ਦੇ ਨੇੜੇ
ਡਰ ਕਰਕੇ ਰੁੱਖਾਂ ਹੇਠੋਂ ਛਾਂ ਵੀ ਮਰ ਜਾਂਦੀ ਹੈ-

ਜਦੋਂ ਭੁੱਖੀ ਆਂਦਰ ਤੜਫ਼ਦੀ ਹੈ-
ਮਾਂ ਦੀ ਹੀ ਯਾਦ ਆਉਂਦੀ ਹੈ
ਉੱਚੀ ਅਦਾਲਤ ਹੀ ਇੱਕ ਤਰਲਾ ਸੀ-
ਉਹਨੇ ਵੀ ਹਾਉਕੇ ਨਾ ਸੁਣੇ
ਅਦਾਲਤ ਦੀਆਂ ਪੌੜੀਆਂ ਨੂੰ ਵੀ
ਉੱਚੇ ਦਰਬਾਰਾਂ ਦੀ ਹੀ ਗੱਲ ਸੁਣਾਈ ਦਿੰਦੀ ਹੈ-
ਹੁਣ ਨਹਿਰ ਕਿਨਾਰੇ ਮਿਟਣਗੇ ਕਈ ਸੁਪਨੇ
ਰੁੱਖਾਂ ਦੀ ਮੌਤ ਆਏਗੀ-

ਹੁਕਮ ਦੀ ਤਾਮੀਲ ਨੱਚੇਗੀ-
ਹੇਜ਼ ਜਾਗੇਗਾ-ਘਰ ਨੂੰ ਤੁਰਨ ਲਗੀ ਮੁਟਿਆਰ ਨੂੰ
ਖਾਲੀ ਘੜ੍ਹਾ ਢਾਕ ਤੇ ਚੁੱਕੀ ਕੁਰਲਾਏਗੀ-
ਕਿ ਮੈਂ ਕਿਉਂ ਦੇਵਾਂ ਤੈਨੂੰ ਪਹਿਲਾਂ ਘੜਾ ਭਰਨ-
ਪਾਣੀ ਮੇਰੇ ਨੇ- ਤੇ ਘੜ੍ਹਾ ਵੀ-

ਕਿਰਤ ਕੁਰਲਾਏਗੀ-
ਰੁੱਖ ਤੇ ਪੁੱਠਾ ਲਟਕਦਾ ਕਿਸਾਨ ਕਹੇਗਾ-
ਮੈਂ ਕੀ ਲੈਣਾ ਨਹਿਰਾਂ ਦੇ ਵਹਿਰਾਂ ਤੋਂ
ਮੈਨੂੰ ਮੇਰਾ ਰੁਜ਼ਗਾਰ ਦਿਓ
ਕਰਜ਼ੇ ਦੀ ਦਲਦਲ ਚੋਂ ਕੱਢੋ-

ਲੋਕ ਸੇਵਕ ਫਿਰ ਕੱਠੇ ਹੋਣਗੇ
ਬਾਹਾਂ ਖੜ੍ਹੀਆਂ ਕਰ ਜ਼ੇਲ ਚ ਕੱਟਣਗੇ ਰਾਤ

ਸੂਰਜ ਸ਼ਰਮਾਂਦਾ ਛੁਪ ਜਾਵੇਗਾ
ਕੱਲ ਨੂੰ ਫਿਰ ਆ ਕੇ ਦੇਖੇਗਾ-
ਓਹੀ ਔਰਤ ਫਿਰ ਘੜ੍ਹਾ ਵਿਖਾ ਰਹੀ ਹੈ ਖਾਲੀ
ਜਿਹੜੀ ਕਈ ਸਾਲ ਬੋਤਲ ਦਾ ਪਾਣੀ ਪੀਂਦੀ ਰਹੀ
ਖੇਤਾਂ ਦੀ ਪਿਆਸ ਯਾਦ ਨਹੀ ਆਈ ਉਹਨੂੰ-
ਆਪਣੇ ਘਰ ਦੇ ਮਸਲੇ ਦੇਖਦੀ ਰਹੀ
ਦੂਰ ਕਿਤੇ ਬੈਠੀ ਮੰਜ਼ੀ ਡਾਹ ਕੇ-
ਤੇ ਅੱਜ ਨੀੰਦ ਤੋਂ ਜਾਗ ਰਹੀ ਹੈ-ਸੱਤਾ ਦੀ ਪਟਰਾਣੀ-

ਮੂਹਰੇ ਹੋ ਕੇ ਲੜ੍ਹੇਗੀ ਹੁਣ
ਲੰਮੀ ਬਾਂਹ ਕਰਕੇ-ਬਦੇਸ਼ੋਂ ਠੀਕ ਕਰਾ ਕੇ ਆਈ

ਹੁਣ ਇਹਨੂੰ ਨੀਂਦ ਨਹੀਂ ਆਉਣੀ
ਪਾਣੀ ਫਿਰ ਜਲਣਗੇ
ਭੁੱਖੇ-ਪੰਛੀ ਫਿਰ ਮਰਨਗੇ -
ਇਹਦੇ ਬੱਚਿਆਂ ਨੂੰ ਆਂਚ ਵੀ ਨਹੀਂ ਆਏਗੀ-

ਨਹਿਰ ਲੋਕਾਂ ਦੇ ਸੀਨੇ ਤੇ ਬਣੇਗੀ
ਹੱਕ ਫਿਰ ਦਫ਼ਨ ਹੋਣਗੇ
ਮਿੱਟੀ ਫਿਰ ਤੜਫ਼ੇਗੀ-

ਲੋਕ ਫਿਰ ਜੂਝਦੇ
ਕੁਝ ਘਰਾਂ ਨੂੰ ਮੁੜ ਜਾਣਗੇ
ਕੁਝ ਬੱਸਾਂ ਚ ਨਾਹਰੇ ਮਾਰਦੇ ਚੀਕਦੇ ਦਿਸਣਗੇ-

ਅਖ਼ਬਾਰ ਛਪੇਗੀ-
ਪੱਗ ਲਿੱਬੜੇਗੀ-
ਅੱਗ ਨੱਚੇਗੀ-

Comments

Name (required)

Leave a comment... (required)

Security Code (required)ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ