Tue, 25 July 2017
Your Visitor Number :-   1065010
SuhisaverSuhisaver Suhisaver
ਕਾਬੁਲ ਕਾਰ ਬੰਬ ਧਮ਼ਾਕੇ ਵਿੱਚ 26 ਮੌਤਾਂ; 41 ਫੱਟੜ               ਪੁਲਾੜ ਵਿਗਿਆਨੀ ਯੂ.ਆਰ. ਰਾਓ ਦਾ ਦੇਹਾਂਤ              

ਰਾਜਵਿੰਦਰ ਮੀਰ ਦੀਆਂ ਦੋ ਕਵਿਤਾਵਾਂ

Posted on:- 18-03-2017

suhisaver

ਵਹਿਸ਼ਤ ਦੇ ਯੁੱਗ 'ਚ

ਵਹਿਸ਼ਤ ਦੇ ਯੁੱਗ 'ਚ
ਮੈਂ ਇੱਕ ਮਾਣਸ ਜਣਿਆ ਹੈ
ਉਹਦੇ ਪਿੰਡੇ ਤੋਂ
ਕੂਲੇ ਤੇ ਭੂਰੇ ਲੂ
ਅਜੇ ਝੜ੍ਹੇ ਨਹੀਂ

ਝੜ੍ਹ ਗਏ ਨੇ ਤਾਂ ਮੇਰੇ ਹੱਥ
ਜੋ ਉੱਡ ਕੇ ਆਏ
ਫ਼ੌਲਾਦ ਦੇ ਗਰਮ ਟੁੱਕੜੇ ਨੇ ਲੂਹ ਸੁੱਟੇ

ਘੱਗਰ ਦੇ ਕਿਨਾਰੇ ਠੰਢੀ ਰੇਤ 'ਚ
ਗਿੱਟਿਆਂ ਤੱਕ ਪਹੁੰਚੇ ਅੜੁੰਗ
ਅਸੀ ਘੋਗੇ ਸਿੱਪੀਆਂ ਦੇ ਘਰ ਬਣਾਉਂਦੇ
ਦਰਿਆ ਪਾਰ ਕਰਦੇ
ਪਰ ਹੁਣ ਤਾਂ ਝੜ ਗਏ ਨੇ ਹੱਥ
ਉੱਡ ਕੇ ਆਏ ਫ਼ੌਲਾਦ ਦੇ ਗਰਮ ਟੁੱਕੜੇ ਨਾਲ

ਮੇਰੇ ਕੋਲ਼ ਸਬੂਤ ਨੇ ਅਜੇ
ਸੱਜਰੇ ਜ਼ਖ਼ਮ ਵਾਂਗ ਖੁੱਲ੍ਹੀਆਂ ਅੱਖਾਂ
ਤੇ ਮੈਂ ਦੇਖਾਂਗਾ

ਦੇਖਾਂਗਾ ਇੱਕ ਸਬਜ਼ ਮੰਜ਼ਰ
ਘਰਾਟ ਤੇ ਪਿਸਣ ਆਈ ਮੱਕੀ ਦਾ
ਲਾਲ ਹੋਇਆ ਰੰਗ
ਗਲ਼ਾਂ ਲਈ ਅਮਲਤਾਸ
ਤੇ ਕੰਨਾ ਲਈ
ਧਰੇਕ ਦੇ ਫੁੱਲਾਂ ਦੇ ਗਹਿਣੇ

ਮੈਂ ਦੇਖ ਸਕਦਾ ਇਹ ਮੰਜ਼ਰ
ਪਰ ਉੱਡ ਕੇ ਆਏ ਫ਼ੌਲਾਦ ਦੇ ਟੁੱਕੜੇ ਨੇ
ਲੂਹ ਸੁੱਟੀਆਂ ਮੇਰੀਆਂ ਅੱਖਾਂ
ਹੁਣ ਬਾਕੀ ਬਚੇ ਨੇ ਤਾਂ ਡੇਲਿਆਂ ਤੋ ਸੱਖਣੇ ਟੋਏ
ਜਿੱਥੇ ਫ਼ਲਸਤੀਨ ਦੀਆਂ ਗਲੀਆਂ ਵਾਂਗ
ਵੀਰਾਨੀ ਸ਼ੂਕਦੀ ਹੈ

ਪਰ ਮੈਂ ਸੁਣਾਂਗਾ
ਸੁਣਾਂਗਾ ਬੱਤਖ਼ ਦੀ ਕੁਐਕ -ਕੁਐਕ
ਦੁਆ ਮੰਗਦੀ ਦਾਈ ਦੀ
ਬੁਦਬੁਦਾਹਟ ਵਾਂਗ
ਤੇਰੀ ਕੰਬਦੀ ਅਵਾਜ਼ ਦੀ ਹਾਂ -ਨਾਂਹ
ਤੇ ਕੋਸੇ ਕੋਸੇ ਸਾਹਾਂ ਦਾ ਠੱਕ ਠੱਕ ,ਠੱਕ ਠੱਕ
ਮੇਰੀ ਹਿੱਕ 'ਤੇ ਵੱਜਣਾ

ਮੈਂ ਸੁਣ ਸਕਦਾ ਇਹ ਸਭ
ਪਰ ਉੱਡ ਕੇ ਆਏ ਫ਼ੌਲਾਦ ਦੇ ਟੁੱਕੜੇ ਨੇ
ਮੇਰੀ ਗਰਦਨ ਉੱਡਾ ਦਿੱਤੀ
ਹੁਣ ਬਾਕੀ ਹੈ ਤਾਂ ਚਮੜੀ
ਥਾਂ ਥਾਂ ਤੋਂ ਲੂਸੀ

ਮੈਂ ਮਹਿਸੂਸ ਕਰਾਂਗਾ
ਬਚੀ ਖੁਚੀ ਲੂਸੀ ਚਮੜੀ ਨਾਲ਼
ਮਹਿਸੂਸ ਕਰਾਂਗਾ
ਚੜ੍ਹਦੇ ਮਾਘ ਦੀ ਧੁੱਪ
ਤੇ ਕਣਕ ਦੀਆਂ ਬੱਲੀਆਂ 'ਚ
ਦੁੱਧ ਉਤਰਨ ਦੀ ਸਰਸਰਾਹਟ

ਵਹਿਸ਼ਤ ਦੇ ਯੁੱਗ 'ਚ
ਮੈਂ ਜਿਸ ਪੁਸ਼ਤ ਨੂੰ ਜਣਿਆ ਹੈ
ਤੇ ਜਿਸ ਨੂੰ ਨਹੀਂ ਜਣਿਆ ਹੈ
ਸੌਂਪ ਦੇਵਾਂਗਾ
ਫ਼ੌਲ਼ਾਦ ਦੇ ਗਰਮ ਟੁੱਕੜੇ ਨਾਲ ਲੂਸੇ ਹੱਥ
ਫੁੱਟੀਆਂ ਅੱਖਾਂ
ਤੇ ਉੱਡੀਆਂ ਗਰਦਣਾਂ ਦੇ ਇਤਿਹਾਸ ਸਮੇਤ
ਛੋਟੇ ਛੋਟੇ ਭੰਵਰਾਂ ਨਾਲ
ਦਰਿਆ ਪਾਰ ਕਰਨ ਦਾ ਸੁਪਨਾ
ਛਰਾਟੇਦਾਰ ਮੀਂਹ ਵਾਂਗ
ਤੇਰੇ ਹਿੱਕ ਦੀ ਧੱਕ, ਧੱਕ -ਧੱਕ -ਧੱਕ
                      
***

ਸਫੈਦੇ

ਇਸ ਸੱਨਾਟੇ 'ਚ
ਇਹ ਜੋ ਅਵਾਜ਼ਾਂ ਬਚੀਆਂ ਨੇ
ਵੱਖ-ਵੱਖ ਸੁਰੰਗਾਂ ਥਾਣੀ ਹੁੰਦੀਆਂ
ਉਸ ਟਾਪੂ ਤੇ ਪਹੁੰਚਣਗੀਆਂ
ਜਿੱਥੇ ਡੇਢ ਸਦੀ ਪੁਰਾਣੇ
ਸਫੈਦੇ ਦੇ ਦਰੱਖਤਾਂ ਨੂੰ
ਅਜੇ ਵੀ ਡੋਡੀਆਂ ਲੱਗਦੀਆਂ ਨੇ

ਇਹਨਾਂ ਅਵਾਜ਼ਾਂ ਕੋਲ ਬਚੀ ਹੈ
ਖਾਣ ਵਿੱਚੋੰ ਨਿਕਲ਼ੇ ਕੋਲੇ ਦੀ ਤਪਸ਼
ਧਾਤ ਦੇ ਲਾਲ ਹੋਏ ਟੁਕੜੇ ਨੂੰ
ਮੋੜਨ ਤੋਂ ਪਹਿਲਾਂ
ਮੋਲਡਰ ਦੇ ਖ਼ਿਆਲ 'ਚ ਬਣਿਆ  ਉਸ ਦਾ ਬਿੰਬ
ਬੱਚਿਆ ਨੂੰ ਚਹਿਕਦਾ ਦੇਖ
ਬੀਤ ਜਾਣ ਦੀ ਉਦਾਸੀ ਨਾਲ਼ ਭਰੀ
ਪਾਰਕ ਦੀ ਜੰਗਾਲੀ ਗਰਿੱਲ

ਕਿਰਤ ਦੇ ਹਰ ਨਿੱਕੇ ਜੁਜ਼ ਨਾਲ
ਬਦਲਦੀ ਦੁਨੀਆਂ ਵਿੱਚ
ਹਰ ਅਦ੍ਰਿਸ਼ ਰਾਹ 'ਤੇ
ਸਫ਼ਰ ਕਰਨਗੀਆਂ ਇਹ ਅਵਾਜ਼ਾਂ
ਇਕ ਤੋਂ ਦੂਜੇ ਦੇ ਕੰਨਾਂ 'ਚ '
ਫੁਸਫੁਸਾਹਟ ਰਾਹੀਂ ਲੰਘਦੀਆਂ
ਕਰੋੜਾਂ ਦਿਲਾਂ 'ਚ ਜੰਮ ਜਾਣਗੀਆਂ
ਕਾਲੇ ਲਹੂ ਦੀਆਂ ਥੱਦੀਆਂ ਵਾਂਗ
ਡੂੰਘੇ ਰਹੱਸਾਂ ਸਮੇਤ

ਪਹੁੰਚਣਗੀਆਂ
ਕਰੋੜਾਂ -ਕਰੋੜ ਲੋਕਾਂ ਤੱਕ
ਹਿਮਾਲਿਆ ਦੀ ਉਤਰੀ ਬਾਹੀ ਤੋਂ
ਸਫ਼ਰ ਕਰਦੀਆਂ
ਥਾਰ ਦੀ ਰੇਤ ਚੁੰਮਦੀਆਂ

ਚੁਪਕੇ ਜਿਹੇ
ਪਿਆਰ ਤੇ ਸਾਜ਼ਿਸ਼ ਸਮੇਤ
ਡੂੰਘੇ ਹਨੇਰੇ ਅਰਥਾਂ ਦੀ
ਤਹਿ ਤੋੰ ਚੁੱਕ ਲੈਣਗੀਆਂ
ਡੇਢ ਸਦੀ ਪੁਰਾਣੇ
ਸਫੈਦਿਆਂ ਦੀ ਸਾਂ ਸਾਂ
ਫੂਕੋਯਾਮਾ
ਤੇ ਉਸ ਦੇ ਥਿੰਕ ਟੈਂਕਾਂ ਨੂੰ
ਸ਼ਿਕਸਤ ਦਿੰਦਿਆਂ

ਇਤਿਹਾਸ ਦੇ ਚੱਕਰ ਚ ਆਪਣੀ ਵਾਰੀ ਲੈਂਦੀਆਂ
ਐਲਾਨ ਕਰਨਗੀਆਂ
ਕੁੱਲ ਆਲਮ ਦੇ ਕਿਰਤੀਆਂ ਦੀ ਸਾਂਝ
ਹੁਣ ਤੱਕ ਦੇ
ਜਾਣੇ ਸਮਝੇ ਇਤਿਹਾਸ ਦਾ
ਅਮਰ ਸੱਚ।
                      

Comments

Name (required)

Leave a comment... (required)

Security Code (required)ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ