Tue, 25 July 2017
Your Visitor Number :-   1065010
SuhisaverSuhisaver Suhisaver
ਕਾਬੁਲ ਕਾਰ ਬੰਬ ਧਮ਼ਾਕੇ ਵਿੱਚ 26 ਮੌਤਾਂ; 41 ਫੱਟੜ               ਪੁਲਾੜ ਵਿਗਿਆਨੀ ਯੂ.ਆਰ. ਰਾਓ ਦਾ ਦੇਹਾਂਤ              

ਨੀਤੂ ਅਰੋੜਾ ਦੀਆਂ ਦੋ ਕਵਿਤਾਵਾਂ

Posted on:- 29-03-2017

ਜਿਸ ਭਾਸ਼ਾ ਦਾ ਕਵੀ ਛੋਟਾ ਰਹਿ ਜਾਂਦਾ ਹੈ

                       ਜਿਸ ਭਾਸ਼ਾ ਦਾ ਕਵੀ ਛੋਟਾ  ਰਹਿ ਜਾਂਦਾ ਹੈ
                       ਉੱਥੇ ਲੋਕ  
                       ਅਸਮਾਨ ਤੋਂ ਤਾਰੇ ਤੋੜਨਾ ਛੱਡ ਦਿੰਦੇ ਹਨ
                       ਚੰਦ ਮਾਮਾ ਨਹੀਂ ਰਹਿੰਦਾ
                        ਤੇ ਬੱਚੇ
                       ਸੂਰਜ ਨੂੰ ਫੁੱਟਬਾਲ ਬਣਾ
                       ਤਪਦੀਆਂ ਗਲੀਆਂ ਵਿਚ ਨਹੀਂ ਖੇਡਦੇ
                       
                       ਜਿਸ ਭਾਸ਼ਾ ਦਾ ਕਵੀ ਛੋਟਾ  ਰਹਿ ਜਾਂਦਾ ਹੈ
                        ਉੱਥੇ ਲੋਕ  
                        ਆਪਣੀ ਮੌਤ ਦੇ ਗੀਤਾਂ `ਤੇ ਨੱਚਦੇ
                         ਸਿਨੇਮਾ ਘਰਾਂ ਵਿਚ ਕਲਾ ਦੀ ਮੌਤ `ਤੇ ਤਾੜੀਆਂ ਮਾਰਦੇ
                         ਪੌਪ ਕੌਰਨ ਖਾ
                         ਪੈਪਸੀ ਪੀ ਘਰਾਂ ਨੂੰ ਪਰਤ ਆਉਂਦੇ

 ਜਿਸ ਭਾਸ਼ਾ ਦਾ ਕਵੀ ਛੋਟਾ ਰਹਿ ਜਾਂਦਾ ਹੈ
                          ਉਸ ਦੀ ਕਥਾ
                          ਬਾਜ਼ਾਰ ਵਿਚ ਨੀਲਾਮ ਹੋ ਜਾਂਦੀ ਹੈ
                          ਮਹਿਫ਼ਲਾਂ ਵਿਚ ਇਤਿਹਾਸ ਦੇ ਲਤੀਫ਼ੇ `ਤੇ ਤਾੜੀਆਂ ਵਜਦੀਆਂ
                           ਨਾਇਕ ਖਲਨਾਇਕ ਸਭ ਬਦਲ ਜਾਂਦੇ
                           ਤੇ ਬੰਦੇ ਜਿਉਂਦੇ ਪ੍ਰੇਤ ਹੋ ਜਾਂਦੇ

                         ਜਿਸ ਭਾਸ਼ਾ ਦਾ ਕਵੀ ਛੋਟਾ  ਰਹਿ ਜਾਂਦਾ ਹੈ
                        ਉਥੇ ਹਾਕਮ ਬੇਖ਼ੌਫ਼ ਹੋ ਜਾਂਦਾ
                        ਰੱਬ ਉਸਦਾ ਚੁੱਲ੍ਹਾ ਚੌਂਕਾ ਕਰਦਾ
                        ਤੇ ਲੋਕ ਦਰਵਾਜੇ ਹੀ ਨਹੀਂ
                        ਮੂੰਹ ਵੀ ਬੰਦ ਰੱਖਦੇ ਹਨ
                    
                       ਜਿਸ ਭਾਸ਼ਾ ਦਾ ਕਵੀ ਛੋਟਾ ਰਹਿ ਜਾਂਦਾ ਹੈ
                       ਉਥੇ ਹੌਸਲਾ ਵੀ ਛੋਟਾ ਰਹਿ ਜਾਂਦਾ
                        ਕਲਪਨਾ ਵੀ ਹਕੀਕਤ ਵੀ
                        ਤੇ ਬੰਦੇ ਵੀ ਵੱਡੇ ਨਹੀਂ ਰਹਿੰਦੇ
                       
                        ਜਿਸ ਭਾਸ਼ਾ ਦਾ ਕਵੀ ਛੋਟਾ ਰਹਿ ਜਾਂਦਾ ਹੈ
                       ਉਥੇ ਔਰਤਾਂ ਪਾਗ਼ਲ ਹੋ ਜਾਂਦੀਆਂ
 
***
               
                             ਸੁਪਨਸਾਜ਼
 

                  ਉਹ ਸਮਝਦੇ ਹਨ
                 ਮੈਂ ਖ਼ਤਰਨਾਕ ਔਰਤ ਹਾਂ
             ਔਰਤਾਂ ਜੋ ਸੁਰਖੀ ਨਹੀਂ ਲਾਉਂਦੀਆਂ
            ਚੂੜੀਆਂ ਨਹੀਂ ਪਾਉਂਦੀਆਂ
             ਗਹਿਣਿਆਂ ਦੀ ਥਾਂ
           ਕਿਤਾਬਾਂ ਖ਼ਰੀਦਦੀਆਂ ਹਨ
           
         ਜਿਨ੍ਹਾਂ ਦੇ ਪਰਸਾਂ ਵਿੱਚ
          ਕੰਘਾ ਸ਼ੀਸ਼ਾ ਨਹੀਂ
         ਕਾਗਜ਼ ਤੇ ਕਲਮਾਂ ਹੁੰਦੀਆਂ
         ਅਜਿਹੀਆਂ ਔਰਤਾਂ ਖ਼ਤਰਨਾਕ ਹੁੰਦੀਆਂ
       
        ਉਹ ਮੈਨੂੰ ਖ਼ਤਰਨਾਕ ਸਮਝ
         ਮੇਰਾ ਪਿੱਛਾ ਕਰਦੇ ਹਨ
         ਮੇਰੇ ਘਰ ਦਾ ਹਰ ਕੋਨਾ ਫਰੋਲਦੇ
         ਖਾਲੀ ਹੱਥ ਪਰਤ ਜਾਂਦੇ
         ਕਿਤੋਂ ਕੁਝ ਖ਼ਤਰਨਾਕ ਨਹੀਂ ਮਿਲਦਾ
         
        ਬਸ ਉਹ ਮੇਰੀਆਂ
        ਅੱਖਾਂ ਵੱਲ ਦੇਖਣਾ ਭੁੱਲ ਜਾਂਦੇ ਹਨ
        ਤੇ ਤਲਾਸ਼ੀ ਬਿਨਾਂ ਬਚੀ ਰਹਿੰਦੀ ਹੈ
       ਇਹ ਇੱਕੋ ਇਕ ਜਗ੍ਹਾ
      ਜਿੱਥੇ ਮੈਂ ਸੁਪਨੇ ਲੁਕੋ ਕੇ ਰੱਖਦੀ ਹਾਂ

Comments

Onkarpreet

"ਓਥੇ ਲੋਕ ਪਾਗਲ ਹੋ ਜਾਂਦੇ ,," ਵਧੇਰੇ ਠੀਕ / ਵਾਜਿਬ ਹੈ।

balwinder singh dhaban

ਕਮਾਲ ਦੀ ਸੋਚ ਨਾਲ ਕਮਾਲ ਦੀ ਕਵਿਤਾ ਲਿਖੀ ਗਈ ਹੈ .....ਖ਼ਯਾਲ ਕਿੰਨਾ ਵੱਡਾ ਹੈ .....ਮੈਂ ਸੋਚਦਾ ਕੇ ਏਨੀ ਸੂਝ ਐਵੇਂ ਨਹੀਂ ਆ ਜਾਂਦੀ ....ਮਾਣ ਕਰਨਾ ਬਣਦਾ ਹੈ ਕੇ ਪੰਜਾਬੀ ਸਾਹਿਤ ਖੇਤਰ ਚ ਵੀ ਏਦਾਂ ਦੀਆਂ ਕਵਿਤਰੀਆਂ ਹਨ......ਲਿਖਦੇ ਰਹੋ ....

Name (required)

Leave a comment... (required)

Security Code (required)



ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ