Fri, 19 April 2024
Your Visitor Number :-   6983362
SuhisaverSuhisaver Suhisaver

ਮੈਂ ਪੁੱਛਦਾ ਹਾਂ ਸੁਰਖ਼ ਤਵੀਆਂ ਦੇ ਸੱਚੇ ਪਾਤਸ਼ਾਹ –ਡਾ. ਅਮਰਜੀਤ ਟਾਂਡਾ

Posted on:- 02-06-2012




ਇਹ ਗੱਲ ਓਦੋਂ ਦੀ ਹੈ
ਚੁਫੇਰੇ ਚੀਕਾਂ ਦੀ ਕਿਣਮਿਣ, ਵੈਣ ਹੀ ਵੈਣ
ਘਰਾਂ ਵਿੱਚ ਖੌਫ਼ ਰਿੱਝਦੇ ਸਨ,
ਤਲਵਾਰਾਂ, ਗੋਲੀਆਂ ਤੇ ਅਸਾਲਟਾਂ ਦਾ ਪਹਿਰਾ ਸੀ
ਜਦੋਂ ਮੇਰੇ ਪਿੰਡਾਂ ਸ਼ਹਿਰਾਂ ਦੀ ਮਿੱਟੀ ਲਹੂ ਨਾਲ ਭਿੱਜ ਗਈ ਸੀ
ਕਲਮਾਂ ਤੜਫ਼ ਤੜਫ਼ ਹਵਾਵਾਂ ਨੂੰ ਕਹਿੰਦੀਆਂ ਰਹੀਆਂ
ਕਿ ਕੋਈ ਪੰਜਾਬ ਨੂੰ ਲੱਗੀ ਨਜ਼ਰ ਉਤਾਰੋ


ਕਿਸੇ ਸੋਚਿਆ ਵੀ ਨਹੀਂ ਸੀ ਕਿ
ਇਸ ਦੌਰ ਦੀ ਸੀਮਾ ਹਰਫ਼ਾਂ ਨੂੰ ਵੀ ਟੱਪ ਜਾਵੇਗੀ
ਮੱਥੇ ਦੀਆਂ ਲਕੀਰਾਂ ਤੋਂ ਪਰੇ ਜੇਹੇ ਹੋਇਆਂ ਸਾਰਾ ਕੁਝ
ਬਿਰਖਾਂ ਅਰਜ਼ਾਂ ਕੀਤੀਆਂ ਕਿ ਇਹ ਰੁੱਤ ਬਦਲ ਜਾਵੇ
ਡਾਲੀਆਂ ਦੇ ਜਿਸਮ ਤੇ ਹਰੀਆਂ ਕਰੂੰਬਲਾਂ ਖਿੜ੍ਹ ਪੈਣ
ਤੇ ਰੁੱਖਾਂ ਨੂੰ ਉਹਨਾਂ ਦੀ ਉਮਰ ਮਿਲੇ


ਇਨਸਾਨੀਅਤ ਦੇ ਸੂਰਜਾਂ, ਮਨੁੱਖਤਾ ਦੇ ਸਹਾਰਿਆਂ,
ਤੇਰੇ ਮਹਾਨ ਸ਼ਹੀਦੀ ਦਿਵਸ ’ਤੇ
ਚਰਨਾਂ ਨੂੰ ਪ੍ਰਣਾਮ ਕਰਨ ਗਏ
ਬੇਗੁਨਾਹ ਮਾਂਵਾਂ ਦੇ ਪੁੱਤ, ਮਤਾਂਵਾਂ, ਭੈਣਾਂ ਤੇ ਬਜ਼ੁਰਗ 
ਸਮੇਂ ਨੇ ਪਲਾਂ ’ਚ ਹੀ ਮੌਤ ਦੀ ਗੋਦ ’ਚ ਸੁਆ ਦਿੱਤੇ
ਮਨ ਝੰਜੋੜੇ ਗਏ, ਤਨ ਵਲੂੰਧਰੇ ਗਏ ਸਨ

ਦੁਖਾਂਤ ਨੇ ਇਨਸਾਨੀਅਤ ਨੂੰ ਮਿੱਟੀ ’ਚ ਰੋਲਿਆ
ਇਨਸਾਨੀਅਤ ਦਾ ਸ਼ਰੇਆਮ ਕਤਲ ਹੋਇਆ
ਜ਼ਾਲਮਾਂ ਨੇ ਬੱਚਿਆਂ ਦੀਆਂ ਚੀਕਾਂ ਵੀ ਨਾ ਸੁਣੀਆਂ
ਮੈਂ ਪੁੱਛਦਾ ਹਾਂ -ਸੁਰਖ਼ ਤਵੀਆਂ ਦੇ ਸੱਚੇ ਪਾਤਸ਼ਾਹ

ਦੇਗਾਂ ਨੂੰ ਠਾਰਨ ਵਾਲਿਆ,
ਓਸ ਵੇਲੇ ਮੇਰੇ ਕੋਲ ਤੇਰੇ ਤੋਂ ਵੱਡਾ ਕਿਹੜਾ ਸਹਾਰਾ ਸੀ
ਜਦੋਂ ਦਰ ਦਰ ਲਹੂ ਨਾਲ ਭਿੱਜਿਆ
ਰਾਵੀ 'ਚ ਟੁੱਬੀ ਮਾਰ ਕੇ ਛੁਪ ਜਾਣ ਵਾਲਿਆ,
ਤੇਰੇ ’ਤੇ ਬਹੁਤ ਆਸਾਂ ਸਨ

ਆਪਣੇ ਅੰਮ੍ਰਿਤਸਰ ਦਾ ਹਾਲ ਤਾਂ ਪੁੱਛ ਜਾਂਦਾ,
ਤੇਰੇ ਪੰਜਾਬ ਨਾਲ ਕੀ ਬੀਤਿਆ
ਰਾਵੀ ਝਨ੍ਹਾਂ ਦੇ ਪਾਣੀਆਂ ’ਚ ਤੂਫਾਨ ਆਏ
ਉੱਜੜੇ ਲੋਕ ਹੱਕ ਮੰਗਦੇ ਮੰਗਦੇ ਥੱਕ ਗਏ ਨੇ
ਜਲਾਵਤਨ ਹੋਏ ਬੈਠੇ ਹਾਂ ਅਸੀਂ ਆਪਣੇ ਘਰਾਂ ’ਚੋਂ
ਘਰ ਘਰ ਸੁੰਨਾ ਹੋਇਆ ਦਿਸਦਾ ਹੈ
ਗੱਭਰੂਆਂ ਦੀਆਂ ਟੋਲੀਆਂ ਜਾਂ ਤਾਂ ਰਹੀਆਂ ਨਹੀਂ
ਜਾਂ ਜੋ ਬਚੇ ਛੁਪ ਕੇ ਬਦੇਸ਼ਾਂ 'ਚ ਜਾ ਵਸੇ
ਹਾਕਮ ਦੀਆਂ ਗੋਲੀਆਂ ਤੋਂ
ਰਾਹ ਖਹਿੜੇ ਬੇਗੁਨਾਹ ਵਿੰਨ੍ਹ ਹੋ ਜਾਣ ਤੋਂ ਡਰਦੇ

ਪੰਜਾਬ ਦੀਆਂ ਛਾਂਵਾਂ ਵਰਗੀਆਂ ਮਾਂਵਾਂ ਦੇ ਹੱਥ
ਰੱਸੀਆਂ ਨਾਲ ਬੰਨ੍ਹ ਬੰਨ੍ਹ
ਕਿਸੇ ਔਰੰਗੇ ਦੇ ਸਿਪਾਹੀ ਜੋਰੋ ਜ਼ਰਬੀ ਲਈ ਜਾ ਰਹੇ ਸਨ
ਸੱਚ ’ਤੇ ਪਹਿਰਾ ਦੇਣ ਵਾਲਿਆਂ ਨੂੰ
ਬਲਦੀਆਂ ਸਲਾਖਾਂ ਨਾਲ ਤਸੀਹੇ ਦੇ ਦੇ ਛੁਪਾਇਆ ਗਿਆ

ਅਦਾਲਤ ਅੰਨ੍ਹੀ ਹੋ ਗਈ ਸੀ
ਜੰਗਲ ਰਾਜ ਸੀ - ਫਰਿਆਦ ਮਰ ਗਈ ਸੀ,
ਤਾਰੀਖ ਦੇ ਵਰਕੇ ਦੇਖ ਬੇਸਹਾਰਾ ਹੋ ਗਏ ਸਨ
ਤੂੰ ਕਹੇਂਗਾ ਮੈਂ ਕੌਣ ਹਾਂ
ਜ਼ਬਰ ਜ਼ਿਨਾਹ 'ਚ ਲਿਤਾੜੀ-ਮੈਂ ਲੋਕਾਂ ਦੀ ਹੀ ਅਵਾਜ਼ ਹਾਂ

ਈ ਮੇਲ: [email protected]

Comments

Nishan Singh Rathaur

ਬਹੁਤ ਵਧੀਆ।

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ