Fri, 19 April 2024
Your Visitor Number :-   6983295
SuhisaverSuhisaver Suhisaver

ਸੁਰਜੀਤ ਪਾਤਰ ਦੀਆਂ ਦੋ ਕਵਿਤਾਵਾਂ

Posted on:- 08-10-2012



ਮਰ ਰਹੀ ਹੈ ਮੇਰੀ ਭਾਸ਼ਾ

1
ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦ
ਮਰ ਰਹੀ ਹੈ ਮੇਰੀ ਭਾਸ਼ਾ ਵਾਕ ਵਾਕ

ਅੰਮ੍ਰਿਤ ਵੇਲਾ
ਨੂਰ ਪਹਿਰ ਦਾ  ਤੜਕਾ
ਧੰਮੀ ਵੇਲਾ
ਪਹੁ-ਫੁਟਾਲਾ
ਛਾਹ ਵੇਲਾ
ਸੂਰਜ ਸਵਾ ਨੇਜ਼ੇ
ਟਿਕੀ ਦੁਪਹਿਰ
ਲਉਢਾ ਵੇਲਾ
ਡੀਗਰ ਵੇਲਾ
ਲੋਏ ਲੋਏ
ਸੂਰਜ ਖੜੇ ਖੜੇ
ਤਰਕਾਲਾਂ
ਡੂੰਘੀਆਂ ਸ਼ਾਮਾਂ
ਦੀਵਾ ਵੱਟੀ
ਖਉਪੀਆ
ਕੌੜਾ ਸੋਤਾ
ਢੱਲਦੀਆਂ ਖਿੱਤੀਆਂ
ਤਾਰੇ ਦਾ ਚੜ੍ਹਾਅ
ਚਿੜੀ ਚੂਕਦੀ ਨਾਲ
ਸਾਝਰਾ ,ਸੁਵਖ਼ਤਾ ,ਸਰਘੀ ਵੇਲਾ
ਘੜੀਆਂ ,ਪਹਿਰ,ਬਿੰਦ ,ਪਲ,ਛਿਣ ,ਨਿਮਖ ਵਿਚਾਰੇ
ਮਾਰੇ ਗਏ ਇਕੱਲੇ ਟਾਈਮ ਹੱਥੋਂ ਇਹ ਸ਼ਬਦ ਸਾਰੇ
ਸ਼ਾਇਦ ਇਸ ਲਈ
ਕਿ ਟਾਈਮ ਕੋਲ ਟਾਈਮ-ਪੀਸ ਸੀ



ਹਰਹਟ ਕੀ ਮਾਲਾ ,ਚੰਨੇ ਦਾ ਉਹਲਾ ,ਗਾਟੀ ਦੇ ਹੂਟੇ
ਕਾਂਜਣ ,ਨਿਸਾਰ ,ਔਲੂ
ਚੱਕਲੀਆਂ ,ਬੂੜੇ ,ਭਰ ਭਰ ਡੁੱਲ੍ਹ ਦੀਆਂ ਟਿੰਡਾਂ
ਇਹਨਾਂ ਸਭਨਾਂ ਨੇ ਤਾਂ ਰੁੜ੍ਹ ਹੀ ਜਾਣਾ ਸੀ
ਟਿਊਬ-ਵੈੱਲ ਦੀ ਧਾਰ ਵਿਚ
ਮੈਨੂੰ ਕੋਈ ਹੈਰਾਨੀ ਨਹੀਂ

ਹੈਰਾਨੀ ਤਾਂ ਇਹ ਹੈ ਕਿ
ਅੰਮੀ ਤੇ ਅੱਬਾ ਵੀ ਨਹੀਂ ਰਹੇ
ਬੀਜੀ ਤੇ ਭਾਪਾ ਜੀ ਵੀ ਤੁਰ ਗਏ
ਦਦੇਸਾਂ ਫਫੇਸਾਂ ਮਮੇਸਾਂ ਦੀ ਗੱਲ ਹੀ ਛੱਡੋ
ਕਿੰਨੇ ਰਿਸ਼ਤੇ
ਸਿਰਫ਼ ਆਂਟੀ ਤੇ ਅੰਕਲ ਨੇ ਕਰ ਦਿੱਤੇ ਹਾਲੋਂ ਬੇਹਾਲ
ਤੇ ਕੱਲ੍ਹ ਕਹਿ ਰਿਹਾ ਸੀ ਪੰਜਾਬ ਦੇ ਵਿਹੜੇ ਵਿਚ ਇਕ ਛੋਟਾ ਜਿਹਾ ਬਾਲ
ਪਾਪਾ ਆਪਣੇ ਟ੍ਰੀ ਦੇ ਸਾਰੇ ਲੀਵਜ਼ ਕਰ ਰਹੇ ਨੇ ਫ਼ਾਲ

ਹਾਂ ਬੇਟਾ ,ਆਪਣੇ ਟ੍ਰੀ ਦੇ ਸਾਰੇ ਲੀਵਜ਼ ਕਰ ਰਹੇ ਨੇ ਫ਼ਾਲ
ਮਰ ਰਹੀ ਹੈ ਅਪਣੀ ਭਾਸ਼ਾ ਪੱਤਾ ਪੱਤਾ ਸ਼ਬਦ ਸ਼ਬਦ
ਹੁਣ ਤਾਂ ਰੱਬ ਹੀ ਰਾਖਾ ਹੈ
ਮੇਰੀ ਭਾਸ਼ਾ ਦਾ

ਰੱਬ ?

ਰੱਬ ਤਾਂ ਆਪ ਪਿਆ ਹੈ ਮਰਨਹਾਰ
ਦੌੜੀ ਜਾ ਰਹੀ ਹੈ ਉਸ ਨੂੰ ਛੱਡ ਕੇ
ਉਸ ਦੀ ਭੁੱਖੀ ਸੰਤਾਨ
ਗੌਡ ਦੀ ਪਨਾਹ ਵਿਚ

ਮਰ ਰਹੀ ਹੈ ਮੇਰੀ ਭਾਸ਼ਾ
ਮਰ ਰਹੀ ਹੈ ਬਾਈ ਗੌਡ

2

ਮਰ ਰਹੀ ਹੈ ਮੇਰੀ ਭਾਸ਼ਾ
ਕਿਉਂਕਿ ਜੀਉਂਦੇ ਰਹਿਣੇ ਚਾਹੁੰਦੇ ਨੇ
ਮੇਰੀ ਭਾਸ਼ਾ ਦੇ ਲੋਕ

ਜੀਉਂਦੇ ਰਹਿਣਾ ਚਾਹੁੰਦੇ ਨੇ
ਮੇਰੀ ਭਾਸ਼ਾ ਦੇ ਲੋਕ
ਇਸ ਸ਼ਰਤ ਤੇ ਵੀ
ਕਿ ਮਰਦੀ ਏ ਤਾਂ ਮਰ ਜਾਏ ਭਾਸ਼ਾ

ਕੀ ਬੰਦੇ ਦਾ ਜਿਉਂਦੇ ਰਹਿਣਾ
ਜ਼ਿਆਦਾ ਜ਼ਰੂਰੀ ਹੈ
ਕਿ ਭਾਸ਼ਾ ਦਾ ?

ਹਾਂ ਜਾਣਦਾ ਹਾਂ
ਤੁਸੀਂ ਕਹੋਗੇ
ਇਸ ਸ਼ਰਤ ਤੇ ਜੋ ਬੰਦਾ ਜਿਉਂਦਾ ਰਹੇਗਾ
ਉਹ ਜਿਉਂਦਾ ਤਾਂ ਰਹੇਗਾ
ਪਰ ਕੀ ਉਹ ਬੰਦਾ ਰਹੇਗਾ ?

ਤੁਸੀਂ ਮੈਨੂੰ ਜਜ਼ਬਾਤੀ ਕਰਨ ਦੀ ਕੋਸ਼ਿਸ਼ ਨਾ ਕਰੋ
ਤੁਸੀਂ ਆਪ ਹੀ ਦੱਸੋ
ਹੁਣ ਜਦੋਂ
ਦਾਣੇ ਦਾਣੇ ਉੱਪਰ
ਖਾਣ ਵਾਲੇ ਦਾ ਨਾਮ ਵੀ
ਤੁਹਾਡਾ ਰੱਬ ਅੰਗਰੇਜ਼ੀ ਵਿਚ ਹੀ ਲਿਖਦਾ ਹੈ
ਤਾਂ ਕੌਣ ਬੇਰਹਿਮ ਮਾਂ ਬਾਪ ਚਾਹੇਗਾ
ਕਿ ਉਸ ਦੇ ਬੱਚੇ
ਡੁੱਬ ਰਹੀ ਭਾਸ਼ਾ ਦੇ ਜਹਾਜ਼ ਵਿਚ ਬੈਠੇ ਰਹਿਣ ?

ਜੀਉਂਦਾ ਰਹੇ ਮੇਰਾ ਬੱਚਾ
ਮਰਦੀ ਏ ਤਾਂ ਮਰ ਜਾਏ
ਤੁਹਾਡੀ ਬੁੱਢੜੀ ਭਾਸ਼ਾ

3

ਨਹੀਂ ਇਸਤਰਾਂ ਨਹੀਂ ਮਰੇਗੀ ਮੇਰੀ ਭਾਸ਼ਾ
ਇਸ ਤਰ੍ਹਾਂ ਨਹੀਂ ਮਰਦੀ ਹੁੰਦੀ ਭਾਸ਼ਾ
ਕੁਝ ਕੁ ਸ਼ਬਦਾਂ ਦੇ ਮਰਨ ਨਾਲ ਨਹੀਂ ਮਰਦੀ ਹੁੰਦੀ ਭਾਸ਼ਾ

ਤੇ ਸ਼ਬਦ ਕਦੀ ਮਰਦੇ ਵੀ ਨਹੀਂ
ਮਰ ਵੀ ਜਾਣ ਤਾਂ
ਆਉਦੇ ਜਾਂਦੇ ਰਹਿੰਦੇ ਨੇ ਲੋਕ ਪਰਲੋਕ ਵਿਚ
ਬੰਦਿਆਂ ਦੇ ਪਰਲੋਕ ਤੋਂ ਵੱਖਰਾ ਹੁੰਦਾ ਹੈ
ਸ਼ਬਦਾਂ ਦਾ ਪਰਲੋਕ
ਅਸੀ ਵੀ ਜਾ ਸਕਦੇ ਹਾਂ
ਜਿਊਦੇ ਜਾਗਦੇ
ਸ਼ਬਦਾਂ ਦੇ ਪਰਲੋਕ ਵਿਚ
ਓਥੇ ਉਨ੍ਹਾਂ ਦੇ ਪਰਵਾਰ ਵਸੇ ਹੁੰਦੇ ਹਨ
ਮੇਲੇ ਲੱਗੇ ਹੁੰਦੇ ਹਨ ਓਥੇ ਸ਼ਬਦਾਂ ਦੇ
ਮਰ ਚੁੱਕੇ ਲੇਖਕਾਂ ਦੀਆਂ ਜੀਊਦੀਆਂ ਕਿਤਾਬਾਂ ਵਿਚ

ਰੱਬ ਨਹੀਂ ਤਾਂ ਨਾ ਸਹੀ
ਸਤਿਗੁਰ ਇਸ ਦੇ ਸਹਾਈ ਹੋਣਗੇ
ਇਸ ਨੂੰ ਬਚਾਉਣਗੇ
ਸੂਫ਼ੀ ,ਸੰਤ ,ਫ਼ਕੀਰ
ਸ਼ਾਇਰ
ਨਾਬਰ
ਆਸ਼ਕ
ਯੋਧੇ
ਮੇਰੇ ਲੋਕ
ਅਸੀਂ
ਆਪਾਂ

ਸਾਡੇ ਸਭਨਾਂ  ਦੇ ਮਰਨ ਬਾਅਦ ਹੀ ਮਰੇਗੀ
ਸਾਡੀ ਭਾਸ਼ਾ

ਇਹ ਵੀ ਹੋ ਸਕਦਾ
ਕਿ ਇਸ ਮਾਰਨਹਾਰ ਮਾਹੌਲ ਵਿਚ ਘਿਰ ਕੇ
ਮਾਰਨਹਾਰਾਂ ਦਾ ਟਾਕਰਾ ਕਰਨ ਲਈ

ਹੋਰ ਵੀ ਜਿਉਣਜੋਗੀ
ਹੋਰ ਵੀ ਜੀਵੰਤ ਹੋ ਉੱਠੇ ਮੇਰੀ ਭਾਸ਼ਾ ।

***

ਸ਼ਬਦਕੋਸ਼ ਦੇ ਬੂਹੇ ’ਤੇ

ਮਾੜਕੂ ਜਿਹਾ ਕਵੀ
ਟੰਗ ਅੜਾ ਕੇ ਬਹਿ ਗਿਆ
ਸ਼ਬਦਕੋਸ਼ ਦੇ ਬੂਹੇ ’ਤੇ
ਅਖੇ ਮੈਂ ਨਹੀਂ ਆਉਣ ਦੇਣੇ
ਏਨੇ ਅੰਗਰੇਜ਼ੀ ਸ਼ਬਦ
ਪੰਜਾਬੀ ਸ਼ਬਦਕੋਸ਼ ਵਿੱਚ

ਓਏ ਆਉਣ ਦੇ ਕਵੀਆ ,ਆਉਣ ਦੇ
ਅੰਦਰੋਂ ਭਾਸ਼ਾ ਵਿਗਿਆਨੀ ਬੋਲਿਆ
ਨਾ ਆਉਣ ਦੇਈ ਆਪਣੀ ਕਵਿਤਾ ਵਿੱਚ
ਡਿਕਸ਼ਨਰੀ ਵਿੱਚ ਤਾਂ ਆਉਣ ਦੇ
ਅੱਗੇ ਨਹੀਂ ਆਈ ਲਾਲਟੈਣ
ਰੇਲ ,ਟਾਈਮਪੀਸ ,ਰੇਡੀਓ ,ਕਲਾਕ
ਐਕਸ-ਰੇ ,ਟੀ ਵੀ ਵੀਡੀਓ ,ਟੈਸਟ ਟਿਊਬ
ਇਹ ਸਭ ਤਾਂ ਤੇਰੀ ਕਵਿਤਾ ਵਿੱਚ ਵੀ ਆ ਗਏ

ਹਜ਼ੂਰ ਇਹ ਕੋਈ ਲਫ਼ਜ਼ ਥੋੜ੍ਹੀ ਨੇ
ਇਹ ਤਾਂ ਚੀਜ਼ਾਂ ਨੇ
ਚੀਜ਼ਾਂ ਨੂੰ ਮੈਂ ਹੁਣ ਕਿਹੜਾ ਰੋਕਦਾਂ
ਜੰਮ ਜੰਮ ਆਉਣ ਇਨਕੂਵੇਟਰ ,ਇਨਹੇਲਰ ,ਅਕੁਏਰੀਅਮ
ਇਨਵਰਟਰ ,ਡਿਸ਼ ,ਸੀ ਡੀ
ਵੀ ਸੀ ਡੀ
ਡੀ ਵੀ ਡੀ
ਜੰਮ ਜੰਮ ਆਉਣ
ਅਪਣੇ ਪਿਤਾਵਾਂ
ਮਾਤਾਵਾਂ
ਨਿਰਮਾਤਾਵਾਂ ਦੇ ਰੱਖੇ ਹੋਏ ਨਾਵਾਂ ਸਮੇਤ

ਤੇ ਮੈਂ ਉਨ੍ਹਾਂ ਵਿੱਚੋਂ ਨਹੀਂ
ਜਿਹੜੇ
ਬੀਅਰ ਨੂੰ ਯਵਿਰਾ
ਰੰਮ ਨੂੰ ਫਣਿਰਾ
ਤੇ ਵਾਈਨ ਨੂੰ ਦਕਸ਼ਿਰਾ ਕਹਿਣ ਦੀ ਸਲਾਹ ਦਿੰਦੇ ਨੇ

ਪਰ ਜਦੋਂ ਤੁਸੀਂ
ਸੂਚਨਾ ਦੇ ਹੁੰਦਿਆਂ ਇਨਫ਼ਰਮੇਸ਼ਨ ਨਾਲ
ਇਕਰਾਰਨਾਮੇ ਦੇ ਹੁੰਦਿਆਂ ਐਗਰੀਮੈਟ ਨਾਲ
ਅਸਰ ਤੇ ਪ੍ਰਭਾਵ ਦੇ ਹੁੰਦਿਆਂ ਇਫ਼ੈਕਟ ਨਾਲ
ਸਤਹ ਦੇ ਹੁੰਦਿਆਂ ਸਰਫ਼ੇਸ ਨਾਲ
ਅੱਖ ਮਟੱਕਾ ਕਰਦੇ ਓ
ਤਾਂ ਮੈਨੂੰ ਬੁਰਾ ਲੱਗਦਾ

ਛੜਿਆਂ ਲਈ ਲੈ ਆਵੋ ਮੇਮਾਂ
ਭਾਂਵੇਂ ਕੁਦੇਸਣਾਂ
ਪਰ ਵਿਆਹਿਆਂ ਵਰਿਆਂ ਦੇ ਘਰੀਂ
ਸੌਕਣਾਂ ਕਿਉਂ ਵਾੜਦੇ ਓ ?
ਵਸਦੇ ਰਸਦੇ ਘਰ ਕਿਉਂ ਉਜਾੜਦੇ ਓਂ

ਓਏ ਕਵੀਆ ਕਮਲਿਆ
ਅਸੀ ਕੋਈ ਵਿਚੋਲੇ ਨਹੀਂ
ਅਸੀਂ ਸਿਰਫ਼ ਗਿਣਤੀ ਕਰਦੇ ਆਂ
ਕਿ ਲੋਕ ਕਿਸੇ ਲਫ਼ਜ਼ ਨੂੰ
ਕਿੰਨੀ ਵਾਰੀ ਲਿਖਦੇ ਪੜ੍ਹਦੇ ਬੋਲਦੇ ਨੇ
ਏਸੇ ਆਧਾਰ ’ਤੇ ਅਸੀਂ ਕਿਸੇ ਲਫ਼ਜ਼ ਨੂੰ
ਡਿਕਸ਼ਨਰੀ ਵਿੱਚ ਥਾਂ ਦੇਣ ਦਾ ਫ਼ੈਸਲਾ ਕਰਦੇ ਹਾਂ
ਇਹ ਨੂੰ ਫ਼੍ਰੀਕਿਊਸੀ ਕਹਿੰਦੇ ਨੇ
ਤੂੰ ਇਹ ਨੂੰ ਵਾਰਵਾਰਤਾ ਕਹਿ
ਜਾਂ ਕੋਈ ਹੋਰ ਲਫ਼ਜ਼ ਘੜ

ਤੇ ਜਾਹ
ਜਾ ਕੇ ਅਖ਼ਬਾਰਾਂ ਪੜ੍ਹ
ਲੋਕਾਂ ਦੇ ਮੂੰਹ ਫੜ
ਸਾਡੇ ਨਾਲ ਲੜਨ ਦੀ ਥਾਂ
ਉਹਨਾਂ ਨਾਲ ਲੜ
ਜਿਹੜੇ ਆਭੂ ,ਖਿੱਲਾਂ ਤੇ ਰੋੜ ਚੱਬਣ ਦੀ ਥਾਂ
ਪੌਪਕੌਰਨ  ਖਾਣੇ ਪਸੰਦ ਕਰਦੇ ਨੇ

ਤੇ ਅਹੁ ਦੇਖ ਆਲੂ
ਸੜਕਾਂ ਤੇ ਰੁਲੇ ਫਿਰਦੇ ਨੇ
ਤੇ ਪਟੈਟੋ ਚਿਪਸ
ਕਾਰਾਂ ’ਤੇ ਚੜ੍ਹੇ ਫਿਰਦੇ ਨੇ

ਤਾਂ ਜਾ ਕੇ ਕਵੀ ਨੂੰ ਗੱਲ ਸਮਝ ਆਈ
ਕਿ ਕਿੱਥੇ ਅਸਲ ਵਿੱਚ ਭਾਸ਼ਾ
ਲੜ ਰਹੀ ਹੈ
ਜ਼ਿੰਦਗੀ ਤੇ ਮੌਤ ਦੀ ਲੜਾਈ

ਉਹਨੇ ਸ਼ਬਦਕੋਸ਼ ਦੇ ਬੂਹੇ ਤੋਂ
ਆਪਣੀ ਟੰਗ ਪਾਸੇ ਹਟਾਈ
ਤੇ ਲਫ਼ਜ਼ਾਂ ਨੂੰ ਕਹਿਣ ਲੱਗਾ :
ਲੰਘ ਅਓ ਭਾਈ
ਜਿਹੜੇ ਜਿਹੜੇ ਕਰਦੇ ਆ ਕੁਆਲੀਫ਼ਾਈ

ਕਵੀ ਨੂੰ ਸਮਝ ਆਈ
ਕਿ ਭਾਸ਼ਾ ਨੂੰ ਭਾਸ਼ਾ ਵਿਗਿਆਨੀ ਨਹੀਂ
ਉਹ ਲੋਕ ਬਣਾਉਂਦੇ ਨੇ
ਜਿਹੜੇ ਜੂਝਦੇ ਨੇ
ਖੇਤਾਂ ਵਿੱਚ
ਕਾਰਖਾਨਿਆਂ ਵਿੱਚ
ਵਰਕਸ਼ਾਪਾਂ ਵਿੱਚ
ਆਪਣੇ ਮਨਾਂ ਵਿੱਚ
ਆਤਮਾਵਾਂ ਵਿੱਚ

ਤੇ ਸਿਰਫ਼ ਭਾਸ਼ਾ ਨੂੰ ਬਚਾਇਆਂ
ਨਹੀਂ ਬਚਦੀ ਕੋਈ ਭਾਸ਼ਾ
ਭਾਸ਼ਾ ਬਚਦੀ ਹੈ ਸਦਾ
ਕਿਸੇ ਮਹਾਨ ਖ਼ਿਆਲ
ਮਹਾਂ ਕਰੁਣਾ
ਕਿਸੇ ਮਹਾਂ ਲਹਿਰ ਦਾ
ਸਰਗੁਣ ਸਰੂਪ ਬਣ ਕੇ

ਕਵੀ ਨੂੰ ਯਾਦ ਆਏ ਉਹ ਲੋਕ
ਜਿਨ੍ਹਾਂ ਨੇ ਬੁਰੇ ਵਕਤਾਂ ਵਿੱਚ
ਮੱਕੀ ਨੂੰ ਬਸੰਤ ਕੌਰ
ਗਾਜਰਾਂ ਨੂੰ ਗੁਬਿੰਦੀਆਂ
ਬਹਾਰੀ ਨੂੰ ਸੁੰਦਰੀ
ਤਲਾਈ ਨੂੰ ਸੁਖਦੇਈ
ਹਾਂਡੀ ਨੂੰ ਜਗਨਨਾਥੀ
ਬਿੱਲੀ ਨੂੰ ਮਲਕਾ
ਸ਼ਾਮ ਨੂੰ ਅੰਜਨੀ
ਰਾਤ ਨੂੰ ਕਾਲੀ ਦੇਵੀ
ਨੀਂਦ ਨੂੰ ਧਰਮ ਰਾਜ ਦੀ ਧੀ
ਤੇ ਠੰਢੀ ਹਵਾ ਦੀ ਰੁਮਕਣੀ ਨੂੰ ਇੰਦ੍ਰਾਣੀ ਦੇਵੀ ਦੀਆਂ ਜੱਫੀਆਂ
ਕਹਿ ਕੇ ਹੱਸ ਹਸਾ ਲਿਆ
ਆਪਣਾ ਜਹਾਨ ਰੰਗਲਾ ਬਣਾ ਲਿਆ
ਤੇ ਬੁਰੇ ਵਕਤਾਂ ਨੂੰ ਭਲਾ ਬਣਾ ਲਿਆ

ਉਹ ਜਿਹੜੇ ਜੁੱਤੀ ਨੂੰ ਅਥੱਕ ਸਵਾਰੀ
ਤਾਪ ਨੂੰ ਧਰਮ ਰਾਜ ਦਾ ਪੁੱਤ
ਚਿਣੀ ਹੋਈ ਚਿਖ਼ਾ ਨੂੰ ਕਾਠਗੜ੍ਹ
ਰੋਣ ਪਿੱਟਣ ਨੂੰ ਮਾਰੂ ਰਾਗ
ਟੁੱਟੀ ਛੰਨ ਨੂੰ ਸ਼ੀਸ਼ ਮਹਿਲ
ਝਾੜੂ ਬਰਦਾਰ ਨੂੰ ਸੂਬੇਦਾਰ
ਟਾਕੀਆਂ ਵਾਲੀ ਗੋਦੜੀ ਨੂੰ ਹਜ਼ਾਰ-ਮੇਖੀ
ਨੋਟਾਂ ਨੂੰ ਛਿੱਲੜ
ਸਿੱਕਿਆਂ ਨੂੰ ਠੀਕਰੇ
ਤੇ ਗਜਾ ਕਰਨ ਨੂੰ ਮਾਮਲਾ ਉਗਰਾਹੁਣਾ ਕਹਿ ਕੇ
ਸ਼ਹਿਨਸ਼ਾਹ ਬਣ ਬਹਿੰਦੇ
ਤੇ ਸਦਾ ਚੜ੍ਹਦੀ ਕਲਾ ਵਿਚ ਰਹਿੰਦੇ

ਉਹ ਜਿਹੜੇ ਬੋਲ਼ੇ ਨੂੰ ਚੁਬਾਰੇ ਚੜ੍ਹਿਆ
ਰੇਲ ਨੂੰ ਭੂਤਨੀ
ਮੱਛੀ ਨੂੰ ਜਲਤੋਰੀ
ਬੈਗਣ ਨੂੰ ਇਕ-ਟੰਗਾ ਬਟੇਰਾ
ਵੜੇਵੇਂ ਨੂੰ ਕੱਪੜਬੀਜ
ਕਹੀ ਨੂੰ ਪਤਾਲ-ਮੋਚਨੀ
ਛਾਨਣੀ ਨੂੰ ਸੁਜਾਖੀ
ਛੱਜ ਨੂੰ ਗੁਣਗ੍ਰਾਹੀ
ਮਿਰਚ ਨੂੰ ਲੜਾਕੀ
ਹੁੱਕਾ-ਪੀਣੇ ਨੂੰ ਗਧੀ-ਚੁੰਘ
ਭੰਗ ਛਾਨਣ ਵਾਲੇ ਰੁਮਾਲ ਦੀਆਂ ਕੰਨੀਆਂ ਨੂੰ
                  
ਸ਼ੇਰ ਦੇ ਕੰਨ
ਚੁੱਲ੍ਹੇ ਦੀਆਂ ਬਲਦੀਆਂ ਲੱਕੜਾਂ ਨੂੰ ਮਸ਼ਾਲਾਂ ਕਹਿ ਕੇ
ਆਪਣੀ ਕਵਿਤਾ ਦਾ ਜਹਾਨ ਰੁਸ਼ਨਾ ਲੈਂਦੇ

ਜਿਨ੍ਹਾਂ ਨੇ
ਗੰਨੇ ਨੂੰ ਬ੍ਰਹਮਰਸ
ਹਲਦੀ ਨੂੰ ਕੇਸਰ
ਗੰਢੇ ਨੂੰ ਰੁੱਪਾ ਆਖ ਕੇ
ਰੁੱਖੇ ਸੁੱਖੇ ਨੂੰ ਅੰਤਾਂ ਦਾ ਸੁਆਦ ਬਣਾ ਕੇ ਖਾ ਲਿਆ

ਕੜਕਦੀਆਂ ਧੁੱਪਾਂ ਵਿੱਚ
ਰੁੱਖ ਨੂੰ ਸਬਜ਼ ਮੰਦਰ ਬਣਾ ਲਿਆ

ਤੇ ਜਿਹੜੇ ਸ਼ਬਦਾਂ ਦੀ ਛਾਂਵੇਂ
ਦੁੱਖ ਦੇ ਥਲਾਂ ਨੂੰ
ਹੱਸ ਕੇ ਪਾਰ ਕਰ ਗਏ

ਉਹ ਹਸਮੁਖ ਹਾਜ਼ਰ-ਜਵਾਬ
ਹੌਸਲੇ ਵਾਲੇ ਕਲਾਧਾਰੀ
ਬੜੇ ਕਰਾਮਾਤੀ ਲੋਕ ਸਨ

ਉਨ੍ਹਾਂ ਦੀ ਟਕਸਾਲ ਸ਼ਬਦ ਕੀ ਘੜਦੀ
ਨਵੇਂ ਬੰਦੇ ਘੜਦੀ
ਨਵੇਂ ਲੋਕ ਪਰਲੋਕ ਸਿਰਜਦੀ

ਉਨ੍ਹਾਂ ਦੇ ਮੂੰਹੋਂ
ਅਪਣਾ ਨਾਮ ਸੁਣ ਕੇ
ਚੀਜ਼ਾਂ ਹੱਸ ਪੈਂਦੀਆਂ

ਪੈਰਾਂ ਦੀ ਧੂੜ ਬਣਾ ਲਈਆਂ ਜਿਨ੍ਹਾਂ ਨੇ ਸਲਤਨਤਾਂ
ਕਉਡੀਆਂ ਕਰ ਦਿੱਤੇ ਮੋਤੀਆਂ ਜੜੇ ਤਾਜ
ਤਖ਼ਤੇ ਤਾਊਸ ਸੁਆਹ
ਤੇ ਕੱਖੋਂ ਹੌਲੇ ਕਰ ਦਿੱਤੇ
ਜਿਨ੍ਹਾਂ ਨੇ ਆਲਮਗੀਰ ਸ਼ਹਿਨਸ਼ਾਹ
ਕਹਿ ਕੇ ਅਪਣੇ ਗੁਰੂ ਨੂੰ ਸੱਚਾ ਪਾਤਸ਼ਾਹ

ਕਵੀ ਨੂੰ ਯਾਦ ਆਇਆ ਮਹਾਂ ਕਵੀ
ਜਿਸ ਨੇ ਇੱਕ ਨਦਰ ਪਾ ਕੇ
ਆਰਤੀ ਦੇ ਥਾਲ ਨੂੰ ਬ੍ਰਹਿਮੰਡ ਤੱਕ ਫ਼ੈਲਾ ਦਿੱਤਾ

ਕਵੀ ਨੂੰ ਯਾਦ ਆਏ
ਅਭਿਧਾ
ਲਕਸ਼ਣਾ
ਵਿਅੰਜਨਾਂ
ਸਫ਼ੋਟ ਤੇ ਨੌਂ ਰਸ
ਜਿਹੜੇ ਸ਼ਾਨ ਨਾਲ ਜਾਂਦੇ ਨੇ
ਦੇਸ ਬਿਦੇਸ ਦੇ ਸੈਮੀਨਾਰਾਂ ਵਿਚ
ਅਪਣੀ ਭਾਸ਼ਾ ਬੋਲਦੇ

ਕਵੀ ਨੂੰ ਯਾਦ ਆਇਆ ਨਾਅਰਾ :
ਮਾਂ-ਬੋਲੀ ਜੇ ਭੁੱਲ ਜਾਓਗੇ
ਕੱਖਾਂ ਵਾਂਗੂੰ ਰੁਲ ਜਾਓਗੇ
ਨਾਲ ਹੀ ਯਾਦ ਆਏ ਉਹ ਲੋਕ
ਜੋ ਮਾਂ-ਬੋਲੀ ਤਾਂ ਨਹੀ ਭੁੱਲੇ
ਫਿਰ ਵੀ ਕੱਖਾਂ ਵਾਂਗੂੰ ਰੁਲ ਰਹੇ ਹਨ

ਕਵੀ ਉਠ ਕੇ ਚਲਾ ਗਿਆ
ਸ਼ਬਦਕੋਸ਼ ਦੇ ਬੂਹੇ ਤੋਂ ਸੋਚਦਾ
ਕਿ ਜੇ ਕੱਖਾਂ ਵਾਂਗ ਰੁਲਦਿਆਂ ਨੂੰ
ਦੇ ਸਕੀਏ ਕੋਈ ਮਹਾਨ ਖ਼ਾਬ
          
ਖ਼ਿਆਲ          
ਲਹਿਰ
ਜੇ ਦੇ ਸਕੀਏ
ਨਿਮਾਣਿਆਂ ਨੂੰ ਮਾਣ
ਨਿਤਾਣਿਆਂ ਨੂੰ ਤਾਣ
ਨਿਓਟਿਆਂ ਨੂੰ ਓਟ
ਨਿਆਸਰਿਆਂ ਨੂੰ ਆਸਰਾ
ਤਾਂ ਸ਼ਾਇਦ ਮਾਂ-ਬੋਲੀ ਬਚ ਜਾਵੇ
ਕੱਖਾਂ ਵਾਂਗ ਰੁਲਦੇ ਅਪਣੇ ਜਾਇਆਂ ਦੇ ਸਹਾਰੇ

ਜੇ ਨੀਚਾਂ ਨੂੰ ਸੰਭਾਲ ਲਈਏ
ਤਾਂ ਖ਼ਬਰੇ ਹੋ ਹੀ ਜਾਵਦਦੇ
ਨਦਰ ਦੀ ਬਖ਼ਸ਼ੀਸ਼

ਥੀ ਜਾਣ
ਤਨ
ਮਨ
ਤੇ ਸ਼ਬਦ ਹਰੇ

Comments

Nikki

Wah Ji Sachmuch bahut hi sohnian kavitavan

Jasbir Dhiman

Patter jee dean dowen kavitawan bohut vadhia han kise sute nu jagaaunwalian

Surjit Virk

Workshop punjabi da lafaz kiven hoiaa?

Hari Krishan Mayer

khubsurt nazama

Neet Pannu

CA vich suna ke gai si Patar ji eh Nazma...te srote nihaal ho gai san.

Dharminder Sekhon

ਪਾਤਰ ਸਾਹਬ ਦੀ ਕਵਿਤਾ ' ਸ਼ਬਦਕੋਸ਼ ਦੇ ਬੂਹੇ 'ਤੇ ' ਪਹਿਲਾਂ ਵੀ ਪੜੀ ਆ... ਅੱਜ ਬਾਕੀ ਕਵਿਤਾਵਾਂ ਵੀ ਪੜੀਆਂ.. ਅਨੰਦ ਆ ਗਿਆ.... ਪਾਤਰ ਸਾਹਬ ਸਾਡੇ ਇਸ ਯੁੱਗ ਦੇ ਮਹਾਨ ਕਵੀ ਨੇ... ਨਵੇਂ ਨਵੇਂ ਮੁਹਾਵਰੇ ਸਿਰਜਦੀ ਹੈ ਉਹਨਾਂ ਦਾ ਕਾਵਿ.... ਸੂਹੀ ਸਵੇਰ ਤੇ ਇਹ ਸਭ ਪੜਣ ਨੂੰ ਮਿਲਿਆ.... ਦਿਲ ਖੁਸ਼ ਹੋ ਗਿਆ... ਲੱਗੇ ਰਹੋ ਵੀਰ...

Malkeet Singh

By arranging the words ,Pattar sahib do wonders.God bliss him for more meaningful / powerful writing .

jugtar singh bhai rupa

ਪਾਤਰ ਸਾਬ ਜਿਹੇ ਮਹਾਨ ਲੋਕ ਹੀ ਪੰਜਾਬੀ ਮਾਂ ਬੋਲੀ ਦੀ ਰਾਖੀ ਕਰਨ ਵਾਲੀ ਫੌਜ ਦੀ ਕਮਾਡ ਤੇ ਸਿਰਜਨਾ ਕਰ ਸਕਦੇ ਹ

harpreet singh

babbu maan

Balwinder Barnala

Bhasha vare Surjeet Pater ne bahut khoobsoorti nal kavita rahi bian kita.Injh lagta ke Patar Kavita nahi vartic likh rahe hon.lahiran hee itihas sirjdian han.Itihas hee kise Bhasha laee sarjmeen hae.

ਗੁਰਪ੍ਰੀਤ ਸਿੰਘ

ਬਾਕਮਾਲ ਲਿਖਤਾਂ, ਕੋਈ ਜਵਾਬ ਨਹੀਂ ਕਿੰਨਾ ਸੋਹਣੇ ਤਰੀਕੇ ਨਾਲ ਪੰਜਾਬੀ ਮਾਂ ਬੋਲੀ ਦੇ ਮਾਣ ਨੂੰ ਵਧਾਇਆ ਹੈ ਸੁਰਜੀਤ ਪਾਤਰ ਜੀ ਨੇ। ਸਾਨੂੰ ਲੋੜ ਹੈ ਅੱਜ ਪੰਜਾਬੀ ਬੋਲੀ ਨੂੰ ਆਪਣਾ ਬਣਦਾ ਮਾਣ ਦਿਵਾਉਣ ਲੲੀ ਤੇ ਕਿੱਤੇ ਦੇ ਤੌਰ ਤੇ ਪੰਜਾਬੀ ਭਾਸ਼ਾ ਨੂੰ ਵਰਤਣ ਦੀ, ਲੋਕਾਂ ਨੂੰ ਰੁਜ਼ਗਾਰ ਦੇਣ ਲੲੀ ਇਸ ਭਾਸ਼ਾ ਤੇ...

ਗੁਰਪ੍ਰੀਤ ਕੌਰ

ਕਈ ਕਹਿੰਦੇ ਨੇ ਕਿ ਪਾਤਰ ਸਾਬ੍ਹ ਮਾਂ ਬੋਲੀ ਦੀ ਹੋ ਰਹੀ ਦੁਰਦਸ਼ਾ ਬਾਰੇ ਕੁੱਝ ਬੋਲ ਕਿਉਂ ਨਹੀਂ ਰਹੇ ? ਉਹ ਇਹ ਨਹੀਂ ਜਾਣਦੇ ਕਿ ਉਹ ਆਪਣੀ ਕਵਿਤਾ ਦੇ ਜ਼ਰੀਏ ਬੋਲਦੇ ਰਹੇ ਨੇ ਤੇ ਬੋਲਦੇ ਰਹਿਣਗੇ।

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ