Wed, 24 April 2024
Your Visitor Number :-   6995774
SuhisaverSuhisaver Suhisaver

ਘਰ ਹੁੰਦਾ ਸੀ ਇੱਕ -ਡਾ. ਅਮਰਜੀਤ ਟਾਂਡਾ

Posted on:- 22-05-2016

suhisaver

ਘਰ ਹੁੰਦਾ ਸੀ ਇੱਕ
'ਕੱਠੀਆਂ ਕਰ ਰੀਝਾਂ ਡਾਉਣ ਜੋਗਾ
ਅੰਗੀਠੀਆਂ ਕਿੱਲੀਆਂ ਸਜਾਉਣ ਵਾਲਾ
ਰਸੋਈ 'ਚ ਸੂਰਜ ਪਕਾਉਣ ਵਾਲਾ
ਸੁੰਨ੍ਹਾ ਜੇਹਾ ਬੈਠਾ ਹੈ ਅੱਜਕਲ-

ਕੋਈ ਹੋਰ ਸੁੰਬਰਦਾ, ਵਿਹੜਾ
ਸ਼ਿੰਗਾਰਦਾ ਹੈ ਦੀਵਾਰਾਂ
ਪਾਣੀ ਕਦੇ ਕਦੇ ਪਾਉਂਦਾ ਹੈ ਕੋਈ
ਸਾਡੇ ਬੀਜੀ ਦੇ
ਲਾਏ ਸੁਪਨਿਆ ਨੂੰ-

ਓਦਣ ਦੇ ਫੁੱਲ ਵੀ ਕਿਹੜਾ ਹੱਸੇ ਨੇ ਕਦੇ ਨਿਮਾਣੇ-
ਮਾਂ ਦੀਆਂ ਛੁਹਾਂ
ਏਦਾਂ ਬੈਠੀਆਂ ਉਡੀਕਦੀਆਂ ਹਨ
ਜਿਵੇਂ ਹੁਣੇ ਹੀ ਬੀ ਜੀ ਨੇ ਕਿਤਿਓਂ ਆ ਜਾਣਾ ਹੋਵੇ-

ਤੇ ਆ ਕੇ ਪੁੱਛੇਗੀ-
ਨੀ ਆਹ ਹਾਲ ਕਰਨਾ ਸੀ ਘਰ ਦਾ
ਜੇ ਮੈਂ ਜਰਾ ਅਰਸ਼ ਤੇ ਚਲੀ ਗਈ ਸਾਂ
ਨਾ ਏਸ ਲਈ ਛੱਡ ਕੇ ਗਈ ਸੀ ਤੈਨੂੰ ਮੈਂ
ਕਿ ਘਰ ਦੀ ਦਸ਼ਾ ਹੀ ਵਗਾੜ ਦੇਵੇਂ-

ਘਰ ਸੋਚੇਗਾ
ਕਿ ਮੋਹ ਵੀ ਕਦੇ ਮਰਦੇ ਨੇ-
ਰੂਹਾਂ ਵੀ ਕਦੇ ਛੁਪਦੀਆਂ ਨੇ-
ਫਿਰ ਸ਼ਾਮ ਪਈ
ਪਾਪਾ ਵੀ ਆ ਜਾਣਗੇ
ਥੱਕੇ ਟੁੱਟੇ ਕੰਮ ਤੋਂ
ਸਾਈਕਲ ਰੱਖ ਨਹਾ ਧੋ ਕੇ -
ਵਲੈਤੀ ਦਾਰੂ ਦਾ ਪੈੱਗ ਪਾਉਣਗੇ
ਤੇ ਕਹਿਣਗੇ ਲਿਆਓ ਰੋਟੀ
ਕੀ ਬਣਾਇਆ ਹੈ ਅੱਜ?

ਤਾਜ਼ੇ ਤੜਕੇ ਸਾਗ ਚ
ਤਰਦੇ ਘਿਓ ਦੀ ਲਜ਼ਤ ਵੰਡੇਗੀ ਖੁਸ਼ਬੂਆਂ-
ਅੰਬ ਦੇ ਅਚਾਰ ਤੇ ਮੂਲੀ ਗਾਜ਼ਰ ਮਿਰਚ ਟਮਾਟਰ
ਨਾਲ ਮਹਿਕੇਗਾ ਚੌਂਕਾ-

ਵਿਹੜਾ ਫਿਰ ਨੱਚੇਗਾ ਗਾਏਗਾ
ਨਿੱਕੇ ਆਉਣਗੇ ਪੜ੍ਹ ਕੇ
ਪੱਠਿਆਂ ਦਾ ਕੰਮ ਕਾਰ ਮੁਕਾ
ਰੋਟੀ ਤੋਂ ਵਿਹਲੇ ਹੋ-
ਕੱਢਣਗੇ ਅਲਜਬਰੇ ਦੇ ਸਵਾਲ-
ਲਿਖਣਗੇ ਲੇਖ-ਵਿਸਾਖੀ ਦੇ ਮੇਲੇ ਤੇ-
ਗੁਆਂਢਣ ਆਵੇਗੀ-ਕੀ ਧਰਿਆ ਹੈ ਚਾਚੀ-
ਆਹ ਦੇਵੀਂ ਇੱਕ ਕੌਲੀ ਸਾਗ ਦੀ-

ਫਿਰ ਵੇਲਾ ਆਵੇਗਾ
ਮੰਜੇ ਵਿਛਾਉਣ ਦਾ
ਥਕਾਵਟਾਂ ਨੂੰ ਅਰਾਮ ਨਾਲ ਲਿਟਾਉਣ ਦਾ-

ਬਿਸਤਰਿਆ ਤੇ ਟੱਪਾਂਗੇ ਨੱਚਾਂਗੇ
ਝਿੜਕਾਂ ਪੈਣਗੀਆਂ ਰੋਜ਼ ਵਾਂਗ-
ਪਹਿਲਾਂ ਵੇਖਾਂਗੇ-ਧਰੂ ਕਿੱਥੇ ਹੈ-
ਚੋਰ ਸਿਪਾਹੀ ਵੀ ਨਹੀਂ ਦਿਸਦੇ-
ਚੰਨ ਵੀ ਅੱਜ ਲੁਕਦਾ ਛੁਪਦਾ ਹੈ-

ਦਾਦੀ ਬਾਤ ਪਾਏਗੀ
ਹੌਲੀ ਹੌਲੀ ਨੀਂਦ 'ਚ ਹੁੰਗਾਰਾ ਬੰਦ ਹੋ ਜਾਵੇਗਾ
ਦਾਦੀ ਪੁੱਛੇਗੀ-ਲੈ ਸੌਂ ਵੀ ਗਏ ਸਾਰੇ-

ਘਰ ਸੀ ਉਹ
ਜਿਥੇ ਚੀਜ਼ਾਂ ਨੂੰ ਖਿੱਲਰਣ ਦੇ ਚਾਅ ਸਨ-
ਲੁਕਣਮੀਟੀ ਹੁੰਦੀ ਸੀ ਜਿਥੇ-
ਚਾਚੀਆਂ ਤਾਈਆਂ ਵਰਗੀਆਂ
ਪੀੜੀਆਂ ਡੱਠਦੀਆਂ ਟੁੱਟਦੀਆਂ ਸਨ-
ਸੁਪਨਿਆਂ ਵਾਂਗ ਮਿਲਦੇ ਸਨ ਫਾਂਟਾਂ ਵਾਲੇ ਪਜ਼ਾਮੇ
ਚਾਦਰਾਂ ਘਸ ਘਸ ਪਾਟਦੀਆਂ ਸਨ-

ਨਵੇਂ ਝੱਗੇ ਮਿਲਦੇ ਸਨ-ਵਿਆਹਾਂ ਵਾਂਗ
ਨਵੇਂ ਸਾਈਕਲ ਨੂੰ ਦੇਖਣ ਗੁਆਂਢ ਆਉਂਦਾ ਸੀ
ਰੇਡੀਓ ਵਾਲੇ ਘਰ ਭਰਦੇ ਸਨ ਖਬਰਾਂ ਵੇਲੇ
ਟੁਣੀਆਂ ਰਾਮ ਤੇ ਮਾਸਟਰ ਜੀ ਹੀ ਸਿਤਾਰੇ ਸਨ ਪਿੰਡਾਂ ਦੇ-
ਕੌਣ ਜਾਣਦਾ ਸੀ -ਚੰਦੀਗੜ ਤੇ ਦਿੱਲੀ

ਦਿਨ ਰਾਤ ਵਿਵਿਧ ਭਾਰਤੀ ਤੇ
ਸੀਲੋਨ ਤੋਂ ਹੀ ਸੁਣਦੇ ਸਾਂ ਹਿੰਦੀ ਦੇ ਨਗਮੇਂ
ਜਾਂ ਲਹੌਰ ਤੋਂ ਨੂਰਜਹਾਂ ਦੇ ਗੀਤ-
ਪਰਾਹੁਣਾ ਆਉਣਾ

ਤਾਂ ਚਾਅ ਚੜ੍ਹ ਜਾਣੇ ਪਿੰਡ ਨੂੰ-
ਨਵੇਂ ਮੇਜ਼ਪੋਸ਼,ਦਰੀਆਂ ਵਿਛਦੀਆਂ ਸਨ ਪਿੰਡਾਂ ਚ
ਬੱਚਿਆਂ ਨੂੰ ਕੁਝ ਖਾਣ ਨੂੰ ਮਿਲਦਾ ਸੀ
ਚੀਜ਼ੀ ਲੈ ਕੇ ਆਈ ਮਾਸੀ ਭੂਆ
ਦਾ ਝੋਲਾ ਪਹਿਲਾਂ ਫੋਲਦਾ ਸੀ ਜਹਾਨ-

ਓਹੀ ਘਰ ਟੋਲਦੇ ਦੇਖੇ
ਘਰਾਂ ਨੂੰ ਪਰਤੇ ਮੇਰੇ ਬੁੱਢੇ ਹੋਏ ਦੋਸਤ-
ਕੁੜੀਆਂ ਚਿੜੀਆਂ ਦਾਦੀਆਂ ਬਣੀਆਂ
ਪੇਕੇ ਮਾਪੇ ਲੱਭਦੀਆਂ-

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ