Sat, 20 April 2024
Your Visitor Number :-   6986553
SuhisaverSuhisaver Suhisaver

ਕੋਈ ਇਨਕੀ ਸੋਈ ਹੁਈ ਜ਼ਿੱਲਤ ਜਗਾ ਦੇ.... -ਬਲਜਿੰਦਰ ਕੋਟਭਾਰਾ

Posted on:- 24-04-2012

suhisaver

ਅਗਲੇ ਮਾਲੀ ਵਰ੍ਹੇ ਵਿੱਚ ਵਿਕਾਸ ਦਰ 9 ਫ਼ੀਸਦੀ ਤੱਕ ਪੁੱਜਣ ਦੇ ਦਾਅਵਿਆਂ ਨਾਲ ਅਖ਼ਬਾਰਾਂ ਦੀ ਸੁਰਖ਼ੀਆਂ ਦੇ ਵੱਖ-ਵੱਖ ਰੰਗ ਹਨ। ਦੂਜੇ ਪਾਸੇ ਦੇਸ਼ ਦੇ ਇੱਕ ਵੱਡੇ ਹਿੱਸੇ ਦੀ ਅਸਲੀਅਤ ਕੋਈ ਹੋਰ ਤਸਵੀਰ ਪੇਸ਼ ਕਰਦੀ ਹੈ। ਕਿਰਤੀਆਂ ਦੇ ਵਿਹੜੇ ਵਿੱਚ ਮੌਤ ਦਨਦਨਾ ਰਹੀ ਹੈ, ਇੱਕ ਮਾਂ ਦੇ ਤਿੰਨ-ਤਿੰਨਾਂ ਪੁੱਤਾਂ ਨੂੰ ਮੌਤ ਅੱਗੜ ਪਿੱਛੜ ਹੜੱਪ ਜਾਂਦੀ ਹੈ, ਦੂਜੇ ਮਾਂ ਦੇ ਤਿੰਨ ਪੈਂਦਾ ਹੋਏ ਪੁੱਤਰ ਮੰਦਬੁੱਧੀ ਹਨ। ਸਾਢੇ ਛੇ ਦਹਾਕਿਆਂ ਬਾਅਦ ''ਆਜ਼ਾਦ ਦੇਸ਼'' ਭਾਰਤ ਵਿੱਚ ਉਨ੍ਹਾਂ ਲੋਕਾਂ ਦਾ ਵੀ ਵਾਸਾ ਹੈ ਜਿੱਥੇ ਪ੍ਰਦੂਸ਼ਤ ਪਾਣੀ, ਅਤਿ ਦੀ ਗੁਰਬਤ ਨੇ ਇਨ੍ਹਾਂ ਵਿਹੜਿਆਂ ਅੰਦਰ ਕੈਂਸਰ ਤੇ ਮਾਨਸਿਕ ਵਿਕਾਰਾਂ ਵਰਗੀਆਂ ਬਿਮਾਰੀਆਂ ਨੂੰ ਫੈਲਾਇਆ ਹੈ। ਇਹ ਦੁੱਖ ਭਰੀ ਦਾਸਤਾਨ ਬਠਿੰਡਾ ਜ਼ਿਲ੍ਹਾ ਦੇ ਆਖ਼ਰੀ ਪਿੰਡ ਮੁਕਤਸਰ-ਬਠਿੰਡਾ ਰੋਡ ਸਥਿਤ ਪਿੰਡ ਅਬਲੂ ਦੇ ਕਿਰਤੀਆਂ ਦੀ ਹੈ। ਇਨ੍ਹਾਂ ਦੇ ਘਰਾਂ ਵਿੱਚ ਕੇਵਲ ਉਦਾਸੀ ਪਣਪ ਰਹੀ ਹੈ। ਦੁੱਖ਼ਾਂ, ਮੁਸੀਬਤਾਂ ਦੀ ਵਿਕਾਸ ਦਰ ਲਗਾਤਾਰ ਵੱਧਦੀ ਜਾ ਰਹੀ ਹੈ। ਚੁਫ਼ੇਰੇ ਨਪੀੜੇ ਜਾ ਰਹੇ ਇਨ੍ਹਾਂ ਕਿਰਤੀਆਂ ਕੋਲ ਸਿਹਤ ਸਹੂਲਤਾਂ ਤਾਂ ਨਹੀਂ ਹਨ ਪਰ ਪਿੰਡ ਵਿੱਚ ਬਣੇ ਬਾਬਾ ਭੈਰੋ ਪਿਆਲਾ ਦੀ ਸਮਾਧ ਤੋਂ ਪਿਆਲਾ ਲੈ ਕੇ ਆਪਣਾ ਗ਼ਮ ਦੂਰ ਕਰਨ ਦਾ ਸਬੱਬ ਜ਼ਰੂਰ ਬਣਾ ਲੈਂਦੇ ਹਨ। ਸਿਰ ਦਰਦ-ਜੁਖਾਮ ਤੋਂ ਲੈ ਕੇ ਕੈਂਸਰ ਵਰਗੀ ਭਿਆਨਕ ਬਿਮਾਰੀ ਲਈ ਭੈਰੋ ਪਿਆਲਾ ਬਾਬਾ ਦੀ ਸਮਾਧ 'ਤੇ ਸ਼ਰਾਬ ਦੀ ਸੁੱਖ਼ਣਾ ਜ਼ਰੂਰ ਸੁੱਖ ਆਉਂਦੇ ਹਨ। ਭੈਰੋ ਪਿਆਲਾ ਬਾਬਾ ਦੇ ਸਮਾਧ 'ਤੇ ਚੜ੍ਹਦੀ ਸ਼ਰਾਬ ਦੀ ਮਿੱਥ ਬਾਰੇ ਗੱਲ ਕਰਨ ਤੋਂ ਪਹਿਲਾ ਕਿਰਤੀਆਂ ਦੇ ਵਿਹੜੇ ਦੀ ਦਾਸਤਾਨ ਤੁਹਾਡੇ ਸਾਹਮਣੇ ਹੈ।


ਡਿੱਗੂ-ਡਿੱਗੂ ਕਰਦੇ ਕੋਠੜਾ ਨੁੰਮਾ ਘਰ ਵਿੱਚ ਰਹਿ ਰਹੀ ਕਰਨੈਲ ਕੌਰ ਦਾ ਕਹਿਣਾ ਹੈ ਕਿ ਉਹ ਕਿਉਂ ਜਿਉ ਰਹੀ ਹੈ। ਛੋਟਾ ਪੁੱਤਰ ਕੰਤਾ ਗੱਭਰੂ ਜਵਾਨ ਤਾਂ ਹੈ ਪਰ ਮੰਦਬੁੱਧੀ ਹੈ। ਉਹ 25 ਸਾਲ ਦੀ ਉਮਰ ਵਿੱਚ ਵੀ ਬੱਚਿਆਂ ਵਾਲੀਆਂ ਹਰਕਤਾਂ ਕਰਦਾ ਹੈ। ਬਹੁਤ ਵਾਰ ਪਾਗਲਾਂ ਵਾਲੇ ਲੱਛਣਾਂ 'ਤੇ ਉੱਤਰ ਆਉਂਦਾ ਹੈ। ਰੂੜੀਆਂ ਤੋਂ ਗੋਹਾ ਚੱਕ ਚੱਕ ਕੇ ਲੋਕਾਂ 'ਤੇ ਸੁੱਟਦਾ ਹੈ। ਲੋਕਾਂ ਨਾਲ ਲੜ ਪੈਂਦਾ ਹੈ। ਇਹ ਹੀ ਨਹੀਂ ਉਸ ਦੇ ਦੋ ਪਹਿਲਾਂ ਵਾਲੇ ਪੁੱਤਰ ਵੀ ਪਾਗਲ ਹੋ ਕੇ ਮੌਤ ਦਾ ਸ਼ਿਕਾਰ ਬਣੇ। ਕਰਨੈਲ ਕੌਰ ਰੋਂਦੀ ਹੋਈ ਆਪਣੇ ਦੁੱਖ਼ ਬਿਆਨ ਕਰਦੀ ਆਪਣੇ 'ਤੇ ਟੁੱਟੇ ਮੁਸੀਬਤਾਂ ਦੇ ਪਹਾੜਾਂ ਦਾ ਵੇਰਵਾ ਦੱਸਦੀ ਹੈ। 5 ਸਾਲ ਪਹਿਲਾਂ ਉਸ ਦੇ 20 ਸਾਲਾਂ ਪੁੱਤਰ ਰਾਮ ਲਾਲ ਪਾਗਲ ਹੋ ਗਿਆ। ਕਈ ਸਾਲ ਪਿੰਡ ਵਿੱਚ ਭੁੱਖਾ ਨੰਗਾ ਤੁਰਿਆ ਫਿਰਦਾ ਰਿਹਾ ਫਿਰ ਅੰਮ੍ਰਿਤਸਰ ਵਿਖੇ ਪਾਗਲਖ਼ਾਨੇ ਵਿੱਚ ਭੇਜ ਦਿੱਤਾ। ਜਿੱਥੇ ਉਸ ਦੀ ਮੌਤ ਹੋ ਗਈ। ਫਿਰ ਉਸ ਤੋਂ ਛੋਟਾ ਪੁੱਤਰ ਵੀ ਜਮਾਂਦਰੂ ਮੰਦਬੁੱਧੀ ਨਿਕਲਿਆ। ਉਹ ਜ਼ਿੰਦਗੀ ਦੇ ਅਠਾਰਾਂ ਸਾਲ ਪਾਗਲਾਂ ਵਾਂਗ ਹੀ ਗੇੜੇ ਲਾਉਂਦਾ ਫਿਰਦਾ ਰਿਹਾ। ਬਹੁਤੀ ਵਾਰ ਤਨ ਦੇ ਸਾਰੇ ਕੱਪੜਿਆਂ ਤੋਂ ਬਾਹਰ ਹੋ ਜਾਂਦਾ ਸੀ। ਅਖੀਰ 4-5 ਸਾਲ ਪਹਿਲਾ ਉਹ ਅੱਗ ਵਿੱਚ ਡਿੱਗ ਪਿਆ ਅਤੇ ਜਿਉਂਦਾ ਹੀ ਸੜ ਗਿਆ। ਇਨ੍ਹਾਂ ਦਾ ਸਹੀ ਡਾਕਟਰੀ ਇਲਾਜ ਨਾ ਕਰਵਾਉਣ ਦੇ ਕਾਰਨ ਵਿਧਵਾ ਕਰਨੈਲ ਕੌਰ ਦੇ ਘਰ ਦੀ ਹਾਲਤ ਹੀ ਬਿਆਨ ਕਰਦੀ ਹੈ। ਜੋ ਲੋਕਾਂ ਦਾ ਗੋਹਾ ਕੂੜਾ ਸੁੱਟ ਕੇ ਆਪਣਾ ਅਤੇ ਆਪਣੇ ਮੰਦਬੁੱਧੀ ਪੁੱਤਰ ਦੇ ਪੇਟ ਨੂੰ ਝੁਲਸਾ ਦੇਣ ਦੀ ਕੋਸ਼ਿਸ਼ ਕਰਦੀ ਹੈ।

ਵਿਧਵਾ ਸੁਖਦੇਵ ਕੌਰ ਦਾ ਸੁੱਖਾਂ ਨਾਲ ਕੋਈ ਵਾਸਤਾ ਨਹੀਂ। ਦੋ ਡੰਗ ਦਾ ਚੁੱਲਾ ਤੱਪਦਾ ਰੱਖਣ ਦੇ ਫਿਕਰ ਵਿੱਚ ਬੜੀ ਢਹਿੰਦੀ ਕਲਾ ਵਿੱਚ ਨਿਰਾਸ਼ ਬੈਠੀ ਇਸ 65 ਸਾਲਾਂ ਔਰਤ ਦਾ ਕਹਿਣਾ ਹੈ ਕਿ ਹੁਣ ਤਾਂ ਰੱਬ ਹੀ ਰਾਖਾ ਹੈ। ਉਸ ਦੇ ਪਤੀ ਹਾਕਮ ਸਿੰਘ ਦੀ ਕਦੇ ਵੀ ਹਕੂਮਤ ਨਹੀਂ ਚੱਲੀ ਉਹ ਸਾਰੀ ਉਮਰ ਖ਼ੇਤਾਂ ਵਿੱਚ ਨੌਕਰ ਹੀ ਰਿਹਾ।



ਸੁਖਦੇਵ ਕੌਰ ਦੀ 45 ਸਾਲਾਂ ਸੀਲੂ ਬੇਟੀ ਜਮਾਂਦਰੂ ਮੰਦਬੁੱਧੀ  ਹੈ, ਗੂੰਗੀ ਹੈ। ਗੁਰਦੇਵ ਕੌਰ ਸਾਫ਼ ਦੱਸਦੀ ਹੈ ਕਿ ਉਨ੍ਹਾਂ ਇਲਾਜ ਲਈ ਕੋਈ ਕੋਸ਼ਿਸ਼ ਹੀ ਨਹੀਂ ਕੀਤੀ ਕਿਉਂਕਿ ਗਰੀਬੀ ਕਾਰਣ ਜਿਸ ਪਰਿਵਾਰ ਨੂੰ ਚੁੱਲਾ ਤੱਪਦਾ ਰੱਖਣਾ ਦਾ ਹੀ ਫ਼ਿਕਰ ਹੋਵੇ ਉਹ ਹੋਰ ਕੀ ਕਰ ਸਕਦੇ ਹਨ। ਸੁਖਦੇਵ ਕੌਰ 'ਤੇ ਦੁੱਖ਼ਾਂ ਦੇ ਪਹਾੜ ਹੋਰ ਟੁੱਟ ਪਏ ਜਦੋਂ ਇਸ ਸਾਲ ਪਹਿਲੀ ਜਨਵਰੀ ਨੂੰ ਉਸ ਦੇ ਪਤੀ ਹਾਕਮ ਸਿੰਘ ਦੀ ਪੇਟ ਦੀ ਕਿਸੇ ਬਿਮਾਰੀ ਕਾਰਣ ਮੌਤ ਹੋ ਗਈ। ਉਹ ਪਿਛਲੇ 3 ਸਾਲਾਂ ਤੋਂ ਪੇਟ ਦੀ ਕਿਸੇ ਬਿਮਾਰੀ ਤੋਂ ਪੀੜਤ ਸੀ। ਇਸ ਦੌਰਾਨ ਉਨ੍ਹਾਂ ਸਿਰ 10 ਹਜ਼ਾਰ ਰੁਪਏ ਦਾ ਕਰਜ਼ਾ ਵੀ ਚੜਿਆ ਜੋ ਹੁਣ ਵੀ ਬਰਕਰਾਰ ਹੈ। ਗੁਰਦੇਵ ਕੌਰ ਲੋਕਾਂ ਦਾ ਗੋਹਾ ਕੂੜਾ ਵੀ ਸੁੱਟਦੀ ਰਹੀ ਪਰ ਹੁਣ ਉਸ ਦੇ ਗਿੱਟਿਆਂ ਗੋਡਿਆਂ ਵਿੱਚ ਦਰਦ ਹੋਣ ਕਾਰਣ ਮੰਜਾ ਮੱਲਿਆ ਹੋਇਆ ਹੈ।

50 ਸਾਲ ਦੀ ਮਲਕੀਤ ਕੌਰ ਦੀ ਕੋਈ ਮਲਕੀਅਤ ਨਹੀਂ ਹੈ ਪਰ ਜੇ ਕੋਈ ਮੰਗ ਹੈ ਤਾਂ ਉਹ ਹੈ ਮੌਤ। ਮਲਕੀਤ ਕੌਰ ਰੋਂਦੀ ਹੋਈ ਦੱਸਦੀ ਹੈ ਕਿ ਜਿਸ ਦੇ ਬੈਠੇ ਬੈਠੇ ਤਿੰਨ ਪੁੱਤ ਅੱਗੜ-ਪਿੱਛੜ ਤੁਰ ਜਾਣ ਉਸ ਦਾ ਜਿਉਂਣਾ ਮਰਨ ਤੋਂ ਵੀ ਭੈੜਾ ਹੈ। ਘਰ ਵਿੱਚ ਤਿੰਨ ਵਿਧਵਾਵਾਂ ਨੂੰਹਾਂ ਨੂੰ ਦੇਖ ਉਹ ਹਰ ਵੇਲੇ ਫ਼ਿਕਰਾਂ ਵਿੱਚ ਗਲਤਾਨ ਰਹਿੰਦੀ ਹੈ। ਮਲਕੀਤ ਕੌਰ ਦਾ ਪੁੱਤਰ ਮੇਜਰ ਸਿੰਘ ਮਾਲਕਾਂ ਦੇ ਖ਼ੇਤਾਂ ਵਿੱਚ ਸਾਰੀ ਉਮਰ ਦਾ ਨੌਕਰ ਸੀ। ਸਾਢੇ ਕੁ ਤਿੰਨ ਸਾਲ ਪਹਿਲਾਂ ਉਸ ਦੇ ਖੱਬੇ ਪਾਸੇ ਦਰਦ ਹੋਣ ਲੱਗਿਆ ਡਾਕਟਰਾਂ ਕੋਲ ਗਏ ਤਾਂ ਕੈਂਸਰ ਹੋਣ ਦੀ ਦੁੱਖ ਦਾਇਕ ਰਿਪੋਰਟ ਸਾਹਮਣੇ ਆਈ। ਮੇਜਰ ਸਿੰਘ ਦੀ ਵਿਧਵਾ ਕਰਤਾਰ ਕੌਰ ਦੱਸਦੀ ਹੈ ਕਿ ਪਹਿਲਾ ਨੇੜਲੀ ਮੰਡੀ ਗੋਨਿਆਣਾ ਤੋਂ ਲੈ ਕੇ ਬਠਿੰਡਾ, ਅਤੇ ਫਿਰ ਕਈ ਹੋਰ ਥਾਵਾਂ ਤੋਂ ਇਲਾਜ ਕਰਵਾਉਣ ਦੇ ਬਾਵਜੂਦ 27 ਮਾਰਚ 2008 ਨੂੰ ਉਸ ਦੀ 45 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਮੇਜਰ ਦੇ ਇਲਾਜ ਲਈ ਲਿਆ ਇੱਕ ਲੱਖ ਦਾ ਕਰਜ਼ਾ 4 ਸਾਲ ਬਾਅਦ ਅਜੇ ਵੀ ਬਰਕਰਾਰ ਹੈ, ਬੱਸ ਵਿਆਜ ਹੀ ਲਹਿੰਦਾ ਹੈ ਅਤੇ ਮੂਲ ਖੜਾ ਰਹਿੰਦਾ ਹੈ। ਇਸ ਦੌਰਾਨ ਉਨ੍ਹਾਂ 20 ਹਜ਼ਾਰ ਰੁਪਏ ਦਾ ਸੋਨਾ ਵੀ ਵੇਚਿਆ ਅਤੇ 10 ਹਜ਼ਾਰ ਰੁਪਏ ਦਾ ਹੋਰ ਸੋਨਾ ਗਹਿਣੇ ਵੀ ਕੀਤਾ ਜੋ ਅਜੇ ਤੱਕ ਛੁਡਵਾ ਨਹੀਂ ਸਕੇ। ਮਲਕੀਤ ਕੌਰ ਆਪਣੇ ਦੁੱਖਾਂ ਦੀ ਅਗਲੀ ਕੜੀ ਫ਼ਰੋਲਦੀ ਹੈ। ਮਲਕੀਤ ਕੌਰ ਦੀ ਦੂਜੀ ਨੂੰਹ ਸਰਬਜੀਤ ਕੌਰ ਸਰਬ ਦੇ ਦੁੱਖ਼ਾਂ ਨੂੰ ਤਾਂ ਜਿੱਤਣਾ ਦੂਰ ਖ਼ੁਦ ਹੀ ਦੁੱਖ਼ਾਂ ਅੱਗੇ ਈਨ ਮੰਨ ਗਈ। ਉਹ ਵੀ ਭਰ ਜਵਾਨੀ ਵਿੱਚ ਹੀ ਵਿਧਵਾ ਹੋ ਗਈ। ਅਨਾਜ ਪੈਂਦਾ ਕਰਨ ਵਾਲੇ ਖ਼ੇਤਾਂ ਨੇ ਉਸ ਦੇ ਸਿਰ ਦਾ ਸਾਈ ਸਤਪਾਲ ਸਿੰਘ ਸਦਾ ਲਈ ਖੋਹ ਲਿਆ। ਸੱਤਪਾਲ ਚਿੱਟੇ ਸੋਨੇ ਨੂੰ ਸੁੰਡੀ ਤੋਂ ਬਚਾਉਣ ਲਈ ਖ਼ੇਤਾਂ ਵਿੱਚ ਕੀਟ-ਨਾਸ਼ਕ ਦਵਾਈ ਦਾ ਛਿੜਕਾ ਕਰ ਰਿਹਾ ਸੀ ਕਿ ਇਹ ਦਵਾਈ ਚੜ੍ਹਨ ਕਰਕੇ ਉਸ ਦੀ ਮੌਤ ਹੋ ਗਈ। ਸਰਬਜੀਤ ਕੌਰ ਲੋਕਾਂ ਦਾ ਗੋਹਾ ਕੂੜਾ ਕਰਦੀ ਰਹੀ ਪਰ ਅਮਰ ਵੇਲ ਵਾਂਗ ਵੱਧਦੇ ਕਰਜ਼ੇ ਅਤੇ ਗਰੀਬੀ ਕਾਰਨ ਉਸ ਨੇ ਆਪਣੀ ਬੇਟੀ ਅਤੇ ਪੁੱਤਰ ਨੂੰ ਅੱਠਵੀਂ ਪਾਸ ਕਰਨ ਮਰਗੋਂ ਹਟਾ ਲਿਆ। ਸਰਬਜੀਤ ਕੌਰ ਦੇ ਪੁੱਤਰ ਬੇਅੰਤ ਸਿੰਘ ਕੋਲ ਭਾਵੇਂ ਹੋਰ ਕੁਝ ਬੇਅੰਤ ਨਹੀਂ ਹੈ ਪਰ ਉਸ ਸਿਰ ਕਰਜ਼ਾ ਅਤੇ ਭਵਿੱਖ ਦੀਆਂ ਚਣੋਤੀਆਂ ਬੇਅੰਤ ਜ਼ਰੂਰ ਹਨ।

ਕਰਜ਼ੇ ਬਾਰੇ ਗੱਲ ਕਰਨ 'ਤੇ ਸਰਬਜੀਤ ਦਾ ਕਹਿਣਾ ਹੈ ਕਿ ਡਮਾਕ ਕੰਮ ਨਹੀਂ ਕਰਦਾ ਹੋਵੇਗਾ ਕੋਈ 30-40 ਹਜ਼ਾਰ ਰੁਪਇਆ ਵੱਧ ਭਾਵੇਂ ਹੋਵੇ। ਮਲਕੀਤ ਕੌਰ ਆਪਣੇ ਤੀਜੇ ਪੁੱਤਰ ਦਰਸ਼ਨ ਸਿੰਘ ਦੇ ਵੀ ਕਦੇ ਦਰਸ਼ਨ ਨਹੀਂ ਕਰ ਸਕੇਗੀ। ਦਰਸ਼ਨ ਸਿੰਘ ਨੇ ਸਾਰੀ ਉਮਰ ਖ਼ੇਤਾਂ ਦਾ ਪੁੱਤ ਬਣ ਕੇ ਕਮਾਇਆ। ਕਰਜ਼ੇ ਕਾਰਣ ਤਣਾਉਂ ਵੀ ਰਹਿੰਦਾ ਸੀ। ਬਿਮਾਰ ਰਹਿਣ ਲੱਗਿਆ ਅਤੇ ਆਖ਼ਰ 21 ਅਗਸਤ 2006 ਨੂੰ ਹਾਰਟ ਅਟੈਕ ਹੋਣ ਕਾਰਣ ਉਸ ਦੀ ਮੌਤ ਹੋ ਗਈ। ਦਰਸ਼ਨ ਕੌਰ ਦੀ ਵਿਧਵਾ ਕਰਜ਼ੇ ਦੇ ਨਾਲ ਨਾਲ ਦਮੇ-ਸਾਹ ਦੀ ਬਿਮਾਰੀ ਵਿੱਚ ਗ੍ਰਸਤ ਹੈ ਅਤੇ ਗਰੀਬੀ ਕਾਰਣ ਦੇਸੀ ਜੜ੍ਹੀ ਬੂਟੀਆਂ ਲੈਣ ਤੱਕ ਹੀ ਸੀਮਤ ਹੈ। ਆਪਣੇ ਤਿੰਨੇ ਮ੍ਰਿਤਕ ਪੁੱਤਾਂ ਦੀਆਂ ਭੋਗ 'ਤੇ ਰੱਖੀਆਂ ਫ਼ੋਟੋਆਂ ਚੁੰਨੀ ਨਾਲ ਸਾਫ਼ ਕਰਦੀ ਹੋਈ ਮਲਕੀਤ ਕੌਰ ਦੀਆਂ ਅੱਖ਼ਾਂ ਵਿੱਚੋਂ ਹੰਝੂ ਰੁਕਣ ਦਾ ਨਾ ਨਹੀਂ ਲੈ ਰਹੇ ਸਨ। ਉਹ ਹਾਉਂਕਾ ਭਰਦੀ ਹੋਈ ਕਹਿੰਦੀ ਹੈ ਕਿ ਇਨ੍ਹਾਂ ਦੇ ਪਿਓ ਨੇ 60 ਸਾਲ ਜ਼ਿੰਮੀਦਾਰਾਂ ਦੇ ਸੀਰ ਕਮਾ ਕੇ ਆਪਣੇ ਆਪ ਨੂੰ ਮਿੱਟੀ ਨਾਲ ਮਿੱਟੀ ਕੀਤਾ, ਉਸ ਵੇਲੇ ਮੈਂ ਉਸ ਨਾਲ ਬਰਾਬਰ ਦਾਤੀ ਲੈ ਕੇ ਹਾੜੀ ਦੀ ਵਾਢੀ ਕਰਦੀ, ਨਰਮਾ ਚੁਗਦੀ, ਲੋਕਾਂ ਦੀਆਂ ਵੱਟਾਂ ਤੋਂ ਕੱਖ਼ ਖੋਤ-ਖੋਤ ਕੇ ਮੱਝਾਂ ਨੂੰ ਪਾਉਂਦੀ ਅਤੇ ਖ਼ੇਤ ਇੱਕ ਬਲਦ ਵਾਲੀ ਗੱਡੀ 'ਤੇ ਜਾਂਦੀ ਪਰ ਹੁਣ ਤਾਂ ਆਪਦੀ ਗੱਡੀ ਹੀ ਲੀਂਹ ਤੋਂ ਲਹਿ ਚੁੱਕੀ ਹੈ।     ਮਲਕੀਤ ਕੌਰ ਦੇ ਘਰੋਂ ਤੁਰਦਿਆਂ ਨੂੰ ਹੀ ਇੱਕ ਹੋਰ ਨੇੜਲੇ ਘਰ ਦੀ ਮਾਈ ਦੀ ਆਵਾਜ਼ ਆਉਂਦੀ ਹੈ, ''ਭਾਈ ਮੇਰੀ ਵੀ ਲਿਖ ਕੇ ਲੈ ਕੇ ਜਾਓ।'' ਉਸ ਦੇ ਪਤੀ ਤੋਤਾ ਸਿੰਘ ਦੀ ਕੇਵਲ 34 ਸਾਲ ਦੀ ਉਮਰ ਵਿੱਚ ਹੀ ਮੌਤ ਹੋ ਗਈ। ਉਸ ਦੀ ਖ਼ੇਤਾਂ ਵਿੱਚ ਕੰਮ ਕਰਦੇ ਨੂੰ ਬਰੈਨ ਹੈਮਰੇਜ਼ ਹੋ ਗਿਆ ਸੀ। 15 ਦਿਨ ਬਠਿੰਡਾ ਅਤੇ ਕਾਲਿਆਵਾਲੀ ਦੇ ਦੇਸੀ ਵੈਦ ਕੋਲ ਦਾਖ਼ਲ ਵੀ ਰੱਖਿਆ ਉਸ ਦੇ ਇਲਾਜ਼ ਮੌਕੇ ਇੱਕ ਲੱਖ ਰੁਪਏ ਵੀ ਕਰਜ਼ੇ ਦਾ ਸਿਰ ਚੜ ਗਿਆ। ਇੱਕ ਮੱਝ ਨੂੰ ਕੇਵਲ 20 ਹਜ਼ਾਰ ਰੁਪਏ ਵਿੱਚ ਮਜ਼ਬੂਰੀ ਵਸ ਵੇਚਣਾ ਪਿਆ। ਤੋਤਾ ਸਿੰਘ ਦਾ ਪੁੱਤਰ ਹੈਪੀ ਸਿੰਘ ਦੀ ਜ਼ਿੰਦਗੀ ਵਿੱਚ ਕਿੰਨੀਆਂ ਕੁ ਖ਼ੁਸੀਆਂ ਹੋਣਗੀਆਂ ਜਦੋਂ ਉਸ ਨੂੰ ਕਰਜ਼ੇ ਦੀ ਹੀ ਗੁੜਤੀ ਮਿਲੀ ਹੈ ਅਤੇ ਉਹ ਬਚਪਨ ਤੋਂ ਲੈ ਕੇ ਕਿਸਾਨਾਂ ਦੇ ਖ਼ੇਤਾਂ ਵਿੱਚ ਦਿਹਾੜੀਆਂ ਕਰ ਰਿਹਾ ਹੈ।


 
ਹਰਬੰਸ ਕੌਰ ਦੇ ਇਲਾਜ ਲਈ ਪਰਿਵਾਰ 'ਤੇ ਐਨਾ ਕਰਜ਼ਾ ਚੜ ਚੁੱਕਿਆ ਹੈ ਕਿ ਕਈ ਬੰਸਾਂ ਉਸਦੀਆਂ ਵਿਆਜ ਮੋੜਨ ਦੇ ਗਧੀ-ਗੇੜ ਵਿੱਚ ਹੀ ਖੱਪ ਜਾਣਗੀਆਂ। ਆਪਣੀ ਜੀਵਨ ਸਾਥਣ ਨੂੰ ਬਚਾਉਂਣ ਲਈ ਉਸ ਦੇ ਪਤੀ ਮਲਕੀਤ ਸਿੰਘ ਨੇ ਆਪਣੀ ਸਾਰੀ ਮਲਕੀਅਤ ਵੇਚ ਸਭ ਕੁਝ ਦਾਅ 'ਤੇ ਲਾ ਦਿੱਤਾ। 55 ਸਾਲ ਦੀ ਇਸ ਪਿੰਡ ਦੀ ਮਜ਼ਦੂਰ ਔਰਤ ਦਰਦ ਨਾਲ ਮੇਲ ਰਹੀ ਸੀ। ਹਰਬੰਸ ਕੌਰ ਦੇ ਪਿੱਤੇ ਵਿੱਚ ਕੈਂਸਰ ਹੈ। ਉਹ ਪਿਛਲੇ ਸਮੇਂ ਤੋਂ ਦਿਹਾੜੀਦਾਰ ਮਲਕੀਤ ਸਿੰਘ ਪੀੜਤ ਨੂੰ ਬਠਿੰਡਾ, ਲੁਧਿਆਣਾ, ਫ਼ਰੀਦਕੋਟ, ਲੰਬੀ ਅਤੇ ਹੋਰ ਥਾਵਾਂ ਤੋਂ ਉਸ ਇਲਾਜ ਕਰਵਾਉਣ ਦੇ ਯਤਨਾਂ ਵਿੱਚ ਹੈ। ਪਹਿਲਾ ਉਸ ਨੇ 6-7 ਮਰਲੇ ਆਪਣੀ ਥਾਂ ਲੱਖ਼ ਰੁਪਏ ਵਿੱਚ ਵੇਚੀ, ਫਿਰ ਆਪਣੇ ਘਰ ਸਮੇਤ 3-4 ਮਰਲੇ 15 ਹਜ਼ਾਰ ਵਿੱਚ ਵੇਚ ਦਿੱਤਾ। ਇਹ ਕੈਂਸਰ ਉਨ੍ਹਾਂ ਲਈ ਕਰਜ਼ੇ ਦਾ ਨਸੂਰ ਵੀ ਬਣਦਾ ਜਾ ਰਿਹਾ ਹੈ। ਮਲਕੀਤ ਸਿੰਘ ਅੱਖ਼ਾਂ ਵਿੱਚ ਹੰਝੂ ਲਿਆਉਂਦਾ ਹੋਇਆ ਆਪਣੀ ਜਵਾਨ ਧੀ ਵੱਲ ਹੱਥ ਕਰਕੇ ਦਸਦਾ ਹੈ ਕਿ ਜਦੋਂ ਹੁਣ ਉਸ ਦੇ ਕੱਚੇ ''ਖੋਲ੍ਹੇ'' ਵੀ ਵਿਕ ਗਏ ਹਨ ਤਾਂ ਇਸ ਦਾ ਰਿਸ਼ਤਾ ਕਿਹੜਾ ਲਵੇਗਾ। ਹੁਣ ਉਹ ਕਿਸੇ ਹੋਰ ਦੇ ਥਾਂ ਵਿੱਚ ਭਾਰੱਪੇ ਦੇ ਤੌਰ 'ਤੇ ਬੈਠਾ ਹੈ। ਉਸ ਦੇ ਜਵਾਨ ਬੇਟਾ ਜਗਸੀਰ ਵੀ ਦਿਹਾੜੀਆਂ ਕਰ ਰਿਹਾ ਹੈ।

ਪਿੰਡ ਦਾ ਕਿਰਤੀ ਗੁਰਦੇਵ ਸਿੰਘ 45 ਸਾਲ ਦਿਨ ਰਾਤ ਇੱਕ ਕਰਕੇ ਮਿੱਟੀ ਨਾ ਮਿੱਟੀ ਹੋ ਕੇ ਵੀ ਖ਼ੇਤਾਂ ਦਾ ਗੁਰੂ ਨਾ ਹੋ ਸਕਿਆ, ਸਗੋਂ ਉਸ ਦੀ ਵਿਧਵਾ ਤਾਂ ਕਰਜ਼ੇ ਦੀ ਮਹਿਤਾਜ ਹੈ। ਇਕਲਤਾ, ਗੁਰਬਤ, ਉਦਾਸੀ ਵਿੱਚ ਆਪਣੀ ਫਟੀ ਚੁੰਨੀ ਨਾਲ ਹੰਝੂ ਸਾਫ਼ ਕਰ ਰਹੀ ਵਿਧਵਾ ਅੰਗਰੇਜ਼ ਕੌਰ ਦੇ ਇਸ ਪਤੀ ਨੂੰ 50 ਸਾਲ ਦੀ ਉਮਰ ਵਿੱਚ ਹੀ ਖ਼ੂਨ ਦਾ ਕੈਂਸਰ ਹੋ ਗਿਆ। ਪਰਿਵਾਰ ਨੇ ਕਈ ਸਾਲ ਪਹਿਲਾ ਜੈਂਤੋ ਤੋਂ ਫਿਰ ਧੂਰਕੋਟ, ਭੁੱਲਰਾਂ ਆਦਿ ਵੱਖ-ਵੱਖ ਥਾਵਾਂ ਤੋਂ ਤਿੰਨ ਮਹੀਨੇ ਇਲਾਜ਼ ਕਰਵਾਇਆ ਆਖਰ ਮੌਤ ਜਿੱਤ ਗਈ। ਇਸ ਦੌਰਾਨ ਉਨ੍ਹਾਂ ਨੇ ਮਜਬੂਰੀ ਵਿੱਚ ਦੁਧਾਰੂ ਪਸ਼ੂ ਆਦਿ ਵੀ ਵੇਚੇ ਪਰ ਇਸ ਸਭ ਕੁਝ ਦਾ ਨਤੀਜਾ ਜ਼ੀਰੋ ਹੀ ਰਿਹਾ। ਇਕੱਲਤਾ ਦੇ ਨਾਲ ਨਾਲ ਅੰਗਰੇਜ਼ ਕੌਰ ਜੋੜਾਂ ਦੇ ਦਰਦ ਤੋਂ ਵੀ ਦੁਖ਼ੀ ਹੈ।
 ਪਿੰਡ ਦੇ ਹੀ ਕਿਰਤੀਆਂ ਦੀ ਵਿਧਵਾ ਨੂੰਹ ਜਸਵਿੰਦਰ ਕੌਰ ਦਾ ਸਹੁਰੇ ਘਰ ਦੀਆਂ ਬਰੂਹਾਂ 'ਤੇ ਗੋਹੇ-ਕੂੜੇ ਪਾਲੇ ਟੋਕਰੇ ਨੇ ਸਵਾਗਤ ਕੀਤਾ। ਉਹ ਹੁਣ ਤੱਕ ਜ਼ਿੰਮੀਦਾਰਾਂ ਦੇ ਘਰਾਂ ਵਿੱਚ ਗੋਹਾ-ਕੂੜਾ ਸੁੱਟਕ ਆਪਣੇ ਬੱਚਿਆਂ ਦਾ ਪੇਟ ਭਰ ਰਹੀ ਹੈ। ਗਰੀਬੀ ਕਾਰਣ ਅਤੇ ਬਾਬਾ ਭੈਰੋ ਪਿਆਲੇ ਦੇ ਸ਼ੌਕੀਨ ਜਗਸੀਰ ਸਿੰਘ ਬਿਮਾਰ ਰਹਿਣ ਲੱਗਿਆ। ਉਸ ਦੀ ਪਤਨੀ ਨੇ ਜ਼ਿੰਮੀਦਾਰਾਂ ਤੋਂ ਕਰਜ਼ਾ ਚੁੱਕ ਚੁੱਕ ਕੇ ਉਸ ਨੂੰ ਬਚਾਉਣ ਦਾ ਨਾਕਾਮ ਯਤਨ ਕੀਤਾ। ਉਹ 5 ਮਹੀਨੇ ਪਹਿਲਾ 38 ਸਾਲ ਦੀ ਉਮਰ ਵਿੱਚ ਹੀ ਮਰ ਗਿਆ। ਮੁਸਬੀਤਾਂ ਦੇ ਝੱਬੇ ਇਸ ਪਰਿਵਾਰ ਨੂੰ ਛੋਟੇ ਬੇਟਾ ਗੁਰਪ੍ਰੀਤ ਸਿੰਘ ਦੀ ਪ੍ਰੀਤ ਵੀ ਮਾਨਣ ਦਾ ਅਧਿਕਾਰ ਵੀ ਗਰੀਬੀ ਨੇ ਖੋਹ ਲਿਆ। ਇੱਕ ਸਾਲ ਦੀ ਉਮਰ ਵਿੱਚ ਗੁਰਪ੍ਰੀਤ ਸਿੰਘ ਨੂੰ ਪੀਲੀਆ ਹੋ ਗਿਆ ਪਰ ਘਰ ਵਿੱਚ ਭੰਗ ਭੁਜਦੀ ਹੋਣ ਕਾਰਣ ਉਹ ਇਲਾਜ ਨਾ ਕਰਵਾ ਸਕੇ ਤਾਂ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ। ਮਜ਼ਦੂਰ ਪਰਿਵਾਰ ਸਿਰ ਹੁਣ 45 ਹਜ਼ਾਰ ਰੁਪਏ ਦਾ ਕਰਜ਼ਾ ਹੈ ਅਤੇ ਪਿੰਡ ਦੇ ਕਿਸਾਨਾਂ ਦੇ ਕੁੱਤੇ ਵੱਲੋਂ ਵੱਢਣ ਕਾਰਣ  ਜਸਵਿੰਦਰ ਕੌਰ ਦੀਆਂ ਮੁਸੀਬਤਾਂ ਵਿੱਚ ਹੋਰ ਵਾਧਾ ਹੋ ਗਿਆ ਹੈ।

ਗਰੀਬੀ ਅਤੇ ਝੋਲਾ ਛਾਪ ਡਾਕਟਰ ਦੀ ਬੇਕੂਫੀ ਨੇ ਪਿੰਡ ਦੀ ਇੱਕ ਹੋਰ ਲੜਕੀ ਕੁਲਦੀਪ ਕੌਰ ਦੀ ਜ਼ਿੰਦਗੀ ਦਾ ਦੀਪ ਮੱਧਮ ਕਰਕੇ ਉਸ ਨੂੰ ਕੁੱਲੀ ਤੱਕ ਸੀਮਤ ਕਰਕੇ ਰੱਖ ਦਿੱਤਾ। 13 ਸਾਲ ਦੀ ਇਸ ਲੜਕੀ ਨੂੰ ਆਪੰਗ ਬਣਾ ਦਿੱਤਾ ਹੈ ਅਤੇ ਇਸ ਦਾ ਸਰੀਰਕ ਵਿਕਾਸ ਰੁਕਣ ਕਰਕੇ ਇਹ ਦੋ-ਚਾਰ ਸਾਲ ਦੀ ਬੱਚੀ ਜਾਪਦੀ ਹੈ। ਮਜ਼ਦੂਰ ਪਰਿਵਾਰ ਨੇ ਇਸ ਦੇ ਇਲਾਜ਼ ਲਈ 20-25 ਹਜ਼ਾਰ ਰੁਪਏ ਕਰਜ਼ਾ ਚੁੱਕਿਆ ਕੁਲਦੀਪ ਦੀ ਜਿੰਦਗੀ ਦਾ ਵਿਕਾਸ ਰੁਕ ਗਿਆ ਪਰ ਕਰਜ਼ੇ ਦੀਆਂ ਜੜ੍ਹਾਂ ਫੈਲ ਰਹੀਆਂ ਹਨ। ਜ਼ਿੰਦਗੀ ਭਰ ਜ਼ਿੰਮੀਦਾਰਾਂ ਦਾ ਨੌਕਰ ਰਿਹਾ ਪੀੜਤ ਦਾ ਦਾਦਾ ਹਰਚੰਦ ਸਿੰਘ ਦਸਦਾ ਹੈ ਕਿ ਕੁਝ ਸਾਲ ਪਹਿਲਾ ਕੁਲਦੀਪ ਕੌਰ ਨੂੰ ਬੁਖ਼ਾਰ ਹੋਣ 'ਤੇ ਉਨ੍ਹਾਂ ਦੇ ਪਿੰਡ ਦਾ ਝੋਲਾ ਛਾਪ ਅਖ਼ੋਤੀ ਡਾਕਟਰ ਗਲਤ ਟੀਕਾ ਲਗਾ ਗਿਆ ਜਿਸ ਨਾਲ ਲੜਕੀ ਸਰੀਰਕ ਤੌਰ 'ਤੇ ਸੁੱਕਣੀ ਸ਼ੁਰੂ ਹੋ ਗਈ ਅਤੇ ਉਸ ਦੇ ਹੱਥ-ਪੈਰ ਕੰਮ ਕਰਨੋ ਜਵਾਬ ਦੇ ਗਏ।  

ਭੈਰੋ ਪਿਆਲਾ ਬਾਬਾ ਦੀ ਸਮਾਧ 'ਤੇ ਪੰਜ ਰਤਨੀ ਦਾ ਭੋਗ ਲਵਾ ਕੇ ਆਪਣੇ ਰੋਗਾਂ ਦਾ ਲੱਭਦੇ ਨੇ ਇਲਾਜ 20 ਵੀਂ ਸਦੀ ਦਾ ਯੁੱਗ ਵਿਗਿਆਨ ਦਾ ਯੁੱਗ ਹੈ। ਪੁਲਾੜ ਦੀਆਂ ਖ਼ੋਜਾਂ, ਮੀਡੀਆ, ਸੰਚਾਰ ਦੇ ਸਾਧਨ ਵਿਗਿਆਨ ਦੀ ਦੇਣ ਹੈ। ਪਰ ਪਿੰਡ ਅਬਲੂ ਦੇ ਇਨ੍ਹਾਂ ਲੋਕਾਂ ਦੇ ਵਿਹੜਿਆਂ ਵਿੱਚ ਜਾ ਕੇ ਅਹਿਸਾਸ ਹੁੰਦਾ ਹੈ ਜਿਵੇਂ ਕਿਸੇ ਪੁਰਾਤਨ ਸਮਾਜ ਵਿੱਚ ਆ ਗਏ ਹੋਈਏ। ਮਰੀਜ ਲਈ ਅਲਟਰਾਸਾਊਂਡ ਸੀ. ਟੀ. ਸਕੈਨ, ਆਧੁਨਿਕ ਮਸ਼ੀਨਾਂ ਨਹੀਂ ਉਹ ਆਪਣੀਆਂ ਸਰੀਰਕ, ਮਾਨਸਿਕ ਰੋਗਾਂ ਦੇ ਇਲਾਜ ਲਈ ਬਾਬਾ ਭੈਰੋ ਪਿਆਲਾ ਦੀ ਸਮਾਧ 'ਤੇ ਜਾ ਕੇ ਸੁੱਖਣਾ ਸੁੱਖਦੇ ਹਨ। ਇੱਥੇ ਸਾਲ ਦੇ 365 ਦਿਨਾਂ ਵਿੱਚੋਂ 362 ਦਿਨ ਸਰਧਾਲੂ ਦੀ ਆਰਥਿਕਤਾ ਦੇ ਹਿਸਾਬ ਨਾਲ ਪਿਆਲੇ ਦਾ ਪ੍ਰਸ਼ਾਦ ਚੜਦਾ ਹੈ, ਸ਼ਰਾਬ ਚੜਾਉਂਣ ਦੇ ਮਾਮਲੇ ਵਿੱਚ ਔਰਤਾਂ ਵੀ ਪਿੱਛੇ ਨਹੀਂ ਹਨ। ਖ਼ੋਜ ਕਰਨ 'ਤੇ ਲੋਕਾਂ ਦੀ ਅੰਧਵਿਸ਼ਵਾਸ਼ੀ ਮਾਨਸਿਕਤਾ ਅਤੇ ਆਰਥਿਕ ਪਾੜੇ ਦੀ ਗੱਲ ਸਮਝ ਆ ਜਾਂਦੀ ਹੈ। ਗਰੀਬ ਲੋਕ ਦੇਸੀ ਸਰਾਬ ਅਤੇ ਚੰਗੇ ਸਰਦੇ ਪੁੱਜਦੇ ਘਰ ਅੰਗਰੇਜ਼ੀ ਸ਼ਰਾਬ ਦਾ ਚੜਾਵਾ ਚੜਾ ਕੇ ਜਾਂਦੇ ਹਨ। ਇੱਥੇ ਹੀ ਕਿਰਤੀ ਪਿਆਲੇ ਵਿੱਚ ਡੁੱਬ ਆਪਣੇ ਗਮਾਂ ਨੂੰ ਢੁਮਣਾ ਦਿੰਦੇ ਹਨ। ਦੇਸੀ ਵਿੱਚੋਂ ਖਾਸਾ ਮੋਟਾ ਸੰਤਰਾ ਅਤੇ ਅੰਗਰੇਜ਼ੀ ਵਿੱਚੋਂ ਡੀ. ਐਸ. ਪੀ. ਬਲੈਕ ਦੇ ਖ਼ਾਲੀ ਕੀਤੇ ਪਏ ਢੇਰ ਸਾਰੇ ਡੱਬੇ ਅਤੇ ਬੋਤਲਾਂ ਇਸ ਵਰਤਾਰੇ ਦੀ ਗਵਾਹੀ ਭਰਦੀਆਂ ਹਨ। ਇੱਕ ਭਗਤ ਦੱਸਦਾ ਹੈ ਕਿ ਕੱਲ ਹੀ ਕੋਈ ਸਰਧਾਲੂ ਖ਼ੱਚਰ ਰੇਹੜੇ 'ਤੇ 11 ਡੱਬਿਆਂ ਦਾ ਭੋਗ ਲਵਾ ਕੇ ਗਿਆ ਹੈ। ਸਰਧਾਲੂ ਪਹਿਲਾ ਆਕੇ ਬਾਬੇ ਦੀ ਉੱਚੀ ਜਗ੍ਹਾ ਬਣੀ ਸਮਾਧ 'ਤੇ ਸ਼ਰਾਬ ਦਾ ਭੋਗ ਲਵਾਉਂਦੇ ਹਨ। ਫਿਰ ਹੇਠਾਂ ਆ ਕੇ ਬੈਠੇ ਲੋਕਾਂ ਨੂੰ ਪਿਆਲੇ ਦਾ ਲੰਗਰ ਵਰਤਾਉਂਦੇ ਹਨ, ਪਿਆਲਾ ਵਰਤਾਉਣ ਲਈ ਉੱਥੇ ਸਟੀਲ ਦੇ ਦਰਜ਼ਨਾਂ ਦੀ ਗਿਣਤੀ ਵਿੱਚ ਗਲਾਸ ਪਏ ਹਨ ਅਤੇ ਸ਼ਰਾਬੀ ਸਰਧਾਲੂ ਦੇ ਚੱਟਣ ਲਈ ਨਮਕੀਨ ਵਾਲੀਆਂ ਥੈਲੀਆਂ, ਪੈਗ ਲਈ ਵਿਸ਼ੇਸ਼ ਤੌਰ 'ਤੇ ਪਾਣੀ ਵਾਲੀ ਟੂਟੀ ਹੈ। ਸ਼ਡਿਊਲ ਪੁੱਛਣ 'ਤੇ ਸਰਧਾਲੂ ਦੱਸਦੇ ਹਨ ਕਿ ਪਹਿਲਾ ਤਾਂ ਇਹ ਵਰਤਾਰਾ ਸਵੇਰ ਤੋਂ ਹੀ ਸ਼ੁਰੂ ਹੋ ਜਾਂਦਾ ਸੀ ਪਰ ਕਈ ਵਾਰ ਸ਼ਰਾਬੀਆਂ ਵੱਲੋਂ ਔਰਤ ਸਰਧਾਲੂ ਨੂੰ ਤੰਗ ਪ੍ਰੇਸ਼ਾਨ ਦੀਆਂ ਘਟਨਾਵਾਂ ਵਾਪਰਨ 'ਤੇ ਪ੍ਰਬੰਧਕ ਕਮੇਟੀ ਨੇ ਇਹ ਸਮਾਂ ਅਤੇ ਹੋਰ ਸ਼ਰਤਾਂ ਨਿਸ਼ਚਿਤ ਕਰ ਦਿੱਤੀਆਂ। ਪਿਆਲਾ ਵਰਤਾਉਂਣ ਦਾ ਸਮਾਂ ਗਰਮੀਆਂ ਵਿੱਚ 6 ਤੋਂ 8 ਵਜ਼ੇ, ਸਰਦੀਆਂ ਵਿੱਚ 5 ਤੋਂ 7 ਵਜੇ ਤੱਕ, ਪਰੰਤੂ ਬਾਹਰਲੇ ਸਰਧਾਲੂ ਲਈ ਇਸ ਮਾਮਲੇ ਵਿੱਚ ਵਿਸ਼ੇਸ਼ ਰਿਆਇਤਾਂ ਦਿੰਦਿਆਂ ਖੁੱਲਾਂ ਸਮਾਂ ਦਿੱਤਾ ਹੈ। ਇਸ ਪਿੰਡ ਤੋਂ ਇਲਾਵਾ ਨੇੜਲੇ ਪਿੰਡਾਂ ਜਿਵੇਂ ਕੋਟਲੀ, ਗੰਗਾ, ਦਾਨ ਸਿੰਘ ਵਾਲਾ ਆਦਿ ਪਿੰਡਾਂ ਦੇ ਪਿਆਕੜ ਵੀ ਸ਼ਰਾਬ ਦਾ ਮੁਫ਼ਤ ਪ੍ਰਸ਼ਾਦ ਲੈਣ ਲਈ ਆਉਂਦੇ ਹਨ। ਇੱਕ ਨੇੜੇ ਬਣੀ ਛੋਟੀ ਜਿਹੀ ਸਮਾਧ ਵਿੱਚ ਚਰਾਗ ਲਗਾਏ ਜਾਂਦੇ ਹਨ। ਜਿਨ੍ਹਾਂ ਦੀ ਰਾਖ਼ ਨੂੰ ਕਰਾਮਾਤਾਂ ਅਤੇ ਇਲਾਜਾਂ ਲਈ ਚੰਗਾ ਮੰਨ ਕੇ ਲੋਕ ਆਪਣੇ ਘਰਾਂ ਨੂੰ ਲੈ ਜਾਂਦੇ ਹਨ।

 ਸ਼ਰਧਾਲੂਆਂ ਅਨੁਸਾਰ ਅੱਧੀ ਕੁ ਸਦੀ ਪਹਿਲਾਂ ਦੀ ਗੱਲ ਹੈ। ਪਿਆਲੇ ਦਾ ਸ਼ੋਕੀਨ ਫ਼ੌਜ ਵਿੱਚੋਂ ਆਇਆ ਇੱਕ ਮਧੂ ਪ੍ਰਕਾਸ਼ ਨਾਂ ਦਾ ਫ਼ੌਜੀ ਨੇੜਲੇ ਪਿੰਡ ਭਿੱਸੀਆਣਾ ਵਿੱਚ ਆ ਡੇਰੇ ਲਾਏ। ਟੂਣੇ ਟਾਮਣ ਕਰਕੇ ਆਪਣੇ ਕੰਮ ਚਲਾ ਲਿਆ ਜੇ ਕਿਸੇ ਦਾ ਕੰਮ ਹੋ ਗਿਆ ਤਾਂ ਸੇਵਾ ਪੁੱਛਣ 'ਤੇ ਫ਼ੌਜੀ ਬਾਬੇ ਨੇ ਕਹਿਣਾ ਲਿਆ ਬਈ ਭਗਤਾ ਬੋਤਲ। ਇਸ ਸ਼ਰਾਬ ਦੀ ਆਦਤ ਤੋਂ ਹੀ ਲੋਕਾਂ ਨੇ ਉਸ ਨੂੰ ਭੈਰੋ ਬਾਬਾ ਪਿਆਲਾ ਬਾਬਾ ਬਣਾ ਕੇ ਉਸ ਦੀ ਪੂਜਾ ਸ਼ੁਰੂ ਕਰਦਿਆ ਆਪਣੇ ਗਮ ਭੁਲਾਉਂਣ ਦਾ ਇੱਕ ਪੱਕਾ ਤਰੀਕਾ ਅਪਣਾ ਲਿਆ। ਇਸ ਦੌਰਾਨ ਹੀ ਅਚਾਨਕ ਪਿੰਡ ਵਿੱਚ ਮੂੰਹ ਖੁਰ ਦੀ ਬਿਮਾਰੀ ਕਾਰਣ ਪਸ਼ੂ ਮਰਨ ਲੱਗੇ। ਲੋਕਾਂ ਨੇ ਇਸ ਨੂੰ ਗੈਬੀ ਸ਼ਕਤੀ ਦਾ ਕਹਿਰ ਸਮਝਦਿਆ ਬਾਬੇ ਨੂੰ ਪਿੰਡ ਆਉਂਣ ਦੀ ਬੇਨਤੀ ਕੀਤੀ। ਭਗਤਾ ਦੀ ਫ਼ਰਿਆਦ ਸੁਣਦਿਆ ਹੀ ਬਾਬੇ ਉਕਤ ਸਮਾਧ ਕੋਲ ਡੇਰੇ ਆ ਲਾਏ, ਭਗਤਾਂ ਨੇ ਦੱਸਿਆ ਕਿ ਟੂਣਾ ਕਰਕੇ ਪਾਣੀ ਅਤੇ ਰਾਖ ਦਿੱਤੀ ਤਾਂ ਪਸ਼ੂ ਮਰਨੇ ਰੁਕ ਗਏ। ਸਰਧਾਲੂਆਂ ਅਨੁਸਾਰ 8-10 ਸਾਲਾਂ ਬਾਅਦ ਫ਼ੌਜੀ ਨੇ ਨੇੜਲੇ ਇਲਾਕੇ ਇੱਥੋਂ   6-7 ਕਿਲੋ ਮੀਟਰ ਦੂਰ ਕੋਠੀ ਛੱਪੜੀ ਵਾਲਾ ਵੱਲ ਚਾਲੇ ਪਾ ਦਿੱਤੇ ਅਤੇ ਉਸ ਥਾਂ ਵੀ ਇਸ ਬਾਬੇ ਨੇ ਬ੍ਰਾਚ ਸਥਾਪਤ ਕਰ ਦਿੱਤੀ। ਪਿੰਡ ਅਬਲੂ ਵਾਲੇ ਇਸ ਟਿੱਲੇ 'ਤੇ ਸਾਲ ਦੇ ਤਿੰਨ ਦਿਨ ਇਸ ਕਰਕੇ ਸ਼ਰਾਬ ਦਾ ਪਿਆਲ ਨਹੀਂ ਵਰਤਾਇਆ ਜਾਂਦਾ ਕਿਉਂਕਿ ਉਸ ਦਿਨ ਗੁਰੂ ਗ੍ਰੰਥ ਸਾਹਿਬ ਦਾ ਅਖ਼ੰਡ ਪਾਠ ਚੱਲਦਾ ਰਹਿੰਦਾ ਹੈ। ਕੁਝ ਸਾਲ ਪਹਿਲਾ ਤਾਂ ਬਿਲਕੁਲ ਸਮਾਧ ਉੱਤੇ ਹੀ ਪਾਠ ਹੁੰਦਾ ਸੀ, ਪਰ ਇੱਕ ਤਖ਼ਤ ਦੇ ਜਥੇਦਾਰ ਵੱਲੋਂ ਸਖ਼ਤੀ ਨਾਲ ਰੌਕਣ 'ਤੇ ਇਸ ਪਾਠ ਦੂਰ ਦਾਣਾ ਮੰਡੀ ਵਿੱਚ ਕਰਵਾਇਆ ਜਾਂਦਾ ਹੈ।
ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਵਰਕਿੰਗ ਕਮੇਟੀ ਮੈਂਬਰ ਸ੍ਰੀ ਮਹੀਪਾਲ ਨੇ ਇਸ ਵਰਤਾਰੇ ਨੂੰ ਸਮੁੱਚੇ ਢਾਚੇ ਨਾਲ ਜੋੜਦਿਆ ਕਿਹਾ ਕਿ ਇੱਥੇ ਇਹ ਤੱਥ ਨਹੀਂ ਭੁਲਾਉਣਾ ਚਾਹੀਦਾ ਕਿ ਵਸੋਂ ਦੇ ਇੱਕ ਖਾਸੇ ਹਿੱਸੇ ਦੀ ਆਗਿਆਨਤਾ, ਪਛੜੇਵਾ ਜਾਂ ਅੰਧਵਿਸ਼ਵਾਸਾਂ ਵਿੱਚ ਫਸੇ ਹੋਣ ਉਨ੍ਹਾਂ ਲੋਕਾਂ ਦੀਆਂ ਆਰਥਿਕ-ਸਮਾਜਿਕ ਸਥਿਤੀਆਂ ਨਾਲੋਂ ਨਿਖੇੜ ਕੇ ਨਹੀਂ ਦੇਖਿਆ ਜਾ ਸਕਦਾ। ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਜਾਂ ਤਾ ਲੋਕਾਂ ਦੀ ਪੈਸ਼ੇ ਖ਼ਰਚਨ ਕਰਨ ਦੀ ਸਮਰੱਥਾ ਨਾਲ ਜੁੜਿਆ ਹੋਇਆ ਹੈ ਜਾਂ ਫਿਰ ਸਮੇਂ ਦੀਆਂ ਸਰਕਾਰਾਂ ਦੀ ਇਸ ਪੱਖੋਂ ਲੋਕਾਂ ਨੂੰ ਉਕਤ ਸਹੂਲਤਾਂ ਪ੍ਰਦਾਨ ਕਰਨ ਦੀ ਨੇਕ ਨੀਅਤੀ ਨਾਲ। ਜੇ ਸਰਕਾਰਾਂ ਦੀ ਗੱਲ ਕਰੀਏ ਤਾਂ ਉਕਤ ਪਰਿਪੇਖ ਦੀ ਤਸਵੀਰ ਮੁਕੰਮਲ ਕਾਲੀ ਨਜ਼ਰ ਆਉਂਦੀ ਹੈ ਅਤੇ ਹਰ ਰੰਗ ਦੀ ਸਰਕਾਰ ਸਿੱਖਿਆ ਅਤੇ ਸਿਹਰਤ ਸਹੂਲਤਾਂ ਤੋਂ ਭੱਜ ਚੁੱਕੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਹੀ ਬੱਸ ਨਹੀਂ ਉਕਤ ਲੋਕ ਅਨੂਸੁਚਿਤ ਜਾਤੀਆਂ ਨਾਲ ਸਬੰਧਤ ਹੋਛ ਕਾਰਣ ਸਦੀਆਂ ਤੋਂ ਸਮਾਜਿਕ ਪੱਖੋਂ ਵੀ ਲਿਤਾੜੇ ਹੋਏ ਹਨ। ਇਸੇ ਆਰਥਿਕ ਸਮਾਜਿਕ ਸ਼ੋਸ਼ਣ ਕਾਰਣ ਇਸ ਵੱਸੋਂ ਦੀ ਜਥੇਬੰਦ ਹੋਣ ਅਤੇ ਜਮੂਹਰੀ ਲੀਹਾਂ 'ਤੇ ਚੇਤੰਨ ਸੰਘਰਸ਼ ਕਰਨ ਦੀ ਸਮਰੱਥਾ ਘਟੀ ਹੈ। ਇੱਥੇ ਇਹ ਵੀ ਨੋਟ ਕਰਨਾ ਬਣਦਾ ਹੈ ਕਿ ਕੁਝ ਲੋਕ ਇਸ ਹਿੱਸੇ ਨੂੰ ਸਮੁੱਚੇ ਸਰਵਪੱਖੀ ਵਿਕਾਸ ਦੇ ਸੰਘਰਸ਼ ਨਾਲੋਂ ਨਿਖੇੜ ਕੇ ਕੇਵਲ ਜਾਤਪਾਤ ਜਾਂ ਰਖਵਾਂਕਰਣ ਆਦਿ ਮੁੱਦਿਆਂ ਤੱਕ ਹੀ ਸੀਮਤ ਕਰਨਾ ਚਾਹੁੰਦੇ ਹਨ।   

Comments

Dalip Singh Wasan

We are known as a country of beggars. It must be accepted that the beggars are on higher side. We had been enacting laws prohibiting beggary, but the people are very clever and they had been inventing new methods. All these so called sai...nts, sadhus, people running religious institutions, people taking up begging as a profession, trade, calling and employment are beggars. All those who are able to work and earn, but do not earn are dependants on others, they too are beggars. All those who are taking bribe, indulging in scams, scandals, muddles and taking commissions or dalali on government deals are also beggars. We cannot call children and elders who are not able to earn beggars. They must be maintained by the earning members of the family, but all others must be dealt with under the law and must be punished and if they have collected something extra, that should be identified and confiscated without any further delay. This process of confiscation would lower the number of beggars as defined above.

jaspal singh jassi

good job Baljinder 22..

Baldeep Singh

It's really a heart-rending accout of horrible misery of our people,in fact,lesser human beings.Baljinder's article may jolt d conscience of d people who r never tired of talking abt India's wndrful growth rate n its being future world-power.Yes, where r our Tarksheel friends?

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ