Thu, 18 April 2024
Your Visitor Number :-   6980685
SuhisaverSuhisaver Suhisaver

ਸਾਇੰਸ ਕਿੱਟਾਂ ਦੇ ਘੁਟਾਲੇ ਕਾਰਨ ਫਿਰ ਵਿਵਾਦਾਂ ’ਚ ਘਿਰਿਆ ਸਿੱਖਿਆ ਵਿਭਾਗ

Posted on:- 01-03-2014

-ਸ਼ਿਵ ਕੁਮਾਰ ਬਾਵਾ

ਹੁਸ਼ਿਆਰਪੁਰ:
ਕਿਤਾਬ ਘੁਟਾਲੇ ਤੋਂ ਬਾਅਦ ਹੁੱਣ ਸਾਇੰਸ ਕਿੱਟਾਂ ਦੇ ਘੁਟਾਲੇ ਨੇ ਅਕਾਲੀ-ਭਾਜਪਾ ਗਠਜੋੜ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਕੇ ਰੱਖ ਦਿੱਤੇ ਹਨ। ਪੰਜਾਬ ਦੇ10 ਜ਼ਿਲਿਆਂ ਵਿੱਚ ਸਥਿਤ ਸੈਂਕੜੇ ਸਰਕਾਰੀ ਹਾਈ /ਸੈਕੰਡਰੀ ਸਕੂਲਾਂ ਵਿੱਚ ਰਮਸਾ ਤਹਿਤ ਸਾਇੰਸ ਕਿੱਟਾਂ ਖਰੀਦਣ ਲਈ ਆਏ ਫੰਡਾਂ ਦੀ ਦੁਰਵਰਤੋਂ ਦਾ ਮਾਮਲਾ ਸਾਹਮਣੇ ਆਇਆ ਹੈ। ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗ ਸਾਇੰਸ ਅਧਿਆਪਕਾਂ ਦੀ ਰਾਇ ਲਏ ਬਿਨ੍ਹਾਂ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਸਦਕਾ ਘੱਟ ਮਿਆਰੀ ਤੇ ਵੱਧ ਕੀਮਤ ‘ਤੇ ਅੰਬਾਲੇ ਦੀਆਂ ਫ਼ਰਮਾਂ ਨੇ ਸਕੂਲਾਂ ‘ਚ ਸਾਇੰਸ ਕਿੱਟਾਂ ਭੇਜੀਆਂ। ਉਕਤ ਮਾਮਲੇ ਨੂੰ ਲੈ ਕੇ ਕਈ ਜਗ੍ਹਾ ‘ਤੇ ਅਧਿਆਪਕਾਂ ਵੱਲੋਂ ਵਿਰੋਧ ਕਰਨ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ।


ਪ੍ਰਾਪਤ ਜਾਣਕਾਰੀ ਅਨੁਸਾਰ ਰਮਸਾ ਅਧੀਨ ਪੱਤਰ ਨੰਬਰ ਆਰ ਐਮ ਐਸ ਏ /ਵਿੱਤ/2014 , ਮਿਤੀ 20/01/2014 ਤਹਿਤ ਇੱਕ ਲੱਖ ਰੁਪਏ ਦੀ ਗ੍ਰਾਂਟ ਪ੍ਰਤੀ ਸਕੂਲ ਪੰਜਾਬ ਦੇ ਜ਼ਿਲੇ ਬਠਿੰਡਾ, ਫਤਿਹਗੜ੍ਹ ਸਾਹਿਬ, ਫ਼ਾਜ਼ਿਲਕਾ, ਪਠਾਨਕੋਟ, ਹੁਸ਼ਿਆਰਪੁਰ, ਮਾਨਸਾ, ਐੱਸ.ਐੱਸ.ਨਗਰ, ਨਵਾਂ ਸ਼ਹਿਰ, ਪਟਿਆਲਾ ਅਤੇ ਤਰਨ ਤਾਰਨ ਆਦਿ ਵਿਖੇ ਵੱਖ-ਵੱਖ ਸਰਕਾਰੀ ਹਾਈ/ਸੈਕੰਡਰੀ ਸਕੂਲ ਵਿੱਚ 9ਵੀਂ ਤੇ 10ਵੀਂ ਜਮਾਤ ਦੇ ਸਿਲੇਬਸ ਅਨੁਸਾਰ ਪ੍ਰੈਕਟਿਕਲ ਨੂੰ ਧਿਆਨ ਵਿੱਚ ਰੱਖਦੇ ਹੋਇਆਂ ਸਕੂਲ ਪੱਧਰ ‘ਤੇ ਸਰਕਾਰੀ ਨਿਯਮਾਂ ਅਨੁਸਾਰ ਕੁਟੇਸ਼ਨਾਂ ਰਾਹੀਂ ਸਾਇੰਸ ਕਿੱਟਾਂ ਖਰੀਦਣ ਲਈ ਜ਼ਾਰੀ ਕੀਤੀ ਗਈ। ਜਿਸ ਦੇ ਤਹਿਤ ਜ਼ਿਲਾ ਹੁਸ਼ਿਆਰਪੁਰ ਵਿੱਚ 85 ਸਰਕਾਰੀ ਹਾਈ/ਸੈਕੰਡਰੀ ਸਕੂਲਾਂ ਨੂੰ ਇਹ ਗ੍ਰਾਂਟ ਜ਼ਾਰੀ ਹੋਈ।

ਇਸ ਪੱਤਰ ਦੇ ਅਨੁਸਾਰ ਇਨ੍ਹਾਂ ਸਾਇੰਸ ਕਿੱਟਾਂ ਦੀ ਖਰੀਦੋ-ਫਰੋਖ਼ਤ ਸਬੰਧਤ ਸਕੂਲ ਮੁਖੀ ਅਤੇ ਸਾਇੰਸ ਅਧਿਆਪਕਾਂ ਵੱਲੋਂ ਆਪਣੀ ਪੱਧਰ ‘ਤੇ ਕਰਕੇ ਮਿਤੀ 31/01/2014 ਤੱਕ ਵਰਤੋਂ ਸਰਟੀਫਿਕੇਟ ਸਿੱਖਿਆ ਵਿਭਾਗ ਨੂੰ ਭੇਜਣਾ ਲਾਜ਼ਮੀ ਸੀ। ਪਰ ਇਸ ਦੇ ਉਲਟ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਪੱਤਰ ਦੀਆਂ ਹਦਾਇਤਾਂ ਨੂੰ ਨਜ਼ਰ ਅੰਦਾਜ਼ ਕਰਦੇ ਹੋਇਆਂ ਸਿੱਧੇ ਤੌਰਤੇ ਅੰਬਾਲੇ ਦੀਆਂ ਕੰਪਨੀਆਂ ਵੱਲੋਂ ਸਕੂਲਾਂ ਵਿੱਚ ਸਾਇੰਸ ਕਿੱਟਾਂ ਭੇਜ ਦਿੱਤੀਆਂ ਗਈਆਂ ਹਨ। ਜਿਨ੍ਹਾਂ ਵਿੱਚੋਂ ਕਈ ਕੰਪਨੀਆਂ ਨੇ ਤਾਂ ਭੇਜੀਆਂ ਗਈਆਂ ਸਾਇੰਸ ਕਿੱਟਾਂ ਦੇ ਨਾਲ ਬਿੱਲ ਰਸੀਦ ‘ਚ ਆਈਟਮਾਂ ਦੀ ਗਿਣਤੀ ਤੇ ਹੱਥ ਲਿਖਿਆ ਬਿੱਲ, ਬਿਨ੍ਹਾਂ ਪ੍ਰਤੀ ਆਈਟਮ ਬਿੱਲ ਤੋਂ ਭੇਜਿਆ ਗਿਆ ਹੈ। ਇਨ੍ਹਾਂ ਕੰਪਨੀਆਂ ਵੱਲੋਂ ਸਕੂਲਾਂ ਵਿੱਚ ਭੇਜੀਆਂ ਗਈਆਂ ਸਾਇੰਸ ਕਿੱਟਾਂ ‘ਚ ਸ਼ਾਮਿਲ 176 ਆਈਟਮਾਂ ਵਿੱਚੋਂ 55 ਦੇ ਕਰੀਬ ਆਈਟਮਾਂ ਜਿੰਵੇ ਡਿਸੈਕਸ਼ਨ ਬਾਕਸ ਸੈੱਟ, ਸੈਂਟ੍ਰੀਫਿਊਗ ਮਸ਼ੀਨ,ਪੇਪਰ ਕਰੋਮੋਟੋਗ੍ਰਾਫੀ, ਆਇਰਨ ਸਟੈਂਡ , ਪੋਟੈਂਸ਼ੋਮੀਟਰ ਸਟੈਂਡ, ਮੀਟਰ ਬਰਿੱਜ਼ ਅਪ੍ਰੇਰਟਸ, ਸੋਨੋ ਮੀਟਰ ਆਦਿ ਆਈਟਮਾਂ 9ਵੀਂ-10ਵੀਂ ਪੱਧਰ ਦੇ ਵਿਦਿਆਰਥੀਆਂ ਦੀ ਬਜਾਇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੇ ਪੱਧਰ ਦਾ ਸਮਾਨ ਹੀ ਭੇਜ ਦਿੱਤਾ ਗਿਆ। ਜਦਕਿ 10 ਦੇ ਕਰੀਬ ਆਈਟਮਾਂ ਇਹੋ ਜਿਹੀਆਂ ਹਨ ਜੋ ਬੀ.ਐੱਸ.ਸੀ. ਪੱਧਰ ਦੇ ਵਿਦਿਆਰਥੀਆਂ ਦੇ ਵਰਤੋਂ ਯੋਗ ਹਨ। ਜ਼ਿਆਦਾਤਰ ਆਇਟਮਾਂ ਦੀ ਕੀਮਤ ਬਾਜ਼ਾਰ ਦੀ ਕੀਮਤ ਨਾਲ 10 ਗੁਣਾ ਵੱਧ ਹੈ। ਜਿੰਵੇ ਮਾਪਣ ਵਾਲਾ ਸਿਲੰਡਰ 250 ਐਮ ਐੱਲ ਜਿਸਦੀ ਬਾਜ਼ਾਰ ਕੀਮਤ 100 ਰੁਪਏ ਹੈ , ਜਦਕਿ ਕੰਪਨੀਆਂ ਵੱਲੋਂ ਦਿੱਤੀ ਰੇਟ ਲਿਸਟ ਵਿੱਚ ਇਸ ਦੀ ਕੀਮਤ 745 ਰੁਪਏ ਲਿਖੀ ਗਈ ਹੈ।

ਇਸੇ ਤਰ੍ਹਾਂ ਫਿਲਟਰ ਪੇਪਰ ਦੀ ਬਜ਼ਾਰ ‘ਚ ਕੀਮਤ 25 ਰੁ.ਪ੍ਰਤੀ ਪੈਕਟ ਹੈ ਪਰ ਕੰਪਨੀਆਂ ਵੱਲੋਂ ਇਸਦੀ ਕੀਮਤ 250 ਰੁਪਏ ਪ੍ਰਤੀ ਪੈਕਟ ਨਿਸ਼ਚਿਤ ਕੀਤੀ ਗਈ ਹੈ, ਟਿਉਨਿੰਗ ਫੋਰਕ ਸੈਂਟ ਜਿਸਦੀ ਕੀਮਤ ਬਜ਼ਾਰੀ ਕੀਮਤ 25 ਰੁਪਏ ਪ੍ਰਤੀ ਸੈੱਟ ਜਦਕਿ ਕੰਪਨੀ ਵੱਲੋਂ 350 ਰੁਪਏ ਪ੍ਰਤੀ ਸੈੱਟ ਨਿਰਧਾਰਿਤ ਕੀਤੀ ਗਈ ਹੈ। ਜਾਣਕਾਰਾਂ ਅਨੁਸਾਰ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸਰਕਾਰੀ ਸਕੂਲਾਂ ਵਿੱਚ ਭੇਜੀ ਗਈ ਇੱਕ ਲੱਖ ਰੁਪਏ ਦੀ ਸਾਇੰਸ ਕਿੱਟ ਸਕੂਲ ਅਧਿਆਪਕ ਆਪਣੀ ਪੱਧਰ ‘ਤੇ 35 ਹਜ਼ਾਰ ਰੁਪਏ ਦੇ ਕਰੀਬ ਖਰਚ ਕਰਕੇ 9ਵੀਂ-10ਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਿਲੇਬਸ ਅਨੁਸਾਰ ਵਧੀਆ ਸਾਇੰਸ ਕਿੱਟ ਮੁਹੱਇਆ ਕਰਵਾ ਸਕਦੇ ਸਨ। ਇਸ ਤੋਂ ਸਹਿਜ ਹੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਂੱਕਲੇ ਜ਼ਿਲਾ ਹੁਸ਼ਿਆਰਪੁਰ ਵਿੱਚ ਹੀ ਸਿੱਖਿਆ ਅਧਿਕਾਰੀਆਂ ਨੇ ਲੱਖਾਂ ਰੁਪਏ ਸਾਇੰਸ ਕਿੱਟਾਂ ਦੀ ਖਰੀਦੋ-ਫਰੋਖਤ ‘ਚ ਖੁਰਦ-ਬੁਰਦ ਕਰ ਦਿੱਤੇ ਹਨ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਈ ਸਕੂਲਾਂ ਵਿੱਚ ਸਾਇੰਸ ਅਧਿਆਪਕਾਂ ਵੱਲੋਂ ਇਨ੍ਹਾਂ ਮਹਿੰਗੀਆਂ ਤੇ ਘੱਟ ਮਿਆਰੀ ਸਾਇੰਸ ਕਿੱਟਾਂ ਦਾ ਵਿਰੋਧ ਕਰਨ ‘ਤੇ ਸਕੂਲ ਮੁਖੀਆਂ ਨੇ ਸਿੱਖਿਆ ਅਧਿਕਾਰੀਆਂ ਅਤੇ ਸਬੰਧਤ ਕੰਪਨੀਆਂ ਨਾਲ ਗੱਲਬਾਤ ਕਰ ਮਾਮਲੇ ਨੂੰ ਮੀਡੀਆ ਦੀਆਂ ਸੁਰਖੀਆਂ ਤੋਂ ਬਚਾਉਣ ਲਈ ਉਨ੍ਹਾਂ ਦੀ ਲੋੜ ਅਨੁਸਾਰ ਸਮਾਨ ਮੰਗਵਾਉਣ ਦੇ ਦਿਲਾਸੇ ਦਿੱਤੇ ਹਨ ।

ਇਸ ਸਬੰਧ ਵਿੱਚ ਡੀ ਜੀ ਐਸ ਈ ਕੁਮਾਰ ਰਾਹੁਲ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਈ ਵਾਰ ਉਨ੍ਹਾਂ ਦਾ ਫੋਨ ਕਰਨ ਦੇ ਬਾਵਜੂਦ ਊਨ੍ਹਾਂ ਵੱਲੋਂ ਫੋਨ ਨਹੀਂ ਚੱੁਕਿਆ ਗਿਆ। ਇਸ ਸਬੰਧੀ ਸਿੱਖਿਆ ਸੱਕਤਰ ਅੰਜਲੀ ਭਾਂਵੜਾ ਨਾਲ ਗੱਲਬਾਤ ਕਰਨ ‘ਤੇ ਉਨ੍ਹਾਂ ਇਸ ਮਾਮਲੇ ‘ਤੇ ਆਪਣਾ ਪੱਲਾ ਝਾੜ੍ਹ ਦੇ ਹੋਇਆਂ ਕੋਈ ਵੀ ਜਵਾਬ ਦਿੱਤੇ ਬਗੈਰ ਫੋਨ ਕੱਟ ਦਿੱਤਾ। ਇਸ ਸਬੰਧ ‘ਚ ਜ਼ਿਲਾ ਸਾਇੰਸ ਸੁਪਰਵਾਇਜ਼ਰ ਨਾਲ ਗੱਲਬਾਤ ਕਰਨ ‘ਤੇ ਉਨ੍ਹਾਂ ਸਰਕਾਰੀ ਹਾਈ/ਸੈਕੰਡਰੀ ਸਕੂਲਾਂ ‘ਚ ਸਾਇੰਸ ਕਿੱਟਾਂ ਖਰੀਦਣ ਸਬੰਧੀ ਇੱਕ ਲੱਖ ਰੁਪਏ ਪ੍ਰਤੀ ਸਕੂਲ ਗ੍ਰਾਂਟ ਆਉਣ ਦੀ ਗੱਲ ਕਬੂਲ ਕੀਤੀ । ਪਰ ਖਰੀਦੋ-ਫਰੋਖਤ ਸਬੰਧੀ ਸਾਰੀ ਜਿੰਮੇਵਾਰੀ ਸਕੂਲ ਮੁਖੀਆਂ ਦੀ ਦੱਸੀ।

ਜਦੋਂ ਇਸ ਸਬੰਧ ‘ਚ ਸ਼ਿਵ ਕੁਮਾਰ ਸੂਬਾ ਜਨਰਲ ਸਕੱਤਰ ਜੀ ਟੀ ਯੂ, ਜਸਵੀਰ ਤਲਵਾੜਾ ਸੂਬਾ ਜਨਰਲ ਸਕੱਤਰ ਤੇ ਵਰਿੰਦਰ ਵਿੱਕੀ ਬੀ.ਐੱਡ.ਆਧਿਆਪਕ ਫਰੰਟ ਪੰਜਾਬ ਅਤੇ ਚੌਧਰੀ ਰਾਮ ਭਜਨ ਸੂਬਾ ਪ੍ਰਧਾਨ ਐਸਐਸਏ/ਰਮਸਾ/ਸੀਐਸਐਸ ਯੂਨੀਅਨ ਪੰਜਾਬ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸਾਇੰਸ ਕਿੱਟਾਂ ਸਕੂਲ ਪ੍ਰਬੰਧਕ ਕਮੇਟੀਆਂ ਦੁਆਰਾ ਆਪਣੀ ਮਰਜ਼ੀ ਨਾਲ ਖਰੀਦੀਆਂ ਜਾਣੀਆਂ ਸਨ ਪ੍ਰੰਤੂ ਰਾਜਨੀਤੀਵਾਨਾਂ ਤੇ ਉੱਚ ਅਧਿਕਾਰੀਆਂ ਦੁਆਰਾ ਅੰਬਾਲਾ ਦੀ ਕੰਪਨੀ ਨਾਲ ਕਥਿਤ ਮਿਲੀਭੁਗਤ ਰਾਹੀਂ ਸਕੂਲਾਂ ਵਿੱਚ ਸਰਕਾਰੀ ਨਿਯਮਾਂ ਦੀ ਅਣਦੇਖੀ ਕਰ ਭੇਜੀਆਂ ਘੱਟ ਮਿਆਰੀ ਤੇ ਵਾਧੂ ਕੀਮਤ ਵਾਲੀਆਂ ਇਨ੍ਹਾਂ ਸਾਇੰਸ ਕਿੱਟਾਂ ‘ਚ ਭਿ੍ਰਸ਼ਟਾਚਾਰ ਦੀ ਬੂ ਆ ਰਹੀ ਹੈ। ਜਿਸ ਦਾ ਪੰਜਾਬ ਦੀਆਂ ਸੰਘਰਸ਼ੀਲ ਅਧਿਆਪਕ ਜੱਥੇਬੰਦੀਆਂ ਵੱਲੋਂ ਪਹਿਲਾਂ ਵੀ ਵਿਰੋਧ ਕੀਤਾ ਜਾਂਦਾ ਰਿਹਾ ਹੈ ਤੇ ਹੁੱਣ ਵੀ ਕੀਤਾ ਜਾਵੇਗਾ। ਅਧਿਆਪਕ ਆਗੂਆਂ ਨੇ ਇਸ ਘੁਟਾਲੇ ਦੀ ਜਾਂਚ ਕਿਸੇ ਨਿਰਪੱਖ ਏਜੰਸੀ ਤੋਂ ਕਰਵਾਉਣ ਦੀ ਮੰਗ ਕੀਤੀ।

Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ