Fri, 19 April 2024
Your Visitor Number :-   6985230
SuhisaverSuhisaver Suhisaver

ਬਿਨਾਂ ਸਟਾਫ ਅਤੇ ਡਾਕਟਰਾਂ ਤੋਂ ਰੋਜ਼ਾਨਾ ਖੁੱਲ੍ਹਕੇ ਬੰਦ ਹੋ ਜਾਂਦੈ ਜੇਜੋਂ ਦੋਆਬਾ ਦਾ ਸਰਕਾਰੀ ਹਸਪਤਾਲ

Posted on:- 10-01-2015

suhisaver

ਕਰੋੜਾਂ ਰੁਪਏ ਖਰਚਕੇ ਬਣਾਈ ਇਮਾਰਤ ਖੰਡਰ ਬਣਕੇ ਬਣੀ ਪ੍ਰੇਮੀ ਜੋੜਿਆਂ ਅਤੇ ਨਸ਼ੱਈਆਂ ਦਾ ਅੱਡਾ

- ਸ਼ਿਵ ਕੁਮਾਰ ਬਾਵਾ

ਮਾਹਿਲਪੁਰ: ਕੰਢੀ ਖਿੱਤੇ ਦੇ 25 ਪਿੰਡਾਂ ਦੇ ਲੋਕਾਂ ਲਈ ਵਧੀਆ ਸਿਹਤ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਵਲੋਂ ਇਤਿਹਾਸਿਕ ਪਿੰਡ ਜੇਜੋਂ ਦੋਆਬਾ ਵਿਖੇ ਦੋ ਕਰੋੜ ਤੋਂ ਵੱਧ ਰੁਪਏ ਖਰਚ ਕਰਕੇ ਬਣਵਾਏ ਗਏ 30 ਬਿਸਤਰਿਆਂ ਦਾ ਹਸਪਤਾਲ ਇਥੋਂ ਦੇ ਲੋਕਾਂ ਲਈ ਚਿੱਟਾ ਹਾਥੀ ਬਣਕੇ ਰਹਿ ਗਿਆ ਹੈ। ਇਸ ਸਿਹਤ ਕੇਂਦਰ ਦੀ ਵਧੀਆ ਇਮਾਰਤ ਅੰਦਰ ਲੱਖਾਂ ਰੁਪਏ ਦੀਆਂ ਸਿਹਤ ਨਾਲ ਸਬੰਧਤ ਸਮਾਨ ਤਾਂ ਹੈ ਪ੍ਰੰਤੂ ਇਥੇ ਪਿੱਛਲੇ ਲੰਬੇ ਸਮੇਂ ਤੋਂ ਕੋਈ ਵੀ ਸਰਕਾਰੀ ਡਾਕਟਰ ਜਾਂ ਕਰਮਚਾਰੀ ਨਾ ਹੋਣ ਕਾਰਨ ਜੰਗਾਲ ਲੱਗਣ ਕਾਰਨ ਖਰਾਬ ਅਤੇ ਆਲੀਸ਼ਾਨ ਇਮਾਰਤ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ। ਅੱਜ ਪਿੰਡ ਦੇ ਲੋਕਾਂ ਨੇ ਪੰਚਾਇਤ ਮੈਂਬਰਾਂ ਅਤੇ ਸਰਪੰਚ ਦੀ ਹਾਜ਼ਰੀ ਵਿਚ ਦੱਸਿਆ ਕਿ ਉਹਨਾਂ ਦੇ ਪਿੰਡ ਦਾ ਉਕਤ ਹਸਪਤਾਲ ਸਰਾਪ ਬਣਕੇ ਰਹਿ ਗਿਆ ਹੈ ਅਤੇ ਡਾਕਟਰ ਨਾ ਹੋਣ ਕਾਰਨ ਇਸਦੀ ਇਮਾਰਤ ਅਕਸਰ ਹੀ ਬੰਦ ਰਹਿੰਦੀ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਉਕਤ ਹਸਪਤਾਲ ਵਿਚ ਤੁਰੰਤ ਸਟਾਫ ਅਤੇ ਲੋੜੀਦੇ ਡਾਕਟਰ ਭੇਜੇ ਜਾਣ ਕਿਉਕ ਜਣੇਪਾ ਕੇਸਾਂ ਕਾਰਨ ਪਿੰਡਾਂ ਦੇ ਲੋਕਾਂ ਨੂੰ ਇਥੇ ਆਵਾਜਾਈ ਦਾ ਵੀ ਕੋਈ ਸਾਧਨ ਨਾ ਹੋਣ ਕਾਰਨ ਬੜੀ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਪਿੰਡ ਦੇ ਵਸਨੀਕ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਦੇ ਭਰਾ ਅਸ਼ਵਨੀ ਕੁਮਾਰ ਖੰਨਾ ਦਾ ਕਹਿਣ ਹੈ ਕਿ ਸਾਡੀ ਆਪਣੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਸਾਡੇ ਪਿੰਡ ਦੇ ਸਰਕਾਰੀ ਸਿਹਤ ਕੇਂਦਰ ਲਈ ਸਿਹਤ ਵਿਭਾਗ ਕੋਲ ਸਟਾਫ ਅਤੇ ਡਾਕਟਰ ਨਹੀਂ ਹਨ ਤਾਂ ਬਾਕੀ ਪਿੰਡਾਂ ਦੇ ਹਸਪਤਾਲਾਂ ਦਾ ਕੀ ਹਾਲ ਹੋਵੇਗਾ?

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਪਿੰਡ ਜੇਜੋਂ ਦੋਆਬਾ ਦੀ ਸਰਪੰਚ ਕੁਲਵਿੰਦਰ ਕੌਰ, ਸਾਬਕਾ ਸਰਪੰਚ ਪ੍ਰਵੀਨ ਕੁਮਾਰ ਸੋਨੀ , ਗੋਪਾਲ ਕ੍ਰਿਸ਼ਨ, ਰਮਨਦੀਪ ਕੌਰ ਬੈਂਸ, ਰਤਨ ਚੰਦ ਭੁੂਪਿੰਦਰਪਾਲ ਅਤੇ ਸਨੀਤਾ ਰਾਣੀ ਨੇ ਪਿੰਡ ਦੇ ਲੋਕਾਂ ਦੀ ਹਾਜਰੀ ਵਿਚ ਦੱਸਿਆ ਕਿ ਉਹਨਾਂ ਦੇ ਪਿੰਡ ਦਾ ਸਿਹਤ ਕੇਂਦਰ ਬਹੁਤ ਪੁਰਾਣਾ ਹੈ ਪ੍ਰੰਤੂ ਇਥੇ ਕਦੇ ਵੀ ਕੋਈ ਪੱਕੇ ਤੌਰ ਤੇ ਸਟਾਫ ਅਤੇ ਡਾਕਟਰ ਨਾ ਹੋਣ ਕਾਰਨ ਸਿਹਤ ਕੇਂਦਰ ਦੀ ਇਮਾਰਤ ਅਤੇ ਰਿਹਾਇਸ਼ੀ ਕਮਰੇ ਖੰਡਰ ਬਣ ਗਏ ਅਤੇ 1984 ਵਿਚ ਲੱਖਾਂ ਰੁਪਏ ਖਰਚ ਕਰਕੇ ਤਿਆਰ ਕੀਤੀ ਇਮਾਰਤ ਨੂੰ ਅਣਸੁਰੱਖਿਅਤ ਐਲਾਨ ਦਿੱਤਾ ਗਿਆ ਅਤੇ ਕਰੋੜਾਂ ਰੁਪਏ ਖਰਚ ਕਰਕੇ ਇਸ ਹਸਪਤਾਲ ਨੂੰ ਨਵੀਂ ਇਮਾਰਤ ਤਿਆਰ ਕਰਕੇ 30 ਬਿਸਤਰਿਆਂ ਦਾ ਬਣਾ ਦਿੱਤਾ ਗਿਆ। ਉਹਨਾਂ ਦੱਸਿਆ ਕਿ ਪਿੰਡ ਦੀ ਇਤਹਾਸਿਕ ਮਹੱਤਤਾ ਕਾਰਨ ਉਸ ਵਕਤ ਸਿਹਤ ਵਿਭਾਗ ਵਲੋਂ ਡਾਕਟਰ ਅਤੇ ਸਟਾਫ ਵੀ ਭੇਜਿਆ ਗਿਆ ਪ੍ਰੰਤੂ ਕੁਝ ਕੁ ਮਹੀਨੇ ਠੀਕ ਠਾਕ ਰਹਿਣ ਉਪਰੰਤ ਹਸਪਤਾਲ ਦਾ ਸਟਾਫ ਅਤੇ ਡਾਕਟਰ ਇਥੋਂ ਬਦਲੀਆਂ ਕਰਵਾਕੇ ਚਲਦੇ ਬਣੇ। ਉਹਨਾਂ ਦੱਸਿਆ ਕਿ ਬਿਨਾ ਸਟਾਫ ਅਤੇ ਡਾਕਟਰਾਂ ਕਾਰਨ ਹਸਪਤਾਲ ਦੀ ਆਲੀਸ਼ਾਨ ਇਮਾਰਤ ਖੰਡਰ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਹਸਪਤਾਲ ਦੀ ਸਰਕਾਰ ਵਲੋਂ ਅਣਸੁਰੱਖਿਅਤ ਐਲਾਨੀ ਇਮਾਰਤ ਐਸ਼ ਪ੍ਰਸਤੀ ਕਰਨ ਵਾਲੇ ਪ੍ਰਮੀ ਜੋੜਿਆਂ ਸਮੇਤ ਨਸ਼ੱਈਆਂ ਦਾ ਅੱਡਾ ਬਣ ਗਈ ਹੈ।

ਪਿੰਡ ਦੇ ਸਾਬਕਾ ਸਰਪੰਚ ਪ੍ਰਵੀਨ ਕੁਮਾਰ ਸੋਨੀ ਨੇ ਦੱਸਿਆ ਕਿ ਹਸਪਤਾਲ ਵਿਚ ਇਕ ਹੀ ਡਾਕਟਰ ਨਿਸ਼ਾਂਤ ਕੁਮਾਰ ਸਨ ਜੋ ਹੁਸ਼ਿਆਰਪੁਰ ਤੋਂ ਆਉਂਦੇ ਸਨ। ਉਹਨਾਂ ਦਾ ਮਹੀਨਾ ਪਹਿਲਾਂ ਵਿਆਹ ਸੀ ਤੇ ਉਹ ਲੱਗਭਗ ਇਕ ਮਹੀਨੇ ਤੋਂ ਹੀ ਛੁੱਟੀ ਤੇ ਹਨ। ਸਿਹਤ ਵਿਭਾਗ ਵਲੋਂ ਉਹਨਾਂ ਦੀ ਥਾਂ ਅੱਜ ਤੱਕ ਵੀ ਕੋਈ ਇਥੇ ਡਾਕਟਰ ਦਾ ਬਦਲਵਾਂ ਪ੍ਰਬੰਧ ਨਹੀਂ ਕੀਤਾ। ਇਸ ਤੋਂ ਇਲਾਵਾ ਇਥੇ ਇਸ ਵਕਤ ਕੋਈ ਵੀ ਸਟਾਫ ਨਰਸ ਨਹੀਂ ਹੈ ਜਿਹੜੀ ਨਰਸ ਅਤੇ ਏ ਐਨ ਐਮ ਸਨ ਉਹ ਵੀ ਕਿਸੇ ਹੋਰ ਹਸਪਤਾਲ ਵਿਚ ਪੱਕੀ ਡਿਊਟੀ ਤੇ ਹਨ। ਆਰਜ਼ੀ ਤੌਰ ਤੇ ਉਹ ਇਥੇ ਕਦੇ ਕਦਾਈਂ ਹੀ ਆਉਂਦੀਆਂ ਹਨ। ਸਰਪੰਚ ਨੇ ਦੱਸਿਆ ਕਿ ਇਥੇ ਦਰਜਾ ਚਾਰ ਕਰਮਚਾਰੀ ਜੋਗਿੰਦਰਪਾਲ ਹੀ ਹਨ ਜਿਹੜੇ ਸਵੇਰ ਸ਼ਾਂਮ ਹਸਪਤਾਲ ਨੂੰ ਖੋਲ੍ਹਦੇ ਹਨ ਅਤੇ ਬੰਦ ਕਰਦੇ ਹਨ। ਇਕ ਸਫਾਈ ਸੇਵਕ ਹੈ ਜਿਸਦੀ ਇਸੇ ਮਹੀਨੇ ਸੇਵਾ ਮੁਕਤੀ ਹੋ ਰਹੀ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਸ ਹਸਪਤਾਲ ਵਿਚ ਕਿਸੇ ਵਕਤ ਹਰ ਰੋਜ 50 ਤੋਂ 150 ਮਰੀਜਾਂ ਦੀ ਚੈਕਅੱਪ ਹੁੰਦੀ ਸੀ। ਹਿਮਾਚਲ ਪ੍ਰਦੇਸ਼ ਦੀ ਹੱਦ ਨਾਲ ਲੱਗਦਾ ਹੋਣ ਕਰਕੇ ਇਸ ਹਸਪਤਾਲ ਵਿਚ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੇ ਪਿੰਡਾਂ ਦੇ ਲੋਕਾਂ ਤੋਂ ਇਲਾਵਾ, ਮਹਿਦੂਦ, ਗੱਜ਼ਰ, ਹਰਜੀਆਣਾ, ਲਸਾੜਾ, ਲਲਵਾਣ, ਖੰਨੀ ਸਮੇਤ ਇਲਾਕੇ ਦੇ 25 ਪਿੰਡਾਂ ਦੇ ਮਰੀਜ ਇਥੇ ਐਮਰਜੈਂਸੀ ਚੈਕਅਪ ਲਈ ਪੁੱਜਦੇ ਸਨ।

ਉਹਨਾਂ ਦੱਸਿਆ ਕਿ ਬਿਨਾ ਡਾਕਟਰਾਂ ਅਤੇ ਸਟਾਫ ਤੋਂ ਚੱਲ ਰਹੇ ਇਸ ਹਸਪਤਾਲ ਦਾ ਇਲਾਕੇ ਦੇ ਲੋਕਾਂ ਨੂੰ ਕੋਈ ਵੀ ਲਾਭ ਨਹੀਂ ਹੈ। ਹਸਪਤਾਲ ਦੀ ਕੋਈ ਵੀ ਸਾਂਭ ਸੰਭਾਲ ਨਾ ਹੋਣ ਕਾਰਨ ਹਸਪਤਾਲ ਗੰਦਗੀ ਦਾ ਘਰ ਬਣ ਚੁੱਕਾ ਹੈ। ਹਸਪਤਾਲ ਅੰਦਰ ਲੱਖਾਂ ਰੁਪਏ ਦਾ ਸਿਹਤ ਨਾਲ ਸਬੰਧਤ ਸਮਾਨ ਹੈ ਜਿਸਦੀ ਕਦੇ ਵਰਤੋਂ ਨਾ ਹੋਣ ਕਾਰਨ ਬਰਬਾਦ ਹੋ ਚੁੱਕਾ ਹੈ। ਦੁਆਈਆਂ ਵੀ ਲੱਗਭਗ ਖਰਾਬ ਹਨ। ਕਦੇ ਸਫਾਈ ਨਾ ਹੋਣ ਕਾਰਨ ਹਰ ਚੀਜ ਬੇਅਰਥ ਹੋ ਚੁੱਕੀ ਹੈ। ਪਿੰਡ ਦੀ ਪੰਚਾਇਤ ਨੇ ਸਰਕਾਰ ਅਤੇ ਸਿਹਤ ਵਿਭਾਗ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਥੇ ਇਕ ਹਫਤੇ ਦੇ ਅੰਦਰ ਅੰਦਰ ਸਰਕਾਰੀ ਡਾਕਟਰ ਜਾਂ ਲੋੜੀਦਾ ਸਟਾਫ ਨਾ ਭੇਜਿਆ ਗਿਆ ਤਾਂ ਪੰਚਾਇਤ ਹਸਪਤਾਲ ਦੀ ਉਕਤ ਇਮਾਰਤ ਨੂੰ ਜਿੰਦਰਾ ਲਗਾ ਦੇਵੇਗੀ।

ਇਸ ਸਬੰਧ ਵਿਚ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਉਹ ਇਸ ਸਬੰਧ ਵਿਚ ਸਿਹਤ ਵਿਭਾਗ ਹੁਸ਼ਿਆਰਪੁਰ ਨਾਲ ਸੰਪਰਕ ਕਰਕੇ ਡਾਕਟਰ ਅਤੇ ਸਟਾਫ ਦਾ ਪ੍ਰਬੰਧ ਕਰਵਾ ਰਹੇ ਹਨ। ਉਹਨਾਂ ਕਿਹਾ ਕਿ ਜਿਹੜਾ ਵੀ ਸਰਕਾਰੀ ਡਾਕਟਰ ਇਸ ਹਸਪਤਾਲ ਵਿਚ ਪੱਕੇ ਤੌਰ ਤੇ ਸੇਵਾ ਕਰਨ ਦਾ ਚਾਹਵਾਨ ਹੋਵੇ ਉਸ ਨੂੰ ਮੈਂ ਵਿਭਾਗ ਤੋਂ ਇਸ ਹਸਪਤਾਲ ਵਿਚ ਲਗਵਾ ਦਿਆਂਗਾ ਪ੍ਰੰਤੂ ਕੋਈ ਡਾਕਟਰ ਇਥੇ ਆਉਣ ਨੂੰ ਰਾਜੀ ਨਹੀਂ ਹੈ। ਦੂਸਰੇ ਪਾਸੇ ਸਿਹਤ ਵਿਭਾਗ ਦਾ ਕਹਿਣ ਹੈ ਕਿ ਉਕਤ ਮਾਮਲਾ ਵਿਭਾਗ ਦੇ ਧਿਆਨ ਵਿਚ ਹੈ। ਇਸ ਸਿਹਤ ਕੇਂਦਰ ’ਚ ਏ ਐਨ ਐਮ ਮੋਨਿਕਾ ਅਤੇ ਇਕ ਸਟਾਫ ਨਰਸ ਆਰਜੀ ਤੌਰ ਤੇ ਭੇਜੇ ਗਏ ਹਨ। ਡਾਕਟਰ ਦਾ ਵਿਆਹ ਹੋਣ ਕਰਕੇ ਉਹ ਛੁੱਟੀ ਤੇ ਸਨ, ਪ੍ਰੰਤੂ ਵਿਭਾਗ ਇਸਦਾ ਬਦਲਵਾਂ ਪ੍ਰਬੰਧ ਕਰ ਰਿਹਾ ਹੈ।

Comments

Sukhdev kahma

jaijjon vich land mafia te uhna de kafi agent rah rahe aa, uh kuch nahi kar rahe?menu lagda land mafia te uhna de jholi chukka to dar ke doctor bhaj jande aa

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ