Fri, 19 April 2024
Your Visitor Number :-   6985078
SuhisaverSuhisaver Suhisaver

ਇੱਟਾਂ ਨੂੰ ਕੀ ਕਰੀਏ ਜਦ 'ਤੇ ਤੁਰਨ ਵਾਲੇ ਗੱਭਰੂ ਹੀ ਨਾ ਰਹੇ - ਅਮਨਦੀਪ ਹਾਂਸ

Posted on:- 27-01-2017

suhisaver

ਇਹ ਪੰਜਾਬ ਵੀ ਮੇਰਾ ਹੈ??-2

(ਇਹਨਾਂ ਸੁੰਨੀਆਂ ਇੱਟਾਂ ਵਾਲੇ ਪਿੰਡਾਂ ਵਿੱਚ ਵੜਨ ਤੋਂ ਪਹਿਲਾਂ ਦੱਸ ਦੇਈਏ ਕਿ ਹਲਕਾ ਖੇਮਕਰਨ  ਵਿੱਚ ਮੁੱਖ ਮੁਕਾਬਲਾ- ਕਾਂਗਰਸ ਦੇ ਸੁਖਪਾਲ ਸਿੰਘ ਭੁੱਲਰ, ਆਪ ਦੇ ਬਿਕਰਮਜੀਤ ਸਿੰਘ ਅਤੇ ਗੱਠਜੋੜ ਦੇ ਵਿਰਸਾ ਸਿੰਘ ਵਲਟੋਹਾ ਦਰਮਿਆਨ ਹੈ।

ਹਲਕਾ ਪੱਟੀ ਵਿੱਚ ਮੁਕਾਬਲਾ ਕਾਂਗਰਸ ਦੇ ਹਰਮਿੰਦਰ ਸਿੰਘ ਗਿੱਲ, ਆਪ ਦੇ ਰਣਜੀਤ ਸਿੰਘ ਚੀਮਾ ਤੇ ਗੱਠਜੋੜ ਦੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਰਮਿਆਨ ਹੈ। ਇਹਨਾਂ ਹਲਕਿਆਂ ਵਿੱਚ ਪਿਛਲੀ ਵਿਧਾਨ ਸਭਾ ਚੋਣ ਵੇਲੇ ਤੇ ਲੋਕ ਸਭਾ ਚੋਣ ਵੇਲੇ ਜੀਹਨੇ ਵੀ ਬਾਦਲਕਿਆਂ ਦੀ ਵਿਰੋਧਤਾ ਕੀਤੀ ਸਭ 'ਤੇ ਕੋਈ ਨਾ ਕੋਈ ਪਰਚਾ ਦਰਜ ਹੈ।)

ਵਿਧਾਨ
ਸਭਾ ਹਲਕਾ ਖੇਮਕਰਨ ਦੇ ਕੁਝ ਪਿੰਡਾਂ ਦਾ ਦੌਰਾ ਕਰਦਿਆਂ ਸਾਫ ਮਹਿਸੂਸ ਹੋਇਆ ਕਿ ਇਥੇ ਬੱਗੀਆਂ ਦਾਹੜੀਆਂ ਵਾਲੇ ਬਾਬੇ ਤੇ ਝੁਰੜੀਆਂ ਵਾਲੀਆਂ ਮਾਵਾਂ ਬੇਹੱਦ ਗ਼ਮਗੀਨ ਵਕਤ ਹੰਢਾਅ ਰਹੇ ਨੇ। ਉਦਾਸੇ ਚਿਹਰੇ, ਬੋੜੇ ਘਰਾਂ ਦੀ ਉਦਾਸੀ ਹੋਰ ਵਧਾ ਰਹੇ ਨੇ। ਸਰਹੱਦ ਦੇ ਨੇੜੇ ਦੇ ਪਿੰਡਾਂ ਵਿੱਚ ਜਿਸ ਮਰਜ਼ੀ ਗਲੀ ਵਿੱਚ ਵੜ ਜਾਓ, ਮੌਜੂਦਾ ਹਾਕਮੀ ਧਿਰ ਦਾ ਸਮਰਥਨ ਕਰਨ ਵਾਲਾ ਕੋਈ ਵਿਰਲਾ ਹੀ ਲੱਭੂ, ਝੰਡੀਆਂ ਬੇਸ਼ੱਕ ਬਹੁਤੇ ਬੰਨਿਆਂ 'ਤੇ ਤੱਕੜੀ ਵਾਲੀਆਂ ਹੀ ਲਾਈਆਂ ਨੇ, ਪਰ ਉਹਨਾਂ ਦਾ ਅੰਦਰ ਤੁਹਾਡੇ ਹਮਦਰਦੀ ਦੇ ਇਕ ਬੋਲ 'ਤੇ ਭਰੇ ਫੋੜੇ ਵਾਂਗ ਫਿਸ ਪੈਂਦਾ ਹੈ।


ਅਸੀਂ ਖੇਮਕਰਨ ਹਲਕੇ ਦੇ ਸਰਹੱਦ ਨਾਲੋਂ 20-22 ਕੁ ਕਿਲੋਮੀਟਰ ਉਰਾਂ ਨੂੰ ਪੈਂਦੇ ਪਿੰਡ ਪਰਾਗਪੁਰਾ, ਮਾਣਕਪੁਰਾ ਤੇ ਮਰਗਿੰਦਪੁਰਾ ਵਿੱਚ ਗਏ। ਹਰ ਗਲੀ ਨੂੰ ਗਾਹੁਣ ਦੀ ਕੋਸ਼ਿਸ਼ ਕੀਤੀ-ਮਤੇ ਝੂਠੇ ਪੈਣ ਨੂੰ ਕੋਈ ਵਿਕਾਸ ਕਾਰਜ ਥਿਆਹ ਜਾਏ, ਪਰ ਅਸੀਂ ਅਸਫਲ ਹੋਏ। ਕੋਈ ਵਿਰਲਾ ਟਾਂਵਾਂ ਘਰ ਹੀ ਹੈ ਜੋ ਪੀਣ ਵਾਲੇ ਪਾਣੀ ਤੋਂ ਲੈ ਕੇ ਆਵਾਜਾਈ ਲਈ ਕਾਰ ਤੱਕ ਦੀ ਸਹੂਲਤ ਵਾਲਾ ਹੈ, ਬਹੁਤੇ ਘਰਾਂ ਦੀਆਂ ਕੰਧਾਂ ਗਾਰੇ ਨਾਲ ਇੱਟਾਂ ਦੀ ਚਿਣਾਈ ਹੈ, ਉਹ ਵੀ ਪਤਾ ਨਹੀਂ ਕਿੰਨੇ ਵਰੇ ਪਹਿਲਾਂ ਦੀ ਹੋਈ ਹੈ, ਮਿੱਟੀ ਵਾਲੇ ਕੱਚੇ ਘਰਾਂ ਦੀ ਵੀ ਗਿਣਤੀ ਕਾਫੀ ਹੈ। ਇਹਨਾਂ ਪਿੰਡਾਂ 'ਚ ਨਾਲੀਆਂ ਪਤਾ ਨਹੀਂ ਕਿੰਨੇ ਵਰੇ ਪਹਿਲਾਂ ਦੀਆਂ ਬਣੀਆਂ ਨੇ, ਗਲੀਆਂ ਦੀਆਂ ਇੱਟਾਂ ਤਾਂ ਵਿਰਲੀਆਂ ਹੀ ਲੱਭਦੀਆਂ ਨੇ, ਕੋਈ ਹੈਲਥ ਸੈਂਟਰ ਨਹੀਂ। ਨੇੜੇ ਲੱਗਦੇ ਸ਼ਹਿਰ ਤੱਕ ਪੁੱਜਣ ਲਈ ਆਵਾਜਾਈ ਦਾ ਕੋਈ ਸਾਧਨ ਨਹੀਂ, ਭਾਵ ਕੋਈ ਬੱਸ ਟੈਂਪੂ ਨਹੀਂ। ਪਿੰਡਾਂ ਨੂੰ ਆਪਸ 'ਚ ਜੋੜਦੀਆਂ ਲਿੰਕ ਸੜਕਾਂ ਮਸਾਂ ਗੱਡਾ ਲੰਘਣ ਜੋਗੀਆਂ ਨੇ, ਬੱਸਾਂ ਚੱਲਣ ਵੀ ਕਿਵੇਂ? ਜੇ ਕਿਸੇ ਪਿੰਡ ਦੀ ਕੋਈ ਗਲੀ ਪੱਕੀ ਤਾਜ਼ਾ ਬਣੀ ਵੀ ਹੈ ਤਾਂ ਉਹ ਹਲਕਾ ਇੰਚਾਰਜਾਂ ਦੇ ਸਮਰਥਕਾਂ ਦੇ ਘਰਾਂ ਦੇ ਕੋਲ ਹੀ ਬਣੀ ਹੋਈ ਹੈ। ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ, ਦਲਿਤ ਤੇ ਛੋਟੀ ਕਿਸਾਨੀ ਤਾਂ ਸੱਚਮੁੱਚ ਧਰਤੀ 'ਤੇ ਨਰਕ ਭੋਗ ਰਹੀ ਜਾਪਦੀ ਹੈ। ਘਰਾਂ ਵਿੱਚ ਟਾਇਲਟ ਨਹੀਂ, ਕਈ ਜਵਾਨ ਧੀਆਂ ਦੇ ਮਾਪਿਆਂ ਨੇ ਕਰਜ਼ਾ ਚੁੱਕ ਕੇ ਘਰਾਂ ਵਿੱਚ ਕੱਚੀਆਂ ਖੂਹੀਆਂ ਵਾਲੀਆਂ ਟਾਇਲਟਸ ਬਣਾਈਆਂ ਨੇ, ਜੰਗਲ ਪਾਣੀ ਨੂੰ ਧੀਆਂ ਭੈਣਾਂ ਖੇਤਾਂ ਵੱਲ ਜਾਂਦੀਆਂ ਨੇ ਤਾਂ ਮਾਪੇ ਫਿਕਰਮੰਦ ਹੁੰਦੇ ਨੇ ਕਿ ਜਿਸ ਤਰਾਂ ਨਸ਼ੇੜੀਆਂ ਦੀ ਡਾਰ ਪਿੰਡਾਂ ਵਿੱਚ ਘੁੰਮਦੀ ਹੈ, ਜਿਸ ਤਰਾਂ ਦੀ ਗੁੰਡਾਗਰਦੀ ਹੁੰਦੀ ਹੈ, ਨੇ ਜਾਣੀਏ ਸਾਡੀਆਂ ਬੱਚੀਆਂ ਨਾਲ ਕੁਝ ਹੋ ਵਾਪਰ ਗਿਆ ਤਾਂ ''ਵਲਟੋਹੇ'' ਦੇ ਫੋਨ ਬਿਨਾ ਥਾਣੇ 'ਚ ਸਾਡੀ ਸ਼ਿਕਾਇਤ ਵੀ ਨਹੀਂ ਸੁਣਨੀ?

ਕਈ ਕਈ ਘਰਾਂ ਨੇ ਸਾਂਝੀਆਂ ਮੱਛੀ ਮੋਟਰਾਂ ਵੀ ਕਰਜ਼ਾ ਚੁੱਕ ਕੇ ਲਾ ਲਈਆਂ, ਪਰ ਪਾਣੀ ਉਹਨਾਂ ਦਾ ਵੀ ਪੀਣ ਦੇ ਲਾਇਕ ਨਹੀਂ। ਇਲਾਕੇ ਵਿੱਚ ਕੈਂਸਰ ਨਾਲ ਕਈ ਮੌਤਾਂ ਹੋਈਆਂ ਨੇ, ਹੈਪੇਟਾਈਟਸ ਬੀ ਤੇ ਸੀ ਦੇ ਮਰੀਜ਼ਾਂ ਦੀ ਗਿਣਤੀ ਦਾ ਤਾਂ ਹਿਸਾਬ ਹੀ ਕੋਈ ਨਹੀਂ, ਇਹ ਸਭ ਦੂਏ ਤੀਏ ਪਿੰਡ ਵਿੱਚ ਬੈਠੇ ਆਰ ਐਮ ਪੀਜ਼ ਦੇ ਸਹਾਰੇ ਦਿਨ ਕਟੀ ਕਰ ਰਹੇ ਨੇ, ਇਲਾਜ ਹੈ ਹੀ ਐਨਾ ਮਹਿੰਗਾ ਕਿ ਪ੍ਰਾਈਵੇਟ ਹਸਪਤਾਲ ਵਿੱਚ ਜਾਣ ਜੋਗੇ ਇਹ ਲੋਕ ਨਹੀਂ ਹਨ।

ਇਹਨਾਂ ਸਰਹੱਦੀ ਪਿੰਡਾਂ 'ਚ ਸੀਵਰੇਜ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ, ਪਿੰਡਾਂ ਵਿੱਚ ਛੱਪੜ ਤਾਂ ਬਥੇਰੇ ਨੇ, ਜਿਹਨਾਂ 'ਤੇ ਜਾਂ ਤਾਂ ਘੜੰਮ ਚੌਧਰੀਆਂ ਨੇ ਕਬਜ਼ੇ ਕਰ ਲਏ, ਜਾਂ ਫੇਰ ਉਹਨਾਂ ਦੀ ਸਫਾਈ ਨਹੀਂ ਹੋਈ, ਜਿਸ ਕਰਕੇ ਪਾਣੀ ਗਲੀਆਂ ਵਿੱਚ ਹੀ ਘੁੰਮਦਾ ਦਿਸਦਾ ਹੈ।

ਪਿੰਡਾਂ ਵਿੱਚ ਪ੍ਰਾਇਮਰੀ ਸਕੂਲ ਨੇ, ਚੰਗੇ ਅਧਿਆਪਕ ਨਹੀਂ, ਜੇ ਕੋਈ ਅਧਿਆਪਕ ਚੰਗਾ ਆ ਜਾਂਦਾ ਹੈ ਤਾਂ ਉਸ ਦਾ ਝੱਟ ਤਬਾਦਲਾ ਹੋ ਜਾਂਦਾ ਹੈ। ਕੋਈ ਜਨਤਕ ਟਰਾਂਸਪੋਰਟ ਦਾ ਸਾਧਨ ਨਾ ਹੋਣ ਕਰਕੇ ਮਾਪੇ ਬੱਚੀਆਂ ਨੂੰ ਪੰਜਵੀਂ ਤੋਂ ਬਾਅਦ ਘਰੀਂ ਬਿਠਾ ਲੈਂਦੇ ਨੇ, ਕਈ ਸਰਦੇ ਪੁੱਜਦੇ ਆਪਣੇ ਸਾਧਨਾਂ 'ਤੇ ਜਾਂ ਵੱਡੇ ਵੀਰਾਂ ਨਾਲ ਬੱਚੀਆਂ ਨੂੰ ਅਗਲੀ ਪੜਾਈ ਲਈ ਸ਼ਹਿਰਾਂ ਵਿੱਚ ਭੇਜ ਰਹੇ ਨੇ, ਪਰ ਬਹੁਤੀਆਂ ਕੁੜੀਆਂ ਅਨਪੜ ਹੀ ਨੇ।

ਪਿੰਡ ਮਾਣਕਪੁਰਾ ਦੇ ਬਜ਼ੁਰਗ ਜਥੇਦਾਰ ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਪੁੱਤਰਾ ਸਾਡੇ ਕੋਲ ਇਸ ਹਕੂਮਤ ਨੇ ਕੁਝ ਨਹੀਂ ਛੱਡਿਆ, ਜਿਸ ਰਾਜ ਭਾਗ ਵਿੱਚ ਸਾਡੇ ਗੁਰੂ ਸਾਹਿਬ ਦੇ ਸਰੂਪ ਨੂੰ ਰੋਲਿਆ ਗਿਆ ਹੋਵੇ, ਓਥੇ ਸਾਡੀਆਂ ਬੱਚੀਆਂ ਦੀ ਪੱਤ ਕਿਵੇਂ ਮਹਿਫੂਜ਼ ਹੋਊ? ਬਹਿਕਾਂ ਤੇ ਰਹਿਣ ਵਾਲੇ ਪਰਿਵਾਰ ਤਾਂ ਆਪਣੀਆਂ ਬੱਚੀਆਂ  ਨੂੰ ਪਿੰਡ ਤੱਕ ਵੀ ਪ੍ਰਾਇਮਰੀ ਸਕੂਲ 'ਚ ਨਹੀਂ ਭੇਜਦੇ, ਮਗਰ ਗੁੰਡੇ ਲੱਗਦੇ ਨੇ, ਤੇ ਫੇਰ ਸੁਣਵਾਈ ਵੀ ਤਾਂ ਕੋਈ ਨਹੀਂ। ਕੀਹਦਾ ਜੀਅ ਨਹੀਂ ਕਰਦਾ ਕਿ ਸਾਡੇ ਬੱਚੇ ਬੱਚੀਆਂ ਸਮੇਂ ਦੇ ਹਾਣੀ ਨਾ ਬਣਨ ਪਰ ਸੱਤਾ ਦੇ ਲਾਲਚੀਆਂ ਨੇ ਸਾਨੂੰ ਸਰਹੱਦੀ ਲੋਕਾਂ ਨੂੰ ਦਹਾਕੇ ਪਿੱਛੇ ਸੁੱਟ ਦਿੱਤਾ। ਖਾੜਕੂਵਾਦ ਨੇ ਵੀ ਸਾਡੇ ਜਵਾਨ ਪੁੱਤ ਨਿਗਲੇ, ਤੇ ਨਸ਼ੇ ਨੇ ਵੀ ਸਾਨੂੰ ਸਭ ਤੋਂ ਵੱਧ ਢਾਅ ਲਾਈ। ਪਿੰਡਾਂ ਦੇ ਲੋਕਾਂ ਨੇ ਦਾਅਵਾ ਕੀਤਾ ਕਿ ਇਲਾਕੇ ਦੇ 10-12 ਪਿੰਡਾਂ ਵਿੱਚ ਚਿੱਟੇ ਨੇ ਪਿਛਲੇ 4-5 ਸਾਲਾਂ ਵਿੱਚ ਦੋ ਸੌ ਦੇ ਕਰੀਬ ਜਵਾਨ ਪੁੱਤ ਨਿਗਲ ਲਏ। ਹਾਕਮੀ ਧਿਰ ਦੇ ਸਮਰਥਕਾਂ ਵਲੋਂ ਇਸ ਇਲਾਕੇ ਵਿੱਚ ਵੇਚੀ ਜਾ ਰਹੀ ਨਜਾਇਜ਼ ਸ਼ਰਾਬ ਨਾਲ ਮੌਤਾਂ ਹੋਣ ਵਾਲੀ ਗਿਣਤੀ ਵੱਖਰੀ ਹੈ। ਕਈ ਘਰਾਂ ਵਿੱਚ ਤਾਂ ਦੋ ਦੋ ਜਣੇ ਨਸ਼ੇ ਦੀ ਭੇਟ ਚੜ ਗਏ, ਹਾਲੇ ਵੀ ਸਰਕਾਰ ਕਹਿੰਦੀ ਹੈ, ਨਸ਼ਾ ਐਨਾ ਨਹੀਂ। ਲੋਕ ਸਾਫ ਕਹਿੰਦੇ ਨੇ ਕਿ ਨਸ਼ੇ ਦੇ ਕਾਰੋਬਾਰੀਆਂ ਨੂੰ ਹਾਕਮੀ ਧਿਰ ਦਾ ਥਾਪੜਾ ਹੈ, ਸਵਾਲ ਕਰਦੇ ਨੇ ਕਿ ਜੇ ਖਾੜਕੂਵਾਦ ਨੂੰ ਮਹੀਨੇ ਵਿੱਚ ਖਤਮ ਕੀਤਾ ਜਾ ਸਕਦਾ ਹੈ ਤਾਂ ਫੇਰ ਨਸ਼ਾ ਖਤਮ ਕਿਉਂ ਨਹੀਂ ਹੋ ਸਕਦਾ?

ਪਿੰਡ ਮਰਗਿੰਦਪੁਰਾ ਦੇ ਇਕ ਸੇਵਾਮੁਕਤ ਪੁਲਿਸ ਅਫਸਰ ਦਾ ਜਵਾਨ ਪੁੱਤ ਨਸ਼ੇ ਦੀ ਭੇਟ ਚੜ ਗਿਆ, ਉਸ ਅਫਸਰ ਨਾਲ ਖੁੱਲ ਕੇ ਗੱਲ ਹੋਈ, ਉਹਨਾਂ ਪਿੰਡ ਦੀ ਇਕ ਗੇੜੀ ਲਵਾਉਂਦਿਆਂ ਦੱਸਿਆ ਕਿ ਆਹ ਜਿੰਨੇ ਵੀ ਘਰਾਂ 'ਤੇ ਅਕਾਲੀਆਂ ਦੀਆਂ ਝੰਡੀਆਂ ਲੱਗੀਆਂ ਨੇ, ਸਭ ਸ਼ਰਾਬ ਦੇ ਕਾਰੋਬਾਰੀ ਨੇ, ਨਿਸ਼ਾਨੀ ਲਾਈ ਹੈ ਕਿ ਪੁਲਿਸ ਕਾਰਵਾਈ ਨਾ ਕਰੇ। ਉਹਨਾਂ ਕਿਹਾ ਕਿ ਜੇ ਦੋ ਮਹੀਨੇ ਪਹਿਲਾਂ ਆਉਂਦੇ ਤਾਂ ਪਿੰਡ ਵਿੱਚ ਲੂਣ ਵਾਂਗ ਚਿੱਟਾ ਵਿਕਦਾ ਸੀ। ਜਿੰਨਾ ਮਰਜ਼ੀ ਖਰੀਦ ਕੇ ਲਿਜਾਂਦੇ। ਹੁਣ ਕੁਝ ਪਰਦੇ ਨਾਲ ਵਿਕਦਾ ਹੈ। ਇਥੇ ਚਿੱਟੇ ਦਾ ਕਾਰੋਬਾਰ ਕਰਨ ਵਾਲੇ ਪਰਿਵਾਰਾਂ ਦੇ ਕੋਠੀ-ਨੁਮਾ ਘਰ ਵੀ ਦੇਖੇ। ਪਿੰਡ ਮਰਗਿੰਦਪੁਰਾ ਵਿੱਚ ਵੀ ਕਈ ਕੜੀ ਵਰਗੇ ਜਵਾਨ ਪੁੱਤ ਚਿੱਟੇ ਦੀ ਭੇਟ ਚੜੇ।

ਇਸ ਪਿੰਡ ਵਿੱਚ ਕੈਪਟਨ ਸਰਕਾਰ ਵੇਲੇ ਦੀਆਂ ਗਲੀਆਂ, ਨਾਲੀਆਂ ਬਣੀਆਂ ਨੇ, ਉਸ ਮਗਰੋਂ ਇਕ ਇੱਟ ਤਾਂ ਦੂਰ ਵਿਕਾਸ ਵਾਲਾ ਡਲ਼ਾ ਵੀ ਨਹੀਂ ਲੱਗਿਆ। ਸੀਵਰੇਜ ਦਾ ਪਾਣੀ ਲੋਕਾਂ ਨੇ ਘਰਾਂ ਮੂਹਰੇ ਟੋਏ ਪੁੱਟ ਕੇ ਕੱਢਿਆ ਹੋਇਆ ਹੈ, ਜੀਹਨੂੰ ਦਿਨ ਵਿੱਚ ਦੋ ਵਾਰ ਖਾਲੀ ਕਰਦੇ ਨੇ।

ਹਲਕੇ ਦੇ ਕਿਸਾਨਾਂ ਦਾ ਦਰਦ ਸਾਂਝਾ ਹੈ, ਨੇੜੇ ਮੰਡੀ ਨਹੀਂ, ਤੇ ਮੰਡੀਆਂ ਵਿੱਚ ਛੇਤੀ ਤੋਲ ਨਹੀਂ ਲੱਗਦੀ, ਵਕਤ ਸਿਰ ਪੈਸੇ ਨਹੀਂ ਮਿਲਦੇ, ਜਿਣਸ ਦਾ ਸਹੀ ਭਾਅ ਨਹੀਂ ਮਿਲ ਰਿਹਾ। ਬਹੁਤੇ ਕਿਸਾਨਾਂ ਨੂੰ ਝੋਨੇ ਦੀ ਹਾਲੇ ਤੱਕ ਵੱਟਤ ਨਹੀਂ ਮਿਲੀ। ਹਰ ਕਿਸਾਨ ਕਰਜ਼ਈ ਹੈ। ਨੋਟਬੰਦੀ ਕਰਕੇ ਵੀ ਲੋਕਾਂ ਵਿੱਚ ਬੇਹੱਦ ਗੁੱਸਾ ਹੈ। ਕਹਿੰਦੇ ਨੇ ਮੋਦੀ ਨੇ ਸਾਡੇ ਸੁੱਤੇ ਉਠਦਿਆਂ ਦੇ ਡਾਂਗ ਮਾਰਤੀ..।
ਹਲਕੇ ਦੇ ਦਲਿਤਾਂ ਜਾਂ ਕਹਿ ਲਓ ਨੀਲੇ ਕਾਰਡ ਧਾਰਕਾਂ ਨਾਲ ਗੱਲਬਾਤ ਕੀਤੀ ਤਾਂ ਬਹੁਤੇ ਲੋੜਵੰਦਾਂ ਦੇ ਕਾਰਡ ਹੀ ਨਹੀਂ ਬਣੇ। ਪਰ ਹਲਕਾ ਇੰਚਾਰਜਾਂ ਦੇ ਕਰੀਬੀ ਵੱਡੇ ਜ਼ਿਮੀਦਾਰਾਂ ਦੇ ਕਾਰਡ ਬਣੇ ਨੇ।

ਸਰਕਾਰੀ ਇਸ਼ਤਿਹਾਰਬਾਜ਼ੀ ਤੋਂ ਜਾਣਕਾਰੀ ਹਾਸਲ ਕਰਕੇ ਹਕੂਮਤ ਦੀ ਬੋਲੀ ਦਾ ਦਮ ਭਰਨ ਵਾਲੇ ਬੇਸ਼ੱਕ ਦਾਅਵਾ ਕਰਦੇ ਨੇ ਕਿ ਬਾਦਲ ਹਕੂਮਤ ਨੇ ਪੈਨਸ਼ਨ 500 ਰੁਪੱਈਆ ਕਰਤੀ, ਭਗਤ ਪੂਰਨ ਸਿੰਘ ਬੀਮਾ ਯੋਜਨਾ ਸ਼ੁਰੂ ਕਰਤੀ, ਕੁੜੀਆਂ ਨੂੰ ਸਾਈਕਲ ਵੰਡਤੇ.. ਪਰ ਹਕੀਕਤ ਤਾਂ ਲੋਕਾਂ ਵਿੱਚ ਵਿਚਰ ਕੇ ਹੀ ਪਤਾ ਲੱਗਦੀ ਹੈ ਕਿ ਹਾਲ ਹੈ ਕੀ?

ਬਾਦਲ ਹਕੂਮਤ ਨੇ ਪੈਨਸ਼ਨਾਂ ਕਾਰਜਕਾਲ ਦੇ ਆਖਰੀ ਵਰੇ ਵਿੱਚ ਪੰਜ ਸੌ ਕਰਨ ਦਾ ਐਲਾਨ ਕੀਤਾ, ਇਵੇਂ ਹੀ ਬੀਮਾ ਯੋਜਨਾ ਵਾਲਾ ਪੱਤਾ ਵੀ ਚੋਣ ਵਰੇ ਵਿੱਚ ਫਾਇਦਾ ਲੈਣ ਲਈ ਸੁੱਟਿਆ ਗਿਆ।

ਖੇਮਕਰਨ ਦੇ ਇਹਨਾਂ ਪਿੰਡਾਂ ਵਿੱਚ ਕਿਸੇ ਵੀ ਗੁਰਬਤ ਮਾਰੇ ਬਜ਼ੁਰਗ ਬਾਬੇ ਜਾਂ ਬੇਬੇ ਕੋਲ ਜਾ ਖੜੋ, ਤੇ ਪੈਨਸ਼ਨ ਦਾ ਸਵਾਲ ਕਰੋ, ਤਾਂ ਉਹ ਰੁਆਂਸੇ ਜਿਹੇ ਕਹਿੰਦੇ ਨੇ- ''ਨਾ ਪੁੱਤ ਪੈਲਸਣ ਤਾਂ ਕਦੇ ਕਦੇ ਮਿਲਦੀ ਆ, ਸਾਡੇ ਤਾਂ ਕਾਟ (ਕਾਰਡ) ਵੀ ਸਰਪੈਂਚ ਕੋਲ ਪਏ ਨੇ, ਜਦ ਉਹਦਾ ਜੀਅ ਕਰਦਾ ਸੱਦ ਕੇ 2-3 ਸੌ ਰੁਪਈਆ ਦੇ ਦਿੰਦਾ, 'ਗੂਠਾ ਲਵਾ ਲੈਂਦਾ। ਸਾਨੂੰ ਕੀ ਪਤਾ ਕਿੰਨੀ ਆਉਂਦੀ ਆ.. ਪਾੜੇ ਤਾਂ ਆਂਹਦੇ ਆ 500 ਹੋ ਗਈ, ਪਰ ਰੱਬ ਨੂੰ ਜਾਨ ਦੇਣੀ ਆ, ਸਾਨੂੰ ਕਦੇ ਪੰਜ ਸੌ ਨਹੀਂ ਮਿਲੀ। ਇਕ ਮਹੀਨੇ ਮਿਲ ਜੇ ਤਾਂ ਫੇਰ ਕਈ ਕਈ ਮਹੀਨੇ ਮਿਲਦੀ ਨੀ। ''

ਕਣਕ ਤੇ ਦਾਲ ਵਾਲੀ ਸਹੂਲਤ ਵੀ ਵਿਰਲੇ ਟਾਂਵੇ ਨੂੰ ਮਿਲਦੀ ਹੈ ਜਾਂ ਫੇਰ ਵੋਟਾਂ ਦੇ ਨੇੜੇ ਜਾ ਕੇ ਕਾਰਡ ਧਾਰਕਾਂ ਨੂੰ ਵੰਡੀ ਜਾਂਦੀ ਹੈ। ਸ਼ਗਨ ਸਕੀਮ ਤੇ ਭਗਤ ਪੂਰਨ ਸਿੰਘ ਬੀਮਾ ਯੋਜਨਾ ਵਾਲੇ ਤਾਂ ਕਦੇ ਇਹਨਾਂ ਲੋਕਾਂ ਨੂੰ ਦਰਸ਼ਨ ਵੀ ਨਹੀਂ ਹੋਏ। ਰਹੀ ਗੱਲ ਸਾਈਕਲ ਵੰਡਣ ਦੀ, ਜਦ ਇਸ ਹਲਕੇ ਦੀਆਂ ਬੱਚੀਆਂ ਨੂੰ ਇਕੱਲੀਆਂ ਨੂੰ ਅਸੁਰੱਖਿਅਤ ਮਹੌਲ ਦੀ ਵਜਾ ਕਰਕੇ ਮਾਪੇ ਪੜਨ ਭੇਜਦੇ ਹੀ ਨਹੀਂ, ਫੇਰ ਸਾਈਕਲ ਕਿਥੋਂ ਆ ਗਏ?

ਸਾਰੀਆਂ ਸਹੂਲਤਾਂ ਜੇ ਕਹਿ ਲਈਏ ਕਿ 25-75 ਫੀਸਦੀ ਦੀ ਦਰ ਨਾਲ ਮਿਲੀਆਂ ਨੇ ਤਾਂ ਗਲਤ ਨਹੀਂ ਹੋਵੇਗਾ। ਧਾਕੜ ਭਾਵੇਂ ਪੰਝੀ ਕਿੱਲਿਆਂ ਦੀ ਵਾਹੀ ਕਰਦਾ ਹੈ, ਉਹ ਸਹੂਲਤਾਂ ਲੈ ਰਿਹਾ ਹੈ, ਤੇ ਲੋੜਵੰਦ ਦੇ ਘਰ ਭਾਵੇਂ ਦੋ ਦਿਨ ਚੁੱਲਾ ਨਾ ਤਪੇ ਉਸ ਲਈ ਕੋਈ ਸਹੂਲਤ ਨਹੀਂ। ਪੈਨਸ਼ਨ ਜਦ 5-6 ਮਹੀਨਿਆਂ ਬਾਅਦ ਇਕੱਠੀ ਆਉਂਦੀ ਹੈ, ਤਾਂ ਸਰਪੰਚ ਜਾਂ ਅਕਾਲੀ ਮੋਹਤਬਰ ਆਪਣੇ ਘਰ ਪੈਨਸ਼ਨਰਾਂ ਨੂੰ ਸੱਦ ਕੇ ਅੰਗੂਠੇ ਲਵਾ ਕੇ ਜਿੰਨਾ ਮਨ ਕਰੇ ਓਨੀ ਰਕਮ ਹੱਥ ਫੜਾ ਦਿੰਦੇ ਨੇ, ਬਾਕੀ ਪੈਸਾ ਕਿੱਥੇ ਜਾਂਦਾ ਹੈ, ਦੱਸਣ ਦੀ ਲੋੜ ਨਹੀਂ। ਇਸੇ ਤਰਾਂ ਨਰੇਗਾ ਵਾਲੇ ਕਾਮਿਆਂ ਨਾਲ ਹੋ ਰਿਹਾ ਹੈ, ਉਹਨਾਂ ਦੀਆਂ ਕਾਪੀਆਂ ਘੜੰਮ ਚੌਧਰੀਆਂ ਕੋਲ ਨੇ, ਮਨਮਰਜ਼ੀ ਨਾਲ ਪੈਸੇ ਦਿੱਤੇ ਜਾਂਦੇ ਨੇ, ਉਂਞ ਇਸ ਇਲਾਕੇ ਵਿੱਚ ਨਰੇਗਾ ਕਾਮਿਆਂ ਦੀ ਗਿਣਤੀ ਹੈ ਹੀ ਬੜੀ ਘੱਟ।

ਇਹੋ ਜਿਹੀ ਹਾਲਤ ਵਿੱਚ ਵੀ ਜੇ ਕੋਈ ਦਾਅਵਾ ਕਰੇ ਕਿ ਸਰਕਾਰ ਨੇ ਕਈ ਵਾਅਦੇ ਪੂਰੇ ਕੀਤੇ ਨੇ ਤਾਂ ਹੈਰਾਨੀ ਹੁੰਦੀ ਹੈ??

ਖੇਮਕਰਨ ਹਲਕੇ ਦੇ ਇਹਨਾਂ ਪਿੰਡਾਂ ਦੇ ਨਾਲ ਹੀ ਪੱਟੀ ਹਲਕੇ ਦਾ ਪਿੰਡ ਲੱਗਦਾ ਹੈ…..।  ਧਾਰੀਵਾਲ, ਵਾਪਸੀ 'ਤੇ ਉਸ ਪਿੰਡ ਵਿੱਚ ਵੀ ਗਏ ਹਾਲਾਤ ਬਿਲਕੁਲ ਇਕੋ ਜਿਹੇ, ਲੋਕਾਂ ਦੀਆਂ ਮੁਸ਼ਕਲਾਂ ਇਕੋ ਜਿਹੀਆਂ। ਬੱਸ ਇਕ ਘਟਨਾ ਪ੍ਰਤੱਖ ਦੇਖੀ, ਜਦ ਪਿੰਡ ਦੇ ਕੁਝ ਜਾਗਦੀ ਜ਼ਮੀਰ ਵਾਲੇ ਲੋਕ ਹਾਲਾਤਾਂ ਤੇ ਹਕੂਮਤਾਂ ਦੀ ਬੇਈਮਾਨੀ ਬਾਰੇ ਗੱਲਾਂ ਕਰਦੇ ਪਿੰਡ ਦੀ ਸਥਿਤੀ ਦਿਖਾ ਰਹੇ ਸੀ ਤਾਂ ਸ਼ਾਮ ਢਲੀ ਤੋਂ ਇਕ ਗਲੀ ਦੀ ਗੁੱਠ ਚੋਂ ਲਾਲਾਲਾ ਲਾਲਾਲਾ ਹੋ ਗਈ, ਮਾਂ ਭੈਣਾਂ ਦੀਆਂ ਗੰਦੀਆਂ ਗਾਲਾਂ.. ਸਭ ਨੂੰ ਸ਼ਰਮਸਾਰ ਕਰ ਗਈਆਂ..

10-12 ਮੁੰਡੇ ਨਲਕੇ ਦੀਆਂ ਹੱਥੀਆਂ, ਦਾਅ, ਟਕੂਏ ਹੱਥਾਂ 'ਚ ਫੜੀ, ਲੜਖੜਾਉਂਦੇ ਗਾਲਾਂ ਕੱਢਦੇ ਰੱਬ ਨੂੰ ਜ਼ਮੀਨ 'ਤੇ ਲਾਹੁਣ ਦੀ ਕੋਸ਼ਿਸ਼ ਕਰ ਰਹੇ ਸਨ, ਮੈਂ ਫੋਟੋ ਖਿੱਚਣ ਦੀ ਕੋਸ਼ਿਸ਼ ਕਰ ਰਹੀ ਸੀ, ਤਾਂ ਕਿ ਬਜ਼ੁਰਗ ਨੇ ਮੈਨੂੰ ਇਕ ਘਰ ਦੇ ਅੰਦਰ ਧੱਕਦਿਆਂ ਕਿਹਾ ਨਾ ਪੁੱਤ.. ਅਸੀਂ ਐਨੇ ਜੋਗੇ ਨਹੀਂ ਰਹੇ ਬਈ ਬਿਗਾਨੀ ਧੀ ਦਾ ਕੋਈ ਨੁਕਸਾਨ ਝੱਲ ਲਾਂਗੇ.. ਸਾਨੂੰ ਤਾਂ ਆਦਤ ਐ, ਇਹ ਤਾਂ ਰੋਜ਼ ਦਾ ਕੰਮ ਐ, ਇਕ ਦੂਜੇ ਦਾ ਸਿਰ ਪਾੜਦੇ ਨੇ..  ਸਵੇਰ ਨੂੰ ਫੇਰ 'ਕੱਠੇ ਸੂਟੇ ਲਾਉਂਦੇ ਨੇ, ਸਭ ਚਿੱਟੇ ਵਾਲੇ ਨੇ.. ਤੂੰ ਕਿਤੇ ਦਿਨੇ ਆਈਂ, ਹੁਣ ਤਾਂ ਹਨੇਰਾ ਹੋ ਗਿਆ। ਤੇ ਮੱਲੋਜ਼ੋਰੀ ਫਿਕਰਮੰਦ ਬਜ਼ੁਰਗਾਂ ਨੇ ਪਿੰਡ ਵਿਚੋਂ ਸਾਨੂੰ ਭੇਜ ਦਿੱਤਾ।

ਸਾਰੇ ਰਾਹ ਇਕ ਚੀਸ ਕਾਲਜੇ ਵਿੱਚ ਉੱਠਦੀ ਰਹੀ ਕਿ ਬਾਪੂ ਜਦ ਮੇਰੇ ਲੋਕ ਐਨਾ ਸੰਘਣਾ ਹਨੇਰ ਢੋਹ ਰਹੇ ਨੇ, ਦਿਨ ਦਾ ਚਾਨਣ ਤਾਂ ਫੇਰ ਮੇਰੀਆਂ ਅੱਖਾਂ 'ਚ ਰੜਕਦਾ ਰਹੂ.. ..।

.. .. ਕਿਤੇ ਚਾਨਣ ਦੀ ਲੀਕ ਹੱਥ ਆ ਜਾਏ, ਇਸੇ ਆਸ 'ਚ ਜਾਗਦੀਆਂ ਜ਼ਮੀਰਾਂ ਵਾਲੇ ਪੰਜਾਬ ਦੇ ਫਿਕਰਮੰਦਾਂ ਨੂੰ ਹਨੇਰ ਢੋਅ ਰਹੇ ਲੋਕਾਂ ਨਾਲ ਰੂਬਰੂ ਕਰਵਾ ਰਹੀ ਹਾਂ..।

Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ