Wed, 28 October 2020
Your Visitor Number :-   2801201
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਸਿਰਾਂ 'ਤੇ ਇਨਸਾਨੀ ਗੰਦਗੀ ਢੋਂਹਦੇ ਨੇ ਮਹਿਣਾ ਪਿੰਡ ਦੇ ਗੁਰਬਤ ਮਾਰੇ ਲੋਕ

Posted on:- 07-02-2017

suhisaver

ਹਲਕਾ ਧਰਮਕੋਟ ਤੋਂ ਅਮਨਦੀਪ ਹਾਂਸ ਦੀ ਵਿਸ਼ੇਸ਼ ਰਿਪੋਰਟ

6200 ਦੇ ਕਰੀਬ ਵੋਟ ਵਾਲਾ ਮਹਿਣਾ ਪਿੰਡ ਮੋਗਾ ਤੋਂ ਲੁਧਿਆਣਾ ਸੜਕ 'ਤੇ ਅੰਦਰਵਾਰ ਅੱਧਾ ਕੁ ਕਿਲੋਮੀਟਰ 'ਤੇ ਪੈਂਦਾ ਹੈ। ਮੋਗੇ ਵਲੋਂ ਜਾਓ ਤਾਂ ਸੱਜੇ ਹੱਥ ਪੈਂਦੇ ਇਸ ਪਿੰਡ ਵਿੱਚ ਅੰਦਰ ਵੜਦਿਆਂ ਹੀ ਘਰ ਦੇ ਭਾਗ ਡਿਓਢੀਓਂ ਸਿਆਣੇ ਜਾਂਦੇ ਨੇ, ਵਾਂਗ ਆਰਥਿਕ ਖੁਸ਼ਹਾਲੀ ਦਾ ਨਜ਼ਾਰਾ ਨਜ਼ਰੀਂ ਪੈਂਦਾ ਹੈ। ਵੱਡੀਆਂ ਵੱਡੀਆਂ ਕੋਠੀਆਂ, ਪੱਕੀਆਂ ਸੋਹਣੀਆਂ ਖੁੱਲੀਆਂ ਗਲੀਆਂ, ਸਫਾਈ ਵੀ ਗੁਜ਼ਾਰੇ ਜੋਗੀ.. .. ਪਰ ਪਿੰਡ ਦੀ ਫਿਜ਼ਾ ਉਦਾਸੀ ਜਿਹੀ ਬੇਰੌਣਕੀ ਜਿਹੀ ਮਹਿਸੂਸ ਹੁੰਦੀ ਹੈ, ਨੌਜਵਾਨਾਂ ਦੇ ਚਿਹਰਿਆਂ 'ਤੇ ਭਵਿੱਖ ਨੂੰ ਲੈ ਕੇ ਚਿੰਤਾ, ਬਜ਼ੁਰਗਾਂ ਦੀਆਂ ਝੁਰੜੀਆਂ 'ਚ ਨਸ਼ੇ ਨਾਲ ਮੁੱਕਦੀ ਜਾ ਰਹੀ ਜਵਾਨੀ ਦਾ ਝੋਰਾ  ਉਹਨਾਂ ਦੇ ਮਨ ਟੋਂਹਦਿਆਂ ਸਾਫ ਮਹਿਸੂਸ ਹੁੰਦਾ ਹੈ।

ਪਿੰਡ ਦੇ ਪ੍ਰਵਾਸੀ ਪੰਜਾਬੀ ਆਪਣੇ ਘਰਾਂ ਦੁਆਲੇ ਪੱਸਰੀ ਖੁਸ਼ਹਾਲੀ 'ਤੇ ਮਾਣ ਕਰਦੇ ਨੇ, ਕਰਨਾ ਵੀ ਚਾਹੀਦਾ ਹੈ, ਉਹਨਾਂ ਦੀ ਕਿਰਤ ਕਮਾਈ ਉਹਨਾਂ ਦੀਆਂ ਜੜਾਂ ਨੂੰ ਸਿੰਜ ਜੋ ਰਹੀ ਹੈ, ਪਰ ਅਫਸੋਸ ਸਮਾਜ ਵਲੋਂ ਹਮੇਸ਼ਾ ਹੀ ਹਾਸ਼ੀਏ 'ਤੇ ਧੱਕੇ ਜਾਂਦੇ ਰਹੇ ਥੁੜਾਂ ਮਾਰੇ ਪਿੰਡ ਦੇ ਹਾਸ਼ੀਏ 'ਤੇ ਵਸਦੇ ਪਰਿਵਾਰਾਂ ਵੱਲ ਖੁਸ਼ਹਾਲ ਪਰਿਵਾਰਾਂ ਦੀ ਕਦੇ ਨਜ਼ਰ ਨਹੀਂ ਪਈ। ਨਹੀਂ ਤਾਂ ਉਹ ਚੈਨ ਦੀ ਨੀਂਦ ਨਾ ਸੌਂ ਸਕਦੇ।

ਹਾਸ਼ੀਆਗਤ ਲੋਕਾਂ ਤੱਕ ਪੁੱਜਣ ਤੋਂ ਪਹਿਲਾਂ ਪਿੰਡ 'ਤੇ ਮੋਟੀ ਜਿਹੀ ਝਾਤ ਪਾ ਲੈਂਦੇ ਹਾਂ.. ਧਰਮਕੋਟ ਹਲਕੇ ਦੇ ਪਿੰਡ ਮਹਿਣਾ ਵਿੱਚ ਨਸ਼ਾ ਜਿੰਨਾ ਮਰਜ਼ੀ, ਡੋਰ ਟੂ ਡੋਰ ਸਪਲਾਈ, ਨਾਈਆਂ ਦੀਆਂ ਦੁਕਾਨਾਂ ਨਸ਼ੇੜੀਆਂ ਦੀਆਂ ਠਾਹਰਾਂ ਨੇ, ਸੀਵਰੇਜ ਦਾ ਕੋਈ ਪ੍ਰਬੰਧ ਨਹੀਂ। ਨਾਲੀਆਂ ਗਲੀਆਂ ਉਚ ਜਾਤਾਂ ਵਾਲੇ ਪਾਸੇ ਪੱਕੀਆਂ ਬਣੀਆਂ ਹੋਈਆਂ ਨੇ, 6 ਗੁਰਦੁਆਰੇ ਨੇ, 10+2 ਤੱਕ ਸਕੂਲ ਹੈ, ਡਿਸਪੈਂਸਰੀ ਵੀ ਹੈ। ਸਾਰਾ ਕੁਝ ਉਚ ਜਾਤਾਂ ਦੀ ਰਿਹਾਇਸ਼ ਵਾਲੇ ਪਾਸੇ ਹੀ ਅਲਾਟ ਹੋਇਆ ਜਾਂ ਕਹਿ ਲਓ ਕਰਵਾਇਆ.. ਨਾਲੇ ਇਹ ਤਾਂ ਸਾਡੇ ਪੰਜਾਬ ਵਿੱਚ ਆਮ ਹੀ ਕਹੌਤ ਹੈ ਕਿ ਘਾਹੀਆਂ ਦੇ ਪੁੱਤਾਂ ਨੇ ਕਿਹੜਾ ਪੜ ਲਿਖ ਕੇ ਡੀ ਸੀ ਲੱਗਣੈ, ਘਾਹ ਈ ਖੋਤਣੈ..।

ਆਓ ਪਿੰਡ ਦੀ ਆਖਲ ਪੱਤੀ ਚੱਲਦੇ ਹਾਂ, ਜਿੱਥੇ ਰੰਗਰੇਟੇ ਗੁਰੂ ਕੇ ਬੇਟੇ ਦੇ ਵਾਰਸ ਰਹਿੰਦੇ ਨੇ, ਰਹਿੰਦੇ ਕਾਹਦਾ ਡੰਗ ਹੀ ਟਪਾਉਂਦੇ ਨੇ। ਬਹੁਤੇ ਘਰਾਂ ਦਾ ਹੋਰ ਪਿੰਡਾਂ ਦੇ ਦਲਿਤਾਂ ਵਾਲਾ ਹਾਲ  ਕਿ ਪੈਨਸ਼ਨ ਨਹੀਂ ਮਿਲਦੀ, ਕਣਕ ਦਾਲ ਨਹੀਂ ਮਿਲਦੀ, ਸ਼ਗਨ ਸਕੀਮ ਉਡੀਕਦੀਆਂ ਕੁੜੀਆਂ ਦੇ ਦੋ ਦੋ ਜੁਆਕ ਹੋ ਗਏ, ਹਾਲੇ ਵੀ ਫਾਰਮ ਭਰ ਭਰ ਕੇ ਦੇਈ ਜਾਂਦੀਆਂ ਨੇ, ਇਸ ਆਸ ਨਾਲ ਕਿ ਸ਼ਾਇਦ ਕਿਸੇ ਲੀਡਰ ਦੇ ਮਨ ਮਿਹਰ ਪੈ ਜਾਏ ਤੇ ਚਾਰ ਛਿੱਲੜ ਮਿਲ ਜਾਣ ਤਾਂ ਕੋਈ ਡੰਗ ਸਰ ਜਾਏ.. ਗੰਧਲ਼ੇ ਸਿਸਟਮ ਨੇ .. ਹਾਕਮੀ ਧਿਰਾਂ ਦੀ ਬਦਨੀਤੀ ਤੇ ਬਦਨੀਅਤ ਨੇ ਥੁੜਾਂ ਮਾਰੇ ਲੋਕਾਂ ਨੂੰ ਭਿਖਾਰੀ ਬਣਾ ਕੇ ਰੱਖ ਦਿੱਤਾ ਹੈ।

ਸਵੱਛ ਭਾਰਤ ਅਭਿਆਨ ਤਹਿਤ ਹਰੇਕ ਘਰ ਲਈ ਟਾਇਲਟ ਬਣਾਉਣ ਵਾਸਤੇ ਫੰਡ ਆਇਆ, ਪਰ ਪੰਚਾਇਤ ਨੇ 8-9 ਘਰਾਂ ਵਿੱਚ ਟਾਇਲਟਸ ਬਣਵਾਈਆਂ, ਉਹ ਵੀ ਪਿੰਡ ਦੇ ਮਿਸਤਰੀ ਮੁੰਡੇ ਨੇ ਆਪਣੇ ਕੋਲੋਂ ਪਾਈਪਾਂ, ਸੀਟ, ਮਜ਼ਦੂਰੀ ਦਾ ਖਰਚਾ ਕੀਤਾ, ਸਰਪੰਚ ਨੇ ਪੈਸੇ ਨਹੀਂ ਦਿੱਤੇ, 8 ਮਹੀਨਿਆਂ ਤੋਂ ਉਹ ਪੈਸਿਆਂ ਲਈ ਲਿਲੜੀਆਂ ਕੱਢ ਰਿਹਾ ਹੈ, ਪਰ ਸਰਪੰਚ ਪੱਲਾ ਨਹੀਂ ਫੜਾਉਂਦਾ, ਕਹਿੰਦਾ ਚੋਣ ਜ਼ਾਬਤਾ ਲੱਗ ਗਿਆ, ਪੈਸੇ ਨਹੀਂ ਦੇ ਸਕਦਾ। ਜਿਹੜੀਆਂ ਟਾਇਲਟਸ ਬਣਾਈਆਂ ਗਈਆਂ ਨੇ, ਉਹਨਾਂ ਦੇ 19 ਫੁੱਟ ਡੂੰਘੇ ਸਵਾ 2 ਫੁੱਟ ਚੌੜੇ ਟੋਏ ਕੱਚੇ ਹੀ ਨੇ ਉਪਰ ਸੀਟ ਰੱਖ ਦਿੱਤੀ ਹੈ, ਕਈ ਖੂਹੀਆਂ ਗਰਕ ਵੀ ਗਈਆਂ, ਨਾ ਕੋਈ ਛੱਤ, ਨਾ ਪਲੱਸਤਰ, ਬੱਸ ਇਕ ਪਰਦੇ ਦੀ ਕੰਧ ਖੜੀ ਕਰ ਦਿੱਤੀ ਹੈ, ਬਾਕੀ ਲੋਕਾਂ ਨੂੰ ਪੰਚਾਇਤ ਨੇ ਕਹਿ ਦਿੱਤਾ ਕਿ ਟਾਇਲਟ ਆਪ ਬਣਾ ਲਓ, ਪੈਸੇ ਪ੍ਰਤੀ ਟਾਇਲਟ 15 ਹਜ਼ਾਰ ਰੁਪਏ ਤੁਹਾਨੂੰ ਮਿਲ ਜਾਣਗੇ, ਕਈਆਂ ਨੇ ਕਰਜ਼ੇ ਚੁੱਕ ਕੇ ਟਾਇਲਟ ਬਣਾ ਲਈ, ਪਰ ਪੈਸਾ ਕੋਈ ਨਹੀਂ ਮਿਲਿਆ। ਦਿਹਾੜੀਦਾਰ ਪਰਿਵਾਰਾਂ ਨੂੰ ਰੁਜ਼ਗਾਰ ਵੀ ਕਦੇ ਕਦੇ ਮਿਲਦਾ ਹੈ, ਰੋਟੀ ਦਾ ਤੋਰਾ ਹੀ ਬੜੀ ਮੁਸ਼ਕਲ ਨਾਲ ਚੱਲਦਾ ਹੈ, ਫੇਰ ਇਹੋ ਜਿਹੀਆਂ ਗਰਜ਼ਾਂ ਲਈ ਉਹ ਕਰਜ਼ੇ ਨਾ ਚੁੱਕਣ ਤਾਂ ਕੀ ਕਰਨ? ਕਈ ਘਰਾਂ ਨੇ ਟੋਏ ਪੁੱਟ ਕੇ ਰੱਖ ਲਏ ਪਰ ਵਿੱਚ ਜੁਆਕਾਂ ਦੇ ਡਿੱਗਣ ਦਾ ਡਰ ਹੋਣ ਕਰਕੇ ਫੇਰ ਪੂਰ ਦਿੱਤੇ। ਦਰਜਨਾਂ ਘਰਾਂ ਨੇ ਰੋਣਾ ਰੋਇਆ ਕਿ ਉਹਨਾਂ ਨੇ 2-2 ਹਜ਼ਾਰ ਰੁਪਏ ਟੋਆ ਪੁੱਟਣ ਵਾਲੇ ਨੂੰ ਦਿੱਤੇ, ਰੋਟੀ ਵੀ ਖਵਾਈ, 500 ਲੇਬਰ ਵਾਲੇ ਨੂੰ ਦਿੱਤਾ, ਐਨੀ ਮੋਟੀ ਰਕਮ ਖਰਚ ਕੇ ਵੀ ਉਹਨਾਂ ਨੂੰ ਬਾਹਰ ਜੰਗਲ ਪਾਣੀ ਨੂੰ ਜਾਣਾ ਪੈ ਰਿਹਾ ਹੈ।

ਜਿਹੜੇ ਪਰਿਵਾਰਾਂ ਲਈ ਢਾਈ ਹਜ਼ਾਰ ਰਕਮ ਪਹਾੜ ਵਰਗੀ ਹੋਵੇ, ਉਹਨਾਂ ਦੇ ਜੀਵਨ ਪੱਧਰ ਦਾ ਅੰਦਾਜ਼ਾ ਵਿਕਾਸ ਵਾਲੀ ਐਨਕ ਲਾਹ ਕੇ ਹੀ ਲਾਇਆ ਜਾ ਸਕਦਾ ਹੈ। ਢਾਈ ਢਾਈ ਹਜ਼ਾਰ ਦੀ ਇਹ ਰਕਮ ਵੀ ਜ਼ਿਮੀਦਾਰਾਂ ਤੋਂ ਕਰਜ਼ਾ ਲੈ ਕੇ ਲਾਈ ਗਈ ਹੈ।

ਦਲਿਤਾਂ ਦੇ ਵਿਰਲੇ ਹੀ ਘਰ ਹੋਣਗੇ ਜਿੱਥੇ ਟਾਇਲਟ ਹੋਵੇਗੀ, ਸਭ ਖੇਤਾਂ ਵਿੱਚ ਹੀ ਜਾਂਦੇ ਨੇ। ਕਈ ਪਰਿਵਾਰ ਤਾਂ ਸਾਂਝੇ ਨੇ..  ਸਰ ਜਾਂਦਾ ਹੈ, ਪਰ ਜੋ ਇਕਹਿਰੇ ਪਰਿਵਾਰ ਨੇ ਉਥੇ ਔਰਤਾਂ ਨਿੱਕੇ ਨਿਆਣੇ ਨਾਲ ਲੈ ਕੇ ਮੀਂਹ ਕਣੀ 'ਚ ਵੀ ਸਵਖਤੇ ਖੇਤਾਂ ਨੂੰ ਜਾਂਦੀਆਂ ਨੇ। ਕਹਿੰਦੀਆਂ- ਆਏ ਦਿਨ ਜ਼ਿਮੀਦਾਰਾਂ ਤੋਂ ਛੋਤ ਲੁਹਾਉਣੀ ਪੈ ਜਾਂਦੀ ਆ..

ਬਿਮਾਰ ਤੇ ਬਜ਼ੁਰਗ ਤਾਂ ਕਿਤੇ ਜਾ ਵੀ ਨਹੀਂ ਸਕਦੇ, ਫੇਰ ਇਹਨਾਂ ਦਾ ਕੀ ਹੁੰਦੈ, ਇਹ ਸਵਾਲ ਕਰਨ 'ਤੇ ਕਈ ਸਾਰੀਆਂ ਬੀਬੀਆਂ ਇਕੱਠੀਆਂ ਬੋਲੀਆਂ, ਇਹਨਾਂ ਦਾ ਕੀ ਕਰਨੈ ਜੀ ਇਹਨਾਂ ਨੂੰ ਘਰੇ ਬਹਾ ਕੇ .. ਬੱਠਲ 'ਚ ਪਾ ਕੇ ਸੁੱਟ ਕੇ ਆਉਂਦੇ ਆਂ..

ਸਭ ਤੋਂ ਖੁਸ਼ਹਾਲ ਮੰਨੇ ਜਾਂਦੇ ਪੰਜਾਬ ਸੂਬੇ ਵਿੱਚ ਅੱਜ ਵੀ ਲੋਕ ਇਨਸਾਨੀ ਗੰਦਗੀ ਸਿਰਾਂ 'ਤੇ ਢੋਂਦੇ ਨੇ, ਬਹੁਤਿਆਂ ਨੂੰ ਤਾਂ ਹਜ਼ਮ ਨਹੀਂ ਆਉਣੀ ਇਹ ਗੱਲ .. ਪਰ ਜ਼ਮੀਰ ਵਾਲੀਆਂ ਅੱਖਾਂ ਖੋਲ ਕੇ ਫੇਰੀ ਪਾਓ ਤਾਂ ਸਾਰੇ ਭਰਮ ਦੂਰ ਹੋ ਜਾਣਗੇ।

ਮਹਿਣਾ ਪਿੰਡ ਵਿੱਚ ਬਾਬਾ ਜੀਵਨ ਸਿੰਘ ਗੁਰੂ ਘਰ ਦੇ ਕੋਲ ਪੰਚਾਇਤੀ ਥਾਂ ਵਿੱਚ ਸਾਂਝੀਆਂ ਟਾਇਲਟਸ ਬਣਾਉਣ ਦੀ ਸਕੀਮ ਬਣੀ, ਇੱਟਾਂ ਸੁਟਵਾਈਆਂ, ਇਕ ਟਾਇਲਟ ਦੀ ਉਸਾਰੀ ਕਰਵਾ ਵੀ ਲਈ ਗਈ, ਪਰ ਫੇਰ ਪਤਾ ਨਹੀਂ ਕਿਹੜੀ ਬਿੱਲੀ ਛਿੱਕ ਗਈ, ਕੰਮ ਓਥੇ ਈ ਰੁਕ ਗਿਆ, ਅੱਜ ਵੀ ਉਹ ਅਧੂਰੀ ਟਾਇਲਟ, ਰੇਤ ਇੱਟਾਂ ਓਥੇ ਈ ਖਿੱਲਰਿਆ ਪਿਆ ਹੈ।

ਦਲਿਤਾਂ ਨੂੰ ਤਾਂ ਕੂੜਾ ਸੁੱਟਣ ਨੂੰ  ਵੀ ਪੰਚਾਇਤ ਨੇ ਕੋਈ ਸਾਂਝੀ ਥਾਂ ਨਹੀਂ ਦਿੱਤੀ.. ਤਿੰਨ ਛੱਪੜ ਸੀ ਉਹ ਵੀ ਪੂਰਤੇ..। ਸੀਵਰੇਜ ਦਾ ਕੋਈ ਪ੍ਰਬੰਧ ਨਹੀਂ। ਕੋਈ ਗਲੀ ਨਹੀਂ ਬਣੀ। ਕਈ ਘਰਾਂ ਦੀ ਹਾਲਤ ਇਹ 40-45 ਸਾਲ ਪਹਿਲਾਂ ਦੇ ਬਣੇ ਨੇ, ਫੇਰ ਇੱਟ ਲਾਉਣ ਜੋਗਾ ਵੀ ਬਚਾਅ ਨਾ ਸਕੇ, ਗਲੀਆਂ ਨਾਲੋਂ ਇਹ ਘਰ 4-4, ਫੁੱਟ ਨੀਂਵੇਂ ਨੇ, ਸੀਵਰੇਜ ਦਾ ਪਾਣੀ ਇਹਨਾਂ ਦੇ ਅੰਦਰੀਂ ਵੜ ਜਾਂਦਾ ਹੈ, ਰੇਤ ਦੀਆਂ ਬੋਰੀਆਂ ਭਰ ਭਰ ਕੇ ਜੁਗਾੜ ਲਾਉਂਦੇ ਨੇ ਇਹ ਪਰਿਵਾਰ।

ਪਿੰਡ ਵਿੱਚ ਇਕ 80 ਸਾਲਾ ਮਾਤਾ ਹੈ ਜਗੀਰ ਕੌਰ, ਇਕੱਲੀ ਰਹਿੰਦੀ ਹੈ, ਉਸ ਨੇ ਤੇ ਉਸ ਦੇ ਘਰਵਾਲੇ ਕਰਨੈਲ ਸਿੰਘ ਨੇ 20 ਸਾਲ ਮਹਿਣਾ ਥਾਣੇ ਵਿੱਚ ਸਾਫ ਸਫਾਈ ਦੀ ਡਿਊਟੀ ਕੀਤੀ, ਦੋਵਾਂ ਨੂੰ 3000 ਰੁਪਏ ਮਹੀਨੇ ਦੀ ਤਨਖਾਹ ਮਿਲਦੀ ਰਹੀ, ਕਰਨੈਲ ਸਿੰਘ ਦੀ ਮੌਤ ਤੋਂ ਬਾਅਦ ਪੁਲਿਸ ਵਿਭਾਗ ਬਜ਼ੁਰਗ ਜਗੀਰ ਕੌਰ ਦੀ ਕੋਈ ਮਦਦ ਨਾ ਕੀਤੀ। ਉਸ ਨੂੰ ਬੁਢਾਪਾ ਪੈਨਸ਼ਨ ਕਦੇ ਕਦੇ ਮਿਲਦੀ ਹੈ, ਰੋਟੀ ਲਈ ਉਹ ਇਧਰ ਓਧਰ ਝਾਕ ਰੱਖਦੀ ਹੈ, ਇਕ ਕਮਰੇ ਵਾਲੇ ਕਿਸੇ ਵੀ ਵੇਲੇ ਧੜੰਮ ਡਿੱਗਣ ਵਾਲੇ ਘਰ ਵਿੱਚ ਰਹਿੰਦੀ ਹੈ, ਨਾ ਪਾਣੀ, ਨਾ ਬਾਥਰੂਮ ਟਾਇਲਟ .. ਦੱਸਦੀ ਹੈ ਕਿ ਕਈ ਵਾਰ ਜੰਗਲ ਪਾਣੀ ਅੰਦਰੇ ਬਹਿ ਕੇ ਲਿਫਾਫੇ 'ਚ ਪਾ ਕੇ ਗੁਆਂਢੀਆਂ ਦੇ ਕੂੜੇ 'ਤੇ ਸੁੱਟ ਦਿੰਦੀ ਆਂ, .. ਗੋਡਿਆਂ ਖੁਣੋਂ ਤੁਰ ਨਹੀਂ ਹੁੰਦਾ, ਖੱਤਿਆਂ ਤੱਕ ਕਿਵੇਂ ਅੱਪੜਾਂ।

ਪੀਣ ਵਾਲੇ ਪਾਣੀ ਲਈ ਕਈ ਕਈ ਘਰਾਂ ਨੇ ਸਾਂਝੀ ਮੋਟਰ ਲਵਾਈ ਹੈ, 200 ਰੁਪਏ ਮਹੀਨੇ ਦਾ ਬਿੱਲ ਭਰਦੇ ਨੇ, ਪਾਣੀ ਵਾਲੀ ਟੈਂਕੀ ਹੈ ਪਰ ਉਹਦਾ ਪਾਣੀ ਦਲਿਤਾਂ ਵੱਲ ਨਹੀਂ ਆਉਂਦਾ..।

ਬਹੁਤੇ ਘਰਾਂ ਦੇ ਲੋਕ ਨੇੜੇ ਪੈਂਦੀਆਂ ਮੋਟਰਾਂ ਤੋਂ ਪਾਣੀ ਭਰ ਕੇ ਰੇਹੜਿਆਂ 'ਤੇ ਲੱਦ ਕੇ ਲਿਆਉਂਦੇ ਨੇ।
ਕਾਗ਼ਜ਼ਾਂ ਵਿੱਚ ਤਾਂ ਦਲਿਤਾਂ ਦੀ ਬਸਤੀ ਦੀ ਲੁੱਕ ਵਾਲੀ ਸੜਕ ਬਣੀ ਹੋਈ ਹੈ, ਪਿੰਡ ਦੇ ਲੈਵਲ ਤੋਂ ਨੀਂਵੀਆਂ ਬੀਹੀਆਂ ਉਚੀਆਂ ਕਰਨ ਲਈ ਸਰਪੰਚ ਨੇ ਫਰਮਾਨ ਸੁਣਾਇਆ ਕਿ ਮਿੱਟੀ ਆਪ ਪਾਓ, ਇੱਟਾਂ ਮੈਂ ਸੁਟਵਾ ਦਊਂ, ਲੇਬਰ ਵੀ ਆਪੇ ਸਾਰਿਓ.. ਦਿਹਾੜੀਦਾਰ ਲੋਕ ਹਜ਼ਾਰਾਂ ਦੀ ਮਿੱਟੀ ਆਪ ਕਿਵੇਂ ਪਵਾਉਂਦੇ, ਸੋ ਨਰਕ ਭੋਗ ਰਹੇ ਨੇ।

ਨੋਟਬੰਦੀ ਤੋਂ ਬਾਅਦ ਤਾਂ ਜਿਹੜਾ ਕੰਮ ਮਿਲਦਾ ਸੀ, ਉਹ ਵੀ ਬੰਦ ਹੈ, ਕਿਰਤੀ ਪਰਿਵਾਰਾਂ ਵਿੱਚ ਓਸ ਨੂੰ ਲੈ ਕੇ ਵੀ ਵੱਡਾ ਰੋਸ ਹੈ, ਬੇਰੁਜ਼ਗਾਰੀ, ਨਸ਼ਾ ਵੀ ਵੱਡਾ ਮੁੱਦਾ ਹੈ। ਮੁਢਲੀਆਂ ਲੋੜਾਂ ਦੀ ਕਮੀ ਤਾਂ ਹੈ ਹੀ।

ਪਿੰਡ ਮਹਿਣਾ ਵਿੱਚ ਸਿਆਸੀ ਹਵਾ ਬਦਲੀ ਬਦਲੀ ਹੈ।

ਇਸ ਸਥਿਤੀ ਬਾਰੇ ਪਿੰਡ ਦੇ ਸਰਪੰਚ ਅਮਰੀਕ ਸਿੰਘ ਨਾਲ ਫੋਨ 'ਤੇ ਉਹਨਾਂ ਦਾ ਪੱਖ ਲਿਆ ਤਾਂ ਉਹਨਾਂ ਕਿਹਾ ਕਿ ਲੋਕ ਝੂਠ ਬੋਲਦੇ ਨੇ, ਜਿੰਨਾ ਵਿਕਾਸ ਮੈਂ ਕੀਤਾ ਕਿਸੇ ਹੋਰ ਨੇ ਨਹੀਂ ਕੀਤਾ ਹੋਣਾ, ਸਮੇਂ ਤੇ ਪੈਨਸ਼ਨਾਂ ਦਿੱਤੀਆਂ ਨੇ, ਐਤਕੀਂ ਕੈਸ਼ ਨਾ ਮਿਲਣ ਕਰਕੇ ਲੇਟ ਹੋਈ, ਕੱਲ ਵੰਡੀ ਹੈ। ਕਣਕ ਤਾਂ ਲੋਕ ਗੱਡੇ ਭਰ ਭਰ ਕੇ ਲਿਜਾਂਦੇ ਨੇ। ਗਲੀਆਂ ਵੀ ਸਾਰੀਆਂ ਪੱਕੀਆਂ ਕਰਵਾਈਆਂ ਨੇ। ਭਾਵੇਂ ਰਿਕਾਰਡ ਚੈਕ ਕਰ ਲਓ। ਟਾਇਲਟਸ ਬਾਰੇ ਕਹਿੰਦਾ ਕਿ ਸਰਕਾਰ ਨੇ ਸਿੱਧਾ ਪੈਸਾ ਲੋਕਾਂ ਦੇ ਖਾਤਿਆਂ ਵਿੱਚ ਪਾਇਆ, ਪੰਚਾਇਤ ਦਾ ਇਸ ਨਾਲ ਕੋਈ ਲਾਕਾ ਦੇਕਾ ਨਹੀਂ। ਸਰਪੰਚ ਅਮਰੀਕ ਸਿੰਘ ਨੇ ਕਿਹਾ ਕਿ ਫੇਰ ਜਦ ਆਏ ਤਾਂ ਮੈਨੂੰ ਨਾਲ ਲੈ ਕੇ ਚੱਲਿਓ ਮੈਂ ਆਪ ਦਿਖਾਊਂ ਕਿ ਕਿਹੜਾ ਵਿਕਾਸ ਕੀਤਾ ਹੈ, ਐਂਵੇਂ ਪ੍ਰਾਪੇਗੰਡਾ ਕਰੀ ਜਾਂਦੇ ਨੇ ਲੋਕ।

ਕੁਝ ਇਹੋ ਜਿਹੀਆਂ ਸਮੱਸਿਆਵਾਂ ਧਰਮਕੋਟ ਤੋਂ 7-8 ਕਿਲੋਮੀਟਰ ਦੂਰ ਪੈਂਦੇ 3800 ਵੋਟ ਵਾਲੇ ਪਿੰਡ ਕੜਿਆਲ ਦੇ ਵਾਸੀਆਂ ਦੀਆਂ ਨੇ, ਬਾਕੀ ਸਾਰੀ ਹਾਲਤ ਇਕੋ ਜਿਹੀ, ਸਿਰਫ ਇਹ ਵੱਖਰੀ ਸਮੱਸਿਆ ਕਿ ਅਕਾਲੀਆਂ ਦੇ ਦੋ ਧੜਿਆਂ ਨੂੰ ਸਰਪੰਚੀ ਦੇਣ ਲਈ ਪਿੰਡ ਦੇ ਦੋ ਹਿੱਸੇ ਕਰ ਦਿੱਤੇ, ਕੜਿਆਲ ਖੁਰਦ ਤੇ ਕੜਿਆਲ ਕਲਾਂ.. ਪਿੰਡ ਵਾਸੀ ਇਸ ਦੀ ਵਿਰੋਧਤਾ ਕਰਦੇ ਰਹਿ ਗਏ ਪਰ ਧਾਕੜਾਂ ਨੇ ਪੇਸ਼ ਨਾ ਜਾਣ ਦਿੱਤੀ। ਇਥੇ ਵੀ ਉਹੀ ਮੁਸ਼ਕਲਾਂ.. ਪਾਣੀ, ਟਾਇਲਟ, ਪੈਨਸ਼ਨ, ਕਣਕ ਦਾਲ ਤੇ ਹੋਰ ਯੋਜਨਾਵਾਂ ਦੀ ਕਾਣੀ ਵੰਡ, ਸੀਵਰੇਜ ਦਾ ਪ੍ਰਬੰਧ ਨਹੀਂ, ਲੋਕ ਘਰਾਂ ਵਿੱਚ ਟਾਇਲਟ ਲਈ ਆਪ ਖੂਹੀਆਂ ਪੁੱਟ ਕੇ ਬੈਠੇ ਨੇ, ਇਕ ਘਰ ਦੀ ਖੂਹੀ ਵਿੱਚ ਗਾਂ ਡਿੱਗ ਗਈ ਸੀ ਤਾਂ ਕਈਆਂ ਨੇ ਖੂਹੀਆਂ ਇਥੇ ਵੀ ਮਹਿਣਾ ਪਿੰਡ ਵਾਂਗ ਪੂਰ ਦਿੱਤੀਆਂ।

ਪਿੰਡ ਵਾਸੀ ਦੱਸਦੇ ਨੇ ਕਿ ਨਸ਼ਾ ਇਥੇ ਵੀ ਡੋਰ ਟੂ ਡੋਰ ਸਪਲਾਈ ਹੋ ਜਾਂਦੈ। ਨੇੜੇ ਦੇ ਦੌਲੇਵਾਲਾ ਤੇ ਨੂਰਪੁਰ ਪਿੰਡ ਤਾਂ ਨਸ਼ੇ ਦੀ ਤਸਕਰੀ ਕਰਕੇ ਪੰਜਾਬ ਭਰ ਵਿੱਚ ਮਸ਼ਹੂਰ ਨੇ।

ਹਵਾ ਇਸ ਪਿੰਡ ਦੀ ਵੀ ਬਦਲੀ ਹੋਈ ਹੈ, ਜਿਸ ਦਿਨ ਅਸੀਂ ਗਏ ਸੀ ਤਾਂ ਲੋਕਾਂ ਨੇ ਆਪ ਦੇ ਹੱਕ 'ਚ ਜਾਗੋ ਕੱਢੀ ਸੀ।

ਇਥੇ ਅਕਾਲੀ ਪੰਚਾਇਤ ਨੇ ਚੋਹਲਾ ਸਾਹਿਬ ਵਾਂਗ ਗੈਰ ਅਕਾਲੀਆਂ ਦੇ ਦਰਾਂ ਮੂਹਰਲੀਆਂ ਗਲੀਆਂ ਤੇ ਮੇਨ ਸੜਕ ਬਣਨ ਨਹੀਂ ਦਿੱਤੀ, ਜੇ ਇਹ ਕਿਹਾ ਜਾਏ ਕਿ ਵਿਤਕਰਾ ਅੰਨਿਆਂ ਨੂੰ ਵੀ ਦਿਸ ਜਾਊ ਤਾਂ ਗਲਤ ਨਹੀਂ।
ਕੜਿਆਲ ਖੁਰਦ ਪਿੰਡ ਦੀ ਸਰਪੰਚ ਹੈ ਬੀਬੀ ਸ਼ਿੰਦਰਪਾਲ ਕੌਰ, ਪਰ ਸਰਪੰਚੀ ਕਰਦੇ ਨੇ ਜੇਠ ਤੇ ਪਤੀ ਦੇਵ ਜੀ..

ਪਿੰਡ ਵਾਸੀਆਂ ਵਲੋਂ ਗਿਣਾਈਆਂ ਤੇ ਆਪ ਦੇਖੀਆਂ ਸਮੱਸਿਆਵਾਂ ਬਾਰੇ ਜਦ ਬੀਬਾ ਸ਼ਿੰਦਰਪਾਲ ਕੌਰ ਨਾਲ ਫੋਨ 'ਤੇ ਗੱਲ ਕਰਨੀ ਚਾਹੀ ਤਾਂ ਜੇਠ ਮੁਖਤਿਆਰ ਸਿੰਘ ਨੇ ਕਿਹਾ ਕਿ ਦੱਸੋ ਸਰਪੰਚ ਮੈਂ ਹੀ ਆਂ, ਉਹਨਾਂ ਨੂੰ ਚੇਤੇ ਕਰਵਾਇਆ ਗਿਆ ਕਿ ਸਰਪੰਚੀ ਦੀ ਚੋਣ ਬੀਬੀ ਸ਼ਿਦੰਰਪਾਲ ਕੌਰ ਜਿੱਤੀ ਹੈ। ਤਾਂ ਉਹਨਾਂ ਕਿਤੇ ਬਾਹਰ ਹੋਣ ਦਾ ਕਹਿ ਕੇ ਆਪਣੇ ਪੁੱਤਰ ਦਾ ਫੋਨ ਦੇ ਦਿੱਤਾ, ਉਸ ਨੰਬਰ 'ਤੇ ਕਾਲ ਕੀਤੀ ਤਾਂ ਅੱਗੋਂ ਜਵਾਨ ਰਾਜਪਾਲ ਸਿੰਘ ਕਹਿੰਦਾ, ਉਹ ਕਾਹਦੀ ਸਰਪੰਚਣੀ ਐ, ਉਹ ਤਾਂ ਬੱਸ ਨਾਂਅ ਦੀ ਈ ਸਰਪੰਚ ਐ, ਸਰਪੰਚੀ ਤਾਂ ਮੇਰੇ ਪਾਪਾ ਹੁਰੀਂ ਕਰਦੇ ਨੇ, ਉਹਨੂੰ ਤਾਂ ਗਠੀਆ ਹੋਇਆ, ਮੰਜੇ ਤੇ ਪਈ ਆ.. ਮੈਂ ਉਸ ਜਵਾਨ ਦਾ ਸ਼ੁਕਰੀਆ ਕੀਤਾ ਕਿ ਫੇਰ ਤਾਂ ਤੁਹਾਡਾ ਸਾਰਾ ਟੱਬਰ ਈ ਸਰਪੰਚੀ ਕਰਦਾ , ਤਾਂ ਜਵਾਨ ਕਹਿੰਦਾ ਹਾਂ ਜੀ ..

ਖੈਰ ਪਿੰਡ ਕੜਿਆਲ ਖੁਰਦ ਖੁਸ਼ਕਿਸਮਤ ਹੈ ਕਿ ਪਿੰਡ ਨੂੰ ਪੂਰਾ ਟੱਬਰ ਸਰਪੈਂਚਾਂ ਦਾ ਮਿਲਿਆ.. ਵਿਕਾਸ ਦੀਆਂ ਤਾਂ ਨਹਿਰਾਂ ਆਪੇ ਵਗਣੀਆਂ ਨੇ, ਪਰ ਅਫਸੋਸ ਕਿ ਇਹ ਨਹਿਰਾਂ ਸਿਰਫ ਭਗਤਜਨਾਂ ਨੂੰ ਦੀਂਹਦੀਆਂ ਨੇ..

ਇਹ ਹਾਲ ਹੈ ਮੇਰੇ ਪੰਜਾਬ ਦਾ ਤੇਰੇ ਪੰਜਾਬ ਦਾ..

Comments

Security Code (required)Can't read the image? click here to refresh.

Name (required)

Leave a comment... (required)

ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ