Wed, 03 June 2020
Your Visitor Number :-   2528303
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਅੰਮ੍ਰਿਤ ਹੁੰਦੈ ਮਾਂ ਦਾ ਦੁੱਧ –ਵਿਕਰਮ ਸਿੰਘ

Posted on:- 15-08-2014

suhisaver

ਮਾਂ ਦਾ ਦੁੱਧ ਨਵਜੰਮੇ ਬੱਚੇ ਲਈ ਅੰਮ੍ਰਿਤ ਹੈ। ਇਸ ਅੰਮ੍ਰਿਤ ਦੀ ਮਹੱਤਤਾ ਇਸ ਗੱਲੋਂ ਵੀ ਲਾਈ ਜਾ ਸਕਦੀ ਹੈ ਕਿ ਕਿਸੇ ਵੱਡੀ ਚੁਣੌਤੀ ਦਾ ਸਾਹਮਣਾ ਕਰਨ ਵੇਲੇ ਕਦੀ-ਕਦੀ ਮਾਂ ਦੇ ਪੀਤੇ ਦੁੱਧ ਦੀ ਗੱਲ ਆਮ ਸੁਣਨ ਨੂੰ ਮਿਲ ਜਾਂਦੀ ਹੈ। ਅਜੋਕੇ ਸਮੇਂ ਇਹ ਅੰਮ੍ਰਿਤ ਕਈਆਂ ਨੂੰ ਨਸੀਰ ਨਹੀਂ ਹੁੰਦਾ। ਬੇਸ਼ੱਕ ਅਮਰੀਕਾ ਅਤੇ ਇੰਗਲੈਂਡ ਵਾਂਗ ਹੁਣ ਭਾਰਤ ਵਿੱਚ ਵੀ ਮਾਂ ਦੇ ਦੁੱਧ ਦੇ ਬੈਂਕ ਖੁੱਲ੍ਹ ਗਏ ਹਨ ਪਰ ਮਾਂ ਦੇ ਦੁੱਧ ਦੇ ਫਾਇਦਿਆਂ ਸਬੰਧੀ ਅੱਖਾਂ ਮੀਚਣੀਆਂ ਬੱਚੇ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਬਰਾਬਰ ਹੈ। ਮਾਂ ਦੇ ਦੁੱਧ ਦੀ ਮਹੱਤਤਾ ਅਤੇ ਇਸ ਸਬੰਧੀ ਹੋਰ ਗੱਲਾਂ ਨੂੰ ਖ਼ਾਸ ਕਰ ਨਵਜੰਮੇ ਬੱਚਿਆਂ ਦੀਆਂ ਮਾਵਾਂ ਵਾਸਤੇ ਜਾਣਨਾ ਬੇਹੱਦ ਲਾਜ਼ਮੀ ਹੈ।

ਮਾਂ ਦਾ ਦੁੱਧ ਕਿਉਂ ਜ਼ਰੂਰੀ ਹੈ?

ਬੱਚੇ ਦੇ ਜਨਮ ਤੋਂ ਤੁਰੰਤ ਬਾਅਦ ਮਾਂ ਦਾ ਦੁੱਧ ਦੇਣਾ ਚਾਹੀਦਾ ਹੈ ਕਿਉਂਕਿ ਮਾਂ ਦਾ ਗਾੜ੍ਹਾ ਪੀਲਾ ਦੁੱਧ ਬੱਚੇ ਲਈ ਬੀਮਾਰੀਆਂ ਦਾ ਟਾਕਰਾ ਕਰਨ ਦਾ ਕੰਮ ਕਰਦਾ ਹੈ। ਇਹ ਬੱਚੇ ਲਈ ਸਭ ਤੋਂ ਬਿਹਤਰੀਨ ਖ਼ੁਰਾਕ ਹੁੰਦਾ ਹੈ। ਇਹੀ ਕਾਰਨ ਹੈ ਕਿ ਜਿਨ੍ਹਾਂ ਬੱਚਿਆਂ ਨੂੰ ਬਚਪਨ ਵਿੱਚ ਮਾਂ ਦਾ ਦੁੱਧ ਨਸੀਬ ਨਹੀਂ ਹੁੰਦਾ, ਉਹ ਵੱਡੇ ਹੋ ਕੇ ਬੀਮਾਰੀਆਂ ਦਾ ਜਲਦੀ ਸ਼ਿਕਾਰ ਹੋ ਜਾਂਦੇ ਹਨ।

ਮਾਂ ਦੇ ਦੁੱਧ ਵਿੱਚ ਅਜਿਹੇ ਪੌਸ਼ਟਿਕ ਤੱਤ ਹੁੰਦੇ ਹਨ, ਜੋ ਬੱਚੇ ਦੇ ਵਿਕਾਸ ਵਿੱਚ ਸਹਾਈ ਹੁੰਦੇ ਹਨ ਅਤੇ ਉਸ ਨੂੰ ਖਸਰਾ, ਪੋਲੀਓ ਅਤੇ ਦਸਤ ਆਦਿ ਜਿਹੀਆਂ ਹੋਰ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ।

ਮਾਂ ਦਾ ਦੁੱਧ ਜਿਸ ਹੱਦ ਤਕ ਕੀਟਾਣੂ ਰਹਿਤ ਹੁੰਦਾ ਹੈ, ਉਸ ਹੱਦ ਤਕ ਹੋਰ ਖ਼ੁਰਾਕ ਨਹੀਂ ਹੋ ਸਕਦੀ। ਹੋਰ ਖ਼ੁਰਾਕ ਜਿਵੇਂ ਕਿ ਬੋਤਲ ਰਾਹੀਂ ਪਿਆਇਆ ਜਾਣ ਵਾਲਾ ਦੁੱਧ ਲੱਖ ਯਤਨ ਕਰਨ ਦੇ ਬਾਵਜੂਦ ਵੀ ਮਾਂ ਦੇ ਦੁੱਧ ਜਾਣ ਸਾਫ਼ ਨਹੀਂ ਹੋ ਸਕਦਾ, ਜਿਸ ਦੇ ਸਿੱਟੇ ਵਜੋਂ ਬੱਚਾ ਦਸਤ ਜਾਂ ਹੋਰ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ।

ਮਾਂ ਦੇ ਦੁੱਧ ਦਾ ਜਿੱਥੇ ਤਾਪਮਾਨ ਸਹੀ ਹੁੰਦਾ ਹੈ, ਉੱਥੇ ਇਹ ਪਚਣਯੋਗ ਵੀ ਹੁੰਦਾ ਹੈ।


ਮਾਂ ਦਾ ਦੁੱਧ ਕਿੰਜ ਵਧੇ?

ਮਾਂ ਨੂੰ ਖ਼ੁਰਾਕ ਵਿੱਚ ਵੱਧ ਤੋਂ ਵੱਧ ਤਰਲ ਪਦਾਰਥ ਦਿੱਤੇ ਜਾਣ।

ਮਾਂ ਨੂੰ ਰੱਜਵੀਂ ਖ਼ੁਰਾਕ ਖਾਣੀ ਚਾਹੀਦੀ ਹੈ  ਖ਼ਾਸ ਕਰ ਦੁੱਧ ਤੋਂ ਤਿਆਰ ਹੋਈ ਖ਼ੁਰਾਕ ਲੈਣੀ ਚਾਹੀਦੀ ਹੈ।

ਨੀਂਦ ਪੂਰੀ ਲੈਣੀ ਚਾਹੀਦੀ ਹੈ।

ਮਾਂ ਨੂੰ ਖਿਝਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਮਾਂ ਤੇ ਬੱਚੇ ਦੇ ਆਲ਼ੇ-ਦੁਆਲ਼ੇ ਦਾ ਮਾਹੌਲ ਸ਼ਾਂਤ ਰੱਖਣਾ ਚਾਹੀਦਾ ਹੈ।


ਕਿਹੜੀਆਂ ਗੱਲਾਂ ਤੋਂ ਧਿਆਨ ਰੱਖਿਆ ਜਾਵੇ?

ਪਹਿਲੇ ਛੇ ਮਹੀਨੇ ਬੱਚੇ ਨੂੰ ਮਾਂ ਦੇ ਦੁੱਧ ਤੋਂ ਬਿਨਾਂ ਹੋਰ ਕੁਝ ਨਾ ਪਿਆਇਆ/ਖੁਆਇਆ ਜਾਵੇ। ਇਸ ਤੋਂ ਬਾਅਦ ਘਰ ਵਿੱਚ ਬਣਦਾ ਹਲਕਾ ਪੌਸ਼ਟਿਕ ਭੋਜਨ ਬੱਚੇ ਨੂੰ ਖੁਆਇਆ ਜਾ ਸਕਦਾ ਹੈ ਪਰ ਮਾਂ ਦਾ ਦੁੱਧ ਦੇਣਾ ਬੰਦ ਨਹੀਂ ਕਰਨਾ ਚਾਹੀਦਾ। ਇਹ ਕਰੀਬ ਦੋ ਸਾਲ ਜਾਂ ਇਸ ਤੋਂ ਵੱਧ ਸਮੇਂ ਤਕ ਬੱਚੇ ਦੀ ਖ਼ੁਰਾਕ ਦਾ ਹਿੱਸਾ ਹੋਣਾ ਚਾਹੀਦਾ ਹੈ।

ਛੇ ਮਹੀਨੇ ਤਕ ਬੱਚੇ ਨੂੰ ਬੋਤਲ ਰਾਹੀਂ ਦੁੱਧ ਨਾ ਪਿਆਇਆ ਜਾਵੇ। ਇਸ ਪਿੱਛੋਂ ਜੇ ਬੋਤਲ ਨਾਲ ਦੁੱਧ ਦੇਣ ਦੀ ਨੌਬਤ ਆਵੇ ਤਾਂ ਬੋਤਲ ਦੀ ਵਰਤੋਂ ਕਰਨ ਤੋਂ ਪਹਿਲਾਂ ਹਰ ਵਾਰ ਉਸ ਨੂੰ ਚੰਗੀ ਤਰ੍ਹਾਂ ਗਰਮ ਪਾਣੀ ਨਾਲ ਸਾਫ਼ ਕੀਤਾ ਜਾਵੇ।

ਬੱਚੇ ਨੂੰ ਹਮੇਸ਼ਾਂ ਗੋਦੀ ਵਿੱਚ ਬਿਠਾ ਕੇ ਦੁੱਧ ਪਿਆਇਆ ਜਾਵੇ। ਦੁੱਧ ਪਿਆਉਣ ਵੇਲੇ ਇਹ ਧਿਆਨ ਜ਼ਰੂਰ ਰੱਖਿਆ ਜਾਵੇ ਕਿ ਬੱਚੇ ਨੂੰ ਸਾਹ ਲੈਣ ਵਿੱਚ ਕੋਈ ਸਮੱਸਿਆ ਤਾਂ ਨਹੀਂ ਆ ਰਹੀ।

ਦੁੱਧ ਪਿਆਉਣ ਤੋਂ ਬਾਅਦ ਬੱਚੇ ਨੂੰ ਮੋਢੇ ਨਾਲ ਲਾ ਕੇ ਉਸ ਦੀ ਪਿੱਠ ਨੂੰ ਹਲਕਾ ਹਲਕਾ ਥਾਪੜੋ ਤਾਂ ਕਿ ਉਸ ਨੂੰ ਡਕਾਰ ਆ ਜਾਵੇ ਨਹੀਂ ਤਾਂ ਬੱਚਾ ਕਈ ਵਾਰ ਢਿੱਡ ਵਿੱਚ ਗੈਸ ਭਰਨ ਕਾਰਨ ਰੋਣ ਲੱਗ ਪੈਂਦਾ ਹੈ।

ਦੁੱਧ ਦੇਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਛਾਤੀ ਨੂੰ ਗਿੱਲੇ ਕੱਪੜੇ ਨਾਲ ਸਾਫ਼ ਕਰਨਾ ਚਾਹੀਦਾ ਹੈ।
ਮਾਂ ਨੂੰ ਚਾਹੀਦਾ ਹੈ ਕਿ ਉਹ ਸਾਫ਼-ਸੁਥਰੇ ਤੇ ਖੁੱਲ੍ਹੇ ਕੱਪੜੇ ਪਹਿਨੇ ਅਤੇ ਆਪਣੇ ਆਲੇ-ਦੁਆਲੇ ਸਫ਼ਾਈ ਦਾ ਵਿਸ਼ੇਸ਼ ਖ਼ਿਆਲ ਰੱਖੇ।
ਡੱਬਾ ਬੰਦ ਜਾਂ ਪਾਊਡਰ ਆਦਿ ਤੋਂ ਤਿਆਰ ਦੁੱਧ ਬੱਚੇ ਨੂੰ ਹਰਗਿਜ਼ ਨਹੀਂ ਪਿਲਾਉਣਾ ਚਾਹੀਦਾ।

ਪਹਿਲੇ ਕੁਝ ਦਿਨਾਂ ਦੌਰਾਨ ਮਾਂ ਨੂੰ ਦੁੱਧ ਘੱਟ ਉੱਤਰਦਾ ਹੁੰਦਾ ਹੈ, ਅਜਿਹੀ ਸਥਿਤੀ ਵਿੱਚ ਮਾਂ ਨੂੰ ਘਬਰਾਹਟ ਵਿੱਚ ਆ ਕੇ ਬੱਚੇ ਨੂੰ ਬੋਤਲ ਰਾਹੀਂ ਦੁੱਧ ਨਹੀਂ ਦੇਣਾ ਚਾਹੀਦਾ, ਸਗੋਂ ਮਾਂ ਨੂੰ ਚਾਹੀਦਾ ਹੈ ਕਿ ਉਹ ਬੱਚੇ ਨੂੰ ਵੱਧ ਤੋਂ ਵੱਧ ਵਾਰ ਆਪਣਾ ਦੁੱਧ ਪਿਆਏ। ਮਾਂ ਦਾ ਦੁੱਧ ਫਰਿੱਜ ਵਿੱਚ 24 ਘੰਟੇ ਅਤੇ ਬਾਹਰ 8 ਘੰਟਿਆਂ ਤਕ ਸਟੋਰ ਕਰਕੇ ਰੱਖਿਆ ਜਾ ਸਕਦਾ ਸਕਦਾ ਹੈ।

Comments

Security Code (required)Can't read the image? click here to refresh.

Name (required)

Leave a comment... (required)

ਹੈਲਥ ਲਾਈਨ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ